ਡਾ. ਵਿਸ਼ਾਲ ਕੁਮਾਰ
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦਾ ਚਲਾਇਆ ਅੰਦੋਲਨ ਪੰਜਾਬੀਅਤ ਲਈ ਨਵੇਂ ਮੀਲ ਪੱਥਰ ਗੱਡ ਰਿਹਾ ਹੈ। ਅੰਦੋਲਨ ਨੇ ਪੰਜਾਬ ਦੀਆਂ ਹੱਦਾਂ ਟੱਪ ਕੇ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਹੱਦਾਂ ਨੂੰ ਜਾ ਛੋਹਿਆ ਹੈ। ਇਸ ਦਾ ਸਿੱਧਾ-ਅਸਿੱਧਾ ਪ੍ਰਭਾਵ ਸੰਸਾਰ ਪੱਧਰ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਦੋਲਨ ਦੇ ਪੰਜਾਬੀ ਸਮਾਜ ਤੇ ਪੰਜਾਬੀਅਤ ਦੀ ਪਛਾਣ ਉੱਤੇ ਸਥਾਈ ਪ੍ਰਭਾਵ ਪੈ ਰਹੇ ਹਨ। ਅੰਦੋਲਨ ਪਿੱਛੇ ਕੰਮ ਕਰਨ ਵਾਲੀ ਵਿਚਾਰਧਾਰਾ ਪੰਜਾਬੀਆਂ ਦੀ ਹੈ ਅਤੇ ਇਸ ਪਿੱਛੇ ਪੰਜਾਬੀ ਖਾਸਾ, ਪੰਜਾਬੀ ਜੀਵਨ ਜਾਚ ਅਤੇ ਪੰਜਾਬੀਆਂ ਦਾ ਚਰਿੱਤਰ ਕੰਮ ਕਰ ਰਿਹਾ ਹੈ। ਵੀਰਤਾ, ਕਾਬਲੀਅਤ, ਮਿਹਨਤ, ਜੋਸ਼ ਤੇ ਉਤਸ਼ਾਹ ਪੰਜਾਬੀਆਂ ਦੇ ਮੁੱਢਲੇ ਗੁਣ ਹਨ ਅਤੇ ਇਸੇ ਲਈ ਸੁਭਾਅ ਪੱਖੋਂ ਨਿਡਰ ਹੋਣ ਕਰ ਕੇ ਪੰਜਾਬੀ ਹਰ ਜੰਗ ਵਿਚ ਅੱਗੇ ਲੱਗ ਤੁਰਦੇ ਹਨ। ‘ਟੈਂ ਨਾ ਮੰਨਣ ਵਾਲੀ’ ਪ੍ਰਵਿਰਤੀ ਇਨ੍ਹਾਂ ਨੂੰ ਸੰਘਰਸ਼ ਦੇ ਰਾਹ ਪਾਉਂਦੀ ਹੈ। ਪ੍ਰੋ. ਪੂਰਨ ਸਿੰਘ ਅਨੁਸਾਰ ਪੰਜਾਬੀ ਤਾਂ ਉਹ ਹਨ ਜੋ ਸਿਰਫ਼ ਲੱਤਾਂ ਹਿਲਾਉਣ ਲਈ ਹੀ ਪੰਜਾਹ ਕੋਹ ਦਾ ਪੈਂਡਾ ਸਰ ਕਰ ਲੈਂਦੇ ਹਨ। ਪੰਜਾਬੀ ਤਾਂ ਅਜਿਹੀ ਕੌਮ ਹੈ ਜਿਥੋਂ ਦੇ ‘ਜੰਮਿਆਂ ਨੂੰ ਨਿੱਤ ਮੁਹਿੰਮਾਂ’ ਰਹਿੰਦੀਆਂ ਹਨ। ਜਦੋਂ ਕੋਈ ਮੁਹਿੰਮ ਨਾ ਹੋਵੇ ਤਾਂ ਇਨ੍ਹਾਂ ਨੂੰ ਜੀਵਨ ਹੀ ਬੋਝਲ, ਅਕਾਊ ਅਤੇ ਨੀਰਸ ਲੱਗਣ ਲੱਗ ਪੈਂਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਦੁਆਰਾ ਦਰਸਾਏ ਬਰਾਬਰੀ, ਸਰਬ-ਸਾਂਝੀਵਾਲਤਾ, ਕਿਰਤ ਕਰਨ ਅਤੇ ਜਬਰ ਦਾ ਵਿਰੋਧ ਕਰਨ ਦੀ ਹਾਮੀ ਭਰਨ ਵਾਲੇ ਪੰਜਾਬੀ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਅਤੇ ਗੁਰੂ ਗੋਬਿੰਦ ਸਿੰਘ ਦੇ ‘ਸਵਾ ਲਾਖ ਸੇ ਏਕ ਲੜਾਊਂ’ ਵਾਲੀ ਬਿਰਤੀ ਨੂੰ ਆਪਣੇ ਅੰਦਰ ਸਮੋਈ ਬੈਠੇ ਹਨ। ਇਹ ਨਾ ਤਾਂ ਕਿਸੇ ਤੋਂ ਭੈਅ ਖਾਂਦੇ ਹਨ ਅਤੇ ਨਾ ਹੀ ਕਿਸੇ ਨੂੰ ਡਰਾ ਧਮਕਾ ਕੇ ਆਪਣੀ ਚੌਧਰ ਬਣਾਉਣ ਵਿਚ ਯਕੀਨ ਰੱਖਦੇ ਹਨ। ਸੱਤਾ ਦੇ ਜਾਬਰ ਵਰਤੀਰੇ ਪ੍ਰਤੀ ਨਾਬਰੀ ਪੰਜਾਬੀਆਂ ਦੇ ਚਰਿੱਤਰ ਦਾ ਖਾਸਾ ਹੈ।
ਜੂਨ, 2020 ਵਿਚ ਤਿੰਨ ਨਵੇਂ ਖੇਤੀ ਆਰਡੀਨੈਂਸ ਜਾਰੀ ਹੋਏ ਤਾਂ ਇਨ੍ਹਾਂ ਨੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਹਲੂਣਾ ਦਿੱਤਾ। ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਵੱਖੋ-ਵੱਖਰੇ ਢੰਗਾਂ ਨਾਲ ਇਨ੍ਹਾਂ ਦਾ ਵਿਰੋਧ ਹੋਇਆ। 25 ਨਵੰਬਰ, 2020 ਨੂੰ ਕਿਸਾਨ ਦਿੱਲੀ ਦੀਆਂ ਹੱਦਾਂ ਉੱਤੇ ਜਾ ਬੈਠੇ ਤਾਂ ਜੋ ਸੱਤਾਧਾਰੀ ਹੁਕਮਰਾਨਾਂ ਨੂੰ ਆਪਣੇ ਵਿਰੋਧ ਤੋਂ ਜਾਣੂ ਕਰਵਾ ਸਕਣ। ਇਸ ਵਿਰੋਧ ਪ੍ਰਦਰਸ਼ਨ ਵਿਚ ਉਨ੍ਹਾਂ ਨਾਲ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵੀ ਸ਼ਾਮਲ ਹੋ ਗਏ। ਇਸ ਮਗਰੋਂ ਕਿਸਾਨੀ ਤੋਂ ਇਲਾਵਾ ਦੂਜੇ ਕਿੱਤਿਆਂ ਨਾਲ ਜੁੜੇ ਲੋਕ ਵੀ ਜੁੜਨ ਲੱਗੇ ਅਤੇ ਸੰਸਾਰ ਭਰ ਦੇ ਬਾਕੀ ਦੇਸ਼ਾਂ ਦੇ ਲੋਕਾਂ ਦਾ ਸਮਰਥਨ ਵੀ ਇਸ ਸੰਘਰਸ਼ ਨੂੰ ਮਿਲਣ ਲੱਗਾ। ਹੁਣ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ਉੱਤੇ ਚੱਲ ਰਿਹਾ ਅੰਦੋਲਨ ਸਿਰਫ਼ ਸਿੱਖਾਂ ਜਾਂ ਪੰਜਾਬੀਆਂ ਦਾ ਨਹੀਂ ਬਲਕਿ ਸੰਸਾਰ ਪੱਧਰੀ ਜਨ ਅੰਦੋਲਨ ਬਣ ਚੁੱਕਿਆ ਹੈ। ਸੰਸਾਰ ਪੱਧਰ ਤੇ ਵੱਡੀਆਂ ਹਸਤੀਆਂ ਤੋਂ ਮਿਲਿਆ ਸਮਰਥਨ ਵੀ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਇਹ ਅੰਦੋਲਨ ਪੰਜਾਬੀ ਸਮਾਜ ਨੂੰ ਨਵੀਂ ਦਿਸ਼ਾ ਵੱਲ ਲਿਜਾ ਰਿਹਾ ਹੈ। ਇਸ ਅੰਦੋਲਨ ਦੇ ਪ੍ਰਭਾਵਾਂ ਨੂੰ ਇੰਜ ਵਾਚਿਆ ਜਾ ਸਕਦਾ ਹੈ:
ਕਿਸਾਨੀ ਅੰਦੋਲਨ ਸਦਕਾ ਪੰਜਾਬੀ ਅਤੇ ਹਰਿਆਣਵੀ ਨਾ ਕੇਵਲ ਇਕ ਦੂਜੇ ਦੇ ਹਮਾਇਤੀ ਬਣੇ ਬਲਕਿ ਉਹ ਇਕ ਦੂਜੇ ਨੂੰ ਛੋਟਾ ਵੱਡਾ ਭਰਾ ਹੋਣ ਦਾ ਲਕਬ ਵੀ ਬਖ਼ਸ਼ ਚੁੱਕੇ ਹਨ। ਪੰਜਾਬੀਆਂ ਨੂੰ ਹੁਣ ਹੁੱਕਾ ਪੀਣ ਵਾਲੇ ਹਰਿਆਣਵੀ ਜਾਂ ਯੂਪੀ ਦੇ ਬਜ਼ੁਰਗਾਂ ਕੋਲ ਬੈਠਣ ਜਾਂ ਵਿਚਾਰ-ਵਟਾਂਦਰਾ ਕਰਨ ਤੋਂ ਕੋਈ ਗੁਰੇਜ਼ ਨਹੀਂ ਅਤੇ ਉਹ ਵੀ ਬੜੀ ਸ਼ਾਨ ਨਾਲ ਪੱਗ ਬੰਨ੍ਹ ਕੇ ਪੰਜਾਬ ਨੂੰ ਆਪਣਾ ਆਗੂ ਮੰਨ ਚੁੱਕੇ ਹਨ। ਪੰਜਾਬ ਅਤੇ ਹਰਿਆਣਾ ਵਿਚ ਪਈਆਂ ਸਮਾਜਿਕ, ਸੱਭਿਆਚਾਰਕ ਅਤੇ ਰਾਜਸੀ ਦੂਰੀਆਂ ਵੀ ਹੁਣ ਮਿਟ ਰਹੀਆਂ ਹਨ। ਹਰਿਆਣਾ ਤੇ ਪੰਜਾਬ ਦਾ ਭਾਸ਼ਾ ਅਤੇ ਪਾਣੀਆਂ ਦਾ ਮੁੱਦਾ ਦੋਹਾਂ ਧਿਰਾਂ ਲਈ ਹਾਲ ਦੀ ਘੜੀ ਗ਼ੈਰ ਵਾਜਬਿ ਹੋ ਗਿਆ ਜਾਪਦਾ ਹੈ।
