ਡਾ. ਕੁਲਦੀਪ ਸਿੰਘ
ਪ੍ਰਸਿੱਧ ਪੱਤਰਕਾਰ ਪੀ ਸਾਈਨਾਥ ਜਦੋਂ ਉਹ ਪੰਜਾਬ ਦੇ ਪਿੰਡਾਂ ਵਿਚ ਖੁਦਕਸ਼ੀ ਕਰ ਗਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤਾਂ ਕਰਨ ਲਈ ਆਏ ਤਾਂ ਫੋਟੋ ਖਿੱਚਣ ਤੋਂ ਪਹਿਲਾਂ ਪਰਿਵਾਰ ਦੇ ਜੀਅ ਨੂੰ ਪੁੱਛਦੇ, “ਜੇ ਤੁਸੀਂ ਮੈਨੂੰ ਆਗਿਆ ਦਿਓ ਤਾਂ ਮੈਂ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਫੋਟੋ ਖਿੱਚ ਸਕਦਾ ਹਾਂ।” ਮਸਲਾ ਨੈਤਿਕਤਾ ਦਾ ਹੈ, ਉਨ੍ਹਾਂ ਆਪਣੀ ਸੰਸਥਾ ‘ਪੀਪਲਜ਼ ਆਰਕਾਈਵਜ਼ ਫਾਰ ਰੂਰਲ ਇੰਡੀਆ’ ਵਿਚ ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚ 700 ਫੋਟੋਗ੍ਰਾਫਰ ਪੱਤਰਕਾਰਾਂ ਲਈ ਇਹ ਪਿਰਤ ਪਾਈ ਹੋਈ ਹੈ: ਜਦੋਂ ਵੀ ਕਿਸੇ ਇਨਸਾਨ ਦੀ ਫੋਟੋ ਖਿੱਚਣੀ ਹੋਵੇ ਤਾਂ ਉਸ ਤੋਂ ਪਹਿਲਾਂ ਆਗਿਆ ਲੈਣੀ ਹੈ। ਜਦੋਂ ਵੀ ਕੋਈ ਇੰਟਰਵਿਊ ਰਿਕਾਰਡ ਕਰਨੀ ਹੋਵੇ ਤਾਂ ਉਸ ਦੀ ਆਗਿਆ ਵੀ ਲਈ ਜਾਵੇ। ਇਕ ਪਾਸੇ ਇਹ ਪੱਧਰ ਅਤੇ ਦੂਸਰੇ ਪਾਸੇ ਰੋਜ਼ਾਨਾ ਵੱਖ ਵੱਖ ਸੋਸ਼ਲ ਮੀਡੀਆ ਵਿਚ ਪਤਾ ਨਹੀਂ ਕਦੋਂ ਕੋਈ ਕਿਸੇ ਦੀ ਫੋਟੋ ਬਿਨਾ ਪੁੱਛਿਆਂ ਖਿੱਚ ਕੇ ਪਾ ਦੇਵੇ ਅਤੇ ਮੀਡੀਆ ਵਿਚ ਉਛਾਲ ਦੇਵੇ! ਇਸ ਦਾ ਜਿੰਨਾ ਭਿਆਨਕ ਨੁਕਸਾਨ ਸਮਾਜ ਵਿਚ ਹੋ ਰਿਹਾ ਹੈ, ਉਸ ਤੋਂ ਹਰ ਸੰਜੀਦਾ ਸ਼ਖ਼ਸ ਪ੍ਰੇਸ਼ਾਨ ਅਤੇ ਚਿੰਤਤ ਹੈ। ਹਾਲ ਹੀ ਵਿਚ ਪ੍ਰਾਈਵੇਟ ਅਦਾਰੇ, ਚੰਡੀਗੜ੍ਹ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਨੇ ਹਰ ਸੰਜੀਦਾ ਸ਼ਖ਼ਸ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਅਸੀਂ ਕਿਹੋ ਜਿਹੇ ਸਮਿਆਂ ਵਿਚ ਦਾਖ਼ਲ ਹੋ ਚੁੱਕੇ ਹਾਂ।
ਯੂਨੀਵਰਸਿਟੀਆਂ ਵਿਚ ਕਿਸ ਕਿਸਮ ਦੇ ਵਿਚਾਰ ਪਨਪਣੇ ਚਾਹੀਦੇ ਹਨ, ਇਸ ਬਾਰੇ ਪ੍ਰਸਿੱਧ ਵਿਗਿਆਨੀ ਪ੍ਰੋ. ਯਸ਼ਪਾਲ ਨੇ ਲਿਖਿਆ, “ਯੂਨੀਵਰਸਿਟੀਆਂ ਵਿਚ ਵਿਚਾਰਾਂ ਦੇ ਵਿਕਾਸ ਤੋਂ ਮੇਰਾ ਭਾਵ ਹੈ, ਇਹ ਅਜਿਹਾ ਸਥਾਨ ਹੁੰਦਾ ਹੈ ਜਿਥੇ ਨਵੇਂ ਵਿਚਾਰਾਂ ਦੇ ਵਿਕਸਿਤ ਹੋਣ ਲਈ ਤਾਕਤਵਰ ਜੜ੍ਹਾਂ ਲੱਗਦੀਆਂ ਹਨ ਅਤੇ ਸਮੁੱਚੀ ਦੁਨੀਆ ਦਾ ਗਿਆਨ ਅਗਾਂਹ ਵਿਕਸਿਤ ਹੁੰਦਾ ਹੈ। ਖੂਬਸੂਰਤ ਮਨ ਨਵੇਂ ਵਿਚਾਰਾਂ ਨੂੰ ਲੈ ਕੇ ਨਵੀ ਦੁਨੀਆ ਉਸਾਰਨ ਦੇ ਸੁਪਨੇ ਹੀ ਨਹੀਂ ਲੈਂਦੇ ਬਲਕਿ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਸੰਸਾਰ ਸਿਰਜਣ ਲਈ ਕਾਰਜ ਕਰਦੇ ਹਨ।” ਉਚੇਰੀ ਸਿੱਖਿਆ ਦੇ ਖੇਤਰ ਵਿਚ ਜਿਸ ਪੱਧਰ ’ਤੇ ਲੜਕੀਆਂ ਨੇ ਪ੍ਰਵੇਸ਼ ਕੀਤਾ ਹੈ, ਉਸ ਨੇ ਸਭ ਦੇ ਹੌਸਲੇ ਬੁਲੰਦ ਕੀਤੇ ਹਨ। ਯੂਨੈਸਕੋ ਨੇ 2010 ਵਿਚ ਇਕ ਅਧਿਐਨ ਦੌਰਾਨ ਸਾਹਮਣੇ ਲਿਆਂਦਾ ਸੀ ਕਿ ‘ਭਾਰਤ ਵਿਚ ਸਭ ਤੋਂ ਵੱਧ ਉਚੇਰੀ ਸਿੱਖਿਆ ਵਿਚ ਪੜ੍ਹਨ ਵਾਲੀਆਂ ਲੜਕੀਆਂ ਦੀ ਗਿਣਤੀ 54 ਫ਼ੀਸਦ ਚੰਡੀਗੜ੍ਹ ਵਿਚ ਹੈ ਅਤੇ ਸਭ ਤੋਂ ਘੱਟ ਝਾਰਖੰਡ ਵਿਚ 7 ਫ਼ੀਸਦ ਹੈ।’ 1970 ਵਿਚ ਜਿਥੇ 11 ਲੱਖ ਲੜਕੀਆਂ ਅਤੇ 18 ਲੱਖ ਲੜਕੇ ਪੜ੍ਹਦੇ ਸਨ, ਉਥੇ 2007 ਵਿਚ 75 ਲੱਖ ਲੜਕੀਆਂ ਅਤੇ 78 ਲੱਖ ਲੜਕੇ ਪੜ੍ਹਦੇ ਸਨ। ਇਹ ਵਰਤਾਰਾ ਇਸ ਤਰ੍ਹਾਂ ਵਾਪਰਿਆ ਕਿ ਅੱਜ ਮੁਲਕ ਦੀਆਂ ਵਿਦਿਅਕ ਸੰਸਥਾਵਾਂ ਵਿਚ ਲੜਕੀਆਂ ਦੀ ਫ਼ੀਸਦ 50 ਤੋਂ ਵੀ ਵਧ ਗਈ ਹੈ; ਕਹਿਣ ਦਾ ਭਾਵ, ਜਿਸ ਪੱਧਰ ’ਤੇ ਉਚੇਰੀ ਸਿੱਖਿਆ ਵਿਚ ਲੜਕੀਆਂ ਨੇ ਪ੍ਰਵੇਸ਼ ਕੀਤਾ ਹੈ, ਇਹ ਦਰਸਾਉਂਦਾ ਹੈ ਕਿ ਅੱਜ ਦੀ ਦੁਨੀਆ ਵਿਚ ਲੜਕੀਆਂ ਹਰ ਖੇਤਰ ਵਿਚ ਆਪਣੀ ਸ਼ਖ਼ਸੀਅਤ ਨਿਖਾਰ ਰਹੀਆਂ ਹਨ, ਨਾਲ ਹੀ ਉਨ੍ਹਾਂ ਅੰਦਰ ਆਪਣੀ ਹੋਂਦ ਦਾ ਅਹਿਸਾਸ ਵੀ ਵਧ ਰਿਹਾ ਹੈ।
ਪਿਛਲੇ ਡੇਢ ਦਹਾਕੇ ਤੋਂ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਨਵੇਂ ਪਲੇਟਫਾਰਮ ਆਏ ਹਨ, ਉਨ੍ਹਾਂ ਨੇ ਵੱਡੇ ਪੱਧਰ ’ਤੇ ਕਈ ਕਿਸਮ ਦੀ ਤਬਦੀਲੀ ਨੂੰ ਜਨਮ ਦਿੱਤਾ ਹੈ। 2004 ਵਿਚ ਜਦੋਂ ਫੇਸਬੁੱਕ ਸ਼ੁਰੂ ਹੋਈ ਤਾਂ ਉਨ੍ਹਾਂ ਆਪਣਾ ਮਕਸਦ ਮਿਥਿਆ ਸੀ, “ਲੋਕਾਂ ਨੂੰ ਤਾਕਤ ਇਸ ਪਲੇਟਫਾਰਮ ਰਾਹੀਂ ਦਿੱਤੀ ਜਾ ਰਹੀ ਹੈ ਕਿ ਉਹ ਹੋਰ ਖੁੱਲ੍ਹ ਕੇ ਵਿਚਰਨ, ਜੁੜਨ ਅਤੇ ਆਪਸੀ ਲੈਣ-ਦੇਣ ਕਰਨ।” 2005 ਵਿਚ ਯੂਟਿਊਬ ਨੇ ਸ਼ੁਰੂਆਤ ਵੇਲੇ ਆਪਣਾ ਮਾਟੋ ਰੱਖਿਆ: “ਬੁਰੇ ਨਾ ਬਣੋ, ਖ਼ੁਸ ਨੂੰ ਪ੍ਰਸਤੁਤ ਕਰੋ।” ਟਵਿਟਰ ਨੇ 2006 ਵਿਚ ਸ਼ੁਰੂਆਤ ਵੇਲੇ ਕਿਹਾ: “ਵਿਚਾਰ ਸਿਰਜੋ ਅਤੇ ਉਨ੍ਹਾਂ ਦਾ ਲੈਣ-ਦੇਣ ਕਰੋ ਤਾਂ ਕਿ ਇਹ ਜਾਣਕਾਰੀ ਤੁਰੰਤ ਸਭ ਹੱਦਾਂ ਬੰਨੇ ਤੋੜ ਕੇ ਪਹੁੰਚ ਸਕੇ।” ਇਨ੍ਹਾਂ ਵੱਡੇ ਸੋਸ਼ਲ ਮੀਡੀਆ ਮੰਚਾਂ ਬਾਰੇ 2006 ਵਿਚ ਕਾਰਪੋਰੇਟ ਘਰਾਣਿਆਂ ਦੇ ਪ੍ਰਸਿੱਧ ਮੈਗਜ਼ੀਨ ‘ਟਾਈਮ’ ਨੇ ਅਮਰੀਕਾ ਦੀ ਸਿਲੀਕਾਨ ਵੈਲੀ ਜਿਥੋਂ ਤਕਨਾਲੋਜੀ ਦਾ ਇਹ ਵੱਡਾ ਦੌਰ ਸ਼ੁਰੂ ਹੋਇਆ, ਬਾਰੇ ਕਿਹਾ, “2006 ਦਾ ਸਭ ਤੋਂ ਵੱਡਾ ਖਿਤਾਬ ‘ਤੁਹਾਨੂੰ’ ਦਿੰਦੇ ਹਾਂ ਕਿਉਂਕਿ ਤੁਸੀਂ ਅਜੋਕੀ ਜਾਣਕਾਰੀ ਭਰਪੂਰ ਸਦੀ ਨੂੰ ਕੰਟਰੋਲ ਕਰ ਰਹੇ ਹੋ ਅਤੇ ਤੁਹਾਡੇ ਉਸਾਰੇ ਸੰਸਾਰ ਨੂੰ ਜੀ ਆਇਆਂ ਆਖਦੇ ਹਾਂ।”
ਹਕੀਕਤ ਵਿਚ ਵੀ ਇਹੀ ਵਾਪਰਿਆ ਕਿ ਅਜੋਕੀ ਦੁਨੀਆ ਵਿਚ ਸੋਸ਼ਲ ਮੀਡੀਆ ਪਲੇਟਫਾਰਮਾਂ ਉਪਰ ਪੰਜ ਵੱਡੇ ਨਾਂ ਛਾਏ ਹੋਏ ਹਨ ਜਿਨ੍ਹਾਂ ਵਿਚ ਗੂਗਲ, ਐਪਲ, ਫੇਸਬੁੱਕ, ਐਮਾਜ਼ੋਨ ਅਤੇ ਮਾਈਕਰੋਸਾਫਟ ਜਿਨ੍ਹਾਂ ਦੇ ਸੰਸਾਰ ਪੱਧਰ ’ਤੇ ਫੈਲੇ ਤਕਨਾਲੋਜੀ ਦੇ ਖੇਤਰ ਵਾਲੇ ਹਰ ਹਿੱਸੇ ਰਾਹੀਂ ਪੰਜ ਟ੍ਰਿਲੀਅਨ ਡਾਲਰ ਤੋਂ ਵੱਧ ਦੀ ਪੂੰਜੀ ਇਕੱਤਰ ਹੋ ਚੁੱਕੀ ਹੈ ਅਤੇ ਅਗਾਂਹ ਵਧ ਰਹੀ ਹੈ। ਇਸ ਕਾਰਨ ਸਿਆਸੀ ਅਤੇ ਆਰਥਿਕ ਦੁਨੀਆ ਦੀਆਂ ਗਤੀਵਿਧੀਆਂ ਵਿਚ ਵੀ ਵੱਡੀ ਤਬਦੀਲੀ ਵਾਪਰ ਰਹੀ ਹੈ; ਇਥੋਂ ਤੱਕ ਸੱਭਿਆਚਾਰਕ ਕਦਰਾਂ ਕੀਮਤਾਂ ਤੋਂ ਲੈ ਕੇ ਰੋਜ਼ਾਨਾ ਜੀਵਨ ਦੇ ਜਿਊਣ ਢੰਗਾਂ ਵਿਚ ਵੀ ਇਹ ਸਭ ਕੁਝ ਪ੍ਰਵੇਸ਼ ਕਰ ਚੁੱਕਾ ਹੈ। ਕਰੋੜਾਂ ਲੋਕ ਜੋ ਸੋਸ਼ਲ ਮੀਡੀਆ ਨਾਲ ਜੁੜੇ ਹਨ, ਵੱਖੋ-ਵੱਖਰੇ ਮੁਲਕਾਂ ਵਿਚ ਆਪੋ-ਆਪਣੀਆਂ ਸੋਚਣ ਢੰਗ ਗਤੀਵਿਧੀਆਂ, ਨਸਲੀ ਇੱਛਾਵਾਂ, ਸੈਕਸ ਦੇ ਪੱਧਰ ਦੇ ਰੁਝਾਨ, ਵੱਖ ਵੱਖ ਲਾਲਸਾਵਾਂ ਅਤੇ ਜੀਵਨ ਜਾਚ ਦੇ ਵੱਖਰੋ-ਵੱਖਰੇ ਢੰਗ ਹਾਸਲ ਕਰਨ ਲਈ ਪ੍ਰਤੀ ਵਿਅਕਤੀ 144 ਮਿੰਟ ਵੱਖ ਵੱਖ ਸੋਸ਼ਲ ਮੀਡੀਏ ਦੇ ਪਲੇਟਫਾਰਮ ’ਤੇ ਜਾ ਕੇ ਲਗਾਉਂਦਾ ਹੈ। ਇਸ ਵਿਚ ਸਕਰੋਲਿੰਗ, ਵਿਚਾਰ ਪ੍ਰਗਟ, ਲਿਖਣਾ, ਪੋਸਟਾਂ ਪਾਉਣੀਆਂ, ਪੜ੍ਹਨਾ, ਪਸੰਦ ਕਰਨਾ, ਲੈਣ-ਦੇਣ ਕਰਨਾ ਆਸਿ ਸ਼ਾਮਿਲ ਹਨ।
ਤੱਥ ਇਹ ਹਨ ਕਿ 2005 ਵਿਚ 5 ਫ਼ੀਸਦ ਅਮਰੀਕੀ ਨੌਜਵਾਨ ਸੋਸ਼ਲ ਪਲੇਟਫਾਰਮਾਂ ’ਤੇ ਜਾਂਦੇ ਸਨ, ਇਨ੍ਹਾਂ ਦੀ ਗਿਣਤੀ 2011 ਵਿਚ 50 ਫ਼ੀਸਦ ਹੋ ਗਈ ਅਤੇ ਅੱਜ 2022 ਵਿਚ ਇਹ 80 ਫ਼ੀਸਦ ਤੋਂ ਵੱਧ ਤੱਕ ਪਹੁੰਚ ਗਈ ਹੈ। 2020 ਵਿਚ 4.5 ਅਰਬ ਲੋਕ ਸੰਸਾਰ ਪੱਧਰ ’ਤੇ ਇੰਟਰਨੈਟ ਦੀ ਵਰਤੋਂ ਕਰਨ ਲੱਗੇ ਜਿਨ੍ਹਾਂ ਵਿਚੋਂ 3.8 ਅਰਬ ਕਿਸੇ ਨਾ ਕਿਸੇ ਸਮਾਜਿਕ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਇਸ ਤੋਂ ਵੀ ਅਗਾਂਹ, ਇਕ ਸੈਕਿੰਡ ਵਿਚ ਟਵਿਟਰ ਪਲੇਟਫਾਰਮ ’ਤੇ 8952 ਨਵੀਆਂ ਟਵੀਟ ਹੁੰਦੀਆਂ ਹਨ ਅਤੇ ਯੂਟਿਊਬ ਉਪਰ ਇਕ ਸੈਕਿੰਡ ਵਿਚ 83831 ਵੀਡੀਓ ਲੋਡ ਕੀਤੀਆਂ ਜਾਂਦੀਆਂ ਹਨ। ਇਕ ਮਿੰਟ ਵਿਚ 317,000 ਜਣੇ ਆਪਣਾ ਸਟੇਟਸ ਅਪਡੇਟ ਕਰਦੇ ਹਨ। ਇਸੇ ਤਰ੍ਹਾਂ 147,000 ਨਵੀਆਂ ਫੋਟੋਆਂ ਪਾਉਂਦੇ ਹਨ ਅਤੇ 54000 ਇਕ ਦੂਸਰੇ ਨਾਲ ਆਪਣੀ ਪਸੰਦ ਸਾਂਝੀ ਕਰਦੇ ਹਨ। ਇਸ ਕਰਕੇ ਹੀ ਅਜੋਕੇ ਦੌਰ ਨੂੰ ਕਈ ‘ਸਾਈਬਰ ਯੂਟੋਪੀਅਨ’ ਦਾ ਸਮਾਂ ਆਖਦੇ ਹਨ।
