ਹਰਦੀਪ ਚਿੱਤਰਕਾਰ
ਸਵੇਰੇ ਅਖ਼ਬਾਰ ਫੜਾਉਣ ਆਏ ਮੁੰਡੇ ਨੇ ਕਿਹਾ, ‘‘ਓਧਰਲੇ ਅਗਵਾੜੋਂ ਬੁੜੀ ਆਈ ਐ ਬਾਈ, ਤੈਨੂੰ ਬਲਾਉਂਦੀ ਐ।’’ ਮੈਂ ਬਾਹਰ ਆ ਕੇ ਦੇਖਿਆ ਤਾਂ ਸੱਤਰ ਕੁ ਸਾਲ ਦੀ ਹੰਢੇ ਪੁਰਾਣੇ ਕੱਪੜਿਆਂ ਵਾਲੀ ਅੰਮ੍ਰਿਤਧਾਰੀ ਮਾਈ ਹੱਥ ’ਚ ਬੋਰੀ ਦਾ ਝੋਲਾ ਫੜ੍ਹੀ ਖੜ੍ਹੀ ਸੀ। ‘‘ਆਓ ਚਾਚੀ ਦੱਸੋ!’’ ਮੈਂ ਸਿਆਣ ਕੇ ਕਿਹਾ। ‘‘ਮੈਂ ਤਾਂ ਕਾਕਾ ਤੇਰੇ ਕੋਲ਼ੇ ਕੰਮ ਆਈ ਆਂ,’’ ਕਹਿ ਉਹ ਅੰਦਰ ਲੰਘ ਆਈ।
ਮੈਂ ਵਿਹੜੇ ’ਚ ਡੱਠੇ ਮੰਜੇ ਵੱਲ ਤੁਰਦਿਆਂ ਸੋਚ ਰਿਹਾ ਸੀ, ‘ਮਨਾਂ ਮੈਂਬਰ ਮੈਂ ਨ੍ਹੀਂ, ਸਰਪੰਚ ਮੈਂ ਨ੍ਹੀਂ, ਸਰਕਾਰੇ ਦਰਬਾਰੇ ਕੋਈ ਮੈਨੂੰ ਜਾਣਦਾ ਨ੍ਹੀਂ। ਇਸ ਮਾਤਾ ਨੂੰ ਮੇਰੇ ਤੱਕ ਕੀ ਕੰਮ ਹੋ ਸਕਦੈ।’’
ਅਸੀਂ ਦੋਵੇਂ ਮੰਜੇ ’ਤੇ ਬੈਠ ਗਏ ਤਾਂ ਚਾਚੀ ਨੇ ਗੱਲ ਸ਼ੁਰੂ ਕੀਤੀ, ‘‘ਜਿਹੜਾ ਆਪਣੀ ਮੰਡੀ ’ਚ ਟੇਸ਼ਣ ’ਤੇ ਕਿਸਾਨ ਯੁਨੀਅਨ ਦਾ ਧਰਨਾ ਲੱਗਦੈ ਮੈਂ ਉੱਥੇ ਨਿੱਤ ਵਾਂਗੂ ਜਾਨੀ ਆਂ। ਕਾਕਾ, ਤੂੰ ਵੀ ਉੱਥੇ ਲੈਕਚਰ ਕਰਦੈਂ। ਤੇਰੇ ਚਾਚੇ ਪੂਰੇ ਹੋਏ ਨੂੰ ਦੋ ਸਾਲ ਹੋ ਹੋਣ ਆਲ਼ੇ ਐ, ਸਾਡਾ ਕੁਛ ਨ੍ਹੀਂ ਬਣਿਆ। ਉਦੋਂ ਤਾਂ ਭੈਣਾਂ ਭਾਈਆਂ ਨੇ ਲੱਗ ਲਗਾ ਕੇ ਤਲਵੰਡੀ ਲਜਾ ਕੇ ਡਾਕਟਰੀ ਮੈਨਾ ਕਰਵਾਤਾ ਸੀ। ਕਿਸਾਨ ਯੁਨੀਅਨ ਆਲ਼ੇ ਵੀ ਕਹਿੰਦੇ ਸੀ ਤੇਰਾ ਲੈਣਾ ਦੇਣਾ ਮਾਫ ਕਰਵਾ ਦਿਆਂਗੇ, ਨਾਲੇ ਸਰਕਾਰ ਤੋਂ ਹੋਰ ਮੱਦਦ ਵੀ ਦਵਾਮਾਂਗੇ। ਜਿਉਂ ਜਿਉਂ ਦਿਨ ਲੰਘਦੇ ਗਏ ਸਭ ਭੁੱਲਗੇ। ਸਾਡੀ ਮਾਂ ਪੁੱਤਾਂ ਦੀ ਕਿਸੇ ਨੇ ਸਾਰ ਨੀ ਲਈ।’’ ਮੈਂ ਸਿਰ ਨਿਵਾ ਕੇ ਹੁੰਗਾਰਾ ਭਰਿਆ।
