ਡਾ. ਰਣਜੀਤ ਸਿੰਘ
ਪੰਜਾਬ ਦੀ ਸਾਰੀ ਖੇਤੀ ਭਾਵੇਂ ਮਸ਼ੀਨੀ ਹੋ ਗਈ ਹੈ, ਫਿਰ ਵੀ ਪਸ਼ੂਆਂ ਦੀ ਗਿਣਤੀ 80 ਲੱਖ ਤੋਂ ਵੱਧ ਹੈ। ਪਹਿਲਾਂ ਪਸ਼ੂਆਂ ਦੀ ਵਰਤੋਂ ਖੇਤੀ ਲਈ ਕੀਤੀ ਜਾਂਦੀ ਸੀ, ਉਦੋਂ ਦੁਧਾਰੂ ਪਸ਼ੂਆਂ ਜਿੰਨੀ ਹੀ ਅਹਿਮੀਅਤ ਖੇਤੀ ਲਈ ਵਰਤੇ ਜਾਣ ਵਾਲੇ ਪਸ਼ੂਆਂ ਦੀ ਹੁੰਦੀ ਸੀ। ਉਦੋਂ ਖੇਤੀ ਮਸ਼ੀਨਰੀ ਦੀ ਅਣਹੋਂਦ ਕਾਰਨ ਖੇਤੀ ਦਾ ਧੰਦਾ ਪਸ਼ੂਆਂ ’ਤੇ ਹੀ ਨਿਰਭਰ ਹੁੰਦਾ ਸੀ। ਜ਼ਮੀਨਾਂ ਦੀ ਵਹਾਈ ਸਣੇ ਕਿਤੇ ਆਉਣ ਜਾਣ ਤਕ ਲਈ ਲੋਕ ਪਸ਼ੂਆਂ ’ਤੇ ਹੀ ਨਿਰਭਰ ਸਨ। ਇਸ ਲਈ ਮਨੁੱਖੀ ਜੀਵਨ ਵਿਚ ਪੁਰਾਣਿਆਂ ਸਮਿਆਂ ਵਿਚ ਪਸ਼ੂਆਂ ਦੀ ਅਹਿਮੀਅਤ ਕਾਫ਼ੀ ਜਿ਼ਆਦਾ ਸੀ ਪਰ ਹੁਣ ਇਨ੍ਹਾਂ ਦੀ ਜਿ਼ਆਦਾਤਰ ਵਰਤੋਂ ਦੁੱਧ ਤਕ ਸੀਮਤ ਹੋ ਗਈ ਹੈ। ਇੰਨੀ ਵੱਡੀ ਗਿਣਤੀ ਪਸ਼ੂਆਂ ਲਈ ਹਰ ਸਾਲ ਕਰੀਬ 900 ਲੱਖ ਟਨ ਹਰਾ-ਚਾਰਾ ਚਾਹੀਦਾ ਹੈ।
ਪੰਜਾਬ ਵਿਚ ਇਸ ਸਮੇਂ ਚਾਰੇ ਦੀ ਪੈਦਾਵਾਰ 700 ਲੱਖ ਟਨ ਤੋਂ ਵੀ ਘੱਟ ਹੈ। ਸੂਬੇ ਵਿਚ ਜਿੱਥੇ ਚਾਰਿਆਂ ਹੇਠ ਰਕਬੇ ਵਿਚ ਵਾਧੇ ਦੀ ਲੋੜ ਹੈ, ਉੱਥੇ ਪਸ਼ੂਆਂ ਦੀ ਗਿਣਤੀ ਵਿਚ ਵੀ ਵਾਧਾ ਕਰਨਾ ਜ਼ਰੂਰੀ ਹੈ। ਡੇਅਰੀ ਦੇ ਧੰਦੇ ਲਈ ਪੰਜਾਬ ਸਭ ਤੋਂ ਢੁਕਵਾਂ ਹੈ। ਸਾਰੀ ਧਰਤੀ ਸੇਂਜੂ ਹੋਣ ਕਰ ਕੇ ਸਾਰਾ ਸਾਲ ਹਰਾ ਚਾਰਾ ਮਿਲ ਸਕਦਾ ਹੈ। ਉਂਝ ਵੀ ਛੋਟੇ ਕਿਸਾਨਾਂ ਦੀ ਆਮਦਨ ਵਿਚ ਵਾਧੇ ਲਈ ਪਸ਼ੂ ਪਾਲਣ ਨੂੰ ਹੱਲਾਸ਼ੇਰੀ ਦੇਣਾ ਜ਼ਰੂਰੀ ਹੈ। ਇਸ ਸਮੇਂ ਵੀ ਸੂਬੇ ਵਿਚ ਦੁੱਧ ਦੀ ਪ੍ਰਤੀ ਡੰਗਰ ਪ੍ਰਾਪਤੀ ਸਾਰੇ ਦੇਸ਼ ਤੋਂ ਵੱਧ ਹੈ। ਇੱਥੇ ਦੇਸ਼ ਦੇ ਸਾਰੇ ਡੰਗਰਾਂ ਦਾ ਕਰੀਬ ਦੋ ਪ੍ਰਤੀਸ਼ਤ ਹੈ ਪਰ ਦੁੱਧ ਦੇਸ਼ ਦੀ ਕੁੱਲ ਪੈਦਾਵਾਰ ਦਾ ਅੱਠ ਪ੍ਰਤੀਸ਼ਤ ਹੈ। ਚੰਗੇ ਪਸ਼ੂ ਪ੍ਰਬੰਧ ਅਤੇ ਹਰੇ ਚਾਰੇ ਵਿਚ ਵਾਧੇ ਨਾਲ ਦੁੱਧ ਦੀ ਮਿਕਦਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ।
ਅਗੇਤੀ ਕਣਕ ਦੀ ਵਾਢੀ ਨਾਲ ਵਿਹਲੇ ਹੋਏ ਖੇਤਾਂ ਵਿਚ ਹਰੇ ਚਾਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਅਪਰੈਲ ਦਾ ਮਹੀਨਾ ਸਾਉਣੀ ਦੇ ਸਾਰੇ ਹਰੇ-ਚਾਰਿਆਂ ਦੀ ਬਿਜਾਈ ਲਈ ਢੁਕਵਾਂ ਹੈ। ਇਸ ਮਹੀਨੇ ਮੱਕੀ, ਬਾਜਰਾ, ਚਰ੍ਹੀ, ਵਧੇਰੇ ਲੌ ਦੇਣ ਵਾਲੀ ਚਰ੍ਹੀ, ਦੋਗਲਾ ਨੇਪੀਅਰ ਬਾਜਰਾ, ਗਿੰਨੀ ਘਾਹ ਤੇ ਰਵਾਂਹ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਜੇ ਚਾਰੇ ਦੀਆਂ ਫ਼ਸਲਾਂ ਵਿਚ ਰਵਾਂਹ ਰਲਾ ਕੇ ਬੀਜੇ ਜਾਣ ਤਾਂ ਚਾਰੇ ਦੀ ਪੌਸ਼ਟਿਕਤਾ ਵਿਚ ਵਾਧਾ ਕੀਤਾ ਜਾ ਸਕਦਾ ਹੈ। ਗਰਮੀਆਂ ਵਿਚ ਲਵੇਰੀਆਂ ਦਾ ਦੁੱਧ ਘਟ ਜਾਂਦਾ ਹੈ। ਗਰਮੀ ਦੇ ਨਾਲੋ-ਨਾਲ ਇਸ ਦਾ ਇਕ ਕਾਰਨ ਹਰੇ ਚਾਰੇ ਦੀ ਘਾਟ ਵੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਜਿਹੜਾ ਵੀ ਖੇਤ ਖਾਲੀ ਹੈ, ਉੱਥੇ ਹਰੇ ਚਾਰੇ ਦੀ ਬਿਜਾਈ ਸ਼ੁਰੂ ਕੀਤੀ ਜਾਵੇ।
ਚਾਰੇ ਦੀ ਫ਼ਸਲ ਉੱਤੇ ਕਿਸੇ ਵੀ ਕੀਟਨਾਸ਼ਕ ਤੇ ਨਦੀਨਨਾਸ਼ਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇ ਬਹੁਤ ਜ਼ਰੂਰੀ ਹੋ ਜਾਵੇ ਤਾਂ ਮਾਹਿਰਾਂ ਦੀ ਸਲਾਹ ਤੋਂ ਬਗੈਰ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ। ਛਿੜਕਾਅ ਪਿੱਛੋਂ ਚਾਰੇ ਨੂੰ ਓਨੇ ਦਿਨ ਨਾ ਕੱਟਿਆ ਜਾਵੇ ਜਿੰਨੇ ਦਿਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਚਾਰੇ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਤੋਂ ਵੱਧ ਰਸਾਇਣਿਕ ਖਾਦਾਂ ਨਹੀਂ ਪਾਉਣੀਆਂ ਚਾਹੀਦੀਆਂ ਜਿੱਥੋਂ ਤਕ ਹੋ ਸਕੇ ਰੂੜੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ।
