ਸਵਰਾਜਬੀਰ
ਅਨਿਆਂ ਵਿਰੁੱਧ ਹੁੰਦੇ ਯੁੱਧ ਵਿਚ ਗ਼ੈਰ-ਤਰਕਸ਼ੀਲ ਅਤੇ ਅਵਿਗਿਆਨਕ ਸੋਚ ਵਿਰੁੱਧ ਲੜਾਈ ਸ਼ਾਮਲ ਹੁੰਦੀ ਹੈ। ਹਾਕਮ ਜਮਾਤਾਂ ਲੋਕਾਂ ਨੂੰ ਭੰਬਲਭੂਸਿਆਂ ਵਿਚ ਪਾਉਣ ਲਈ ਸਮਾਜ ਦੇ ਸਮੂਹਿਕ ਅਵਚੇਤਨ ਵਿਚ ਪਏ ਗ਼ੈਰ-ਤਰਕਸ਼ੀਲ ਅਤੇ ਅਵਿਗਿਆਨਕ ਤੱਤਾਂ ਦਾ ਸਹਾਰਾ ਲੈਂਦੀਆਂ ਹਨ ਜਦੋਂਕਿ ਲੋਕ-ਪੱਖੀ ਸ਼ਕਤੀਆਂ ਆਪਣੀ ਚੇਤਨ ਤੇ ਵੇਗਮਈ ਸੋਚ ਦੇ ਸਹਾਰੇ ਤਰਕਸ਼ੀਲਤਾ ਦੇ ਸੰਸਾਰ ਵੱਲ ਵਧਦੀਆਂ ਹਨ। ਇਹ ਸਭ ਕੁਝ ਚੇਤਨ ਅਤੇ ਅਵਚੇਤਨ ਦੋਹਾਂ ਪੱਧਰਾਂ ’ਤੇ ਵਾਪਰਦਾ ਹੈ ਪਰ ਨਿਆਂ ਲਈ ਲੜ ਰਹੇ ਲੋਕ-ਸਮੂਹਾਂ ਦੀ ਸ਼ਕਤੀ ਹਮੇਸ਼ਾਂ ਸਮਾਜ ਵਿਚਲੀਆਂ ਹਾਂ-ਪੱਖੀ ਤਾਕਤਾਂ ਨੂੰ ਮਜ਼ਬੂਤ ਕਰਦੀ ਹੈ।
ਦੁਨੀਆ ਦੇ ਵੱਖ ਵੱਖ ਹਿੱਸਿਆਂ ’ਚ ਵਿਕਸਿਤ ਹੋਈਆਂ ਚਿੰਤਨ ਪ੍ਰਣਾਲੀਆਂ ਵਿਚ ਪੁਰਾਤਨ ਸਮੇਂ ਤੋਂ ਮਨ/ਦਿਮਾਗ਼ ਦੇ ਚੇਤਨ/ਅਵਚੇਤਨ ਹਿੱਸੇ ਦੀ ਧਾਰਨਾ ਮੌਜੂਦ ਰਹੀ ਹੈ। ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੀਆਂ ਚਿੰਤਨ ਪ੍ਰਣਾਲੀਆਂ ਵਿਚ ਸਨਾਤਨੀ ਗ੍ਰੰਥਾਂ (ਵੇਦਾਂ, ਉਪਨਿਸ਼ਦਾਂ, ਬ੍ਰਾਹਮਣਾਂ ਆਦਿ) ਤੋਂ ਲੈ ਕੇ ਕਲਾਸੀਕਲ ਸੰਸਕ੍ਰਿਤ ਸਾਹਿਤ, ਅਪਭਰੰਸ਼ਾਂ ਵਿਚ ਹੋਈਆਂ ਰਚਨਾਵਾਂ, ਮੱਧਕਾਲੀਨ ਭਗਤੀ ਸਾਹਿਤ, ਗੁਰਬਾਣੀ ਤੇ ਸੂਫ਼ੀ ਸ਼ਾਇਰੀ ਆਦਿ ਵਿਚ ਵੀ ਮਨ ਦੇ ਅਚੇਤ ਹਿੱਸੇ, ਅਚੇਤ ਮਨ ਬਾਰੇ ਹਵਾਲੇ ਮਿਲਦੇ ਹਨ। ਪੱਛਮੀ ਸਾਹਿਤ ਵਿਚ ਵੀ ਅਜਿਹੇ ਹਵਾਲੇ ਪ੍ਰਾਚੀਨ ਯੂਨਾਨੀ ਨਾਟਕਕਾਰਾਂ (ਸੋਫ਼ੋਕਲੀਜ਼, ਐਸਕੇਲਿਸ) ਤੋਂ ਲੈ ਕੇ ਬਾਅਦ ਵਿਚ ਵਿਲੀਅਮ ਸ਼ੇਕਸਪੀਅਰ ਤੇ ਹੋਰ ਸਾਹਿਤ ਵਿਚ ਮਿਲਦੇ ਹਨ। ਪੱਛਮ ਵਿਚ ਇਸ ਦੀ ਗੂੜ੍ਹ ਸਿਧਾਂਤਕਾਰੀ 20ਵੀਂ ਸਦੀ ਦੇ ਉੱਘੇ ਮਨੋਵਿਗਿਆਨੀ ਸਿਗਮੰਡ ਫਰਾਇਡ ਨਾਲ ਸ਼ੁਰੂ ਹੁੰਦੀ ਹੈ ਜਿਸ ਨੇ ਮਨ ਨੂੰ ਦੋ ਹਿੱਸਿਆਂ ਚੇਤਨ (Conscious) ਅਤੇ ਅਵਚੇਤਨ (Unconscious) ਵਿਚ ਵੰਡਦਿਆਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਮਨ ਦਾ ਬਹੁਤ ਥੋੜ੍ਹਾ ਹਿੱਸਾ ਚੇਤਨ ਹੈ ਅਤੇ ਬਹੁਤ ਵੱਡਾ ਹਿੱਸਾ ਅਵਚੇਤਨ ਹੈ ਜਿਸ ਵਿਚ ਦੱਬੀਆਂ-ਕੁਚਲੀਆਂ ਖ਼ੁਆਹਿਸ਼ਾਂ, ਸਮਾਜਿਕ ਦਮਨ ਅਤੇ ਇਖ਼ਲਾਕੀ ਕਾਰਨਾਂ ਕਰਕੇ ਦਬਾਈਆਂ ਗਈਆਂ ਲਾਲਸਾਵਾਂ, ਸਾਡੇ ਅੰਦਰੂਨੀ ਤੌਰ ’ਤੇ ਹਿੰਸਾਤਮਕ ਅਤੇ ਗੁਸੈਲੇ ਹੋਣ ਦੇ ਤੱਤ ਆਦਿ ਡੂੰਘੇ ਦੱਬੇ ਹੁੰਦੇ ਹਨ ਅਤੇ ਚੇਤਨ ਮਨ/ਦਿਮਾਗ਼ ਉਨ੍ਹਾਂ ਨੂੰ ਪ੍ਰਗਟ ਨਹੀਂ ਹੋਣ ਦਿੰਦੇ। ਫਰਾਇਡ ਨੇ ਦਰਸਾਇਆ ਕਿ ਅਵਚੇਤਨ ਦੀਆਂ ਧੁਨੀਆਂ ਸੁਪਨਿਆਂ ਦੀ ਦੁਨੀਆ, ਸਾਡੀ ਰੋਜ਼ਮਰਾ ਜ਼ਿੰਦਗੀ ਦੌਰਾਨ ਅਚੇਤ ਹੀ ਮੂੰਹ ’ਚੋਂ ਨਿਕਲੇ ਸ਼ਬਦ ਜਿਹੜੇ ਅਸੀਂ ਬੋਲਣਾ ਨਹੀਂ ਚਾਹੁੰਦੇ (ਜ਼ਬਾਨ ਦਾ ਫਿਸਲਣਾ/ਤਿਲ੍ਹਕਣਾ), ਲਤੀਫ਼ਿਆਂ ਅਤੇ ਕਲਾ ਦੇ ਸੰਸਾਰ ਵਿਚੋਂ ਦੇਖੀਆਂ ਜਾ ਸਕਦੀਆਂ ਹਨ।
ਕਾਰਲ ਜੁੰਗ ਨੇ ਸਮੂਹਿਕ ਅਵਚੇਤਨ ਦਾ ਸਿਧਾਂਤ ਦਿੰਦਿਆਂ ਕਿਹਾ ਕਿ ਮਨੁੱਖ ਮਾਨਸਿਕ ਸੰਸਾਰ ਵਿਚ ਕੁਝ ਸੁਭਾਵਿਕ ਰੁਚੀਆਂ (instincts) ਅਤੇ ਮੂਲ-ਰੂਪ (archetypes, ਪੁਰਾਤਨ ਮੁੱਢ-ਕਦੀਮ ਤੋਂ ਮਨਾਂ/ਦਿਮਾਗ਼ਾਂ ਵਿਚ ਪਏ ਹੋਏ ਬਿੰਬ/ਪ੍ਰਤੀਕ ਆਦਿ) ਪਏ ਹੁੰਦੇ ਹਨ ਅਤੇ ਮਨੁੱਖ ਦਾ ਨਿੱਜੀ ਅਵਚੇਤਨ ਉਸ ਦੇ ਸਮੂਹਿਕ ਅਵਚੇਤਨ ਦੀ ਪੈਦਾਵਾਰ ਹੁੰਦਾ ਹੈ। ਜੁੰਗ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਮੂਹਿਕ ਅਵਚੇਤਨ ਸਾਰੀ ਮਨੁੱਖਤਾ ਹੈ ਅਤੇ ਇਸ ਧਾਰਨਾ ਦੀ ਵਿਆਖਿਆ ਦੁਨੀਆ ਦੀਆਂ ਵੱਖ ਵੱਖ ਮਿੱਥਾਂ ਅਤੇ ਲੋਕ ਕਹਾਣੀਆਂ ਵਿਚਲੀਆਂ ਸਮਾਨਤਾਵਾਂ ਰਾਹੀਂ ਕਰਨ ਦਾ ਯਤਨ ਕੀਤਾ। ਬਹੁਤ ਸਾਰੇ ਮਨੋਵਿਗਿਆਨੀਆਂ ਅਤੇ ਸਮਾਜ ਸ਼ਾਸਤਰੀਆਂ ਨੇ ਇਸ ਸਿਧਾਂਤ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਇਹ ਸਿਧਾਂਤ ਇਤਿਹਾਸਕ ਨਹੀਂ ਹੈ, ਮਨੁੱਖੀ ਇਤਿਹਾਸ ਨੂੰ ਵਿਸਾਰਦਾ ਹੈ; ਇਸ ਪੂਰਵ ਧਾਰਨਾ ’ਤੇ ਆਧਾਰਿਤ ਹੈ ਕਿ ਸਾਰੀ ਦੁਨੀਆ ਦੇ ਮਨੁੱਖਾਂ ਦਾ ਵਿਰਸਾ ਇਕੋ ਜਿਹਾ ਭਾਵ ਸਰਬ-ਸਾਂਝਾ (universal) ਹੈ ਅਤੇ ਇਸ ਤਰ੍ਹਾਂ ਵੱਖ ਵੱਖ ਲੋਕ-ਸਮੂਹਾਂ ਦੇ ਸੱਭਿਆਚਾਰਾਂ ਵਿਚਲੇ ਵਖਰੇਵਿਆਂ ਨੂੰ ਵਿਸਾਰਦਾ ਹੈ।
ਇਸ ਸਭ ਕੁਝ ਦੇ ਬਾਵਜੂਦ ਗਿਆਨ ਦੀ ਦੁਨੀਆ ਵਿਚ ਇਹ ਧਾਰਨਾਵਾਂ ਬਣੀਆਂ ਕਿ ਲੋਕ-ਸਮੂਹਾਂ ਵਿਚ ਜਿੱਥੇ ਇਕ ਖ਼ਾਸ ਤਰ੍ਹਾਂ ਦੀ ਸਮੂਹਿਕ ਸਮਾਜਿਕ ਚੇਤਨਾ ਹੁੰਦੀ ਹੈ, ਉਸੇ ਤਰ੍ਹਾਂ ਉਨ੍ਹਾਂ ਕੋਲ ਸਾਂਝੀਆਂ ਇਤਿਹਾਸਕ ਅਤੇ ਮਿਥਿਹਾਸਕ ਯਾਦਾਂ, ਸੰਸਕਾਰਾਂ, ਵੱਖ ਵੱਖ ਘਟਨਾਵਾਂ ਬਾਰੇ ਪ੍ਰਤੀਕਿਰਿਆ ਕਰਨ ਦੇ ਢੰਗ-ਤਰੀਕਿਆਂ ਦਾ ਇਕ ਅਜਿਹਾ ਸਾਂਝਾ ਸੰਸਾਰ ਹੁੰਦਾ ਹੈ ਜਿਸ ਦਾ ਵੱਡਾ ਹਿੱਸਾ ਉਨ੍ਹਾਂ ਦੇ ਅਚੇਤ ਮਨ/ਅਵਚੇਤਨ ਵਿਚ ਪਿਆ ਹੁੰਦਾ ਅਤੇ ਇਸ ਤਰ੍ਹਾਂ ਲੋਕ-ਸਮੂਹਾਂ ਦੇ ਮਨਾਂ/ਦਿਮਾਗ਼ਾਂ ਵਿਚ ਸਮੂਹਿਕ ਸਮਾਜਿਕ ਚੇਤਨਾ ਦੇ ਨਾਲ ਨਾਲ ਇਕ ਸਮੂਹਿਕ ਅਵਚੇਤਨ ਵੀ ਮੌਜੂਦ ਰਹਿੰਦਾ ਹੈ। ਇਹ ਧਾਰਨਾ ਕਾਇਮ ਹੁੰਦੀ ਦਿਸੀ ਕਿ ਹਰ ਲੋਕ-ਸਮੂਹ ਦਾ ਸਮੂਹਿਕ ਅਵਚੇਤਨ ਦੂਸਰਿਆਂ ਨਾਲੋਂ ਵੱਖਰਾ ਅਤੇ ਸਥਾਨਕ ਲੋਕਾਂ ਦੀਆਂ ਸਾਂਝੀਆਂ ਯਾਦਾਂ, ਵਿਚਾਰਾਂ ਤੇ ਸੰਸਕਾਰਾਂ ਦੁਆਰਾ ਨਿਰਮਿਤ ਹੁੰਦਾ ਹੈ। ਇਸ ਤਰ੍ਹਾਂ ਸਮੂਹਿਕ ਅਵਚੇਤਨ ਦਾ ਬਣਨਾ ਇਕ ਸਮਾਜਿਕ ਵਰਤਾਰਾ ਹੈ ਅਤੇ ਲੋਕ-ਸਮੂਹ ਦੇ ਮਨਾਂ ਵਿਚ ਸਾਂਝੇ ਵਿਚਾਰ ਅਤੇ ਧਾਰਨਾਵਾਂ ਮੌਜੂਦ ਰਹਿੰਦੀਆਂ ਹਨ ਜਿਹੜੀਆਂ ਤਰਕ ’ਤੇ ਆਧਾਰਿਤ ਨਹੀਂ ਹੁੰਦੀਆਂ।
ਇਸ ਬਹਿਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਸਮਾਜਿਕ ਸਮੂਹਿਕ ਚੇਤਨਾ ਅਤੇ ਸਮੂਹਿਕ ਅਵਚੇਤਨ ਦੋਵੇਂ ਸਮਾਜਿਕ ਵਰਤਾਰੇ ਹਨ ਅਤੇ ਜੋ ਵੀ ਸਮਾਜ ਵਿਚ ਵਾਪਰਦਾ ਹੈ, ਤੋਂ ਪ੍ਰਭਾਵਿਤ ਹੁੰਦੇ ਹਨ। ਪ੍ਰਸ਼ਨ ਇਹ ਹੈ ਕਿ ਸਮਾਜ ਵਿਚ ਕੀ ਵਾਪਰ ਰਿਹਾ ਹੈ ਅਤੇ ਸਾਡੇ ਸਮਾਜਿਕ, ਸਿਆਸੀ ਅਤੇ ਧਾਰਮਿਕ ਆਗੂ ਸਮੂਹਿਕ ਸਮਾਜਿਕ ਚੇਤਨਾ ਅਤੇ ਸਮੂਹਿਕ ਅਵਚੇਤਨ ਵਿਚ ਕਿਸ ਤਰ੍ਹਾਂ ਦੀਆਂ ਰੁਚੀਆਂ, ਖ਼ੁਆਹਿਸ਼ਾਂ, ਲਾਲਸਾਵਾਂ, ਪ੍ਰਵਿਰਤੀਆਂ ਅਤੇ ਸੰਸਾਰ ਵਿਚ ਹੋ ਰਹੇ ਵਰਤਾਰਿਆਂ ਦਾ ਵਿਰੋਧ ਕਰਨ ਜਾਂ ਸਹਿਮਤੀ ਪ੍ਰਗਟਾਉਣ ਦੇ ਢੰਗ-ਤਰੀਕਿਆਂ ਨੂੰ ਉਤਸ਼ਾਹਿਤ ਕਰ ਰਹੇ ਹਨ। ਪਿਛਲੇ ਦੋ ਸਾਲਾਂ ਵਿਚ ਦੋ ਵੱਡੇ ਵਰਤਾਰਿਆਂ ਕੋਵਿਡ-19 ਦੀ ਮਹਾਮਾਰੀ ਕਾਰਨ ਕੀਤੀ ਗਈ ਤਾਲਾਬੰਦੀ (Lockdown) ਅਤੇ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਸਮਾਜਿਕ ਚੇਤਨਾ ਅਤੇ ਸਮੂਹਿਕ ਅਵਚੇਤਨ ਵਿਚ ਹੋਈਆਂ ਤਬਦੀਲੀਆਂ ਦਾ ਵਿਸ਼ਲੇਸ਼ਣ ਇਸ ਸੰਦਰਭ ਵਿਚ ਅਤਿਅੰਤ ਦਿਲਚਸਪ ਅਤੇ ਡੂੰਘੇ ਅਰਥਾਂ ਵਾਲਾ ਹੈ।
ਫਰਵਰੀ 2020 ਵਿਚ ਸਾਰੀ ਦੁਨੀਆ ਵਿਚ ਕੋਵਿਡ-19 ਦੀ ਮਹਾਮਾਰੀ ਫੈਲਣ ਬਾਰੇ ਖ਼ਤਰੇ ਦੀਆਂ ਘੰਟੀਆਂ ਵੱਜ ਰਹੀਆਂ ਸਨ। ਇਹੀ ਸਮਾਂ ਸੀ ਜਦ ਦਿੱਲੀ ਦੇ ਸ਼ਾਹੀਨ ਬਾਗ ਅਤੇ ਦੇਸ਼ ਦੀਆਂ ਹੋਰਨਾਂ ਥਾਵਾਂ ’ਤੇ ਨਾਨੀਆਂ, ਦਾਦੀਆਂ ਅਤੇ ਹਰ ਉਮਰ ਦੀਆਂ ਔਰਤਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ ਸ਼ੁਰੂ ਕਰਕੇ ਚਿੰਤਕਾਂ, ਵਿਦਵਾਨਾਂ, ਵਿਦਿਆਰਥੀਆਂ, ਨੌਜਵਾਨਾਂ, ਸਮਾਜਿਕ ਕਾਰਕੁਨਾਂ ਅਤੇ ਸਮਾਜ ਦੇ ਹੋਰ ਹਿੱਸਿਆਂ ਨੂੰ ਸੰਵਿਧਾਨਕ ਅਤੇ ਲੋਕ-ਪੱਖੀ ਕਦਰਾਂ-ਕੀਮਤਾਂ ਦੇ ਆਧਾਰ ’ਤੇ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਸ ਸਮੇਂ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਨਫ਼ਰਤ ਅਤੇ ਸਮਾਜਿਕ ਵੰਡੀਆਂ ਪਾਉਣ ਵਾਲੇ ਵਿਚਾਰਾਂ ਦਾ ਭਰਪੂਰ ਪ੍ਰਚਾਰ ਕੀਤਾ ਗਿਆ ਜਿਸ ਦਾ ਸਿਖ਼ਰ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ … ਕੋ’ ਜਿਹੇ ਨਾਅਰੇ ਸਨ। 24-25 ਫਰਵਰੀ 2020 ਨੂੰ ਅਮਰੀਕੀ ਰਾਸ਼ਟਰਪਤੀ ਦੇ ਸਵਾਗਤ ਲਈ ਹਜ਼ਾਰਾਂ ਲੋਕ ਇਕੱਠੇ ਕੀਤੇ ਗਏ। 24 ਮਾਰਚ 2020 ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਨੇ ਸਿਰਫ਼ ਸਾਢੇ ਚਾਰ ਘੰਟੇ ਦੀ ਮੁਹਲਤ ਦੇ ਕੇ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਤਾਲਾਬੰਦੀ ਸ਼ੁਰੂ ਕੀਤੀ। ਲੱਖਾਂ ਲੋਕ ਵੱਖ ਵੱਖ ਥਾਵਾਂ ’ਤੇ ਘਿਰ ਗਏ, ਕਰੋੜਾਂ ਲੋਕਾਂ ਖ਼ਾਸ ਕਰਕੇ ਦਿਹਾੜੀਦਾਰਾਂ ਦਾ ਰੁਜ਼ਗਾਰ ਖੁੱਸ ਗਿਆ, ਹਸਪਤਾਲ ਤਕ ਬੰਦ ਹੋ ਗਏ। ਇਸ ਤਰ੍ਹਾਂ ਦੇਸ਼ ਦੇ ਲੋਕਾਂ ਨੂੰ ਅਜਿਹਾ ਸਮੂਹਿਕ ਸਦਮਾ ਪਹੁੰਚਾਇਆ ਗਿਆ ਜਿਸ ਨੇ ਸਮਾਜਿਕ ਚੇਤਨਾ ਅਤੇ ਸਮੂਹਿਕ ਅਵਚੇਤਨ ਦੋਹਾਂ ਨੂੰ ਗਹਿਰੇ ਜ਼ਖ਼ਮ ਪਹੁੰਚਾਏ।
ਇਸ ਦੇ ਨਾਲ ਨਾਲ ਇਹ ਧਿਆਨ ਦੇਣ ਯੋਗ ਹੈ ਕਿ ਸਰਕਾਰ ਨੇ ਇਸ ਤਾਲਾਬੰਦੀ ਦੌਰਾਨ ਕਿਹੋ ਜਿਹੀਆਂ ਕਦਰਾਂ-ਕੀਮਤਾਂ, ਵਿਚਾਰਾਂ ਅਤੇ ਵਰਤਾਰਿਆਂ ਨੂੰ ਉਤਸ਼ਾਹਿਤ ਕੀਤਾ। ਤਾਲਾਬੰਦੀ ਤੋਂ ਦੋ ਦਿਨ ਪਹਿਲਾਂ (22 ਮਾਰਚ ਨੂੰ) ਲਗਾਏ ਗਏ ਜਨਤਕ ਕਰਫਿਊ ਵਿਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤਾਲੀਆਂ ਤੇ ਥਾਲੀਆਂ ਵਜਾਉਣ ਲਈ ਇਸ ਲਈ ਕਿਹਾ ਸੀ ਕਿ ਇਸ ਕਾਰਵਾਈ ਨਾਲ ਕਰੋਨਾ ਭੱਜ ਜਾਵੇਗਾ/ਖ਼ਤਮ ਹੋ ਜਾਵੇਗਾ। ਲੋਕ ਛੱਤਾਂ ’ਤੇ ਚੜ੍ਹੇ, ਕਈਆਂ ਨੇ ਜਲੂਸ ਕੱਢੇ ਤੇ ਤਾਲੀਆਂ-ਥਾਲੀਆਂ ਵਜਾ ਕੇ ‘ਜਾ ਕਰੋਨਾ ਜਾ (Go Corona, Go)’ ਦਾ ਰਾਗ ਅਲਾਪਿਆ। ਪੰਜ ਅਪਰੈਲ 2020 (ਐਤਵਾਰ) ਨੂੰ ਰਾਤ ਦੇ ਨੌਂ ਵਜੇ ਸਭ ਨੂੰ ਨੌਂ ਮਿੰਟਾਂ ਲਈ ਬਿਜਲੀ ਬੰਦ ਕਰ ਕੇ ਮੋਮਬੱਤੀਆਂ ਤੇ ਦੀਵੇ ਜਗਾਉਣ ਲਈ ਕਿਹਾ ਗਿਆ। ਇਸ ਦੇ ਨਾਲ ਨਾਲ ਇਹ ਪ੍ਰਚਾਰ ਕੀਤਾ ਗਿਆ ਕਿ ਗਊ-ਮੂਤਰ ਅਤੇ ਕੁਝ ਹੋਰ ਅਜਿਹੇ ਪਦਾਰਥਾਂ ਨਾਲ ਕੋਵਿਡ-19 ਦਾ ਇਲਾਜ ਕੀਤਾ ਜਾ ਸਕਦਾ ਹੈ। ਇਹੀ ਨਹੀਂ, ਸਵਾਮੀ ਰਾਮਦੇਵ ਦੀ ਕੰਪਨੀ ਪਤੰਜਲੀ ਦੁਆਰਾ ਬਣਾਈ ਗਈ ਇਕ ਦਵਾਈ ਨੂੰ ਕਰੋਨਾਵਾਇਰਸ ਵਿਰੁੱਧ ਪ੍ਰਭਾਵਸ਼ਾਲੀ ਦੱਸਿਆ ਗਿਆ ਅਤੇ ਇਹ ਦੱਸਣ ਸਮੇਂ ਦੇਸ਼ ਦਾ ਸਿਹਤ ਮੰਤਰੀ ਵੀ ਹਾਜ਼ਰ ਸੀ। ਇਸ ਤਰ੍ਹਾਂ ਲੋਕਾਂ ਵਿਚ ਵਿਗਿਆਨਕ ਅਤੇ ਤਰਕਸ਼ੀਲ ਸੋਚ ਦਾ ਪ੍ਰਚਾਰ ਕਰਨ ਦੀ ਥਾਂ ਉਨ੍ਹਾਂ ਨੂੰ ਅਵਿਗਿਆਨਕ ਅਤੇ ਗ਼ੈਰ-ਤਰਕਸ਼ੀਲ ਸੋਚ-ਸੰਸਾਰ ਵੱਲ ਧੱਕਿਆ ਗਿਆ। ਸ਼ੁਰੂਆਤੀ ਦਿਨਾਂ ਵਿਚ ਇਹ ਮਹਾਮਾਰੀ ਫੈਲਾਉਣ ਦਾ ਸਾਰਾ ਕਸੂਰ ਦਿੱਲੀ ਵਿਚ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਵਿਚ ਹੋਏ ਤਬਲੀਗੀ ਜਮਾਤ ਦੇ ਇਕ ਸਮਾਗਮ ਦੇ ਸਿਰ ’ਤੇ ਮੜ੍ਹਦਿਆਂ ਕੋਵਿਡ-19 ਦੇ ਵਰਤਾਰੇ ਨੂੰ ਫ਼ਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ।
ਇਸ ਦੇ ਮੁਕਾਬਲੇ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਉੱਠੇ ਕਿਸਾਨ ਅੰਦੋਲਨ ਨੇ ਪਹਿਲਾਂ ਪੰਜਾਬ ਅਤੇ ਫਿਰ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਫਿਰ ਹੋਰ ਰਾਜਾਂ ਦੇ ਲੋਕਾਂ ਨੂੰ ਊਰਜਿਤ ਕੀਤਾ; ਲੋਕਾਂ ਵਿਚ ਇਹ ਚੇਤਨਤਾ ਪੈਦਾ ਕੀਤੀ ਗਈ ਕਿ ਕਿਵੇਂ ਇਹ ਕਾਨੂੰਨ ਖੇਤੀ ਖੇਤਰ ਵਿਚ ਕਾਰਪੋਰੇਟ ਅਦਾਰਿਆਂ ਦੇ ਦਖ਼ਲ ਨੂੰ ਵਧਾ ਰਹੇ ਹਨ। ਅੰਦੋਲਨ ਨੇ ਇਨ੍ਹਾਂ ਕਾਨੂੰਨਾਂ ਕਾਰਨ ਖੇਤੀ ਖੇਤਰ ਵਿਚ ਪੈਦਾ ਹੋਣ ਵਾਲੇ ਸੰਕਟ ਅਤੇ ਦਿਹਾਤੀ ਜੀਵਨ ਜਾਚ ਨੂੰ ਲੱਗਣ ਵਾਲੀ ਠੇਸ ਵਿਰੁੱਧ ਇਕ ਸ਼ਕਤੀਸ਼ਾਲੀ ਤਰਕਸ਼ੀਲ ਬਿਰਤਾਂਤ ਸਿਰਜਿਆ ਅਤੇ ਦੇਸ਼-ਵਿਦੇਸ਼ ਦੇ ਸਿਰਮੌਰ ਚਿੰਤਕਾਂ, ਵਿਦਵਾਨਾਂ, ਅਰਥ ਸ਼ਾਸਤਰੀਆਂ, ਖੇਤੀ ਖੇਤਰ ਦੇ ਮਾਹਿਰਾਂ ਨੇ ਇਸ ਬਿਰਤਾਂਤ ਦੀ ਹਮਾਇਤ ਕਰਦਿਆਂ ਕਿਸਾਨ ਅੰਦੋਲਨ ਨੂੰ ਇਨ੍ਹਾਂ ਹਨੇਰੇ ਸਮਿਆਂ ਵਿਚ ਇਕ ਚਾਨਣ-ਮੁਨਾਰਾ ਦੱਸਿਆ।
26 ਨਵੰਬਰ 2020 ਤੋਂ ਅੰਦੋਲਨਕਾਰੀ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚ ਕੇ ਅੰਦੋਲਨ ਨੂੰ ਨਵੀਂ ਸਿਖ਼ਰ ’ਤੇ ਪਹੁੰਚਾਇਆ। ਕਈ ਤਰ੍ਹਾਂ ਦੀ ਉਕਸਾਹਟ ਦੇ ਬਾਵਜੂਦ ਅੰਦੋਲਨ ਸ਼ਾਂਤਮਈ ਲੀਹਾਂ ’ਤੇ ਚੱਲਦਾ ਰਿਹਾ। ਅੰਦੋਲਨ ਵਿਚ ਗੁਰੂ ਨਾਨਕ ਦੇਵ ਜੀ ਦੇ ਸਰਬ-ਸਾਂਝੀਵਾਲਤਾ ਅਤੇ ਵੰਡ ਛਕੋ (ਲੰਗਰ ਦੀ ਪਰੰਪਰਾ) ਦੇ ਫਲਸਫ਼ੇ ਦੀ ਲੋਅ ਹਰ ਤਰਫ਼ ਫੈਲੀ। ਅੰਦੋਲਨਕਾਰੀਆਂ ਨੇ ਸਿੱਖ ਗੁਰੂਆਂ, ਬੰਦਾ ਸਿੰਘ ਬਹਾਦਰ, ਬੀ.ਆਰ. ਅੰਬੇਦਕਰ, ਭਗਤ ਸਿੰਘ, ਗ਼ਦਰੀ ਯੋਧਿਆਂ ਅਤੇ ਹੋਰ ਲੋਕ-ਨਾਇਕਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਭੀਮਾ-ਕੋਰੇਗਾਉਂ ਅਤੇ ਹੋਰ ਕੇਸਾਂ ਵਿਚ ਨਜ਼ਰਬੰਦ ਕੀਤੇ ਗਏ ਚਿੰਤਕਾਂ, ਵਕੀਲਾਂ, ਕਵੀਆਂ, ਰੰਗਕਰਮੀਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਅੰਦੋਲਨ ਵਿਚ ਵੱਡੀ ਗਿਣਤੀ ਵਿਚ ਔਰਤਾਂ ਦੀ ਸ਼ਮੂਲੀਅਤ ਨੇ ਨਵਾਂ ਇਤਿਹਾਸ ਸਿਰਜਿਆ। ਇਸ ਤਰ੍ਹਾਂ ਅੰਦੋਲਨ ਵਿਚ ਕੀਤੀ ਗਈ ਹਰ ਪਹਿਲਕਦਮੀ ਅਤੇ ਸਰਗਰਮੀ ਤਰਕ ਅਤੇ ਸੰਤੁਲਿਤ ਸੋਚ ਦੀ ਕਸਵੱਟੀ ’ਤੇ ਪੂਰੀ ਉੱਤਰਦੀ ਹੈ। ਇਸ ਦੁਆਰਾ ਦਿੱਤੇ ਗਏ ਸਾਂਝੀਵਾਲਤਾ ਦੇ ਪੈਗ਼ਾਮ ਨੇ ਫ਼ਿਰਕਾਪ੍ਰਸਤੀ ਅਤੇ ਵੰਡ-ਪਾਊ ਨੀਤੀਆਂ ਵਿਰੁੱਧ ਸਮਾਜਿਕ ਏਕਤਾ ਅਤੇ ਸਮਤਾ ਨੂੰ ਮਜ਼ਬੂਤ ਕੀਤਾ।
