ਡਾ. ਇੰਦਰਜੀਤ ਸਿੰਘ*
ਮੜੀ ਗੰਢ ਰੋਗ (ਲੰਪੀ ਸਕਿਨ) ਵਾਇਰਸ ਕਾਰਨ ਹੁੰਦਾ ਹੈ ਜਿਸ ਦਾ ਨਾਮ ‘ਕੈਪਰੀ ਪਾਕਸ’ ਹੈ। ਇਹ ਬਿਮਾਰੀ ਜ਼ਿਆਦਾਤਰ ਗਾਵਾਂ ਨੂੰ ਹੁੰਦੀ ਹੈ, ਮੱਝਾਂ ਨੂੰ ਇਹ ਬਹੁਤ ਘੱਟ ਲੱਗਦੀ ਹੈ। ਮੱਝਾਂ ਵਿਚ ਇਸ ਬਿਮਾਰੀ ਦੇ ਕੋਈ ਗੰਭੀਰ
ਲੱਛਣ ਵੀ ਨਹੀਂ ਦਿਸੇ। ਇਹ ਵਾਇਰਸ ਬੱਕਰੀਆਂ ਅਤੇ ਭੇਡਾਂ ਵਿਚ ਮਿਲਦੇ ਪਾਕਸ ਵਾਇਰਸ ਨਾਲ 96 ਫ਼ੀਸਦ ਮੇਲ ਖਾਂਦਾ ਹੈ।
ਗੰਢ ਰੋਗ ਫੈਲਣ ਦੇ ਕਾਰਨ: ਗੰਢ ਰੋਗ ਫੈਲਣ ਦਾ ਮੁੱਖ ਕਾਰਨ ਮੱਖੀ, ਮੱਛਰ ਅਤੇ ਚਿੱਚੜ ਹਨ। ਇਸ ਤੋਂ ਬਿਨਾ ਇਹ ਬਿਮਾਰ ਪਸ਼ੂ ਤੋਂ ਦੂਜੇ ਪਸ਼ੂ ਤੱਕ ਸਿੱਧੇ ਸੰਪਰਕ ਵਿਚ ਆਉਣ ਅਤੇ ਪ੍ਰਭਾਵਿਤ ਪਾਣੀ ਤੇ ਫੀਡ ਨਾਲ ਵੀ ਫੈਲ ਸਕਦੀ ਹੈ ਪਰ ਇਸ ਦੀਆਂ ਸੰਭਾਵਨਾਵਾਂ ਘੱਟ ਹਨ।
ਲੱਛਣ: ਪਸ਼ੂ ਨੂੰ ਤੇਜ਼ ਬੁਖਾਰ (104-107) ਹੁੰਦਾ ਹੈ ਅਤੇ ਸਰੀਰ ’ਤੇ ਗੰਢਾਂ ਬਣ ਜਾਂਦੀਆਂ ਹਨ। ਇਹ ਗੰਢਾਂ ਪਸ਼ੂ ਦੇ ਮਿਹਦੇ ਅਤੇ ਹੋਰ ਅੰਦਰੂਨੀ ਅੰਗਾਂ ’ਤੇ ਵੀ ਹੋ ਸਕਦੀਆਂ ਹਨ। ਲਿੰਫ ਗ੍ਰੰਥੀਆਂ ਦਾ ਆਕਾਰ ਵਧ ਜਾਂਦਾ ਹੈ ਅਤੇ ਲੱਤਾਂ ਤੇ ਹੇਠਲੇ ਹਿੱਸਿਆਂ ਵਿਚ ਸੋਜ ਆ ਜਾਂਦੀ ਹੈ। ਜੋੜਾਂ ਵਿਚ ਸੋਜ ਹੋ ਜਾਂਦੀ ਅਤੇ ਪਸ਼ੂ ਉੱਠਣ-ਬੈਠਣ ਅਤੇ ਤੁਰਨ ਵਿਚ ਦਿੱਕਤ ਮਹਿਸੂਸ ਕਰਦਾ ਹੈ। ਅੱਖਾਂ ਵਿਚੋਂ ਪਾਣੀ ਡਿੱਗਦਾ ਰਹਿੰਦਾ ਹੈ, ਨੱਕ ਵਿਚੋਂ ਲਾਰਾਂ ਵਗਣਾ ਆਦਿ ਇਸ ਦੇ ਮੁੱਖ ਲੱਛਣ ਹਨ। ਕਈ ਪਸ਼ੂਆਂ ਦੀਆਂ ਅੱਖਾਂ ਵਿਚ ਮੋਤੀਏ ਵਾਂਗ ਧੁੰਦਲਾਪਣ ਆ ਜਾਂਦਾ ਹੈ, ਮੋਕ ਵੀ ਲੱਗ ਜਾਂਦੀ ਹੈ।
