ਜੀ ਪਾਰਥਾਸਾਰਥੀ
ਹਾਲੀਆ ਸਾਲਾਂ ਦੌਰਾਨ ਭਾਰਤ ਨੇ ਆਪਣੇ ਰਣਨੀਤਕ ਮੋਰਚਿਆਂ ਨੂੰ ਆਪਣੀਆਂ ਸਮੁੰਦਰੀ ਹੱਦਾਂ ਤੋਂ ਪਰੇ ਆਪਣੇ ਪੂਰਬ ਵਿਚ ਪੈਂਦੇ ਮਲੱਕਾ ਜਲਡਮਰੂ ਪਾਰਲੇ ਖੇਤਰਾਂ ਤੋਂ ਲੈ ਕੇ ਆਪਣੇ ਪੱਛਮ ਵਿਚ ਪੈਂਦੇ ਹਰਮੂਜ਼ ਜਲਡਮਰੂ ਤੱਕ ਵਧਾ ਲਿਆ ਹੈ। ਨਵੀਂ ਦਿੱਲੀ ਹੁਣ ਤੇਲ ਨਾਲ ਭਰਪੂਰ ਫਾਰਸ ਦੀ ਖਾੜੀ ਦੇ ਦੇਸ਼ਾਂ ਅਤੇ ਪੁਰਾਣੇ ਸੋਵੀਅਤ ਸੰਘ ਦੇ ਮੱਧ ਏਸ਼ਿਆਈ ਗਣਰਾਜਾਂ ਨਾਲ ਆਪਣੇ ਸਬੰਧਾਂ ’ਤੇ ਖ਼ਾਸ ਧਿਆਨ ਦੇ ਰਿਹਾ ਹੈ। ਪਿਛਲੇ ਇਕ ਦਹਾਕੇ ਦੌਰਾਨ ਇਨ੍ਹਾਂ ਦੇਸ਼ਾਂ ਨਾਲ ਸਬੰਧ ਕਾਫ਼ੀ ਮਜ਼ਬੂਤ ਹੋਏ ਹਨ। ਇਸੇ ਦੌਰਾਨ, ਮਲੱਕਾ ਜਲਡਮਰੂ ਦੇ ਪਾਰ ਪ੍ਰਸ਼ਾਂਤ ਸਾਗਰ ਦੇ ਤਟਾਂ ’ਤੇ ਸਥਿਤ ਆਸੀਆਨ ਮੈਂਬਰਾਂ ਤੇ ਆਸਟਰੇਲੀਆ, ਜਪਾਨ ਅਤੇ ਦੱਖਣੀ ਕੋਰੀਆ ਜਿਹੇ ਮੁਲਕਾਂ ਨਾਲ ਵੀ ਸਬੰਧ ਤੇਜ਼ੀ ਨਾਲ ਵਧ-ਫੁੱਲ ਰਹੇ ਹਨ ਅਤੇ ਨਵੇਂ ਪਾਸਾਰ ਅਖ਼ਤਿਆਰ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਤੇਲ ਸਰੋਤਾਂ ਨਾਲ ਭਰਪੂਰ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਸਾਊਦੀ ਅਰਬ ਜਿਹੇ ਮੁਲਕਾਂ ਨਾਲ ਭਾਰਤ ਦੇ ਆਰਥਿਕ ਤੇ ਜਹਾਜ਼ਰਾਨੀ ਸਹਿਯੋਗ ਕਾਫ਼ੀ ਵਧਿਆ ਹੈ ਤੇ ਇਰਾਨ ਨਾਲ ਦੋਸਤਾਨਾ ਸਬੰਧ ਬਰਕਰਾਰ ਰਹੇ ਹਨ।
ਇਸ ਦੇ ਬਾਵਜੂਦ ਭਾਰਤ ਨੇ ਯੂਰੇਸ਼ੀਆ ਅੰਦਰ ਆਪਣੀਆਂ ਨੀਤੀਆਂ ਪ੍ਰਤੀ ਆਜ਼ਾਦਾਨਾ ਪਹੁੰਚ ਅਖ਼ਤਿਆਰ ਕੀਤੀ ਹੈ। ਇਸ ਨੇ ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਵਿਚ ਰੂਸ ਤੇ ਚੀਨ ਨਾਲ ਭਾਈਵਾਲੀ ਨਿਭਾਈ ਹੈ। ਇਸੇ ਸਮੇਂ ਭਾਰਤ ਕੁਆਡ ਵਿਚ ਅਮਰੀਕਾ, ਜਪਾਨ ਤੇ ਆਸਟਰੇਲੀਆ ਨਾਲ ਰਲ਼ ਕੇ ਆਪਣੀ ਭਾਈਵਾਲੀ ਹਿੰਦ ਪ੍ਰਸ਼ਾਂਤ ਖਿੱਤੇ ਤਕ ਵਧਾਈ ਹੈ। ਭਾਰਤ ਯੂ2ਆਈ2 ਦਾ ਵੀ ਮੈਂਬਰ ਹੈ ਜਿਸ ਵਿਚ ਅਮਰੀਕਾ, ਯੂਏਈ ਅਤੇ ਇਜ਼ਰਾਈਲ ਸ਼ਾਮਲ ਹਨ। ਕੁਆਡ ਅਤੇ ਯੂ2ਆਈ2 ਗਰੁੱਪਾਂ ਦੇ ਖ਼ਾਸ ਸੁਰੱਖਿਆ ਪਾਸਾਰ ਹਨ। ਹਾਲੀਆ ਸਾਲਾਂ ਦੌਰਾਨ ਸ਼ੰਘਾਈ ਸਹਿਯੋਗ ਸੰਘ ’ਤੇ ਕੌਮਾਂਤਰੀ ਤਵੱਜੋ ਕੇਂਦਰਤ ਰਹੀ ਹੈ ਜਿਸ ਵਿਚ ਚੀਨ, ਰੂਸ, ਭਾਰਤ, ਕਜ਼ਾਕਿਸਤਾਨ, ਕਿਰਗਿਜ਼ਸਤਾਨ, ਤਾਜਿਕਸਤਾਨ ਤੇ ਉਜ਼ਬੇਕਿਸਤਾਨ ਅਤੇ ਪਾਕਿਸਤਾਨ ਸ਼ਾਮਲ ਹਨ। ਅਗਲੇ ਸਾਲ ਐੱਸਸੀਓ ਦੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਨਵੀਂ ਦਿੱਲੀ ਕਰੇਗੀ। ਹਿੰਦ ਪ੍ਰਸ਼ਾਂਤ ਅਤੇ ਯੂਰੇਸ਼ੀਆ ਦੇ ਆਰ ਪਾਰ ਕੁਆਡ, ਯੂ2ਆਈ2 ਅਤੇ ਐੱਸਸੀਓ ਮਿਲ ਕੇ ਭਾਰਤ ਦੀ ਬਾਹਰੀ ਪਹੁੰਚ ਦੇ ਅਹਿਮ ਸਤੰਭ ਬਣੇ ਹੋਏ ਹਨ।
ਪਿਛਲੇ ਦਿਨੀਂ ਸ਼ੰਘਾਈ ਸਹਿਯੋਗ ਸੰਘ ਦਾ ਸਿਖਰ ਸੰਮੇਲਨ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਵਿਚ ਕਰਵਾਇਆ ਗਿਆ ਸੀ ਜਿੱਥੇ ਭਾਰਤ ਨੂੰ ਰੂਸ ਅਤੇ ਸਾਬਕਾ ਸੋਵੀਅਤ ਸੰਘ ਦੇ ਪੁਰਾਣੇ ਮੱਧ ਏਸ਼ਿਆਈ ਮੁਲਕਾਂ, ਇਰਾਨ ਤੇ ਚੀਨ ਤੱਕ ਪਹੁੰਚ ਕਰਨ ਦਾ ਮੌਕਾ ਮਿਲਿਆ ਜੋ ਸਮੁੱਚੇ ਯੂਰੇਸ਼ੀਆਈ ਧਰਾਤਲ ’ਤੇ ਸਥਿਤ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਿਖਰ ਸੰਮੇਲਨ ਵਿਚ ਯੂਕਰੇਨ ਵਿਚ ਚੱਲ ਰਹੀ ਜੰਗ ਸਣੇ ਕਈ ਹਾਲੀਆ ਘਟਨਾਵਾਂ ਕਰ ਕੇ ਪੈਦਾ ਹੋਈਆਂ ਚੁਣੌਤੀਆਂ ਨਾਲ ਸਿੱਝਣ ਲਈ ਵਿਚਾਰ ਰੱਖੇ ਸਨ। ਯੂਕਰੇਨ ਟਕਰਾਅ ਦਾ ਵੀ ਜ਼ਿਕਰ ਆਇਆ ਜਿਸ ਕਰ ਕੇ ਆਲਮੀ ਸਪਲਾਈ ਚੇਨਾਂ ਖ਼ਾਸਕਰ ਖੇਤੀਬਾੜੀ ਤੇ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਵਿਚ ਬਹੁਤ ਵਿਘਨ ਪਿਆ ਹੈ। ਐੱਸਸੀਓ ਸਿਖਰ ਸੰਮੇਲਨ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕਰਦਿਆਂ ਨਰਿੰਦਰ ਮੋਦੀ ਨੇ ਏਸ਼ੀਆ ਤੋਂ ਲੈ ਕੇ ਅਫਰੀਕਾ ਤੱਕ ਖੁਰਾਕ, ਈਂਧਨ ਅਤੇ ਤੇਲ ਦੀਆਂ ਸਪਲਾਈ ਚੇਨਾਂ ’ਤੇ ਪੈ ਰਹੇ ਅਸਰ ਬਾਰੇ ਆਪਣੇ ਸਰੋਕਾਰ ਸਾਂਝੇ ਕੀਤੇ ਸਨ। ਉਨ੍ਹਾਂ ਉਚੇਚੇ ਤੌਰ ’ਤੇ ਆਖਿਆ, “ਮੈਂ ਜਾਣਦਾ ਹਾਂ ਕਿ ਅੱਜ ਦਾ ਯੁੱਗ ਜੰਗ ਦਾ ਯੁੱਗ ਨਹੀਂ ਹੈ” ਅਤੇ ਨੋਟ ਕੀਤਾ ਕਿ “ਯੂਕਰੇਨ ਜੰਗ ਨੂੰ ਲੋਕਰਾਜ, ਕੂਟਨੀਤੀ ਅਤੇ ਗੱਲਬਾਤ ਜ਼ਰੀਏ ਸੁਲਝਾਇਆ ਜਾਣਾ ਚਾਹੀਦਾ ਹੈ।” ਉਨ੍ਹਾਂ ਇਹ ਜ਼ਿਕਰ ਵੀ ਕੀਤਾ, “ਦੁਨੀਆ ਖ਼ਾਸਕਰ ਵਿਕਾਸਸ਼ੀਲ ਮੁਲਕਾਂ ਸਾਹਮਣੇ ਸਭ ਤੋਂ ਵੱਡੀ ਚਿੰਤਾ ਖਾਧ ਖੁਰਾਕ ਅਤੇ ਊਰਜਾ ਦੀ ਸੁਰੱਖਿਆ ਦੀ ਹੈ। ਸਾਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲੱਭਣੇ ਚਾਹੀਦੇ ਹਨ ਅਤੇ ਇਨ੍ਹਾਂ ਬਾਰੇ ਸੋਚ ਵਿਚਾਰ ਵੀ ਕਰਨੀ ਪਵੇਗੀ।” ਇਨ੍ਹਾਂ ਘਟਨਾਵਾਂ ਨੇ ਅਸਲ ਵਿਚ ਭਾਰਤ ਨੂੰ ਆਪਣੀਆਂ ਖੇਤੀ ਬਰਾਮਦਾਂ ਵਿਚ ਵਾਧਾ ਕਰਨ ਦਾ ਮੌਕਾ ਵੀ ਮੁਹੱਈਆ ਕਰਵਾਇਆ ਹੈ ਜਿਵੇਂ ਇਸ ਮੁਤੱਲਕ ਯੂ2ਆਈ2 ਸਮਝੌਤੇ ਵਿਚ ਇਸ ਦਾ ਪ੍ਰਸਤਾਵ ਹੈ। ਦਿਲਚਸਪ ਗੱਲ ਇਹ ਹੈ ਕਿ ਰਾਸ਼ਟਰਪਤੀ ਪੂਤਿਨ ਨੇ ਇਹ ਗੱਲ ਤਸਲੀਮ ਕੀਤੀ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਮਨ ਵਿਚ ਵੀ ਯੂਕਰੇਨ ਦੇ ਟਕਰਾਅ ਮੁਤੱਲਕ ਕਈ ਭੁਲੇਖੇ ਤੇ ਤੌਖਲੇ ਸਨ।
ਭਾਰਤ ਨੇ ਯੂਕਰੇਨ ਰੂਸ ਟਕਰਾਅ ਅਤੇ ਵੱਡੀਆਂ ਤਾਕਤਾਂ ਦੀ ਭੂਮਿਕਾ ਬਾਰੇ ਆਪਣੀ ਸੋਚ ਕਾਫ਼ੀ ਸਪੱਸ਼ਟ ਰੂਪ ਵਿਚ ਪੇਸ਼ ਕੀਤੀ ਹੈ। ਇਸ ਗੱਲ ਦੇ ਆਸਾਰ ਬਹੁਤ ਘੱਟ ਹਨ ਕਿ ਭਾਰਤ ਅਮਰੀਕਾ, ਚੀਨ ਅਤੇ ਰੂਸ ਜਿਹੀਆਂ ਵੱਡੀਆਂ ਤਾਕਤਾਂ ਨਾਲ ਸਬੰਧਾਂ ਬਾਰੇ ਆਪਣੀ ਪਹੁੰਚ ਬਦਲੇਗਾ। ਭਾਰਤ ਨੇ ਐੱਸਸੀਓ ਵਿਚ ਇਰਾਨ ਦੇ ਦਾਖ਼ਲੇ ਅਤੇ ਉਸ ਦੇ ਅਰਬ ਗੁਆਂਢੀਆਂ ਨਾਲ ਸਬੰਧਾਂ ਵਿਚ ਬਿਹਤਰੀ ਦਾ ਸਵਾਗਤ ਕੀਤਾ ਹੈ। ਜਾਪ ਰਿਹਾ ਹੈ ਕਿ ਸਾਊਦੀ ਅਰਬ, ਯੂਏਈ ਅਤੇ ਕੁਝ ਹੋਰ ਪ੍ਰਮੁੱਖ ਅਰਬ ਦੇਸ਼ਾਂ ਨਾਲ ਇਰਾਨ ਦੇ ਸਬੰਧਾਂ ਵਿਚ ਇਹ ਅਮਲ ਕਾਫ਼ੀ ਰਵਾਂ ਹੋ ਗਿਆ ਹੈ। ਇਸ ਤੋਂ ਇਲਾਵਾ ਬਾਇਡਨ ਪ੍ਰਸ਼ਾਸਨ ਦੀ ਪਹੁੰਚ ਬਾਰੇ ਕੁਝ ਹਾਲੀਆ ਤੌਖਲਿਆਂ ਦੇ ਬਾਵਜੂਦ ਨਵੀਂ ਦਿੱਲੀ ਦੇ ਅਮਰੀਕਾ ਨਾਲ ਸਬੰਧਾਂ ਵਿਚ ਕੋਈ ਬਹੁਤਾ ਬਦਲਾਅ ਨਜ਼ਰ ਨਹੀਂ ਆਇਆ।
ਨਰਿੰਦਰ ਮੋਦੀ ਦੀਆਂ ਟਿੱਪਣੀਆਂ ਬਾਰੇ ਰਾਸ਼ਟਰਪਤੀ ਪੂਤਿਨ ਦਾ ਜਵਾਬ ਵੀ ਕਾਫ਼ੀ ਦਿਲਚਸਪ ਸੀ। ਉਨ੍ਹਾਂ ਧਿਆਨ ਦਿਵਾਇਆ ਕਿ ਭਾਰਤ ਲਈ ਖਾਦਾਂ ਦੀ ਸਪਲਾਈ ਅੱਠ ਗੁਣਾ ਵਧੀ ਹੈ ਜਦਕਿ ਤੇਲ ਤੇ ਗੈਸ ਦੇ ਖੇਤਰਾਂ ਅਤੇ ਪਰਮਾਣੂ ਊਰਜਾ ਸਨਅਤ ਵਿਚ ਵੱਡੇ ਪੱਧਰ ’ਤੇ ਸਾਂਝੇ ਉਦਮ ਤਸੱਲੀਬਖ਼ਸ਼ ਢੰਗ ਨਾਲ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਗੱਲ ਵੀ ਨੋਟ ਕੀਤੀ ਕਿ ਭਾਰਤ ਦੇ ਇਤਿਹਾਸ ਤੇ ਪੁਰਾਤਨ ਸਭਿਆਚਾਰ ਨੂੰ ਲੈ ਕੇ ਰੂਸ ਵਿਚ ਬਹੁਤ ਜ਼ਿਆਦਾ ਦਿਲਚਸਪੀ ਰਹੀ ਹੈ। ਉਨ੍ਹਾਂ ਵੀਜ਼ਾ ਮੁਕਤ ਸੈਲਾਨੀਆਂ ਦੀ ਆਮਦੋ-ਰਫ਼ਤ ਲਈ ਦੁਵੱਲਾ ਸਮਝੌਤੇ ਸਬੰਧੀ ਗੱਲਬਾਤ ਦੇ ਅਮਲ ਵਿਚ ਤੇਜ਼ੀ ਲਿਆਉਣ ਦਾ ਸੁਝਾਅ ਦਿੱਤਾ। ਉਨ੍ਹਾਂ ਦੀਆਂ ਟਿੱਪਣੀਆਂ ਦਾ ਹਾਂਦਰੂ ਰੌਂਅ ਕਾਫ਼ੀ ਅਹਿਮ ਸੀ। ਭਾਰਤ ਨੂੰ ਇਸ ਵੇਲੇ ਰੂਸ ਤੋਂ ਬਹੁਤ ਹੀ ਸਸਤੀਆਂ ਦਰਾਂ ’ਤੇ ਤੇਲ, ਖਾਦਾਂ ਅਤੇ ਕੁਦਰਤੀ ਗੈਸ ਦਰਿਆਫ਼ਤ ਹੋ ਰਹੀ ਹੈ ਜਿਸ ਤੋਂ ਭਾਰਤ ਦੀ ਆਰਥਿਕ ਤਰੱਕੀ ਵਿਚ ਰੂਸ ਦੀ ਭੂਮਿਕਾ ਜ਼ਾਹਰ ਹੁੰਦੀ ਹੈ।
ਰੂਸ ਨਾਲ ਸਬੰਧਾਂ ਬਾਰੇ ਆਪੋ-ਆਪਣੀ ਪਹੁੰਚ ਬਾਰੇ ਮਤਭੇਦਾਂ ਦੇ ਬਾਵਜੂਦ ਅਮਰੀਕਾ ਨਾਲ ਭਾਰਤ ਦੇ ਸਬੰਧ ਲਗਾਤਾਰ ਵਧ ਰਹੇ ਹਨ ਹਾਲਾਂਕਿ ਅਮਰੀਕਾ ਦੀਆਂ ਮੌਜੂਦਾ ਨੀਤੀਆਂ ਬਾਬਤ ਨਵੀਂ ਦਿੱਲੀ ਵਿਚ ਕੁਝ ਪ੍ਰੇਸ਼ਾਨੀਆਂ ਦਿਖਾਈ ਦਿੱਤੀਆਂ ਸਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਬਬ ਪਾਕਿਸਤਾਨ ਨੂੰ ਹਾਲ ਹੀ ਵਿਚ ਅਮਰੀਕਾ ਵਲੋਂ ਮੁਹੱਈਆ ਕਰਵਾਏ ਗਏ ਹਥਿਆਰ ਅਤੇ ਫ਼ੌਜੀ ਸਾਜ਼ੋ-ਸਾਮਾਨ ਹੈ। ਪੈਂਟਾਗਨ ਨੇ ਲੰਘੀ 14 ਅਪਰੈਲ ਨੂੰ ਐਲਾਨ ਕੀਤਾ ਸੀ ਕਿ ਬਾਇਡਨ ਪ੍ਰਸ਼ਾਸਨ ਨੇ ਪਾਕਿਸਤਾਨ ਲਈ ਲੜਾਕੂ ਐੱਫ-16 ਜਹਾਜ਼ਾਂ ਦੇ ਪੁਰਜ਼ੇ ਤੇ ਹੋਰ ਸਾਜ਼ੋ-ਸਾਮਾਨ ਸਮੇਤ 45 ਕਰੋੜ ਡਾਲਰ ਦੀ ਇਮਦਾਦ ਮੁਹੱਈਆ ਕਰਾਉਣ ਦਾ ਫ਼ੈਸਲਾ ਕੀਤਾ ਹੈ। ਅਮਰੀਕੀ ਤਰਜਮਾਨ ਨੇ ਆਖਿਆ ਸੀ, “ਪਾਕਿਸਤਾਨ ਦਾ ਐੱਫ-16 ਪ੍ਰੋਗਰਾਮ ਵਡੇਰੇ ਅਮਰੀਕੀ-ਪਾਕਿਸਤਾਨੀ ਦੁਵੱਲੇ ਸਬੰਧਾਂ ਲਈ ਅਹਿਮ ਹੈ। ਐੱਫ-16 ਫਲੀਟ ਸਦਕਾ ਪਾਕਿਸਤਾਨ ਦਹਿਸ਼ਤਗਰਦੀ ਖਿਲਾਫ਼ ਅਪਰੇਸ਼ਨ ਚਲਾਉਣ ਦੇ ਯੋਗ ਬਣਦਾ ਹੈ ਅਤੇ ਸਾਨੂੰ ਉਮੀਦ ਹੈ ਕਿ ਪਾਕਿਸਤਾਨ ਸਾਰੇ ਦਹਿਸ਼ਤਗਰਦ ਗਰੁੱਪਾਂ ਖਿਲਾਫ਼ ਬੱਝਵੀਂ ਕਾਰਵਾਈ ਕਰੇਗਾ।” ਸਚਾਈ ਇਹ ਹੈ ਕਿ ਅਮਰੀਕਾ ਨੇ ਜਿਹੜੇ ਐੱਫ-16 ਲੜਾਕੂ ਜਹਾਜ਼ ਮੁਹੱਈਆ ਕਰਵਾਏ ਹਨ, ਉਨ੍ਹਾਂ ’ਤੇ ਐਮਰਾਮ ਮਿਜ਼ਾਈਲਾਂ ਲੱਗੀਆਂ ਹਨ ਜਿਨ੍ਹਾਂ ਨੇ ਬਾਲਾਕੋਟ ਅਪਰੇਸ਼ਨ ਵੇਲੇ ਭਾਰਤੀ ਹਵਾਈ ਸੈਨਾ ਦੇ ਇਕ ਜਹਾਜ਼ ਨੂੰ ਮਾਰ ਗਿਰਾਇਆ ਸੀ। ਨਵੀਂ ਦਿੱਲੀ ਦੇ ਮਨ ਵਿਚ ਇਹ ਮੁੱਦਾ ਖਟਕਦਾ ਰਹਿ ਸਕਦਾ ਹੈ।
ਪਾਕਿਸਤਾਨ ਨੂੰ ਬਾਇਡਨ ਪ੍ਰਸ਼ਾਸਨ ਵਲੋਂ ਫ਼ੌਜੀ ਇਮਦਾਦ ਮੁਹੱਈਆ ਕਰਵਾਉਣ ਦਾ ਇਹ ਐਲਾਨ ਕਾਫ਼ੀ ਹੈਰਾਨਕੁਨ ਹੈ। ਉਂਝ, ਬਾਇਡਨ ਪ੍ਰਸ਼ਾਸਨ ਤੋਂ ਹੋਰ ਜ਼ਿਆਦਾ ਉਮੀਦ ਕੀਤੀ ਵੀ ਨਹੀਂ ਜਾਣੀ ਚਾਹੀਦੀ ਸੀ। ਜਦੋਂ ਓਬਾਮਾ ਪ੍ਰਸ਼ਾਸਨ ਵੇਲੇ ਬਾਇਡਨ ਉਪ ਰਾਸ਼ਟਰਪਤੀ ਸਨ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੇ ‘ਚਾਰ ਸਿਤਾਰਾ ਜਰਨੈਲਾਂ’ ਨੂੰ ਮਿਲਣ ਦਾ ਬੜਾ ਚਾਅ ਹੁੰਦਾ ਸੀ। ਉਹ 12 ਜਨਵਰੀ 2011 ਨੂੰ ਉਸ ਵੇਲੇ ਦੇ ਥਲ ਸੈਨਾ ਮੁਖੀ ਜਨਰਲ ਪ੍ਰਵੇਜ਼ ਕਿਆਨੀ ਨੂੰ ਮਿਲਣ ਲਈ ਇਸਲਾਮਾਬਾਦ ਤੋਂ ਰਾਵਲਪਿੰਡੀ ਪੁੱਜੇ ਸਨ। ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਨੂੰ ਫ਼ੌਜੀ ਇਮਦਾਦ ਮੁਹੱਈਆ ਕਰਾਉਣ ਦਾ ਇਹ ਐਲਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਪਾਕਿਸਤਾਨ ਲਈ 2 ਅਰਬ ਡਾਲਰ ਦੀ ਇਮਦਾਦ ਦਾ ਪ੍ਰਸਤਾਵ ਰੱਦ ਕਰਨ ਤੋਂ ਚਾਰ ਸਾਲਾਂ ਬਾਅਦ ਸਾਹਮਣੇ ਆਇਆ ਹੈ। ਟਰੰਪ ਦੇ ਮਨ ਵਿਚ ਪਾਕਿਸਤਾਨ ਵਲੋਂ ਭਾਰਤ ਵਿਰੋਧੀ ਸਰਗਰਮ ਦਹਿਸ਼ਤਪਸੰਦ ਗਰੁਪਾਂ ਨੂੰ ਮਦਦ ਦੇਣ ਬਾਰੇ ਕੋਈ ਭਰਮ ਭੁਲੇਖਾ ਨਹੀਂ ਸੀ ਜਿਨ੍ਹਾਂ ਦੇ ਤਾਲਿਬਾਨ ਨਾਲ ਵੀ ਸਬੰਧ ਹਨ। ਦੂਜੇ ਪਾਸੇ, ਬਾਇਡਨ ਦੇ ਮਨ ਵਿਚ ਪਾਕਿਸਤਾਨ ਦੇ ਫ਼ੌਜੀ ਜਰਨੈਲਾਂ ਪ੍ਰਤੀ ਕਾਫ਼ੀ ਆਦਰ ਮਾਣ ਹੈ। ਇਸ ਵੇਲੇ ਪਾਕਿਸਤਾਨ-ਅਮਰੀਕੀ ਸਬੰਧਾਂ ਦੀ ਵਾਗਡੋਰ ਪਾਕਿਸਤਾਨ ਦੀ ਰਾਜਨੀਤਕ ਲੀਡਰਸ਼ਿਪ ਕੋਲ ਨਹੀਂ ਸਗੋਂ ਥਲ ਸੈਨਾ ਮੁਖੀ ਜਨਰਲ ਬਾਜਵਾ ਦੇ ਹੱਥਾਂ ਵਿਚ ਹੈ ਜਿਨ੍ਹਾਂ ਨਾਲ ਵਾਹ-ਵਾਸਤਾ ਰੱਖਣ ਲਈ ਅਮਰੀਕੀ ਅਹਿਲਕਾਰ ਵੀ ਪੂਰੇ ਖੁਸ਼ ਹਨ!
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।