ਨਰਾਇਣ ਦੱਤ
ਸਾਥੀ ਕੁਲਵੰਤ ਰਾਏ ਦਾ ਜਨਮ ਗਰੀਬ ਮਹਾਜਨ ਪਰਿਵਾਰ ਵਿਚ ਸ਼ਹਿਣਾ ਵਿਚ 25 ਮਈ 1946 ਨੂੰ ਦੇਸ ਰਾਜ ਅਤੇ ਪਾਰਵਤੀ ਦੇ ਘਰ ਹੋਇਆ। ਹੁਣ ਜਦੋਂ 75 ਸਾਲ ਦਾ ਸ਼ਾਨਾਮੱਤਾ ਸਫ਼ਰ ਪੂਰਾ ਕਰਕੇ ਉਹ ਇਸ ਦੁਨੀਆ ਤੋਂ ਰੁਖ਼ਸਤ ਹੋਇਆ ਹੈ ਤਾਂ ਬੱਚੇ ਬੱਚੇ ਦੀ ਜ਼ਬਾਨ ਤੇ ਡਾ. ਕੁਲਵੰਤ ਰਾਏ ਪੰਡੋਰੀ ਦਾ ਨਾਂ ਹੈ। ਕੁਲਵੰਤ ਰਾਏ ਗਰਗ ਤੋਂ ਕੁਲਵੰਤ ਰਾਏ ਪੰਡੋਰੀ ਬਣਨ ਦੇ ਸਫ਼ਰ ਦੀ ਸਖਤ ਘਾਲਣਾ ਹੈ। ਬਚਪਨ ਤੋਂ ਬਾਅਦ ਵੱਡੇ ਭਰਾ ਭਗਵਾਨ ਦਾਸ ਗਰਗ ਜੋ ਅਧਿਆਪਕ ਜਥੇਬੰਦੀ ਜੀਟੀਯੂ ਵਿਚ ਸਰਗਰਮ ਸਨ, ਦੀ ਪ੍ਰੇਰਨਾ ਸਦਕਾ ਮੈਟ੍ਰਿਕ ਤੱਕ ਦੀ ਪੜ੍ਹਾਈ ਪੂਰੀ ਕਰਕੇ 1962 ਵਿਚ ਫੌਜ ਵਿਚ ਭਰਤੀ ਹੁੰਦਾ ਹੈ। ਬੇਪਰਵਾਹ ਸੁਭਾਅ ਦਾ ਮਾਲਕ ਅਜਿਹਾ ਸੀ ਕਿ ਕਈ ਮਹੀਨਿਆਂ ਤੱਕ ਉਸ ਦੇ ਫੌਜ ਵਿਚ ਭਰਤੀ ਹੋਣ ਦਾ ਪਤਾ ਤੱਕ ਨਹੀਂ ਲੱਗਿਆ। ਤੇਜ਼ ਬੁੱਧੀ ਦੇ ਮਾਲਕ ਕੁਲਵੰਤ ਰਾਏ ਉਪਰ ਲੋਕ ਪੱਖੀ ਵਿਚਾਰਾਂ ਦਾ ਗਹਿਰਾ ਅਸਰ ਹੋਇਆ। ਘਰ ਦੀਆਂ ਤੰਗੀਆਂ ਤੁਰਸ਼ੀਆਂ ਉਹ ਭਾਵੇਂ ਫੌਜ ਵਿਚ ਭਰਤੀ ਹੋ ਗਿਆ ਸੀ ਪਰ ਉੱਥੇ ਵਾਪਰਦੇ ਗ਼ਲਤ ਵਰਤਾਰੇ, ਹੇਠਲੇ ਰੈਂਕ ਦੇ ਫੌਜੀਆਂ/ਸਿਪਾਹੀਆਂ ਨਾਲ ਅਫਸਰਸ਼ਾਹੀ ਦੀਆਂ ਵਧੀਕੀਆਂ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਕਰਦੀਆਂ। ਉਹਨੇ ਦੋ ਜੰਗਾਂ- ਚੀਨ (1962) ਪਾਕਿਸਤਾਨ (1971) ਲੜੀਆਂ ਪਰ ਤੇਰਾਂ ਸਾਲ ਬਾਅਦ 1976 ਵਿਚ ਫੌਜ ਦੀ ਅਫਸਰਸ਼ਾਹੀ ਖਿ਼ਲਾਫ਼ ਬਗਾਵਤ ਕਰ ਫੌਜ ਦੀ ਨੌਕਰੀ ਨੂੰ ਲੱਤ ਮਾਰ ਘਰ ਆ ਗਿਆ।
ਪਿਉ ਦਾਦੇ ਵਾਲਾ ਵੈਦਗਿਰੀ ਦਾ ਕਿੱਤਾ ਚੁਣਦਿਆਂ ਉਹਨੇ ਪੰਡੋਰੀ ਡੇਰਾ ਜਮਾ ਲਿਆ। ਇਸ ਸਮੇਂ ਤੱਕ ਕੁਲਵੰਤ ਪੰਡੋਰੀ ਨੇ ਆਪਣੀ ਜੀਵਨ ਸਾਥਣ ਕਾਂਤਾ ਦੇਵੀ ਉਰਫ ਅੰਗੂਰੀ ਦੇਵੀ ਨਾਲ ਵਿਆਹੁਤਾ ਸਫ਼ਰ ਸ਼ੁਰੂ ਕਰ ਲਿਆ ਸੀ। ਧੀ ਦਰਸ਼ਨਾ ਦੇਵੀ (ਹੈਪੀ) ਨੇ ਉਨ੍ਹਾਂ ਦੇ ਘਰ ਜਨਮ ਲੈ ਲਿਆ ਸੀ। ਵੱਡੇ ਭਰਾ ਭਗਵਾਨ ਦਾਸ ਦੇ ਸੰਗੀ ਸੁਖਦੇਵ ਸਿੰਘ ਬੜੀ ਅਤੇ ਕਵੀ ਸੰਤ ਰਾਮ ਉਦਾਸੀ ਨਾਲ ਵਿਚਾਰਾਂ ਦੀ ਪੱਧਰ ’ਤੇ ਸਾਂਝ ’ਚ ਹੋਰ ਵਧੇਰੇ ਨਿਖਾਰ ਆ ਗਿਆ ਸੀ।
ਮੈਡੀਕਲ ਪੇਸ਼ਾ ਅਪਣਾਉਂਦਿਆਂ ਹੀ ਪਿੰਡਾਂ ਵਿਚ ਗਰੀਬ ਮੱਧ ਵਰਗੀ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦੇ ਪੇਂਡੂ ਡਾਕਟਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਰੂ-ਬ-ਰੂ ਹੋਣਾ ਪਿਆ। ਇੱਕ ਪਾਸੇ ਪਿੰਡਾਂ ਦੇ ਗਰੀਬ ਲੋਕਾਂ ਨੂੰ ਮੈਡੀਕਲ ਸਹੂਲਤਾਂ ਤੋਂ ਸਰਕਾਰ ਨੇ ਵਾਂਝੇ ਰੱਖਿਆ ਹੋਇਆ ਸੀ; ਦੂਜੇ ਪਾਸੇ ਪਿੰਡਾਂ ਦੇ ਲੋਕਾਂ ਨੂੰ ਦਰਾਂ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਪੇਂਡੂ ਡਾਕਟਰਾਂ ਉੱਪਰ ਵੀ ਉਜਾੜੇ ਦੀ ਤਲਵਾਰ ਲਟਕੀ ਰਹਿੰਦੀ। ਬਾਗ਼ੀ ਮਨ ਅਜਿਹੀ ਨਾਇਨਸਾਫੀ ਭਲਾ ਕਿਵੇਂ ਬਰਦਾਸ਼ਤ ਕਰ ਸਕਦਾ ਸੀ? ਸਾਥੀਆਂ ਨਾਲ ਇਹ ਨਾਇਨਸਾਫੀ ਦੂਰ ਕਰਵਾਉਣ ਲਈ ਪੇਂਡੂ ਡਾਕਟਰਾਂ ਨੂੰ ਜਥੇਬੰਦ ਕਰਨ ਦੀ ਧਾਰ ਲਈ। ਕਈ ਸਾਲ ਪਿੰਡ ਪਿੰਡ ਲੋਕਾਂ ਅਤੇ ਪੇਂਡੂ ਡਾਕਟਰਾਂ ਨੂੰ ਲਾਮਬੰਦ ਕਰਦਿਆਂ 1995 ਵਿਚ ਮਹਿਲਕਲਾਂ ਇਲਾਕੇ ਅੰਦਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਜਥੇਬੰਦ ਕਰਨ ਵਿਚ ਸਫਲਤਾ ਹਾਸਲ ਕੀਤੀ। ਫਿਰ ਹੋਰ ਜਿ਼ਲ੍ਹਿਆਂ ਦੇ ਆਗੂਆਂ ਸੰਗ ਮਿਲ ਕੇ ਪੰਜਾਬ ਪੱਧਰ ਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਮੋਢੀਆਂ ਵਿਚ ਰੋਲ ਨਿਭਾਇਆ। ਉਨ੍ਹਾਂ ਦਾ ਲਾਇਆ ਬੂਟਾ ਅੱਜ ਵਧੀਆ ਜਥੇਬੰਦਕ ਸਰੂਪ ਹਾਸਲ ਕਰਕੇ ਮੈਡੀਕਲ ਪੇਸ਼ਾ ਬਚਾਉਣ ਅਤੇ ਪੇਂਡੂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ।
ਕੁਲਵੰਤ ਰਾਏ ਪਹਿਲਾਂ 5 ਸਾਲ ਜਥੇਬੰਦੀ ਦੇ ਸੂਬਾ ਪ੍ਰਧਾਨ ਰਹੇ, ਪਿਛਲੇ 7 ਸਾਲ ਤੋਂ ਆਖਿ਼ਰੀ ਸਾਹਾਂ ਤੱਕ ਸੂਬਾ ਜਨਰਲ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ। ਜਥੇਬੰਦੀ ਉਸਾਰਨ, ਅਗਵਾਈ ਦੇਣ ਅਤੇ ਸੰਘਰਸ਼ ਲੜਨ ਵਿਚ ਕੁਲਵੰਤ ਰਾਏ ਦਾ ਰੋਲ ਜਥੇਬੰਦੀ ਦੇ ਮਜ਼ਬੂਤ ਥੰਮ੍ਹ ਵਾਲਾ ਰਿਹਾ। ਜਥੇਬੰਦੀ ਅਤੇ ਲਹਿਰ ਨੂੰ ਉਸ ਦੀ ਅਣਮੁੱਲੀ ਦੇਣ ਕਦੇ ਭੁਲਾਈ ਨਹੀਂ ਜਾ ਸਕਦੀ।
ਕੁਲਵੰਤ ਰਾਏ ਜਿਸ ਲੋਕ ਪੱਖੀ ਵਿਚਾਰਧਾਰਾ ਨੂੰ ਪ੍ਰਨਾਇਆ ਹੋਇਆ ਸੀ, ਉਸ ਦਾ ਮਕਸਦ ਸਿਰਫ ਇੱਥੋਂ ਤੱਕ ਸੀਮਤ ਨਹੀਂ ਸੀ ਸਗੋਂ ਉਹ ਇਸ ਤੋਂ ਵੀ ਅੱਗੇ ਸਮਝ ਰੱਖਦਾ ਸੀ ਕਿ ਅਜਿਹਾ ਸਾਰਾ ਕੁਝ ਅਸਲ ਵਿਚ ਸਮੇਂ ਦੀਆਂ ਹਕੂਮਤਾਂ ਦੀ ਲੋਕ ਵਿਰੋਧੀ ਨੀਤੀ ਦਾ ਸਿੱਟਾ ਹੈ। ਇਹ ਲੋਕ ਵਿਰੋਧੀ ਨੀਤੀਆਂ ਪੇਂਡੂ ਡਾਕਟਰਾਂ, ਕਿਸਾਨਾਂ, ਮਜ਼ਦੂਰਾਂ; ਗੱਲ ਕੀ ਪੇਂਡੂ ਸੱਭਿਆਚਾਰ ਨੂੰ ਉਜਾੜ ਰਹੀਆਂ ਹਨ। ਜਨਤਕ ਖੇਤਰ ਦੇ ਅਦਾਰੇ ਅਤੇ ਮੁਲਕ ਦੇ ਕੁਦਰਤੀ ਸੋਮੇ ਕੌਡੀਆਂ ਦੇ ਭਾਅ ਸਰਮਾਏਦਾਰਾਂ ਨੂੰ ਸੌਂਪੇ ਜਾ ਰਹੇ ਹਨ। ਇਹ ਸਮਝ ਡਾ. ਕੁਲਵੰਤ ਰਾਏ ਨੂੰ ਸਿਰਫ਼ ਆਪਣਾ ਪੇਸ਼ਾ ਬਚਾਉਣ ਦੇ ਸੰਘਰਸ਼ ਤੱਕ ਸੀਮਤ ਨਹੀਂ ਰਹਿਣ ਦਿੰਦੀ ਸੀ ਸਗੋਂ ਕਾਣੀ ਵੰਡ ਵਾਲੇ ਸਮਾਜ/ਰਾਜ ਪ੍ਰਬੰਧ ਨੂੰ ਇਸ ਦਾ ਮੁੱਖ ਜਿ਼ੰਮੇਵਾਰ ਮਿਥ ਕੇ ਸੰਘਰਸ਼ ਦੀ ਧਾਰ ਵੀ ਲੁੱਟ, ਜਬਰ ਤੇ ਦਾਬੇ ਵਾਲੇ ਲੋਕ ਵਿਰੋਧੀ ਪ੍ਰਬੰਧ ਵੱਲ ਸੇਧਣੀ ਲੋੜੀਂਦੀ ਸੀ। ਉਸ ਦੀ ਵਿਚਾਰਧਾਰਾ ਸਮਾਜ ਵਿਚ ਹੁੰਦੀਆਂ ਬੇਇਨਸਾਫ਼ੀਆਂ ਖਿਲਾਫ਼ ਸੰਘਰਸ਼ ਕਰਨ ਲਈ ਪ੍ਰੇਰਨਾ ਸਰੋਤ ਸੀ। ਉਹਨੇ ਪੰਜਾਬ ਅੰਦਰ ਡੇਢ ਦਹਾਕੇ ਦੇ ਕਾਲੇ ਦੌਰ ਸਮੇਂ ਵੀ ਇਨਸਾਫ਼ਪਸੰਦ ਤਾਕਤਾਂ ਨਾਲ ਸਾਂਝ ਦੀ ਗਲਵੱਕੜੀ ਪਾਉਂਦਿਆਂ ਧਾਰਮਿਕ ਕੱਟੜਪੰਥੀਆਂ ਅਤੇ ਹਕੂਮਤੀ ਜਬਰ ਖਿ਼ਲਾਫ਼ ਬੇਖ਼ੌਫ਼ ਆਵਾਜ਼ ਬੁਲੰਦ ਕੀਤੀ।
1995 ਵਿਚ ਮਹਿਲਕਲਾਂ ਥਾਣੇ ਵਿਚ ਮਾਮੂਲੀ ਚੋਰੀ ਦੇ ਦੋਸ਼ ਵਿਚ ਥਾਣੇਦਾਰ ਨੇ ਮਜ਼ਦੂਰ ਪਿਆਰਾ ਸਿੰਘ ਕਿਰਪਾਲ ਸਿੰਘ ਵਾਲਾ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਅਤੇ ਥਾਣੇ ਵਿਚ ਹੀ ਉਸ ਦੀ ਮੌਤ ਹੋ ਗਈ। ਪੁਲੀਸ ਨੇ ਪਿਆਰਾ ਸਿੰਘ ਦਾ ਜਬਰੀ ਸਸਕਾਰ ਕਰਨਾ ਚਾਹਿਆ ਤਾਂ ਇਲਾਕੇ ਦੀ ਸਰਗਰਮ ਇਨਕਲਾਬੀ ਜਮਹੂਰੀ ਤਾਕਤ ਨੂੰ ਨਾਲ ਲੈ ਕੇ ਉਹ ਹਿੱਕ ਡਾਹ ਕੇ ਖੜ੍ਹਿਆ। ਐਕਸ਼ਨ ਕਮੇਟੀ ਬਣਾ ਕੇ ਬੇਇਨਸਾਫ਼ੀ ਵਿਰੁੱਧ ਘੋਲ ਲੜਿਆ ਅਤੇ ਥਾਣੇਦਾਰ ਨੂੰ ਸਜ਼ਾ ਕਰਵਾਈ। 29 ਜੁਲਾਈ 1997 ਨੂੰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਵਿਦਿਆਰਥਣ ਕਿਰਨਜੀਤ ਕੌਰ ਦੇ ਅਗਵਾ ਹੋਣ ਤੋਂ ਬਾਅਦ ਕੋਈ ਉੱਘ ਸੁੱਘ ਨਾ ਨਿਕਲੀ ਤਾਂ ਪਹਿਲਕਦਮੀ ਕਰਕੇ ਐਕਸ਼ਨ ਕਮੇਟੀ ਮਹਿਲਕਲਾਂ ਬਣਾਈ। ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਐਕਸ਼ਨ ਕਮੇਟੀ ਮੈਂਬਰ ਸਾਥੀਆਂ ਨਾਲ ਰਲ ਕੇ ਕਾਫਲਿਆਂ ਸੰਗ ਹੋ ਤੁਰੇ। ਉਸ ਦੀ ਜੀਵਨ ਸਾਥਣ ਅੰਗੂਰੀ ਦੇਵੀ ਅਤੇ ਧੀ ਦਰਸ਼ਨਾ ਦੇਵੀ ਵੀ ਸੰਘਰਸ਼ ਦੀਆਂ ਮੂਹਰਲੀਆਂ ਸਫਾਂ ਵਿਚ ਸ਼ਾਮਿਲ ਹੋਈਆਂ। ਇਉਂ ਕਾਫਲਾ ਬੰਨ੍ਹ ਕੇ ਔਰਤਾਂ ਦੀ ਜਥੇਬੰਦ ਤਾਕਤ ਦਾ ਲੋਹਾ ਮਨਵਾਇਆ। ਮਹਿਲਕਲਾਂ ਲੋਕ ਘੋਲ ਦੇ ਤਿੰਨ ਆਗੂਆਂ ਨੂੰ ਹੋਈ ਨਿਹੱਕੀ ਸਜ਼ਾ ਰੱਦ ਕਰਵਾਉਣ ਲਈ ਤਨਦੇਹੀ ਨਾਲ ਆਗੂ ਭੂਮਿਕਾ ਨਿਭਾਈ। ਉਸ ਨੇ ਜੀਅ ਜਾਨ ਲਾ ਕੇ ਸਾਂਝੇ ਘੋਲਾਂ ਦੀ ਬੁਨਿਆਦ ਰੱਖੀ ਅਤੇ ਅੰਜਾਮ ਤੱਕ ਪਹੁੰਚਾਇਆ।
ਘਰੇਲੂ ਤੰਗੀਆਂ ਤੁਰਸ਼ੀਆਂ ਮੁਸ਼ਕਿਲਾਂ ਕਦੇ ਵੀ ਉਸ ਦੇ ਸੰਘਰਸ਼ ਦੇ ਰਾਹ ਵਿਚ ਰੋੜਾ ਨਹੀਂ ਬਣੀਆਂ। ਜਦੋਂ 28 ਸਤੰਬਰ 2010 ਨੂੰ ਆਸਟਰੇਲੀਆ ਵਿਚ ਧੀ ਦਰਸ਼ਨਾ ਦੇਵੀ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਤਾਂ ਪਰਿਵਾਰ ਨੇ ਇਸ ਸਦਮੇ ਦਾ ਸਿਦਕਦਿਲੀ ਨਾਲ ਸਾਹਮਣਾ ਕੀਤਾ।
21 ਦਸੰਬਰ ਨੂੰ ਬਿਮਾਰ ਹੋਏ ਕੁਲਵੰਤ ਰਾਏ ਪੰਡੋਰੀ ਨੂੰ ਅਸੀਂ ਲੱਖ ਯਤਨਾਂ ਦੇ ਬਾਵਜੂਦ ਬਚਾ ਨਹੀਂ ਸਕੇ। ਉਹ ਅੱਜ ਸਰੀਰਕ ਤੌਰ ਤੇ ਭਾਵੇਂ ਸਾਡੇ ਨਾਲ ਨਹੀਂ ਪਰ ਉਨ੍ਹਾਂ ਦੇ ਵਿਚਾਰਾਂ ਦੀ ਪੂੰਜੀ ਸਦੀਵੀ ਹੈ, ਇਹ ਸਾਡਾ ਮਾਰਗ ਦਰਸ਼ਨ ਕਰਦੀ ਰਹੇਗੀ। ਉਸ ਦੇ ਕਾਫਲੇ ਦੇ ਸਭ ਸਾਥੀ ਉਸ ਦੀ ਪਤਨੀ ਅੰਗੂਰੀ ਦੇਵੀ ਅਤੇ ਪੁੱਤਰਾਂ ਬਲਜਿੰਦਰ ਕੁਮਾਰ ਤੇ ਰਾਜੀਵ ਕੁਮਾਰ ਦੇ ਦੁੱਖ ਵਿਚ ਸ਼ਰੀਕ ਹਨ। ਅਸੀਂ ਡਾ. ਕੁਲਵੰਤ ਰਾਏ ਪੰਡੋਰੀ ਦੇ ਸੰਗੀ ਸਾਥੀ, ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿਚ ਜੁੜੇ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਈ ਦੇ ਕਾਫ਼ਲੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਅਹਿਦ ਕਰਦੇ ਹਾਂ ਕਿ ਸੰਘਰਸ਼ ਦਾ ਪਰਚਮ ਬੁਲੰਦ ਰੱਖਾਂਗੇ।
ਸੰਪਰਕ: 84275-11770