ਗੁਰਪ੍ਰੀਤ ਸਿੰਘ ਤੂਰ
ਕਿਸਾਨ ਅੰਦੋਲਨ ਸਾਲ ਬਾਅਦ ਪੱਤਣ ਆਣ ਲੱਗਾ। ਇਸ ਅੰਦੋਲਨ ਨੇ ਹਰ ਵਰਗ ਦੇ ਲੋਕਾਂ ਨੂੰ ਮੇਲ-ਜੋਲ ਕੇ ਵੱਡਾ ਪਲੇਟਫਾਰਮ ਸਿਰਜਿਆ। ਟਰਾਲੀਆਂ ’ਤੇ ਪੱਲੀਆਂ ਪਾ ਕੇ ਬਣਾਏ ਛੋਟੇ-ਛੋਟੇ ਘਰਾਂ ਤੋਂ ਸ਼ੁਰੂ ਹੋ ਕੇ ਸਿੰਘੂ ਬਾਰਡਰ ’ਤੇ ਹੌਲੀ-ਹੌਲੀ ਇੱਕ ਪਿੰਡ ਵੱਸ ਗਿਆ। ਪਿੱਛੇ ਪ੍ਰਾਂਤ ਵਿੱਚ ਟੋਲ-ਪਲਾਜ਼ਿਆਂ ’ਤੇ ਬੈਠ ਕਿਸਾਨ, ਇਸ ਅੰਦੋਲਨ ਦੇ ਕਈ ਮਿੰਨੀ ਸਰੂਪ ਨਜ਼ਰ ਆਉਣ ਲੱਗੇ। ਔਰਤਾਂ, ਮਜ਼ਦੂਰਾਂ, ਬੁੱਧੀਜੀਵੀਆਂ, ਗੀਤਕਾਰਾਂ-ਗਾਇਕਾਂ, ਸਮਾਜ ਚਿੰਤਕਾਂ ਤੇ ਵਿਦਿਆਰਥੀਆਂ, ਹਰ ਵਰਗ ਨੇ ਕਿਸਾਨ ਅੰਦੋਲਨ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਢਾਡੀਆਂ ਦੀਆਂ ਵਾਰਾਂ ਦਾ ਗੌਣ ਗੂੰਜਿਆ ਤੇ ਲੰਗਰ ਛਕਾਉਣ ਵਾਲਿਆਂ ਪਲੋ-ਪਲੀ ਵਹੀਰਾਂ ਘੱਤ ਲਈਆਂ। ਕਿਸਾਨ ਅੰਦੋਲਨ ਦਾ ਭਰਿਆ ਦਰਿਆ, ਧਰਮ, ਊਚ-ਨੀਚ, ਫਿਰਕੇ ਤੇ ਖੇਤਰੀ ਹਾਵ-ਭਾਵ ਦੇ ਵਖਰੇਵਿਆਂ ਤੋਂ ਨਿਰਲੇਪ ਹੋ ਕੇ ਵਗਿਆ। ਕਿਸਾਨ ਅੰਦੋਲਨ ਭਾਈਚਾਰਕ ਸਾਂਝ ਦੀ ਮਘਦੀ ਮਿਸਾਲ ਹੈ।
ਭਾਈਚਾਰਕ ਸਾਂਝ ਦੇ ਨਾਲ ਨਾਲ ਕਿਸਾਨ ਅੰਦੋਲਨ ਨੇ ਪਰਿਵਾਰਕ ਸਬੰਧਾਂ ਨੂੰ ਵੀ ਮਜ਼ਬੂਤ ਕੀਤਾ। ਕਿਸਾਨ ਤੇ ਉਨ੍ਹਾਂ ਦੇ ਪਰਿਵਾਰ ਭਾਵੇਂ ਹੱਥੀਂ ਕੰਮ ਕਰਨ ਦੇ ਪ੍ਰਤੱਖ ਤੇ ਵਿਸ਼ੇਸ਼ ਪ੍ਰਮਾਣ ਹਨ ਪਰ ਇਸ ਅੰਦੋਲਨ ਨੇ ਹੱਥੀਂ ਕੰਮ ਕਰਨ ਦੇ ਪੂਰਨਿਆਂ ਨੂੰ ਹੋਰ ਗੂੜ੍ਹਾ ਕਰ ਕੇ ਉਕਰਿਆ। ਅੰਦੋਲਨ ਸ਼ੁਰੂ ਹੁੰਦਿਆਂ ਹੀ ਵਟਸਐਪ ’ਤੇ ਇੱਕ ਤਸਵੀਰ ਵਾਇਰਲ ਹੋਈ ਜਿੱਥੇ ਪੰਜ ਔਰਤਾਂ ਇੱਕੋ ਕਤਾਰ ਵਿੱਚ ਕਣਕ ਤੇ ਨਦੀਨ ਸਪਰੇਅ ਕਰਦੀਆਂ ਹਨ। ਸਿੰਘੂ ਬਾਰਡਰ ’ਤੇ ਬੇਠੈ ਕਿਸਾਨਾਂ ਦੀਆਂ ਫਸਲਾਂ ਨੂੰ ਪਿੰਡ ਵਾਲਿਆਂ ਅਤੇ ਸਕੇ ਪਰਿਵਾਰਾਂ ਨੇ ਸਾਂਭਿਆ। ਸ਼ਰੀਕੇਬਾਜੀ ਸਾਡੇ ਪੇਂਡੂ ਖੇਤਰ ’ਤੇ ਇੱਕ ਦਾਗ ਹੈ, ਪਰ ਇਸ ਅੰਦੋਲਨ ਦੌਰਾਨ ਪਹਿਲੀ ਵਾਰ ਇਸ ਦਾਗ ਦਾ ਰੰਗ ਫਿੱਕਾ ਪਿਆ ਵੇਖਿਆ।
ਮੇਰੇ ਦਫਤਰ ਦੇ ਇੱਕ ਹਿੰਦੂ ਸਹਿਕਰਮੀ ਨੂੰ ਮੈਂ ਦਸੰਬਰ 2020 ਦੀ ਇੱਕ ਸਵੇਰ ਸੁਸਤ ਤੇ ਉਦਾਸ ਮਹਿਸੂਸ ਕੀਤਾ। ਪੁੱਛਣ ’ਤੇ ਉਸ ਨੇ ਦੱਸਿਆ ਕਿ ਮੇਰੀ ਪਤਨੀ ਨੇ ਬੱਚਿਆਂ ਤੇ ਔਰਤਾਂ ਨੂੰ ਏਨੀ ਠੰਢ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਚੰਡੀਗੜ੍ਹ ਦੇ ਚੌਕਾਂ ਵਿੱਚ ਖੜ੍ਹੇ ਵੇਖਿਆ। ਕੱਲ੍ਹ ਸ਼ਾਮ ਗੱਲ ਸੁਣਾਉਂਦੀ-ਸੁਣਾਉਂਦੀ ਉਹ ਬੇਹੋਸ਼ ਜਿਹੀ ਹੋ ਗਈ ਸੀ। ਹਫਤੇ ਕੁ ਬਾਅਦ ਮੈਂ ਪਰਿਵਾਰ ਦਾ ਹਾਲ ਪੁੱਛਿਆ। ਅੱਜ ਉਹ ਟਹਿਕ ਵਿੱਚ ਸੀ, ਉਹ ਕਹਿੰਦਾ ਪਤਨੀ ਬਿਸਕੁਟਾਂ ਦੇ ਪੈਕਟ ਅਤੇ ਚਾਹ ਦੀ ਥਰਮੋਸ ਭਰ ਕੇ ਲੈ ਜਾਂਦੀ ਅਤੇ ਚੌਕਾਂ ਵਿੱਚ ਖੜ੍ਹੀਆਂ ਔਰਤਾਂ ਨੂੰ ਛਕਾ ਆਉਂਦੀ ਹੈ। ਉਹ ਕਹਿੰਦਾ ਕਿਸਾਨ ਅੰਦੋਲਨ ਦੌਰਾਨ ਪਤਨੀ ਵੱਲੋਂ ਸੁਆਦਲੀ ਚਾਹ ਬਣਾਉਣ ਦੇ ਦਰਜੇ ਵਿੱਚ ਚੋਖਾ ਵਾਧਾ ਹੋਇਆ। ਕਿਸਾਨ ਅੰਦੋਲਨ ਨੇ ਆਪਣੇ ਉਨ੍ਹਾਂ ਪਰਿਵਾਰਾਂ ਨੂੰ ਵੀ ਬੁੱਕਲ ਵਿੱਚ ਲੈ ਲਿਆ ਜਿਨ੍ਹਾਂ ਦਾ ਖੇਤੀ ਨਾਲ ਕੋਈ ਸਬੰਧ ਵੀ ਨਹੀਂ ਸੀ।
‘ਦੋ ਹੰਝੂਆਂ ਨੇ ਹਰਿਆ ਕੀਤਾ, ਕੋਹਾਂ ਤੱਕ ਜੋ ਬੰਜਰ ਸੀ’ ਗੀਤ-ਸੰਗੀਤ ਤੇ ਕਾਵਿ ਟੋਟਕਿਆਂ ਨੇ ਕਿਸਾਨ ਅੰਦੋਲਨ ਵਿੱਚ ਨਵੀਂ ਰੂਹ ਫੂਕ ਦਿੱਤੀ ਸੀ। ਗੂੰਜਦੇ ਬੋਲਾਂ ਨੇ ਪੋਹ-ਮਾਘ ਦੇ ਦਿਨਾਂ ਵਿੱਚ ਵੀ ਸਿਆਣੇ ਸਰੀਰਾਂ ਨੂੰ ਨਿੱਘੇ ਰੱਖਿਆ। ਇਸ ਸਫਰ ਦੌਰਾਨ ਪੂਰਾ ਵਰ੍ਹਾ ਅਨੇਕਾਂ ਵੀਡੀਓਜ਼ ਵੱਟਸਐਪ ਗਰੁੱਪਾਂ ’ਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਕਿਸਾਨ ਅੰਦੋਲਨ ਦੌਰਾਨ ਹੋਂਦ ਵਿੱਚ ਆਏ ਕਾਵ-ਟੋਟਕੇ ਅਖਬਾਰਾਂ ਤੇ ਪ੍ਰਿੰਟ ਮੀਡੀਆ ਦੇ ਮੱਥਿਆਂ ਦਾ ਸ਼ਿੰਗਾਰ ਬਣੇ। ਕਿਸਾਨ ਅੰਦੋਲਨ ਨੇ ਲੋਕਾਂ ਵਿੱਚ ਰਾਜਨੀਤਕ ਸੂਝ-ਬੂਝ ਅਤੇ ਹੱਕਾਂ ਦੀ ਨੀਂਹ ਰੱਖੀ। ਉਨ੍ਹਾਂ ਨੇ ਮਾਈਕ ਅੱਗੇ ਬੋਲਣ ਦੀ ਝਿਜਕ ਪਾਰ ਕਰ ਲਈ ਅਤੇ ਉਹ ਲਾਮਬੰਦ ਹੋ ਗਏ। ਹੁਣ ਤੱਕ ਲੋਕ ਰਾਜਨੀਤਕ ਤਾਕਤ ਅੱਗੇ ਸਵਾਲ ਕਰਨ ਤੋਂ ਅਸਮਰੱਥ ਸਨ ਲੇਕਿਨ ਕਿਸਾਨ ਅੰਦੋਲਨ ਨੇ ਇਹ ਪਰਦਾ ਚੁੱਕ ਦਿੱਤਾ। ਕਿਸਾਨਾਂ ਨੇ ਸਮੂਹ ਰਾਜਨੀਤਕ ਪਾਰਟੀਆਂ ਨੂੰ ਆਪਣੇ ਸੰਘਰਸ਼ ਦਾ ਵੇਰਵਾ ਪਾ ਕੇ ਸਿਆਸੀ ਸਰਗਰਮੀਆਂ ਤੋਂ ਰੋਕਿਆ। ਲੀਡਰਾਂ ਤੇ ਉਨ੍ਹਾਂ ਦੇ ਸਮਾਗਮਾਂ ਦਾ ਘਰਾਓ ਹੋਣ ਲੱਗਾ।
ਕਿਸਾਨ ਅੰਦੋਲਨ ਨੇ ਰਾਜਾਂ ਦੇ ਸਬੰਧਾਂ ਨੂੰ ਨਵਾਂ ਰੂਪ ਦਿੱਤਾ। ਜਦ ਕਿਸਾਨ ਅੰਦੋਲਨ ਦਾ ਸਮਾਂ ਲੰਬਾ ਹੋਣ ਲੱਗਾ ਤਾਂ ਪੰਜਾਬ ਦੇ ਕਿਸਾਨ ਬਦਲ-ਬਦਲ ਕੇ ਹਾਜ਼ਰੀ ਭਰਨ ਲੱਗੇ। ਇਨ੍ਹਾਂ ਆਉਂਦੇ-ਜਾਂਦੇ ਕਿਸਾਨਾਂ ਨੂੰ ਹਰਿਆਣੇ ਦੇ ਲੋਕ ਰੋਕ-ਰੋਕ ਕੇ ਰੋਟੀ ਪਾਣੀ ਦੀ ਸੇਵਾ ਕਰਨ ਲੱਗੇ। ਵੇਖਦਿਆਂ-ਵੇਖਦਿਆਂ ਪੂਰਾ ਉੱਤਰੀ ਖਿੱਤਾ ਇੱਕ ਘਰ ਪ੍ਰਤੀਤ ਹੋਣ ਲੱਗ ਪਿਆ। ਕਿਸਾਨ ਅੰਦੋਲਨ ਵੱਲੋਂ ਦੇਸ਼ ਬੰਦ ਦੀਆਂ ਤਰੀਕਾਂ ਦੇਣ ਸਮੇਂ ਇਹ ਅੰਦੋਲਨ ਪੂਰਬ ਤੇ ਉੱਤਰ ਵੱਲ ਫੈਲ ਗਿਆ। ਦੱਖਣੀ ਪ੍ਰਾਂਤਾਂ ਦੇ ਕਾਲਜ ਟੂਰ ਇਸ ਅੰਦੋਲਨ ਨੂੰ ਵੇਖਣ ਆਏ। ਪੂਰੇ ਦੇਸ਼ ਤੋਂ ਡਾਕਟਰ, ਬੁੱਧੀਜੀਵੀ, ਸਾਹਿਤਕਾਰ ਇਸ ਅੰਦੋਲਨ ਵਿੱਚ ਪੱਕੀ ਹਾਜ਼ਰੀ ਭਰਦੇ ਰਹੇ। ਲੋਕਾਂ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਲਈ ਸਿੰਘੂ ਬਾਰਡਰ ਮਨ ਭਾਉਂਦੀ ਥਾਂ ਬਣ ਗਈ ਸੀ। ਇਸ ਅੰਦੋਲਨ ਨੇ ਡਾਕਟਰ ਸਵੈਮਾਨ ਸਿੰਘ ਜਿਹੇ ਦੇਸ਼ ਪ੍ਰੇਮੀਆਂ ਨੂੰ ਚੁੰਬਕ ਵਾਂਗ ਖਿੱਚਿਆ ਅਤੇ ਭਾਈ ਲਾਲੋ ਦੇ ਵਾਰਸਾਂ ਜਿਹੇ ‘ਰਾਣਿਆਂ’ ਨੂੰ ਮਾਣ ਬਖਸ਼ਿਆ।
