ਟੀਐੱਨ ਨੈਨਾਨ
ਛੁੱਟੀਆਂ ਚੱਲ ਰਹੀਆਂ ਹਨ ਤੇ ਆਓ ਰਤਾ ਸੁਸਤ ਰੌਂਅ ਕੰਮ ਕਰ ਕੇ ਦੇਖੀਏ ਕਿ ਪਿਛਲੀਆਂ ਗਰਮੀਆਂ ਵਿਚ ਕਿਸੇ ਇਕ ਹੋਰ ਟਿੱਪਣੀਕਾਰ ਨੇ ਪ੍ਰਧਾਨ ਮੰਤਰੀ ਬਾਰੇ ਕੀ ਲਿਖਿਆ ਸੀ। “ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਮਿਸ਼ਨ ਨਿਰਬਲ, ਖੜਸੁੱਕ ਤੇ ਨਾਉਮੀਦ ਭਾਂਜਵਾਦ ਨਾਲ ਲੜਨ ਵਾਸਤੇ (ਦੇਸ਼ ਦਾ) ਭਰੋਸਾ ਜਗਾਉਣਾ ਹੈ।”
ਹਾਲਾਂਕਿ, “ਕਈ ਹੋਰਾਂ ਲਈ ਉਹ ਜਨਤਕ ਮਿਆਰਾਂ ਨੂੰ ਦਫ਼ਨ ਕਰਨ ਦੀ ਮੂਰਤ ਅਤੇ ਸੱਚ ਤੋਂ ਦੂਰ ਸਿਆਸਤ ਦਾ ਚਿਹਰਾ ਹਨ। ਉਨ੍ਹਾਂ ਦੇ ਸਭ ਤੋਂ ਕੱਟੜ ਆਲੋਚਕਾਂ ਲਈ ਉਹ ਚਾਲਬਾਜ਼ ਹਨ ਜਿਨ੍ਹਾਂ ਨੇ ਝੂਠ ਦਾ ਸਾਮਾਨ ਵੇਚ ਕੇ ਸਿਖਰਲਾ ਮੁਕਾਮ ਹਾਸਲ ਕਰ ਲਿਆ ਹੈ ਤੇ ਇੰਝ ਲੋਕਰਾਜ ਨੂੰ ਖ਼ਤਰੇ ਵਿਚ ਪਾ
ਦਿੱਤਾ ਹੈ, ਤੇ ਜੋ ਹੋਰ ਕਿਸੇ ਵੀ ਚੀਜ਼ ਨਾਲੋਂ ਖ਼ੁਦਪ੍ਰਸਤੀ ਵਿਚ ਵਿਸ਼ਵਾਸ ਰੱਖਦੇ ਹਨ… ਉਹ ਅਜਿਹੇ ਦੌਰ ਵਿਚ ਦੇਸ਼ ਦੀ ਅਗਵਾਈ ਕਰ ਰਹੇ ਹਨ ਜਦੋਂ ਇਸ ਦੇ ਅਰਥਚਾਰੇ ਅਤੇ ਚੁਣਾਵੀ ਨਕਸ਼ੇ ਨੂੰ ਬਹੁਤ ਤੇਜ਼ੀ ਨਾਲ ਮੁੜ ਵਾਹਿਆ ਜਾ ਰਿਹਾ ਹੈ…।”
ਸਾਡੇ ਉਸ ਟਿੱਪਣੀਕਾਰ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਹੈ ਕਿ “ਦੇਸ਼ਭਗਤੀ ਦੇ ਆਸ਼ਾਵਾਦ ਦੇ ਉਨ੍ਹਾਂ ਦੇ ਤਰਕ ਪ੍ਰਤੀ ਪ੍ਰਤੱਖ ਰੂਪ ਵਿਚ ਖਿੱਚ ਬਣੀ ਹੋਈ ਹੈ” ਪਰ “ਹੈਰਾਨੀ ਹੁੰਦੀ ਹੈ ਕਿ ਇਸ ਦੇ ਮੁਖੌਟੇ ਹੇਠ ਕਈ ਹੋਰ ਖੁਣਸੀ ਭਾਵਨਾਵਾਂ ਵੀ ਛੁਪੀਆਂ ਹੋਈਆਂ ਹਨ। ਕੀ ਉਹ ਦੇਸ਼ ਦੇ ਹਿੱਤ ਵਿਚ ਕੰਮ ਕਰ ਰਹੇ ਹਨ ਜਾਂ ਆਪਣੇ ਹੀ ਹਿੱਤਾਂ ਨੂੰ ਪੱਠੇ ਪਾ ਰਹੇ ਹਨ? ਸਾਡੀ ਇਕ ਗੁਫ਼ਤਗੂ ਵਿਚ ਉਨ੍ਹਾਂ ਕਿਹਾ ਸੀ ਕਿ ਲੋਕਾਂ ਨੂੰ ਆਪਣੇ ਆਪ ਨਾਲੋਂ ਵਡੇਰੀ ਸ਼ੈਅ ਦਾ ਹਿੱਸਾ ਹੋਣ ਦਾ ਅਹਿਸਾਸ ਜਗਾਉਣ ਦੀ ਲੋੜ ਹੈ ਅਤੇ ਉਨ੍ਹਾਂ ਦੇ ਇਨ੍ਹਾਂ ਫਿਕਰਾਂ ਨੂੰ ਸ਼ਹਿ ਨਹੀਂ ਦੇਣੀ ਚਾਹੀਦੀ ਕਿ ਉਨਾਂ ਦੀਆਂ ਰਵਾਇਤਾਂ ਅਤੇ ਸੰਬੰਧ ਖੁਰ ਰਹੇ ਹਨ।”
ਮਹਾਮਾਰੀ ਨਾਲ ਜਿਵੇਂ ਸਿੱਝਿਆ ਗਿਆ ਸੀ, ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਬਹੁਤ ਸਖ਼ਤ ਨੁਕਤਾਚੀਨੀ ਕੀਤੀ ਗਈ ਸੀ ਪਰ “ਲੋਕਾਂ ਨੇ ਉਨ੍ਹਾਂ ਬਾਰੇ ਬਹੁਤ ਜ਼ਿਆਦਾ ਸਬਰ ਤੋਂ ਕੰਮ ਲਿਆ ਹੈ ਅਤੇ ਉਹ ਉਨ੍ਹਾਂ ਪ੍ਰਤੀ ਕਾਫ਼ੀ ਨਰਮਗੋਸ਼ਾ ਰੱਖਦੇ ਹਨ ਕਿਉਂਕਿ ਉਹ ਕੋਈ ਹੋਰਨਾਂ ਵਰਗੇ ਸਿਆਸਤਦਾਨ ਨਹੀਂ ਹਨ।” ਇਸ ਗੱਲ ਤੋਂ ਵਿਰੋਧੀ ਧਿਰ ਬਹੁਤ ਦੁਖੀ ਹੈ। “ਜਦੋਂ ਉਨ੍ਹਾਂ ਤੇ ਕੁਝ ਵੀ ਨਹੀਂ ਚਿਪਕਦਾ ਤਾਂ ਉਨ੍ਹਾਂ ਦੇ ਵਿਰੋਧੀਆਂ ਦੀ ਮੱਤ ਮਾਰ ਜਾਂਦੀ ਹੈ… ਵਾਰ ਵਾਰ ਜਦੋਂ ਕੋਈ ਵਿਵਾਦ ਉਨ੍ਹਾਂ ਨੂੰ ਕਲਾਵੇ ਵਿਚ ਲੈਂਦਾ ਹੈ ਤਾਂ ਉਹ ਬੇਦਾਗ਼ ਨਿਕਲ ਆਉਂਦੇ ਹਨ। ਉਨ੍ਹਾਂ ਦੇ ਚੁਣਾਵੀ ਕਮਾਲ ਦਾ ਇਕ ਹਿੱਸਾ ਆਪਣੇ ਵਿਰੋਧੀਆਂ ਦੀ ਸੋਚ ਨੂੰ ਲੀਹ ਤੋਂ ਲਾਹੁਣ ਦੀ ਉਨ੍ਹਾਂ ਦੀ ਕਾਬਲੀਅਤ ਵਿਚ ਪਿਆ ਹੈ: ਉਨ੍ਹਾਂ ਨਾਲ ਆਪਣੀ ਹਸਦ ਕਰ ਕੇ ਉਹ ਇਹ ਦੇਖ ਨਹੀਂ ਸਕਦੇ ਕਿ ਉਹ ਇੰਨੇ ਲੋਕਪ੍ਰਿਆ ਕਿਉਂ ਹਨ ਤੇ ਨਾ ਹੀ ਇਹ ਸੋਚ ਸਕਦੇ ਹਨ ਕਿ ਇਸ ਦਾ ਕੀਤਾ ਕੀ ਜਾਵੇ।”
“ਉਨ੍ਹਾਂ ਲਈ ਰਾਜਨੀਤੀ ਅਤੇ ਜ਼ਿੰਦਗੀ ਦਾ ਨੁਕਤਾ ਤੱਥਾਂ ਤੇ ਖੌਝਲਣਾ ਨਹੀਂ ਹੈ ਸਗੋਂ ਲੋਕਾਂ ਸਾਹਮਣੇ ਅਜਿਹੀ ਕਹਾਣੀ ਪੇਸ਼ ਕਰਨਾ ਹੈ ਜਿਸ ਤੇ ਉਹ ਯਕੀਨ ਕਰ ਸਕਣ… ਇਨਸਾਨ ਕਲਪਨਾ ਦੇ ਸਿਰਜੇ ਜੀਵ ਹਨ। ਇਸ ਲਈ ਉਨ੍ਹਾਂ ਇਕ ਜ਼ਾਹਰਾ ਤੌਰ ਤੇ ਗ਼ੈਰ ਵਾਜਬ ਸਿਸਟਮ ਖਿਲਾਫ਼ ਰੋਹ ਮਘਾ ਕੇ ਲੋਕ ਲੁਭਾਊ, ਰਾਸ਼ਟਰਵਾਦੀ ਵਿਦਰੋਹ ਨੂੰ ਸ਼ਿਸ਼ਕੇਰ ਦਿੱਤਾ ਹੈ।”
ਜੇ ਜੋਨ ਡਿਡਿਅਨ ਦੇ ਸ਼ਬਦਾਂ ਨੂੰ ਵਰਤਿਆ ਜਾਵੇ ਤਾਂ “ਸਮੱਸਿਆ ਇਹ ਹੈ ਕਿ ਇਹ ਸਿਆਸੀ ਸੁਪਨਲੋਕ ਹੈ। ਇਸ ਲਈ ਪ੍ਰਧਾਨ ਮੰਤਰੀ ਲਈ ਹੁਣ ਉਨ੍ਹਾਂ ਸਮੱਸਿਆਵਾਂ ਨਾਲ ਸਿੱਝਣਾ ਜ਼ਰੂਰੀ ਹੈ ਜੋ ਸਿਰਫ਼ ਵਿਸ਼ਵਾਸ ਦੇ ਸਹਾਰੇ ਨਹੀਂ ਸਿੱਝੀਆਂ ਜਾ ਸਕਦੀਆਂ। ਜੇ ਉਨ੍ਹਾਂ ਦਾ ਘਰੋਗੀ ਆਰਥਿਕ ਪ੍ਰਾਜੈਕਟ ਨਾਕਾਮ ਹੋ ਜਾਂਦਾ ਹੈ ਤਾਂ ਕੁਝ ਲੋਕਾਂ ਨੂੰ ਡਰ ਹੈ ਕਿ ਦੇਸ਼ ਕੱਟੜ ਨਸਲਪ੍ਰਸਤ ਸਿਆਸਤ ਵੱਲ ਮੋੜਾ ਕੱਟ ਲਵੇਗਾ… ਉਨ੍ਹਾਂ ਦੇ ਸਭ ਤੋਂ ਕਰੀਬੀ ਸਾਥੀਆਂ ਨੂੰ ਵੀ ਇਸ ਗੱਲ ਦੀ ਚਿੰਤਾ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੀਆਂ ਸਮੱਸਿਆਵਾਂ ਮੁਤੱਲਕ ਬੱਝਵੇਂ ਢੰਗ ਨਾਲ ਨਹੀਂ ਸੋਚਦੇ ਅਤੇ ਇਹ ਕਿ ਉਹ ਅਥਾਹ ਵਿਸ਼ਵਾਸ ਤੇ ਲੋੜੋਂ ਵੱਧ ਟੇਕ ਰੱਖਦੇ ਹਨ।”