ਇਲਾਜ: ਵਾਇਰਲ ਬਿਮਾਰੀ ਹੋਣ ਕਾਰਨ ਸਿੱਧੇ ਤੌਰ ’ਤੇ ਇਸ ਦਾ ਕੋਈ ਵੀ ਪੱਕਾ ਇਲਾਜ ਉਪਲੱਬਧ ਨਹੀਂ ਪਰ ਇਸ ਬਿਮਾਰੀ ਵਿਚ ਪਸ਼ੂ ਨੂੰ ਆਉਣ ਵਾਲੇ ਲੱਛਣਾਂ ਦੇ ਹਿਸਾਬ ਨਾਲ ਅਤੇ ਇਸ ਕਾਰਨ ਉਪਜਣ ਵਾਲੀਆਂ ਹੋਰ ਬਿਮਾਰੀਆਂ (ਸੈਕੰਡਰੀ ਇਨਫੈਕਸ਼ਨਜ਼) ਤੋਂ ਬਚਾਅ ਲਈ ਦਵਾਈਆਂ ਜ਼ਰੂਰ ਦੇਣੀਆਂ ਪੈਂਦੀਆਂ ਹਨ।
ਬੁਖਾਰ ਅਤੇ ਜਕੜਨ ਲਈ meloxicam, nimesulide+paracetamol, phenylbutazone ਆਦਿ ਦਿੱਤੇ ਜਾ ਸਕਦੇ ਹਨ।
ਸੈਕੰਡਰੀ ਇਨਫੈਕਸ਼ਨਜ਼ ਤੋਂ ਬਚਾਅ ਲਈ ਐਂਟੀ-ਬਾਇਓਟਿਕ ਲਗਾਈਆਂ ਜਾ ਸਕਦੀਆਂ ਹਨ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿਚ ਬਹੁਤ ਉੱਚ ਦਰਜੇ ਦੀਆਂ ਐਂਟੀ-ਬਾਇਓਟਿਕ ਦੀ ਜ਼ਰੂਰਤ ਨਹੀਂ ਪੈਂਦੀ। ਕਿਸੇ ਦੀਆਂ ਗੱਲਾਂ ਵਿਚ ਆ ਕੇ ਜਾਂ ਫੇਸਬੁੱਕ ’ਤੇ ਦੇਖ-ਸੁਣ ਕੇ ਆਪਣੇ ਅਤੇ ਪਸ਼ੂ ਦਾ ਨੁਕਸਾਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਬਚਾਅ ਲਈ ਐਂਟੀ-ਐਲਰਜਿਕ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਸ਼ੂ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਦਵਾਈਆਂ ਜਿਵੇਂ ਧਾਤਾਂ ਦਾ ਚੂਰਾ, ਮਲਟੀਵਿਟਾਮਿਨ ਆਦਿ ਦੇਣੇ ਚਾਹੀਦੇ ਹਨ।
ਪਸ਼ੂ ਦੇ ਮੂੰਹ ਵਿਚ ਛਾਲੇ ਹੋਣ ’ਤੇ ਗਲਿਸਰੀਨ ਅਤੇ ਬੋਰਿਕ ਐਸਿਡ ਦੇ ਪੇਸਟ ਦਾ ਮਿਸ਼ਰਨ ਬਣਾ ਕੇ ਮੂੰਹ ਵਿਚ ਲਗਾਉਣਾ ਚਾਹੀਦਾ ਹੈ। ਜਿਹੜੇ ਪਸ਼ੂ ਖਾਣਾ-ਪੀਣਾ ਛੱਡ ਜਾਂਦੇ ਹਨ, ਉਨ੍ਹਾਂ ਨੂੰ ਆਟੇ ਵਿਚ ਗੁੰਨ੍ਹ ਕੇ ਸਿਰਕਾ ਦਿੱਤਾ ਜਾ ਸਕਦਾ ਹੈ। ਪਸ਼ੂ ਦੀਆਂ ਲੱਤਾਂ ’ਤੇ ਸੋਜ ਆਉਣ ਉੱਤੇ ਉਸ ਨੂੰ ਵੱਧ ਤੋਂ ਵੱਧ ਤੋਰਨਾ ਚਾਹੀਦਾ ਹੈ ਜਿਸ ਨਾਲ ਪਸ਼ੂ ਨੂੰ ਕਾਫ਼ੀ ਰਾਹਤ ਮਿਲਦੀ ਹੈ।
ਪਸ਼ੂ ਦੇ ਜ਼ਖ਼ਮ ਹੋਣ ’ਤੇ ਦਵਾਈ ਲਾਉ ਤਾਂ ਕਿ ਜ਼ਖ਼ਮ ਵਿਚ ਕੀੜੇ ਨਾ ਪੈਣ। ਬਿਨਾ ਜ਼ਖ਼ਮਾਂ ਤੋਂ ਚਮੜੀ ’ਤੇ ਕੋਈ ਘੋਲ, ਦਵਾਈ ਲਾਉਣ (ਜਿਵੇਂ ਡੀਟੋਲ ਆਦਿ) ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਇਹ ਅੰਦਰੂਨੀ ਬਿਮਾਰੀ ਹੈ। ਅਫ਼ਵਾਹਾਂ ’ਤੇ ਵਿਸ਼ਵਾਸ ਕਰ ਕੇ ਐਵੇਂ ਚਮੜੀ ਉੱਤੇ ਦਵਾਈਆਂ ਨਹੀਂ ਮਲਣੀਆਂ ਚਾਹੀਦੀਆਂ। ਲੰਮੇ ਸਮੇਂ ਤੱਕ ਠੀਕ ਨਾ ਹੋਣ ਵਾਲੇ ਪਸ਼ੂਆਂ ਦੇ ਖੂਨ ਦੀ ਜਾਂਚ ਪਸ਼ੂ ਹਸਪਤਾਲਾਂ ਵਿਚ ਮੌਜੂਦ ਡਾਕਟਰਾਂ ਦੀ ਸਲਾਹ ਨਾਲ ਕਰਵਾਉਣੀ ਚਾਹੀਦੀ ਹੈ।
ਘਰੇਲੂ ਇਲਾਜ ਵਿਚ ਇਸ ਬਿਮਾਰੀ ’ਤੇ ਕਾਲੀਆਂ ਮਿਰਚਾਂ ਦਾ ਵਧੀਆ ਅਸਰ ਦੇਖਣ ਨੂੰ ਮਿਲਦਾ ਹੈ। ਬਿਮਾਰ ਪਸ਼ੂ ਨੂੰ ਕਾਲੀਆਂ ਮਿਰਚਾਂ 20-25 ਗ੍ਰਾਮ ਰੋਜ਼ਾਨਾ ਘਿਓ ਵਿਚ ਮਿਲਾ ਕੇ ਦਿੱਤੀਆਂ ਜਾ ਸਕਦੀਆਂ ਹਨ। ਇਸ ਤੋਂ ਬਿਨਾ 100 ਗ੍ਰਾਮ ਗਿਲੋ ਰੋਜ਼ਾਨਾ ਪਸ਼ੂਆਂ ਨੂੰ ਚਾਰੇ ਵਿਚ ਮਿਲਾ ਕੇ ਦਿੱਤੀ ਜਾਣੀ ਚਾਹੀਦੀ ਹੈ। ਕਈ ਅਖੌਤੀ ਡਾਕਟਰ ਪਸ਼ੂ ਦੀਆਂ ਲਿੰਫ ਨੋਡਸ ਜਿਨ੍ਹਾਂ ਨੂੰ ਆਮ ਭਾਸ਼ਾ ਵਿਚ ਗੰਢਾਂ ਕਿਹਾ ਜਾਂਦਾ ਹੈ, ਦੇਖ ਕੇ ਦਵਾਈ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ ਜੋ ਗ਼ਲਤ ਹੈ। ਇਹ ਬਿਮਾਰੀ ਗੰਢਾਂ ’ਤੇ ਹੀ ਅਸਰ ਕਰਦੀ ਹੈ, ਇਸ ਲਈ ਉਨ੍ਹਾਂ ਦਾ ਆਕਾਰ ਵਧਣਾ ਸੁਭਾਵਿਕ ਹੈ। ਇਸ ਦਾ ਗ਼ਲਤ ਮਤਲਬ ਕੱਢ ਕੇ ਪਸ਼ੂਆਂ ਦਾ ਗ਼ਲਤ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਬਚਣਾ ਚਾਹੀਦਾ ਹੈ।