ਕਿਸਾਨ ਅੰਦੋਲਨ ਨੇ ਔਰਤਾਂ ਨੂੰ ਮਾਣ ਬਖਸ਼ਿਆ। ਕਈ ਵਿਅਕਤੀ ਆਪਣੇ ਪਰਿਵਾਰ ਵੀ ਨਾਲ ਲੈ ਕੇ ਗਏ। ਅੰਦੋਲਨ ਦੌਰਾਨ ਸਕੂਲਾਂ ਦਾ ਹੋਮ ਵਰਕ ਕਰਦੇ ਬੱਚੇ ਵਿਦੇਸ਼ਾਂ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਣੇ। ਚੁੱਲ੍ਹਿਆਂ ਵਿੱਚ ਲਟ-ਲਟ ਮਚਦੀ ਅੱਗ, ਰੋਟੀਆਂ ਪਕਾਉਂਦੀਆਂ ਮਾਵਾਂ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗੀਆਂ। ਭੈਣਾਂ ਅਤੇ ਮਾਵਾਂ ਦੇ ਰੋਹ ਵਿੱਚ ਅੰਦੋਲਨ ਲਾਲ-ਸੁਰਖ ਹੋਣ ਲੱਗਾ। ਦੁੱਖ ਅਤੇ ਜਬਰ ਝੱਲਦੇ ਲੋਕਾਂ ਦੀਆਂ ਸਾਂਝਾਂ ਪੱਕੀਆਂ-ਪੀਡੀਆਂ ਹੁੰਦੀਆਂ ਹਨ। ਉੱਥੇ ਵਸਦੇ ਪਰਿਵਾਰਾਂ ਤੇ ਕਿਸਾਨਾਂ ਦੀਆਂ ਸਾਂਝਾਂ ਪੱਕੇ ਰੰਗਾਂ ਵਾਂਗ ਝਲਕਣ ਲੱਗ ਪਈਆਂ ਸਨ। ਫੁੱਟ ਪਾਊ ਤਾਕਤਾਂ ਦੇ ਅਥਾਹ ਯਤਨਾਂ ਦੇ ਬਾਵਜੂਦ ਇਹ ਸਾਂਝਾਂ ਅਡੋਲ ਰਹੀਆਂ ਅਤੇ ਅੰਤਲੇ ਸਮੇਂ ਹੰਝੂਆਂ ਵਿੱਚ ਵਹਿ ਤੁਰੀਆਂ ਸਨ। ਇਸ ਅੰਦੋਲਨ ਨੇ ਲੋਕ ਸਾਂਝ ਨੂੰ ਅਥਾਹ ਮਾਣ ਬਖਸ਼ਿਆ੍ਰ ਔਰਤਾਂ ਇਸ ਮਾਣ ਦਾ ਤਾਜ ਹਨ।
ਇੱਕ ਵਿਧਵਾ ਔਰਤ ਕਿਸਾਨ ਅੰਦੋਲਨ ਦਾ ਵਿਸ਼ੇਸ਼ ਹਿੱਸਾ ਬਣੀ। ਆਮ ਤੌਰ ’ਤੇ ਦੁਖੀ ਬੰਦੇ, ਖਾਸਕਰ ਔਰਤ, ਜ਼ਿੰਦਗੀ ਦੇ ਦੁੱਖਾਂ ਨਾਲ ਸਮਝੌਤਾ ਕਰਕੇ ਜ਼ਿੰਦਗੀ ਮੁਕਾਉਣ ਦੀ ਸਥਿਤੀ ਲਈ ਮਜਬੂਰ ਹੋ ਕੇ ਰਹਿ ਜਾਂਦੇ ਹਨ। ਉਸ ਔਰਤ ਦਾ ਪਤੀ ਸ਼ਰਾਬ ਪੀਣ ਕਾਰਨ ਮਰਿਆ ਅਤੇ ਸ਼ਰਾਬ ਲਈ ਸਾਰੀ ਜਾਇਦਾਦ ਵੇਚ ਗਿਆ। ਸਾਰੇ ਅੰਦੋਲਨ ਦੌਰਾਨ ਉਹ ਇੱਕੋ ਹੀ ਲਾਈਨ ਦਾ ਸੁਨੇਹਾ ਦਿੰਦੀ ਰਹੀ, ‘ਮੇਰੇ ਬੱਚਿਆਂ ਕੋਲੋਂ ਜ਼ਮੀਨ ਖੁੱਸ ਗਈ ਸੀ, ਤੁਸੀਂ ਸਾਵਧਾਨ ਰਹਿਣਾ ਤੁਹਾਡੇ ਬੱਚਿਆਂ ਕੋਲੋਂ ਨਾ ਖੁੱਸ ਜਾਵੇ’। ਸ਼ਰਾਬ ਨੇ ਪੰਜਾਬ ਦਾ ਘਾਣ ਕੀਤਾ ਹੈ, ਖਾਸਕਰ ਕਿਸਾਨਾਂ, ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ। ਇਸ ਔਰਤ ਦੀ ਜ਼ਿੰਦਗੀ ਇਸ ਦੁਖਾਂਤ ਦਾ ਪ੍ਰਤੀਕ ਹੈ।
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ – ਪਰ ਅੱਜ ਦੀਆਂ ਮੁਹਿੰਮਾਂ ਸਾਡੇ ਆਪਣੇ ਸਿਸਟਮ ਦੀ ਹੀ ਦੇਣ ਹਨ ਅਤੇ ਇਨ੍ਹਾਂ ਦੀ ਹੋਂਦ ਸਦੀਵੀ ਹੈ। ਮੁਨਾਫੇ ਦੇ ਹਾਸ਼ੀਏ ਤੋਂ ਬਾਹਰ ਹੋਇਆ ਖੇਤੀ ਧੰਦਾ, ਲੜਖੜਾਈ ਆਰਥਿਕਤਾ, ਬੇਰੁਜ਼ਗਾਰੀ, ਨਸ਼ੇ, ਵਿਆਹਾਂ ’ਤੇ ਬੇਲੜੇ ਖ਼ਰਚੇੇ, ਵਸੋਂ ਦੀ ਲਗਾਤਾਰ ਘਟਦੀ ਜਾ ਰਹੀ ਜਨਣ ਦਰ ਅਤੇ ਵਿਦੇਸ਼ ਜਾਣ ਦੀ ਹੋੜ ਪੰਜਾਬ ਨੂੰ ਹਰ ਪਲ ਪੈਂਦੇ ਵੱਡੇ-ਵੱਡੇ ਘਾਟੇ ਹਨ। ਜੇ ਅਸੀਂ ਇਸ ਸਮੇਂ ਵੀ ਪੰਜਾਬ ਲਈ ਕੁਝ ਨਹੀਂ ਕਰ ਸਕੇ ਤਾਂ ਸਾਡੀ ਹਾਲਤ ਵਾਰਸ ਦੀਆਂ ਏਨਾਂ ਸਤਰਾਂ ਵਰਗੀ ਹੋਵੇਗੀ:
ਲੈ ਵੇ ਰਾਂਝਿਆ ਰੱਬ ਨੂੰ ਸੌਪਿਓਂ ਤੂੰ
ਅਸੀਂ ਜ਼ਾਲਮਾਂ ਦੇ ਵੱਸ ਪੈ ਚੱਲੇ… ਵੇ।
ਜਿਹੜੇ ਨਾਲ ਖਿਆਲ ਉਸਾਰਦੇ ਸੀ
ਖ਼ਾਨੇ ਸਭ ਉਮੀਦ ਦੇ ਢਹਿ ਚੱਲੇ… ਵੇ।
ਸੰਪਰਕ: 98158-00405