ਡਾ. ਅਮਰੀਕ ਸਿੰਘ* ਡਾ. ਗੁਰਵਿੰਦਰ ਸਿੰਘ**
ਚਾਲੂ ਸਾਉਣੀ ਦੌਰਾਨ ਪੰਜਾਬ ਵਿਚ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਲਾਇਆ ਗਿਆ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਹਿੱਤ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਤਹਿਤ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ ਕਿ ਉਹ ਖੇਤੀ ਸਮੱਗਰੀ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਕਰਨ ਤਾਂ ਕਿ ਖੇਤੀ ਲਾਗਤ ਘਟਾ ਕੇ ਆਮਦਨ ਵਧਾਈ ਜਾ ਸਕੇ। ਕੁਝ ਕਿਸਾਨ ਝੋਨੇ ਦੀ ਫ਼ਸਲ ਨੂੰ ਵੱਡਾ ਕਰਨ ਲਈ ਦੁਕਾਨਦਾਰਾਂ ਜਾਂ ਗੁਆਂਢੀਆਂ ਦੇ ਕਹਿਣ ’ਤੇ ਟਰਾਈਕੋਂਟਰਜ਼ੋਲ, ਜ਼ਿੰਕ, ਫੈਰਿਸਸਲਫੇਟ, ਰਿਡੋਮਿਲ, ਛੋਟੇ ਤੱਤਾਂ ਦੇ ਮਿਸ਼ਰਨ, ਜ਼ਿਰਮ-80, ਜ਼ਬਿਰੈਲਿਕਐਸਿਡ, ਫਿਪਰੋਨਿਲ, ਸਲਫਰ, ਗਰੋਥ ਇਨਹਾਂਸਰ, ਗਰੋਥ ਪਰੋਮੋਟਰ ਆਦਿ ਸਣੇ ਪਤਾ ਨਹੀਂ ਕੀ ਕੁਝ ਵਰਤ ਰਹੇ ਹਨ। ਇਉਂ ਕਰਨ ਨਾਲ ਖੇਤੀ ਲਾਗਤ ਖ਼ਰਚੇ ਹੀ ਵਧਣਗੇ ਅਤੇ ਫ਼ਾਇਦਾ ਕੋਈ ਨਹੀਂ ਹੋਣਾ।
ਖੇਤੀਬਾੜੀ ਵਿਚ ਫ਼ਸਲਾਂ ਦੀ ਕਾਸ਼ਤ ਦਾ ਸਮਾਂ ਤੈਅ ਹੁੰਦਾ ਹੈ। ਜੇ ਕਿਸੇ ਦੀ ਗ਼ਲਤ ਸਲਾਹ ਨਾਲ ਕਿਸੇ ਗ਼ਲਤ ਕੀਟਨਾਸ਼ਕ ਦਾ ਛਿੜਕਾਅ ਫ਼ਸਲ ’ਤੇ ਹੋ ਜਾਵੇ ਤਾਂ ਉਸ ਨੂੰ ਠੀਕ ਕਰਨਾ ਅਸੰਭਵ ਹੋ ਜਾਂਦਾ ਹੈ। ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹਿਣ ’ਤੇ ਦਵਾਈਆਂ ਵਰਤਣ ਦੀ ਬਜਾਇ ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕਰ ਕੇ ਹੀ ਸਮੱਸਿਆ ਦਾ ਹੱਲ ਕੱਢਿਆ ਜਾਵੇ ਤਾਂ ਬਿਹਤਰ ਰਹੇਗਾ। ਅੱਜ ਹਰ ਕਿਸਾਨ ਕੋਲ ਕਿਸੇ ਨਾ ਕਿਸੇ ਖੇਤੀ ਮਾਹਿਰ ਦਾ ਸੰਪਰਕ ਨੰਬਰ ਹੋਵੇਗਾ, ਜੇ ਨਹੀਂ ਹੈ ਤਾਂ ਟੌਲ ਫਰੀ ਨੰਬਰ (1800-180-1551) ’ਤੇ ਫੋਨ ਕਰ ਕੇ ਸਲਾਹ ਲਈ ਜਾ ਸਕਦੀ ਹੈ। ਕਿਸਾਨਾਂ ਦੇ ਮਨਾਂ ਵਿਚ ਪ੍ਰਾਈਵੇਟ ਕੰਪਨੀਆਂ ਦੇ ਨੁਮਾਇੰਦੇ ਕਈ ਵਾਰ ਕਿਸੇ ਕੀਟਨਾਸ਼ਕਾਂ ਬਾਬਤ ਇੰਨੇ ਸਬਜ਼ਬਾਗ ਦਿਖਾ ਦਿੰਦੇ ਹਨ ਕਿ ਕਿਸਾਨ ਨਾ ਚਾਹੁੰਦਾ ਹੋਇਆ ਵੀ ਉਸ ਦਵਾਈ ਦੀ ਵਰਤੋਂ ਕਰ ਲੈਂਦਾ ਹੈ।
ਅੰਨ੍ਹੇਵਾਹ ਅਤੇ ਬਗੈਰ ਸਿਫ਼ਾਰਸ਼ ਕੀਟਨਾਸ਼ਕਾਂ ਦੀ ਵਰਤੋਂ ਨਾਲ ਖਾਧ ਪਦਾਰਥ, ਵਾਤਾਵਰਨ ਤਾਂ ਪ੍ਰਦੂਸ਼ਿਤ ਹੋ ਹੀ ਰਿਹਾ ਹੈ, ਨਾਲ ਖੇਤੀ ਖ਼ਰਚੇ ਵਧਣ ਕਾਰਨ ਆਮਦਨ ਘਟ ਰਹੀ ਹੈ। ਅੱਜ ਖ਼ਪਤਕਾਰਾਂ ਵਿਚ ਵੀ ਬਗੈਰ ਕੀਟਨਾਸ਼ਕਾਂ ਜਾਂ ਘੱਟ ਤੋਂ ਘੱਟ ਵਰਤੋਂ ਵਾਲੇ ਖੇਤੀ ਉਤਪਾਦਾਂ ਦੀ ਮੰਗ ਵਧਣ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਵਾਲੇ ਖੇਤੀ ਉਤਪਾਦਾਂ ਦਾ ਮੰਡੀ ਵਿਚ ਵਾਜਬ ਭਾਅ ਨਹੀਂ ਮਿਲਦਾ। ਪੰਜਾਬ ਵਿਚ ਹੀ ਕਈ ਅਗਾਂਹਵਧੂ ਕਿਸਾਨ ਜੈਵਿਕ ਖੇਤੀ ਉਤਪਾਦਾਂ ਦਾ ਖ਼ੁਦ ਮੰਡੀਕਰਨ ਕਰ ਕੇ ਚੰਗੀ ਆਮਦਨ ਲੈ ਰਹੇ ਹਨ। ਇਸ ਲਈ ਜਿੰਨਾ ਹੋ ਸਕੇ, ਕੀਟਨਾਸ਼ਕਾਂ/ਖਾਦਾਂ ਦੀ ਫ਼ਸਲਾਂ ਵਿਚ ਵਰਤੋਂ ਨੂੰ ਘਟਾਇਆ ਜਾਵੇ।