ਮੱਧਕਾਲ ਅਤੇ ਆਧੁਨਿਕ ਕਾਲ ਵਿਚ ਵਿਕਸਿਤ ਹੋਈਆਂ ਲੋਕ ਲਹਿਰਾਂ- ਗੁਰਮਤਿ ਲਹਿਰ, ਭਗਤੀ ਲਹਿਰ, ਸੂਫ਼ੀ ਲਹਿਰ, ਸਿੰਘ ਸਭਾ ਲਹਿਰ, ਗਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ ਨਕਸਲਬਾੜੀ ਲਹਿਰ ਦੀ ਬਦੌਲਤ ਪੰਜਾਬੀ ਵਿਚ ਬਹੁਤ ਸਾਰਾ ਸਾਹਿਤ ਰਚਿਆ ਗਿਆ। ਇਸੇ ਤਰ੍ਹਾਂ ਕਿਸਾਨੀ ਲਹਿਰ ਵਿਚੋਂ ਵੀ ਲਗਾਤਾਰ ਸਾਹਿਤ ਸਿਰਜਣਾ ਦਾ ਸਿਲਸਿਲਾ ਜਾਰੀ ਹੈ। ਪਿਛਲੇ ਕੁਝ ਸਮੇਂ ਵਿਚ ਹੀ ਇਸ ਅੰਦੋਲਨ ਨਾਲ ਸਬੰਧਤ ਕਵਿਤਾ, ਨਾਟਕ, ਲੇਖ ਨਾ ਕੇਵਲ ਲਿਖੇ ਅਤੇ ਛਾਪੇ ਜਾ ਰਹੇ ਹਨ ਬਲਕਿ ਲੋਕਾਂ ਵੱਲੋਂ ਪੜ੍ਹੇ ਅਤੇ ਸਲਾਹੇ ਵੀ ਜਾ ਰਹੇ ਹਨ। ਕਿਸਾਨੀ ਦੇ ਹੱਕ ਵਿਚ ਰਚੇ ਜਾ ਰਹੇ ਸਾਹਿਤ ਦਾ ਹੜ੍ਹ ਆ ਜਾਣਾ ਵਿਚਾਰਧਾਰਕ ਖਲਾਅ ਦੇ ਖਾਤਮੇ ਦਾ ਐਲਾਨ ਹੈ। ਇਸ ਨਾਲ ਲੋਕ ਵਿਹਾਰ ਵਿਚ ਤਬਦੀਲੀ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਪੰਜਾਬੀ ਸਮਾਜ ਵਿਚ ਨਵ-ਚੇਤਨਾ ਅਤੇ ਜਾਗ੍ਰਿਤੀ ਆ ਗਈ ਹੈ।
ਅੰਦੋਲਨ ਨੇ ਪੰਜਾਬੀ ਬੌਧਿਕ ਜਗਤ ਨੂੰ ਵੀ ਨਵੀਂ ਸੇਧ ਦਿੱਤੀ ਹੈ। ਪੰਜਾਬ ਦਾ ਬੁੱਧੀਜੀਵੀ ਵਰਗ ਹਰਕਤ ਵਿਚ ਆ ਗਿਆ ਹੈ। ਵੱਖ ਵੱਖ ਵਿਧਾਵਾਂ ਦਾ ਸਾਹਿਤ ਰਚਣ ਤੋਂ ਲੈ ਕੇ ਪੁਸਤਕ ਪ੍ਰਕਾਸ਼ਨਾ, ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਹੋਣ ਵਾਲੀ ਵਿਚਾਰ-ਚਰਚਾ ਵਿਚ ਹਿੱਸਾ ਲੈ ਕੇ ਉਹ ਆਮ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਨਫ਼ੇ ਨੁਕਸਾਨ ਦੀ ਜਾਣਕਾਰੀ ਵੀ ਦੇ ਰਹੇ ਹਨ। ਪੰਜਾਬੀ ਮੀਡੀਆ ਦਾ ਅਕਸ ਵੀ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ ਅਤੇ ਇਸ ਵਿਚ ਗੁਣਾਤਮਕ ਉਭਾਰ ਦੇਖਣ ਨੂੰ ਮਿਲ ਰਿਹਾ ਹੈ। ਟਰਾਲੀ ਟਾਈਮਜ਼, ਗੁਰਮੁਖੀ, ਵੰਗਾਰ ਆਦਿ ਅਖ਼ਬਾਰਾਂ ਦਾ ਆਰੰਭ ਹੋਣਾ ਇਸੇ ਕੜੀ ਦਾ ਸ਼ੁਭ ਸ਼ਗਨ ਹੈ। ਜਿਨ੍ਹਾਂ ਜਿਨ੍ਹਾਂ ਬਾਰਡਰਾਂ ਉੱਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉੱਥੇ ਉੱਥੇ ਲਾਇਬਰੇਰੀਆਂ, ਵਿਸ਼ੇਸ਼ ਕਰ ਪੰਜਾਬੀ ਪੁਸਤਕਾਂ ਦਾ ਹੋਣਾ ਵੀ ਪੰਜਾਬੀ ਸਮਾਜ ਵਿਚ ਦਿਸ ਰਹੀ ਵੱਡੀ ਤਬਦੀਲੀ ਵੱਲ ਸੰਕੇਤ ਕਰਦਾ ਹੈ। ਕਿਸਾਨੀ ਅੰਦੋਲਨ ਦੇ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਪੈਰੋਕਾਰ ਇਹ ਲੋਕ, ਲਾਲਾ ਲਾਜਪਤ ਰਾਇ ਅਤੇ ਮਹਾਤਮਾ ਗਾਂਧੀ ਦੇ ਸ਼ਾਤੀ ਸਿਧਾਂਤਾਂ ਨੂੰ ਅਪਣਾ ਕੇ ਸ਼ਾਂਤੀ ਦੂਤ ਬਣ ਰਹੇ ਹਨ।
ਕਿਸਾਨੀ ਅੰਦੋਲਨ ਕਰ ਕੇ ਪੰਜਾਬੀ ਗੀਤਕਾਰੀ ਵਿਚ ਸਾਕਾਰਾਤਮਕ ਤਬਦੀਲੀ ਹੋ ਰਹੀ ਹੈ। ਪੰਜਾਬੀ ਗੀਤਕਾਰੀ ਵਿਚ ਜਿੱਥੇ ਪਹਿਲਾਂ ਲੱਚਰਤਾ, ਹਿੰਸਾ, ਆਸ਼ਕੀ-ਮਾਸ਼ੂਕੀ ਦੇ ਵਿਸ਼ੇ ਹਾਵੀ ਸਨ, ਉੱਥੇ ਹੁਣ ਕਿਸਾਨੀ ਨਾਲ ਸਬੰਧਤ ਮੁੱਦਿਆਂ ਨੂੰ ਬੜੀ ਬੇਬਾਕੀ ਨਾਲ ਉਭਾਰਿਆ ਜਾ ਰਿਹਾ ਹੈ। ਇਸ ਅੰਦੋਲਨ ਦੇ ਖਾਸੇ ਸਦਕਾ ਹੀ ਪੰਜਾਬੀ ਲੋਕ ਮਾਨਸਿਕਤਾ ਧਰਮ, ਜਾਤੀ ਦੀਆਂ ਸੌੜੀਆਂ ਵਲਗਣਾਂ ਤੋੜ ਕੇ ਮਿੱਟੀ ਨਾਲ ਜੁੜ ਰਹੀ ਹੈ। ਸਪੱਸ਼ਟ ਹੈ ਕਿ ਇਹ ਅੰਦੋਲਨ ਪੰਜਾਬੀ ਜਵਾਨੀ ਦੀ ਦਿਸ਼ਾ ਤੈਅ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ।
ਦਿੱਲੀ ਦੀਆਂ ਬਰੂਹਾਂ ਉੱਤੇ ਅੱਜਕੱਲ੍ਹ ਪੰਜਾਬੀ ਲੋਕ ਖੇਡਾਂ, ਲੋਕ ਗੀਤਾਂ, ਲੋਕ ਨਾਟ ਸ਼ੈਲੀਆਂ, ਲੋਕ ਨਾਚਾਂ ਰਾਹੀਂ ਮਨੋਰੰਜਨ ਦੇ ਨਾਲ ਨਾਲ ਜੀਵਨ ਸ਼ੈਲੀ ਦਾ ਮਿਆਰੀਕਰਨ ਵੀ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਦੀ ਬਦੌਲਤ ਹੀ ਪੰਜਾਬੀ ਜ਼ੁਬਾਨ ਵਿਚ ਵੀ ਅਮੀਰੀ ਆ ਰਹੀ ਹੈ ਅਤੇ ਇਸ ਦਾ ਘੇਰਾ ਵਸੀਹ ਹੋਇਆ ਹੈ। ਪੰਜਾਬੀ ਲੋਕ ਆਪਣੀ ਭਾਸ਼ਾ ਵਿਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਸ਼ਾਮਲ ਕਰ ਰਹੇ ਹਨ। ਦੂਜੇ ਸੂਬਿਆਂ ਦੇ ਲੋਕ ਜੋ ਦਿੱਲੀ ਦੀਆਂ ਵੱਖ ਵੱਖ ਹੱਦਾਂ ਉੱਤੇ ਬੈਠੇ ਹਨ, ਉਹ ਪੰਜਾਬੀਆਂ ਦੀ ਗੱਲਬਾਤ ਨੂੰ ਸਮਝਣ ਦੀ ਕੋਸ਼ਿਸ਼ ਵਿਚ ਪੰਜਾਬੀ ਭਾਸ਼ਾ ਦੇ ਸ਼ਬਦਾਂ ਨੂੰ ਬੋਲ, ਸੁਣ ਅਤੇ ਸਮਝ ਰਹੇ ਹਨ। ਇਨ੍ਹਾਂ ਹੱਦਾਂ ਉੱਤੇ ਪੰਜਾਬੀ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਵਾਲੇ ਸੁਆਲ ਵੀ ਪੰਜਾਬੀ ਵਿਚ ਹੀ ਹੁੰਦੇ ਹਨ ਅਤੇ ਵਾਹ ਲੱਗਦੇ ਦੂਜੇ ਸੂਬਿਆਂ ਦੇ ਕਿਸਾਨ ਆਗੂ ਵੀ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ।
