ਅਮੋਲਕ ਸਿੰਘ
ਮੁਲਕ ਅੰਦਰ ਵਗਦੀਆਂ ਫਿਰਕੂ ਹਨੇਰੀਆਂ ਦੇ ਦੌਰ ਅੰਦਰ ਸ਼ਹੀਦ ਊਧਮ ਸਿੰਘ ਨੂੰ ਉਹਦੇ ਆਪਣੇ ਮਨਪਸੰਦ ਨਾਮ ‘ਮੁਹੰਮਦ ਸਿੰਘ ਆਜ਼ਾਦ’ ਸਮਝ ਕੇ ਮਿਲਣਾ ਇਤਿਹਾਸਕ ਤੇ ਮੁੱਲਵਾਨ ਵਿਰਾਸਤ ਹੈ। ਮੁਹੰਮਦ ਸਿੰਘ ਆਜ਼ਾਦ ਦੀ ਸੰਗਰਾਮੀ ਜੀਵਨ ਗਾਥਾ ਨੂੰ ਟੁਕੜਿਆਂ ’ਚ ਦੇਖਣਾ, ਸੁਣੀਆਂ ਸੁਣਾਈਆਂ ਗੈਰ-ਪ੍ਰਮਾਣਿਕ ਕਹਾਣੀਆਂ ਤੱਕ ਸਮੇਟ ਦੇਣਾ, ਉਸ ਦੀ ਸਖ਼ਤ ਘਾਲਣਾ ਅਤੇ ਅਮੁੱਲ ਇਤਿਹਾਸਕ ਦੇਣ ਤੋਂ ਪਲਕਾਂ ਬੰਦ ਕਰਨਾ ਹੈ। ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਜਲ੍ਹਿਆਂ ਵਾਲਾ ਬਾਗ਼ ਤੋਂ ਸ਼ੁਰੂ ਕਰਕੇ, ਮਾਈਕਲ ਉਡਵਾਇਰ ਨੂੰ ਗੋਲੀ ਮਾਰਨ ਅਤੇ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮਣ ਤੱਕ ਦੀ ਕਹਾਣੀ ਤੱਕ ਸੀਮਤ ਕਰਨਾ ਇਤਿਹਾਸਕਾਰੀ ਨਹੀਂ। ਸਿਰਫ਼ ਕੁਰਬਾਨੀਆਂ, ਬਦਲਾ ਲੈਣ ਅਤੇ ਸੂਰਮਗਤੀ ਦੀਆਂ ਹੀ ਵਾਰਾਂ ਗਾ ਕੇ ਮਨ ਨੂੰ ਤਸੱਲੀ ਦੇ ਲੈਣਾ, ਸਾਡਾ ਸੁਭਾਅ ਬਣਾ ਦਿੱਤਾ ਗਿਆ ਹੈ। ਊਧਮ ਸਿੰਘ ਇਤਿਹਾਸਕ ਨਾਇਕ ਬਣ ਕੇ ਕਿਵੇਂ ਸਾਡੇ ਰੂ-ਬ-ਰੂ ਹੋਇਆ, ਉਹ ਨਿੱਕੀਆਂ-ਵੱਡੀਆਂ, ਵਿੰਗੀਆਂ-ਟੇਢੀਆਂ ਪਗਡੰਡੀਆਂ ਵਿਚੀਂ ਗੁਜ਼ਾਰਦਾ ਇਸ ਵਿਲੱਖਣ ਮੁਕਾਮ ’ਤੇ ਕਿਵੇਂ ਪੁੱਜਾ, ਬਿਖੜੇ ਪੈਂਡਿਆਂ ਭਰੇ ਇਸ ਸਫ਼ਰ ਨੂੰ ਘੋਖਣ ਵੱਲ ਅਸੀਂ ਘੱਟ ਹੀ ਨਜ਼ਰ ਮਾਰਦੇ ਹਾਂ। ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ, ਸ਼ਹੀਦ ਪ੍ਰੋ. ਬਰਕਤ ਉੱਲਾ, ਸ਼ਹੀਦ ਰਹਿਮਤ ਅਲੀ ਵਜੀਦਕੇ ਵਰਗੇ ਅਨੇਕਾਂ ਸੰਗਰਮੀਆਂ ਦਾ ਜੀਵਨ ਸੰਗਰਾਮ, ਉਦੇਸ਼ ਅਤੇ ਉਨ੍ਹਾਂ ਦੇ ਸੁਪਨੇ ਸਾਡੀਆਂ ਸੋਚਾਂ, ਵਿਚਾਰ-ਚਰਚਾਵਾਂ ਵਿਚ ਅਹਿਮ ਸਥਾਨ ਲੈਣ, ਇਹ ਸਮੇਂ ਦੀ ਲੋੜ ਹੈ।
ਅਜਿਹਾ ਨਜ਼ਰੀਆ, ਲੰਮੇ ਇਤਿਹਾਸਕ ਪਿਛੋਕੜ ਤੋਂ ਸਾਡੇ ਨਾਲ ਤੁਰ ਰਿਹਾ ਹੈ। ਬਾਬਾ ਨਾਨਕ ਜੀ ਦਾ ਸਾਂਝੀਵਾਲਤਾ ਭਰਿਆ ਸੰਕਲਪ, ਪੰਜ ਪਿਆਰਿਆਂ ਦੀ ਸਿਰਜਣਾ, ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਨਨਕਾਣਾ ਸਾਹਿਬ ਦਾ ਸਾਕਾ, ਗ਼ਦਰ, ਬੱਬਰ ਅਕਾਲੀ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਆਜ਼ਾਦ ਹਿੰਦ ਫੌਜ, ਬਾਗੀ ਫ਼ੌਜੀਆਂ ਦੀ ਬਗਾਵਤ, 1857 ਦੇ ਗ਼ਦਰ ਵਾਂਗ ਸਾਡੇ ਚੇਤਿਆਂ ਦੀ ਸਲੇਟ ਉਪਰ ਕੁਰਬਾਨੀਆਂ ਪ੍ਰਤੀ ਸ਼ਰਧਾਵਾਨ ਹੋ ਜਾਣ ਦਾ ਹੀ ਉਘੜਵਾਂ ਰੰਗ ਰਹਿ ਜਾਂਦਾ ਹੈ। ਇਨ੍ਹਾਂ ਲਹਿਰਾਂ, ਇਤਿਹਾਸ ਅਤੇ ਵਿਰਸੇ ਨੂੰ ਜਾਨਣਾ ਪ੍ਰਸੰਗਕਤਾ ਨੂੰ ਉਭਾਰਨਾ, ਅੱਗੇ ਤੋਰਨਾ, ਸਾਡੇ ਸਰੋਕਾਰਾਂ ਵਿਚ ਵਿਸਰ ਜਾਂ ਮੱਧਮ ਪੈ ਰਿਹਾ ਹੈ।
ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨਾਲ ਸਬੰਧਤ ਇਤਿਹਾਸ, ਦਰਸ਼ਨ, ਸਿਆਸਤ, ਸਮਾਜਿਕ ਸਰੋਕਾਰਾਂ ਸਾਹਿਤ ਅਤੇ ਸਭਿਆਚਾਰ ਨੂੰ ਸਮਝਣਾ ਲਾਜ਼ਿਮ ਹੈ। ਡਾਇਰੈਕਟਰ ਇੰਟੈਲੀਜੈਂਸੀ ਬਿਊਰੋ (ਹੋਮ ਵਿਭਾਗ, ਭਾਰਤ ਸਰਕਾਰ) ਵੱਲੋਂ 1934 ਵਿਚ ਜਾਰੀ ਕੀਤੀ ਗ਼ਦਰ ਡਾਇਰੈਕਟਰੀ ਦਰਸਾਉਂਦੀ ਹੈ ਕਿ ਊਧਮ ਸਿੰਘ ਨੇ ਸ਼ੇਰ ਸਿੰਘ, ਉਦੈ ਸਿੰਘ, ਫਰੈਂਕ ਬਰਾਜ਼ੀਲ, ਬਾਵਾ, ਐੱਮਐੱਸ ਆਜ਼ਾਦ (ਮੁਹੰਮਦ ਸਿੰਘ ਆਜ਼ਾਦ) ਆਦਿ ਨਾਵਾਂ ਤੇ ਕੰਮ ਕੀਤਾ। ਸ਼ਹੀਦ ਊਧਮ ਸਿੰਘ ਦੇ ਸਾਹਾਂ ਅਤੇ ਰਾਹਾਂ ਦੀ ਸੰਗੀ-ਸਾਥੀ ਸੀ ਗ਼ਦਰ ਪਾਰਟੀ। ਉਹਦੇ ਚੇਤਿਆਂ ਅੰਦਰ ਗਹਿਰੀ ਉੱਕਰੀ ਸੀ ਕੂਕਾ ਲਹਿਰ, ਬੱਬਰ ਅਕਾਲੀ ਲਹਿਰ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਦੀ ਸ਼ਹਾਦਤ। ਉਸ ਦੇ ਲਿਖਤੀ ਬਿਆਨ, ਤਕਰੀਰਾਂ, ਅਦਾਲਤੀ ਹਲਫ਼ਨਾਮੇ ਇਤਿਹਾਸਕ ਪ੍ਰਮਾਣ ਗਵਾਹੀ ਭਰਦੇ ਹਨ ਕਿ ਉਹ ਜਲ੍ਹਿਆਂਵਾਲਾ ਬਾਗ਼ ਦੀ ਖ਼ੂਨੀ ਹੋਲੀ ਖੇਡਣ ਵਾਲੇ ਇੱਕਾ-ਦੁੱਕਾ ਵਿਅਕਤੀਆਂ ਨੂੰ ਹੀ ਜਿ਼ੰਮੇਵਾਰ ਨਹੀਂ ਸਮਝਦਾ। ਉਹ ਸਾਮਰਾਜੀ ਪ੍ਰਬੰਧ ਉਪਰ ਚੋਟ ਮਾਰਦਾ ਹੈ। ਉਹ ਖ਼ੂਨ ਦਾ ਬਦਲਾ ਖ਼ੂਨ ਵਰਗੇ ਦਾਇਰਿਆਂ ਅੰਦਰ ਸਿਮਟਣ ਦੀ ਬਜਾਏ ‘ਸਾਮਰਾਜਵਾਦ ਦੀ ਖ਼ੈਅ’ ਅਤੇ ‘ਇਨਕਲਾਬ ਦੀ ਜੈ’ ਦਾ ਸੂਝਵਾਨ, ਦੂਰ-ਅੰਦੇਸ਼ ਇਨਕਲਾਬੀ ਨਾਇਕ ਹੈ।
ਊਧਮ ਸਿੰਘ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ (1925) ’ਚ ਆਪਣਾ ਸੁਨੇਹਾ ਦਿੰਦਾ ਹੈ: “ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗ਼ੁਲਾਮੀ ਵਿਰੁੱਧ ਇਨਕਲਾਬ ਮਨੁੱਖ ਦਾ ਧਰਮ ਹੈ। ਇਹ ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ, ਉਹ ਮੌਤ ਨੂੰ ਪ੍ਰਵਾਨ ਕਰਦੀ ਹੈ। ਆਜ਼ਾਦੀ ਜੀਵਨ ਹੈ ਅਤੇ ਗ਼ੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ। ਅਸੀਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗੇ।”