ਕਈ ਹਾਲਾਤ ਵਿਚ ਜਿੱਥੇ ਪਾਣੀ ਦੀ ਘਾਟ ਹੋਵੇ ਜਾਂ ਪਾਣੀ ਦੇਰ ਨਾਲ ਲੱਗੇ ਤਾਂ ਲੋਹੇ ਦੀ ਘਾਟ ਆ ਸਕਦੀ ਹੈ, ਇਸ ਕਾਰਨ ਫ਼ਸਲ ਦਾ ਵਾਧਾ ਰੁਕ ਜਾਂਦਾ ਹੈ। ਕਿਸਾਨ ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹੇ ’ਤੇ ਧੌੜੀਆਂ ਵਿਚ ਪੀਲੀ ਪਈ ਪਨੀਰੀ/ਫ਼ਸਲ ਦਾ ਇਲਾਜ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਕਿਸਾਨ ਦੁਕਾਨਦਾਰ ਦੇ ਕਹੇ ’ਤੇ ਲੋਹੇ ਅਤੇ ਜ਼ਿੰਕ ਦੇ ਮਿਸ਼ਰਨ ਦਾ ਛਿੜਕਾਅ ਕਰਦੇ ਹਨ ਜਿਸ ਨਾਲ ਫ਼ਸਲ ਨੂੰ ਕੋਈ ਰਾਹਤ ਨਹੀਂ ਮਿਲਦੀ। ਕਈ ਵਾਰ ਕਿਸਾਨ 10-10 ਕਿਲੋ ਪ੍ਰਤੀ ਏਕੜ ਫੈਰਿਸ ਸਲਫੇਟ ਪਾ ਦਿੰਦੇ ਹਨ; ਇਸ ਦਾ ਵੀ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਫੈਰਿਸ ਸਲਫੇਟ ਦੀ ਵਰਤੋਂ ਦਾ ਫਾਇਦਾ ਛਿੜਕਾਅ ਕਰਨ ਨਾਲ ਹੀ ਹੁੰਦਾ ਹੈ।
ਆਮ ਕਰ ਕੇ ਕਣਕ ਦੀ ਫ਼ਸਲ ਨੂੰ 55 ਕਿਲੋ ਡੀਏਪੀ ਖਾਦ ਬਿਜਾਈ ਸਮੇਂ ਪਾਈ ਜਾਂਦੀ ਹੈ। ਇਸ ਦਾ 20-25 ਫ਼ੀਸਦੀ ਹਿੱਸਾ ਕਣਕ ਦੀ ਫ਼ਸਲ ਲੈਂਦੀ ਹੈ ਜਦੋਂਕਿ ਬਾਕੀ ਹਿੱਸਾ ਜ਼ਮੀਨ ਵਿਚ ਹੀ ਪਿਆ ਰਹਿੰਦਾ ਹੈ। ਡੀਏਪੀ ਦਾ ਬਚਿਆ ਹਿੱਸਾ ਝੋਨੇ ਦੀ ਲਵਾਈ ਤੋਂ ਪਹਿਲਾਂ ਕੱਦੂ ਕਰਨ ਨਾਲ ਵਰਤੋਂ ਯੋਗ ਹਾਲਤ ਵਿਚ ਆ ਜਾਂਦਾ ਹੈ ਜੋ ਝੋਨੇ ਦੀ ਫ਼ਸਲ ਲੈ ਲੈਂਦੀ ਹੈ। ਇਸ ਲਈ ਜੇ ਕਣਕ ਦੀ ਫ਼ਸਲ ਨੂੰ ਡੀਏਪੀ ਦੀ ਪੂਰੀ ਮਾਤਰਾ ਕਣਕ ਦੀ ਫ਼ਸਲ ਨੂੰ ਪਾਈ ਗਈ ਹੈ ਤਾਂ ਝੋਨੇ ਦੀ ਫ਼ਸਲ ਨੂੰ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀਂ। ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ, ਜੇ ਝੋਨੇ ਦੀ ਫ਼ਸਲ ਨੂੰ ਡਾਇਆ ਖਾਦ ਨਾ ਪਾਈ ਜਾਵੇ ਤਾਂ ਤਕਰੀਬਨ 644 ਕਰੋੜ ਰੁਪਏ ਦੀ ਬੱਚਤ ਕੀਤੀ ਜਾ ਸਕਦੀ। ਜੇ ਡਾਇਆ ਖਾਦ ਦੀ ਵਰਤੋਂ ਝੋਨੇ ਵਿਚ ਬੰਦ ਹੋ ਜਾਵੇ ਤਾਂ ਜ਼ਿੰਕ ਦੀ ਘਾਟ ਨਹੀਂ ਆਵੇਗੀ। ਇਸ ਨਾਲ ਖੇਤੀ ਲਾਗਤ ਖ਼ਰਚੇ ਹੋਰ ਘਟਾਏ ਜਾ ਸਕਦੇ ਹਨ।
ਝੋਨੇ/ਬਾਸਮਤੀ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਝੋਨੇ ਦੀ ਲਵਾਈ ਤੋਂ 20-25 ਦਿਨਾਂ ਬਾਅਦ ਖੇਤ ਵਿਚ ਮੌਜੂਦ ਨਦੀਨਾਂ ਦੇ ਹਿਸਾਬ ਨਾਲ ਨਦੀਨਾਸ਼ਕਾਂ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
ਝੋਨੇ ਦੀ ਲਵਾਈ ਤੋਂ ਬਾਅਦ ਅਕਸਰ ਦੇਖਿਆ ਗਿਆ ਹੈ ਕਿ ਕੀਟਨਾਸ਼ਕ ਜ਼ਹਿਰਾਂ ਵੇਚਣ ਵਾਲੇ ਪ੍ਰਾਈਵੇਟ ਅਦਾਰਿਆਂ ਦੇ ਨੁਮਾਇੰਦੇ ਪਿੰਡਾਂ ਵਿਚ ਕਿਸਾਨਾਂ ਕੋਲ ਪਹੁੰਚ ਕਰ ਕੇ ਦਾਣੇਦਾਰ ਕੀਟਨਾਸ਼ਕ ਦਵਾਈਆ ਜਾਂ ਜੈਵਿਕ ਖਾਦਾਂ ਵੇਚਣ ਲਈ ਸੰਪਰਕ ਸ਼ੁਰੂ ਕਰ ਦਿੰਦੇ ਹਨ। ਉਹ ਕਿਸਾਨ ਨੂੰ ਸਬਜ਼ਬਾਗ਼ ਦਿਖਾਉਂਦੇ ਹਨ ਕਿ ਦਾਣੇਦਾਰ ਕੀਟਨਾਸ਼ਕ ਰਸਾਇਣ ਨਾਲ ਪੱਤਾ ਲਪੇਟ ਸੁੰਡੀ ਅਤੇ ਤਣਾ ਛੇਦਕ ਸੁੰਡੀ ਫ਼ਸਲ ਨੂੰ ਨਹੀਂ ਲੱਗੇਗੀ ਅਤੇ ਪੌਦਾ ਵਧੇਰੇ ਫੁਟਾਰਾ ਕਰੇਗਾ। ਜਿੱਥੋਂ ਤੱਕ ਵਧੇਰੇ ਫੁਟਾਰੇ ਦਾ ਸਵਾਲ ਹੈ, ਇਹ ਤਾਂ ਕਿਸਮ, ਲਵਾਈ ਸਮੇਂ ਪਨੀਰੀ ਦੀ ਉਮਰ, ਜ਼ਮੀਨ ਦੀ ਸਿਹਤ ਅਤੇ ਖਾਦਾਂ ਪਾਉਣ ਦੇ ਸਮੇਂ ’ਤੇ ਨਿਰਭਰ ਕਰਦਾ ਹੈ। ਘੱਟ ਸਮੇਂ ਵਿਚ ਪੱਕਣ ਵਾਲੀਆ ਕਿਸਮਾਂ ਜਿਵੇਂ ਪੀਆਰ 126 ਜਾਂ ਪੂਸਾ ਪੰਜਾਬ ਬਾਸਮਤੀ 1509, ਘੱਟ ਫੁਟਾਰਾ ਕਰਦੀਆਂ ਹਨ ਜਦੋਂਕਿ ਵਧੇਰੇ ਸਮੇਂ ਵਿਚ ਪੱਕਣ ਵਾਲੀਆ ਕਿਸਮਾਂ ਜਿਵੇਂ ਪੀਆਰ 121, ਪੀਆਰ 118 ਜਾਂ ਪੂਸਾ 44 ਵਧੇਰੇ ਫੁਟਾਰਾ ਕਰਦੀਆਂ ਹਨ। ਜੇ 20 ਤੋਂ 30 ਦਿਨ ਦੀ ਉਮਰ ਪਨੀਰੀ ਖੇਤ ਵਿਚ ਲਾਈ ਜਾਵੇ ਤਾਂ ਵਧੇਰੇ ਫੁਟਾਰਾ ਹੁੰਦਾ ਹੈ ਅਤੇ ਜੇ ਵਧੇਰੇ ਉਮਰ ਦੀ ਪਨੀਰੀ ਖੇਤ ਵਿਚ ਲਾਈ ਜਾਵੇ ਤਾਂ ਫੁਟਾਰਾ ਘੱਟ ਹੁੰਦਾ ਹੈ। ਜੇ ਜ਼ਮੀਨ ਵਿਚ ਜੈਵਿਕ ਮਾਦਾ ਵਧੇਰੇ ਹੈ ਤਾਂ ਬੂਟਾ ਫੁਟਾਰਾ ਜ਼ਿਆਦਾ ਕਰੇਗਾ। ਪੰਜਾਬ ਵਿਚ ਝੋਨਾ ਜੂਨ ਤੋਂ ਬਾਅਦ ਲੱਗਣਾ ਸ਼ੁਰੂ ਹੋਣ ਸਦਕਾ ਗੋਭ ਦੀ ਸੁੰਡੀ ਪੰਜਾਬ ਵਿਚੋਂ ਆਪਣੇ ਆਪ ਖ਼ਤਮ ਹੋ ਗਈ ਹੈ। ਜੇ ਤਣਾ ਛੇਦਕ ਸੁੰਡੀ ਕੁਝ ਗਿਣਤੀ ਵਿਚ ਖੇਤਾਂ ਵਿਚ ਹੁੰਦੀ ਹੈ ਤਾਂ ਉਹ ਖੇਤ ਵਿਚ ਮੌਜੂਦ ਮਿੱਤਰ ਕੀੜਿਆਂ ਦੀ ਖ਼ੁਰਾਕ ਲਈ ਜ਼ਰੂਰੀ ਹੈ ਜੋ ਖੇਤ ਵਿਚ 80-85 ਫ਼ੀਸਦੀ ਹੁੰਦੇ ਹਨ। ਇਸ ਦਾਣੇਦਾਰ ਕੀਟਨਾਸ਼ਕਾਂ ਦਾ ਗੋਭ ਦੀ ਸੁੰਡੀ ਮਾਰਨ ਨਾਲ ਕੋਈ ਸਬੰਧ ਨਹੀਂ ਹੈ। ਉਂਜ ਵੀ ਜੇ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਝੋਨੇ/ਬਾਸਮਤੀ ਦੀਆਂ ਗੋਭਾਂ ਨਿਕਲਣ ਸਮੇਂ ਹੀ ਹੁੰਦਾ ਹੈ। ਦਾਣੇਦਾਰ ਕੀਟਨਾਸ਼ਕ ਦਾ ਅਸਰ ਸਿਰਫ਼ 15 ਦਿਨ ਹੀ ਰਹਿੰਦਾ ਹੈ। ਝੋਨੇ ਦੀ ਫ਼ਸਲ ਦਾ ਰੰਗ ਕਾਲਾ ਕਰਨ ਲਈ ਵੀ ਇਨ੍ਹਾਂ ਜ਼ਹਿਰਾਂ ਜਾਂ ਖਾਦਾਂ ਦੀ ਵਰਤੋਂ ਨਾ ਕਰੋ ਕਿਉਂਕਿ ਵਧੇਰੇ ਗੂੜ੍ਹੇ ਹਰੇ ਰੰਗ ਵਾਲੀ ਫ਼ਸਲ ਉੱਪਰ ਕੀੜੇ ਅਤੇ ਬਿਮਾਰੀਆਂ ਵਧੇਰੇ ਹਮਲਾ ਕਰਦੀਆਂ ਹਨ ਤੇ ਫ਼ਸਲ ਡਿੱਗਦੀ ਵੀ ਜਲਦੀ ਹੈ। ਸੋ ਜੇ ਬਾਸਮਤੀ ਦੀ ਫ਼ਸਲ ਵਿਚ ਜ਼ਰੂਰਤ ਹੋਵੇ ਤਾਂ ਜ਼ਰੂਰ ਇਸਤੇਮਾਲ ਕਰੋ ਪਰ ਲੋੜ ਵੇਲੇ ਅਤੇ ਖੇਤੀਬਾੜੀ ਮਾਹਿਰ ਦੀ ਸਲਾਹ ’ਤੇ ਹੀ।
ਝੋਨੇ ਵਿਚ ਲਗਾਤਾਰ ਪਾਣੀ ਖੜ੍ਹਾ ਰੱਖਣ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ; ਸੋ ਝੋਨੇ ਨੂੰ ਦੂਜਾ ਜਾਂ ਅਗਲਾ ਪਾਣੀ ਉਦੋਂ ਦਿਓ ਜਦੋਂ ਪਹਿਲੇ ਪਾਣੀ ਨੂੰ ਜ਼ਮੀਨ ਵਿਚ ਜ਼ੀਰੇ ਨੂੰ 2-3 ਦਿਨ ਹੋ ਗਏ ਹੋਣ, ਇੱਕ ਗੱਲ ਦਾ ਖਿਆਲ ਰੱਖੋ ਕਿ ਜ਼ਮੀਨ ਵਿਚ ਤਰੇੜਾਂ ਨਾ ਪਾਟਣ। ਯੂਰੋਪੀਅਨ ਮੁਲਕਾਂ ਵੱਲੋਂ ਪੰਜਾਬ ਦੀ ਬਾਸਮਤੀ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਦਾਣਿਆਂ ਵਿਚ ਕੀਟਨਾਸ਼ਕਾਂ/ਉੱਲੀਨਾਸ਼ਕ ਰਸਾਇਣਾਂ ਦੀ ਮਾਤਰਾ ਤੈਅ ਮਾਪਦੰਡਾਂ ਤੋਂ ਵਧੇਰੇ ਹੈ। ਸ਼ੁੱਧ ਬਾਸਮਤੀ ਲਈ ਬਾਸਮਤੀ ਦੀ ਫਸਲ ਉੱਪਰ ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਥਾਈਮੈਥੋਕਸਮ, ਐਸੀਫੇਟ, ਪ੍ਰੋਪੀਕੋਨਾਜ਼ੋਲ ਅਤੇ ਟਰਾਈਜੋਫਾਸ ਦਾ ਛਿੜਕਾਅ ਨਾ ਕਰੋ। ਜ਼ਰੂਰਤ ਪਵੇ ਤਾਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਛਿੜਕਾਅ ਕਰੋ। ਇਸੇ ਤਰ੍ਹਾਂ ਟਰਾਈਕੋਂਟਰਾਜ਼ੋਲ ਜਾਂ ਜ਼ਬਿਰੈਲਿਕ ਐਸਿਡ ਦੀ ਵੀ ਕੋਈ ਜ਼ਰੂਰਤ ਨਹੀਂ ਹੈ।
ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਖੇਤੀ ਸਮੱਗਰੀ ਖਰੀਦਣ ਸਮੇਂ ਬਿੱਲ ਜ਼ਰੂਰ ਲੈਣ। ਜੇ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਸ਼ਿਕਾਇਤ ਲਿਖਤੀ ਰੂਪ ਵਿਚ ਸਬੰਧਿਤ ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਦਿੱਤੀ ਜਾਵੇ।
*ਮੁੱਖ ਖੇਤੀਬਾੜੀ ਅਫਸਰ।
**ਡਾਇਰੈਕਟਰ, ਖੇਤੀਬਾੜੀ ਵਿਭਾਗ, ਪੰਜਾਬ।
ਸੰਪਰਕ: 94630-71919