ਕਿਸਾਨੀ ਅੰਦੋਲਨ ਰਾਹੀਂ ਸਮਾਜ ਵਿਚ ਔਰਤ ਦੀ ਭੂਮਿਕਾ ਨੂੰ ਵੀ ਨਵੇਂ ਜ਼ਾਵੀਏ ਤੋਂ ਘੜਿਆ ਜਾ ਰਿਹਾ ਹੈ। ਪੰਜਾਬ ਅਤੇ ਦੂਜੇ ਪ੍ਰਾਂਤਾਂ ਦੀਆਂ ਔਰਤਾਂ ਅਤੇ ਬੱਚੀਆਂ ਵੱਖ ਵੱਖ ਥਾਵਾਂ ਉੱਤੇ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਮਾਈ ਭਾਗੋ ਦੀਆਂ ਵਾਰਸ ਇਹ ਪੰਜਾਬਣਾਂ ਲੰਗਰ ਬਣਾਉਣ ਤੋਂ ਲੈ ਕੇ ਪਾਣੀ ਦੀਆਂ ਬੁਛਾੜਾਂ (ਸਰਕਾਰੀ ਜਬਰ) ਦਾ ਵੀ ਡਟ ਕੇ ਮੁਕਾਬਲਾ ਕਰ ਰਹੀਆਂ ਹਨ।
ਅੱਜ ਕਿਸਾਨੀ ਅੰਦੋਲਨ ਦੇ ਮਾਧਿਅਮ ਰਾਹੀਂ ਸਮੁੱਚਾ ਸੰਸਾਰ ਪੰਜਾਬੀਆਂ ਦੇ ਅਸਲ ਕਿਰਦਾਰ ਤੋਂ ਜਾਣੂ ਹੋਇਆ ਹੈ। ਭਾਰਤ ਅਤੇ ਸੰਸਾਰ ਦੇ ਹੋਰ ਖੇਤਰਾਂ ਵਿਚ ਜਿੱਥੇ ਪਹਿਲਾਂ ਲੋਕ ਪੰਜਾਬੀਆਂ ਨੂੰ ਕੇਵਲ ‘ਉੜਤਾ ਪੰਜਾਬ’ ਅਤੇ ਵਿਅੰਗਾਤਮਕ ਪਾਤਰ ਰਾਹੀਂ ਹੀ ਜਾਣਦੇ ਸੀ, ਉੱਥੇ ਹੁਣ ਉਹ ਪੰਜਾਬੀਆਂ ਨੂੰ ਲੋਕ ਆਗੂ, ਹਿੰਮਤੀ, ਮਿਹਨਤੀ, ਸਹਿਣਸ਼ੀਲ, ਅਹਿੰਸਾ ਦੇ ਪੁਜਾਰੀ, ਜਬਰ ਦਾ ਵਿਰੋਧ ਕਰਨ ਵਾਲੇ ਸੰਸਾਰ ਨਾਇਕ ਪੰਜਾਬੀ ਚਰਿੱਤਰ ਤੋਂ ਵੀ ਜਾਣੂ ਹੋਇਆ ਹੈ। ਪੰਜਾਬੀਆਂ ਨੇ ਇਹ ਅੰਦੋਲਨ ਬਰਾਬਰੀ ਦੇ ਮੁਹਾਵਰੇ ਨਾਲ ਸਰਬ-ਸਾਂਝੀਵਾਲਤਾ ਦਾ ਹੋਕਾ ਦਿੰਦਿਆਂ ਆਪਣੇ ਚਰਿੱਤਰ ਦੀ ਖ਼ਾਸੀਅਤ ਨਾਲ ਖੜ੍ਹਾ ਕੀਤਾ ਹੈ। ਅੱਜ ਅਸੀਂ ਕਿਸਾਨ ਮਜ਼ਦੂਰ ਏਕਤਾ ਬਣਾ ਕੇ ਜਿਥੇ ਸਮਾਜਿਕ ਆਰਥਿਕ ਦੂਰੀਆਂ ਮਿਟਾ ਰਹੇ ਹਾਂ, ਉਥੇ ਹੀ ਔਰਤ ਕਿਸਾਨ ਦਿਵਸ ਮਨਾ ਕੇ ਸੰਸਾਰ ਨੂੰ ਇਕ ਨਵੇਂ ਮਹਾਦ੍ਰਿਸ਼ ਤੋਂ ਜਾਣੂ ਕਰਵਾ ਰਹੇ ਹਾਂ। ਇਸ ਅੰਦੋਲਨ ਦੀ ਮਦਦ ਨਾਲ ਪੰਜਾਬੀਅਤ ਨੇ ਆਪਣੇ ਵਿਰਸੇ ਨੂੰ ਮੁੜ ਪ੍ਰਾਪਤ ਕਰਨ ਵੱਲ ਵੱਡਾ ਹੁਲਾਰਾ ਮਾਰਿਆ ਹੈ।
*ਅਸਿਸਟੈਂਟ ਪ੍ਰੋਫੈਸਰ (ਪੰਜਾਬੀ),
ਜੀਐੱਨਡੀਯੂ ਕਾਲਜ, ਸੁਜਾਨਪੁਰ।