ਡਾ. ਗੁਰਿੰਦਰ ਕੌਰ
ਸਵਿਸ ਟੈਕਨਾਲੋਜੀ ਕੰਪਨੀ ਆਈਕਿਊਏਅਰ ਦੁਆਰਾ ਤਿਆਰ ਕੀਤੀ ਗਈ ਵਰਲਡ ਏਅਰ ਕੁਆਲਿਟੀ ਰਿਪੋਰਟ 2023, 19 ਮਾਰਚ 2024 ਨੂੰ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਰਿਪੋਰਟ ਅਨੁਸਾਰ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਬਾਅਦ ਦੁਨੀਆ ਦਾ ਤੀਜਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਹੈ ਅਤੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੈ। ਇਸ ਰਿਪੋਰਟ ਅਨੁਸਾਰ ਦੇਸ਼ ਦੀ ਹਵਾ ਦੀ ਗੁਣਵੱਤਾ ਵਿੱਚ ਪੀ.ਐੱਮ. 2.5 ਦੀ ਮਾਤਰਾ 54.4 ਅਤੇ ਦੇਸ਼ ਦੀ ਰਾਜਧਾਨੀ ਵਿੱਚ ਇਹ ਮਾਤਰਾ 92.7 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਹਵਾ ਵਿਚਲਾ ਇਹ ਪ੍ਰਦੂਸ਼ਣ ਡਬਲਿਓ.ਐੱਚ.ਓ. ਵੱਲੋਂ ਨਿਰਧਾਰਤ ਮਾਪਦੰਡ 5 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਦੇਸ਼ ਅਤੇ ਰਾਜਧਾਨੀ ਵਿੱਚ ਕ੍ਰਮਵਾਰ 10 ਗੁਣਾ ਅਤੇ 18 ਗੁਣਾ ਤੋਂ ਵੱਧ ਹੈ। 2022 ਵਿੱਚ ਭਾਰਤ ਪੀ.ਐੱਮ. 2.5 ਦੀ ਮਾਤਰਾ 53.3 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਨਾਲ ਦੁਨੀਆ ਵਿੱਚ 8ਵੇਂ ਦਰਜੇ ਉੱਤੇ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦਾ ਦਰਜਾ 5 ਦਰਜੇ ਥੱਲੇ ਚਲਿਆ ਗਿਆ ਹੈ। ਦੇਸ਼ ਦੀ ਰਾਜਧਾਨੀ ਨੇ 2018 ਤੋਂ ਲਗਾਤਾਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਾ ਦਰਜਾ ਬਰਕਰਾਰ ਰੱਖਿਆ ਹੈ। ਇਸ ਰਿਪੋਰਟ ਅਨੁਸਾਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬੇਗੂਸਰਾਏ ਵੀ ਭਾਰਤ ਦੇ ਹੀ ਬਿਹਾਰ ਰਾਜ ਵਿੱਚ ਸਥਿਤ ਹੈ ਜਿੱਥੇ ਪੀ.ਐੱਮ. 2.5 ਦੀ ਘਣਤਾ 118.9 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ ਅਤੇ ਡਬਲਿਓ.ਐੱਚ.