ਨੀਰਾ ਚੰਡੋਕ
ਅਯੁੱਧਿਆ ਵਿਚ ਰਾਮ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤ ਵਿਚ ਜਨੂਨੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਹ ਮੰਦਰ ਉਸੇ ਜਗ੍ਹਾ ਬਣਾਇਆ ਗਿਆ ਹੈ ਜਿੱਥੇ ਬਾਬਰੀ ਮਸਜਿਦ ਧਰਮ ਨਿਰਪੱਖਤਾ ਦੇ ਭਾਰਤੀ ਤਸੱਵੁਰ ਦਾ ਪ੍ਰਤੀਕ ਬਣ ਕੇ ਖੜ੍ਹੀ ਸੀ ਜਿਸ ਦਾ ਭਾਵ ਸੀ ਕਿ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਅੱਜ ਸਿਆਸੀ ਰੰਗਤ ਵਾਲੇ ਧਰਮ ਦਾ ਪ੍ਰਭਾਵ ਭਾਰਤੀ ਜਨਮਾਨਸ ਉਪਰ ਇਸ ਕਦਰ ਹਾਵੀ ਹੋ ਗਿਆ ਹੈ ਕਿ ਇਸ ਨੇ ਬੇਰੁਜ਼ਗਾਰੀ, ਨਾ-ਬਰਾਬਰੀ ਅਤੇ ਆਜ਼ਾਦ ਖਿਆਲੀ ਦੇ ਦਮਨ ਜਿਹੇ ਮੁੱਖ ਮੁੱਦਿਆਂ ਨੂੰ ਧੱਕ ਕੇ ਪਰ੍ਹੇ ਕਰ ਦਿੱਤਾ ਹੈ। ਆਖਿ਼ਰ ਭਾਰਤ ਨੇ ਧਰਮ ਨਿਰਪੱਖ ਲੋਕਤੰਤਰ ਤੋਂ ਹਿੰਦੂ ਚੁਣਾਵੀ ਲੋਕਤੰਤਰ ਦਾ ਇਹ ਰੂਪ ਕਿਵੇਂ ਅਖ਼ਤਿਆਰ ਕੀਤਾ?
ਸਮਾਜ ਇੰਨੀ ਜਲਦੀ ਪਿਛਲਮੋੜਾ (ਯੂ-ਟਰਨ) ਨਹੀਂ ਲੈਂਦੇ। ਜ਼ਰਾ ਯਾਦ ਕਰੋ, ਮੁੱਖਧਾਰਾ ਦੇ ਸਾਡੇ ਆਜ਼ਾਦੀ ਸੰਗਰਾਮ ਉਪਰ ਜੋ ਸਿਆਸੀ ਸ਼ਬਦਾਵਲੀ ਭਾਰੂ ਸੀ, ਉਹ ਵਿਸ਼ੇਸ਼ ਤੌਰ ’ਤੇ ਹਿੰਦੂ ਸੀ। ਉਨ੍ਹਾਂ ’ਚੋਂ ਵੱਖ ਵੱਖ ਭਾਈਚਾਰਿਆਂ ਦੇ ਮਿਲ-ਜੁਲ ਕੇ ਰਹਿਣ ਦੇ ਸਾਂਝੇ ਇਤਿਹਾਸ ਦੀ ਝਲਕ ਨਹੀਂ ਮਿਲਦੀ ਸੀ। ਮਿਸਾਲ ਦੇ ਤੌਰ ’ਤੇ ਮਹਾਤਮਾ ਗਾਂਧੀ ਨੇ ਆਜ਼ਾਦੀ ਦੇ ਸੰਘਰਸ਼ ਨੂੰ ਲੋਕ ਲਹਿਰ ਦਾ ਰੂਪ ਦੇ ਦਿੱਤਾ। ਉਨ੍ਹਾਂ ਹਿੰਦੂ-ਮੁਸਲਿਮ ਏਕਤਾ ਲਈ ਡਟ ਕੇ ਲੜਾਈ ਲੜੀ। ਫਿਰ ਵੀ ਉਨ੍ਹਾਂ ਜੋ ਸਿਆਸੀ ਵਿਰਾਸਤ ਹਾਸਲ ਕੀਤੀ ਸੀ, ਉਹ ਨਿਰਾਕਾਰ, ਪਰਾਭੌਤਿਕ, ਸੰਸਕ੍ਰਿਤਕਾਰੀ ਅਤੇ ਬ੍ਰਾਹਮਣਵਾਦੀ (ਸਤਿਆ, ਅਹਿੰਸਾ, ਸਰਵੋਦਯ ਤੇ ਸਵਰਾਜ) ਸੀ। ਗਾਂਧੀ ਕਿਸੇ ਮੁਸਲਮਾਨ ਦੀ ਰਾਖੀ ਲਈ ਆਪਣੀ ਜਾਨ ਦਾਅ ’ਤੇ ਲਾ ਸਕਦੇ ਸਨ ਪਰ ਸਿਤਮ ਇਹ ਹੈ ਕਿ ਉਹ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਦੇ ਸਨ ਜਿਸ ਨੇ ਬਹੁਤ ਸਾਰੇ ਗ਼ੈਰ-ਹਿੰਦੂਆਂ ਨੂੰ ਆਜ਼ਾਦੀ ਦੇ ਬਿਰਤਾਂਤ ਦੇ ਖੇਤਰ ’ਚੋਂ ਲਾਂਭੇ ਕਰ ਦਿੱਤਾ ਸੀ।
ਗਾਂਧੀ ਨਾਲ ਕੋਈ ਬਦਗੁਮਾਨੀ ਨਹੀਂ ਹੈ ਪਰ ਨਹਿਰੂ ਆਲੋਚਨਾਤਮਿਕ ਸਿਧਾਂਤਕਾਰ ਦਾ ਕਾਰਜ ਨਿਭਾਉਂਦੇ ਹੋਏ ਲਿਖਦੇ ਹਨ: “ਮੇਰਾ ਖਿਆਲ ਹੈ, ਇਹ ਸਹੀ ਹੈ ਕਿ ਸਾਨੂੰ ਇਮਾਨਦਾਰਾਨਾ ਆਲੋਚਨਾ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਅਤੇ ਸਾਡੀਆਂ ਸਮੱਸਿਆਵਾਂ ’ਤੇ ਜਿੰਨਾ ਸੰਭਵ ਹੋ ਸਕੇ, ਓਨੀ ਜਨਤਕ ਵਿਚਾਰ ਚਰਚਾ ਕਰਵਾਉਣੀ ਚਾਹੀਦੀ ਹੈ। ਮੰਦੇਭਾਗੀਂ, ਗਾਂਧੀ ਦਾ ਪ੍ਰਭਾਵ ਇੰਨਾ ਜਿ਼ਆਦਾ ਸੀ ਕਿ ਇਹ ਕਾਰਜ ਸੰਭਵ ਨਾ ਹੋ ਸਕਿਆ। ਜ਼ਾਹਿਰਾ ਤੌਰ ’ਤੇ ਇਹ ਗ਼ਲਤ ਗੱਲ ਸੀ ਅਤੇ ਉਦੇਸ਼ਾਂ ਅਤੇ ਤੌਰ ਤਰੀਕਿਆਂ ਅਤੇ ਇਸ ਦੇ ਆਧਾਰ ’ਤੇ ਸਹਿਯੋਗ ਅਤੇ ਅਨੁਸ਼ਾਸਨ ਦੀ ਤਰਕਯੁਕਤ ਪ੍ਰਵਾਨਗੀ ਨਾਲ ਹੀ ਦੇਸ਼ ਅਗਾਂਹ ਵਧ ਸਕਦਾ ਹੈ ਨਾ ਕਿ ਅੱਖਾਂ ਮੀਟ ਕੇ ਅਨੁਸ਼ਾਸਨ ਨਾਲ। ਬਹਰਹਾਲ, ਕੋਈ ਵੀ ਸ਼ਖ਼ਸ ਐਨਾ ਮਹਾਨ ਨਹੀਂ ਹੁੰਦਾ ਕਿ ਉਸ ਨੂੰ ਆਲੋਚਨਾ ਤੋਂ ਉਪਰ ਰੱਖਿਆ ਜਾਵੇ।”
ਐਸਾ ਕੋਈ ਵੀ ਸਿਧਾਂਤ ਜੋ ਆਪਣੇ ਅਤੀਤ ਦੇ ਵਿਚਾਰ ਨਾਲ ਗੁੱਥਮਗੁੱਥਾ ਹੋਣ ਤੋਂ ਡਰਦਾ ਹੋਵੇ, ਉਹ ਇਹ ਸਮਝ ਹੀ ਨਹੀਂ ਸਕੇਗਾ ਕਿ ਅਸੀਂ ਕਿੱਥੋਂ ਆਏ ਹਾਂ। ਸਾਨੂੰ ਇਹ ਕਰਨਾ ਪਵੇਗਾ ਜਿਵੇਂ ਵਿਲੀਅਮ ਫਾਕਨਰ ਨੇ ਆਪਣੇ ਨਾਵਲ ‘ਰੀਕੁਈਮ ਫਾਰ ਏ ਨੰਨ’ ਵਿਚ ਲਿਖਿਆ- “ਅਤੀਤ ਕਦੇ ਵੀ ਨਹੀਂ ਮਰਦਾ। ਅਸਲ ਵਿਚ ਇਹ ਕਦੇ ਬੀਤਦਾ ਹੀ ਨਹੀਂ।”
ਸਵਰਾਜ ਦੇ ਸਿਧਾਂਤ ਨੂੰ ਹੀ ਲੈ ਲਓ ਜਿਸ ਦਾ ਨਾਤਾ ਸਮੂਹਿਕ ਅਤੇ ਵਿਅਕਤੀਗਤ ਦੋਵੇਂ ਤਰ੍ਹਾਂ ਜੁੜਦਾ ਹੈ। ‘ਨਮਕ ਸਤਿਆਗ੍ਰਹਿ’ ਤੋਂ ਬਾਅਦ ਗਾਂਧੀ ਲਿਖਦੇ ਹਨ: “ਇਸ ਲਈ ਅਸੀਂ ਜੋ ਬਾਹਰੀ ਆਜ਼ਾਦੀ ਪ੍ਰਾਪਤ ਕਰਾਂਗੇ, ਉਹ ਉਸ ਅੰਦਰੂਨੀ ਆਜ਼ਾਦੀ ਦੇ ਅਨੁਪਾਤ ਵਿਚ ਹੀ ਹੋਵੇਗੀ ਜੋ ਅਸੀਂ ਕਿਸੇ ਦਿੱਤੇ ਹੋਏ ਪਲ ’ਤੇ ਵਿਕਸਤ ਕਰ ਲੈਂਦੇ ਹਾਂ। ਤੇ ਜੇ ਇਹ ਆਜ਼ਾਦੀ ਦਾ ਸਹੀ ਨਜ਼ਰੀਆ ਹੈ ਤਾਂ ਸਾਡੀ ਸਾਰੀ ਊਰਜਾ ਆਪਣੇ ਅੰਦਰੋਂ ਸੁਧਾਰ ਕਰਨ ’ਤੇ ਕੇਂਦਰਤ ਹੋਣੀ ਜ਼ਰੂਰੀ ਹੈ… ਜਦੋਂ ਇਹ ਸੁਧਾਰ ਕੌਮੀ ਪੈਮਾਨੇ ’ਤੇ ਹੋਵੇਗਾ ਤਾਂ ਕੋਈ ਵੀ ਬਾਹਰੀ ਤਾਕਤ ਸਾਡੀ ਪੇਸ਼ਕਦਮੀ ਨੂੰ ਰੋਕ ਨਹੀਂ ਸਕੇਗੀ।” ਗਾਂਧੀ ਲਈ ਸਵਰਾਜ ਦਾ ਮਤਲਬ ਸੀ ਆਤਮ ਸੰਜਮ, ਅਧਿਆਤਮਕ ਆਜ਼ਾਦੀ, ਨਿਡਰਤਾ, ਅਹਿੰਸਾ, ਹਿੰਦੂ-ਮੁਸਲਿਮ ਏਕਤਾ, ਛੂਤ-ਛਾਤ ਦਾ ਖਾਤਮਾ ਅਤੇ ਸਾਦਾ ਜੀਵਨ। ਉਨ੍ਹਾਂ ਲਿਖਿਆ- “ਸਵਰਾਜ ਤੋਂ ਮੇਰਾ ਭਾਵ ਹੈ ਮੁਕੰਮਲ ਗਣਰਾਜ ਜੋ ਆਪਣੀਆਂ ਅਹਿਮ ਲੋੜਾਂ ਲਈ ਆਪਣੇ ਗੁਆਂਢੀਆਂ ਤੋਂ ਸੁਤੰਤਰ ਹੋਵੇ, ਫਿਰ ਵੀ ਜੇ ਕਈ ਹੋਰਨਾਂ ਗੱਲਾਂ ਲਈ ਨਿਰਭਰਤਾ ਜ਼ਰੂਰੀ ਹੋਵੇ ਤਾਂ ਇਹ ਅੰਤਰ-ਨਿਰਭਰ ਹੋ ਸਕੇ।”
