ਨਵਦੀਪ ਸਿੰਘ ਗਿੱਲ
ਹਰੀ ਚੰਦ ਦੇ ਤੁਰ ਜਾਣ ਭਾਰਤੀ ਅਥਲੈਟਿਕਸ ਨੇ ਆਪਣਾ ਵੱਡਾ ਅਥਲੀਟ ਗੁਆ ਲਿਆ। ਹਰੀ ਚੰਦ ਲੰਮੀ ਦੂਰੀ ਦੀਆਂ ਦੌੜਾਂ ਦਾ ਮਹਾਨ ਅਥਲੀਟ ਸੀ ਜਿਸ ਨੇ ਓਲੰਪਿਕ, ਏਸ਼ਿਆਈ ਖੇਡਾਂ ਤੱਕ ਸੁਨਹਿਰੀ ਪੈੜਾਂ ਛੱਡੀਆਂ। ਉਸ ਨੇ ਦੋ ਓਲੰਪਿਕਸ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਇਕ ਏਸ਼ਿਆਈ ਖੇਡਾਂ ਵਿਚ ਸੋਨੇ ਦੇ ਦੋ ਤਗ਼ਮੇ ਜਿੱਤੇ। ਏਸ਼ਿਆਈ ਚੈਂਪੀਅਨ ਹਰੀ ਚੰਦ ਦੇ ਨਾਮ ਏਸ਼ਿਆਈ ਅਤੇ ਭਾਰਤ ਦਾ ਰਿਕਾਰਡ ਵੀ ਦਰਜ ਰਿਹਾ। ਲੰਮੀ ਦੂਰੀ ਵਿਚ ਉਹ ਭਾਰਤੀ ਅਥਲੈਟਿਕਸ ਇਤਿਹਾਸ ਦੇ ਸਿਖਰਲੇ ਅਥਲੀਟਾਂ ਵਿਚੋਂ ਮੋਹਰੀ ਸੀ।
12 ਜੂਨ ਦੀ ਸ਼ਾਮ 69 ਵਰ੍ਹਿਆਂ ਦੇ ਹਰੀ ਚੰਦ ਨੇ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਆਖਰੀ ਸਾਹ ਲਿਆ। ਉਸ ਦੇ ਤੁਰ ਜਾਣ ਤੋਂ ਬਾਅਦ ਉਸ ਬਾਰੇ ਜਾਣਕਾਰੀ ਲੈਣ ਲਈ ਬਹੁਤ ਖੇਡ ਪ੍ਰੇਮੀ ਉਤਸੁਕ ਹੋਏ। ਜਦੋਂ ਉਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਚੱਲਿਆ ਤਾਂ ਖੇਡ ਪ੍ਰੇਮੀਆਂ ਦੇ ਮੂੰਹੋਂ ਆਪ-ਮੁਹਾਰੇ ਹਰੀ ਚੰਦ ਦੀ ਮਹਾਨਤਾ ਨੂੰ ਸਿਜਦਾ ਕੀਤਾ ਗਿਆ। ਦੇਸ਼ ਦੇ ਮਹਾਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅੱਜ ਉਨ੍ਹਾਂ ਮਹਾਨ ਅਥਲੀਟ ਅਤੇ ਬਿਹਤਰ ਇਨਸਾਨ ਗੁਆ ਲਿਆ ਜਿਸ ਦੀਆਂ ਪ੍ਰਾਪਤੀਆਂ ਬਦਲੇ ਉਹ ਪਦਮਸ੍ਰੀ ਦਾ ਹੱਕਦਾਰ ਸੀ ਪਰ ਉਸ ਨੂੰ ਇਹ ਸਨਮਾਨ ਨਹੀਂ ਮਿਲਿਆ। ਭਾਰਤੀ ਅਥਲੈਟਿਕਸ ਫੈਡਰੇਸ਼ਨ, ਪੰਜਾਬ ਦੇ ਮੁੱਖ ਮੰਤਰੀ, ਖੇਡ ਮੰਤਰੀ ਅਤੇ ਦੇਸ਼ ਦੇ ਵੱਡੇ ਖਿਡਾਰੀਆਂ ਦੇ ਉਸ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਹਰੀ ਚੰਦ ਦਾ ਜਨਮ ਪਹਿਲੀ ਅਪਰੈਲ 1953 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਘੋੜਵਾਹਾ ਵਿਖੇ ਬਾਜ਼ੀਗਰ ਪਰਿਵਾਰ ਵਿਚ ਹੋਇਆ। ਉਸ ਦਾ ਦਾਦਾ ਕਮਾਲ ਦੀ ਬਾਜ਼ੀ ਪਾਉਂਦਾ ਸੀ ਜਿਸ ਦੀ ਪੱਟੜੀ ਦੀ ਛਾਲ ਸਭ ਤੋਂ ਮਸ਼ਹੂਰ ਸੀ। ਹਰੀ ਚੰਦ ਦਾ ਪਿਤਾ ਜੱਗੂ ਰਾਮ ਉਸ ਵੇਲੇ ਡੇਢ ਕੁ ਸਾਲ ਸੀ ਜਦੋਂ ਉਸ ਦੇ ਦਾਦੇ ਦਾ ਦੇਹਾਂਤ ਹੋ ਗਿਆ। ਹਰੀ ਚੰਦ ਦੇ ਪਿਤਾ ਉਤੇ ਛੋਟੀ ਉਮਰੇ ਹੀ ਘਰ ਦੀ ਕਬੀਲਦਾਰੀ ਦਾ ਬੋਝ ਪੈ ਗਿਆ ਜਿਸ ਕਾਰਨ ਉਸ ਦੀਆਂ ਖਿਡਾਰੀ ਬਣਨ ਦੀਆਂ ਰੀਝਾਂ ਧਰੀਆਂ ਧਰਾਈਆਂ ਰਹਿ ਗਈਆਂ। ਹਰੀ ਚੰਦ ਦੇ ਪਿਤਾ ਨੇ ਆਪਣਾ ਸੁਪਨਾ ਆਪਣੇ ਪੁੱਤਰ ਦੇ ਰੂਪ ਵਿਚ ਪੂਰਾ ਕੀਤਾ। ਸ਼ੁਰੂਆਤ ਵਿਚ ਉਸ ਨੂੰ ਪਹਿਲਵਾਨੀ ਵੱਲ ਲਗਾਇਆ ਪਰ ਉਸ ਦਾ ਰੁਝਾਨ ਅਥਲੈਟਿਕਸ ਵੱਲ ਰਿਹਾ। ਪਿੰਡ ਦਾ ਹੀ ਅਥਲੀਟ ਨਵਾਬ ਸਿੰਘ ਉਸ ਦਾ ਆਦਰਸ਼ ਸੀ।
ਹਰੀ ਚੰਦ ਨੇ ਨੇੜਲੇ ਪਿੰਡ ਕੰਧਾਲਾ ਜੱਟਾਂ ਦੇ ਬੀਐੱਸਡੀ ਹਾਈ ਸਕੂਲ ਤੋਂ ਮੁੱਢਲੀ ਪੜ੍ਹਾਈ ਹਾਸਲ ਕੀਤੀ। ਹਰੀ ਚੰਦ ਨੇ 800 ਮੀਟਰ, 1500 ਮੀਟਰ ਤੇ ਲੰਮੀ ਛਾਲ ਵਿਚ ਜ਼ਿਲ੍ਹਾ ਪੱਧਰ ਉਤੇ ਪਹਿਲਾ ਸਥਾਨ ਹਾਸਲ ਕੀਤਾ। 1970 ਵਿਚ ਉਹਨੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ 3000 ਮੀਟਰ ਦੀ ਦੌੜ ਜਿੱਤੀ। 1972 ਵਿਚ ਜੈਪੁਰ ਵਿਚ ਹੋਈਆਂ ਕੌਮੀ ਦਿਹਾਤੀ ਖੇਡਾਂ ਵਿਚ ਉਸ ਨੇ 5000 ਮੀਟਰ ਦੌੜ ਵਿਚ ਸੋਨੇ ਦਾ ਤਗ਼ਮਾ ਜਿੱਤਿਆ। ਸੀਆਰਪੀਐੱਫ ਵਿਚ ਉਹ ਹੈੱਡ ਕਾਂਸਟੇਬਲ ਭਰਤੀ ਹੋ ਗਿਆ। ਸ਼ੁਰੂਆਤ ਵਿਚ ਸੀਆਰਪੀਐੱਫ ਦੀ ਰੰਗਰੂਟੀ ਕਰਕੇ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਜਿਸ ਕਾਰਨ ਉਸ ਦੀ ਭਰਤੀ ਉਤੇ ਵੀ ਸ਼ੱਕ ਕੀਤਾ ਜਾਂਦਾ ਰਿਹਾ। ਇਕ ਸਾਲ ਬਾਅਦ ਉਹ ਸੀਆਰਪੀਐੱਫ ਵਿਚ ਤੀਜੇ ਨੰਬਰ ਉਤੇ ਆ ਗਿਆ। ਜੇਐੱਸ ਸੈਣੀ ਤੇ ਜਗਮੋਹਨ ਸਿੰਘ ਜਿਹੇ ਪਾਰਖੂ ਕੋਚਾਂ ਨੇ ਹਰੀ ਚੰਦ ਦੇ ਕੁਦਰਤੀ ਗੁਣਾਂ ਨੂੰ ਦੇਖਦਿਆਂ ਉਸ ਨੂੰ ਹੀਰੇ ਵਾਂਗ ਤਰਾਸ਼ਿਆ।