ਬਚਾਅ ਅਤੇ ਸੁਝਾਅ: ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਭ ਤੋਂ ਵੱਡਾ ਬਚਾਅ ਪਸ਼ੂਆਂ ਨੂੰ ਮੱਖੀ, ਮੱਛਰ ਅਤੇ ਚਿੱਚੜਾਂ ਤੋਂ ਬਚਾਅ ਕੇ ਰੱਖਣ ਨਾਲ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾ ਬਚਾਅ ਲਈ ਟੀਕਾਕਰਨ ਕੀਤਾ ਜਾ ਸਕਦਾ ਹੈ। ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਟੀਕਾਕਰਨ ਬਿਮਾਰੀ ਆਉਣ ਤੋਂ ਪਹਿਲਾਂ ਕਰਨਾ ਹੁੰਦਾ ਹੈ। ਘਰ ਵਿਚ ਬਿਮਾਰੀ ਆਉਣ ਜਾਂ ਆਸ-ਪਾਸ ਬਿਮਾਰੀ ਆਉਣ ’ਤੇ ਇਸ ਦਾ ਕੋਈ ਬਹੁਤਾ ਚੰਗਾ ਅਸਰ ਨਹੀਂ ਹੁੰਦਾ।
ਇਸ ਸਮੇਂ ਦੌਰਾਨ ਪਸ਼ੂਆਂ ਦੀ ਖ਼ਰੀਦ-ਓ-ਫਰੋਖਤ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ। ਪਸ਼ੂਆਂ ਦੇ ਸ਼ੈੱਡ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦਿਉ। ਸ਼ੈੱਡ ਵਿਚ formalin, phenol ਆਦਿ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਬਿਮਾਰੀ ਤੋਂ ਮਰਨ ਵਾਲੇ ਪਸ਼ੂਆਂ ਨੂੰ ਡੂੰਘਾ ਟੋਆ ਪੁੱਟ ਕੇ ਦੱਬਣਾ ਚਾਹੀਦਾ ਹੈ। ਪਸ਼ੂ ਖੁੱਲ੍ਹੇ ਵਿਚ ਸੁੱਟਣ ਨਾਲ ਲਾਗ ਵਧ ਸਕਦੀ ਹੈ।
ਮਨੁੱਖਾਂ ਵਿਚ ਪ੍ਰਭਾਵ: ਇਹ ਬਿਮਾਰੀ ਪਸ਼ੂਆਂ ਤੋਂ ਬੰਦਿਆਂ ਵਿਚ ਬਿਲਕੁਲ ਨਹੀਂ ਫੈਲਦੀ (non-zoonotic), ਇਸ ਲਈ ਦਹਿਸ਼ਤ ਦਾ ਮਾਹੌਲ ਨਹੀਂ ਬਣਾਉਣਾ ਚਾਹੀਦਾ। ਕਈ ਲੋਕ ਇਹ ਭਰਮ ਫੈਲਾ ਰਹੇ ਹਨ ਕਿ ਬਿਮਾਰ ਪਸ਼ੂਆਂ ਦਾ ਦੁੱਧ ਪੀਣ ਨਾਲ ਇਹ ਬਿਮਾਰੀ ਮਨੁੱਖਾਂ ਵਿਚ ਫੈਲ ਜਾਂਦੀ ਹੈ, ਇਸ ਕਾਰਨ ਕਈ ਲੋਕਾਂ ਨੇ ਗਾਵਾਂ ਦਾ ਦੁੱਧ ਖ਼ਰੀਦਣਾ ਬੰਦ ਕਰ ਦਿੱਤਾ ਹੈ। ਇਹ ਕੋਰੀਆਂ ਅਫ਼ਵਾਹਾਂ ਹਨ। ਦੁੱਧ ਉਬਾਲਣ ਨਾਲ ਇਸ ਵਿਚ ਸ਼ਾਮਲ ਕਿਸੇ ਵੀ ਤਰ੍ਹਾਂ ਦੇ ਜੀਵਾਣੂ ਖ਼ਤਮ ਹੋ ਜਾਂਦੇ ਹਨ। ਦੁੱਧ ਉਬਾਲਣ ਨਾਲ ਟੀਬੀ ਵਰਗੇ ਖ਼ਤਰਨਾਕ ਜੀਵਾਣੂ ਵੀ ਨਸ਼ਟ ਹੋ ਜਾਂਦੇ ਹਨ। ਇਸੇ ਲਈ ਹਮੇਸ਼ਾ ਦੁੱਧ ਨੂੰ ਉਬਾਲ ਕੇ ਪੀਉ।
