ਪ੍ਰਿੰ. ਸਰਵਣ ਸਿੰਘ
ਇਕਬਾਲ ਸਿੰਘ ਰਾਮੂਵਾਲੀਏ ਦੀ ਚੌਥੀ ਬਰਸੀ ਤੇ ਉਹਦੇ ਬਾਰੇ ਸਿਮਰਤੀ ਗ੍ਰੰਥ ਛਪਿਆ ਹੈ ਜਿਸ ਵਿਚ ਸ਼ਰਧਾਂਜਲੀਆਂ, ਰਚਨਾ ਸਮੀਖਿਆ ਅਤੇ ਉਹਦੀਆਂ ਕੁਝ ਰਚਨਾਵਾਂ ਸ਼ਾਮਲ ਹਨ। ਉਸ ਨੇ ਪਹਿਲਾ ਸਾਹ 22 ਫਰਵਰੀ 1946 ਨੂੰ ਰਾਮੂਵਾਲੇ ਦੇ ਕੱਚੇ ਕੋਠੇ ਵਿਚ ਲਿਆ ਸੀ ਅਤੇ ਆਖ਼ਰੀ ਸਾਹ 17 ਜੂਨ 2017 ਨੂੰ ਟੋਰਾਂਟੋ ਦੇ ਪ੍ਰਿੰਸਿਜ਼ ਮਾਰਗਰੇਟ ਕੈਂਸਰ ਹਸਪਤਾਲ ਦੇ ਰੂਮ ਨੰਬਰ 1712 ਵਿਚ ਲਿਆ। ਜੰਮਣ ਵੇਲੇ ਫੱਗਣ ਦੀ ਕੋਸੀ ਰੁੱਤ ਸੀ ਤੇ ਚਲਾਣੇ ਵਾਲੇ ਦਿਨ ਹਾੜ੍ਹ ਦੀ ਤਪਦੀ ਧੁੱਪ। ਉਹਦੇ ਜਨਮ ਸਮੇਂ ਉਹਦੀ ਮਾਂ ਨੂੰ ਦੁੱਧ ਨਹੀਂ ਸੀ ਉੱਤਰ ਰਿਹਾ। ਜਨਮ ਤੋਂ ਲੈ ਕੇ ਡੇਢ ਸਾਲ ਤਕ ਉਹ ਗੁਆਂਢੀ ਮੁਸਲਮਾਨ ਸਮਦੂ ਦੀ ਬੇਔਲਾਦ ਔਰਤ ਗੁਜਰੀ ਦੇ ਦੁੱਧ ਤੇ ਪਲਿਆ। ਇਸੇ ਕਰਕੇ ਆਂਢੀ-ਗੁਆਂਢੀ ਉਸ ਨੂੰ ‘ਗੁਜਰੀ ਆਲਾ’ ਕਹਿੰਦੇ ਰਹੇ। ਉਸ ਨੇ ਸਵੈਜੀਵਨੀ ‘ਸੜਦੇ ਸਾਜ਼ ਦੀ ਸਰਗਮ’ ਦੇ ਪਹਿਲੇ ਕਾਂਡ ਦਾ ਨਾਂ ਹੀ ‘ਗੁਜਰੀ ਮਰਦੀ ਨਹੀਂ’ ਰੱਖਿਆ।
ਇਕਬਾਲ ਲੱਠਾ ਬੰਦਾ ਸੀ। ਕਵੀ, ਕਵੀਸ਼ਰ, ਗਾਇਕ, ਸਾਜ਼ਿੰਦਾ, ਕਹਾਣੀਕਾਰ, ਨਾਵਲਕਾਰ, ਨਬਿੰਧਕਾਰ, ਮੀਡੀਆਕਾਰ, ਭਾਸ਼ਨਕਾਰ, ਅਧਿਆਪਕ ਤੇ ਸਮਾਜ ਸੇਵਕ। ਉਸ ਨੂੰ ਅਨੇਕਾਂ ਨਾਵਾਂ ਨਾਲ ਬੁਲਾਇਆ ਜਾਂਦਾ ਸੀ। ਕੋਈ ਉਸ ਨੂੰ ਢੋਲ ਕਹਿੰਦਾ, ਕੋਈ ਮੱਲਾ, ਕੋਈ ਕਵੀਸ਼ਰ ਕਾ ਅਕਬਾਲ, ਕੋਈ ਇਕਬਾਲ ਗਿੱਲ, ਕੋਈ ਬਾਲੀ ਗਿੱਲ ਤੇ ਕੋਈ ਇਕਬਾਲ ਰਾਮੂਵਾਲੀਆ। ਗੋਰੇ ਉਹਦਾ ਨਾਂ ਇੱਕਬੈਲ ਗਿੱਲ ਲੈਂਦੇ। ਕੁਝ ਕਵਿਤਾਵਾਂ ਉਸ ਨੇ ਐੱਸ ਇਕਬਾਲ ਨਾਂ ਹੇਠ ਵੀ ਛਪਵਾਈਆਂ। ਰਛਪਾਲ ਗਿੱਲ ਦਾ ਉਹ ਇਕਬਾਲ ਬਾਈ ਸੀ ਤੇ ਸੁਖਸਾਗਰ ਦਾ ਮੇਰਾ ਇਕਬਾਲ। ਬਾਪੂ ਕਰਨੈਲ ਸਿੰਘ ਪਾਰਸ ਦਾ ਢੋਲਾ ਤੇ ਬੇਬੇ ਦਲਜੀਤ ਕੌਰ ਦਾ ਅਕਬਾਲ ਸਿਓਂ। ਸਾਡਾ ਉਹ ਮੋਹਖੋਰਾ ਰਾਮੂਵਾਲੀਆ ਬੇਲੀ ਸੀ।
ਗੁਜਰੀ ਜਿਸ ਦਾ ਦੁੱਧ ਇਕਬਾਲ ਦੇ ਲਹੂ ਵਿਚ ਰਚ ਚੁੱਕਾ ਸੀ, ਹਿੰਦ-ਪਾਕਿ ਦੀ ‘ਆਜ਼ਾਦੀ’ ਦੀ ਬਰਬਾਦੀ ਵਿਚ ਮਾਰੀ ਗਈ। ਪਾਰਸ ਪਰਿਵਾਰ ਨੇ ਉਸ ਨੂੰ ਬਚਾਉਣ ਦੀ ਪੂਰੀ ਵਾਹ ਲਾਈ ਪਰ ਉਹ ਗੁਜਰੀ ਨੂੰ ਬਚਾ ਨਾ ਸਕਿਆ।… ਇਕੱਲੀ ਰਾਮੂਵਾਲੇ ਦੀ ਗੁਜਰੀ ਹੀ ਨਹੀਂ, ਪੰਜਾਬ ਦੀਆਂ ਲੱਖਾਂ ਗੁਜਰੀਆਂ ਆਜ਼ਾਦੀ ਦੇ ਨਾਂ ਉਤੇ ਪੰਜਾਬ ਵੰਡ ਦੀ ਭੇਟ ਚਾੜ੍ਹ ਦਿੱਤੀਆਂ ਗਈਆਂ ਜਿਨ੍ਹਾਂ ਦੇ ਵੈਣ ਅੰਮ੍ਰਿਤਾ ਪ੍ਰੀਤਮ ਨੇ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਕਵਿਤਾ ਲਿਖ ਕੇ ਪਾਏ। ਉਹ ਵੈਣ ਇਕਬਾਲ ਦੀ ਕਵਿਤਾ ਵਿਚ ਵੀ ਸੁਲਘਦੇ ਰਹੇ। ਉਸ ਦੇ ਪਹਿਲੇ ਕਾਵਿ ਸੰਗ੍ਰਹਿ ਦਾ ਨਾਂ ਹੀ ‘ਸੁਲਘਦੇ ਅਹਿਸਾਸ’ ਹੈ। 1947 ਵਿਚ ਜਿੰਨਾ ਉਪੱਦਰ ਮਜ਼੍ਹਬੀ ਜਨੂਨੀਆਂ ਨੇ ਆਪਣੇ ਹਮਸਾਇਆਂ ਉਤੇ ਢਾਹਿਆ, ਸ਼ਾਇਦ ਹੀ ਕਿਤੇ ਹੋਰ ਢਾਹਿਆ ਗਿਆ ਹੋਵੇ। ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਸਿਆਸਤਦਾਨਾਂ ਅਤੇ ਛੁਰੇ/ਤ੍ਰਿਸ਼ੂਲ/ਕਿਰਪਾਨਾਂ ਚਲਾਉਂਦੇ ਜਨੂਨੀਆਂ ਤੋਂ ਦੁਖੀ ਹੋਏ ਇਕਬਾਲ ਨੇ ਮਰਗ ਦੇ ਬਿਸਤਰੇ ਤੇ ਪਿਆਂ ਪਰਿਵਾਰ ਨੂੰ ਕਹਿ ਦਿੱਤਾ ਸੀ ਕਿ ਮੇਰੇ ਮਰਨ ਤੇ ਕੋਈ ਧਾਰਮਿਕ ਰਸਮ ਰੀਤ ਨਾ ਕੀਤੀ ਜਾਵੇ। ਜੇ ਕੀਤੀ ਤਾਂ ਮੈਂ ਸਮਝਾਂਗਾ ਮੈਨੂੰ ਦੁਬਾਰਾ ਮਾਰਿਆ ਜਾ ਰਿਹੈ!
25 ਜੂਨ 2017 ਨੂੰ ਬਰੈਂਪਟਨ ਦੇ ਕਰੇਟੋਰੀਅਮ ਵਿਚ ਉਹਦੇ ਸਸਕਾਰ ਸਮੇਂ ਕੋਈ ਧਾਰਮਿਕ ਰਸਮ ਰੀਤ ਨਹੀਂ ਸੀ ਕੀਤੀ ਗਈ। ਵੱਡੀ ਗਿਣਤੀ ਵਿਚ ਪਹੁੰਚੇ ਉਹਦੇ ਪਿਆਰਿਆਂ ਨੂੰ ਮਾਤਮੀ ਧੁਨ ਸੁਣਾਉਣ, ਇਕਬਾਲ-ਰਛਪਾਲ ਦੀ ਆਵਾਜ਼ ਵਿਚ ਰਿਕਾਰਡ ਕੀਤੀ ਕਵੀਸ਼ਰੀ ‘ਜੱਗ ਜੰਕਸ਼ਨ ਰੇਲਾਂ ਦਾ’ ਤੇ ‘ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ’ ਗਾਉਣ ਅਤੇ ਵਰਿਆਮ ਸੰਧੂ ਤੇ ਸੁਰਿੰਦਰ ਧੰਜਲ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਦੇਣ ਬਾਅਦ ਦੇਹ ਅਗਨੀ ਦੇ ਹਵਾਲੇ ਕਰ ਦਿੱਤੀ ਗਈ ਸੀ।
ਇਸ ਸੰਸਾਰ ਦੇ ਜੱਗ-ਜੰਕਸ਼ਨ ਨੂੰ ਉਹ ਸਦਾ ਲਈ ਅਲਵਿਦਾ ਆਖ ਗਿਆ। ਉਬਾਲੇ ਖਾਂਦੇ ਵਿਚਾਰਾਂ ਵਾਲਾ, ਲਟ ਲਟ ਮਘਦੇ ਜਜ਼ਬਿਆਂ ਦਾ ਸੇਕ ਛੱਡਣ ਵਾਲਾ ਖੌਲਦਾ ਸਮੁੰਦਰ ਸਦਾ ਲਈ ਸ਼ਾਂਤ ਹੋ ਗਿਆ।
ਇਕਬਾਲ ਕੀ ਨਹੀਂ ਸੀ? ਪਿਆਰਾ ਪਤੀ ਤੇ ਪਿਤਾ ਸੀ। ਭਰਾਵਾਂ ਦੀ ਬਾਂਹ। ਭੈਣਾਂ ਦਾ ਛਿੰਦਾ ਵੀਰ। ਸੰਸਾਰ ਪੱਧਰ ਤੇ ਵਸਦੇ ਪੰਜਾਬੀਆਂ ਦੇ ਦੁਖ-ਸੁਖ ਨਾਲ ਜੁੜਵੇਂ ਤੇ ਭਖਦੇ ਮੁੱਦਿਆਂ ਬਾਰੇ ਬੇਬਾਕ, ਤਰਕਸੰਗਤ ਤੇ ਸੱਚੀ ਗੱਲ ਕਹਿਣ ਤੇ ਕਰਨ ਵਾਲਾ। ਆਪਣੀ ਲੜਾਈ ਲੜ ਕੇ ਸਮਾਜ ਤੇ ਜੀਵਨ ਵਿਚ ਆਪਣਾ ਨਾਂ ਥਾਂ ਬਣਾਉਣ ਵਿਚ ਲੱਗੇ ਸੰਘਰਸ਼ਸ਼ੀਲ ਲੋਕਾਂ ਦਾ ਪ੍ਰਸ਼ੰਸਕ। ਉਹਨੂੰ ਕਿਸੇ ਦਾ ਅੱਗੇ ਵਧਣ ਲਈ ਕੀਤਾ ਸੰਘਰਸ਼ ਦੇਖ-ਸੁਣ ਕੇ ਚਾਅ ਚੜ੍ਹ ਜਾਂਦਾ ਸੀ। ਉਹਦੇ ਵਿਚ ਕੋਈ ਵਿੰਗ ਵਲ ਨਹੀਂ ਸੀ। ਉਹ ਲੋੜਵੰਦਾਂ ਦੀਆਂ ਛੱਤਾਂ ਹੇਠ ਆਸਰਾ ਦੇਣ ਵਾਲਾ ਸਿੱਧਾ ਸਤੋਰ ਸ਼ਤੀਰ ਸੀ।
ਨਿੱਘਾ ਤੇ ਮਿਲਣਸਾਰ ਇਨਸਾਨ, ਪੰਜਾਬੀ ਵਾਰਤਕ ਦਾ ਅਨੂਠਾ ਰਚਨਹਾਰਾ, ਸੱਚ ਦਾ ਸੂਰਜ, ਮਿਲਾਪੜਾ ਤੇ ਰੂਹ ਨੂੰ ਟੁੰਬਣ ਵਾਲਾ ਇਨਸਾਨ। ਨਿਮਾਣਿਆਂ ਨਿਤਾਣਿਆਂ ਦਾ ਯਾਰ। ਉਹ ਰੌਣਕੀ ਬੰਦਾ ਸੀ, ਮਖੌਲ ਕਰ ਵੀ ਲੈਂਦਾ ਤੇ ਸਹਿ ਵੀ ਲੈਂਦਾ। ਕਿਆ ਬਾਤਾਂ ਉਹਦੀ ਸ਼ਾਇਰੀ, ਵਾਰਤਕ ਤੇ ਬੇਬਾਕੀ ਦੀਆਂ। ਉਸ ਦੇ ਪੰਜ ਕਾਵਿ ਸੰਗ੍ਰਹਿ ‘ਸੁਲ਼ਘਦੇ ਅਹਿਸਾਸ’, ‘ਤਿੰਨ ਕੋਣ’, ‘ਕੁਝ ਵੀ ਨਹੀਂ’, ‘ਪਾਣੀ ਦਾ ਪਰਛਾਵਾਂ’ ਤੇ ‘ਕਵਿਤਾ ਮੈਨੂੰ ਲਿਖਦੀ ਹੈ’ ਛਪੇ। ਇਕ ਕਾਵਿ-ਨਾਟ ‘ਪਲੰਘ-ਪਘੂੰੜਾ’ ਛਪਿਆ। ਇਕ ਕਹਾਣੀ ਸੰਗ੍ਰਹਿ ‘ਨਿੱਕੀਆਂ-ਵੱਡੀਆਂ ਧਰਤੀਆਂ’, ਅੰਗਰੇਜ਼ੀ ਵਿਚ ਦੋ ਨਾਵਲ ‘ਦਿ ਡੈੱਥ ਆਫ਼ ਏ ਪਾਸਪੋਰਟ’ ਤੇ ‘ਦਿ ਮਿਡਏਅਰ ਫਰਾਊਨ’ ਛਪੇ। ਪੰਜਾਬੀ ਵਿਚ ਨਾਵਲ ‘ਮੌਤ ਇੱਕ ਪਾਸਪੋਰਟ ਦੀ’, ਸਵੈਜੀਵਨੀ ਦੇ ਦੋ ਭਾਗ ‘ਸੜਦੇ ਸਾਜ਼ ਦੀ ਸਰਗਮ’ ਤੇ ‘ਬਰਫ਼ ਵਿਚ ਉਗਦਿਆਂ’ ਅਤੇ ਸੈਂਕੜੇ ਲੇਖ ਉਹਦੇ ਜਿਊਂਦੇ ਜੀਅ ਛਪੇ। ਉਹਦੀਆਂ ਕੁਝ ਰਚਨਾਵਾਂ ਅਣਛਪੀਆਂ ਵੀ ਰਹਿ ਗਈਆਂ। ਉਸ ਨੇ ਅਜੇ ਹੋਰ ਬਹੁਤ ਕੁਝ ਲਿਖਣ ਤੇ ਛਾਪਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ।