ਮੱਕੀ ਵਧੀਆ ਚਾਰਾ ਹੈ। ਪਸ਼ੂ ਇਸ ਨੂੰ ਖ਼ੁਸ਼ ਹੋ ਕੇ ਖਾਂਦੇ ਹਨ। ਇਹ ਦੋ ਮਹੀਨਿਆਂ ਵਿਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਮੱਕੀ ਦੀਆਂ ਜੇ 1006 ਅਤੇ ਜੇ 1007 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਤੋਂ ਕਰੀਬ 165 ਕੁਇੰਟਲ ਹਰਾ-ਚਾਰਾ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ। ਇਕ ਏਕੜ ਲਈ 30 ਕਿਲੋ ਬੀਜ ਦੀ ਲੋੜ ਪੈਂਦੀ ਹੈ। ਚਰ੍ਹੀ ਅਜਿਹਾ ਚਾਰਾ ਹੈ ਜਿਹੜਾ ਦੂਜਿਆਂ ਦੇ ਮੁਕਾਬਲੇ ਸਭ ਤੋਂ ਵੱਧ ਰਕਬੇ ਵਿਚ ਬੀਜਿਆ ਜਾਂਦਾ ਹੈ। ਐੱਸਐੱਲ 44 ਸਿਫ਼ਾਰਸ਼ ਕੀਤੀ ਕਿਸਮ ਹੈ। ਇਸ ਦਾ ਇੱਕ ਏਕੜ ਵਿਚੋਂ 240 ਕੁਇੰਟਲ ਚਾਰਾ ਪ੍ਰਾਪਤ ਹੋ ਜਾਂਦਾ ਹੈ। ਇਕ ਏਕੜ ਲਈ 25 ਕਿਲੋ ਬੀਜ ਚਾਹੀਦਾ ਹੈ। ਚਰ੍ਹੀ ਦੀਆਂ ਅਜਿਹੀਆਂ ਕਿਸਮਾਂ ਵੀ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਤੋਂ ਕਈ ਕਟਾਈਆਂ ਪ੍ਰਾਪਤ ਹੋ ਜਾਂਦੀਆਂ ਹਨ। ਪੰਜਾਬ ਸੂਡਕੈਸ ਚਰ੍ਹੀ 4 ਅਤੇ ਪੰਜਾਬ ਸੂਡਕੇਸ ਚਰ੍ਹੀ ਇਸ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਤੋਂ 450 ਕੁਇੰਟਲ ਤੋਂ ਵੀ ਵੱਧ ਪ੍ਰਤੀ ਏਕੜ ਹਰਾ-ਚਾਰਾ ਮਿਲ ਜਾਂਦਾ ਹੈ। ਇਕ ਏਕੜ ਲਈ 15 ਕਿਲੋ ਬੀਜ ਦੀ ਲੋੜ ਪੈਂਦੀ ਹੈ। ਬਾਜਰਾ ਇਕ ਹੋਰ ਹਰਾ-ਚਾਰਾ ਹੈ ਜਿਸ ਨੂੰ ਚੋਖਾ ਪਸੰਦ ਕੀਤਾ ਜਾਂਦਾ ਹੈ। ਰੇਤਲੇ ਇਲਾਕਿਆਂ ਵਿਚ ਤਾਂ ਬਿਜਾਈ ਹੀ ਬਾਜਰੇ ਦੀ ਕੀਤੀ ਜਾਂਦੀ ਹੈ। ਪੀਐੱਚਬੀਐੱਫ 1, ਪੀਸੀਬੀ 164, ਪੀਸੀਬੀ 165 ਅਤੇ ਐੱਫਬੀਸੀ 16 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਕ ਏਕੜ ਲਈ ਅੱਠ ਕਿਲੋ ਬੀਜ ਵਰਤੋਂ ਪਰ ਬੀਜ ਨੂੰ ਬੀਜਣ ਤੋਂ ਪਹਿਲਾਂ ਐਗਰੋਜ਼ੀਮ ਅਤੇ ਕੈਪਟਾਨ ਜਾਂ ਥੀਰਮ ਜ਼ਹਿਰ ਨਾਲ ਸੋਧ ਲਵੋ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰੇ ਚਾਰੇ ਲਈ ਘਾਹ ਤਿਆਰ ਕੀਤੇ ਗਏ ਹਨ। ਇਨ੍ਹਾਂ ਤੋਂ ਕਈ ਮਹੀਨੇ ਹਰਾ-ਚਾਰਾ ਪ੍ਰਾਪਤ ਹੋ ਸਕਦਾ ਹੈ। ਦੋਗਲਾ ਨੇਪੀਅਰ ਬਾਜਰਾ ਵੀ ਅਜਿਹਾ ਹੀ ਘਾਹ ਹੈ। ਇਸ ਦੀ ਬਿਜਾਈ ਜੜ੍ਹਾਂ ਜਾਂ ਕਲਮਾਂ ਰਾਹੀਂ ਕੀਤੀ ਜਾਂਦੀ ਹੈ। ਬਿਜਾਈ ਲਈ ਜੜ੍ਹਾਂ ਦੀ ਲੰਬਾਈ 30 ਸੈਂਟੀਮੀਟਰ ਅਤੇ ਕਲਮਾਂ ਉੱਤੇ ਘੱਟੋ-ਘੱਟ ਦੋ ਗੰਢਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਲਈ 11,000 ਜੜ੍ਹਾਂ ਜਾਂ ਕਲਮਾਂ ਦੀ ਲੋੜ ਪੈਂਦੀ ਹੈ। ਇਨ੍ਹਾਂ ਦੀ ਬਿਜਾਈ ਇਸੇ ਮਹੀਨੇ ਪੂਰੀ ਕਰ ਲੈਣੀ ਚਾਹੀਦੀ ਹੈ। ਪੀਬੀਐੱਨ 346 ਪੀਬੀਐੱਨ 342, ਪੀਬੀਐੱਨ 233 ਅਤੇ ਪੀਬੀਐੱਨ 83 ਉੱਨਤ ਕਿਸਮਾਂ ਹਨ।
ਗਿੰਨੀ ਘਾਹ ਵੀ ਕਈ ਕਟਾਈਆਂ ਦਿੰਦਾ ਹੈ। ਪੰਜਾਬ ਗਿੰਨੀ ਘਾਹ 518 ਅਤੇ ਪੰਜਾਬ ਗਿੰਨੀ ਘਾਹ 101 ਉਨਤ ਕਿਸਮਾਂ ਹਨ। ਇਕ ਏਕੜ ਲਈ ਅੱਠ ਕਿਲੋ ਬੀਜ ਦੀ ਵਰਤੋਂ ਕਰੋ। ਪਹਿਲੀ ਕਟਾਈ ਬੀਜਣ ਤੋਂ ਦੋ ਮਹੀਨਿਆਂ ਪਿਛੋਂ ਕੀਤੀ ਜਾ ਸਕਦੀ ਹੈ। ਰਵਾਂਹ ਇਕ ਹੋਰ ਫ਼ਸਲ ਹੈ ਜਿਸ ਦੀ ਵਰਤੋਂ ਚਾਰੇ ਲਈ ਕੀਤੀ ਜਾਂਦੀ ਹੈ। ਨਿਰੋਲ ਫ਼ਸਲ ਬੀਜਣ ਦੀ ਥਾਂ ਜੇ ਇਨ੍ਹਾਂ ਨੂੰ ਮੱਕੀ, ਚਰ੍ਹੀ ਜਾਂ ਬਾਜਰੇ ਵਿਚ ਰਲਾ ਕੇ ਬੀਜਿਆ ਜਾਵੇ ਤਾਂ ਵਧੀਆ ਰਹੇਗਾ। ਸੀਐੱਲ 367 ਅਤੇ ਰਵਾਂਹ 88 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਨਿਰੋਲ ਫ਼ਸਲ ਲਈ ਰਵਾਂਹ 88 ਕਿਸਮ ਦਾ 25 ਕਿਲੋ ਅਤੇ ਰਵਾਂਹ 367 ਕਿਸਮ ਦਾ 12 ਕਿਲੋ ਬੀਜ ਪ੍ਰਤੀ ਏਕੜ ਪਾਵੋ। ਜੇ ਮੱਕੀ ਵਿਚ ਰਲਾ ਕੇ ਬੀਜਣਾ ਹੋਵੇ ਤਾਂ 15 ਕਿਲੋ ਮੱਕੀ ਅਤੇ 15 ਕਿਲੋ ਰਵਾਂਹ 88 ਪ੍ਰਤੀ ਏਕੜ ਬੀਜ ਪਾਵੋ। ਬੀਜ ਨੂੰ ਬਾਵਿਸਟਨ 2 ਗ੍ਰਾਮ ਪ੍ਰਤੀ ਕਿਲੋ ਨਾਲ ਸੋਧ ਕੇ ਬੀਜੋ। ਜਦੋਂ ਫ਼ਸਲ ਨੂੰ ਫੁੱਲ ਪੈ ਜਾਵੇ ਤਾਂ ਕਟਾਈ ਕਰ ਲੈਣੀ ਚਾਹੀਦੀ ਹੈ।
ਅਪਰੈਲ ਮਹੀਨੇ ਲੋੜ ਅਨੁਸਾਰ ਹਰੇ ਚਾਰੇ ਦੀ ਬਿਜਾਈ ਕਰ ਕੇ ਲੋੜੀਂਦੀ ਖ਼ੁਰਾਕ ਦੀ ਪੂਰਤੀ ਹੋਵੇਗੀ। ਇਸ ਨਾਲ ਦੁੱਧ ਉਤਪਾਦਨ ਵਿਚ ਵਾਧਾ ਹੋਵੇਗਾ।
ਸੰਪਰਕ: 94170-87328