ਉਪਰੋਕਤ ਬਹਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਦੁਆਰਾ ਕੋਵਿਡ-19 ਦੀ ਮਹਾਮਾਰੀ ਦੌਰਾਨ ਕੀਤੀਆਂ ਸਰਗਰਮੀਆਂ ਨੇ ਸਮਾਜ ਵਿਚ ਵਿਗਿਆਨਕ ਚੇਤਨਾ ਵਧਾਉਣ ਦੀ ਥਾਂ ’ਤੇ ਸਮਾਜ ਦੇ ਸਮੂਹਿਕ ਅਵਚੇਤਨ ਵਿਚ ਪਏ ਗ਼ੈਰ-ਤਰਕਸ਼ੀਲ ਤੱਤਾਂ ਨੂੰ ਉਤਸ਼ਾਹਿਤ ਕਰ ਕੇ ਲੋਕਾਂ ਨੂੰ ਨਿਤਾਣੇ ਤੇ ਨਿਮਾਣੇ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਮੁਕਾਬਲੇ ਕਿਸਾਨ ਅੰਦੋਲਨ ਨੇ ਸਮਾਜਿਕ ਚੇਤਨਤਾ ਵਿਚ ਸਾਕਾਰਾਤਮਕ ਵਾਧਾ ਕੀਤਾ; ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਨੂੰ ਅੰਦੋਲਨ ਦੇ ਕਲਾਵੇ ਵਿਚ ਲੈਂਦਿਆਂ ਉਨ੍ਹਾਂ ਨੂੰ ਨਵੀਂ ਦਿਸ਼ਾ ਦਿਖਾਈ। ਅੰਦੋਲਨ ਨੇ ਸਮੂਹਿਕ ਅਵਚੇਤਨ ਵਿਚ ਪਏ ਉਨ੍ਹਾਂ ਨਾਇਕਾਂ (ਜਿਵੇਂ ਦੁੱਲਾ ਭੱਟੀ ਆਦਿ) ਦੀ ਗੱਲ ਛੇੜੀ ਜਿਨ੍ਹਾਂ ਨੇ ਆਪਣੇ ਵੇਲਿਆਂ ਵਿਚ ਜਬਰ ਦਾ ਸਾਹਮਣਾ ਕਰਦਿਆਂ ਕੁਰਬਾਨੀਆਂ ਦਿੱਤੀਆਂ ਸਨ।
ਅਨਿਆਂ ਵਿਰੁੱਧ ਹੁੰਦੇ ਯੁੱਧ ਵਿਚ ਗ਼ੈਰ-ਤਰਕਸ਼ੀਲ ਅਤੇ ਅਵਿਗਿਆਨਕ ਸੋਚ ਵਿਰੁੱਧ ਲੜਾਈ ਸ਼ਾਮਲ ਹੁੰਦੀ ਹੈ। ਹਾਕਮ ਜਮਾਤਾਂ ਲੋਕਾਂ ਨੂੰ ਭੰਬਲਭੂਸਿਆਂ ਵਿਚ ਪਾਉਣ ਲਈ ਸਮਾਜ ਦੇ ਸਮੂਹਿਕ ਅਵਚੇਤਨ ਵਿਚ ਪਏ ਗ਼ੈਰ-ਤਰਕਸ਼ੀਲ ਅਤੇ ਅਵਿਗਿਆਨਕ ਤੱਤਾਂ ਦਾ ਸਹਾਰਾ ਲੈਂਦੀਆਂ ਹਨ ਜਦੋਂਕਿ ਲੋਕ-ਪੱਖੀ ਸ਼ਕਤੀਆਂ ਆਪਣੀ ਚੇਤਨ ਤੇ ਵੇਗਮਈ ਸੋਚ ਦੇ ਸਹਾਰੇ ਤਰਕਸ਼ੀਲਤਾ ਦੇ ਸੰਸਾਰ ਵੱਲ ਵਧਦੀਆਂ ਹਨ। ਇਹ ਸਭ ਕੁਝ ਚੇਤਨ ਅਤੇ ਅਵਚੇਤਨ ਦੋਹਾਂ ਪੱਧਰਾਂ ’ਤੇ ਵਾਪਰਦਾ ਹੈ ਪਰ ਨਿਆਂ ਲਈ ਲੜ ਰਹੇ ਲੋਕ-ਸਮੂਹਾਂ ਦੀ ਸ਼ਕਤੀ ਹਮੇਸ਼ਾਂ ਸਮਾਜ ਵਿਚਲੀਆਂ ਹਾਂ-ਪੱਖੀ ਤਾਕਤਾਂ ਨੂੰ ਮਜ਼ਬੂਤ ਕਰਦੀ ਹੈ। ਮੌਜੂਦਾ ਯੁੱਧ ਵਿਚ ਕਿਸਾਨ ਅੰਦੋਲਨ ਨੇ ਨਿਆਂ ਲਈ ਸੰਘਰਸ਼ ਕਰਦਿਆਂ ਤਰਕਸ਼ੀਲ ਸੋਚ ਨੂੰ ਮਜ਼ਬੂਤ ਕੀਤਾ ਹੈ। ਇਹ ਇਸ ਅੰਦੋਲਨ ਦੀ ਇਕ ਵੱਡੀ ਅਤੇ ਬਹੁਮੁੱਲੀ ਨੈਤਿਕ ਜਿੱਤ ਹੈ।