ਗੁਰਬਚਨ ਜਗਤ
ਜੰਮੂ ਕਸ਼ਮੀਰ ਹਮੇਸ਼ਾਂ ਹੀ ਕੌਮੀ ਦਿਸਹੱਦੇ ’ਤੇ ਉਭਰਦਾ ਰਿਹਾ ਹੈ। ਉਸ ਹਿਸਾਬ ਨਾਲ ਪਿਛਲੇ ਦੋ ਕੁ ਸਾਲ ਵੀ ਅਪਵਾਦ ਨਹੀਂ ਹਨ। ਇਸ ਅਰਸੇ ਦੌਰਾਨ ਕੀਤੀਆਂ ਗਈਆਂ ਉਥਲ ਪੁਥਲ ਵਾਲੀਆਂ ਤਬਦੀਲੀਆਂ ਨੇ ਢਾਂਚੇ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਹਾਲਾਂਕਿ ਇਨ੍ਹਾਂ ਤਬਦੀਲੀਆਂ ਨੂੰ ਪੂਰੀ ਤਰ੍ਹਾਂ ਅਣਕਿਆਸੀਆਂ ਵੀ ਨਹੀਂ ਕਿਹਾ ਜਾ ਸਕਦਾ। ਉਂਜ, ਇਹ ਸਭ ਕੁਝ ਕਰਦਿਆਂ ਅਸੀਂ ਸ਼ਾਇਦ ਆਪਣੇ ਦੁਸ਼ਮਣਾਂ ਦੇ ਹੱਥਾਂ ਵਿਚ ਖੇਡ ਗਏ ਹਾਂ ਜਿਨ੍ਹਾਂ ਨੂੰ ਸਾਡੇ ’ਚ ਵੰਡੀਆਂ ਪਾਉਣ ਅਤੇ ਸਾਡੇ ਗਣਰਾਜ ਨੂੰ ਕਮਜ਼ੋਰ ਕਰਨ ਦੇ ਹਰ ਮੌਕੇ ਦੀ ਤਲਾਸ਼ ਰਹਿੰਦੀ ਹੈ। ਇਨ੍ਹਾਂ ਤਬਦੀਲੀਆਂ ਦੇ ਝਟਕੇ ਤੋੜ ਦਿੱਤੇ ਗਏ ਸੂਬੇ ਦੇ ਹਰ ਸ਼ੋਹਬੇ ’ਤੇ ਮਹਿਸੂਸ ਕੀਤੇ ਗਏ ਹਨ। ਸਾਰੇ ਮਨੁੱਖੀ ਰਿਸ਼ਤਿਆਂ ਦਾ ਆਧਾਰ ਭਰੋਸਾ ਹੁੰਦਾ ਹੈ ਅਤੇ ਇਹੀ ਭਰੋਸਾ ਕਾਇਮ ਕਰਨ ਖ਼ਾਤਰ ਅਸੀਂ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਸਾਂ। ਅੱਜ ਇਹ ਭਰੋਸਾ ਤੋੜ ਦਿੱਤਾ ਗਿਆ, ਪਰ ਮੈਨੂੰ ਹਾਲੇ ਵੀ ਆਸ ਹੈ ਕਿ ਅਸੀਂ ਇਸ ਨੂੰ ਮੁੜ ਉਸਾਰ ਸਕਦੇ ਹਾਂ। ਸਾਨੂੰ ਇਕਜੁੱਟ ਰਹਿਣਾ ਪਵੇਗਾ ਅਤੇ ਇਸ ਦੇ ਨਾਲ ਹੀ ਸਮੁੱਚੇ ਦੇਸ਼ ਅੰਦਰ ਇਕ ਦੂਜੇ ਦੀ ਪਛਾਣ ਤੇ ਵਿਭਿੰਨਤਾ ਦੀ ਕਦਰ ਕਰਨੀ ਪੈਣੀ ਹੈ। ਜਦੋਂ ਮੈਨੂੰ ਜੰਮੂ ਕਸ਼ਮੀਰ ਪੁਲੀਸ ਦੀ ਮੁੜ ਉਸਾਰੀ ਦਾ ਕਾਰਜ ਸੌਂਪਿਆ ਗਿਆ ਸੀ ਤਾਂ ਮੈਂ ਇਸੇ ਕਾਰਜ ਦਾ ਹਿੱਸਾ ਬਣਿਆ ਸਾਂ ਤੇ ਇੱਥੇ ਮੈਂ ਉਸ ਦਾ ਮੁਖ਼ਤਸਰ ਜ਼ਿਕਰ ਕਰਨਾ ਚਾਹੁੰਦਾ ਹਾਂ।
