ਅਵਿਜੀਤ ਪਾਠਕ
ਇਕ ਦਿਨ ਦੀ ਗੱਲ ਹੈ ਜਦੋਂ ਇਕ ਮੋਹਰੀ ਹਫ਼ਤਾਵਾਰੀ ਰਸਾਲਾ ਪੜ੍ਹਦਿਆਂ ਮੇਰੀ ਨਿਗਾਹ ਕੁਝ ਇਸ਼ਤਿਹਾਰੀ ਲੇਖਾਂ ’ਤੇ ਪਈ ਜਿਨ੍ਹਾਂ ਵਿਚ ਉਚ ਦਰਜਾ ਪ੍ਰਾਪਤ ਇੰਜਨੀਅਰਿੰਗ ਅਤੇ ਮੈਡੀਕਲ ਕਾਲਜਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਬਿਆਨ ਕੀਤੀਆਂ ਗਈਆਂ ਸਨ ਤੇ ਬਿਨਾਂ ਸ਼ੱਕ, ਇਨ੍ਹਾਂ ਤਕਨੀਕੀ ਵਿਗਿਆਨਕ ਸੰਸਥਾਵਾਂ ਦੀ ਉਪਜ ਦੀ ਮਾਰਕੀਟ ਕੀਮਤ ਵੀ ਹੋਣੀ ਹੀ ਸੀ। “ਸਾਲ 2022-23 ਵਿਚ 15000 ਕੈਂਪਸ ਪਲੇਸਮੈਂਟਸ ਅਤੇ 1200 ਤੋਂ ਵੱਧ ਕਾਰਪੋਰੇਟਸ ਵੱਲੋਂ ਪਲੇਸਮੈਂਟਸ ਲਈ ਕੈਂਪਸ ਦਾ ਦੌਰਾ ਕੀਤਾ ਗਿਆ”, ਕਿਸੇ ਸਿੱਖਿਆ ਸੰਸਥਾ ਦੀਆਂ ਇਸ ਕਿਸਮ ਦੀਆਂ ਖਾਮ ਖਿਆਲੀਆਂ ਤੋਂ ਦੋ ਗੱਲਾਂ ਪਤਾ ਲੱਗਦੀਆਂ ਹਨ: ਇਕ ਇਹ ਕਿ ਵਿਗਿਆਨ/ਤਕਨਾਲੋਜੀ ਨੂੰ ਮੁੱਖ ਤੌਰ ’ਤੇ ਲਾਭਦਾਇਕ ਅਤੇ ਮੰਡੀ ਸੰਚਾਲਤ ਹਿੱਤਾਂ ਕਰ ਕੇ ਦੇਖਣ ਦੀ ਲੋੜ ਹੈ ਅਤੇ ਦੂਜਾ, ਸਿੱਖਿਆ ਦੀਆਂ ਦੁਕਾਨ ਉਨ੍ਹਾਂ ਮੱਧ ਵਰਗੀ ਮਾਪਿਆਂ ਨੂੰ ਲਲਚਾ ਕੇ ਆਪਣਾ ਕਾਰੋਬਾਰ ਚਲਾਉਂਦੀਆਂ ਰਹਿੰਦੀਆਂ ਹਨ ਜੋ ਅਤਿ ਦੀ ਮੁਕਾਬਲੇਬਾਜ਼ੀ ਦੇ ਇਸ ਦੌਰ ਅੰਦਰ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਫਿ਼ਕਰਮੰਦ ਰਹਿੰਦੇ ਹਨ। ਕੋਈ ਹੈਰਾਨੀ ਨਹੀਂ ਹੁੰਦੀ ਕਿ ਇਹ ਇਸ਼ਤਿਹਾਰੀ ਲੇਖ ਅਜਿਹੇ ਸਮੇਂ ’ਤੇ ਪ੍ਰਕਾਸ਼ਤ ਕਰਵਾਏ ਜਾਂਦੇ ਹਨ ਜਦੋਂ ਬੋਰਡ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਨੌਜਵਾਨ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮੈਡੀਕਲ ਇੰਜਨੀਅਰਿੰਗ ਕਾਲਜਾਂ ਦੀ ਸੁਪਰਮਾਰਕਿਟ ’ਚੋਂ ਸ਼ੌਪਿੰਗ ਕਰਨ ਵਿਚ ਰੁੱਝੇ ਹੁੰਦੇ ਹਨ।
ਰਸਾਲੇ ਵਿਚ ਮੈਂ ‘ਸਾਇੰਸ ਆਫ ਲਰਨਿੰਗ ਆਰਟਸ’ ਦੇ ਸਿਰਲੇਖ ਵਾਲਾ ਲੇਖ ਪਡਿ਼੍ਹਆ। ਇਸ ਵਿਚ ਇਹ ਗੱਲ ਉਭਾਰੀ ਗਈ ਸੀ ਕਿ ਆਈਆਈਟੀਜ਼ ਆਪਣੇ ਹਿਊਮੈਨਟੀਜ਼ ਅਤੇ ਸਮਾਜ ਸ਼ਾਸਤਰ ਦੇ ਪ੍ਰੋਗਰਾਮਾਂ ਦਾ ਵਿਸਤਾਰ ਕਰ ਰਹੇ ਹਨ। ਇਸ ਦਾ ਇਕ ਮਤਲਬ ਇਹ ਵੀ ਸੀ ਕਿ ਆਰਟਸ ਅਤੇ ਹਿਊਮੈਨਟੀਜ਼ ਨੂੰ ਤਦ ਹੀ ਬਚਾਇਆ ਜਾ ਸਕਦਾ ਹੈ, ਜੇ ਇੰਜਨੀਅਰਿੰਗ ਕਾਲਜ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਸਮਾਜਿਕ ਮਨੋਵਿਗਿਆਨ ਜਾਂ ਅੰਗਰੇਜ਼ੀ ਸਾਹਿਤ ਜਿਹੇ ਆਪਸ਼ਨਲ ਕੋਰਸ ਲੈਣ ਲਈ ਆਖਿਆ ਜਾਵੇ। ਪੜ੍ਹਨ ਤੋਂ ਬਾਅਦ ਮੈਂ ਸਿੱਖਿਆ ਦੇ ਇਹੋ ਜਿਹੇ ਅਰਥਚਾਰੇ ਅਤੇ ਸਿਆਸਤ ਦੇ ਸੰਭਾਵੀ ਸਿੱਟਿਆਂ ਬਾਰੇ ਸੋਚੀਂ ਪੈ ਗਿਆ। ਇਸ ਪ੍ਰਸੰਗ ਵਿਚ ਤਿੰਨ ਮੁੱਦੇ ਸਾਡਾ ਧਿਆਨ ਮੰਗਦੇ ਹਨ। ਪਹਿਲਾ, ਜਦੋਂ ਵਿਗਿਆਨ ਦਾ ਮੁੱਲ ਮੁੱਖ ਤੌਰ ’ਤੇ ਮੰਡੀ ਸੰਚਾਲਤ ਲਾਭਦਾਇਕ ਹਿੱਤਾਂ ਲਈ ਪਾਇਆ ਜਾਂਦਾ ਹੈ ਤਾਂ ਇਸ ਦਾ ਬਹੁਤ ਜਿ਼ਆਦਾ ਨੁਕਸਾਨ ਹੁੰਦਾ ਹੈ। ਵਿਗਿਆਨ ਨੂੰ ਕੇਵਲ ਤਕਨੀਕੀ ਹੁਨਰ ਅਤੇ ਇਸ ਨੂੰ ਗੂਗਲ, ਐਚਸੀਐਲ, ਐਮੇਜ਼ਨ ਅਤੇ ਸੋਨੀ ਜਿਹੀਆਂ ਕੰਪਨੀਆਂ ਵਿਚ ਭਰਤੀ ਦੇ ਸਾਧਨ ਦੀ ਨਜ਼ਰ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ ਜਿਵੇਂ ਇਕ ਹੋਰ ਇਸ਼ਤਿਹਾਰੀ ਲੇਖ ਵਿਚ ਵਜ਼ਨ ਦੇਣ ਲਈ ‘ਇਨਫੋਸਿਸ ਅਤੇ ਮਾਈਕ੍ਰੋਸੌਫਟ ਜਿਹੀਆਂ ਕੰਪਨੀਆਂ ਨੂੰ ਆਪਣੇ ਖਾਸ ਭਿਆਲਾਂ ਦੇ ਰੂਪ ਵਿਚ ਦਿਖਾਇਆ ਗਿਆ ਸੀ।’ ਕੀ ਅਸੀਂ ਭੁੱਲ ਗਏ ਹਾਂ ਕਿ ਵਿਗਿਆਨ ਦਾ ਸਬੰਧ, ਕਾਰਲ ਪੌਪਰ ਦੇ ਲਫ਼ਜ਼ਾਂ ਵਿਚ, ‘ਅਨੁਮਾਨ ਅਤੇ ਨਿਖੇਧ’ ਨਾਲ ਵੀ ਹੁੰਦਾ ਹੈ ਅਤੇ ਇਹ ਅਜਿਹੀ ਵਿਧੀ ਹੁੰਦੀ ਹੈ ਜਿਸ ਰਾਹੀਂ ਸਾਨੂੰ ਨਿਰੰਤਰ ਬਹਿਸ ਮੁਬਾਹਿਸੇ, ਪੁੱਛ ਪੜਤਾਲ ਅਤੇ ਆਲੋਚਨਾ ਜ਼ਰੀਏ ਆਪਣਾ ਵਿਕਾਸ ਕਰਨ ਵਿਚ ਮਦਦ ਮਿਲਦੀ ਹੈ। ਪੌਪਰ ਦੇ ਸ਼ਬਦਾਂ ਵਿਚ ਜੇ ਕਿਹਾ ਜਾਵੇ ਤਾਂ ਵਿਗਿਆਨ ਦਾ ਇਹ ਮੂਲ ਭਾਵ ਖੁੱਲ੍ਹੇ ਡੁੱਲੇ ਸਮਾਜ ਦੀਆਂ ਨੀਂਹਾਂ ਸਿਰਜਣ ਵਿਚ ਮਦਦਗਾਰ ਹੁੰਦਾ ਹੈ। ਉਂਝ, ਜਦੋਂ ਨਵ-ਉਦਾਰਵਾਦ ਦਾ ਤਰਕ ਇਹ ਧਾਰ ਲੈਂਦਾ ਹੈ ਕਿ ਮੰਡੀ ਦੇ ਨਿਰਦੇਸ਼ਾਂ ਤੋਂ ਵਧ ਕੇ ਮੁੱਲਵਾਨ ਕੋਈ ਚੀਜ਼ ਨਹੀਂ ਹੁੰਦੀ ਅਤੇ ਧਾਰਮਿਕ ਰਾਸ਼ਟਰਵਾਦ ਦਾ ਮੂਲਵਾਦ ਆਲੋਚਨਾਤਮਿਕ ਸੋਚ ਦਾ ਨਿਸ਼ੇਧ ਕਰਦਾ ਹੈ ਤਾਂ ਵਿਗਿਆਨ ਦੇ ਲੋਕਰਾਜੀ ਭਾਵ ਦੀ ਪ੍ਰਵਾਹ ਕੌਣ ਕਰੇਗਾ।