ਇਸ ਬਿਮਾਰੀ ਦਾ ਟਾਕਰਾ ਸਾਨੂੰ ਰਲ-ਮਿਲ ਕੇ ਕਰਨਾ ਚਾਹੀਦਾ ਹੈ। ਜਿੰਨੀ ਸਾਨੂੰ ਰੋਜ਼ਾਨਾ ਦੁੱਧ ਦੀ ਲੋੜ ਹੈ, ਇਸ ਮੌਕੇ ਪਸ਼ੂ ਪਾਲਕਾਂ ਨੂੰ ਵੀ ਸਾਡੇ ਸਾਥ ਦੀ ਲੋੜ ਹੈ। ਉਨ੍ਹਾਂ ਦੀ ਸਖ਼ਤ ਮਿਹਨਤ ਨਾਲ ਪੈਦਾ ਹੋਇਆ ਦੁੱਧ ਸਾਨੂੰ ਤੰਦਰੁਸਤ ਰੱਖਣ ਲਈ ਸਹਾਈ ਹੁੰਦਾ ਹੈ। ਦੁੱਧ ਸਾਡੀ ਰੋਜ਼ਾਨਾ ਖ਼ੁਰਾਕ ਦਾ ਜ਼ਰੂਰੀ ਹਿੱਸਾ ਹੈ, ਇਸ ਨੂੰ ਬਿਨਾ ਵਜ੍ਹਾ ਖ਼ੁਰਾਕ ਵਿਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ।
*ਵੈਟਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਕੁਸਲਾ (ਮਾਨਸਾ)।
ਸੰਪਰਕ: 82888-88970
ਚੌਕਸ ਹੋਣ ਦੀ ਲੋੜ
ਇਹ ਬਿਮਾਰੀ ਪਸ਼ੂਆਂ ਤੋਂ ਬੰਦਿਆਂ ਵਿਚ ਬਿਲਕੁਲ ਨਹੀਂ ਫੈਲਦੀ। ਇਸ ਲਈ ਦਹਿਸ਼ਤ ਦਾ ਮਾਹੌਲ ਨਹੀਂ ਬਣਾਉਣਾ ਚਾਹੀਦਾ। ਕਈ ਲੋਕਾਂ ਵੱਲੋਂ ਇਹ ਵੀ ਭਰਮ ਫੈਲਾਇਆ ਜਾ ਰਿਹਾ ਹੈ ਕਿ ਬਿਮਾਰ ਪਸ਼ੂਆਂ ਦਾ ਦੁੱਧ ਪੀਣ ਨਾਲ ਇਹ ਬਿਮਾਰੀ ਮਨੁੱਖਾਂ ਵਿਚ ਫੈਲ ਜਾਂਦੀ ਹੈ, ਇਸ ਕਾਰਨ ਕਈ ਲੋਕਾਂ ਨੇ ਗਾਵਾਂ ਦਾ ਦੁੱਧ ਖ਼ਰੀਦਣਾ ਬੰਦ ਕਰ ਦਿੱਤਾ ਹੈ। ਇਹ ਕੋਰੀਆਂ ਅਫ਼ਵਾਹਾਂ ਹਨ, ਇਨ੍ਹਾਂ ਤੋਂ ਚੌਕਸ ਹੋਣ ਦੀ ਲੋੜ ਹੈ। ਦੁੱਧ ਉਬਾਲਣ ਨਾਲ ਇਸ ਵਿਚ ਸ਼ਾਮਲ ਕਿਸੇ ਵੀ ਤਰ੍ਹਾਂ ਦੇ ਜੀਵਾਣੂ ਖ਼ਤਮ ਹੋ ਜਾਂਦੇ ਹਨ। ਦੁੱਧ ਸਾਡੀ ਰੋਜ਼ਾਨਾ ਦੀ ਖ਼ੁਰਾਕ ਦਾ ਜ਼ਰੂਰੀ ਹਿੱਸਾ ਹੈ, ਇਸ ਨੂੰ ਬਿਨਾ ਵਜ੍ਹਾ ਖ਼ੁਰਾਕ ਵਿਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ।