ਟੀਐੱਨ ਨੈਨਾਨ
ਕਿਸੇ ਨੇ ਕਿਹਾ ਹੈ ਕਿ ਸਾਲ 2021 ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਖ਼ਤਮ ਹੋ ਗਿਆ ਹੈ। ਹਾਲਾਂਕਿ ਪਿਛਲੇ ਸਾਲ ਵਿਚ ਫੈਲੇ ਵਾਇਰਸ ਨਵੇਂ ਸਾਲ ਵਿਚ ਵੀ ਪ੍ਰਵੇਸ਼ ਕਰ ਜਾਣ ਦਾ ਚੋਖਾ ਡਰ ਬਣਿਆ ਹੋਇਆ ਹੈ ਪਰ ਤਾਂ ਵੀ ਇਸ ਫ਼ਿਕਰੇ ‘ਚੋਂ ਡਲਕ ਰਹੇ ਖੁਸ਼ਕ ਰੌਂਅ ਦੀ ਸਮਝ ਪੈਂਦੀ ਹੈ। ਇਸ ਦੇ ਬਾਵਜੂਦ, ਨਵੇਂ ਸਾਲ ਵੱਲ ਤੱਕਦਿਆਂ ਕੁਝ ਹਾਂਦਰੂ ਰੁਝਾਨਾਂ ਨੂੰ ਨਜ਼ਰਅੰਦਾਜ਼ ਕਰਨਾ ਗ਼ਲਤੀ ਹੋਵੇਗੀ ਤੇ ਇਸ ਦੀ ਸ਼ੁਰੂਆਤ ਖੇਡਾਂ ਦੇ ਖੇਤਰ ਤੋਂ ਕਰਦੇ ਹਾਂ। ਬਿਨਾਂ ਸ਼ੱਕ, ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ‘ਚ ਸਾਲ ਭਰ ਹੀ ਭਾਰਤ ਛਾਇਆ ਰਿਹਾ ਪਰ ਸਭ ਤੋਂ ਗ਼ੌਰਤਲਬ ਪ੍ਰਦਰਸ਼ਨ ਓਲੰਪਿਕਸ ਵਿਚ ਰਿਹਾ ਹੈ ਜੋ ਭਵਿੱਖ ਲਈ ਵੀ ਆਸਾਂ ਜਗਾਉਂਦਾ ਹੈ। ਮੰਨਣਾ ਪਵੇਗਾ ਕਿ ਤਗਮਿਆਂ ਦੀ ਗਿਣਤੀ ਅਜੇ ਤਾਈਂ ਬਹੁਤੀ ਨਹੀਂ ਹੈ ਪਰ ਮੈਦਾਨੀ ਹਾਕੀ ਵਿਚ ਮੁੜ ਜਾਨ ਪੈ ਗਈ ਹੈ, ਟਰੈਕ ਐਂਡ ਫੀਲਡ ਮੁਕਾਬਲਿਆਂ ਵਿਚ ਭਰਵਾਂ ਪ੍ਰਦਰਸ਼ਨ ਰਿਹਾ ਹੈ, ਬੈਡਮਿੰਟਨ ਵਿਚ ਮਜ਼ਬੂਤੀ ਬਣੀ ਹੋਈ ਹੈ ਅਤੇ ਕੁਸ਼ਤੀਆਂ (ਖ਼ਾਸਕਰ ਮਹਿਲਾ ਵਰਗ ਵਿਚ), ਵੇਟਲਿਫਟਿੰਗ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਦਰਮਿਆਨੀ ਦੂਰੀ ਦੀਆਂ ਦੌੜਾਂ ਅਤੇ ਗੌਲਫ਼ ਵਿਚ ਵੀ ਚੰਗੇ ਨਤੀਜਿਆਂ ਦੀ ਆਸ ਬੱਝਦੀ ਹੈ। ਫੁਟਬਾਲ ਜਿਹੇ ਖੇਡ ਮੁਕਾਬਲਿਆਂ ਵਿਚ ਕੋਈ ਮੁਕਾਮ ਬਣਾਉਣ ਲਈ ਅਜੇ ਕਾਫ਼ੀ ਸਮਾਂ ਲੱਗ ਸਕਦਾ ਹੈ ਜਿਸ ਵਾਸਤੇ ਬਹੁਤ ਜ਼ਿਆਦਾ ਤਾਕਤ ਤੇ ਰਫ਼ਤਾਰ, ਦਮਖ਼ਮ ਅਤੇ ਬਿਨਾਂ ਸ਼ੱਕ ਪ੍ਰਤਿਭਾ ਤੇ ਹੁਨਰ ਦਰਕਾਰ ਹੈ ਜਿਸ ਕਰ ਕੇ ਇਸ ਵਿਚ ਕਾਫ਼ੀ ਕੰਮ ਕਰਨਾ ਪੈਣਾ ਹੈ।
ਇਸ ਤੋਂ ਬਾਅਦ ਸ਼ੇਅਰ ਬਾਜ਼ਾਰ ਦਾ ਨੰਬਰ ਆਉਂਦਾ ਹੈ। ‘ਫਾਇਨੈਂਸ਼ੀਅਲ ਟਾਈਮਜ਼’ ਨੇ ਐਮਐਸਸੀਆਈ (ਮੌਰਗਨ ਸਟੈਨਲੀ ਕੈਪੀਟਲ ਇੰਟਰਨੈਸ਼ਨਲ) ਦੇ ਸੂਚਕ ਅੰਕਾਂ ਦਾ ਹਵਾਲਾ ਦਿੰਦਿਆਂ ਆਖਿਆ ਹੈ ਕਿ ਉਭਰਦੇ ਅਰਥਚਾਰਿਆਂ ਅੰਦਰ ਹਾਲੀਆ ਸਾਲਾਂ ਦੌਰਾਨ ਸ਼ੇਅਰ ਬਾਜ਼ਾਰਾਂ ਦੀ ਮਾੜੀ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਹੈ ਪਰ ਭਾਰਤ ਦੇ ਮਾਮਲੇ ‘ਚ ਇਹ ਗੱਲ ਸੱਚ ਨਹੀਂ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਸ਼ੇਅਰਾਂ ਦੀ ਕੀਮਤ ਦਹਾਈ ਦੇ ਅੰਕਾਂ ਵਿਚ ਚਲੀ ਆ ਰਹੀ ਹੈ ਅਤੇ 2008 ਦੇ ਵਿੱਤੀ ਸੰਕਟ ਤੋਂ ਬਾਅਦ ਇਹੀ ਇਕਮਾਤਰ ਦੌਰ ਹੈ ਜਿਸ ਵਿਚ ਅਜਿਹੀ ਬਿਹਤਰੀ ਨਜ਼ਰ ਆਈ ਹੈ।
ਤੀਜਾ ਜ਼ਾਹਰਾ ਹਾਂਦਰੂ ਪਹਿਲੂ ਹੈ ਦੇਸ਼ ਦੀ ਉਦਮੀ ਹੁਨਰ ਦੀ ਸੰਪਦਾ। ਇਹ ਕੋਈ ਅਸਲੋਂ ਨਵਾਂ ਵਰਤਾਰਾ ਨਹੀਂ ਹੈ। ਪਿਛਲੇ ਤਿੰਨ ਦਹਾਕਿਆਂ ਦੌਰਾਨ ਭਾਰਤ ਨੇ ਸੁਨੀਲ ਮਿੱਤਲ, ਉਦੈ ਕੋਟਕ ਜਿਹੇ ਪਹਿਲੀ ਪੀੜ੍ਹੀ ਦੇ ਉਦਮੀ ਪੈਦਾ ਕੀਤੇ ਹਨ ਜਿਨ੍ਹਾਂ ‘ਚੋਂ ਕਈ ਸਾਫਟਵੇਅਰ ਸੇਵਾਵਾਂ, ਫਾਰਮਾ ਖੇਤਰ ਆਦਿ ਦੇ ਅਲੰਬਰਦਾਰ ਬਣੇ ਹੋਏ ਹਨ ਅਤੇ ਇਨ੍ਹਾਂ ਦੇ ਨਾਲ ਹੀ ਮੁੰਜਾਲਾਂ ਜਿਹੇ ਦੇਸ਼ ਦੇ ਅੰਦਰੋਂ ਪੈਦਾ ਹੋਣ ਵਾਲੇ ਆਟੋ ਉਦਮੀ ਵੀ ਮੌਜੂਦ ਹਨ। ਇਹ ਅਤੇ ਇਨ੍ਹਾਂ ਜਿਹੇ ਹੋਰ ਉਦਮੀ ਉਨ੍ਹਾਂ ਖੇਤਰਾਂ ਦੀ ਅਗਵਾਈ ਕਰ ਰਹੇ ਹਨ ਜੋ ਵਡੇਰੇ ਰੂਪ ਵਿਚ ਅਰਥਚਾਰੇ ਨੂੰ ਅਗਾਂਹ ਵਧਾਉਣ ਲਈ ਊਰਜਾ ਮੁਹੱਈਆ ਕਰਵਾ ਰਹੇ ਹਨ। ਅਜੇ ਇਹ ਦੇਖਣਾ ਬਾਕੀ ਹੈ ਕਿ ਜਿਹੜੇ ਉਦਮੀ ਅੱਜ ਉਭਰ ਰਹੇ ਖੇਤਰਾਂ (ਇਲੈਕਟ੍ਰਿਕ ਵਾਹਨ, ਸਵੱਛ ਊਰਜਾ, ਇਲੈਕਟ੍ਰਾਨਿਕ ਉਪਕਰਨ ਨਿਰਮਾਣ ਅਤੇ ਪਰਚੂਨ) ਅਤੇ ਤਕਨੀਕੀ ਮੁਹਾਰਤ ਵਾਲੀਆਂ ਕੰਪਨੀਆਂ ਦੇ ਮੋਹਰੀ ਬਣੇ ਹੋਏ ਹਨ, ਕੀ ਉਹ ਕਾਬਿਲ ਉਤਰਾਧਿਕਾਰੀ ਸਾਬਿਤ ਹੋ ਸਕਣਗੇ। ਇਹ ਇਸ ਗੱਲ ‘ਤੇ ਮੁਨੱਸਰ ਕਰਦਾ ਹੈ ਕਿ ਕੀ ਇਨ੍ਹਾਂ ਦੇ ਕਾਰੋਬਾਰਾਂ ਦੀਆਂ ਜੜ੍ਹਾਂ ਪੁਖ਼ਤਾ ਕਾਰੋਬਾਰੀ ਤਰਕ ਅਤੇ ਇਖ਼ਲਾਕ ਵਿਚ ਜਮੀਆਂ ਹੋਈਆਂ ਹਨ ਜਾਂ ਨਹੀਂ – ਜੋ ਪਿਛਲੇ ਦਹਾਕਿਆਂ ਵਿਚ ਮੂਧੇ ਮੂੰਹ ਡਿੱਗੇ ਰੀਅਲ ਅਸਟੇਟ, ਬੁਨਿਆਦੀ ਢਾਂਚੇ ਅਤੇ ਹਵਾਬਾਜ਼ੀ ਜਿਹੇ ਤਬਦੀਲੀ ਦੇ ਦੌਰ ਦੀ ਅਗਵਾਈ ਕਰਨ ਵਾਲੇ ਉਦਮੀਆਂ ਤੋਂ ਵੱਖਰੇ ਹਨ।
ਚੌਥਾ, ਵੱਡੇ ਪੈਮਾਨੇ ‘ਤੇ ਟੀਚਾਬੱਧ ਢੰਗ ਨਾਲ ਅਤੇ ਮੁੱਖ ਤੌਰ ‘ਤੇ ਤਕਨਾਲੋਜੀ ਦਾ ਲਾਹਾ ਉਠਾ ਕੇ ਕਲਿਆਣਕਾਰੀ ਲਾਭ ਮੁਹੱਈਆ ਕਰਵਾਉਣ ਦੀ ਸਰਕਾਰ ਦੀ ਸਮੱਰਥਾ ਦਾ ਜ਼ਿਕਰ ਕਰਨ ਤੋਂ ਵੀ ਖੁੰਝਣਾ ਨਹੀਂ ਚਾਹੀਦਾ, ਜਿਸ ਬਾਰੇ ਬਹੁਤਿਆਂ ਦੇ ਮਨਾਂ ਵਿਚ ਸ਼ੰਕੇ ਉੱਠਦੇ ਹਨ। ਇਸ ਦਾ ਸਿਹਰਾ ਮੁੱਖ ਤੌਰ ‘ਤੇ ਪ੍ਰਧਾਨ ਮੰਤਰੀ ਨੂੰ ਜਾਣਾ ਚਾਹੀਦਾ ਹੈ ਪਰ ਨੌਕਰਸ਼ਾਹਾਂ ਅਤੇ ਤਕਨੀਕੀ ਉਦਮੀ ਵੀ ਇਸ ਦੇ ਹੱਕਦਾਰ ਹਨ ਜਿਨ੍ਹਾਂ ਇਸ ਦੇ ਵਿਹਾਰਕ ਪੱਖਾਂ ਵਿਚ ਕਾਫ਼ੀ ਯੋਗਦਾਨ ਦਿੱਤਾ ਹੈ। ਇਸ ਗੱਲ ਦੀ ਕਾਮਨਾ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਕੀ ਮਿਆਰੀ ਮੁਢਲੀ ਸਿੱਖਿਆ ਅਤੇ ਵਿਆਪਕ ਸਿਹਤ ਸੰਭਾਲ ਵਿਚ ਇਵੇਂ ਦਾ ਕੰਮ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਅਣਹੋਂਦ ਕਰ ਕੇ ਦੇਸ਼ ਪਛੜਿਆ ਹੋਇਆ ਹੈ।
