ਯੂਕਰੇਨ ’ਤੇ ਰੂਸ ਦੇ ਹਮਲੇ ਨੂੰ ਦੂਜਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਉਸ ਦਾ ਫ਼ੌਜੀ ਮਾਰਚ ਫਸ ਕੇ ਰਹਿ ਗਿਆ ਹੈ। ਕਈ ਸਮੀਖਿਅਕਾਂ ਦਾ ਖਿਆਲ ਸੀ ਕਿ ਹਮਲਾ ਹਫ਼ਤਾ ਕੁ ਚੱਲੇਗਾ। ਜ਼ਾਹਿਰ ਹੈ, ਪੂਤਿਨ ਤੇ ਉਸ ਦੇ ਕਮਾਂਡਰਾਂ ਲਈ ਯੂਕਰੇਨੀਆਂ ਵੱਲੋਂ ਹਿੱਕਾਂ ਡਾਹ ਕੇ ਕੀਤਾ ਜਾ ਰਿਹਾ ਟਾਕਰਾ ਚੁਣੌਤੀ ਬਣ ਗਿਆ ਹੈ ਜਿਸ ਦੀ ਅਗਵਾਈ ਰਾਸ਼ਟਰਪਤੀ ਜ਼ੇਲੈਂਸਕੀ ਕਰ ਰਹੇ ਹਨ। ਇਸ ਨਾਲ ਅਮਰੀਕਾ ਅਤੇ ਪੱਛਮੀ ਯੂਰੋਪ ਵਿਚਲੇ ਉਸ ਦੇ ਹਮਾਇਤੀ ਯਕੀਨਨ ਕੱਛਾਂ ਵਜਾ ਰਹੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀ ਵਿੱਤੀ ਤੇ ਫ਼ੌਜੀ ਇਮਦਾਦ ਦੇਣ ਦੀਆਂ ਪੇਸ਼ਕਸ਼ਾਂ ਤਾਂ ਕੀਤੀਆਂ ਹਨ ਪਰ ਜੰਗ ਦੇ ਮੈਦਾਨ ਵਿਚ ਆਪਣੇ ਫ਼ੌਜੀ ਨਹੀਂ ਉਤਾਰੇ।
ਠੀਕ ਇਵੇਂ ਹੀ ਨਾਟੋ, ਅਮਰੀਕਾ ਤੋਂ ਬਗ਼ੈਰ, ਫ਼ੌਜਾਂ ਦੀ ਤਾਇਨਾਤੀ ਦੀ ਲੋੜ ਨਹੀਂ ਸੀ ਕਿਉਂਕਿ ਨਾਟੋ (ਅਮਰੀਕਾ ਤੋਂ ਬਗ਼ੈਰ) ਨਿਸਬਤਨ ਕੋਈ ਵੱਢ ਮਾਰਨ ਦੇ ਸਮਰੱਥ ਨਹੀਂ ਹੈ ਅਤੇ ਇਸ ਦੇ ਦਖ਼ਲ ਨਾਲ ਜੰਗ ਸਮੁੱਚੇ ਯੂਰੋਪ ਅੰਦਰ ਫੈਲ ਜਾਣੀ ਸੀ। ਇਸ ਤੋਂ ਇਲਾਵਾ, ਯੂਕਰੇਨੀਆਂ ਨੂੰ ਨਾਟੋ ਦੇਸ਼ਾਂ ਵਲੋਂ ਵੱਡੇ ਪੱਧਰ ’ਤੇ ਹਥਿਆਰ ਮੁਹੱਈਆ ਕਰਵਾਏ ਗਏ ਹਨ ਜਿਸ ਸਦਕਾ ਉਨ੍ਹਾਂ ਨੂੰ ਆਪਣੀਆਂ ਫ਼ੌਜਾਂ ਤੋਂ ਇਲਾਵਾ ਮਜ਼ਬੂਤ ਕੌਮੀ ਟਾਕਰਾ ਬਲ ਕਾਇਮ ਕਰਨ ਵਿਚ ਮਦਦ ਮਿਲੀ ਹੈ। ਸ਼ੁਰੂ ਵਿਚ ਯੂਕਰੇਨ ਕੋਲ 110,000 ਫ਼ੌਜੀ ਸਨ ਜਿਨ੍ਹਾਂ ਦੀ ਤਾਦਾਦ ਹੁਣ ਤਿੰਨ ਲੱਖ ਤੋਂ ਵੱਧ ਹੋ ਗਈ ਜੋ ਰੂਸ ਵਲੋਂ ਤਾਇਨਾਤ ਕੀਤੇ 150,000 ਫ਼ੌਜੀਆਂ ਤੋਂ ਦੁੱਗਣੇ ਹਨ। ਉਂਝ, ਰੂਸ ਕੋਲ ਅਜਿਹੇ ਫ਼ੌਜੀ ਪਲੈਟਫਾਰਮ ਹਨ ਜਿਨ੍ਹਾਂ ਦਾ ਟਾਕਰਾ ਸਿਰਫ਼ ਅਮਰੀਕਾ ਹੀ ਕਰ ਸਕਦਾ ਹੈ। ਫ਼ਿਲਹਾਲ ਰੂਸ ਦੀ ਕਮਜ਼ੋਰੀ ਇਹ ਹੈ ਕਿ ਇਸ ਦੀ ਫ਼ੌਜ ਦੀਆਂ ਜ਼ਿਆਦਾਤਰ ਮੁਹਰੈਲ ਯੂਨਿਟਾਂ ਵਿਚ ਕਾਫ਼ੀ ਹੱਦ ਤੱਕ ਜਬਰੀ ਭਰਤੀ ਹੋਈ ਹੈ ਜੋ ਬਹੁਤ ਜਲਦੀ ਹੱਥ ਖੜ੍ਹੇ ਕਰ ਸਕਦੀਆਂ ਹਨ। ਜ਼ਾਹਿਰ ਹੈ ਕਿ ਉਹ ਪੂਤਿਨ ਅਤੇ ਉਸ ਦੀ ਜੁੰਡਲੀ ਦੀਆਂ ਖਾਹਸ਼ਾਂ ’ਤੇ ਬਹੁਤਾ ਯਕੀਨ ਨਹੀਂ ਕਰਦੀਆਂ। ਵਾਲੰਟੀਅਰਾਂ ’ਤੇ ਆਧਾਰਿਤ ਰੂਸ ਦੀਆਂ ਕੁਝ ਵਿਸ਼ੇਸ਼ ਯੂਨਿਟਾਂ ਹੀ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਮਾਦਾ ਰੱਖਦੀਆਂ ਹਨ।
ਦੂਜੇ ਬੰਨ੍ਹੇ, ਯੂਕਰੇਨ ਦੀ ਅਵਾਮ ਵਲੋਂ ਦਿੱਤੀ ਜਾ ਰਹੀ ਗਹਿ-ਗੱਡਵੀਂ ਲੜਾਈ ਤੋਂ ਮਾਸਕੋ ਸੋਚੀਂ ਪੈ ਗਿਆ ਹੈ ਜਿਸ ਦਾ ਖਿਆਲ ਸੀ ਕਿ ਪੁਰਾਣੇ ਸਲਾਵ ਰਿਸ਼ਤਿਆਂ ਦੀ ਬਦੌਲਤ ਉਸ ਦੇ ਫ਼ੌਜੀਆਂ ਨੂੰ ਬਹੁਤੀ ਮੁਸ਼ੱਕਤ ਨਹੀਂ ਕਰਨੀ ਪਵੇਗੀ ਜਿਵੇਂ ਉਨ੍ਹਾਂ ਡੋਨਬਾਸ ਖੇਤਰ ਵਿਚ ਕੀਤਾ ਸੀ ਲੇਕਿਨ ਯੂਕਰੇਨ, ਖ਼ਾਸਕਰ ਪੱਛਮੀ ਖਿੱਤੇ ਦੇ ਲੋਕ ਆਪਣਾ ਬਿਹਤਰ ਭਵਿੱਖ ਯੂਰੋਪੀਅਨ ਯੂਨੀਅਨ ਨਾਲ ਦੇਖਦੇ ਹਨ ਅਤੇ ਉਨ੍ਹਾਂ ਦਰਸਾਇਆ ਹੈ ਕਿ ਉਹ ਆਪਣੀ ਆਜ਼ਾਦੀ ਲਈ ਮਰ ਮਿਟਣ ਲਈ ਤਿਆਰ ਹਨ।
ਅਮਰੀਕਾ ਤੇ ਇਸ ਦੇ ਸੰਗੀ ਇਨ੍ਹਾਂ ਲੋਕ ਜਜ਼ਬਿਆਂ ਦਾ ਲਾਹਾ ਉਠਾਉਣ ਦੀ ਤਾਕ ਵਿਚ ਸਨ। ਮਾਸਕੋ ਲਈ ਨਾ ਕੇਵਲ ਉਨ੍ਹਾਂ ਲੋਕਾਂ ਨੂੰ ਹਰਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋਵੇਗਾ ਜੋ ਸਿਰ ’ਤੇ ਕੱਫਣ ਬੰਨ੍ਹ ਕੇ ਨਿਕਲ ਪਏ ਹਨ ਸਗੋਂ ਉਨ੍ਹਾਂ ਨਾਲ ਵੀ ਲੋਹਾ ਲੈਣਾ ਪੈ ਰਿਹਾ ਹੈ ਜੋ ਰੂਸ ਦੀ ਜ਼ਬਰਦਸਤ ਹਵਾਈ ਸ਼ਕਤੀ ਦਾ ਟਾਕਰਾ ਕਰਨ ਲਈ ਕਚੀਚੀਆਂ ਵੱਟ ਰਹੇ ਹਨ। ਰੂਸੀ ਹਮਲੇ ਤੋਂ ਕਰੀਬ ਇਕ ਸਾਲ ਪਹਿਲਾਂ ਅਮਰੀਕਾ ਨੇ ਘੱਟੋ-ਘੱਟ ਇਕ ਅਰਬ ਡਾਲਰ ਦਾ ਫ਼ੌਜੀ ਸਾਜ਼ੋ-ਸਾਮਾਨ ਘੱਲ ਦਿੱਤਾ ਸੀ ਅਤੇ ਹਮਲੇ ਤੋਂ ਬਾਅਦ ਅਮਰੀਕਾ ਨੇ 35 ਕਰੋੜ ਡਾਲਰ ਦੇ ਹਥਿਆਰਾਂ ਦੇ ਪੈਕੇਜ ਦਾ ਐਲਾਨ ਕਰ ਦਿੱਤਾ ਹੈ। ਬਾਇਡਨ ਨੇ ਯੂਕਰੇਨ ਨੂੰ 80 ਕਰੋੜ ਡਾਲਰ ਦੀ ਸੁਰੱਖਿਆ ਇਮਦਾਦ ਦੇਣ ਦਾ ਅਹਿਦ ਲਿਆ ਹੈ। ਇਸ ਤੋਂ ਇਲਾਵਾ ਯੂਰੋਪੀਅਨ ਯੂਨੀਅਨ ਵੱਲੋਂ 52 ਕਰੋੜ ਡਾਲਰ ਅਤੇ ਕੈਨੇਡਾ ਵੱਲੋਂ 394 ਕਰੋੜ ਡਾਲਰ ਦੇ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ ਪਰ ਅਸਲ ਵਿਚ ਸਟਿੰਗਰ ਅਤੇ ਜੈਵਲਿਨ ਮਿਜ਼ਾਇਲਾਂ, ਟੈਂਕ ਤੋੜੂ ਹਥਿਆਰਾਂ, ਮੌਰਟਾਰ ਗੰਨਾਂ, ਰਾਈਫ਼ਲਾਂ ਤੇ ਮਸ਼ੀਨ ਗੰਨਾਂ ਜਿਹੀਆਂ ਹੱਥ ਵਿਚ ਆਉਣ ਵਾਲੇ ਹਥਿਆਰ ਅਤੇ ਇਨ੍ਹਾਂ ਦੇ ਨਾਲ ਦੀਆਂ ਬੇਸ਼ੁਮਾਰ ਗੋਲੀਆਂ ਦੀ ਉਹ ਸੂਚੀ ਹੈ ਜਿਸ ਨੂੰ ਦੇਖ ਕੇ ਹਰ ਤਰ੍ਹਾਂ ਦੇ ਗੁਰੀਲਾ ਦਸਤਿਆਂ ਦਾ ਜੀਅ ਲਲਚਾਉਂਦਾ ਹੈ। ਜੇ ਇਸ ਸਭ ਕਾਸੇ ਦੀ ਲਾਗਤ ਜੋੜ ਲਈ ਜਾਵੇ ਤਾਂ ਇਹ ਅਰਬਾਂ ਡਾਲਰਾਂ ਵਿਚ ਚਲੀ ਜਾਵੇਗੀ। ਜੰਗ ਦੇ ਸੌਦਾਗਰ- ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਅਮਰੀਕਾ ਤੋਂ ਇਹੀ ਕੁਝ ਚਾਹੀਦਾ ਸੀ ਜੋ ਹੁਣ ਲਾਜ਼ਮੀ ਤੌਰ ’ਤੇ ‘ਇਕਲੌਤਾ ਫ਼ੌਜੀ ਸਨਅਤੀ ਕੰਪਲੈਕਸ’ ਰਹਿ ਗਿਆ ਹੈ ਜਿਵੇਂ ਸੰਸਾਰ ਜੰਗ ਤੋਂ ਬਾਅਦ ਰਾਸ਼ਟਰਪਤੀ ਡਵਾਇਟ ਡੀ ਆਈਜ਼ਨਹਾਵਰ ਨੇ ਇਸ ਬਾਰੇ ਕਿਹਾ ਸੀ।
ਇੰਝ, ਜਿਵੇਂ ਜਿਵੇਂ ਯੂਕਰੇਨ ਵਿਚ ਜੰਗ ਲੰਮੀ ਹੁੰਦੀ ਜਾਵੇਗੀ , ਰੂਸ ਦੀਆਂ ਮਾਯੂਸੀਆਂ ਵੀ ਵਧਣਗੀਆਂ ਅਤੇ ਅਮਰੀਕਾ ਦੀ ਹਥਿਆਰ ਸਨਅਤ ਖੁਸ਼ਹਾਲ ਹੋਵੇਗੀ। ਇਸ ਤੋਂ ਇਲਾਵਾ ਅਮਰੀਕਾ ਨੇ ਯੂਕਰੇਨ ਲਈ 13.6 ਅਰਬ ਡਾਲਰ ਦੇ ਐਮਰਜੈਂਸੀ ਇਮਦਾਦੀ ਪੈਕੇਜ ਦਾ ਵੀ ਖੁਲਾਸਾ ਕੀਤਾ ਹੈ ਅਤੇ ਲੇਖਾ ਜੋਖਾ ਲਾਇਆ ਜਾ ਰਿਹਾ ਹੈ ਕਿ ਕਰੀਬ 13 ਅਰਬ ਡਾਲਰ ਅਮਰੀਕਾ ਦੀ ਹਥਿਆਰ ਸਨਅਤ ਦੇ ਖਾਤੇ ਵਿਚ ਪੈ ਜਾਣਗੇ ਤਾਂ ਕਿ ਇਸ ਦਾ ਚੁੱਲ੍ਹਾ ਚੱਲਦਾ ਰਹੇ।