‘ਮੈਂ ਵਿਗਿਆਨ ਸਿਰਫ਼ ਇਸ ਲਈ ਪੜ੍ਹਦਾ ਹਾਂ ਤਾਂ ਕਿ ਮੈਂ ਕੰਪਿਊਟਰ ਇੰਜਨੀਅਰ ਬਣ ਸਕਾਂ ਅਤੇ ਗੂਗਲ ਦੀ ਨੌਕਰੀ ਕਰ ਕੇ ਚੋਖਾ ਪੈਸਾ ਕਮਾ ਸਕਾਂ’ -ਜੇ ਇਸ ਤਰ੍ਹਾਂ ਦਾ ਤਰਕ ਸਾਡੇ ਨੌਜਵਾਨਾਂ ਦੀ ਸੋਚ ’ਤੇ ਹਾਵੀ ਹੁੰਦਾ ਹੈ ਅਤੇ ਸਿੱਖਿਆ ਦੀਆਂ ਦੁਕਾਨਾਂ ਦੀ ਰਣਨੀਤੀ ਦੇ ਨਕਸ਼ ਘੜਦਾ ਹੈ ਤਾਂ ਤੁਹਾਡੇ ਆਸੇ ਪਾਸੇ ਤਕਨੀਕੀ ਤੌਰ ’ਤੇ ਹੁਨਰਮੰਦ ਪਰ ਰਹਿੰਦੇ ਸਭਿਆਚਾਰਕ ਤੌਰ ’ਤੇ ਹੀਣੇ ਬਹੁਤ ਸਾਰੇ ਲੋਕ ਮਿਲਣਗੇ ਜਿਨ੍ਹਾਂ ਨੂੰ ਸਮਾਜਿਕ ਦਕੀਆਨੂਸੀ, ਮੰਡੀਵਾਦ, ਧਾਰਮਿਕ ਰਾਸ਼ਟਰਵਾਦ ਅਤੇ ਸਿਆਸੀ ਸੱਤਾਵਾਦ ਨਾਲ ਰਹਿਣ ਵਿਚ ਕੋਈ ਤਕਲੀਫ ਮਹਿਸੂਸ ਨਹੀਂ ਹੋਵੇਗੀ। ਇੱਥੋਂ ਤਕ ਕਿ ਆਲਮੀ ਨਵ-ਉਦਾਰਵਾਦੀ ਮੰਡੀ ਲਈ ਹੁਨਰਮੰਦ ਕਿਰਤ ਸ਼ਕਤੀ ਪੈਦਾ ਕਰਨ ਵਾਲੀਆਂ ਸਾਡੀਆਂ ਨਾਮੀ ਆਈਆਈਟੀਜ਼ ਵੀ ਇਸ ਅਲਾਮਤ ਤੋਂ ਬਚ ਨਹੀਂ ਸਕੀਆਂ। ਤਕਨੀਕਾਂ ਅਤੇ ਮੰਡੀ ਦਾ ਤਰਕ ਜਿੱਤ ਰਿਹਾ ਹੈ; ਆਲੋਚਨਾਤਮਕ ਸੋਚ ਜਾਂ ਸਿਆਸੀ ਸੰਵੇਦਨਾ ਘਟ ਰਹੀ ਹੈ। ਇਸ ਕਰ ਕੇ ਸਾਨੂੰ ਵਿਗਿਆਨ ਬਾਰੇ ਮੁੜ ਵਿਚਾਰਨ ਅਤੇ ਇਸ ਨੂੰ ਮੰਡੀ ਦੀ ਬਸਤੀ ਬਣਨ ਤੋਂ ਬਚਾਉਣ ਦੀ ਲੋੜ ਹੈ।