ਪੰਜਵਾਂ, ਦੇਸ਼ ਨੂੰ ਵਧ ਰਹੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਇਕ ਹੰਢਣਸਾਰ ਰੱਖਿਆ ਉਤਪਾਦਨ ਆਧਾਰ ਵਿਕਸਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਮਾਯੂਸੀ ਭਰੇ ਕਈ ਦਹਾਕੇ ਬੀਤ ਗਏ ਹਨ ਅਤੇ ਹੁਣ ਇਕ ਵਧੇਰੇ ਸਫਲ ਪੜਾਅ ਲਈ ਦਰ ਖੁੱਲ੍ਹ ਗਏ ਹਨ। ਹਲਕੇ ਲੜਾਕੂ ਹੈਲੀਕਾਪਟਰਾਂ ਦੀ ਤਰ੍ਹਾਂ ਹੀ ਹਲਕੇ ਲੜਾਕੂ ਹਵਾਈ ਜਹਾਜ਼ਾਂ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਭਾਰਤ ਨੇ ਦੇਸ਼ ਅੰਦਰ ਹਵਾਈ ਜਹਾਜ਼ ਜਲਪੋਤ ਤਿਆਰ ਕਰ ਲਿਆ ਹੈ, ਪਰਮਾਣੂ ਊਰਜਾ ਨਾਲ ਚੱਲਣ ਵਾਲੀ ਦੂਜੀ ਪਣਡੁੱਬੀ ਬੇੜੇ ਵਿਚ ਸ਼ਾਮਲ ਕਰਨ ਲਈ ਤਿਆਰ ਹੈ ਅਤੇ ਮਿਸਾਈਲਾਂ ਦੀ ਇਕ ਪੂਰੀ-ਸੂਰੀ ਲੜੀ ਵਿਕਸਤ ਕਰ ਲਈ ਹੈ। ਜ਼ਾਹਰਾ ਤੌਰ ‘ਤੇ ਸਫਲਤਾ ਦੀਆਂ ਇਨ੍ਹਾਂ ਕਹਾਣੀਆਂ ਦਾ ਮੁੱਢ ਸਪਲਾਇਰ ਕੰਪਨੀਆਂ ਦੇ ਵਡੇਰੇ ਆਧਾਰ ਵਿਚ ਪਿਆ ਹੈ ਜਿਨ੍ਹਾਂ ਵਿਚ ਜ਼ਿਆਦਾਤਰ ਦਰਮਿਆਨੇ ਅਤੇ ਕੁਝ ਲਘੂ ਖੇਤਰ ਦੀਆਂ ਕੰਪਨੀਆਂ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਕੰਪਨੀਆਂ ਦਾ ਉਤਪਾਦਨ ਚੱਕਰ ਅਜੇ ਵੀ ਬਹੁਤ ਲੰਮਾ ਹੈ ਜਿਸ ਨੂੰ ਘੱਟ ਕਰਨਾ ਜ਼ਰੂਰੀ ਹੈ। ਉਂਝ, ਦੁਨੀਆਂ ਭਰ ਵਿਚ ਰੱਖਿਆ ਸਾਜ਼ੋ-ਸਾਮਾਨ ਦਾ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਹੁਣ ਸ਼ਾਇਦ ਅਹਿਮ ਉਤਪਾਦਕ ਬਣਨ ਵੱਲ ਵਧ ਰਿਹਾ ਹੈ।