1974 ਵਿਚ ਹਰੀ ਚੰਦ ਦੀ ਗੁੱਡੀ ਚੜ੍ਹਨੀ ਸ਼ੁਰੂ ਹੋ ਗਈ ਜਦੋਂ ਉਸ ਨੇ ਆਲ ਇੰਡੀਆ ਪੁਲੀਸ ਖੇਡਾਂ ਵਿਚ 10000 ਮੀਟਰ ਦੌੜ ਵਿਚ 30 ਮਿੰਟ 41 ਸਕਿੰਟ ਦੇ ਸਮੇਂ ਨਾਲ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗ਼ਮਾ ਜਿੱਤਿਆ। ਇਸੇ ਸਾਲ ਉਸ ਨੇ ਨੈਸ਼ਨਲ ਓਪਨ ਮੀਟ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਸਾਲ 1975 ਵਿਚ ਹਰੀ ਚੰਦ ਨੇ ਆਲ ਇੰਡੀਆ ਪੁਲੀਸ ਮੀਟ ਵਿਚ 1500 ਮੀਟਰ, 5000 ਮੀਟਰ ਤੇ 10000 ਮੀਟਰ ਵਿਚ ਸੋਨੇ ਦਾ ਤਗ਼ਮਾ ਜਿੱਤ ਕੇ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ। ਉਹ ਭਾਰਤੀ ਅਥਲੈਟਿਕਸ ਟੀਮ ਵਿਚ ਚੁਣਿਆ ਗਿਆ।
ਸਿਓਲ ਵਿਖੇ ਏਸ਼ੀਅਨ ਟਰੈਕ ਐਂਡ ਫੀਲਡ ਮੀਟ ਵਿਚ ਪਹਿਲੀ ਵਾਰ ਹਿੱਸਾ ਲੈਂਦਿਆਂ ਹਰੀ ਚੰਦ ਨੇ 10000 ਮੀਟਰ ਦੌੜ ਵਿਚ 29 ਮਿੰਟ ਤੇ 12 ਸਕਿੰਟ ਦੇ ਸਮੇਂ ਨਾਲ ਨਵਾਂ ਏਸ਼ਿਆਈ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗ਼ਮਾ ਜਿੱਤਿਆ। ਇਸੇ ਦੌੜ ਵਿਚ ਹਰੀ ਚੰਦ ਨੇ ਉਸ ਵੇਲੇ ਭਾਰਤ ਦੇ ਵੱਡੇ ਅਥਲੀਟ ਸ਼ਿਵਨਾਥ ਨੂੰ ਹਰਾਇਆ ਜਿਸ ਤੋਂ ਬਾਅਦ ਲੰਮੀਆਂ ਦੌੜਾਂ ਵਿਚ ਉਹ ਭਾਰਤ ਦਾ ਮੋਹਰੀ ਅਥਲੀਟ ਬਣ ਗਿਆ। 5000 ਮੀਟਰ ਦੌੜ ਵਿਚ ਉਸ ਨੇ 14 ਮਿੰਟ ਤੇ 24 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਵਾਪਸੀ ਉਤੇ ਸੀਆਰਪੀਐੱਫ ਨੇ ਉਸ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ।
1976 ਵਿਚ ਆਲ ਇੰਡੀਆ ਪੁਲੀਸ ਖੇਡਾਂ ਵਿਚ ਉਸ ਨੇ 1500, 5000 ਤੇ 10000 ਮੀਟਰ ਦੌੜ ਵਿਚ ਨਵੇਂ ਰਿਕਾਰਡ ਬਣਾਉਂਦਿਆਂ ਸੋਨੇ ਦੇ ਤਗ਼ਮੇ ਜਿੱਤੇ। 1976 ਵਿਚ ਮਾਂਟਰੀਅਲ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਵਿਚ ਉਹ ਚੁਣਿਆ ਗਿਆ। ਸ਼ਿਵਨਾਥ ਨੇ ਆਪਣਾ ਈਵੈਂਟ ਬਦਲ ਕੇ ਮੈਰਾਥਨ ਦੌੜਨੀ ਸ਼ੁਰੂ ਕਰ ਦਿੱਤੀ। ਮਾਂਟਰੀਅਲ ਓਲੰਪਿਕਸ ਵਿਚ ਹਰੀ ਚੰਦ ਨੇ 28 ਮਿੰਟ 48.72 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਏਸ਼ੀਅਨ ਤੇ ਕੌਮੀ ਰਿਕਾਰਡ ਬਣਾਇਆ। ਨੈਸ਼ਨਲ ਰਿਕਾਰਡ 32 ਸਾਲ ਤੱਕ ਉਸ ਦੇ ਨਾਮ ਰਿਹਾ। 1978 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਭਾਰਤੀ ਖੇੇਡ ਦਲ ਦੇ ਲਿਹਾਜ਼ ਨਾਲ ਹਰੀ ਚੰਦ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ। ਹਰੀ ਚੰਦ ਨੇ 5000 ਤੇ 10000 ਮੀਟਰ ਦੋਵਾਂ ਵਿਚ ਸੋਨੇ ਦਾ ਤਗ਼ਮਾ ਜਿੱਤਿਆ।
ਬੈਂਕਾਕ ਵਿਖੇ ਭਾਰਤ ਨੇ 11 ਸੋਨੇ ਦੇ ਤਗ਼ਮੇ ਜਿੱਤੇ ਸਨ ਜਿਨ੍ਹਾਂ ਵਿਚੋਂ ਇਕੱਲੇ ਅਥਲੈਟਿਕਸ ਵਿਚ 8 ਸੋਨ ਤਗ਼ਮੇ ਸਨ। ਹਰੀ ਚੰਦ ਇਕਲੌਤਾ ਭਾਰਤੀ ਅਥਲੀਟ ਸੀ ਜਿਸ ਨੇ ਦੋਹਰਾ ਸੋਨ ਤਗ਼ਮਾ ਜਿੱਤਿਆ। 1980 ਵਿਚ ਮਾਸਕੋ ਵਿਖੇ ਹਰੀ ਚੰਦ ਨੇ ਦੂਜੀ ਵਾਰ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ। ਹਰੀ ਚੰਦ ਦੀ ਆਮ ਦਿਨਾਂ ਵਿਚ ਨਬਜ਼ ਇਕ ਮਿੰਟ ਵਿਚ 32 ਤੋਂ 35 ਵਾਰ ਚੱਲਦੀ ਸੀ ਅਤੇ ਉਹ ਇਕਹਿਰੇ ਸਰੀਰ ਦਾ ਹੋਣ ਕਾਰਨ ਹਰ ਕੋਈ ਉਸ ਨੂੰ ਬਿਮਾਰ ਸਮਝ ਬੈਠਦਾ ਸੀ। ਹਰੀ ਚੰਦ ਨੇ ਆਪਣੀ ਖੇਡ ਨਾਲ ਸਾਬਤ ਕੀਤਾ ਕਿ ਉਹ ਹਲਕੇ ਸਰੀਰ ਦਾ ਲਾਸਾਨੀ ਅਥਲੀਟ ਸੀ।
ਹਰੀ ਚੰਦ ਸੀਆਰਪੀਐੱਫ ਵਿਚ ਡਿਪਟੀ ਕਮਾਂਡੈਟ ਵਜੋਂ ਰਿਟਾਇਰ ਹੋਇਆ। ਭਾਰਤ ਸਰਕਾਰ ਨੇ ਉਸ ਨੂੰ ਖੇਡ ਪ੍ਰਾਪਤੀਆਂ ਬਦਲੇ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ। ਹਰੀ ਚੰਦ ਦਾ ਨਾਮ ਲੰਮੀਆਂ ਦੌੜਾਂ ਵਿਚ ਭਾਰਤ ਦੇ ਸਿਖਰਲੇ ਅਥਲੀਟਾਂ ਵਿਚ ਸ਼ੁਮਾਰ ਹੋ ਗਿਆ। ਭਾਰਤ ਸਰਕਾਰ ਨੇ ਉਸ ਦੇ ਦੌੜਦੇ ਦੀ ਡਾਕ ਟਿਕਟ ਵੀ ਜਾਰੀ ਕੀਤੀ। ਅੱਜ ਉਸ ਦੇ ਤੁਰ ਜਾਣ ਨਾਲ ਅਥਲੈਟਿਕਸ ਖੇਡ ਨੂੰ ਵੱਡਾ ਘਾਟਾ ਪਿਆ। ਹਰੀ ਚੰਦ ਦੇ ਪਰਿਵਾਰ ਵਿਚ ਉਸ ਦੀ ਪਤਨੀ, ਦੋ ਪੁੱਤਰ ਅਤੇ ਇਕ ਧੀ ਹਨ।
ਸੰਪਰਕ: 97800-36216