ਕਈ ਮਹੀਨਿਆਂ ਤੋਂ ਸਾਡੇ ਨੇੜਲੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਧਰਨਾ ਲੱਗਿਆ ਹੋਇਆ ਹੈ। ਮੈਂ ਵੀ ਧਰਨੇ ’ਚ ਸ਼ਾਮਿਲ ਹੁੰਦਾ ਰਹਿੰਦਾ ਹਾਂ। ਤਰਕਸ਼ੀਲ ਸੁਸਾਇਟੀ ਵੱਲੋਂ ਬੁਲਾਰੇ ਵਜੋਂ ਵੀ ਹਾਜ਼ਰੀ ਲਵਾਉਂਦਾ ਰਹਿੰਦਾ ਹਾਂ। ਪਿੰਡਾਂ ’ਚੋਂ ਆਏ ਕਿਰਤੀ ਲੋਕਾਂ ਨਾਲ ਵਿਚਾਰ ਸਾਂਝੇ ਕਰਨ ਸਮੇਂ ਆਪਣੇ ਸੀਮਤ ਗਿਆਨ ਸਹਾਰੇ ਇਤਿਹਾਸਕ ਹਵਾਲੇ ਦੇ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕਦੇ ਸਮਾਂ ਸੀ ਜਦੋਂ ਪਿੰਡਾਂ ਸ਼ਹਿਰਾਂ ਦੇ ਮਾਲਕ ਜਾਗੀਰਦਾਰ, ਰਜਵਾੜੇ ਹੁੰਦੇ ਸੀ ਜੋ ਲੋਕਾਂ ਦੀ ਕਿਰਤ ਨੂੰ ਲੁੱਟ ਕੇ ਐਸ਼ ਉਡਾਉਂਦੇ ਸੀ। ਉਸ ਸਮੇਂ ਮਨੁੱਖਤਾ ਦੇ ਰਹਬਿਰ ਬਾਬਾ ਨਾਨਕ ਨੇ ਉਨ੍ਹਾਂ ਮਲਕਭਾਗੋਆਂ ਦੇ ਜ਼ੁਲਮ ਖਿਲਾਫ਼ ਆਵਾਜ਼ ਬੁਲੰਦ ਕੀਤੀ। ਅੱਜ ਸੰਸਾਰ ਦੇ ਵੱਡੇ ਧਨਾਢ ਵਪਾਰੀ ਰਲ ਕੇ ਸ਼ਕਤੀਸ਼ਾਲੀ ਹੋ ਗਏ ਹਨ। ਇਨ੍ਹਾਂ ਨੂੰ ਕਾਰਪੋਰੇਟ ਘਰਾਣੇ ਕਿਹਾ ਜਾਂਦਾ ਹੈ ਜੋ ਪਹਿਲਾਂ ਸਰਮਾਏ ਦੇ ਜ਼ੋਰ ਨਾਲ ਸਾਡੇ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਬਣਾਉਂਦੇ ਨੇ। ਫਿਰ ਆਪਣੀਆਂ ਨੀਤੀਆਂ ਲਾਗੂ ਕਰਵਾਉਣ ਲਈ ਆਪਣੇ ਹੱਥਠੋਕੇ ਹਾਕਮਾਂ ਤੋਂ ਮਨਮਰਜ਼ੀ ਦੇ ਕਾਨੂੰਨ ਬਣਵਾਉਂਦੇ ਹਨ। ਇਸ ਕਾਰਪੋਰੇਟੀ ਮਾਡਲ ਵਿਚ ਗ਼ਰੀਬੀ, ਭੁੱਖ ਅਤੇ ਬਿਮਾਰੀਆਂ ਨਾਲ ਮਰਦੇ ਤੜਫ਼ਦੇ ਲੋਕਾਂ ਪ੍ਰਤੀ ਭੋਰਾ ਭਰ ਵੀ ਇਨਸਾਨੀ ਹਮਦਰਦੀ ਨਹੀਂ।’’
ਮਹੀਨਿਆਂਬੱਧੀ ਗੱਲਬਾਤ ਦੀ ਸਾਂਝ ਰੱਖਣ ਨਾਲ ਮੇਰਾ ਸਾਧਾਰਨ ਪੇਂਡੂ ਅੰਦੋਲਨਕਾਰੀ ਲੋਕਾਂ ਨਾਲ ਵਿਚਾਰਕ ਮੋਹ ਪੈ ਗਿਆ। ਗ਼ੈਰਹਾਜ਼ਰ ਹੋਣ ’ਤੇ ਕਈ ਬਜ਼ੁਰਗ ਉਲਾਂਭਾ ਦਿੰਦੇ ਹਨ ਕਿ ‘‘ਕੱਲ੍ਹ ਕਿਉਂ ਨ੍ਹੀਂ ਆਇਆ!’’
ਚਾਚੀ ਨੇ ਝੋਲੇ ’ਚੋਂ ਕਾਗਜ਼ਾਂ ਦਾ ਥੱਬਾ ਕੱਢ ਮੰਜੇ ਦੇ ਵਿਚਾਲੇ ਰੱਖ ਦਿੱਤਾ ਜਿਸ ਵਿਚ ਕਈ ਦਰਖਾਸਤਾਂ ਦੀਆਂ ਨਕਲਾਂ ਦਿਸ ਰਹੀਆਂ ਸਨ। ਲੱਗਦਾ ਸੀ ਹਾਲੇ ਵੀ ਝੋਲੇ ’ਚ ਕੁਝ ਹੈ। ਮੈਂ ਝੋਲੇ ਦੇ ਉਭਾਰ ਨੂੰ ਟੋਹਣ ਲਈ ਹੱਥ ਵਧਾਇਆ ਤਾਂ ਫੁਰਤੀ ਨਾਲ ਝੋਲੇ ’ਚੋਂ ਕੁਝ ਬਾਹਰ ਨੂੰ ਖਿੱਚਦੀ ਚਾਚੀ ਨੇ ਕਿਹਾ, ‘‘ਇਹ ਤਾਂ ਪੁੱਤ ਫਾਹੇ ਆਲ਼ਾ ਰੱਸਾ ਐ। ਏਸੇ ਚੰਦਰੇ ਨਾਲ ਲਮਕ ਕੇ ਜਾਨ ਦੇ ਗਿਆ।’’ ਇਕਦਮ ਮੇਰੇ ਦੋਵੇਂ ਹੱਥ ਝੋਲੇ ਉੱਤੇ ਜਾ ਟਿਕੇ ਤੇ ਮੂੰਹੋਂ ਨਿਕਲਿਆ, ‘‘ਨਾ ਚਾਚੀ, ਇਹ ਨਾ ਕੱਢੀਂ।’’ ਮੇਰੇ ਮੂੰਹ ਪਾਸੇ ਭੁਆਉਣ ਦੇ ਬਾਵਜੂਦ ਮੈਨੂੰ ਰੱਸੇ ਦੀ ਅੱਧੀ ਕੁ ਗੁੱਛੀ ਦਿਸ ਹੀ ਗਈ। ਮੇਰੇ ਪੈਰਾਂ ਤੋਂ ਕੰਬਣੀ ਛਿੜੀ ਅਤੇ ਸਿਰ ’ਚੋਂ ਦੀ ਨਿਕਲ ਗਈ। ‘‘ਇਹ ਕਿਉਂ ਚੱਕੀ ਫਿਰਦੀ ਐਂ ਚਾਚੀ?’’ ਮੈਥੋਂ ਉੱਚੀ ਦੇਣੇ ਕਿਹਾ ਗਿਆ। ‘‘ਇਹ ਰੱਸਾ ਮੈਂ ਨਾਲ ਤਾਂ ਰੱਖਦੀ ਆਂ ਵੀ ਕਿਸੇ ਅਫ਼ਸਰ ਨੂੰ ਦਿਖਾਉਣਾ ਪੈ ਜਾਂਦੈ। ਚੰਗਾ ਤੂੰ ਆਹ ਫੈਲ ਪੜ੍ਹ ਕੇ ਦੇਖ,’’ ਇਹ ਕਹਿ ਉਸ ਨੇ ਕਾਗਜ਼ਾਂ ਦੇ ਢੇਰ ’ਚੋਂ ਇਕ ਫਾਈਲ ਚੁੱਕ ਮੇਰੇ ਵੱਲ ਵਧਾਈ। ਫਾਈਲ ਕਵਰ ਦੀਆਂ ਘਸੀਆਂ ਅਤੇ ਮੁੜ ਕੇ ਬੱਤੀਆਂ ਬਣੀਆਂ ਨੁੱਕਰਾਂ ਦੱਸ ਰਹੀਆਂ ਸਨ ਕਿ ਇਹ ਹਜ਼ਾਰਾਂ ਵਾਰ ਝੋਲੇ ’ਚੋਂ ਕੱਢੀ ਅਤੇ ਪਾਈ ਹੋਵੇਗੀ।
ਮੈਂ ਫਾਈਲ ਫਰੋਲਣ ਲੱਗਿਆ। ਕਈ ਪੰਨਿਆਂ ’ਤੇ ਮਨੁੱਖੀ ਆਕਾਰ ਵਾਹੇ ਸਨ ਜਿਨ੍ਹਾਂ ਦੇ ਗਲੇ ’ਤੇ ਨਿਸ਼ਾਨ ਲਾਏ ਹੋਏ ਸਨ। ਸ਼ਾਇਦ ਇਹ ਪੋਸਟਮਾਰਟਮ ਰਿਪੋਰਟ ਸੀ। ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਅਤੇ ਅੱਖਰ ਧੁੰਦਲੇ ਹੋ ਗਏ। ਕੁਝ ਵੀ ਪੜ੍ਹਿਆ ਨਹੀਂ ਸੀ ਜਾ ਰਿਹਾ। ਐਵੇਂ ਹੀ ਮੈਂ ਕਈ ਪੰਨੇ ਪਲਟਦਾ ਰਿਹਾ। ਹੰਝੂ ਕਾਗਜ਼ਾਂ ’ਤੇ ਨਾ ਡਿੱਗ ਪੈਣ, ਇਸ ਲਈ ਕਾਫ਼ੀ ਚਿਰ ਮੈਂ ਅੱਖਾਂ ਫਰਕਣ ਤੋਂ ਰੋਕੀ ਰੱਖੀਆਂ। ਮੈਂ ਜਾਪਿਆ ਕਿ ਚਾਚੀ ਨੂੰ ਪਤਾ ਲੱਗਿਆ ਤਾਂ ਕਹੇਗੀ, ‘‘ਤੂੰ ਜਵਾਨ ਹੋ ਕੇ ਦਿਲ ਛੋਟਾ ਕਰ ਗਿਐਂ। ਮੇਰੇ ਵੱਲ ਦੇਖ ਮੈਂ ਵਿਧਵਾ ਤੀਵੀਂ ਘਰ ਦੀ ਕਬੀਲਦਾਰੀ ਵੀ ਤੋਰਦੀ ਆਂ, ਨਾਲੇ ਸਰਕਾਰ ਨਾਲ ਵੀ ਲੜਾਈ ਲੜਦੀ ਆਂ।’’ ਮੈਂ ਝੂਠਾ ਹੌਸਲਾ ਦਿਖਾਉਂਦਿਆਂ ਕਿਹਾ, ‘‘ਲੈ ਫੜ ਚਾਚੀ, ਪਾ ਕਾਗਜ਼ ਝੋਲੇ ’ਚ। ਪੜ੍ਹ ਲਏ ਸਾਰੇ। ਹੁਣ ਕਿਸਾਨ ਯੂਨੀਅਨ ਵਾਲੇ ਕੀ ਕਹਿੰਦੇ ਐ ਇਸ ਕੇਸ ਬਾਰੇ?’’ ਕਾਗ਼ਜ਼ਾਂ ਨੂੰ ਝੋਲੇ ’ਚ ਸਮੇਟਦੀ ਚਾਚੀ ਨੇ ਕਿਹਾ, ‘‘ਆਹ ਜਿਹੜਾ ਆਪਣੇ ਗੁਆਂਢੀ ਪਿੰਡ ਆਲ਼ਾ ਯੁਨੀਅਨ ਦਾ ਜ਼ਿਲ੍ਹੇ ਦਾ ਵੱਡਾ ਪ੍ਰਧਾਨ ਐ ਉਹਦੇ ਪਿੰਡ ਦੋ ਵਾਰੀ ਜਾ ਆਈ ਮੈਂ। ਕਹਿੰਦਾ: ਤੁਸੀਂ ਫਾਹੇ ਲਮਕਦੇ ਦੀ ਫੋਟੋ ਕਿਉਂ ਨ੍ਹੀਂ ਖਿੱਚੀ। ਭਲਾਂ ਪੁੱਤ, ਤੂੰ ਈ ਦੱਸ ਵੀ ਅਜੇਹੇ ਵਕਤ ਫੋਟੋਆਂ ਕਿਹਨੂੰ ਸੁੱਝਦੀਐਂ। ਟੱਬਰ ਦੇ ਤਾਂ ਊਈਂ ਸਾਨ ਮਾਰੇ ਜਾਂਦੇ ਐ! ਲਾ ਆਪਣੀ ਮੰਡੀ ਤੋਂ ਸ਼ਹਿਰ ਤਾਈਂ ਕਿਹੜਾ ਸਰਕਾਰੂ ਦਫ਼ਤਰ ਐ ਜਿਹੜੇ ’ਚ ਮੈਂ ਫਰਿਆਦ ਲੈ ਕੇ ਨਾ ਗਈ ਹੋਵਾਂ। ਢਹਿ ਜਾਣਾ ਕੋਈ ਗੱਲ ਈ ਨ੍ਹੀਂ ਸੁਣਦਾ। ਇਕ ਅਫ਼ਸਰ ਦੇ ਲੀਡਰ ਨੇ ਤਾਂ ਫੈਲ ਵਗਾਹ ਕੇ ਮਾਰੀ, ਕਹਿੰਦਾ, ਤੇਰਾ ਮਾਫ਼ੀ ਦਾ ਕੇਸ ਪਾਸ ਨ੍ਹੀਂ ਹੋ ਸਕਦਾ। ਸੱਚੀ ਗੱਲ ਐ ਫਿਰ ਮੈਥੋਂ ਵੀ ਕਿਹਾ ਗਿਆ: ਵਿਹਲੜੋ ਜਿਹੜੇ ਤੁਸੀਂ ਖਾ ਖਾ ਢਿੱਡ ਵਧਾਏ ਐ ਇਹ ਲੱਖਾਂ ਮਣ ਅੰਨ ਅਸੀਂ ਪੈਦਾ ਕੀਤੈ। ਸਾਨੂੰ ਤਾਂ ਰੱਜ ਕੇ ਖਾਣਾ ਹੰਢਾਉਣਾ ਨੀ ਮਿਲਿਆ। ਠੱਗੋ, ਸਭ ਤੁਸੀਂ ਹੜੱਪਗੇ। ਜੇ ਚਾਰ ਪੈਸੇ ਰਿਆਤ ਕਰ ਦਿਉਂਗੇ ਕੀ ਗੋਲ਼ੀ ਵਜਦੀ ਐ ਸੋਡੇ?’’
‘‘ਚੰਗਾ ਚਾਚੀ, ਮੈਂ ਕਰੂੰਗਾ ਪਤਾ। ਸੋਡੇ ਮੁੰਡੇ ਨੂੰ ਭੇਜੀਂ ਮੇਰੇ ਨਾਲ।’’ ‘‘ਨਾ ਭਾਈ, ਮੁੰਡੇ ਨੂੰ ਤਾਂ ਮੈਂ ਸ਼ਹਿਰ ਦਾ ਸੁੰਹਾ ਈ ਨ੍ਹੀਂ ਕਰਾਇਆ, ਬਈ ਆਵਦੇ ਪਿਉ ਵਾਂਗੂ ਬੈਂਕਾਂ ਕਰਜਿਆਂ ਦੇ ਜਾਲ ’ਚ ਨਾ ਫਸਜੇ। ਉਹ ਤਾਂ ਵਿਚਾਰਾ ਸਾਈਂ ਲੋਕ ਦਿਨ ਰਾਤ ਖੇਤ ’ਚ ਮਿੱਟੀ ਨਾਲ ਮਿੱਟੀ ਹੁੰਦੈ। ਕਹਿ ਦੂੰਗੀ ਤੇਰੇ ਕੋਲ਼ੇ ਤਾਂ ਭਾਵੇਂ ਆਜੇ,’’ ਕਹਿ ਝੋਲਾ ਚੁੱਕ ਤੁਰ ਪਈ।
ਉਸ ਦਾ ਹੌਸਲਾ ਅਤੇ ਦ੍ਰਿੜ੍ਹਤਾ ਦੇਖ ਕੇ ਮੈਨੂੰ ਜਾਪਿਆ ਜਿਵੇਂ ਚਾਚੀ ਕਿਸੇ ਜੰਗ ਲੜਦੀ ਫ਼ੌਜ ਦੀ ਜਰਨੈਲ ਹੋਵੇ ਅਤੇ ਅਸੀਂ ਸਾਰੇ ਮੈਦਾਨੇ ਜੰਗ ’ਚੋਂ ਪਿੱਠ ਦਿਖਾ ਭਗੌੜੇ ਹੋਏ ਸਿਪਾਹੀ।
ਸੰਪਰਕ: 94176-81880