ਅਖੀਰ ‘ਚ ਤੇਜ਼ ਰਫ਼ਤਾਰ ਪੱਛਮੀ ਰੇਲਵੇ ਮਾਲਭਾੜਾ ਲਾਂਘੇ ਅਤੇ ਨਵੇਂ ਐਕਸਪ੍ਰੈਸਵੇਜ਼ ਅਤੇ ਹਾਈਵੇਜ਼ ਦੀ ਬਿਹਤਰ ਸੜਕੀ ਢਾਂਚੇ ਦੇ ਨਿਰਮਾਣ ਨਾਲ ਦੇਸ਼ ਦੇ ਭੌਤਿਕ ਬੁਨਿਆਦੀ ਢਾਂਚੇ ਵਿਚ ਪਿਛਲੇ ਲੰਮੇ ਅਰਸੇ ਤੋਂ ਕੀਤੇ ਗਏ ਨਿਵੇਸ਼ ਦੇ ਨਤੀਜੇ ਅਗਲੇ ਕੁਝ ਸਾਲਾਂ ਵਿਚ ਸਾਹਮਣੇ ਆ ਸਕਦੇ ਹਨ। ਬਿਜਲੀ ਦੀ ਕਮੀ ਦਾ ਦੌਰ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ (ਹਾਲਾਂਕਿ ਬਿਜਲੀ ਸੈਕਟਰ ਦਰਾਂ ਘੱਟ ਹੋਣ ਕਰ ਕੇ ਕਈ ਸੰਕਟਾਂ ਨਾਲ ਜੂਝ ਰਿਹਾ ਹੈ), ਦੂਰਸੰਚਾਰ ਕ੍ਰਾਂਤੀ ਆ ਚੁੱਕੀ ਹੈ, ਇੰਟਰਨੈੱਟ ਤੇ ਮੋਬਾਈਲ ਬੈਂਕਿੰਗ ਅਤੇ ਕਈ ਹੋਰ ਵਿੱਤ-ਤਕਨੀਕੀ ਸੇਵਾਵਾਂ ਜ਼ਰੀਏ ਕਰੋੜਾਂ ਲੋਕਾਂ ਦੇ ਝੰਜਟ ਖ਼ਤਮ ਹੋ ਗਏ ਹਨ, ਹਵਾਈ ਸਫ਼ਰ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਕਿਫ਼ਾਇਤੀ ਹੋ ਗਿਆ ਹੈ ਅਤੇ ਹੁਣ ਅਸੀਂ ਜਲਦੀ ਹੀ ਹੋਰ ਵਧੇਰੇ ਤੇਜ਼ ਰਫ਼ਤਾਰ, ਵਧੇਰੇ ਆਰਾਮਦਾਇਕ ਮੁਸਾਫ਼ਰ ਰੇਲਗੱਡੀਆਂ ਦੀ ਇਕ ਨਵੀਂ ਰੇਂਜ ਦੇਖ ਸਕਦੇ ਹਾਂ। ਇਸ ਲਈ ‘ਸਰਲ ਤੇ ਸੌਖੀ ਜ਼ਿੰਦਗੀ’ ਦੀ ਗੂੰਜਾਰ ਪੈਣ ਲੱਗ ਪਈ ਹੈ। ਸਾਡਾ ਮੁਲਕ ਆਮ ਤੌਰ ‘ਤੇ ਜਾਂ ਅਕਸਰ ਹੀ ਆਪਣੀਆਂ ਕਮੀਆਂ ਲੱਭਣ ‘ਤੇ ਧਿਆਨ ਲਾਈ ਰੱਖਦਾ ਹੈ ਜਦਕਿ ਸਾਲ ਦੀ ਸ਼ੁਰੂਆਤ ‘ਚ ਕਿਸੇ ਨੂੰ ਕੁਝ ਹਾਂਦਰੂ ਪੱਖਾਂ ਦੀ ਯਾਦ ਦਿਵਾਉਣਾ ਇਕ ਸ਼ੁਭ ਸ਼ਗਨ ਸਾਬਿਤ ਹੋ ਸਕਦਾ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।