ਉਚੇਰੀ ਸਿੱਖਿਆ ਦੀਆਂ ਸੰਸਥਾਵਾਂ ਦੀ ਦਿਸ਼ਾ ਅਤੇ ਦਸ਼ਾ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਕਰੋਨਾ ਦੇ ਦੌਰ ਵਿਚ ਆਈ ਨਵੀਂ ਸਿੱਖਿਆ ਨੀਤੀ-2020 ਨੇ ਸਿੱਖਿਆ ਦੇ ਖੇਤਰ ਵਿਚ ਪੜ੍ਹਨ ਪੜ੍ਹਾਉਣ ਦੀ ਕਿਰਿਆ ਨੂੰ ਤਕਨਾਲੋਜੀ ਦੇ ਢੰਗ-ਤਰੀਕਿਆਂ ਨਾਲ ਤਬਦੀਲ ਕਰ ਦਿੱਤਾ। ਜਿਸ ਤਰ੍ਹਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਕਲਾਸ ਰੂਮ ਤਬਾਹ ਹੋਏ ਹਨ, ਅਧਿਆਪਨ ਵਾਲਾ ਸਭਿਆਚਾਰ ਸੰਕਟ ਵਿਚ ਘਿਰ ਗਿਆ ਹੈ। ਇਸ ਦੇ ਨਾਲ ਹੀ ਜੋ ਸਭਿਆਚਾਰ ਦੇ ਕਾਇਦੇ ਕਾਨੂੰਨ ਅਤੇ ਮਨੁੱਖੀ ਕਦਰਾਂ ਕੀਮਤਾਂ ਨਾਲ ਜੁੜੇ ਹੋਏ ਸਨ, ਉਹ ਸੰਕਟਗ੍ਰਸਤ ਹੋ ਗਏ ਹਨ।
ਅਧਿਆਪਕ ਅਤੇ ਵਿਦਿਆਰਥੀ ਦਾ ਮਿਲ ਬੈਠ ਕੇ ਪੜ੍ਹਨ ਪੜ੍ਹਾਉਣ ਦਾ ਸਿਲਸਿਲਾ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਸਿੱਖਿਅਕ ਕਿਸਮ ਦਾ ਸਭਿਆਚਾਰ ਉਸਾਰਨ ਦੀ ਸਪੇਸ ਵੀ ਘਟ ਗਈ ਹੈ। ਪਿਛਲੇ ਦੌਰ ਵਿਚ ਵੱਖ ਵੱਖ ਖੋਜਾਂ ਨੇ ਸਿੱਧ ਕੀਤਾ ਹੈ ਕਿ ਨੌਜਵਾਨ ਪੀੜ੍ਹੀ ਵਿਚ ਜੋ ਵੀਡੀਓਜ਼ ਦੇਖੀਆਂ ਜਾ ਰਹੀਆਂ ਹਨ, ਉਹ ਕਿਸੇ ਨਾ ਕਿਸੇ ਰੂਪ ਵਿਚ ਅਪਰਾਧ ਵਧਾਉਣ ਅਤੇ ਕੀਤੇ ਅਪਰਾਧ ਦਿਖਾਉਣ ਵਾਲੀਆਂ ਹਨ। ਇਸੇ ਤਰ੍ਹਾਂ ਸੈਕਸ ਨੂੰ ਉਤੇਜਤ ਕਰਨ ਵਾਲੀਆਂ ਵੀਡੀਓ ਨੌਜਵਾਨਾਂ ’ਤੇ ਅਸਰ ਪਾ ਰਹੀਆਂ ਹਨ। ਇਸ ਕਰਕੇ ਜਦੋਂ ਵੀ ਕੋਈ ਘਟਨਾ ਸੋਸ਼ਲ ਮੀਡੀਆ ਵਿਚ ਕਿਸੇ ਦੀ ਨਿੱਜੀ ਜ਼ਿੰਦਗੀ ਅਤੇ ਨਿੱਜਤਾ ਨੂੰ ਪ੍ਰਭਾਵਤ ਕਰਨ ਵਾਲੀ ਬਾਹਰ ਆਉਂਦੀ ਹੈ ਤਾਂ ਇਹ ਸਮੁੱਚੇ ਰੂਪ ਵਿਚ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਪ੍ਰਭਾਵਤ ਕਰਦੀ ਹੈ।
ਇਸ ਕਰਕੇ ਜਦੋਂ ਵੀ ਪੰਜਾਬ ਵਿਚ ਲੜਕੀਆਂ ਦੇ ਹੱਕਾਂ ਤੋਂ ਲੈ ਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਿਤ ਕੋਈ ਵੀ ਘਟਨਾਕ੍ਰਮ ਸਾਹਮਣੇ ਆਉਂਦਾ ਹੈ ਤਾਂ ਉਹ ਇਕਦਮ ਹਰਕਤ ਵਿਚ ਆ ਜਾਂਦੀਆਂ ਹਨ। ਪ੍ਰਾਈਵੇਟ ਅਦਾਰੇ ਇਨ੍ਹਾਂ ਨੂੰ ਜਿੰਨਾ ਮਰਜ਼ੀ ਲਕੋਈ ਜਾਣ, ਇਹ ਲੁਕੇ ਨਹੀਂ ਰਹਿੰਦੇ, ਬਾਹਰ ਆ ਹੀ ਜਾਂਦੇ ਹਨ। ਅੱਜ ਦੇ ਦੌਰ ਵਿਚ ਨਿੱਜੀ ਆਜ਼ਾਦੀਆਂ ਤੋਂ ਲੈ ਕੇ ਸਮਾਜਿਕ ਅਤੇ ਸਿਆਸੀ ਆਜ਼ਾਦੀਆਂ ਵਾਲੀਆਂ ਪਹਿਲਕਦਮੀਆਂ ਆਪੋ-ਆਪਣੇ ਢੰਗ ਨਾਲ ਦੁਨੀਆ ਦੇ ਹਰ ਹਿੱਸੇ ਵਿਚ ਵਾਪਰ ਰਹੀਆਂ ਹਨ। ਹੁਣ ਮਸਲਾ ਇਹ ਹੈ ਕਿ ਨਵੀਂ ਪੀੜ੍ਹੀ ਆਪਣੇ ਵਿਚਾਰਾਂ, ਜੀਵਨ ਜਾਚ ਅਤੇ ਹੱਦਬੰਦੀਆਂ ਦੇ ਪ੍ਰਸੰਗ ਵਿਚ ਸੋਸ਼ਲ ਮੀਡੀਆ ਨੂੰ ਕਿਵੇਂ ਲੈਂਦੀ ਹੈ ਅਤੇ ਨਵੀਂ ਸੋਚ ਦੇ ਪੈਮਾਨੇ ਉਚੇਰੀਆਂ ਵਿਦਿਅਕ ਸੰਸਥਾਵਾਂ ਵਿਚ ਕਿਵੇਂ ਖੜ੍ਹੀ ਕਰਦੀ ਹੈ ਜਿਨ੍ਹਾਂ ਨਾਲ ਸਮਾਜਿਕ ਚੇਤਨਾ ਅਤੇ ਸਰੋਕਾਰਾਂ ਨਾਲ ਜੁੜੇ ਹੋਣ। ਅਜਿਹੀ ਆਸ ਨੌਜਵਾਨ ਪੀੜ੍ਹੀ ