ਕੇਪੀ ਨਾਇਰ
ਸਫ਼ਾਰਤੀ ਇਤਿਹਾਸ ਵਿਚ ਇਸ ਤੋਂ ਪਹਿਲਾਂ ਕਦੇ ਵੀ ਕਿਸੇ 99 ਸਾਲਾ ਮਰਦ ਜਾਂ ਔਰਤ ਨੇ ਦੁਨੀਆ ਭਰ ਦੇ ਇੰਨੀ ਵੱਡੀ ਗਿਣਤੀ ਲੋਕਾਂ ਨੂੰ, ਤੇ ਉਹ ਵੀ ਮਹਿਜ਼ 35 ਮਿੰਟਾਂ ਦੇ ਅਰਸੇ ਦੌਰਾਨ ਇੰਝ ਨਾਰਾਜ਼ ਨਹੀਂ ਕੀਤਾ। ਸਫ਼ੀਰ ਤੇ ਸਿਆਸਤਦਾਨ ਹੈਨਰੀ ਕਿਸਿੰਜਰ ਨੇ ਅਜਿਹਾ ਯੂਕਰੇਨ ਜੰਗ ਬਾਰੇ ‘ਪਹਿਲਾਂ ਵਾਲੀ ਸਥਿਤੀ ਬਹਾਲ ਕਰਨ’ ਦਾ ਸੁਝਾਅ ਦੇ ਕੇ ਕੀਤਾ ਅਤੇ ਨਾਲ ਹੀ ਇਹ ਦਲੀਲ ਦੇ ਕੇ ਕਿ ‘ਉਸ ਮੁਕਾਮ ਤੋਂ ਅਗਾਂਹ ਜੰਗ ਜਾਰੀ ਰੱਖਣੀ ਯੂਕਰੇਨ ਦੀ ਆਜ਼ਾਦੀ ਲਈ ਨਹੀਂ ਹੋਵੇਗੀ ਸਗੋਂ ਇਹ ਰੂਸ ਖਿ਼ਲਾਫ਼ ਨਵੀਂ ਜੰਗ ਛੇੜਨ ਵਾਲੀ ਗੱਲ ਹੋਵੇਗੀ’ ਅਤੇ ਇਸ ਤਰ੍ਹਾਂ ਉਨ੍ਹਾਂ ਦੋ ਹਫ਼ਤੇ ਪਹਿਲਾਂ ਦਾਵੋਸ ਵਿਚ ਸੰਸਾਰ ਆਰਥਿਕ ਫੋਰਮ (ਡਬਲਿਊਈਐੱਫ) ਦੀ ਮੀਟਿੰਗ ਦੌਰਾਨ ਭੜਥੂ ਪਾ ਦਿੱਤਾ। ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ ਦੀ ਧਮਕ ਅੰਤਰ-ਮਹਾਂਦੀਪੀ ਪੱਧਰ ’ਤੇ ਸੁਣਾਈ ਦਿੱਤੀ।
ਇਕ ਜਾਣਕਾਰ ਚਿੰਤਕ ਅਤੇ ਭਾਰਤ ਦੇ ਸਾਬਕਾ ਮੁੱਖ ਸੰਪਾਦਕ ਜੋ ਕਿਸਿੰਜਰ ਦੇ ਦੋਸਤ ਵੀ ਹਨ, ਨੇ ਗੱਲਬਾਤ ਦੌਰਾਨ ਮੈਨੂੰ ਦੱਸਿਆ, “ਹੈਨਰੀ ਨੇ ਇਕ ਵਾਰ ਕਾਤਲਾਂ ਦੀ ਹਿਫ਼ਾਜ਼ਤ ਲਈ ਢਾਕਾ ਵਿਚ ਜੰਗੀ ਬੇੜਾ ਭੇਜ ਦਿੱਤਾ ਸੀ।… ਇਸ ਤਰ੍ਹਾਂ ਉਹ ਕਤਲ ਵਿਚ ਸਹਾਇਕ ਬਣ ਗਿਆ।” ਇਸੇ ਤਰ੍ਹਾਂ ਇਕ ਹੋਰ ਮੁੱਖ ਸੰਪਾਦਕ ਜੋ ਸਵੀਡਨ ਦੇ ਸਭ ਤੋਂ ਵੱਡੇ ਅਖ਼ਬਾਰ ਨਾਲ ਜੁੜੇ ਰਹੇ ਹਨ, ਨੇ ਮੈਨੂੰ ਪੁੱਛਿਆ, “ਕੀ ਇਹ ਕਿਸਿੰਜਰ ਦੀ ਉਸ ਦੇ ਸਾਰੇ ਜਨਤਕ ਜੀਵਨ ਦੌਰਾਨ ਦੀ ਹੀ ਵਿਰਾਸਤ ਨਹੀਂ ਰਹੀ?”
ਖ਼ਾਸਕਰ ਡਬਲਿਊਈਐੱਫ ਵਿਖੇ ਜਿੰਨਾ ਵੱਡੇ ਪੱਧਰ ’ਤੇ ਕਿਸਿੰਜਰ ਨੂੰ ਇੰਟਰਵਿਊ ਕੀਤਾ ਗਿਆ, ਓਨਾ ਵਿਦੇਸ਼ ਨੀਤੀ ’ਤੇ ਕੰਮ ਕਰਨ ਵਾਲੇ ਹੋਰ ਕਿਸੇ ਵੀ ਪੇਸ਼ੇਵਰ ਨੂੰ ਨਹੀਂ ਕੀਤਾ ਗਿਆ। ਉਨ੍ਹਾਂ ਅਸਲ ਵਿਚ ਕੀ ਆਖਿਆ, ਇਸ ਨੂੰ ਸਮਝਣ ਲਈ ਸਾਨੂੰ ਪਿਛਾਂਹ 1972 ਵਿਚ ਉਨ੍ਹਾਂ ਦੀ ਓਰੀਆਨਾ ਫਲਾਚੀ ਨਾਮੀ ਇਤਾਲਵੀ ਪੱਤਰਕਾਰ ਵੱਲੋਂ ਕੀਤੀ ਇੰਟਰਵਿਊ ’ਤੇ ਜਾਣਾ ਪਵੇਗਾ। ਫਲਾਚੀ ਦੀ 1960ਵਿਆਂ ਤੋਂ ਲੈ ਕੇ ਤਿੰਨ ਦਹਾਕਿਆਂ ਤੱਕ ਦੁਨੀਆ ਭਰ ਵਿਚ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਇੰਟਰਵਿਊਜ਼ ਲੈਣ ਦੇ ਮਾਮਲੇ ਵਿਚ ਝੰਡੀ ਰਹੀ ਸੀ। ਇਸ ਦੌਰਾਨ ਕਿਸਿੰਜਰ ਨੇ ਕਿਹਾ ਸੀ, “ਮੁੱਖ ਨੁਕਤਾ ਇਸ ਗੱਲ ਤੋਂ ਉੱਭਰਦਾ ਹੈ ਕਿ ਮੈਂ ਹਮੇਸ਼ਾ ਆਪਣੇ ਹਿਸਾਬ ਨਾਲ ਕੰਮ ਕੀਤਾ ਹੈ।” ਇਸ ਜਰਮਨ-ਅਮਰੀਕੀ ਰਾਜਨੀਤੀਵੇਤਾ ਤੇ ਸਫ਼ੀਰ ਨੇ ਇਹ ਗੱਲ ਇੰਟਰਵਿਊ ਲੈਣ ਵਾਲੀ ਪੱਤਰਕਾਰ ਵੱਲੋਂ ਉਸ ਦੀ ਮਕਬੂਲੀਅਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਹੀ ਸੀ। ਅਮਰੀਕੀ ਸਰਕਾਰ ਵਿਚ ਆਪਣੇ ਪੂਰੇ ਕੰਮ-ਕਾਜ ਦੌਰਾਨ ਕਿਸਿੰਜਰ ਦੀ ਖ਼ੁਸ਼ਕਿਸਮਤੀ ਰਹੀ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਰਿਚਰਡ ਨਿਕਸਨ ਵਰਗੇ ਆਗੂਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੂੰ ਇਸ ਸਫ਼ੀਰ ਦੀ ਵਿਦਵਤਾ ਤੋਂ ਉਚਾਈਆਂ ਮਿਲੀਆਂ ਸਨ। ਇਸ ਕਾਰਨ ਉਨ੍ਹਾਂ ਨੇ ਕਿਸਿੰਜਰ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦਿੱਤਾ ਜਾਂ ਆਖਿਆ ਜਾ ਸਕਦਾ ਹੈ ਕਿ ਕਿਸਿੰਜਰ ਨੇ ਖ਼ੁਦ ਲਈ ਖੁੱਲ੍ਹ ਲੈਣ ਲਈ ਰਾਸ਼ਟਰਪਤੀਆਂ ਨੂੰ ਮਨਾ ਲਿਆ ਸੀ।
ਹੁਣ ਜਦੋਂ ਹੈਨਰੀ ਕਿਸਿੰਜਰ ਆਪਣੇ ਮਾਲਕ ਆਪ ਹਨ ਤਾਂ ਉਹ ਆਪਣੀ ਨਾਰਾਜ਼ਗੀ ਆਪ ਨਹੀਂ ਮਿਟਾ ਸਕਦੇ। ਉਨ੍ਹਾਂ ਅਤੇ ਉਨ੍ਹਾਂ ਦੇ ਗ਼ੈਰ-ਰਵਾਇਤੀ ਪਰ ਬੇਹੱਦ ਹਕੀਕੀ ਵਿਚਾਰਾਂ ਦਰਮਿਆਨ ਕੋਈ ਵਿਚ-ਵਿਚਾਲਾ ਨਹੀਂ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਹੈਨਰੀ ਕਿਸਿੰਜਰ ਨੂੰ ਭੰਡਦਿਆਂ ਉਨ੍ਹਾਂ ਨੂੰ 2022 ਨਹੀਂ ਸਗੋਂ 1938 ਨਾਲ ਸਬੰਧਤ ਦੱਸਿਆ ਜਿਥੇ ਉਨ੍ਹਾਂ ਦਾ ਇਸ਼ਾਰਾ ਮਿਊਨਿਖ ਇਕਰਾਰਨਾਮੇ ਵੱਲ ਸੀ ਜਿਸ ਰਾਹੀਂ ਅਡੋਲਫ ਹਿਟਲਰ ਦੀ ਅਗਵਾਈ ਹੇਠ ਜਰਮਨੀ ਨੇ ਪੱਛਮੀ ਚੈਕੋਸਲੋਵਾਕੀਆ ਉਤੇ ਕਬਜ਼ਾ ਕਰ ਲਿਆ ਸੀ। ਹੋਰ ਯੂਕਰੇਨੀ ਆਗੂਆਂ ਨੇ ਆਖਿਆ ਕਿ ਹੈਨਰੀ ਕਿਸਿੰਜਰ ਨੇ ਦਾਵੋਸ ਵਿਚ ਜੋ ਕੀਤਾ, ਉਸ ਦੀ ਵਕਾਲਤ ਕਰ ਕੇ ਉਹ ਨਾਜ਼ੀ ਜਰਮਨੀ ਵਾਲਾ ਇਤਿਹਾਸ ਦੁਹਰਾਉਣਾ ਚਾਹੁੰਦੇ ਸਨ।
ਭਾਰਤ ਵਿਚ ਮੀਡੀਆ ’ਚ ਭੇਡਚਾਲ ਵਾਲੀ ਮਾਨਸਿਕਤਾ ਹੋਣ ਕਾਰਨ ਇਸ ਮੁਲਕ ਦੇ ਬਹੁਤੇ ਲੋਕਾਂ ਨੂੰ ਕਿਸਿੰਜਰ ਵੱਲੋਂ ਭਾਰਤ ਬਾਰੇ ਕੀਤੀਆਂ ਉਹ ਅਹਿਮ ਟਿੱਪਣੀਆਂ ਪੜ੍ਹਨ ਜਾਂ ਸੁਣਨ ਨੂੰ ਨਹੀਂ ਮਿਲੀਆਂ ਜਿਹੜੀਆਂ ਉਨ੍ਹਾਂ ਡਬਲਿਊਈਐੱਫ ਦੇ ਬਾਨੀ ਤੇ ਕਾਰਜਕਾਰੀ ਚੇਅਰਮੈਨ ਕਲਾਉਸ ਸ਼ਵੈਬ ਨਾਲ ਆਪਣੀ ਗੱਲਬਾਤ ਦੌਰਾਨ ਕੀਤੀਆਂ। ਦਰਅਸਲ ਕਿਸਿੰਜਰ ਦੇ ਇਸ ਸੁਝਾਅ ਕਿ ਯੂਕਰੇਨ ਨੂੰ ਰੂਸ ਵੱਲੋਂ ਜਿੱਤਿਆ ਆਪਣਾ ਇਲਾਕਾ ਛੱਡ ਦੇਣਾ ਚਾਹੀਦਾ ਹੈ ਤੇ ਜੰਗ ਖ਼ਤਮ ਕਰ ਦੇਣ ਚਾਹੀਦੀ ਹੈ, ਨੇ ਉਨ੍ਹਾਂ ਵੱਲੋਂ ਕੀਤੀਆਂ ਹੋਰ ਸਾਰੀਆਂ ਅਹਿਮ ਤੇ ਤਵੱਜੋਯੋਗ ਗੱਲਾਂ ਨੂੰ ਢਕ ਲਿਆ।
ਕਿਸਿੰਜਰ ਨੇ ਇਹ ਦਲੀਲ ਦਿੱਤੀ ਕਿ ‘ਇਸ ਅਹਿਮ ਮੋੜ’ ਭਾਵ ਯੂਕਰੇਨ ‘ਜੰਗ ਦਾ ਸਿੱਟਾ ਮੁਲਕਾਂ ਦੇ ਧੜਿਆਂ ਵਿਚਲੇ ਰਿਸ਼ਤਿਆਂ ਉਤੇ ਮਾੜਾ ਅਸਰ ਪਾਵੇਗਾ।’ ਉਨ੍ਹਾਂ ਕਿਹਾ, “ਇਸ ਨਾਲ ਜਿਹੜਾ ਤਵਾਜ਼ਨ ਪੈਦਾ ਹੋਵੇਗਾ, ਉਸ ਨਾਲ ਭਾਰਤ ਅਤੇ ਬ੍ਰਾਜ਼ੀਲ ਵਰਗੇ ਮੁਲਕਾਂ ਦਾ ਉਭਾਰ ਕੌਮਾਂਤਰੀ ਢਾਂਚੇ ਵਿਚ ਇਕਜੁੱਟ ਹੋ ਸਕੇਗਾ। ਇਹ ਮੈਨੂੰ ਮੁੱਖ ਮੁੱਦੇ ਜਾਪਦੇ ਹਨ, ਨਾਲ ਹੀ ਇਸ ਤੱਥ ਸਮੇਤ ਕਿ ਯੂਕਰੇਨ ਟਕਰਾਓ ਨੇ ਇਸ ਤੋਂ ਪਹਿਲੇ ਅਰਸੇ ਦੌਰਾਨ ਬਣੇ ਮਾਲੀ ਢਾਂਚੇ ਵਿਚ ਵਿਗਾੜ ਪੈਦਾ ਕਰ ਦਿੱਤਾ ਹੈ, ਤਾਂ ਕਿ ਆਲਮੀ ਢਾਂਚੇ ਦੀਆਂ ਪਰਿਭਾਸ਼ਾਵਾਂ ਅਤੇ ਕਾਰਵਾਈਆਂ ਉਤੇ ਮੁੜ-ਗ਼ੌਰ ਕਰਨੀ ਪਵੇ।”
ਰੂਸ-ਯੂਕਰੇਨ ਜੰਗ ਵਿਚ ਭਾਰਤ ਦੀ ਨਿਰਪੱਖਤਾ ਖ਼ਤਮ ਕਰਨ ਦੀਆਂ ਚਾਹਵਾਨ ਮੁਲਕ ਦੀਆਂ ਲੌਬੀਆਂ ਇਹ ਮਿੱਥ ਪ੍ਰਚਾਰ ਰਹੀਆਂ ਹਨ ਕਿ ਜੰਗ ਕਾਰਨ ਕਮਜ਼ੋਰ ਹੋਇਆ ਰੂਸ ਉੱਭਰਦੇ ਹੋਏ ਜਾਂ ਉੱਭਰ ਚੁੱਕੇ ਚੀਨ ਦੇ ਹੱਥਾਂ ਵਿਚ ਮੋਹਰਾ ਬਣ ਜਾਵੇਗਾ। ਇਸ ਕਾਰਨ ਪੱਛਮ ਪੱਖੀ ਲੌਬੀਕਾਰ ਕਾਲਪਨਿਕ ਅਤੇ ਬੇਯਕੀਨੀ ਵਾਲੀਆਂ ਦ੍ਰਿਸ਼ਾਵਲੀਆਂ ਉਭਾਰ ਕੇ ਇਹ ਜਚਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਭਾਰਤ-ਚੀਨ ਰਿਸ਼ਤਿਆਂ ਵਿਚ ਹੋਰ ਨਿਘਾਰ ਆਉਣ ਦੀ ਸੂਰਤ ਵਿਚ ਚੀਨ ਇਸ ਹੱਦ ਤੱਕ ਜਾ ਸਕਦਾ ਹੈ ਕਿ ਉਹ ਭਾਰਤ ਨੂੰ ਹਥਿਆਰਾਂ ਦੀ ਸਪਲਾਈ ਨਾ ਕਰਨ ਲਈ ਰੂਸ ਉਤੇ ਦਬਾਅ ਪਾਵੇ। ਇਨ੍ਹਾਂ ਲੌਬੀਆਂ ਦਾ ਬਸ ਇਕ ਨੁਕਾਤੀ ਏਜੰਡਾ ਹੈ: ਨਵੀਂ ਦਿੱਲੀ ਨੂੰ ਰੂਸੀ ਹਥਿਆਰ ਖ਼ਰੀਦਣ ਤੋਂ ਰੋਕਣਾ ਅਤੇ ਭਾਰਤ ਨੂੰ ਅਮਰੀਕੀ ਹਥਿਆਰਾਂ ਦੀ ਸਪਲਾਈ ਸ਼ੁਰੂ ਕਰਵਾਉਣਾ।
ਯੂਰੋਪੀਅਨ ਮੂਲ ਦੇ ਕਿਸਿੰਜਰ ਜਿਨ੍ਹਾਂ ਦੀ ਉਮਰ 99 ਸਾਲਾਂ ਤੋਂ ਟੱਪ ਚੁੱਕੀ ਹੈ, ਦੀ ਦਲੀਲ ਹੈ ਕਿ ਰੂਸ ਦਾ ਦਿਲ ਯੂਰੋਪ ਵਿਚ ਹੈ। ਉਹ ਕਹਿੰਦੇ ਹਨ, “ਜੇ ਲੰਮੀ ਮਿਆਦ ਵਾਲੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਬੀਤੇ 400 ਸਾਲਾਂ ਤੋਂ ਰੂਸ ਯੂਰੋਪ ਅਤੇ ਯੂਰੋਪੀਅਨ ਨੀਤੀ ਦਾ ਜ਼ਰੂਰੀ ਹਿੱਸਾ ਰਿਹਾ ਹੈ ਅਤੇ ਉਸ ਅਰਸੇ ਦੌਰਾਨ ਯੂਰੋਪੀਅਨ ਨੀਤੀ ਬੁਨਿਆਦੀ ਦੌਰ ’ਤੇ ਰੂਸ ਦੀ ਭੂਮਿਕਾ ਬਾਰੇ ਇਸ ਦੇ ਯੂਰਪੀ ਮੁਲੰਕਣ ਤੋਂ ਪ੍ਰਭਾਵਿਤ ਹੋਈ ਹੈ ਜਿਸ ਦੌਰਾਨ ਬਹੁਤ ਸਾਰੇ ਮੌਕਿਆਂ ’ਤੇ ਰੂਸ ਦੀ ਭੂਮਿਕਾ ਗਾਰੰਟਰ ਜਾਂ ਵਸੀਲੇ/ਜ਼ਰੀਏ ਦੇ ਰੂਪ ਵਿਚ ਰਹੀ ਅਤੇ ਇਸ ਰਾਹੀਂ ਯੂਰੋਪੀਅਨ ਤਵਾਜ਼ਨ ਮੁੜ ਸਥਾਪਤ ਕੀਤਾ ਜਾ ਸਕਿਆ।”
ਇਸ ਇਤਿਹਾਸ ਨੂੰ ਦੇਖਦਿਆਂ ਉਨ੍ਹਾਂ ਦੀ ਦਾਵੋਸ ਵਾਲੀ ਇਸ ਪੇਸ਼ਕਸ਼ ਦਾ ਭਾਰਤੀਆਂ ਨੂੰ ਫ਼ਾਇਦਾ ਹੋਵੇਗਾ ਕਿ ਯੂਕਰੇਨ ਵਿਚ ਜੰਗ ਖ਼ਤਮ ਕਰ ਦਿੱਤੀ ਜਾਵੇ ਅਤੇ ‘ਅਮਨ ਗੱਲਬਾਤ ਅਗਲੇ ਦੋ ਮਹੀਨਿਆਂ ਦੌਰਾਨ ਸ਼ੁਰੂ ਕਰ ਦਿੱਤੀ ਜਾਵੇ ਤਾਂ ਕਿ ਜੰਗ ਦੇ ਨਤੀਜਿਆਂ ਦਾ ਖ਼ਾਕਾ ਉਲੀਕਿਆ ਜਾ ਸਕੇ।’ ਨਵੀਂ ਦਿੱਲੀ ਦੇ ਨਜ਼ਰੀਏ ਤੋਂ ਸਭ ਤੋਂ ਅਹਿਮ ਗੱਲ ਇਹ ਹੈ ਕਿ: ‘ਮੌਜੂਦਾ ਨੀਤੀ ਤਹਿਤ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਇਸ ਭੂਮਿਕਾ (ਰੂਸ ਦਾ ਯੂਰੋਪ ਵਿਚ ਇਤਿਹਾਸਕ ਰੋਲ) ਨੂੰ ਅੱਗੇ ਵਧਾਉਣਾ ਬਹੁਤ ਅਹਿਮ ਹੈ ਤਾਂ ਕਿ ਰੂਸ ਕਿਸੇ ਵੀ ਤਰ੍ਹਾਂ ਚੀਨ ਨਾਲ ਪੱਕਾ ਗੱਠਜੋੜ ਕਾਇਮ ਕਰਨ ਦੀ ਦਿਸ਼ਾ ਵਿਚ ਨਾ ਵਧੇ।’
ਇਹ ਭਾਰਤੀਆਂ ਲਈ ਤੱਥ ਆਧਾਰਿਤ ਮਸਲਾ ਹੋਣਾ ਚਾਹੀਦਾ ਹੈ। ਜੇ ਮੋਦੀ ਸਰਕਾਰ ਸੰਯੁਕਤ ਰਾਸ਼ਟਰ ਵਿਚ ਰੂਸ ਨਾਲ ਸਬੰਧਤ ਮਤਿਆਂ ਬਾਰੇ ਸੰਜਮ ਵਾਲੀ ਨੀਤੀ ਬੰਦ ਕਰਦੀ ਹੈ ਤਾਂ ਕੌਮਾਂਤਰੀ ਭਾਈਚਾਰੇ ਵਿਚ ਇਹ ਇਕ ਹੋਰ ਕਦਮ ਹੋਵੇਗਾ ਜਿਹੜਾ ਰੂਸ ਨੂੰ ਚੀਨ ਨਾਲ ਗੱਠਜੋੜ ਕਰਨ ਵੱਲ ਹੋਰ ਜਿ਼ਆਦਾ ਧੱਕ ਦੇਵੇਗਾ। ਜਦੋਂ ਤੱਕ ਭਾਰਤ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਮੈਂਬਰ ਰਹਿੰਦਾ ਹੈ, ਉਸ ਦੇ ਅਜਿਹੇ ਕਿਸੇ ਵੀ ਕਦਮ ਦੇ ਅਜਿਹੇ ਸਿੱਟੇ ਹੋਣਗੇ ਜਿਹੜੇ ਇਕ ਪਾਸੇ ਭਾਰਤ ਤੇ ਰੂਸ ਅਤੇ ਦੂਜੇ ਪਾਸੇ ਭਾਰਤ ਤੇ ਚੀਨ ਦਰਮਿਆਨ ਜੋ ਕੁਝ ਵੀ ਦੁਵੱਲੇ ਤੌਰ ’ਤੇ ਵਾਪਰਦਾ ਹੈ, ਉਸ ਉਤੇ ਅਸਰਅੰਦਾਜ਼ ਹੋਣਗੇ।
ਇਹ ਗੱਲ ਜਨਤਕ ਜਾਣਕਾਰੀ ਵਿਚ ਨਹੀਂ ਕਿ ਸਲਾਮਤੀ ਕੌਂਸਲ ਦੇ ਮੈਂਬਰਾਂ ਵਜੋਂ ਭਾਰਤ ਅਤੇ ਚੀਨ ਅਕਸਰ ਵੱਖੋ-ਵੱਖ ਮੁੱਦਿਆਂ ਉਤੇ ਆਪਣੇ ਰੁਖ਼ ਸਬੰਧੀ ਆਪਸੀ ਤਾਲਮੇਲ ਕਰਦੇ ਹਨ। ਇਸ ਬਾਰੇ ਖ਼ਾਸਕਰ ਅਫ਼ਗ਼ਾਨਿਸਤਾਨ, ਵਾਤਾਵਰਨ ਬਾਰੇ ਕਾਰਵਾਈਆਂ, ਸਮੁੰਦਰੀ ਡਕੈਤੀਆਂ ਆਦਿ ਵਰਗੇ ਮਾਮਲਿਆਂ ਦਾ ਜਿ਼ਕਰ ਕੀਤਾ ਜਾ ਸਕਦਾ ਹੈ। ਜਦੋਂ ਨਵੀਂ ਦਿੱਲੀ ਦੇ ਅਧਿਕਾਰੀ ਲੱਦਾਖ਼ ਵਿਚ ਸਰਹੱਦੀ ਵਿਵਾਦ ਮੁਤੱਲਕ ਫ਼ੌਜੀ ਗੱਲਬਾਤ ਵਿਚ ਬੁਰੀ ਤਰ੍ਹਾਂ ਉਲ਼ਝੇ ਹੋਏ ਹਨ ਜਿਸ ਕਾਰਨ ਹੋਰ ਦੁਵੱਲੇ ਮਾਮਲਿਆਂ ਬਾਰੇ ਸੋਚਣ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਤਾਂ ਇਸ ਸੂਰਤ ਵਿਚ ਸਿਰਫ਼ ਸਲਾਮਤੀ ਕੌਂਸਲ ਹੀ ਅਜਿਹੀ ਖਿੜਕੀ ਬਚਦੀ ਹੈ ਜਿਥੇ ਭਾਰਤ ਤੇ ਚੀਨ ਇਕ-ਦੂਜੇ ਨਾਲ ਕੋਈ ਮੇਲਜੋਲ ਕਰ ਸਕਦੇ ਹਨ। ਇਸ ਹਾਲਤ ਵਿਚ ਭਾਰਤੀ ਧਿਰ ਨਾਲ ਸਬੰਧਤ ਉਹ ਲੋਕ ਜਿਹੜੇ ਇਸ ਪ੍ਰਕਿਰਿਆ ਵਿਚ ਸ਼ਾਮਲ ਹਨ, ਲਈ ਕਿਸਿੰਜਰ ਦੀ ਇਹ ਰਾਇ ਕਿ ‘ਰੂਸ ਦਾ ਰੁਖ਼ ਹਾਲੇ ਚੀਨ ਨਾਲ ਪੱਕਾ ਗੱਠਜੋੜ ਕਰਨ ਵੱਲ ਨਹੀਂ ਹੈ’ ਦੀ ਬਹੁਤ ਜਿ਼ਆਦਾ ਅਹਿਮੀਅਤ ਹੈ ਕਿਉਂਕਿ ਨਵੀਂ ਦਿੱਲੀ ਵਿਚ ਅਜਿਹੀਆਂ ਲੌਬੀਆਂ, ਖ਼ਾਸਕਰ ਜੋ ਰੱਖਿਆ ਸਾਜ਼ੋ-ਸਾਮਾਨ ਦੀ ਖ਼ਰੀਦੋ-ਫ਼ਰੋਖ਼ਤ ਨਾਲ ਸਬੰਧਤ ਹਨ, ਨੇ ਭਰਮ-ਜਾਲ ਫੈਲਾਇਆ ਹੋਇਆ ਹੈ। ਇਨ੍ਹਾਂ ਲੌਬੀਆਂ ਦੀ ਦਿਲਚਸਪੀ ਹੋਰ ਸਭ ਕਾਸੇ ਤੋਂ ਵੱਧ, ਸਿਰਫ਼ ਵਪਾਰ ਵਿਚ ਹੈ।
*ਲੇਖਕ ਰਣਨੀਤਕ ਵਿਸ਼ਲੇਸ਼ਕ ਹੈ।