ਜੇ ਤੁਸੀਂ ਅਜੇ ਤੱਕ ਅੰਦਾਜ਼ਾ ਨਹੀਂ ਲਾ ਸਕੇ ਤਾਂ ਤੁਹਾਨੂੰ ਦੱਸ ਦੇਵਾਂ, ਇਸ ਦਾ ਨਰਿੰਦਰ ਮੋਦੀ ਨਾਲ ਕੋਈ ਲਾਗਾ ਦੇਗਾ ਨਹੀਂ ਹੈ ਹਾਲਾਂਕਿ ਇਹ ਸਭ ਕੁਝ ਜਾਂ ਇਸ ਦਾ ਜ਼ਿਆਦਾਤਰ ਹਿੱਸਾ ਉਨਾਂ ਤੇ ਲਾਗੂ ਕੀਤਾ ਜਾ ਸਕਦਾ ਹੈ। ਇਹ ਸਤਰਾਂ ਬੋਰਿਸ ਜੌਹਨਸਨ (ਬਰਤਾਨਵੀ ਪ੍ਰਧਾਨ ਮੰਤਰੀ) ਬਾਰੇ ਟੌਮ ਮਕਟੈਗਿਊ ਦੇ ਲਿਖੇ ਲੇਖ ਵਿਚੋਂ ਲਈਆਂ ਗਈਆਂ ਹਨ ਜੋ ‘ਐਟਲਾਂਟਿਕ’ ਵਿਚ ਛਪਿਆ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਦੋ ਜਣਿਆਂ ਵਿਚ ਇੰਨਾ ਜ਼ਿਆਦਾ ਸੁਮੇਲ ਵੀ ਹੋ ਸਕਦਾ ਹੈ। ਬੋਰਿਸ ਜੌਹਨਸਨ ਦਾ ਪਿਛੋਕੜ ਈਟਨ ਕਾਰਪੋਰੇਸ਼ਨ ਅਤੇ ਔਕਸਫੋਰਡ ਨਾਲ ਜੁੜਿਆ ਹੋਇਆ ਹੈ। ਸਿਰ ਦੇ ਵਾਲਾਂ ਨੂੰ ਵਾਹ-ਸੰਵਾਰ ਕੇ ਰੱਖਣ ਦੇ ਮਾਮਲੇ ਵਿਚ ਉਹ ਮੋਦੀ ਤੋਂ ਬਿਲਕੁਲ ਵੱਖਰੇ ਹਨ। ਉਂਝ, ਮੋਦੀ ਦੀ ਤੁਲਨਾ ਅਕਸਰ ਤੁਰਕੀ ਦੇ ਰੈਚਿਪ ਅਰਦੋਗਨ, ਹੰਗਰੀ ਦੇ ਵਿਕਟਰ ਓਰਬਾਨ ਅਤੇ ਬ੍ਰਾਜ਼ੀਲ ਦੇ ਜਾਇਰ ਬੋਲਸੋਨਾਰੋ ਨਾਲ ਕੀਤੀ ਜਾਂਦੀ ਹੈ ਜੋ ਸਾਰੇ ਲੋਕ ਲੁਭਾਉਣੇ ਨਿਰੰਕੁਸ਼ਵਾਦੀ ਗਿਣੇ ਜਾਂਦੇ ਹਨ। ਇਸ ਲਈ ਨੁਕਤਾ ਇਹ ਹੈ ਕਿ ਲੋਕਰਾਜ ਦੇ ਮਾਣਮੱਤੇ ਕਿੱਲਿਆਂ ਅੰਦਰ ਵੀ ਆਮ ਲੋਕਾਂ ਦੀਆਂ ਭਾਵਨਾਵਾਂ ਉਭਾਰਨ ਵਾਲਿਆਂ ਦਾ ਕਲੱਬ ਬਣ ਗਿਆ ਹੈ।
ਇਸ ਲਿਹਾਜ਼ ਤੋਂ ਬੋਰਿਸ ਜੌਹਨਸਨ ਦੀ ਦਾਅਵੇਦਾਰੀ ਡੋਨਲਡ ਟਰੰਪ ਨਾਲ ਜਾ ਜੁੜਦੀ ਹੈ। ਐਰਿਕ ਜ਼ਿਮੌਰ ਸ਼ਾਇਦ ਅਗਲੇ ਫਰਾਂਸੀਸੀ ਰਾਸ਼ਟਰਪਤੀ ਦੇ ਤੌਰ ਤੇ ਇਸ ਕਲੱਬ ਵਿਚ ਸ਼ਾਮਲ ਨਾ ਹੋ ਸਕਣ ਪਰ ਇਹ ਤਾਕੀਦ ਆਮ ਸੁਣੀ ਜਾ ਸਕਦੀ ਹੈ ਕਿ ‘ਨਵ ਉਦਾਰਵਾਦ’ ਦਾ ਖ਼ਾਤਮਾ ਹੋ ਰਿਹਾ ਹੈ ਅਤੇ ਦਖ਼ਲ ਦੇਣ ਵਾਲੀਆਂ ਸਰਕਾਰਾਂ ਦਾ ਯੁੱਗ ਸ਼ੁਰੂ ਹੋ ਰਿਹਾ ਹੈ; ਆਵਾਸ ਦਾ ਖਾਤਮਾ ਹੋ ਰਿਹਾ ਹੈ ਅਤੇ ਰੋਹ ਦਾ ਤੜਕਾ ਲੱਗਣਾ ਸ਼ੁਰੂ ਹੋ ਰਿਹਾ ਹੈ; ਅਰਥਚਾਰੇ ਉਪਰ ਸਭਿਆਚਾਰ ਭਾਰੂ ਪੈ ਰਿਹਾ ਹੈ, ਹੁਣ ਨਿਸ਼ੰਗ ਹੋ ਕੇ ਸਿਆਸੀ ਤੌਰ ਤੇ ਖੜਕਵੀਆਂ ਗੱਲਾਂ ਕਰਨ ਦਾ ਸਮਾਂ ਆ ਗਿਆ ਹੈ। ਮਕਟੈਗਿਊ ਨੇ ਜੌਹਨਸਨ ਦੇ ਮੁੱਖ ਵਿਦੇਸ਼ ਨੀਤੀ ਸਲਾਹਕਾਰ ਅਤੇ ‘ਰੀਅਲਪੌਲਿਟਿਕ’ ਕਿਤਾਬ ਦੇ ਲੇਖਕ ਜੌਨ ਬੀਊ ਦੇ ਕਥਨਾਂ ਦਾ ਹਵਾਲਾ ਦਿੱਤਾ ਹੈ: ਯੁੱਗ ਚੇਤਨਾ “ਕਿਸੇ ਰਾਸ਼ਟਰ ਦੀ ਸਿਆਸਤ ਦੀ ਪਰਵਾਜ਼ ਤੈਅ ਕਰਨ ਦਾ ਇਕਹਿਰਾ ਸਭ ਤੋਂ ਪ੍ਰਮੁੱਖ ਕਾਰਕ ਹੁੰਦੀ ਹੈ।” ਟਰੰਪ ਭਾਵੇਂ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਂਭੇ ਹੋ ਚੁੱਕੇ ਹਨ ਅਤੇ ਬੋਰਿਸ ਜੌਹਨਸਨ ਦੇ ਟੱਬ ਦਾ ਪਾਣੀ ਮੁੱਕ ਰਿਹਾ ਹੈ ਪਰ ਇਹ ਫਿਕਰਾ ਤਾਂ ਵੀ ਸੱਚ ਨਜ਼ਰ ਆਉਂਦਾ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।