ਮੈਨੂੰ ਯਾਦ ਆ ਰਹੇ ਨੇ 1970-71 ਦੇ ਉਹ ਦਿਨ; ਉਨ੍ਹੀਂ ਦਿਨੀਂ ਮੈਂ ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਦਾ ਕਾਰਜਕਾਰੀ ਪ੍ਰਿੰਸੀਪਲ ਸਾਂ। ਜੁਲਾਈ ਮਹੀਨੇ ਛੀਂਟਕਾ ਜਿਹਾ ਸੁਨੱਖਾ ਨੌਜੁਆਨ ਮੈਨੂੰ ਦਫਤਰ ਵਿਚ ਮਿਲਣ ਆਇਆ। ਗੋਰਾ ਰੰਗ, ਸੋਹਣੀ ਪੱਗ, ਸ਼ੌਕੀਨ ਪਹਿਰਾਵਾ। ਬੋਲਿਆ ਤਾਂ ਆਵਾਜ਼ ਪਹਿਲਾਂ ਹੀ ਸੁਣੀ ਹੋਈ ਲੱਗੀ। ਉਂਜ ਮੈਂ ਉਸ ਨੂੰ ਪਹਿਲੀ ਵਾਰ ਮਿਲ ਰਿਹਾ ਸਾਂ। ਉਸ ਨੇ ਆਪਣਾ ਨਾਂ ਇਕਬਾਲ ਰਾਮੂਵਾਲੀਆ ਦੱਸਿਆ। ਮੈਂ ਸਮਝ ਗਿਆ ਕਿ ਉਹ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਪੁੱਤਰ ਹੈ ਜਿਸ ਨੂੰ ਮੈਂ ਰੇਡੀਓ ਤੋਂ ਸੁਣਦਾ ਰਹਿੰਦਾ ਸਾਂ। ਪਤਾ ਲੱਗਾ ਕਿ ਉਹ ਅੰਗਰੇਜ਼ੀ ਦੀ ਐੱਮਏ ਸੈਕਿੰਡ ਕਲਾਸ ਕਰ ਗਿਐ ਤੇ ਕਾਲਜ ਦਾ ਇਸ਼ਤਿਹਾਰ ਪੜ੍ਹ ਕੇ ਲੈਕਚਰਰ ਲੱਗਣ ਲਈ ਅਰਜ਼ੀ ਦੇਣ ਆਇਆ ਹੈ। ਮੈਂ ਉਸ ਨੂੰ ਦੱਸਿਆ ਕਿ ਕਾਲਜ ਨੂੰ ਅਜੇ ਪਾਰਟ ਟਾਈਮ ਲੈਕਚਰਰ ਦੀ ਲੋੜ ਹੈ। ਅਗਲੇ ਸਾਲ ਫੁੱਲ ਟਾਈਮ ਪੋਸਟ ਬਣ ਜਾਵੇਗੀ। ਜੇ ਉਹ ਪਾਰਟ ਟਾਈਮ ਲੈਕਚਰਾਰ ਲੱਗਣ ਲਈ ਤਿਆਰ ਹੈ ਤਾਂ ਹੁਣੇ ਰੱਖ ਸਕਦੇ ਹਾਂ। ਉਹ ਇਹ ਕਹਿ ਕੇ ਚਲਾ ਗਿਆ ਕਿ ਸੁਧਾਰ ਦੇ ਕਾਲਜ ਵਿਚ ਵੀ ਟਰਾਈ ਕਰ ਰਿਹਾਂ। ਜੇ ਉਥੇ ਗੱਲ ਨਾ ਬਣੀ ਤਾਂ ਤੁਹਾਡੇ ਕੋਲ ਹੀ ਆ ਜਾਵਾਂਗਾ।
ਮੈਂ ਕਈ ਵਾਰ ਸੋਚਦਾਂ ਕਾਸ਼! ਉਹ ਸਾਡੇ ਕੋਲ ਆ ਜਾਂਦਾ ਤਾਂ ਸ਼ਾਇਦ ਉਹ ਵੀ ਮੇਰੇ ਵਾਂਗ ਢੁੱਡੀਕੇ ਹੀ ਲੰਮਾ ਸਮਾਂ ਟਿਕਿਆ ਰਹਿੰਦਾ ਤੇ ਨਕਸਲੀ ਗੇੜ ਵਿਚ ਕੈਨੇਡਾ ਵੱਲ ਭੱਜਣੋਂ ਬਚ ਜਾਂਦਾ!
ਸੰਪਰਕ: principalsarwansingh@gmail.com