ਓ. ਦੇ ਮਾਪਦੰਡ ਤੋਂ 23.7 ਗੁਣਾ ਵੱਧ ਹੈ। ਇਹ ਰਿਪੋਰਟ ਇਹ ਵੀ ਖ਼ੁਲਾਸਾ ਕਰਦੀ ਹੈ ਕਿ ਦੁਨੀਆ ਦੇ ਸਭ ਤੋਂ ਵੱਧ 15 ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 13 ਅਤੇ ਪਹਿਲੇ ਸਭ ਤੋਂ ਵੱਧ ਪ੍ਰਦੂਸ਼ਿਤ 100 ਸ਼ਹਿਰਾਂ ਵਿੱਚੋਂ 83 ਭਾਰਤ ਵਿੱਚ ਹਨ।
ਇਸ ਰਿਪੋਰਟ ਵਿਚਲੇ ਅੰਕੜੇ ਦਰਸਾਉਂਦੇ ਹਨ ਕਿ ਹਵਾ ਦੇ ਪ੍ਰਦੂਸ਼ਣ ਵਿੱਚ ਭਾਰਤ ਦੀ ਹਾਲਤ ਦਿਨ-ਬ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਵਰਲਡ ਏਅਰ ਕੁਆਲਿਟੀ ਦੀ ਇਹ ਰਿਪੋਰਟ 134 ਦੇਸ਼ਾਂ ਦੀਆਂ 30,000 ਹਵਾ ਦੀਆਂ ਗੁਣਵੱਤਾ ਮਾਪਣ ਵਾਲੀਆਂ ਥਾਵਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਉੱਪਰ ਆਧਾਰਿਤ ਹੈ। ਪੋਰਟੋਰੀਕੋ, ਨਿਊਜ਼ੀਲੈਂਡ, ਆਸਟਰੇਲੀਆ, ਆਈਸਲੈਂਡ, ਬਰਮੂਡਾ, ਅਸਤੋਨੀਆ ਅਤੇ ਫਿਨਲੈਂਡ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਪੀ.ਐੱਮ. 2.5 ਦੀ ਹਵਾ ਵਿੱਚ ਘਣਤਾ ਡਬਲਿਓ.ਐੱਚ.ਓ. ਦੇ ਮਾਪਦੰਡ ਉੱਤੇ ਪੂਰਾ ਉੱਤਰਦੀ ਹੈ।
ਹਵਾ ਦੇ ਪ੍ਰਦੂਸ਼ਣ ਦਾ ਮਨੁੱਖੀ ਸਿਹਤ ਅਤੇ ਮਨੁੱਖਾਂ ਦੀ ਔਸਤ ਉਮਰ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਹਵਾ ਦੇ ਪ੍ਰਦੂਸ਼ਣ ਕਾਰਨ ਦਮਾ, ਚਮੜੀ ਦੀ ਅਲਰਜੀ, ਸਾਹ ਨਾਲੀ ਨਾਲ ਜੁੜੀਆਂ ਬਿਮਾਰੀਆਂ ਦੇ ਨਾਲ ਨਾਲ ਫੇਫੜਿਆਂ ਨਾਲ ਸੰਬੰਧਿਤ ਬਿਮਾਰੀਆਂ ਵੀ ਹੋ ਜਾਂਦੀਆਂ ਹਨ। ਹਵਾ ਦੇ ਪ੍ਰਦੂਸ਼ਣ ਕਾਰਨ ਵਿਅਕਤੀਆਂ ਦੀ ਔਸਤ ਉਮਰ ਵੀ ਘਟ ਜਾਂਦੀ ਹੈ, ਜਿੰਨਾ ਕਿਸੇ ਥਾਂ ਉੱਤੇ ਹਵਾ ਦਾ ਜ਼ਿਆਦਾ ਪ੍ਰਦੂਸ਼ਣ ਹੋਵੇਗਾ ਉਸੇ ਅਨੁਪਾਤ ਵਿੱਚ ਉੱਥੇ ਰਹਿੰਦੇ ਵਿਅਕਤੀਆਂ ਦੀ ਔਸਤ ਉਮਰ ਘਟੇਗੀ। ਐਨਰਜੀ ਪਾਲਿਸੀ ਇੰਸਟੀਚਿਊਟ ਆਫ਼ ਸ਼ਿਕਾਗੋ ਦੀ 2021 ਦੀ ਇੱਕ ਖੋਜ ਅਨੁਸਾਰ ਦਿੱਲੀ ਵਿੱਚ ਰਹਿੰਦੇ ਵਿਅਕਤੀਆਂ ਦੀ ਔਸਤ ਉਮਰ 11.9 ਸਾਲ ਤੱਕ ਘਟ ਸਕਦੀ ਹੈ ਕਿਉਂਕਿ ਇੱਥੇ ਹਵਾ ਦੇ ਪ੍ਰਦੂਸ਼ਣ ਦਾ ਸਤਰ ਬਹੁਤ ਜ਼ਿਆਦਾ ਹੈ, ਪਰ ਦੇਸ਼ ਦੇ ਦੱਖਣੀ ਰਾਜਾਂ ਵਿੱਚ ਹਵਾ ਦੇ ਪ੍ਰਦੂਸ਼ਣ ਦਾ ਸਤਰ ਘੱਟ ਹੋਣ ਕਾਰਨ ਉੱਥੇ ਰਹਿਣ ਵਾਲੇ ਮਨੁੱਖਾਂ ਦੀ ਔਸਤ ਉਮਰ ਉੱਤੇ ਘੱਟ ਪ੍ਰਭਾਵ ਰਿਕਾਰਡ ਕੀਤਾ ਗਿਆ ਸੀ।