ਉਨ੍ਹਾਂ ਨਹਿਰੂ ਨੂੰ ਖ਼ਤ ਲਿਖਿਆ, “ਤੁਸੀਂ ਮੈਨੂੰ ਸਮਝ ਨਹੀਂ ਸਕੋਗੋ ਜੇ ਤੁਸੀਂ ਸੋਚਦੇ ਹੋ ਕਿ ਮੈਂ ਅਜੋਕੇ ਪਿੰਡਾਂ ਦੀ ਗੱਲ ਕਰ ਰਿਹਾ ਹਾਂ। ਮੇਰਾ ਆਦਰਸ਼ ਪਿੰਡ ਅਜੇ ਵੀ ਮੇਰੀ ਕਲਪਨਾ ’ਚ ਹੈ। ਆਖਿ਼ਰਕਾਰ ਹਰ ਇਨਸਾਨ ਆਪਣੀ ਕਲਪਨਾ ਦੀ ਦੁਨੀਆ ’ਚ ਰਹਿੰਦਾ ਹੈ।” ਨਹਿਰੂ ਦਾ ਧਰਮ ਸੰਕਟ ਤਿੱਖਾ ਸੀ। ਉਹ ਗਾਂਧੀ ਨੂੰ ਪਿਆਰ ਕਰਦੇ ਸਨ। ਅਸੀਂ ਸਾਰੇ ਵੀ ਕਰਦੇ ਹਾਂ ਕਿਉਂਕਿ ਬੁੱਧ ਤੋਂ ਲੈ ਕੇ ਭਾਰਤ ਵਿਚ ਅੱਜ ਤੱਕ ਅਜਿਹਾ ਕੋਈ ਹੋਰ ਸ਼ਖ਼ਸ ਪੈਦਾ ਨਹੀਂ ਹੋਇਆ ਜੋ ਇੰਨਾ ਜਿ਼ਆਦਾ ਪ੍ਰੇਰਨਾਮਈ ਹੋਵੇ, ਜਿਸ ਨੇ ਸਾਨੂੰ ਇੰਨਾ ਉਪਦੇਸ਼ ਦਿੱਤਾ ਹੋਵੇ ਅਤੇ ਜਿਸ ਨੇ ਆਪਣੀ ਦਿਆਲਤਾ, ਕਲਪਨਾ ਅਤੇ ਰਚਨਾਤਮਿਕਤਾ ਨਾਲ ਐਨੇ ਲੋਕਾਂ ’ਤੇ ਪ੍ਰਭਾਵ ਪਾਇਆ ਹੋਵੇ।
ਸਮੱਸਿਆ ਇਹ ਸੀ, ਜਿਵੇਂ ਨਹਿਰੂ ਨੇ ਟਿੱਪਣੀ ਕੀਤੀ ਸੀ ਕਿ “ਗਾਂਧੀ ਜੀ ਹਮੇਸ਼ਾ ਨਿੱਜੀ ਮੁਕਤੀ ਅਤੇ ਪਾਪ ਦੇ ਪ੍ਰਸੰਗ ਵਿਚ ਸੋਚਦੇ ਸਨ ਜਦਕਿ ਸਾਡੇ ਵਿਚੋਂ ਬਹੁਤਿਆਂ ਦੇ ਦਿਮਾਗਾਂ ਉਪਰ ਸਮਾਜ ਦਾ ਕਲਿਆਣ ਸਭ ਤੋਂ ਉਪਰ ਰਹਿੰਦਾ ਹੈ… ਉਹ ਸਮਾਜ ਜਾਂ ਸਮਾਜਿਕ ਢਾਂਚੇ ਨੂੰ ਬਦਲਣ ਲਈ ਨਹੀਂ ਨਿੱਤਰਦੇ। ਉਨ੍ਹਾਂ ਆਪਣੇ ਆਪ ਨੂੰ ਵਿਅਕਤੀਆਂ ਵਲੋਂ ਆਪਣੇ ਪਾਪਾਂ ਤੋਂ ਨਿਜਾਤ ਪਾਉਣ ਦੇ ਲੇਖੇ ਲਾਇਆ ਹੋਇਆ ਹੈ। ਸਵਦੇਸ਼ੀ ਦਾ ਪੈਰੋਕਾਰ ਕਦੇ ਵੀ ਦੁਨੀਆ ਨੂੰ ਸੁਧਾਰਨ ਦੇ ਵਿਅਰਥ ਕਾਰਜ ਨੂੰ ਹੱਥ ਨਹੀਂ ਪਾਵੇਗਾ।”