ਯੂਕਰੇਨ ਵਿਚ ਜੋ ਕੁਝ ਵਾਪਰ ਰਿਹਾ ਹੈ, ਉਹ ਕੋਈ ਨਵਾਂ ਵਰਤਾਰਾ ਨਹੀਂ ਹੈ। ਅਮਰੀਕੀ ਹਮੇਸ਼ਾ ਯੁੱਧ ਦੀ ਖੱਟੀ ਖਾਂਦੇ ਹਨ। ਇਰਾਕ ਵਿਚ ਦੂਜੀ ਖਾੜੀ ਜੰਗ 2003-2010 ਲਈ ਜਾਰਜ ਬੁਸ਼ ਜੂਨੀਅਰ ਦੀ ਸਰਕਾਰ ਨੇ ਪਹਿਲਾਂ 80 ਅਰਬ ਡਾਲਰ ਦੀ ਲਾਗਤ ਲਾਈ ਸੀ ਅਤੇ ਦੋ ਸਾਲਾਂ ਤੱਕ 20 ਅਰਬ ਡਾਲਰ ਦਾ ਖਰਚਾ ਬਗ਼ਦਾਦ ਨੇ ਸਾਂਝਾ ਕੀਤਾ ਸੀ। ਫਿਰ ਅਮਰੀਕੀ ਰੱਖਿਆ ਵਿਭਾਗ ਨੇ ਇਸ ’ਤੇ 757 ਅਰਬ ਡਾਲਰ ਦੀ ਲਾਗਤ ਦਾ ਅਨੁਮਾਨ ਲਾਇਆ ਸੀ ਜਦਕਿ ਬ੍ਰਾਊਨ ਯੂਨੀਵਰਸਿਟੀ ਦੇ ਅਧਿਐਨ ਮੁਤਾਬਿਕ ਇਹ 1.1 ਖਰਬ ਡਾਲਰ ਦੀ ਲਾਗਤ ਆਈ ਸੀ। ਅਮਰੀਕੀ ਕਾਂਗਰਸ ਦੇ ਬਜਟ ਵਿਭਾਗ ਨੇ 2007 ਵਿਚ ਇਰਾਕ ਜੰਗ ਅਤੇ ਅਫ਼ਗਾਨਿਸਤਾਨ ਵਿਚ ਅਮਰੀਕੀ ਦਖ਼ਲਅੰਦਾਜ਼ੀ ਦੀ ਲਾਗਤ 2.4 ਖਰਬ ਡਾਲਰ ਅੰਗੀ ਸੀ। 2021 ਵਿਚ ਜਦੋਂ ਅਮਰੀਕੀ ਫ਼ੌਜ ਅਫ਼ਗਾਨਿਸਤਾਨ ਵਿਚੋਂ ਵਾਪਸ ਗਈ ਸੀ ਤਾਂ ਉਦੋਂ ਤੱਕ ਇਸ ਲਾਗਤ ਵਿਚ ਬਹੁਤ ਵਾਧਾ ਹੋ ਗਿਆ ਸੀ।