ਸਾਫ਼ ਹਵਾ, ਪਾਣੀ, ਅਤੇ ਭੋਜਨ ਮਨੁੱਖ ਦੀ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਗਿਣੀਆਂ ਜਾਂਦੀਆਂ ਹਨ। ਮਨੁੱਖ ਭੋਜਨ ਤੋਂ ਬਿਨਾਂ ਇੱਕ ਜਾਂ ਦੋ ਮਹੀਨੇ, ਪਾਣੀ ਤੋਂ ਬਿਨਾਂ ਦੋ-ਤਿੰਨ ਦਿਨ ਕੱਟ ਸਕਦਾ ਹੈ, ਪਰ ਹਵਾ ਤੋਂ ਬਿਨਾਂ ਕੁਝ ਮਿੰਟ ਵੀ ਨਹੀਂ ਰਹਿ ਸਕਦਾ ਹੈ। ਸਾਹ ਲੈਣ ਲਈ ਹਵਾ ਜ਼ਰੂਰੀ ਹੈ, ਪਰ ਜੇਕਰ ਮਨੁੱਖ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਂਦਾ ਹੈ ਤਾਂ ਉਹ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਬਿਮਾਰੀਆਂ ਤੋਂ ਬਚਾ ਨਹੀਂ ਸਕਦਾ।
ਪੀ.ਐੱਮ. (ਪਰਟੀਕੁਲੇਟ ਮੈਟਰ) ਦਾ ਭਾਵ ਹੈ ਕਣ ਪਦਾਰਥ ਤੇ 2.5 ਇਸ ਦੇ ਆਕਾਰ ਨੂੰ ਦਰਸਾਉਂਦੇ ਹਨ – 2.5 ਮਾਈਕਰੋਨ ਜਾਂ ਇੱਕ ਵਾਲ ਦੇ ਵਿਆਸ ਦਾ 30ਵਾਂ ਹਿੱਸਾ। ਪੀ.ਐੱਮ. 2.5 ਪ੍ਰਦੂਸ਼ਣ ਦਾ ਛੋਟਾ ਆਕਾਰ ਇਸ ਨੂੰ ਜ਼ਿਆਦਾ ਘਾਤਕ ਬਣਾਉਂਦਾ ਹੈ। ਛੋਟੇ ਆਕਾਰ ਦੇ ਹੋਣ ਕਰਕੇ ਇਹ ਕਣ ਸਾਹ ਰਾਹੀਂ ਮਨੁੱਖ ਦੇ ਸਰੀਰ ਵਿੱਚ ਦਾਖ਼ਲ ਹੋ ਕੇ ਸਾਹ ਨਾਲੀ, ਫੇਫੜਿਆਂ, ਦਿਲ ਦੇ ਦੌਰੇ ਅਤੇ ਸਟਰੋਕ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ। ਇੱਕ ਖੋਜ ਅਨੁਸਾਰ ਇਹ ਮਨੁੱਖੀ ਸਰੀਰ ਵਿੱਚ ਆਕਸੀਡੇਟਿਵ ਤਣਾਅ ਵੀ ਪੈਦਾ ਕਰਦਾ ਹੈ ਜੋ ਪਾਰਕਿਨਸਨ ਬਿਮਾਰੀ ਤੋਂ ਲੈ ਕੇ ਕੈਂਸਰ ਤੱਕ ਦੀਆਂ ਬਿਮਾਰੀਆਂ ਨਾਲ ਜੁੜਿਆ ਹੈ। ਹਵਾ ਦਾ ਪ੍ਰਦੂਸ਼ਣ ਬੱਚਿਆਂ ਦੇ ਦਿਮਾਗੀ ਵਿਕਾਸ ਉੱਤੇ ਵੀ ਬੁਰਾ ਪ੍ਰਭਾਵ ਪਾਉਂਦਾ ਹੈ। ਕੁਮਾਰ ਅਤੇ ਸਾਲਵੀ ਦੀ ਇੱਕ ਖੋਜ (2021) ਅਨੁਸਾਰ ਦਿੱਲੀ ਵਿੱਚ ਵਧ ਰਹੇ ਹਵਾ ਦੇ ਪ੍ਰਦੂਸ਼ਣ ਕਾਰਨ ਸਕੂਲ ਜਾਣ ਵਾਲੇ ਤਿੰਨ ਬੱਚਿਆਂ ਵਿੱਚੋਂ ਇੱਕ ਬੱਚਾ ਦਮੇ ਦੀ ਬਿਮਾਰੀ ਨਾਲ ਪੀੜਿਤ ਹੈ। ਬੱਚਿਆਂ ਦੇ ਫੇਫੜੇ ਵੀ ਹਵਾ ਦੇ ਪ੍ਰਦੂਸ਼ਣ ਨਾਲ ਪ੍ਰਭਾਵਿਤ ਹੁੰਦੇ ਹਨ।
ਡਬਲਿਓ. ਐੱਚ.ਓ. ਨੇ ਪੀ.ਐੱਮ. 2.5 ਦੇ ਘਾਤਕ ਪ੍ਰਭਾਵ ਨੂੰ ਦੇਖਦੇ ਹੋਏ 2021 ਵਿੱਚ ਹਵਾ ਵਿੱਚ ਇਸ ਦੀ ਘਣਤਾ ਮਨੁੱਖੀ ਸਿਹਤ ਲਈ ਸੁਰੱਖਿਅਤ ਸੀਮਾ 10 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਘਟਾ ਕੇ 5 ਮਾਈਕਰੋਗ੍ਰਾਮ ਕਰ ਦਿੱਤੀ ਸੀ। ਹਵਾ ਦੇ ਪ੍ਰਦੂਸ਼ਣ ਦੇ ਮੁੱਖ ਸਰੋਤ ਵਾਹਨਾਂ ਦੀ ਵਧਦੀ ਗਿਣਤੀ, ਉਦਯੋਗਿਕ ਇਕਾਈਆਂ, ਥਰਮਲ ਪਲਾਂਟ, ਉਸਾਰੀ ਦੇ ਕੰਮ, ਏ.ਸੀ. ਦੀ ਵਧਦੀ ਵਰਤੋਂ, ਕੂੜੇ-ਕਰਕਟ ਦੇ ਢੇਰ, ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਆਦਿ ਹਨ। ਦਿੱਲੀ ਵਿੱਚ ਪੀ.ਐੱਮ. 2.5 ਦੇ 40 ਫ਼ੀਸਦ ਨਿਕਾਸ ਲਈ ਵਾਹਨ ਜ਼ਿੰਮੇਵਾਰ ਹਨ। ਹਵਾ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਨੈਸ਼ਨਲ ਕੈਪੀਟਲ ਰਿਜਨ ਵਿੱਚ ਕੋਲੇ ਦੀ ਵਰਤੋਂ ਉੱਤੇ ਜਨਵਰੀ 2023 ਵਿੱਚ ਪਾਬੰਦੀ ਲਗਾ ਦਿੱਤੀ ਸੀ, ਪਰ ਹਾਲੇ ਵੀ ਇਸ ਖੇਤਰ ਵਿੱਚ ਸਲਾਨਾ 1.9 ਮਿਲੀਅਨ ਟਨ ਕੋਲਾ ਬਾਲਿਆ ਜਾਂਦਾ ਹੈ।
ਭਾਰਤ ਨੇ ਆਰਥਿਕ ਵਿਕਾਸ ਨੂੰ ਪਹਿਲ ਦਿੰਦਿਆਂ ਹਵਾ, ਪਾਣੀ, ਬਨਸਪਤੀ ਵਰਗੇ ਕੁਦਰਤੀ ਸਰੋਤਾਂ ਦੀ ਬੁਰੀ ਤਰ੍ਹਾਂ ਅਣਦੇਖੀ ਕੀਤੀ ਹੈ ਜਿਸ ਦੇ ਨਤੀਜੇ ਵੱਜੋਂ ਹੁਣ ਦੇਸ ਦੇ 1.3 ਬਿਲੀਅਨ ਵਿਅਕਤੀ ਉਨ੍ਹਾਂ ਥਾਵਾਂ ਉੱਤੇ ਰਹਿੰਦੇ ਹਨ ਜਿਨ੍ਹਾਂ ਥਾਵਾਂ ਉੱਤੇ ਪੀ.ਐੱਮ. ਦੀ ਮਾਤਰਾ ਡਬਲਿਓ.ਐੱਚ.ਓ. ਦੇ ਮਾਪਦੰਡ ਤੋਂ ਉੱਤੇ ਹੈ ਅਤੇ 64 ਫ਼ੀਸਦ ਵਿਅਕਤੀ ਉਨ੍ਹਾਂ ਥਾਵਾਂ ਉੱਤੇ ਰਹਿੰਦੇ ਜਿੱਥੇ ਹਵਾ ਦਾ ਗੁਣਵਤਾ ਸੂਚਕ ਨੈਸ਼ਨਲ ਏਅਰ ਕੁਆਲਟੀ ਦੇ ਮਾਪਦੰਡਾਂ ਤੋਂ ਵੱਧ ਹੈ। ਯੂਰੋਪ ਦੇ ਦੇਸ਼ਾਂ ਵਿੱਚ ਉਦਯੋਗਿਕ ਕਰਾਂਤੀ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਪਹਿਲਾਂ ਆਈ। ਉਸ ਸਮੇਂ ਉੱਥੋਂ ਦੇ ਲੋਕ ਹਵਾ ਦੇ ਵਧ ਰਹੇ ਪ੍ਰਦੂਸ਼ਣ ਨੂੰ ਵਿਕਾਸ ਨਾਲ ਜੋੜ ਕੇ ਵੇਖਦੇ ਸਨ। ਦਸੰਬਰ 1873 ਵਿੱਚ ਲੰਡਨ ਵਿੱਚ ਇੰਨੀ ਜ਼ਿਆਦਾ ਸੰਘਣੀ ਧੁੰਦ ਪੈ ਰਹੀ ਸੀ ਕਿ ਕਿਸੇ ਇੱਕ ਜਨਤਕ ਲੈਕਚਰ ਵਿੱਚ ਮਾਰਕ ਟਵਿਨ ਨੇ ਆਪਣੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਸੁਣ ਰਿਹਾ ਹਾਂ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਇੱਥੇ ਹੋ ਅਤੇ ਮੈਂ ਵੀ ਇੱਥੇ ਹਾਂ ਭਾਵੇਂ ਆਪਾਂ ਸਾਰੇ ਇੱਕ ਦੂਜੇ ਨੂੰ ਵੇਖ ਨਹੀਂ ਸਕਦੇ ਸਿਰਫ਼ ਆਵਾਜਾਂ ਹੀ ਸੁਣ ਸਕਦੇ ਹਾਂ, ਪਰ ਇਹ ਵਿਕਾਸ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਦੇ ਵਿਕਾਸ ਨਾਲ ਉਸ ਸਾਲ ਲੰਡਨ ਵਿੱਚ 780 ਵਿਅਕਤੀਆਂ ਦੀ ਮੌਤ ਹੋਈ। ਫਿਰ 1952 ਇਸੇ ਹਵਾ ਦੇ ਪ੍ਰਦੂਸ਼ਣ ਨਾਲ ਇਕ ਹਫ਼ਤੇ ਵਿੱਚ 4000 ਵਿਅਕਤੀਆਂ ਦੀ ਮੌਤ ਹੋਈ ਅਤੇ ਅਗਲੇ ਇੱਕ ਮਹੀਨੇ ਵਿੱਚ 8000 ਹੋਰ ਵਿਅਕਤੀਆਂ ਦੀ ਮੌਤ ਹਵਾ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਕਰਕੇ ਹੋਈ ਸੀ, ਪਰ ਉਸ ਘਟਨਾ ਤੋਂ ਸਬਕ ਸਿੱਖ ਕੇ ਇੰਗਲੈਂਡ ਸਰਕਾਰ ਨੇ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਾਨੂੰਨ ਬਣਾ ਕੇ ਸਖ਼ਤੀ ਨਾਲ ਲਾਗੂ ਕੀਤੇ।
ਸਭ ਤੋਂ ਜ਼ਿਆਦਾ ਪ੍ਰਦੂਸ਼ਣ ਜੈਵਿਕ ਬਾਲਣਾਂ ਅਤੇ ਵਾਹਨਾਂ ਕਰਕੇ ਹੁੰਦਾ ਹੈ। ਯੂਰਪ ਦੇ ਲਗਭਗ ਸਾਰੇ ਦੇਸਾਂ ਨੇ ਨਿੱਜੀ ਵਾਹਨਾਂ ਦੀ ਗਿਣਤੀ ਘਟਾਉਣ ਲਈ ਆਵਾਜਾਈ ਦੇ ਜਨਤਕ ਸਾਧਨ ਇੰਨੇ ਚੁਸਤ-ਦਰੁਸਤ ਕਰ ਦਿੱਤੇ ਹਨ ਕਿ ਲੋਕ ਨਿੱਜੀ ਵਾਹਨਾਂ ਦੀ ਥਾਂ ਜਨਤਕ ਵਾਹਨਾਂ ਨੂੰ ਤਰਜੀਹ ਦਿੰਦੇ ਹਨ। ਭਾਰਤ ਸਰਕਾਰ ਨੂੰ ਵੀ ਯੂਰੋਪੀਅਨ ਦੇਸ਼ਾਂ ਤੋਂ ਸਬਕ ਲੈਂਦੇ ਹੋਏ ਸਾਰੇ ਦੇਸ਼ ਵਿੱਚ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਚੁਸਤ-ਦਰੁਸਤ ਕਰਨਾ ਚਾਹੀਦਾ ਹੈ। ਜਨਤਕ ਆਵਾਜਾਈ ਦੇ ਸਾਧਨਾਂ ਦੀ ਸੁਵਿਧਾ ਨਾਲ ਜਿੱਥੇ ਇੱਕ ਪਾਸੇ ਹਵਾ ਦੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਉੱਥੇ ਦੂਜੇ ਪਾਸੇ ਗਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਕਮੀ ਆ ਜਾਵੇਗੀ ਜਿਸ ਨਾਲ ਤਾਪਮਾਨ ਦੇ ਵਾਧੇ ਉੱਤੇ ਕਾਬੂ ਪਾਉਣਾ ਵੀ ਸੌਖਾ ਹੋ ਜਾਵੇਗਾ।
ਇਸ ਦੇ ਨਾਲ ਨਾਲ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਉਦਯੋਗਿਕ ਇਕਾਈਆਂ ਵਿੱਚ ਪ੍ਰਦੂਸ਼ਿਤ ਹਵਾ ਨੂੰ ਸਾਫ਼ ਕਰਨ ਵਾਲੇ ਯੰਤਰ ਲਗਾਉਣੇ ਯਕੀਨੀ ਬਣਾਉਣ। ਕੁਤਾਹੀ ਕਰਨ ਵਾਲੀਆਂ ਇਕਾਈਆਂ ਨੂੰ ਜੁਰਮਾਨਾ ਕੀਤਾ ਜਾਵੇ। ਉਸਾਰੀ ਦੇ ਕੰਮਾਂ ਵਾਲੀਆਂ ਥਾਵਾਂ ਉੱਤੇ ਉੱਚੇਚੇ ਪ੍ਰਬੰਧ ਕੀਤੇ ਜਾਣ ਤਾਂ ਕਿ ਧੂੜ, ਅਤੇ ਮਿੱਟੀ ਦੇ ਕਣ ਵਾਤਾਵਰਨ ਨੂੰ ਪ੍ਰਦੂਸ਼ਿਤ ਨਾ ਕਰਨ। ਕੂੜੇ ਦੇ ਢੇਰਾਂ ਨੂੰ ਵਿਗਿਆਨਕ ਵਿਧੀ ਨਾਲ ਸਮੇਟਿਆ ਜਾਵੇ। ਬਿਜਲੀ ਕੋਲੇ ਨਾਲ ਪੈਦਾ ਕਰਨ ਦੀ ਥਾਂ ਉੱਤੇ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਕੀਤੀ ਜਾਵੇ। ਦਰੱਖ਼ਤਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਹ ਵੀ ਚਾਹੀਦਾ ਹੈ ਕਿ ਸਲਾਨਾ ਬੱਜਟ ਵਿੱਚ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਵੱਖਰਾ ਫੰਡ ਰੱਖਿਆ ਜਾਵੇ।
ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਫਸਲੀ-ਚੱਕਰ ਉੱਥੋਂ ਦੀਆਂ ਖੇਤੀਬਾੜੀ-ਜਲਵਾਯੂ ਹਾਲਤਾਂ ਅਨੁਸਾਰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਦੇਸ਼ ਦੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣਾ ਬਣਦਾ ਹਿੱਸਾ ਪਾਵੇ ਜਿਸ ਨਾਲ ਦੇਸ਼ ਦੇ ਹਰ ਨਾਗਰਿਕ ਦਾ ਭਵਿੱਖ ਸੁਰੱਖਿਅਤ ਹੋ ਜਾਵੇ।
* ਸਾਬਕਾ ਪ੍ਰੋਫ਼ੈਸਰ, ਜਿਓਗਰਾਫ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।