ਦੂਜਾ ਇਹ ਕਿ ਜੋ ਅਸੀਂ ਟੈਕਨੋ-ਸਾਇੰਸ ਨੂੰ ਲਬਿਰਲ ਆਰਟਸ ਅਤੇ ਹਿਊਮੈਨਟੀਜ਼ ਤੋਂ ਬਹੁਤ ਉੱਚਾ ਦਰਜਾ ਦੇਣ ਦੀ ਤਰਤੀਬ ਘੜੀ ਹੋਈ ਹੈ, ਉਸ ਨੂੰ ਚੁਣੌਤੀ ਦੇਣ ਦੀ ਲੋੜ ਹੈ। ਜੇ ਅਸੀਂ ਬੱਝਵੇਂ ਰੂਪ ਵਿਚ ਆਰਟਸ, ਸਮਾਜ ਸ਼ਾਸਤਰਾਂ ਅਤੇ ਹਿਊਮੈਨਟੀਜ਼ ਦੀ ਕਦਰ ਘਟਾਉਂਦੇ ਰਹਾਂਗੇ ਜਾਂ ਇਨ੍ਹਾਂ ਵਿਸ਼ਿਆਂ ਨੂੰ ਯੂਪੀਐੱਸਸੀ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਸਹੂਲਤ ਦੇ ਪੱਧਰ ’ਤੇ ਲੈ ਆਵਾਂਗੇ ਤਾਂ ਅਸੀਂ ਆਪਣੇ ਨੌਜਵਾਨਾਂ ਦੀ ਮਾਨਸਿਕ ਸ਼ਕਤੀ ਹੀਣ ਕਰ ਰਹੇ ਹੋਵਾਂਗੇ। ਮਿਸਾਲ ਦੇ ਤੌਰ ’ਤੇ ਜਦੋਂ ਤੁਸੀਂ ਪਾਬਲੋ ਨੇਰੂਦਾ ਦੀ ਕਿਸੇ ਕਵਿਤਾ, ਚਾਰਲੀ ਚੈਪਲਿਨ ਦੀ ਫਿਲਮ, ਰਾਬਿੰਦਰਨਾਥ ਟੈਗੋਰ ਦਾ ਨਾਵਲ ਜਾਂ ਕਾਰਲ ਮਾਰਕਸ ਤੇ ਸਿਗਮੰਡ ਫ੍ਰਾਇਡ ਜਿਹੇ ਚਿੰਤਕ ਦੀ ਸੱਭਿਆਚਾਰ, ਰਾਜਨੀਤੀ ਅਤੇ ਅਰਥਚਾਰੇ ਬਾਰੇ ਕਿਸੇ ਆਲੋਚਨਾਤਮਕ ਵਿਚਾਰ ਬਾਰੇ ਧਿਆਨ ਨਾਲ ਸੁਣਦੇ ਜਾਂ ਦੇਖਦੇ ਹੋ ਤਾਂ ਤੁਸੀਂ ਦੇਖਣ ਦੀ ਕਲਾ ਨੂੰ ਗਹਿਰਾ ਕਰਨ ਅਤੇ ਇਸ ਨੂੰ ਦੁਨੀਆ ਨਾਲ ਜੋੜਨ ਦੇ ਆਪਣੇ ਹੁਨਰ ਨੂੰ ਤਿੱਖਾ ਕਰ ਰਹੇ ਹੁੰਦੇ ਹੋ; ਤੁਸੀਂ ਸੰਵੇਦਨਸ਼ੀਲ ਅਤੇ ਆਲੋਚਨਾਤਮਕ ਘੁਮੰਤਰੂ ਬਣ ਜਾਂਦੇ ਹੋ; ਤੇ ਤੁਸੀਂ ਬਹੁਭਾਂਤੇ ਅਤੇ ਲੋਕਰਾਜੀ ਸਮਾਜ ਅੰਦਰ ਸਾਰਥਕ ਢੰਗ ਨਾਲ ਜਿਊਣ ਦੀ ਭਾਸ਼ਾ ਸਿੱਖ ਲੈਂਦੇ ਹੋ। ਆਪਣੀ ਇਕ ਬਿਹਤਰੀਨ ਕਿਤਾਬ ਵਿਚ ਮਾਰਥਾ ਨਸਬਾੱਮ ਸਾਨੂੰ ਚੇਤੇ ਕਰਾਉਂਦੀ ਹੈ ਕਿ ‘ਹਰ ਕੰਮ ਮੁਨਾਫ਼ੇ ਲਈ ਨਹੀਂ ਹੁੰਦਾ’ ਅਤੇ ਇਸੇ ਕਰ ਕੇ ਲੋਕਰਾਜ ਨੂੰ ਚਲਾਉਣ ਲਈ ਹਿਊਮੈਨਟੀਜ਼ ਦੀ ਲੋੜ ਹੈ।
ਤੀਜਾ ਮੁੱਦਾ ਇਹ ਹੈ ਕਿ ਅਸੀਂ ਸਿੱਖਿਆ ਦੀ ਇਸ ਬਿਮਾਰੀ ਨਾਲ ਅਧਿਆਪਨ ਕ੍ਰਾਂਤੀ ਤੋਂ ਬਗੈਰ ਨਹੀਂ ਲੜ ਸਕਦੇ। ਪ੍ਰਾਇਮਰੀ ਸਕੂਲਾਂ ਤੋਂ ਯੂਨੀਵਰਸਿਟੀਆਂ ਤੱਕ, ਇਸ ਕ੍ਰਾਂਤੀ ਰਾਹੀਂ ਸਿੱਖਿਆ ਦੇ ਸੱਭਿਆਚਾਰ ਨੂੰ ਸਿੰਜਣਾ ਪਵੇਗਾ ਅਤੇ ਇਸ ਦਾ ਮਾਨਵੀਕਰਨ ਕਰਨਾ ਪਵੇਗਾ। ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ‘ਲੋਹ ਕਾਨੂੰਨਾਂ’, ਨਿਰਲੇਪਵਾਦ ਅਤੇ ਗਿਆਨ ਦੀ ਹਉਮੈ ਵਾਲੇ ਆਧੁਨਿਕ ਵਿਗਿਆਨਵਾਦ ਨੇ ਕਵਿਤਾ, ਸਾਹਿਤ ਅਤੇ ਦਰਸ਼ਨ ਦੇ ਸਮੁੱਚੇ ਖੇਤਰ ਦੀ ਬੇਪ੍ਰਤੀਤੀ ਕਰ ਦਿੱਤੀ ਹੈ ਅਤੇ ਇਨ੍ਹਾਂ ਨੂੰ ਮਨੋਗਤ ਬਿਰਤਾਂਤ ਦਾ ਰੂਪ ਦੇ ਦਿੱਤਾ ਹੈ ਜਿਸ ਦਾ ਕੋਈ ਠੋਸ ਵਿਹਾਰਕ ਆਧਾਰ ਨਹੀਂ ਹੁੰਦਾ। ਦੂਜੇ ਸ਼ਬਦਾਂ ਵਿਚ ਵਿਗਿਆਨ ਨੇ ‘ਸਚਾਈ ਦਾ ਠੇਕਾ’ ਲੈ ਲਿਆ ਹੈ ਅਤੇ ਬਾਕੀ ਸਾਰੇ ਬਿਰਤਾਂਤ ਅਫ਼ਸਾਨੇ ਮਾਤਰ ਹਨ। ਸਿੱਖਿਆ ਪ੍ਰਤੀ ਸਮੁੱਚਤਾਵਾਦੀ ਪਹੁੰਚ ਅਪਣਾ ਕੇ ਇਸ ਦਵੰਦ ਨੂੰ ਮੇਟਿਆ ਜਾ ਸਕਦਾ ਹੈ। ਇਸ ਨਾਲ ਵਿਗਿਆਨ ਅਤੇ ਤਕਨਾਲੋਜੀ ਦੇ ਮਾਨਵੀਕਰਨ ਦਾ ਰਾਹ ਵੀ ਖੁੱਲ੍ਹੇਗਾ। ਕਿਸੇ ਅਜਿਹੇ ਡਾਕਟਰ ਦਾ ਖਿਆਲ ਕਰੋ ਜਿਸ ਨੇ ਇਵਾਨ ਇਲਿਚ ਅਤੇ ਗਾਂਧੀ ਨੂੰ ਸੁਹਿਰਦਤਾ ਨਾਲ ਪੜ੍ਹਿਆ ਹੋਵੇ। ਸੰਭਵ ਹੈ ਕਿ ਉਹ ਆਪਣੇ ਕਿਸੇ ਸਿਹਤ ਕੇਂਦਰ ਨੂੰ ਚਮਚਮਾਉਂਦੀ ਦੁਕਾਨ ਨਹੀਂ ਬਣਨ ਦੇਵੇਗਾ ਅਤੇ ਉਹ ‘ਡਾਇਗਨੌਸਟਿਕ ਤਕਨਾਲੋਜੀ’ ਦੇ ਨਾਂ ’ਤੇ ਹੁੰਦੇ ਹਰ ਕਿਸਮ ਦੇ ਗੋਰਖਧੰਦੇ ਦਾ ਵਿਰੋਧ ਕਰੇਗਾ। ਕਿਸੇ ਅਜਿਹੇ ਵਾਤਾਵਰਨ ਵਿਗਿਆਨੀ ਦੀ ਕਲਪਨਾ ਕਰੋ ਜਿਸ ਨੇ ਥੋਰੋ ਨੂੰ ਪੜ੍ਹਿਆ ਹੋਵੇਗਾ ਅਤੇ ਜ਼ਿੰਦਗੀ, ਕੁਦਰਤ ਤੇ ਮਨੁੱਖੀ ਲੋੜਾਂ ਬਾਰੇ ਟੈਗੋਰ ਦੇ ਨਜ਼ਰੀਏ ਦਾ ਅਧਿਐਨ ਕੀਤਾ ਹੋਵੇਗਾ। ਸੰਭਵ ਹੈ ਕਿ ਉਹ ਨਵ-ਉਦਾਰ ਟੈਕਨੋ ਵਿਕਾਸਵਾਦ ਦੇ ਨਾਂ ’ਤੇ ਧਰਤੀ ਮਾਤਾ ਦੇ ਕੀਤੇ ਜਾ ਰਹੇ ਚੀਰਹਰਨ ਖਿਲਾਫ਼ ਆਪਣੀ ਆਵਾਜ਼ ਉਠਾਵੇਗਾ।
ਸਾਨੂੰ ਮਾਨਵੀ ਤੇ ਸੰਵੇਦਨਸ਼ੀਲ ਸਿੱਖਿਅਕਾਂ ਅਤੇ ਸਿਆਸੀ ਤੌਰ ’ਤੇ ਜਾਗ੍ਰਿਤ, ਸਭਿਆਚਾਰਕ ਰੂਪ ਵਿਚ ਅਮੀਰ ਨਾਗਰਿਕਾਂ ਦੀ ਲੋੜ ਹੈ ਨਾ ਕਿ ਉਨ੍ਹਾਂ ਬੇਚੈਨ ਰੂਹਾਂ ਦੀ ਜੋ ਸਿਰਫ਼ ਤੇ ਸਿਰਫ਼ ‘ਸਾਲਾਨਾ 38 ਲੱਖ ਰੁਪਏ ਦੇ ਪੈਕੇਜ ਅਤੇ ਹਜ਼ਾਰਾਂ ਦੀ ਤਾਦਾਦ ਵਿਚ ਪਲੇਸਮੈਂਟਾਂ’ ਦੇ ਸੁਫ਼ਨੇ ਵੇਚਣ ਵਾਲੀਆਂ ਸਿੱਖਿਆ ਦੀਆਂ ਦੁਕਾਨਾਂ ਦੇ ਗਧੀਗੇੜ ਵਿਚ ਫਸੇ ਰਹਿਣ। ਸਮਾਂ ਆ ਗਿਆ ਹੈ ਕਿ ਅਸੀਂ ਸਿੱਖਿਆ ਦੇ ਇਹੋ ਜਿਹੇ ਨੰਗੇ ਚਿੱਟੇ ਵਪਾਰੀਕਰਨ ਨੂੰ ਨਕਾਰ ਦੇਣ ਦੀ ਜੁਰਅਤ ਪੈਦਾ ਕਰੀਏ।
*ਲੇਖਕ ਸਮਾਜ ਸ਼ਾਸਤਰੀ ਹੈ।