ਸੰਸਾਰ ਬੈਂਕ ਦੇ ਸਾਬਕਾ ਮੁੱਖ ਅਰਥਸ਼ਾਸਤਰੀ ਅਤੇ ਨੋਬੇਲ ਪੁਰਸਕਾਰ ਜੇਤੂ ਜੋਸਫ ਸਟਿਗਲਿਟਜ਼ ਅਤੇ ਹਾਰਵਰਡ ਯੂਨੀਵਰਸਿਟੀ ਦੀ ਲਿੰਡਾ ਬਲਾਈਮਜ਼ ਦੇ ਅਧਿਐਨ ਮੁਤਾਬਿਕ ਸੱਦਾਮ ਹੁਸੈਨ ਨੂੰ ਸੱਤਾ ਤੋਂ ਲਾਹੁਣ ਲਈ ਲੜੀ ਅਮਰੀਕੀ ਜੰਗ ਤਿੰਨ ਖਰਬ ਡਾਲਰ (ਤਿੰਨ ਹਜ਼ਾਰ ਅਰਬ ਡਾਲਰ) ਵਿਚ ਪਈ ਸੀ। ਪਹਿਲੀ ਖਾੜੀ ਜੰਗ 1990-91 ਵਿਚ ਬੁਸ਼ ਪ੍ਰਸ਼ਾਸਨ ਨੂੰ ਸ਼ੁਰੂ ਵਿਚ ਅਨੁਮਾਨ ਸੀ ਕਿ ਆਰਥਿਕ ਤੇ ਜਾਨੀ ਨੁਕਸਾਨ ਦੇ ਹਿਸਾਬ ਨਾਲ ਲਾਗਤ (ਕਰੀਬ 77 ਅਰਬ ਡਾਲਰ) ਬਹੁਤੀ ਨਹੀਂ ਆਵੇਗੀ।
ਜੰਗ ਦੀ ਲਾਗਤ ਦਾ ਜ਼ਿਆਦਾਤਰ ਹਿੱਸਾ ਅਮਰੀਕਾ ਦੇ ਸਹਿਯੋਗੀ ਮੁਲ਼ਕਾਂ ਵੱਲੋਂ ਚੁੱਕਿਆ ਜਾਂਦਾ ਹੈ। ਅਮਰੀਕਾ ਨੇ ਇਰਾਕ ਜੰਗ ਲਈ ਸਾਊਦੀ ਅਰਬ ਤੋਂ 60 ਅਰਬ ਡਾਲਰ ਅਤੇ ਕੁਵੈਤ ਤੋਂ 32 ਅਰਬ ਡਾਲਰ ਵਸੁਲ ਕੀਤਾ ਸੀ। ਹੁਣ ਜਿਵੇਂ ਅਸੀਂ ਯੂਕਰੇਨ ਵਿਚ ਦੇਖ ਰਹੇ ਹਾਂ ਤਾਂ ਅਮਰੀਕਾ ਆਪਣੇ ਸੰਗੀਆਂ ਨੂੰ ਵਰਤਣ ਲਾਉਣ ਦਾ ਆਦੀ ਹੈ। ਬਿਨਾਂ ਸ਼ੱਕ, ਅਮਰੀਕਾ ਨੇ ਕੋਰੀਆ ਯੁੱਧ, ਪਹਿਲੀ ਤੇ ਦੂਜੀ ਸੰਸਾਰ ਜੰਗ ਦਾ ਵਡੇਰਾ ਹਿੱਸਾ ਅਦਾ ਕੀਤਾ ਸੀ। ਲਿਹਾਜ਼ਾ, ਅਮਰੀਕੀ ਇਹ ਸਮਝ ਨਹੀਂ ਸਕੇ ਕਿ ਦੁਨੀਆ ਵਾਸ਼ਿੰਗਟਨ ਦੀ ਭੂਮਿਕਾ ਦੀ ਆਲੋਚਨਾ ਕਿਉਂ ਕਰਦੀ ਹੈ। ਉੱਘੇ ਅਮਰੀਕੀ ਰਾਜਨੀਤਕ ਵਿਗਿਆਨੀ ਜੌਹਨ ਮੀਅਰਸ਼ਾਇਮਰ ਦਾ ਕਹਿਣਾ ਹੈ ਕਿ ਯੂਕਰੇਨ ਦੇ ਸੰਕਟ ਦੀ ਸ਼ੁਰੂਆਤ ਫਰਵਰੀ 2014 ਤੋਂ ਹੋ ਗਈ ਸੀ ਅਤੇ ਇੱਥੇ ਜੋ ਕੁਝ ਹੋਇਆ ਹੈ, ਉਸ ਲਈ ਮੁੱਖ ਤੌਰ ’ਤੇ ਪੱਛਮੀ ਦੇਸ਼, ਖ਼ਾਸਕਰ ਅਮਰੀਕਾ ਜ਼ਿੰਮੇਵਾਰ ਹਨ। ਉਹ ਅੱਗੇ ਲਿਖਦੇ ਹਨ, “ਯੂਕਰੇਨ ਨੂੰ ਲੈ ਕੇ ਗੜਬੜ ਦਰਅਸਲ ਅਪਰੈਲ 2008 ਵਿਚ ਸ਼ੁਰੂ ਹੋ ਗਈ ਸੀ ਜਦੋਂ ਨਾਟੋ ਦਾ ਬੁਖਾਰੈਸਟ ਸਿਖਰ ਸੰਮੇਲਨ ਹੋਇਆ ਸੀ ਜਿੱਥੇ ਜਾਰਜ ਡਬਲਯੂ ਬੁਸ਼ ਪ੍ਰਸ਼ਾਸਨ ਨੇ ਇਸ ਫ਼ੌਜੀ ਗੱਠਜੋੜ ਤੋਂ ਇਹ ਐਲਾਨ ਕਰਵਾਉਣ ਲਈ ਜ਼ੋਰ ਦਿੱਤਾ ਸੀ ਕਿ ਯੂਕਰੇਨ ਤੇ ਜਾਰਜੀਆ ਇਸ ਦੇ ਮੈਂਬਰ ਬਣਨਗੇ। ਰੂਸੀ ਆਗੂਆਂ ਨੇ ਇਸ ’ਤੇ ਤੁਰੰਤ ਰੱਦੇਅਮਲ ਦਿਖਾਇਆ ਸੀ ਤੇ ਇਸ ਫ਼ੈਸਲੇ ਨੂੰ ਰੂਸ ਦੀ ਹੋਂਦ ਲਈ ਖ਼ਤਰਾ ਕਰਾਰ ਦਿੰਦੇ ਹੋਏ ਇਸ ਦਾ ਮੂੰਹ ਤੋੜ ਜਵਾਬ ਦੇਣ ਦਾ ਅਹਿਦ ਕੀਤਾ ਸੀ।”
ਹੁਣ ਜ਼ੇਲੈਂਸਕੀ ਕਹਿ ਰਹੇ ਹਨ ਕਿ ਨਾਟੋ ਬਾਰੇ ਉਨ੍ਹਾਂ (ਯੂਕਰੇਨ) ਦਾ ਰੁਖ਼ ਠੰਢਾ ਹੋ ਗਿਆ ਹੈ। ਜੇ ਉਨ੍ਹਾਂ ਮਹੀਨਾ ਪਹਿਲਾਂ ਇਹੀ ਗੱਲ ਆਖੀ ਹੁੰਦੀ ਤਾਂ ਸ਼ਾਇਦ ਰੂਸੀ ਹਮਲਾ ਨਾ ਹੁੰਦਾ ਪਰ ਏਬੀਸੀ ਨਿਊਜ਼ ’ਤੇ ਉਨ੍ਹਾਂ ਦਾ ਇਹ ਬਿਆਨ ਪੂਤਿਨ ਦੇ ਪਾਗਲਪਣ ਅਤੇ ਅਮਰੀਕੀ ਮਿਜ਼ਾਈਲਾਂ ਦੀ ਕਾਰਗਰਤਾ ਦੇ ਚਰਚਿਆਂ ਵਿਚ ਰੁਲ ਕੇ ਰਹਿ ਗਿਆ। ਇਸ ਤੋਂ ਸਾਫ਼ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਇਹ ਜੰਗ ਜਾਰੀ ਰਹੇ।
*ਲੇਖਕ ਰਣਨੀਤਕ ਮਾਮਲਿਆਂ ਦਾ ਮਾਹਿਰ ਹੈ।