ਅਵਿਜੀਤ ਪਾਠਕ
ਅੰਦਰੋਂ ਅਸੀਂ ਸਾਰੇ ਟੁੱਟ ਚੁੱਕੇ ਹਾਂ ਅਤੇ ਫੱਟਾਂ ਦੇ ਝੰਬੇ ਪਏ ਹਾਂ। ਸ਼ਾਇਦ ਹੀ ਕੋਈ ਪਰਿਵਾਰ ਬਚਿਆ ਹੋਵੇਗਾ ਜੋ ਕਿਸੇ ਨਾ ਕਿਸੇ ਰੂਪ ਵਿਚ ਕੋਵਿਡ-19 ਮਹਾਮਾਰੀ ਦੀ ਮਾਰ ਤੋਂ ਅਛੂਤਾ ਰਹਿ ਸਕਿਆ ਹੋਵੇਗਾ। ਫਿਰ ਵੀ ਆਪਣੀ ਸੰਵੇਦਨਹੀਣਤਾ ਕਰ ਕੇ ਜਾਣੀ ਜਾਂਦੀ ਸਾਡੀ ਅਕਾਦਮਿਕ ਨੌਕਰਸ਼ਾਹੀ ਦੇ ਸਿਰੋਂ ‘ਅਕਾਦਮਿਕ ਮਿਆਰਾਂ’ ਦਾ ਭੂਤ ਨਹੀਂ ਲੱਥ ਸਕਿਆ ਅਤੇ ਆਪਣੀ ਮਾਨਸਿਕ ਤੇ ਹੋਂਦ ਦੇ ਸੰਕਟ ਵਿਚੋਂ ਲੰਘ ਰਹੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ‘ਅਕਾਦਮਿਕ ਮਿਆਰ’ ਬਰਕਰਾਰ ਰੱਖਣ ਦੇ ਫ਼ਰਮਾਨ ਸੁਣਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਕਿ ਅਸੀਂ ਇਸ ‘ਮਿਆਰ’ ਦੀ ਖਿੱਲੀ ਉਡਾਉਣ ਦਾ ਨੈਤਿਕ/ਉਸਤਾਦਾਨਾ ਹੱਕ ਹਾਸਲ ਕਰ ਸਕੀਏ, ਅਸੀਂ ਪਹਿਲਾਂ ਇਹ ਸਮਝ ਲੈਂਦੇ ਹਾਂ ਕਿ ਦਰਅਸਲ ਕਿਸੇ ਵਿਦਿਆਰਥੀ ਜਾਂ ਅਧਿਆਪਕ ਦੀ ਰੋਜ਼ਮੱਰਾ ਜ਼ਿੰਦਗੀ ਵਿਚ ਇਸ ਦਾ ਅਰਥ ਕੀ ਹੁੰਦਾ ਹੈ।
ਸਾਡੇ ਸਿਰਮੌਰ ਕਾਲਜਾਂ/ਯੂਨੀਵਰਸਿਟੀਆ ਦਾ ਕੋਈ ਅੰਦਰਲਾ ਜਾਣਕਾਰ ਬੰਦਾ ਇਹ ਗੱਲ ਪ੍ਰਵਾਨ ਕਰੇਗਾ ਕਿ ਮਿਆਰਾਂ ਦੇ ਇਸ ਖ਼ਬਤ ਦਾ ਅਰਥ ਤਿੰਨ ਲਾਜ਼ਮੀ ਗੱਲਾਂ ਹੁੰਦੀਆਂ ਹਨ: ਵਿਦਿਆਰਥੀਆਂ ਤੇ ਅਸਾਇਨਮੈਂਟਾਂ ਦੀ ਲਗਾਤਾਰ ਬੰਬਾਰੀ ਕਰਦੇ ਰਹਿਣਾ, ਉਨ੍ਹਾਂ ਤੇ ਕਾਰਗੁਜ਼ਾਰੀ ਦਿਖਾਉਣ ਦਾ ਅੱਤ ਦਾ ਦਬਾਅ ਪਾ ਕੇ ਉਤਪਾਦਕਤਾ ਦਾ ਛਲਾਵਾ ਸਿਰਜਣਾ ਅਤੇ ਸਭ ਤੋਂ ਵੱਧ ਗ੍ਰੇਡਿੰਗ ਤੇ ਰੈਂਕਿੰਗ ਉੱਤੇ ਇਕਤਰਫ਼ਾ ਜ਼ੋਰ ਦੇਣਾ। ਸਾਰਥਕ ਅਤੇ ਬੰਦ-ਖਲਾਸੀ ਵਾਲੀ ਸਿੱਖਿਆ ਦਾ ਹੋਰ ਕੋਈ ਰਾਹ ਨਾ ਹੋਣ ਕਰ ਕੇ ਅਕਾਦਮਿਕ ਨੌਕਰਸ਼ਾਹੀ ਕਿਸੇ ਕਾਲਜ/ਯੂਨੀਵਰਸਿਟੀ ਨੂੰ ਰੂਹਹੀਣ ਮਸ਼ੀਨ ਵਿਚ ਬਦਲਣ ਦੀ ਤਾਕ ਵਿਚ ਲੱਗੀ ਰਹਿੰਦੀ ਹੈ ਹਾਲਾਂਕਿ ਮਹਾਮਾਰੀ ਨੇ ਸਾਡੇ ਪ੍ਰਿੰਸੀਪਲਾਂ ਅਤੇ ਵਾਈਸ ਚਾਂਸਲਰਾਂ ਦੀ ਵੀ ਬੱਸ ਕਰਾ ਦਿੱਤੀ ਹੈ। ਅਧਿਆਪਕ ਤਾਂ ਉਂਜ ਵੀ ਇਸ ਮਸ਼ੀਨ ਦਾ ਪੁਰਜ਼ਾ ਬਣ ਕੇ ਰਹਿ ਗਏ ਹਨ ਜਿਨ੍ਹਾਂ ਦਾ ਕੰਮ ਬੱਸ ਇਨ੍ਹਾਂ ਟੈਕਨੋ-ਮੈਨੇਜਰਾਂ ਦੇ ਫ਼ਰਮਾਨ ਲਾਗੂ ਕਰਨਾ ਹੀ ਰਹਿ ਗਿਆ ਹੈ। ਸਿਤਮ ਦੀ ਗੱਲ ਇਹ ਹੈ ਕਿ ਇੰਨੇ ਜ਼ਿਆਦਾ ਮਾਨਸਿਕ ਸੰਤਾਪ, ਮੌਤ ਤੇ ਦੁੱਖਾਂ ਦੇ ਆਲਮ ਵਿਚ ਇਹ ਸੰਸਥਾਵਾਂ ਸਾਲਾਨਾ ਰਿਪੋਰਟਾਂ ਛਾਪ ਕੇ ਆਪੋ-ਆਪਣੀਆਂ ‘ਸਫ਼ਲਤਾਵਾਂ ਦੀਆਂ ਕਹਾਣੀਆਂ’ ਦਾ ਵਖ਼ਾਨ ਕਰਨ ਤੋਂ ਗੁਰੇਜ਼ ਨਹੀਂ ਕਰਨਗੀਆ: ਗੋਲਡ ਮੈਡਲਿਸਟਾਂ ਦੀ ਕਿੰਨੀ ਸੰਖਿਆ, ਕਿੰਨੇ ਵੈਬਿਨਾਰ ਕਰਵਾਏ ਗਏ, ਕਿੰਨੇ ਲੈਕਚਰ ਦਿਵਾਏ ਗਏ ਤੇ ਕਿੰਨੇ ਪੇਪਰ ਪ੍ਰਕਾਸ਼ਤ ਕਰਵਾਏ ਗਏ।
ਅਧਿਆਪਕ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਮਿਆਰ ਦੇ ਇਸ ਖ਼ਬਤ ਤੇ ਕਿੰਤੂ ਕਰਨਾ ਚਾਹੀਦਾ ਹੈ। ਮੇਰਾ ਪਹਿਲਾ ਨੁਕਤਾ ਇਹ ਹੈ ਕਿ ਹਰ ਸਾਲ ਇਹ ਖ਼ਬਤ ਜਵਾਨ ਮਨਾਂ ਦਾ ਸਤਿਆਨਾਸ ਕਰਦਾ ਹੈ। ਕੋਈ ਸ਼ਖ਼ਸ ਉਦੋਂ ਹੀ ਸਿੱਖ ਜਾਂ ਆਪਣਾ ਸਿੱਖਿਆ ਹੋਇਆ ਭੁਲਾ ਸਕਦਾ ਹੈ ਜਦੋਂ ਉਸ ਵਿਚ ਬਿਨਾਂ ਸ਼ਰਤ, ਦੋ-ਤਰਫ਼ਾ ਅਤੇ ਸ਼ਾਂਤ ਮਨ ਵਾਲੀ ਤਾਂਘ ਤੇ ਤੀਬਰਤਾ ਹੋਵੇ। ਜਦੋਂ ਵਿਦਿਆਰਥੀ ਨੂੰ ਰੱਟੇ ਦੀ ਮਸ਼ੀਨ ਵਿਚ ਬਦਲ ਦਿੱਤਾ ਜਾਂਦਾ ਹੈ ਤਾਂ ਉਸ ਵਿਚੋਂ ਸਿੱਖਣ ਦੇ ਇਹ ਗੁਣ ਖਾਰਜ ਹੋ ਜਾਂਦੇ ਹਨ ਤੇ ਉਹ ਅਜਿਹੀ ਮਸ਼ੀਨ ਬਣ ਕੇ ਰਹਿ ਜਾਂਦਾ ਹੈ ਜੋ ਬੇਹਿਸਾਬ ਸੈਮੀਨਾਰ ਪੇਪਰ, ਅਸਾਇਨਮੈਂਟਾਂ ਪੈਦਾ ਤੇ ਕਿਤਾਬਾਂ ਦੇ ਮੁਲੰਕਣ ਕਰਦੀ ਰਹਿੰਦੀ ਹੈ, ਜਾਂ ਫਿਰ ਇਮਤਿਹਾਨਾਂ ਵਿਚ ਕਿਤਾਬੀ ਜਵਾਬ ਦੇਣ ਵਿਚ ਖਪਦੀ ਰਹਿੰਦੀ ਹੈ। ਇਕ ਟਰਮ ਦੇ ਪੇਪਰ ਮੁੱਕਦੇ ਹਨ, ਦੂਜੀ ਦੇ ਸ਼ੁਰੂ ਹੋ ਜਾਂਦੇ ਹਨ, ਇਸ ਤਰ੍ਹਾਂ ਇਮਤਿਹਾਨ-ਦਰ-ਇਮਤਿਹਾਨ ਚਲਦੇ ਰਹਿੰਦੇ ਹਨ। ਅਜਿਹੇ ਵੇਲੇ ਜਦੋਂ ਮਹਾਮਾਰੀ ਦੇ ਦੌਰ ਵਿਚ ਮੌਤ ਮਹਿਜ਼ ਅੰਕੜਾ ਬਣ ਚੁੱਕੀ ਹੈ ਤਾਂ ਹੋਂਦ ਦੇ ਅਰਥ ਜਾਣਨ ਦਾ ਸਮਾਂ ਕੀਹਦੇ ਕੋਲ ਹੈ, ਉਹ ਵੀ ਉਦੋਂ ਜਦੋਂ ਖ਼ਬਰ ਦਾ ਅਰਥ ਸਾਡੀ ਪਵਿੱਤਰ ਨਦੀ ਵਿਚ ਤੈਰਦੀਆ ਲੋਥਾਂ ਦੀ ਇਕ ਹੋਰ ਕਹਾਣੀ ਤੱਕ ਸਿਮਟ ਗਿਆ ਹੈ। ਕਿਸੇ ਵਿਦਿਆਰਥੀ ਦੀ ਮਾਂ ਮਰ ਗਈ ਹੋਵੇ; ਜਾਂ ਕਿਸੇ ਹੋਰ ਦੀ ਮਾਂ ਹਸਪਤਾਲ ਵਿਚ ਆਕਸੀਜਨ ਦੇ ਸਹਾਰੇ ਸਾਹ ਗਿਣ ਰਹੀ ਹੋਵੇ, ਫਿਰ ਵੀ ਉਸ ਨੂੰ 5000 ਸ਼ਬਦਾਂ ਦਾ ਸੈਮੀਨਾਰ ਪੇਪਰ ਦੇਣਾ ਪੈਣਾ ਹੈ, ਤੇ ਯੂਨੀਵਰਸਿਟੀ ਦਾ ਹੁਕਮ ਹੈ ਕਿ ਮਿਥੀ ਹੋਈ ਮਿਤੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਤੁਹਾਡੇ ਮਿੱਤਰ-ਪਿਆਰੇ ਮਰਦੇ ਹਨ ਤਾਂ ਮਰਦੇ ਰਹਿਣ ਪਰ ‘ਅਕਾਦਮਿਕ ਮਿਆਰ’ ਹਰ ਹਾਲ ਕਾਇਮ ਰਹਿਣਾ ਚਾਹੀਦਾ ਹੈ। ਮੈਂ ਹੁਣ ਆਪਣੇ ਵਿਸ਼ੇ ਨੂੰ ਹੀ ਲੈਂਦਾ ਹਾਂ, ਵਿਦਿਆਰਥੀਆਂ ਨੂੰ ਫਰਾਂਸੀਸੀ ਉੱਤਰ-ਆਧੁਨਿਕ ਚਿੰਤਕਾਂ ਬਾਰੇ ਪੇਸ਼ਕਾਰੀ ਦੀ ਵਿਧਾ ਦੀ ਮੁਹਾਰਤ ਹੋਣੀ ਲਾਜ਼ਮੀ ਹੈ। ਮੈਂ ਤਾਂ ਇਸ ਨੂੰ ਬੇਹੂਦਗੀ ਕਹਾਂਗਾ। ਇਹ ਸੰਵੇਦਨਾ ਨੂੰ ਕੁੰਦ ਕਰਦੀ ਹੈ ਤੇ ਅਹਿਸਾਸ ਨੂੰ ਮਾਰ ਦਿੰਦੀ ਹੈ।
ਮੇਰਾ ਦੂਜਾ ਨੁਕਤਾ ਇਹ ਹੈ ਕਿ ਆਮ ਹਾਲਾਤ ਵਿਚ ਵੀ ਇਸ ਕਿਸਮ ਦੀ ਮਹਾਮਾਰੀ ਮੌਲਿਕਤਾ, ਪ੍ਰਮਾਣਿਕ ਪ੍ਰਗਟਾਵੇ ਅਤੇ ਅਨੂਠੇ ਤੇ ਆਜ਼ਾਦਾਨਾ ਵਿਸ਼ਲੇਸ਼ਣ ਨੂੰ ਖਤਮ ਕਰ ਦਿੰਦੀ ਹੈ। ਦਰਅਸਲ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਾਹਿਤਕ/ਅਧਿਐਨ ਚੋਰੀ (ਪਲੇਜਿਰਿਜ਼ਮ) ਦੀਆਂ ਜੜ੍ਹਾਂ ਇਸੇ ਵਿਚੋਂ ਫੁੱਟਦੀਆਂ ਹਨ। ਇੱਥੋਂ ਤੱਕ ਕਿ ਜਦੋਂ ਕਿਸੇ ਦੀ ਪੁਸਤਕ ਅਤੇ ਹਵਾਲਾ ਸੂਚੀ ਤਕਨੀਕੀ ਤੌਰ ਤੇ ਤਰਤੀਬ ਵਿਚ ਵੀ ਹੋਵੇ ਅਤੇ ਸਾਫਟਵੇਅਰ ਪ੍ਰਮਾਣਿਕ ਦਸਤਾਵੇਜ਼ ਦੇ ਤੌਰ ਤੇ ਤਸਦੀਕ ਵੀ ਕਰ ਦੇਵੇ ਤਾਂ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸ ਦਾ ਦਸਤਾਵੇਜ਼ ਪ੍ਰਮਾਣਿਕ ਤੇ ਮੌਲਿਕ ਹੈ। ਕਾਰਨ ਇਹ ਹੈ ਕਿ ਵਿਦਿਆਰਥੀ ਖਪਤਕਾਰ ਬਣਾ ਦਿੱਤੇ ਗਏ ਹਨ; ਉਨ੍ਹਾਂ ਦੇ ਪ੍ਰੋਫੈਸਰ ਉਨ੍ਹਾਂ ਨੂੰ ਹਰ ਕਿਸਮ ਦਾ ਕਿਤਾਬੀ ਗਿਆਨ ਡੀਕ ਜਾਣ ਲਈ ਆਖਦੇ ਰਹਿੰਦੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਡੀਕੇ ਗਏ ਇਸ ਗਿਆਨ ਦੀ ਸਮਕਾਲ ਵਿਚ ਕੋਈ ਸਾਰਥਿਕਤਾ ਹੈ ਵੀ ਜਾਂ ਨਹੀਂ ਤੇ ਯੂਰੋਪੀਅਨ-ਅਮਰੀਕਨ ਵਿਦਵਾਨਾਂ ਵਲੋਂ ਇਸ ਤੇ ਪ੍ਰਵਾਨਗੀ ਦੀ ਮੋਹਰ ਨਹੀਂ ਲਾਈ ਜਾਂਦੀ।
ਤੱਥ ਇਹ ਹੈ ਕਿ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ਾਇਦ ਹੀ ਕਦੇ ਉਨ੍ਹਾਂ ਦੇ ਆਪਣੇ ਵਿਲੱਖਣ ਢੰਗ ਮੁਤਾਬਕ ਦੁਨੀਆ ਨੂੰ ਚਿਤਵਣ ਅਤੇ ਵਿਉਂਤਣ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਲਿਹਾਜ਼ਾ, ਮੇਰੇ ਕੋਲ ਉਦੋਂ ਜਸ਼ਨ ਮਨਾਉਣ ਦਾ ਕੋਈ ਕਾਰਨ ਨਹੀਂ ਹੁੰਦਾ ਜਦੋਂ ਸਮਾਜ ਸ਼ਾਸਤਰ ਦੇ ਸਾਡੇ ‘ਟੌਪਰ’ ਲੀਵਾਇ ਸਟਰੌਸ, ਮਿਸ਼ੈਲ ਫੂਕੋ ਅਤੇ ਜੂਡਿਥ ਬਟਲਰ ਵਲੋਂ ਰਚੇ ਗ੍ਰੰਥਾਂ ਦਾ ਤੋਤਾ ਰਟਨ ਕਰਦੇ ਹਨ। ਨਕਲ ਤਾਂ ਨਕਲ ਹੈ, ਫਿਰ ਭਾਵੇਂ ਇਹ ਕਿਸੇ ਗਾਈਡ ਬੁੱਕ ਤੋਂ ਮਾਰੀ ਗਈ ਹੋਵੇ, ਜਾਂ ਫਿਰ ਆਪਣੀ ਕਿਸੇ ਠੋਸ ਵਿਆਖਿਆ ਤੋਂ ਬਗ਼ੈਰ ਉੱਘੇ ਚਿੰਤਕਾਂ ਦੇ ਕਥਨ ਚੁਸਤੀ ਨਾਲ ਵਰਤ ਲਏ ਜਾਣ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਸਾਡਾ ਅਧਿਆਪਨ ਵੀ ਸਾਹਿਤ ਚੋਰੀ ਦੀ ਅਲਾਮਤ ਤੋਂ ਮੁਕਤ ਨਹੀਂ ਹੈ। ਮਹਾਮਾਰੀ ਦੇ ਸਮਿਆਂ ਵਿਚ ਤਾਂ ਇਹ ਚਿੱਟੇ ਦਿਨ ਵਾਂਗ ਉੱਘੜ ਕੇ ਸਾਹਮਣੇ ਆ ਗਈ ਹੈ। ਸਮਾਜ ਸ਼ਾਸਤਰੀ ਦੇ ਤੌਰ ਤੇ ਅਕਸਰ ਮੈਂ ਆਪਣੇ ਆਪ ਤੋਂ ਪੁੱਛਦਾ ਰਹਿੰਦਾ ਹਾਂ: ਹੁਣ ਜਦੋਂ ਇਕ ਦੂਜੇ ਤੋਂ ਦੂਰੀ ਦਾ ਅੱਜ ਦਾ ਨਵਾਂ ਰੁਝਾਨ ਤੈਅ ਕਰ ਦਿੱਤਾ ਗਿਆ ਹੈ ਤਾਂ ਕੀ ਮੈਨੂੰ ਇਮਾਇਲ ਦੁਰਖ਼ਾਇਮ ਦੇ ‘ਸੋਸ਼ਲ’ ਸਿਧਾਂਤ ਬਾਰੇ ਪੜ੍ਹਾਉਂਦੇ ਰਹਿਣਾ ਚਾਹੀਦਾ ਹੈ? ਜਾਂ ਕੀ ਜਦੋਂ ਖ਼ਾਸਕਰ ਪਰਵਾਸੀ ਕਾਮਿਆਂ ਦੀ ਘਰ ਵਾਪਸੀ ਹੋ ਰਹੀ ਹੋਵੇ, ਬੇਰੁਜ਼ਗਾਰੀ ਦਾ ਦੈਂਤ ਮੂੰਹ ਅੱਡੀ ਖੜ੍ਹਾ ਹੋਵੇ ਅਤੇ ਇਕ ਨਵੇਂ ਕਿਸਮ ਦੀ ਛੂਤ-ਛਾਤ ਨੇ ਸਾਡੇ ਪਿੰਡਾਂ ਦਾ ਸਮਾਜਿਕ ਧਰਾਤਲ ਬਦਲ ਦਿੱਤਾ ਹੈ ਤਾਂ ਕੀ ਮੈਨੂੰ ਐੱਮਐੱਨ ਸ੍ਰੀਨਿਵਾਸ ਦੀਆਂ ਲਿਖਤਾਂ ਪੜ੍ਹਾਉਣੀਆਂ ਚਾਹੀਦੀਆਂ ਹਨ ਜੋ ਉਨ੍ਹਾਂ ਆਪਣੇ ਸਮਿਆਂ ਵਿਚ ਭਾਰਤੀ ਪਿੰਡਾਂ ਦੀ ਜ਼ਿੰਦਗੀ ਅੱਖੀਂ ਦੇਖ ਕੇ ਰਚੀਆਂ ਸਨ?
ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਰੋਣ-ਧੋਣ ਤੋਂ ਬਿਨਾਂ ਹੋਰ ਕੁਝ ਨਹੀਂ ਸੁੱਝਣਾ ਚਾਹੀਦਾ, ਜਾਂ ਫਿਰ ਡਿਪ੍ਰੈਸ਼ਨ ਰੋਕੂ ਦਵਾਈਆਂ ਲੈਣੀਆਂ ਚਾਹੀਦੀਆਂ ਹਨ; ਨਾ ਹੀ ਮੈਂ ਇਹ ਕਹਿ ਰਿਹਾ ਹਾਂ ਕਿ ਸਾਡੇ ਕਾਲਜਾਂ/ਯੂਨੀਵਰਸਿਟੀਆਂ ਨੂੰ ਇਤਿਹਾਸ ਤੇ ਅਕਾਊਂਟੈਂਸੀ, ਜੀਵ ਵਿਗਿਆਨ ਤੇ ਮੈਨੇਜਮੈਂਟ ਜਾਂ ਪਲੈਟੋ ਤੇ ਅਰਸਤੂ ਬਾਰੇ ਪੜ੍ਹਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਮੈਂ ਮੰਨਦਾ ਹਾਂ ਕਿ ਆਨਲਾਈਨ ਕਲਾਸਾਂ ਦੀਆਂ ਸੀਮਤਾਈਆਂ ਦੇ ਬਾਵਜੂਦ ਇਨ੍ਹਾਂ ਦੀ ਭੂਮਿਕਾ ਬਣਦੀ ਹੈ ਪਰ ਸਾਨੂੰ ਇਹ ਅਹਿਸਾਸ ਕਰਨਾ ਪੈਣਾ ਹੈ ਕਿ ਅਕਾਦਮਿਕ ਮਿਆਰ ਦਾ ਕੋਈ ਮਤਲਬ ਨਹੀਂ ਰਹਿੰਦਾ, ਜੇ ਇਹ ਮਹਿਜ਼ ਅਜਿਹੀ ਮਾਪਣਯੋਗ ਦਰਜਾਬੰਦੀ ਦੇ ਤੌਰ ਤੇ ਅਧਿਆਪਕਾਂ ਵਲੋਂ ਪੱਤ੍ਰਿਕਾਵਾਂ ਵਿਚ ਛਪੇ ‘ਅਤਿ ਪ੍ਰਭਾਵਸ਼ਾਲੀ’ ਪੇਪਰਾਂ ਦੀ ਸੰਖਿਆ ਬਣ ਕੇ ਜਾਂ ਫਿਰ ਵਿਦਿਆਰਥੀਆਂ ਨੂੰ ਮਿਲੀਆਂ ਕੌਮਾਂਤਰੀ ਫੈਲੋਸ਼ਿਪਾਂ ਦਾ ਅੰਕੜਾ ਬਣ ਕੇ ਰਹਿ ਜਾਂਦਾ ਹੈ। ਦਰਅਸਲ, ਇਕ ਹੀ ਮਿਆਰ ਮਾਇਨੇ ਰੱਖਦਾ ਹੈ ਕਿ ਕੀ ਸਿਖਿਅਕ ਦੇ ਤੌਰ ਤੇ ਅਸੀਂ ਸੰਵੇਦਨਸ਼ੀਲ ਅਤੇ ਹਮਦਰਦ ਭਾਵੀ (ਬੇਚੈਨ ਮੁਕਾਬਲੇਬਾਜ਼ ਨਹੀਂ) ਬਣੇ ਹਾਂ, ਕੀ ਕਰੁਣਾ ਤੇ ਵਿਵੇਕਸ਼ੀਲ (ਡਿਗਰੀਆਂ ਤੇ ਸਰਟੀਫਿਕੇਟਾਂ ਦੀ ਹਉਂ ਦੇ ਪੁਤਲੇ ਨਹੀਂ) ਬਣੇ ਹਾਂ ਜਾਂ ਨਹੀਂ। ਯਕੀਨ ਜਾਣਿਓਂ, ਜੇ ਗਿਆਨ ਨੂੰ ਨੈਤਿਕਤਾ, ਹੁਨਰ ਨੂੰ ਸਮਾਜਿਕ ਜ਼ਿੰਮੇਵਾਰੀ ਅਤੇ ਸਾਇੰਸ ਨੂੰ ਰੂਹਾਨੀਅਤ ਨਾਲੋਂ ਤੋੜ ਦਿੱਤਾ ਜਾਵੇ ਤਾਂ ਸਾਡੀਆਂ ਉਚ-ਦੁਮਾਲੜੀਆਂ ਯੂਨੀਵਰਸਿਟੀਆ ਇਨਸਾਨੀਅਤ ਦੇ ਡੱਕਾ ਕੰਮ ਦੀਆਂ ਨਹੀਂ ਰਹਿਣਗੀਆਂ। ਜ਼ਮੀਰ ਤੋਂ ਵਿਰਵੇ ਮਾਹਿਰਾਂ ਤੇ ਕੋਮਲ ਭਾਵ ਤੋਂ ਸੱਖਣੇ ਟੌਪਰਾਂ ਦਾ ਅਸੀਂ ਕੀ ਕਰਾਂਗੇ, ਜ਼ਿੰਦਾਦਿਲੀ ਤੋਂ ਬਗ਼ੈਰ ਕਿਤਾਬਾਂ ਵਿਚੋਂ ਕੀ ਕੱਢਾਂਗੇ? ਠੀਕ ਇਵੇਂ ਹੀ ਟੀਐੱਸ ਇਲੀਅਟ ਨੇ ਵੀ ਇਕ ਥਾਂ ਲਿਖਿਆ ਹੈ: ‘ਜਿੱਥੇ ਗਿਆਨ ਵਿਚੋਂ ਸੋਝੀ ਗੁਆਚ ਜਾਂਦੀ ਹੈ/ਜਿੱਥੇ ਸੂਚਨਾ ਵਿਚੋਂ ਗਿਆਨ ਬਿਖਰ ਜਾਂਦਾ ਹੈ?’
ਕੀ ਸਾਡੇ ਅਕਾਦਮਿਕ ਨੌਕਰਸ਼ਾਹ ਇਸ ‘ਤੇ ਗ਼ੌਰ ਕਰਨਗੇ?
*ਲੇਖਕ ਸਮਾਜ ਸ਼ਾਸਤਰੀ ਹੈ।