ਸੁਨਾਮ ਦੇ ਗਰੀਬ ਪਰਿਵਾਰ ਵਿਚ 26 ਦਸੰਬਰ 1899 ਨੂੰ ਜਨਮੇ ਊਧਮ ਸਿੰਘ ਦੇ ਮਾਪਿਆਂ ਨੇ ਆਰਥਿਕ ਤੰਗੀਆਂ ਕਾਰਨ ਤਪਦੇ ਤੰਦੂਰ ਵਿਚ ਲੱਗੀ ਜ਼ਿੰਦਗੀ ਗੁਜ਼ਾਰੀ। ਭਾਲ ਉਮਰੇ ਹੀ ਉਸ ਦੀ ਮਾਂ ਵਿਛੋੜਾ ਦੇ ਗਈ। ਰੇਲਵੇ ਫਾਟਕ ’ਤੇ ਡਿਊਟੀ ਕਰਦਾ ਪਿਤਾ ਅਤੇ ਭਰਾ ਵੀ ਮੌਤ ਦੀ ਗੋਦ ਵਿਚ ਚਲੇ ਗਏ। ਚਾਵਾਂ, ਲਾਡਾਂ, ਖੁਸ਼ੀਆਂ, ਹੱਸਣ-ਖੇਡਣ ਦੀ ਉਮਰੇ ਹੀ ਊਧਮ ਸਿੰਘ ਯਤੀਮਖ਼ਾਨਾ ਅੰਮ੍ਰਿਤਸਰ ਅੰਦਰ ਵਸਦੀ ਆਪਣੀ ਕਿਸਮ ਦੀ ਦੁਨੀਆ ਦਾ ਨਾਗਰਿਕ ਹੋ ਗਿਆ। ਆਫ਼ਤਾਂ ਵਿਚ ਘਿਰੀ ਊਧਮ ਸਿੰਘ ਦੀ ਜ਼ਿੰਦਗੀ ਨਿਰਾਸ਼, ਉਦਾਸ ਹੋਣ ਦੀ ਬਜਾਇ ਉਚੇਰੀ ਪਰਵਾਜ਼ ਭਰਦੀ ਹੈ। ਇਸ ਦਾ ਪ੍ਰਮਾਣ 1857 ਦੇ ਗ਼ਦਰ ਦੀ ਬਰਸੀ ਮੌਕੇ 1923 ਵਿਚ ਦਿੱਤਾ ਊਧਮ ਸਿੰਘ ਦਾ ਸੁਨੇਹਾ ਹੈ ਜੋ ‘ਕੰਬੋਜ ਸੰਦੇਸ਼’ ਪੱਤ੍ਰਿਕਾ ਦੇ ਜੂਨ 1955 ਵਾਲੇ ਅੰਕ ਵਿਚ ਪ੍ਰਕਾਸ਼ਿਤ ਹੈ: “ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਦੇ ਉਨ੍ਹਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਖ਼ੂਨ ਦੇ ਕੇ ਆਜ਼ਾਦੀ ਦੇ ਝੰਡੇ ਨੂੰ ਉੱਚਿਆ ਚੁੱਕਿਆ। ਉਨ੍ਹਾਂ ਦੇ ਆਜ਼ਾਦ ਆਦਰਸ਼ ਨੂੰ ਅਪਣਾਉਂਦੇ ਹੋਏ ਅਸੀਂ ਹਕੂਮਤ ਦੇ ਹਰ ਵਾਰ ਅਤੇ ਕਹਿਰ ਨੂੰ ਛਾਤੀਆਂ ’ਤੇ ਝੱਲਾਂਗੇ। ਅੰਗਰੇਜ਼ ਸਾਮਰਾਜ ਨਾਲ ਸਾਡਾ ਸਮਝੌਤਾ ਅਸੰਭਵ ਹੈ। ਇਸ ਵਿਰੁੱਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਵੇਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੀ ਕਬਰ ਤੇ ਝੁੱਲੇਗਾ।”
ਵਿਦੇਸ਼ੀ ਅਤੇ ਦੇਸੀ ਹਰ ਵੰਨਗੀ ਦੀ ਗ਼ੁਲਾਮੀ, ਦਾਬੇ, ਜਬਰ, ਵਿਤਕਰੇ, ਜਾਤ-ਪਾਤ, ਫਿਰਕੂਪੁਣੇ ਅਤੇ ਜਬਰ-ਸਿਤਮ ਦੀ ਮੂਲੋਂ ਜੜ੍ਹ ਵੱਢਣ ਲਈ ਊਧਮ ਸਿੰਘ ਇਨਕਲਾਬੀ ਤਬਦੀਲੀ ਉਪਰ ਦ੍ਰਿੜ ਨਿਹਚਾ ਰੱਖਦਾ ਹੈ। ਅੱਜ ਕਰੋਨਾ ਦੇ ਓਹਲੇ ਜਿਵੇਂ ਖੇਤੀ ਕਿਰਤ ਕਾਨੂੰਨ, ਸਿੱਖਿਆ, ਸਿਹਤ, ਰੇਲਵੇ, ਬਿਜਲੀ, ਸਨਅਤ, ਸੜਕਾਂ, ਰੇਲਾਂ, ਰੁਜ਼ਗਾਰ ਆਦਿ ਸਭ ਕੁਝ ਸਾਡੇ ਸਮਿਆਂ ਦੇ ਮਲਕ ਭਾਗੋਆਂ ਦੀ ਝੋਲੀ ਪਾਇਆ ਜਾ ਰਿਹਾ ਹੈ, ਇਸ ਬਾਰੇ ਖ਼ਬਰਦਾਰ ਕਰਨ ਦੀ ਸੋਚ, ਸੇਧ, ਸ਼ਹੀਦ ਊਧਮ ਸਿੰਘ ਦੇ ਇਨਕਲਾਬੀ ਬਦਲਵੇਂ ਮਾਡਲ ਵਿਚ ਸਾਫ ਅਤੇ ਸਪੱਸ਼ਟ ਦਿਖਾਈ ਦਿੰਦੀ ਹੈ। ਨੌਜਵਾਨ ਭਾਰਤ ਸਭਾ ਦੀ 1925 ਵਿਚ ਹੋਈ ਕਾਨਫਰੰਸ ਵਿਚ ਊਧਮ ਸਿੰਘ ਨੇ ਕਿਹਾ ਸੀ:
“ਇਨਕਲਾਬ ਦੇ ਅਰਥ ਹਨ ਵਿਦੇਸ਼ੀ ਖ਼ੂਨੀ ਜਬਾੜਿਆਂ ਤੋਂ ਛੁਟਕਾਰਾ। ਲੁੱਟ-ਖਸੁੱਟ ਅਤੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਅਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ਵਿਚ ਪੀਸੇ ਜਾਣ ਲਈ ਮਜਬੂਰ ਕਰਦਾ ਹੈ। ਸਾਮਰਾਜੀ ਦਾਬੇ ਭਰੇ ਨਿਜ਼ਾਮ ਕਾਰਨ ਲੱਖਾਂ ਕਰੋੜਾਂ ਕਿਰਤੀ, ਕੁੱਲੀ, ਗੁੱਲੀ, ਜੁੱਲੀ, ਵਿੱਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਤੋਂ ਵੀ ਸੱਖਣੇ ਹਨ। ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ, ਕਿਰਤੀਆਂ ਕਿਸਾਨਾਂ ਦੀ ਹਾਲਤ ਨੂੰ ਦੇਖ ਕੇ ਜਿਸ ਦਾ ਖ਼ੂਨ ਉਬਾਲੇ ਨਹੀਂ ਖਾਂਦਾ। ਹੁਣ ਇਨਕਲਾਬ ਹੀ ਇਕੋ-ਇੱਕ ਮੁਕਤੀ ਦਾ ਮਾਰਗ ਹੈ। ਇਹੋ ਇਨਕਲਾਬ ਸਾਡੀ ਆਜ਼ਾਦੀ ਦੀ ਜ਼ਾਮਨੀ ਹੈ।”
5 ਜੂਨ 1940 ਨੂੰ ਊਧਮ ਸਿੰਘ ਦਾ ਅਦਾਲਤ ’ਚ ਬਿਆਨ ਹੈ: “ਮੈਂ ਭਾਰਤੀ ਪੁੱਤਰ ਤੇ ਆਪਣੇ ਪਿੰਡ ਦੇ ਜ਼ਮੀਨ ਵਾਹਕ ਦੇ ਤੌਰ ’ਤੇ ਬ੍ਰਿਟਿਸ਼ ਰਾਜ ਨੂੰ ਇਉਂ ਦੇਖਦਾ ਹਾਂ ਜਿਹੜਾ ਜ਼ਾਲਮਾਨਾ ਹੈ। ਭਾਰਤੀ ਲੋਕਾਂ ਦੀ ਜ਼ਿੰਦਗੀ ਲਈ ਹਾਨੀਕਾਰਕ ਹੈ। ਵੱਡੇ ਜ਼ਿਮੀਦਾਰਾਂ ਅਤੇ ਪੂੰਜੀਪਤੀਆਂ ਦਾ ਮੇਰੇ ਦੇਸ਼ ਦੀ ਜ਼ਮੀਨ ਅਤੇ ਸਨਅਤ ਉਪਰ ਕਬਜ਼ਾ ਹੈ। ਉਹ ਕਾਮਿਆਂ ਨੂੰ ਜਿਊਣ ਦੇ ਹੱਕ ਤੋਂ ਵਾਂਝਿਆ ਕਰਕੇ, ਜ਼ਮੀਨ ਜਾਇਦਾਦ ਦੇ ਸਿਰ ਤੇ ਆਨੰਦ ਮਾਣਦੇ ਹਨ। ਇਹ ਮੇਰੇ ਅਤੇ ਮੇਰੇ ਦੇਸ਼ ਲਈ ਨਫ਼ਰਤ ਯੋਗ ਹੈ।”
ਊਧਮ ਸਿੰਘ ਜ਼ਿੰਦਗੀ ਦਾ ਸੱਚਾ-ਸੁੱਚਾ ਆਸ਼ਕ ਸੀ। ਉਹ ਆਪਣਾ ਫ਼ਰਜ਼ ਅਦਾ ਕਰ ਗਏ। ਉਨ੍ਹਾਂ ਨੂੰ ਸਿਰਫ਼ ਯਾਦ ਕਰਨਾ, ਫੁੱਲਾਂ ਦੀ ਵਰਖਾ ਕਰਨਾ ਜਾਂ ਫੋਟੋ ’ਤੇ ਹਾਰ ਪਾਉਣਾ, ਉਹਦੇ ਬੁੱਤ ਨੂੰ ਬੁੱਤ ਬਣ ਕੇ ਦੇਖਦੇ ਰਹਿਣਾ, ਉਹਦੇ ਵਰਗਾ ਹੋਣਾ ਨਹੀਂ। ਵਕਤ ਦੀ ਆਵਾਜ਼ ਹੈ ਕਿ ਉਨ੍ਹਾਂ ਦੀ ਸੋਚ ਦੇ ਦੀਪ ਜਗਾ ਕੇ ਕਹੀਏ ਕਿ ਬਦਲਾ ਨਹੀਂ, ਸਮਾਜਿਕ ਬਦਲਾਅ ਦਾ ਸੂਹਾ ਚਿੰਨ੍ਹ ਹੈ ਊਧਮ ਸਿੰਘ।
ਸੰਪਰਕ: 99778-68710