1996 ਦੇ ਅਖੀਰ ਵਿਚ ਜੰਮੂ ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਕਰਵਾਈਆਂ ਗਈਆਂ ਅਤੇ ਡਾਕਟਰ ਫ਼ਾਰੂਕ ਅਬਦੁੱਲਾ ਨੇ ਨੈਸ਼ਨਲ ਕਾਨਫਰੰਸ ਸਰਕਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਕੁਝ ਦੇਰ ਬਾਅਦ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇਹ ਫ਼ੈਸਲਾ ਕੀਤਾ ਕਿ ਜੰਮੂ ਕਸ਼ਮੀਰ ਪੁਲੀਸ ਦਾ ਮੁਖੀ ਰਾਜ ਦੇ ਕੇਡਰ ਤੋਂ ਬਾਹਰਲੇ ਅਫ਼ਸਰ ਨੂੰ ਨਿਯੁਕਤ ਕੀਤਾ ਜਾਵੇ। ਮੈਨੂੰ ਪੁੱਛਿਆ ਗਿਆ ਕਿ ਕੀ ਮੈਂ ਪੰਜਾਬ ਕੇਡਰ ਤੋਂ ਡੈਪੁਟੇਸ਼ਨ ’ਤੇ ਉੱਥੇ ਜਾਣ ਲਈ ਤਿਆਰ ਹਾਂ ਤੇ ਮੈਂ ਇਸ ਲਈ ਸਹਿਮਤੀ ਦੇ ਦਿੱਤੀ ਕਿਉਂਕਿ ਕਿਸੇ ਗੜਬੜਜ਼ਦਾ ਰਾਜ ਦੀ ਪੁਲੀਸ ਦੀ ਵਾਗਡੋਰ ਸੰਭਾਲਣਾ ਮੇਰੇ ਲਈ ਵੱਡੇ ਫਖ਼ਰ ਦੀ ਗੱਲ ਸੀ। ਮੈਂ ਫਰਵਰੀ 1997 ਵਿਚ ਜੰਮੂ ਕਸ਼ਮੀਰ ਪੁਲੀਸ ਦੇ ਡੀਜੀਪੀ ਵਜੋਂ ਅਹੁਦਾ ਸੰਭਾਲਿਆ ਸੀ ਤੇ ਸਾਲ 2000 ਦੇ ਅੰਤ ਤੱਕ ਉੱਥੇ ਤਾਇਨਾਤ ਰਿਹਾ।
ਸਰਦੀਆਂ ਦਾ ਮੌਸਮ ਸੀ ਤੇ ਮੈਂ ਜੰਮੂ ’ਚ ਜੁਆਇਨ ਕੀਤਾ ਅਤੇ ਗਵਰਨਰ, ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਹਥਿਆਰਬੰਦ ਦਸਤਿਆਂ, ਨੀਮ ਫ਼ੌਜੀ ਦਸਤਿਆਂ ਤੇ ਪੁਲੀਸ ਦੇ ਅਫ਼ਸਰਾਂ ਨੂੰ ਮਿਲਣ ਗਿਲਣ ਦੀਆਂ ਰਸਮੀ ਕਾਰਵਾਈਆਂ ਜਲਦੀ ਜਲਦੀ ਪੂਰੀਆਂ ਕੀਤੀਆਂ। ਫਿਰ ਮੈਂ ਵਾਦੀ ਅਤੇ ਰਾਜੌਰੀ, ਪੁਣਛ, ਡੋਡਾ ਅਤੇ ਹੋਰਨਾਂ ਜ਼ਿਲ੍ਹਿਆਂ ਦੇ ਥਾਣਿਆਂ ਦਾ ਦੌਰਾ ਸ਼ੁਰੂ ਕੀਤਾ। ਮੈਂ ਹਰ ਥਾਈਂ ਪੁਲੀਸ ਕਰਮੀਆਂ ਤੇ ਜੂਨੀਅਰ ਅਫ਼ਸਰਾਂ ਨਾਲ ਰਾਬਤਾ ਕਾਇਮ ਕੀਤਾ। ਸਬੰਧਿਤ ਇਲਾਕੇ ਦੇ ਸੀਨੀਅਰ ਫ਼ੌਜੀ/ਨੀਮ ਫ਼ੌਜੀ ਅਫ਼ਸਰਾਂ ਨਾਲ ਮੁਲਾਕਾਤਾਂ ਕਰਨ ਦਾ ਮੌਕਾ ਵੀ ਮਿਲਿਆ। ਮੈਂ ਪੁਲੀਸ ਅਫ਼ਸਰਾਂ ਤੇ ਜਵਾਨਾਂ ਨੂੰ ਉਨ੍ਹਾਂ ਦੀ ਵਰਦੀ ਦਾ ਮਾਣ ਸਤਿਕਾਰ ਕਰਨ ਅਤੇ ਇਕਜੁੱਟ ਹੋ ਕੇ ਵਿਦੇਸ਼ੀ ਏਜੰਟਾਂ ਤੇ ਉਨ੍ਹਾਂ ਦੇ ਹਮਾਇਤੀਆਂ ਖ਼ਿਲਾਫ਼ ਮਾਂ-ਭੂਮੀ ਦੀ ਰਾਖੀ ਲਈ ਕੰਮ ਕਰਨ ਦਾ ਹੋਕਾ ਦਿੱਤਾ। ਮੇਰਾ ਇਕੋ ਉਦੇਸ਼ ਸੀ- ਪੁਲੀਸ ਅਤੇ ਲੋਕਾਂ ਦਾ ਭਰੋਸਾ ਜਿੱਤਣਾ ਅਤੇ ਇਹ ਤਾਂ ਹੀ ਹੋ ਸਕਦਾ ਸੀ ਜੇ ਮੈਂ ਵਾਜਬ, ਨਿਰਪੱਖ, ਖਲੂਸ ਅਤੇ ਪੇਸ਼ੇਵਰ ਢੰਗ ਨਾਲ ਕੰਮ ਕਰਦਾ ਨਜ਼ਰ ਆਉਂਦਾ। ਪੁਲੀਸ ਨੂੰ ਸਹਾਇਕ ਢਾਂਚੇ ਤੇ ਆਧੁਨਿਕ ਹਥਿਆਰਾਂ, ਵਾਹਨਾਂ, ਸੰਚਾਰ ਸਾਧਨਾਂ ਆਦਿ ਦੀ ਘਾਟ ਰੜਕ ਰਹੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੀ ਪੂਰੀ ਹਮਾਇਤ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕੁਝ ਮਹੀਨਿਆਂ ਦੇ ਅੰਦਰ ਅੰਦਰ ਇਹ ਸਾਜ਼ੋ-ਸਾਮਾਨ ਮੁਹੱਈਆ ਕਰਵਾ ਦਿੱਤਾ ਜਾਵੇਗਾ ਅਤੇ ਸਾਨੂੰ ਉਨ੍ਹਾਂ ਤੋਂ ਸਿਰਫ਼ ਇਕੋ ਚੀਜ਼- ਵਫ਼ਾਦਾਰੀ ਤੇ ਤਨਦੇਹੀ ਨਾਲ ਡਿਊਟੀ ਅਤੇ ਸਾਡੇ ਅਪਰੇਸ਼ਨਾਂ ਲਈ ਚੰਗੀ ਖ਼ੁਫ਼ੀਆ ਜਾਣਕਾਰੀ ਦਰਕਾਰ ਸੀ।
ਇਕ ਨੀਤੀਗਤ ਫ਼ੈਸਲਾ ਤਾਂ ਇਹ ਸੀ ਕਿ ਪੁਲੀਸ ਬਲ ਦੀ ਨਫ਼ਰੀ ਵਧਾਈ ਜਾਵੇ। ਇਹ ਇਸ ਲਈ ਜ਼ਰੂਰੀ ਸਮਝਿਆ ਜਾਂਦਾ ਸੀ ਕਿ ਨਾ ਸਿਰਫ਼ ਨਫ਼ਰੀ ਕਾਫ਼ੀ ਘੱਟ ਸੀ ਸਗੋਂ ਇਸ ਨਾਲ ਮੁਕਾਮੀ ਲੋਕਾਂ ਲਈ ਰੁਜ਼ਗਾਰ ਦੇ ਮੌਕਿਆਂ ਦੇ ਰੂਪ ਵਿਚ ਚੋਖਾ ਫ਼ਾਇਦਾ ਹੋਵੇਗਾ। ਆਉਣ ਵਾਲੇ ਕੁਝ ਮਹੀਨਿਆਂ ਵਿਚ ਦੂਰ-ਦੁਰਾਡੇ ਦੇ ਖੇਤਰਾਂ ਨੂੰ ਕਵਰ ਕਰ ਕੇ ਚੋਖੀ ਤਾਦਾਦ ਵਿਚ ਰਿਸ਼ਟ ਪੁਸ਼ਟ ਨੌਜਵਾਨਾਂ ਦੀ ਭਰਤੀ ਕਰ ਲਈ ਗਈ। ਅਸੀਂ ਕਿਸੇ ਖੇਤਰ ਵਿਚ ਜਾਣ ਤੋਂ ਕੁਝ ਦੇਰ ਪਹਿਲਾਂ ਨੋਟਿਸ ਦਿੰਦੇ ਸਾਂ ਅਤੇ ਫਿਰ ਚੁਣੇ ਹੋਏ ਉਮੀਦਵਾਰਾਂ ਨੂੰ ਗੱਡੀਆਂ ਰਾਹੀਂ ਨੇੜਲੀਆਂ ਪੁਲੀਸ ਲਾਈਨਾਂ ਵਿਚ ਪਹੁੰਚਾਉਂਦੇ ਸਾਂ। ਇਹ ਸਭ ਕੁਝ ਤਾਂ ਕੀਤਾ ਗਿਆ ਤਾਂ ਕਿ ਵਿਚੋਲਿਆਂ, ਭੰਬਲਭੂਸੇ ਅਤੇ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਬਾਕੀ ਨਾ ਰਹੇ। ਨੌਜਵਾਨਾਂ ਨੂੰ ਆਪਣੀ ਕਿਸਮਤ ’ਤੇ ਯਕੀਨ ਨਹੀਂ ਆਉਂਦਾ ਸੀ ਤੇ ਉਹ ਅਕਸਰ ਭਰਤੀ ਕਰਨ ਵਾਲੇ ਅਫ਼ਸਰਾਂ ਨੂੰ ਉਸੇ ਪਲ ਨਾਲ ਲੈ ਕੇ ਚੱਲਣ ਲਈ ਕਹਿੰਦੇ ਸਨ। ਕਈ ਵਰ੍ਹਿਆਂ ਤੋਂ ਚੱਲ ਰਹੇ ਟਕਰਾਅ ਕਾਰਨ ਰਾਜ ਦੇ ਦੂਰ-ਦੁਰਾਡੇ ਖੇਤਰਾਂ ਵਿਚ ਫੈਲੀ ਅੰਤਾਂ ਦੀ ਗ਼ਰੀਬੀ ਅਤੇ ਨਾਉਮੀਦੀ ਸਾਫ਼ ਵੇਖੀ ਜਾ ਸਕਦੀ ਸੀ।
ਦੂਰ-ਦੁਰਾਡੇ ਤੇ ਸਰਹੱਦੀ ਖੇਤਰਾਂ ’ਚੋਂ ਭਰਤੀ ਕੀਤੇ ਇਹ ਨੌਜਵਾਨ ਦਹਿਸ਼ਤਗਰਦੀ ਵਿਰੋਧੀ ਅਪਰੇਸ਼ਨਾਂ ਲਈ ਵੱਡਾ ਅਸਾਸਾ ਸਾਬਿਤ ਹੋਏ ਤੇ ਇਹ ਸਾਡੀ ਢਾਲ ਦਾ ਸਥਾਈ ਅੰਗ ਬਣ ਗਏ। ਉਹ ਨਾ ਸਿਰਫ਼ ਟੇਢੇ ਮੇਢੇ ਪਹਾੜੀ ਰਸਤਿਆਂ ਤੋਂ ਵਾਕਫ਼ ਸਨ ਸਗੋਂ ਇਨ੍ਹਾਂ ‘ਤੇ ਫੁਰਤੀ ਨਾਲ ਤੁਰਨ ਦੇ ਵੀ ਸਮੱਰਥ ਸਨ ਅਤੇ ਜਾਣਕਾਰੀਆਂ ਦਾ ਵੀ ਬਾਕਮਾਲ ਭੰਡਾਰ ਸਨ। ਮੈਂ ਦੱਸਣਾ ਚਾਹਾਂਗਾ ਕਿ ਧਰਮ ਜਾਂ ਖਿੱਤੇ ਦੀ ਕੋਈ ਸੋਚ ਵਿਚਾਰ ਨਹੀਂ ਸੀ, ਪਰ ਜੰਮੂ, ਕਸ਼ਮੀਰ ਅਤੇ ਲੱਦਾਖ ਦਰਮਿਆਨ ਸੰਤੁਲਨ ਬਣਾ ਕੇ ਰੱਖਿਆ ਜਾਂਦਾ ਸੀ। ਆਉਣ ਵਾਲੇ ਕੁਝ ਮਹੀਨਿਆਂ ਵਿਚ ਇਸ ਦੇ ਹਾਂਦਰੂ ਨਤੀਜੇ ਆਉਣ ਲੱਗੇ ਅਤੇ ‘ਭਰੋਸਾ’ ਬੱਝਣਾ ਸ਼ੁਰੂ ਹੋ ਗਿਆ। ਪੁਲੀਸ ਕਰਮੀ ਸਪੈਸ਼ਲ ਅਪਰੇਸ਼ਨ ਗਰੁੱਪ (SOG’s) ਦਾ ਮੋਹਰੀ ਦਸਤਾ ਬਣਨ ਲੱਗੇ ਜਿਸ ਵਿਚ ਫ਼ੌਜ, ਨੀਮ ਫ਼ੌਜੀ ਦਸਤੇ ਅਤੇ ਐੱਸਪੀਓਜ਼ ਦੇ ਜਵਾਨ ਤੇ ਅਫ਼ਸਰ ਵੀ ਸ਼ਾਮਲ ਹੁੰਦੇ ਸਨ। ਸਪੈਸ਼ਲ ਅਪਰੇਸ਼ਨ ਗਰੁੱਪ ਦੀਆਂ ਸਫ਼ਲਤਾਵਾਂ ਵਿਚ ਇਨ੍ਹਾਂ ਮੁਕਾਮੀ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਸੀ ਜੋ ਮੌਕੇ ’ਤੇ ਐਕਸ਼ਨ ਕਰਨਯੋਗ ਜਾਣਕਾਰੀਆਂ ਮੁਹੱਈਆ ਕਰਵਾਉਂਦੇ ਸਨ।
ਆਧੁਨਿਕ ਸਾਜ਼ੋ ਸਾਮਾਨ ਆਉਣ ਲੱਗ ਪਿਆ ਸੀ ਅਤੇ ਸਭ ਤੋਂ ਪਹਿਲਾਂ ਅਸੀਂ ਇਹ ਯਕੀਨੀ ਬਣਾਇਆ ਕਿ ਪੁਲੀਸ ਸਟੇਸ਼ਨਾਂ ਨੂੰ ਟਰਾਂਸਪੋਰਟ, ਸੰਚਾਰ ਅਤੇ ਹਥਿਆਰ ਆਦਿ ਮੁਹੱਈਆ ਕਰਵਾਏ ਜਾਣ। ਇਸ ਨਾਲ ਸਾਡੀ ਭਰੋਸੇਯੋਗਤਾ ਹੋਰ ਮਜ਼ਬੂਤ ਹੋਈ ਅਤੇ ਪੁਲੀਸ ਅਫ਼ਸਰਾਂ ਤੇ ਜਵਾਨਾਂ ਦੀ ਗਤੀਸ਼ੀਲਤਾ ਨੂੰ ਹੁਲਾਰਾ ਮਿਲਿਆ। ਸੀਨੀਅਰ ਪੁਲੀਸ ਅਫ਼ਸਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਉਹ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਜੋ ਉਹ ਖ਼ੁਸ਼ੀ ਖ਼ੁਸ਼ੀ ਲੈਣੀਆਂ ਤੇ ਪੂਰੀਆਂ ਕਰਨਾ ਚਾਹੁੰਦੇ ਸਨ। ਢੁਕਵੀਂ ਵਿਚਾਰ ਚਰਚਾ ਤੋਂ ਬਾਅਦ ਅਸੀਂ ਜ਼ਿਲ੍ਹਿਆਂ ਵਿਚ ਨੌਜਵਾਨ ਤੇ ਦਲੇਰ ਅਫ਼ਸਰਾਂ ਨੂੰ ਤਾਇਨਾਤ ਕੀਤਾ ਅਤੇ ਉਨ੍ਹਾਂ ਨੂੰ ਸਾਵਧਾਨ ਤੇ ਬੇਖ਼ੌਫ਼ ਹੋ ਕੇ ਕੰਮ ਕਰਨ ਲਈ ਕਿਹਾ ਗਿਆ ਤੇ ਅਸੀਂ ਉਨ੍ਹਾਂ ਨੂੰ ਮੁਕੰਮਲ ਇਖ਼ਲਾਕੀ ਤੇ ਪਦਾਰਥਕ ਇਮਦਾਦ ਦਾ ਭਰੋਸਾ ਦਿਵਾਇਆ। ਅਸੀਂ ਕੇਂਦਰੀ ਗ੍ਰਹਿ ਮੰਤਰਾਲੇ, ਅਮਲਾ ਤੇ ਸਿਖਲਾਈ ਵਿਭਾਗ ਤੇ ਯੂਪੀਐੱਸਸੀ ਨਾਲ ਤਾਲਮੇਲ ਕਰ ਕੇ ਫ਼ੌਰੀ ਤੌਰ ’ਤੇ ਤਕਰੀਬਨ 35 ਸੂਬਾਈ ਪੁਲੀਸ ਅਫ਼ਸਰਾਂ ਨੂੰ ਆਈਪੀਐੱਸ ਵਜੋਂ ਭਰਤੀ ਕੀਤਾ। ਇਹ ਮਾਮਲਾ ਸੱਤ-ਅੱਠ ਸਾਲਾਂ ਤੋਂ ਲਟਕਿਆ ਹੋਇਆ ਸੀ। ਇਸ ਨਾਲ ਅਫ਼ਸਰਾਂ ਦਾ ਮਨੋਬਲ ਬਹੁਤ ਮਜ਼ਬੂਤ ਹੋਇਆ। ਇੱਥੇ ਮੇਰੇ ਤਕਰੀਬਨ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮੈਂ ਕੇਂਦਰ ਵਿਚ ਤਿੰਨ ਸਰਕਾਰਾਂ ਤੇ ਤਿੰਨ ਪ੍ਰਧਾਨ ਮੰਤਰੀ ਬਦਲਦੇ ਦੇਖੇ। ਉਨ੍ਹਾਂ ’ਚੋਂ ਕਿਸੇ ਨੇ ਵੀ ਦਹਿਸ਼ਤਗਰਦੀ ਖ਼ਿਲਾਫ਼ ਲੜਾਈ ਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦਿੱਤਾ ਸਗੋਂ ਸਮਾਂ ਪਾ ਕੇ ਇਹ ਮਜ਼ਬੂਤ ਹੁੰਦੀ ਗਈ। ਇਸ ਦਾ ਮੰਤਵ, ਦਿਸ਼ਾ ਤੇ ਉਦੇਸ਼ ਸਾਂਝਾ ਸੀ- ਸਾਡੇ ਦੁਸ਼ਮਣ ਨੂੰ ਭਾਂਜ ਦੇਣਾ ਅਤੇ ਇਕ ਮਜ਼ਬੂਤ, ਇਕਜੁੱਟ ਅਤੇ ਕਾਰਗਰ ਪੁਲੀਸ ਬਲ ਕਾਇਮ ਕਰਨਾ। ਸਾਡੇ ’ਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਦਾ ਪੂਰਾ ਭਰੋਸਾ ਸੀ ਜਿਸ ਕਰਕੇ ਅਸੀਂ ਵੱਧ ਤੋਂ ਵੱਧ ਮਜ਼ਬੂਤ ਹੁੰਦੇ ਚਲੇ ਗਏ।
ਇਸ ਉੱਦਮ ਵਿਚ ਦੇਸ਼ ਦੇ ਇਕਜੁੱਟ ਹੋ ਕੇ ਸਾਹਮਣੇ ਆਉਣ ਦੀ ਇਕ ਮਿਸਾਲ ਸਾਡੇ ਨਵੇਂ ਰੰਗਰੂਟਾਂ ਦੀ ਸਿਖਲਾਈ ਵੇਲੇ ਦੇਖਣ ਨੂੰ ਮਿਲੀ। ਅਸੀਂ ਹਜ਼ਾਰਾਂ ਸਿਪਾਹੀ ਅਤੇ ਐੱਨਜੀਓਜ਼ (ਨਾਨ ਗਜ਼ਟਿਡ ਅਫ਼ਸਰ) ਭਰਤੀ ਕਰ ਲਏ ਸਨ, ਪਰ ਸਾਡੇ ਕੋਲ ਉਨ੍ਹਾਂ ਦੀ ਸਿਖਲਾਈ ਦੀਆਂ ਸੁਵਿਧਾਵਾਂ ਦੀ ਘਾਟ ਸੀ। ਮੈਂ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਪੁਲੀਸ ਮੁਖੀਆਂ ਨੂੰ ਬੇਨਤੀ ਕੀਤੀ ਅਤੇ ਉਨ੍ਹਾਂ ਨੇ ਸਾਡੇ ਹਜ਼ਾਰਾਂ ਜਵਾਨਾਂ ਦੀ ਸਿਖਲਾਈ ਲਈ ਜ਼ਾਤੀ ਤੌਰ ’ਤੇ ਧਿਆਨ ਦਿੱਤਾ। ਸਾਡੇ ਪੁਲੀਸ ਕਰਮੀਆਂ ਨੂੰ ਹੋਰਨਾਂ ਸੂਬਿਆਂ ਵਿਚ ਭੇਜਣ ਦਾ ਬਹੁਤ ਫ਼ਾਇਦਾ ਮਿਲਿਆ। ਵੱਡੀ ਗੱਲ ਇਹ ਸੀ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ਨੇ ਇਸ ਬਾਬਤ ਸਾਡੇ ਤੋਂ ਕੋਈ ਮਾਇਕ ਸਹਾਇਤਾ ਵਸੂਲਣੀ ਪ੍ਰਵਾਨ ਨਾ ਕੀਤੀ। ਹਾਂ ਜੀ, ਦੇਸ਼ ਨੇ ਸਾਡੀ ਅਣਸਰਦੀ ਲੋੜ ਦਾ ਹੁੰਗਾਰਾ ਭਰਿਆ। ਸਾਡੀ ਲੋੜ ਵਾਕਈ ਅਣਸਰਦੀ ਸੀ ਕਿਉਂਕਿ ਦੁਸ਼ਮਣ ਵਿਹਲਾ ਨਹੀਂ ਬੈਠਾ ਸੀ। ਘੁਸਪੈਠ ਦੀਆਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਹੋ ਰਹੀਆਂ ਸਨ ਤੇ ਪਾਕਿਸਤਾਨ, ਅਫ਼ਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਕਾਇਮ ਕਰਨ ਮਗਰੋਂ ਉੱਥੇ ‘ਜਹਾਦ’ ਦੇ ਕੰਮ ਤੋਂ ਫਾਰਗ ਹੋ ਗਿਆ ਸੀ ਤੇ ਹੁਣ ਉਸ ਨੇ ਆਪਣੇ ਸਾਰੇ ਵਸੀਲੇ ਤੇ ਮਨੁੱਖੀ ਸ਼ਕਤੀ ਕਸ਼ਮੀਰ ਵੱਲ ਮੋੜ ਲਈ ਸੀ। ਕਾਰਗਿਲ ਯੁੱਧ ਤੋਂ ਕੁਝ ਸਾਲ ਪਹਿਲਾਂ ਸਾਡੀ ਸਖ਼ਤ ਅਜ਼ਮਾਇਸ਼ ਹੋ ਰਹੀ ਸੀ, ਪਰ ਜੰਮੂ ਕਸ਼ਮੀਰ ਪੁਲੀਸ ਦੇ ਜਵਾਨਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਦੂਰ-ਦੁਰਾਡੇ ਦੇ ਪੁਲੀਸ ਸਟੇਸ਼ਨਾਂ ’ਤੇ ਤਾਇਨਾਤ ਨਾਮਾਲੂਮ ਪੁਲੀਸ ਕਰਮੀ ਚੁੱਪਚਾਪ ਲੜਾਈ ਲੜਦੇ ਰਹੇ। ਉਨ੍ਹਾਂ ਦੇ ਹੌਸਲੇ ਨੂੰ ਇਸ ਕਰਕੇ ਵੀ ਸਲਾਮ ਕਰਨਾ ਬਣਦਾ ਹੈ ਕਿਉਂਕਿ ਅੰਦਰੂਨੀ ਸੁਰੱਖਿਆ ਦੀ ਡਿਊਟੀ ’ਤੇ ਤਾਇਨਾਤ ਰੈਗੂਲਰ ਫ਼ੌਜੀ ਯੂਨਿਟਾਂ ਨੂੰ ਰਾਤੋ-ਰਾਤ ਹਟਾ ਲਿਆ ਗਿਆ ਸੀ ਤੇ ਉਨ੍ਹਾਂ ਦੀ ਥਾਂ ਰਾਸ਼ਟਰੀ ਰਾਈਫ਼ਲਜ਼ ਯੂਨਿਟਾਂ ਨੇ ਲੈ ਲਈ ਸੀ।
ਇੱਥੇ ਮੈਂ ਹਥਿਆਰਬੰਦ ਦਸਤਿਆਂ, ਨੀਮ ਫ਼ੌਜੀ ਦਸਤਿਆਂ, ਖ਼ੁਫ਼ੀਆ ਏਜੰਸੀਆਂ ਅਤੇ ਸਾਰੇ ਸਬੰਧਿਤ ਬਲਾਂ ਤੇ ਸੰਸਥਾਵਾਂ ਦੇ ਅਥਾਹ ਯੋਗਦਾਨ ਨੂੰ ਪ੍ਰਵਾਨ ਕਰਾਂਗਾ ਜਿਨ੍ਹਾਂ ਨੇ ਇਕਜੁੱਟ ਕਮਾਂਡ ਤਹਿਤ ਕੰਮ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੁਕੰਮਲ ਸਹਿਯੋਗ ਮਿਲਿਆ। ਸਿਰਫ਼ ਇਕ ਵਾਰ ਉਪ ਪ੍ਰਧਾਨ ਮੰਤਰੀ ਨੇ ਆਪਣਾ ਇਹ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਉਨ੍ਹਾਂ ਨੂੰ ਜੰਮੂ ਕਸ਼ਮੀਰ ਪੁਲੀਸ ਦੇ ਐੱਸਪੀਓਜ਼ ਨੂੰ ਵੱਡੇ ਪੱਧਰ ’ਤੇ ਆਧੁਨਿਕ ਹਥਿਆਰ ਦੇਣ ਬਾਰੇ ਕੁਝ ਸ਼ੰਕੇ ਹਨ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਦੇ ਭਗੌੜੇ ਹੋਣ ਜਾਂ ਹਥਿਆਰ ਗੁਆਉਣ ਦਾ ਕੋਈ ਖ਼ਤਰਾ ਨਹੀਂ ਹੈ। ਅਹੁਦਾ ਛੱਡਣ ਵੇਲੇ ਮੈਂ ਉਨ੍ਹਾਂ ਨੂੰ ਚੇਤੇ ਕਰਾਇਆ ਸੀ ਕਿ ਉਨ੍ਹਾਂ ਦੇ ਸ਼ੰਕੇ ਨਿਰਮੂਲ ਸਨ ਤੇ ਰਾਜ ਦੇ ਤਿੰਨੋਂ ਖੇਤਰਾਂ ਵਿਚ ਸਾਡੇ ਕੋਲ ਇਕ ਵਫ਼ਾਦਾਰ, ਸਿਖਲਾਈਯਾਫ਼ਤਾ ਅਤੇ ਪ੍ਰਤੀਬੱਧ ਬਲ ਮੌਜੂਦ ਹੈ। ਅਨੇਕਤਾ ਵਿਚ ਏਕਤਾ ਤੇ ਇਸ ਦੇ ਨਾਲ ਇਕ ਮਜ਼ਬੂਤ ਫ਼ੈਡਰਲ ਢਾਂਚਾ ਸਾਡੀ ਤਾਕਤ ਬਣਿਆ ਹੋਇਆ ਸੀ। ਇਹੀ ਗੱਲ ਸੀ ਜੋ ਸਾਨੂੰ ਆਪਣੇ ਜਨੂੰਨੀ ਗੁਆਂਢੀ ਨਾਲੋਂ ਜੁਦਾ ਕਰਦੀ ਸੀ। ਮੇਰਾ ਇਹ ਵਿਸ਼ਵਾਸ ਰਿਹਾ ਹੈ ਕਿ ਜੇ ਅਸੀਂ ਰਾਜ ਅੰਦਰ ਇਕ ਭਰਵਾਂ ਲੋਕਤੰਤਰ ਕਾਇਮ ਕਰਨ ਅਤੇ ਸਿਆਸਤਦਾਨਾਂ ਤੇ ਪ੍ਰਸ਼ਾਸਨ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਹੋਰ ਜ਼ਿਆਦਾ ਕੰਮ ਕੀਤਾ ਹੁੰਦਾ ਤਾਂ ਹਾਲਾਤ ਵੱਖਰੇ ਹੀ ਹੋਣੇ ਸਨ। ਮੈਨੂੰ ਖਦਸ਼ਾ ਹੈ ਕਿ ਕਈ ਸਾਲਾਂ ਤੋਂ ਦਹਿਸ਼ਤਗਰਦਾਂ ਨਾਲ ਲੜਦਿਆਂ ਅਸੀਂ ਉਨ੍ਹਾਂ ਵਰਗੇ ਹੀ ਨਾ ਬਣ ਗਏ ਹੋਈਏ। ਜਿਵੇਂ ਰੂਜ਼ਵੈਲਟ ਨੇ ਕਿਹਾ ਸੀ ‘‘ਜੰਗ ਵਿਚ ਨੌਜਵਾਨਾਂ ਦੀ ਭੇਟ ਚੜ੍ਹਦੀ ਹੈ ਅਤੇ ਬਜ਼ੁਰਗ ਇਸ ਬਾਰੇ ਗੱਲਾਂ ਕਰਦੇ ਹਨ’’… ਸੱਤਾ ਵਿਚ ਬੈਠ ਕੇ ਨਕਸ਼ੇ ’ਤੇ ਲੀਕਾਂ ਵਾਹੁਣੀਆਂ ਤੇ ਇਸ ਬਾਰੇ ਐਲਾਨ ਕਰਨੇ ਆਸਾਨ ਹਨ, ਪਰ ਇਨ੍ਹਾਂ ਦੇ ਨਤੀਜੇ ਸਾਲਾਂਬੱਧੀ ਮਹਿਸੂਸ ਕੀਤੇ ਜਾਂਦੇ ਹਨ।