ਜਿਵੇਂ ਜਿਵੇਂ ਆਜ਼ਾਦੀ ਨੇੜੇ ਆਉਂਦੀ ਗਈ, ਸਵਰਾਜ ਵਿਚ ਗਾਂਧੀ ਜੀ ਦਾ ਆਪਣਾ ਭਰੋਸਾ ਵੀ ਡਾਵਾਂਡੋਲ ਹੋਣ ਲੱਗ ਪਿਆ। 5 ਜੂਨ 1947 ਨੂੰ ਉਨ੍ਹਾਂ ਲਿਖਿਆ- “ਆਤਮ-ਤਿਆਗ ਤੋਂ ਬਿਨਾਂ ਅਸਲ ਸਵਰਾਜ ਪ੍ਰਾਪਤ ਕਰਨਾ ਬਹੁਤ ਔਖਾ ਜਾਂ ਵਿਹਾਰਕ ਤੌਰ ’ਤੇ ਅਸੰਭਵ ਹੈ… ਪਰ ਅੱਜ ਅਸੀਂ ਆਪਣੇ ਆਪ ਨੂੰ ਸੱਤਾ ਦੇ ਅਹੁਦਿਆਂ ਲਈ ਦੌੜ ਵਿਚ ਜੁਟੇ ਦੇਖ ਰਹੇ ਹਾਂ। ਜੇ ਖੁਲਾਸਾ ਕਰਨਾ ਪਵੇ, ਤਾਂ ਕੀ ਇਹ ਮੇਰੀ ਆਪਣੀ ਤਰਾਸਦੀ ਹੋਵੇਗੀ, ਸਚਾਈ ਤੇ ਅਹਿੰਸਾ ਦੇ ਸਾਡੇ ਸਿਪਾਹੀਆਂ ਦੀ ਤਰਾਸਦੀ ਹੋਵੇਗੀ?” ਉਸੇ ਸਾਲ 25 ਜੁਲਾਈ ਨੂੰ ਉਨ੍ਹਾਂ ਇੰਨੇ ਹੀ ਉਦਾਸ ਸੁਰ ਵਿਚ ਲਿਖਿਆ ਸੀ- “ਐਨਾ ਚਾਅ ਕਿਉਂ ਹੈ? ਪੂਰਨ ਸਵਰਾਜ ਤਾਂ ਅਜੇ ਬਹੁਤ ਦੂਰ ਹੈ। ਕੀ ਅਸੀਂ ਸਵਰਾਜ ਪ੍ਰਾਪਤ ਕਰ ਲਿਆ ਹੈ? ਕੀ ਸਵਰਾਜ ਦਾ ਮਤਲਬ ਸਿਰਫ਼ ਅੰਗਰੇਜ਼ਾਂ ਦੇ ਰਾਜ ਦਾ ਅੰਤ ਹੈ? ਮੇਰੇ ਖਿਆਲ ਵਿਚ ਅਜਿਹਾ ਨਹੀਂ ਹੈ। ਮੇਰੇ ਹਿਸਾਬ ਨਾਲ ਸਾਬਰਮਤੀ ਬਹੁਤ ਦੂਰ ਹੈ, ਨੋਆਖਲੀ ਨੇੜੇ ਹੈ।”
ਡੈਨਿਸ ਡਾਲਟਨ ਨੇ ਲਿਖਿਆ ਹੈ- “ਕਿਸੇ ਕਵੀ ਵਾਂਗ ਉਹ ਅਹਿੰਸਾ, ਕਰਮ ਯੋਗ, ਰਾਮ ਰਾਜ, ਸਰਵੋਦਯ ਜਿਹੇ ਸ਼ਾਹਕਾਰ ਭਾਰਤੀ ਸ਼ਬਦਾਂ ਤੋਂ ਊਰਜਾ ਲੈ ਕੇ ਆਪਣੇ ਅਤੀਤ ਨੂੰ ਖਲੂਸ ਨਾਲ ਵਰਤਦੇ ਸਨ ਅਤੇ ਉਨ੍ਹਾਂ ਸ਼ਬਦਾਂ ਨੂੰ ਉਦੋਂ ਤੱਕ ਨਵੇਂ ਅਰਥ ਦਿੰਦੇ ਰਹਿੰਦੇ ਸਨ ਜਦੋਂ ਤੱਕ ਉਹ ਅਤੀਤ ਅਤੇ ਭਵਿੱਖ ਦੋਵਾਂ ਦੇ ਪ੍ਰਤੀਕ ਨਾ ਬਣ ਜਾਣ।” ਇਹ ਸੱਚ ਹੈ ਪਰ ਆਜ਼ਾਦੀ ਦੇ ਸੰਘਰਸ਼ ਵਲੋਂ ਪੈਦਾ ਕੀਤੇ ਗਏ ਬਹੁ-ਧਾਰਮਿਕ ਜਨਤਕ ਖੇਤਰ ਵਿਚ ਮੋਕਸ਼/ਮੁਕਤੀ ਜਿਹੇ ਹਿੰਦੂ ਸੰਕਲਪਾਂ ਦੀ ਵਰਤੋਂ ਅੱਖੜਦੀ ਸੀ। 1920ਵਿਆਂ ਵਿਚ ਕਾਂਗਰਸ ਦੇ ਆਗੂਆਂ ਨੇ ਜਨਤਕ ਮੰਚਾਂ, ਅਖ਼ਬਾਰਾਂ, ਰਸਾਲਿਆਂ ਅਤੇ ਭਾਸ਼ਣਾਂ ਜ਼ਰੀਏ ਸੰਵਿਧਾਨਵਾਦ ਅਤੇ ਘੱਟਗਿਣਤੀ ਹੱਕਾਂ ਉਪਰ ਵਿਚਾਰ ਚਰਚਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਜਿਹੀਆਂ ਧਰਮ ਨਿਰਪੱਖ ਸਰਗਰਮੀਆਂ ਦੁਆਲੇ ਭਾਵੇਂ ਕੁਝ ਦੇਰ ਲਈ ਹੀ ਸਹੀ, ਅਜਿਹਾ ਜਨਤਕ ਖੇਤਰ ਪੈਦਾ ਹੋ ਗਿਆ ਜਿਸ ਵਿਚ ਹਿੰਦੂ-ਮੁਸਲਿਮ ਵੰਡ ਦੀਆਂ ਤ੍ਰੇੜਾਂ ਨਜ਼ਰ ਆਉਂਦੀਆਂ ਸਨ।
ਗਾਂਧੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕਜੁੱਟ ਕਰ ਕੇ ਧਾਰਮਿਕ ਸਮੂਹਾਂ, ਸ਼ਹਿਰੀ ਤੇ ਪੇਂਡੂ ਕੁਲੀਨਾਂ, ਜਾਤੀਆਂ ਅਤੇ ਆਮ ਲੋਕਾਂ ਦੇ ਆਗੂਆਂ ਦਾ ਜਨਤਕ ਗੱਠਜੋੜ ਕਾਇਮ ਕੀਤਾ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਵੱਖ ਵੱਖ ਧਾਰਮਿਕ ਫਿ਼ਰਕਿਆਂ ਦਰਮਿਆਨ ਧਾਰਮਿਕ ਪ੍ਰਤੀਕਵਾਦ ਦੀ ਵਰਤੋਂ ਰਾਹੀਂ ਹੀ ਇਕਜੁਟਤਾ ਸੰਭਵ ਹੋ ਸਕਦੀ ਹੈ। ਮੰਦੇਭਾਗੀਂ, ਭਾਰਤੀਆਂ ਦੀ ਸਮਾਜਿਕ ਤਬਦੀਲੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਸਫ਼ਲ ਨਹੀਂ ਹੋ ਸਕੀ। ਭਾਰਤ ਦੀ ਵੰਡ ਹੋ ਗਈ। ਇਤਿਹਾਸ ਸਾਨੂੰ ਦੱਸਦਾ ਹੈ ਕਿ ਨੇਕ ਮਨਸ਼ੇ ਭਿਆਨਕ ਸਿੱਟੇ ਪੈਦਾ ਕਰ ਸਕਦੇ ਹਨ। ਧਾਰਮਿਕ ਸ਼ਬਦਾਵਲੀ ਦਾ ਭਾਵ ਅਰਥ ਭਾਵੇਂ ਕਿੰਨਾ ਵੀ ਚੰਗਾ ਹੋਵੇ ਪਰ ਇਸ ਨਾਲ ਚੰਗੀ ਸਿਆਸਤ ਨਹੀਂ ਕੀਤੀ ਜਾ ਸਕਦੀ।
*ਲੇਖਕ ਸਿਆਸੀ ਟਿੱਪਣੀਕਾਰ ਹੈ।