ਪਰਮਿੰਦਰ ਕੌਰ ਸਵੈਚ
ਇਤਿਹਾਸ ਦੇ ਵਰਕੇ ਫਰੋਲ਼ਦਿਆਂ ਕਈ ਵਾਰ ਗਜ਼ਬ ਦੀ ਪ੍ਰੇਰਨਾ ਸਾਡੇ ਸਾਹਮਣੇ ਇਉਂ ਟਪਕ ਪੈਂਦੀ ਹੈ ਜੋ ਵਰਤਮਾਨ ਹਾਲਾਤ ਅਨੁਸਾਰ ਢੁੱਕਵੀਂ ਤੇ ਸਾਰਥਕ ਹੋ ਨਬਿੜਦੀ ਹੈ। ਇਉਂ ਇਸ ਦਾ ਮੁਤਾਲਿਆ ਤੇ ਆਮ ਲੋਕਾਂ ਤੱਕ ਉਸ ਦੀ ਪਹੁੰਚ ਕਰਨਾ ਅਤੇ ਇਤਿਹਾਸ ਤੋਂ ਬਹੁਤ ਕੁਝ ਸਿੱਖਣਾ ਜ਼ਰੂਰੀ ਹੋ ਜਾਂਦਾ ਹੈ। ਇਹੋ ਜਿਹੀਆਂ ਸ਼ਖ਼ਸੀਅਤਾਂ ਸਾਡੇ ਜੀਵਨ ਵਿਚ ਆਸ ਦੀ ਚਿਣਗ ਲੈ ਕੇ ਸਮਾਜ ਨੂੰ ਜਗਮਗ ਕਰਨ ਵਿਚ ਸਹਾਈ ਹੁੰਦੀਆਂ ਹਨ। ਇਹ ਸੀ ਸ਼ਹੀਦ ਭਗਤ ਸਿੰਘ ਦਾ ਸਾਥੀ ਅਤੇ ਭਾਬੀ ਦੁਰਗਾ ਦੇਵੀ ਦਾ ਜੀਵਨ ਸਾਥੀ ਸ਼ਹੀਦ ਭਗਵਤੀ ਚਰਨ ਵੋਹਰਾ। ਉਨ੍ਹਾਂ ਨੇ 6 ਅਪਰੈਲ 1928 ਨੂੰ ਨੌਜਵਾਨ ਭਾਰਤ ਸਭਾ ਵੱਲੋਂ ‘ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ’ ਲਾਹੌਰ ਤੋਂ ਛਪਵਾਇਆ ਸੀ। ਇਸ ਦੀ ਅੱਜ ਵੀ ਓਨੀ ਹੀ ਮਹੱਤਤਾ ਹੈ। ਭਾਰਤੀ ਲੋਕਾਂ ਨੇ ਹੁਣ ਬੇਸ਼ੱਕ ਅੰਗਰੇਜ਼ਾਂ ਦੀ ਬਸਤੀਵਾਦੀ ਹਕੂਮਤ ਤੋਂ ਮੁਕਤੀ ਪਾ ਲਈ ਹੈ ਪਰ ਮੌਜੂਦਾ ਸ਼ਾਸਕ ਜੋ ਪੂੰਜੀਪਤੀਆਂ ਦੇ ਹੱਥਠੋਕੇ ਬਣੇ ਹੋਏ ਹਨ, ਨੇ ਲੋਕਾਂ ਦੇ ਜੀਵਨ ਹਾਲਾਤ ਨੂੰ ਬਦ ਤੋਂ ਬਦਤਰ ਬਣਾ ਦਿੱਤਾ ਹੈ। ਅੱਜ ਜਦੋਂ ਲੋਕਾਂ ਨੇ ਕਾਰਪੋਰੇਟਾਂ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਵਿੱਢ ਲਿਆ ਹੈ ਤਾਂ ਉਹੀ ਮੈਨੀਫੈਸਟੋ ਸਾਡੇ ਸਿਦਕ ਦਾ ਹਾਮੀ ਬਣੇਗਾ ਅਤੇ ਨਿਰਾਸ਼ਤਾ ਵਿਚੋਂ ਬਾਹਰ ਕੱਢਣ ਲਈ ਮਲ੍ਹਮ ਪੱਟੀ ਦਾ ਕੰਮ ਵੀ ਕਰੇਗਾ। ਉਨ੍ਹਾਂ ਦਾ ਕਿਹਾ ਅੱਜ ਵੀ ਕਿੰਨਾ ਸੱਚ ਹੈ:
“ਨੌਜਵਾਨ ਸਾਥੀਓ, ਦੇਸ਼ ਨਾਜ਼ੁਕ ਅਵਸਥਾ ਵਿਚੋਂ ਲੰਘ ਰਿਹਾ ਹੈ। ਹਰ ਪਾਸੇ ਆਪਸੀ ਬੇ-ਇਤਬਾਰੀ ਅਤੇ ਨਿਰਾਸ਼ਾ ਦਾ ਬੋਲਬਾਲਾ ਹੈ। ਉੱਘੇ ਲੀਡਰਾਂ ਦਾ ਆਪਣੇ ਉੱਚ ਅਦਰਸ਼ਾਂ ਵਿਚ ਕੋਈ ਵਿਸ਼ਵਾਸ ਨਹੀਂ ਰਿਹਾ ਅਤੇ ਉਨ੍ਹਾਂ ਵਿਚੋਂ ਬਹੁਤਿਆਂ ਵਿਚ ਲੋਕਾਂ ਦਾ ਕੋਈ ਵਿਸ਼ਵਾਸ ਨਹੀਂ ਰਿਹਾ। ਆਜ਼ਾਦੀ ਦੇ ਨਾਮ-ਧਰੀਕ ਹਾਮੀਆਂ ਪਾਸ ਨਾ ਕੋਈ ਪ੍ਰੋਗਰਾਮ ਹੈ ਅਤੇ ਨਾ ਹੀ ਜੋਸ਼ ਤੇ ਉਤਸ਼ਾਹ। ਹਰ ਪਾਸੇ ਹਫੜਾ-ਦਫੜੀ ਮੱਚੀ ਹੋਈ ਹੈ ਪਰ ਅਜਿਹੀ ਹਫੜਾ-ਦਫੜੀ ਕਿਸੇ ਨਿਰਮਾਣ ਦਾ ਅਟੱਲ ਅਤੇ ਲਾਜ਼ਮੀ ਦੌਰ ਹੁੰਦਾ ਹੈ। ਅਜਿਹੇ ਸੰਕਟ ਵਿਚ ਹੀ ਤਾਂ ਕੰਮ ਕਰਨ ਵਾਲਿਆਂ ਦੀ ਲਗ਼ਨ ਦੀ ਪਰਖ਼ ਹੁੰਦੀ ਹੈ, ਉਨ੍ਹਾਂ ਦਾ ਇਖ਼ਲਾਕ ਬਣਦਾ ਹੈ, ਨਿੱਗਰ ਪ੍ਰੋਗਰਾਮ ਉਲੀਕੇ ਜਾਂਦੇ ਹਨ ਅਤੇ ਨਵੇਂ ਹੌਂਸਲੇ, ਨਵੀਆਂ ਉਮੰਗਾਂ, ਪੂਰੇ ੳਤਸ਼ਾਹ ਅਤੇ ਪੂਰੇ ਸਿਦਕ ਨਾਲ ਕੰਮ ਆਰੰਭਿਆ ਜਾਂਦਾ ਹੈ। ਇਸ ਲਈ ਨਿਰਾਸ਼ ਹੋਣ ਵਾਲੀ ਗੱਲ ਨਹੀਂ। ਫਿਰ ਵੀ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਨਵੇਂ ਯੁੱਗ ਦੀ ਦਹਿਲੀਜ਼ ਤੇ ਖੜ੍ਹੇ ਹਾਂ।”
ਉਹ ਆਪਣੇ ਐਲਾਨਨਾਮੇ ਵਿਚ ਇਟਲੀ ਨੂੰ ਨਵਾਂ ਜਨਮ ਦੇਣ ਵਾਲੇ ਮੈਜਿ਼ਨੀ ਦੇ ਸ਼ਬਦਾਂ ਨੂੰ ਇਸ ਤਰ੍ਹਾਂ ਦਰਜ ਕਰਦੇ ਹਨ: “ਸਾਰੀਆਂ ਕੌਮੀ ਲਹਿਰਾਂ ਉਨ੍ਹਾਂ ਗੁੰਮਨਾਮ ਲੋਕਾਂ ਦੀ ਦੇਣ ਹੁੰਦੀਆਂ ਹਨ ਜਿਨ੍ਹਾਂ ਪਾਸ ਕੋਈ ਪ੍ਰਸਿੱਧੀ ਜਾਂ ਅਸਰ-ਰਸੂਖ਼ ਨਹੀਂ ਹੁੰਦਾ ਪਰ ਉਹ ਅਜਿਹਾ ਦ੍ਰਿੜ ਨਿਸ਼ਚਾ ਤੇ ਸਿਦਕ ਰੱਖਦੇ ਹਨ ਜਿਸ ਦੇ ਸਾਹਮਣੇ ਸਮਾਂ ਅਤੇ ਸਭ ਔਕੜਾਂ ਮਾਤ ਪੈ ਜਾਂਦੀਆਂ ਹਨ। ਜ਼ਿੰਦਗੀ ਦਾ ਲੰਗਰ ਚੁੱਕ ਦਿਓ ਤੇ ਇਸ ਨੂੰ ਮੁਸ਼ਕਿਲਾਂ ਦੇ ਮਹਾਨ ਸਾਗਰ ਵਿਚ ਠਿੱਲ੍ਹ ਲੈਣ ਦਿਓ ਤੇ ਫਿਰ ਉਸ ਵਿਸ਼ਾਲ ਤੇ ਅਦਭੁੱਤ ਸਮੁੰਦਰ ਤੇ ਹੀ ਭਰੋਸਾ ਰੱਖੋ ਜਿੱਥੇ ਨਿੱਤ ਨਵੇਂ ਜਵਾਰ (ਉਤਰਾਅ-ਚੜ੍ਹਾਅ) ਆਉਂਦੇ ਹਨ।” ਸਾਡੇ ਸਾਹਮਣੇ ਅੰਦੋਲਨ ਦੇ ਲੇਖੇ ਲੱਗਣ ਵਾਲੇ 500 ਦੇ ਕਰੀਬ ਗੁੰਮਨਾਮ ਕਿਸਾਨ ਜੋ ਆਪਣੇ ਇਰਾਦੇ ਤੇ ਸਿਰੜ ਨੂੰ ਕਾਇਮ ਰੱਖਦੇ ਹੋਏ ਲੋਕਾਂ ਲਈ ਜ਼ਿੰਦਗੀਆਂ ਵਾਰ ਗਏ ਹਨ, ਉਹ ਮੈਜਿ਼ਨੀ ਦੇ ਕਥਨ ਦੀ ਜ਼ਿੰਦਾ ਮਿਸਾਲ ਹੋ ਨਬਿੜੇ ਹਨ, ਉਹ ਸਦਾ ਇਤਿਹਾਸ ਦੇ ਪੰਨਿਆਂ ਤੇ ਯਾਦ ਕੀਤੇ ਜਾਣਗੇ।
ਜਦੋਂ ਉਹ ਲੋਕਾਂ ਨੂੰ ਅਜ਼ਾਦੀ ਦੀ ਲੜਾਈ ਵਿਚ ਕੁੱਦਣ ਦੀ ਗੱਲ ਕਰਦੇ ਹਨ ਤਾਂ ਸਪੱਸ਼ਟ ਕਹਿੰਦੇ ਹਨ ਕਿ ਸਾਨੂੰ ਸਾਡੇ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨਾਲ ਸਿੱਝਣਾ ਪਵੇਗਾ ਤੇ ਇਹੋ ਜਿਹੇ ਲੋਕਾਂ ਦੀ ਇਸ ਸਮੇਂ ਲੋੜ ਹੈ ਜੋ ਸੱਚੇ ਦਿਲੋਂ ਸੰਘਰਸ਼ ਦੀ ਕਾਮਯਾਬੀ ਲਈ ਕੰਮ ਕਰਨ। ਉਨ੍ਹਾਂ ਦੇ ਸ਼ਬਦਾਂ ਵਿਚ, “ਆਜ਼ਾਦੀ ਦੀ ਜੰਗ ਵਿਚ ਨਿਤਰਨ ਵਾਲੇ ਕਿਆਫ਼ੇ ਨਹੀਂ ਲਾਉਂਦੇ ਕਿ ਕਿੰਨੀ ਕੁਰਬਾਨੀ ਨਾਲ ਕਿੰਨੀ ਕਾਮਯਾਬੀ ਹੋਵੇਗੀ ਅਤੇ ਇਸ ਵਿਚ ਸਾਡੇ ਹਿੱਸੇ ਕੀ ਆਵੇਗਾ? ਅਜਿਹੇ ਲੋਕ ਕਦੇ ਵੀ ਕੁਰਬਾਨੀ ਨਹੀਂ ਕਰ ਸਕਦੇ। ਸਾਨੂੰ ਉਨ੍ਹਾਂ ਮਰਦਾਂ ਦੀ ਲੋੜ ਹੈ ਜਿਹੜੇ ਹਰ ਕਿਸਮ ਦੀ ਆਸ ਉਮੀਦ, ਡਰ ਜਾਂ ਦੁਚਿੱਤੀ ਤਿਆਗ ਕੇ ਸੰਘਰਸ਼ ਕਰਨ, ਬਿਨਾਂ ਸ਼ੁਹਰਤ ਗੁੰਮਨਾਮ ਰਹਿ ਕੇ ਸ਼ਹੀਦੀਆਂ ਪਾ ਸਕਣ।” ਇਸ ਪੱਖ ਤੋਂ ਸ਼ਹੀਦ ਭਗਵਤੀ ਚਰਨ ਵੋਹਰਾ ਦੀਆਂ ਲਿਖਤਾਂ ‘ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ’ ਅਤੇ ‘ਬੰਬ ਦੇ ਫਲਸਫੇ’ ਬਹੁਤ ਅਹਿਮ ਹਨ।
ਭਗਵਤੀ ਚਰਨ ਵੋਹਰਾ ਦਾ ਜਨਮ 1903 ਨੂੰ ਰਾਏ ਬਹਾਦਰ ਸ਼ਿਵਚਰਨ ਵੋਹਰਾ ਦੇ ਘਰ ਆਗਰਾ ਵਿਚ ਹੋਇਆ। ਉਨ੍ਹਾਂ ਦੇ ਪਿਤਾ ਆਗਰੇ ਤੋਂ ਲਾਹੌਰ ਚਲੇ ਗਏ। ਉਹ ਰੇਲਵੇ ਵਿਚ ਉੱਚ ਅਹੁਦੇ ਤੇ ਕੰਮ ਕਰਦੇ ਸਨ। ਭਗਵਤੀ ਵੋਹਰਾ ਦਾ ਵਿਆਹ ਛੋਟੀ ਉਮਰ ਵਿਚ ਹੀ ਦੁਰਗਾ ਦੇਵੀ ਨਾਲ ਹੋ ਗਿਆ ਸੀ। 1921 ਵਿਚ ਨਾ-ਮਿਲਵਰਤਣ ਲਹਿਰ ਸਮੇਂ ਪੜ੍ਹਾਈ ਵਿਚੇ ਛੱਡ ਕੇ ਅੰਦੋਲਨ ਵਿਚ ਕੁੱਦ ਪਏ। ਅੰਦੋਲਨ ਵਾਪਸ ਲਏ ਜਾਣ ਤੋਂ ਬਾਅਦ ਉਹ ਸਾਰੇ ਸਾਥੀਆਂ ਸਮੇਤ ਨੈਸ਼ਨਲ ਕਾਲਜ ਲਾਹੌਰ ਵਿਚ ਦਾਖਲ ਹੋ ਗਏ ਅਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਲਾਹੌਰ ਵਿਚ ਉਨ੍ਹਾਂ ਦੇ ਪਤੇ ਤੇ ਹੀ ਬਾਹਰੋਂ ਕਮਿਊਨਿਸਟ ਸਾਹਿਤ ਆਉਂਦਾ ਸੀ ਤੇ ਉਨ੍ਹਾਂ ਦੇ ਬਾਹਰਲੀਆਂ ਕਮਿਊਨਿਸਟ ਜਥੇਬੰਦੀਆਂ ਨਾਲ ਸੰਪਰਕ ਸਨ।
ਪੰਜਾਬ ’ਚ ਪਾਰਟੀ ਲਈ ਪੈਸੇ ਤੇ ਮਕਾਨਾਂ ਦਾ ਬੰਦੋਬਸਤ ਭਗਵਤੀ ਚਰਨ ਰਾਹੀਂ ਹੀ ਹੁੰਦਾ ਸੀ। 15 ਅਪਰੈਲ 1929 ਨੂੰ ਬੰਬ ਬਣਾਉਣ ਵਾਲੀ ਜਿਹੜੀ ਫੈਕਟਰੀ ਫੜੀ ਗਈ ਸੀ, ਉਹ ਮਕਾਨ ਭਗਵਤੀ ਦੇ ਨਾਂ ’ਤੇ ਹੀ ਕਿਰਾਏ ’ਤੇ ਲਿਆ ਹੋਇਆ ਸੀ। ਭਗਵਤੀ ਚਾਹੇ ਲਾਹੌਰ ’ਚ ਕਾਕੋਰੀ ਸਟੇਸ਼ਨ ਤੇ ਕ੍ਰਾਂਤੀਕਾਰੀਆਂ ਵਲੋਂ ਖਜ਼ਾਨਾ ਲੁੱਟਣ ਤੇ ਗ੍ਰਿਫਤਾਰ ਸਾਥੀਆਂ ਨੂੰ ਛੁਡਾਉਣ ਦੀ ਗੱਲ ਹੋਵੇ, ਸਾਂਡਰਸ ਦਾ ਕਤਲ, ਅਸੈਂਬਲੀ ਬੰਬ ਕੇਸ ਜਾਂ ਬੰਬ ਆਪ ਤਿਆਰ ਕਰਨ ਦੀ ਗੱਲ ਹੋਵੇ, ਉਹ ਸਾਥੀਆਂ ਤੋਂ ਅੱਗੇ ਹੋ ਕੇ ਜ਼ਿੰਮੇਵਾਰੀ ਨਿਭਾਉਂਦੇ ਸਨ। ਇਨ੍ਹਾਂ ਸਾਰੇ ਕ੍ਰਾਂਤੀਕਾਰੀਆਂ ਭਗਤ ਸਿੰਘ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਸ਼ਿਵ ਵਰਮਾ, ਯਸ਼ਪਾਲ, ਰਾਜਗੁਰੂ ਆਦਿ ਵਿਚੋਂ ਭਗਵਤੀ ਚਰਨ ਦਾ ਨਾਂ ਹੋਰ ਵੀ ਨਿਵੇਕਲਾ ਇਉਂ ਬਣ ਜਾਂਦਾ ਹੈ ਕਿ ਇਨ੍ਹਾਂ ਦੀ ਪਤਨੀ ਦੁਰਗਾ ਦੇਵੀ ਅਤੇ 3 ਸਾਲ ਦੇ ਬੱਚੇ ਸਚੀ ਨੇ ਵੀ ਅਸੈਂਬਲੀ ਬੰਬ ਕੇਸ ਤੋਂ ਬਾਅਦ ਭਗਤ ਸਿੰਘ ਤੇ ਰਾਜਗੁਰੂ ਨੂੰ ਲਾਹੌਰ ਤੋਂ ਭੇਸ ਬਦਲ ਕੇ ਬਚਾਉਣ ਸਮੇਂ ਆਪਣੀ ਭੂਮਿਕਾ ਨਿਭਾਉਣ ਵਿਚ ਸਫਲ ਹੋਏ ਸਨ।
ਥੋੜ੍ਹੇ ਹੀ ਸਾਲਾਂ ’ਚ ਭਗਵਤੀ ਚਰਨ ਵੋਹਰਾ ਤੇ ਉਨ੍ਹਾਂ ਦੇ ਸਾਥੀਆਂ ਨੇ ਲੋਕਾਂ ’ਚ ਜਾਗ੍ਰਤੀ ਫੈਲਾਉਣ ਲਈ ਵੱਡੇ ਕੰਮ ਕੀਤੇ। ਐਲਾਨਨਾਮੇ ਦੇ ਅੰਤ ’ਚ ਉਨ੍ਹਾਂ ਦਾ ਸੁਨੇਹਾ ਸੀ: “ਨੌਜਵਾਨਾਂ ਨੂੰ ਆਜ਼ਾਦ ਤੌਰ ’ਤੇ ਸੰਜੀਦਗੀ ਤੇ ਠਰੰਮੇ ਨਾਲ ਸੋਚਣਾ ਚਾਹੀਦਾ ਹੈ। ਉਹ ਵਤਨ ਦੀ ਬੰਦਖਲਾਸੀ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਬਣਾ ਲੈਣ। ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪਖੰਡੀ ਤੇ ਚਾਲਬਾਜ਼ ਲੋਕਾਂ ਤੋਂ ਖ਼ਬਰਦਾਰ ਰਹਿ ਕੇ ਜਥੇਬੰਦ ਹੋਣਾ ਚਾਹੀਦਾ ਹੈ। ਅਜਿਹੇ ਲੋਕਾਂ ਦੀ ਸਾਡੇ ਆਦਰਸ਼ ਨਾਲ ਕੋਈ ਸਾਂਝ ਨਹੀਂ ਅਤੇ ਇਹ ਸਦਾ ਸੰਕਟ ਸਮੇਂ ਸਾਥ ਛੱਡ ਜਾਂਦੇ ਹਨ। ਨੌਜਵਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕੌਮ ਦੀ ਸਿਰਜਣਾ ਅਜਿਹੇ ਹਜ਼ਾਰਾਂ ਹੀ ਗੁੰਮਨਾਮ ਮਰਦਾਂ ਤੇ ਔਰਤਾਂ ਦੀ ਮੰਗ ਕਰਦੀ ਹੈ ਜਿਨ੍ਹਾਂ ਨੂੰ ਆਪਣੇ ਨਿੱਜੀ ਲਾਭ ਤੇ ਆਰਾਮ ਆਪਣੇ ਨਜ਼ਦੀਕੀਆਂ ਨਾਲੋਂ ਆਪਣਾ ਦੇਸ਼ ਕਿਤੇ ਵੱਧ ਪਿਆਰਾ ਹੋਵੇ।”
ਭਗਵਤੀ ਚਰਨ ਵੋਹਰਾ ਨੇ ਜਥੇਬੰਦੀਆਂ ਨੇ ਜੋ ਵੀ ਕੰਮ ਆਰੰਭੇ, ਉਨ੍ਹਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਜੇਲ੍ਹ ਵਿਚੋਂ ਛੁਡਵਾਉਣ ਲਈ ਜੋ ਬੰਬ ਤਿਆਰ ਕੀਤੇ ਸਨ, ਉਨ੍ਹਾਂ ਦੀ ਪਰਖ਼ ਸਮੇਂ ਉਹ 28 ਮਈ 1930 ਨੂੰ ਸ਼ਹੀਦ ਹੋ ਗਏ। ਅੰਤ ਵਿਚ ਮੈਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੋਈ ਉਨ੍ਹਾਂ ਦੀਆਂ ਹੀ ਲਿਖਤਾਂ ਰਾਹੀਂ ਦਿੱਤੇ ਸੁਨੇਹੇ ਨਾਲ ਅੱਜ ਦੇ ਅੰਦੋਲਨ ਵਿਚ ਜੁੜੇ ਮਰਦ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ ਨੂੰ ਅਪੀਲ ਕਰਦੀ ਹਾਂ ਕਿ ਸਿਰਫ਼ ਸਮੇਂ ਅਤੇ ਹਾਲਾਤ ਦਾ ਹੀ ਫ਼ਰਕ ਹੈ ਪਰ ਮਨੁੱਖਤਾ ਦੇ ਹੱਕਾਂ ਦੀ ਲੜਾਈ ਇੰਨ ਬਿੰਨ ਉਹੀ ਹੈ ਜੋ ਉਹ ਲੜ ਰਹੇ ਸਨ। ਅਸੀਂ ਆਪਣੇ ਸ਼ਹੀਦਾਂ ਦੇ ਦਰਸਾਏ ਰਾਹਾਂ ਤੇ ਚੱਲਦੇ ਹੋਏ ਲੋਕਾਂ ਨੂੰ ਜਥੇਬੰਦ ਕਰੀਏ ਤੇ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਸੱਚ ਵਿਚ ਵਟਾਉਣ ਲਈ ਉਨ੍ਹਾਂ ਦੇ ਲੋਕ ਪੱਖੀ ਸੁਨੇਹੇ ਘਰ ਘਰ ਲੈ ਕੇ ਜਾਈਏ। ਇਹੀ ਸਾਡੀ ਸੱਚੀ ਸ਼ਰਧਾਂਜਲੀ ਹੈ।
ਸੰਪਰਕ: +1-604-760-4794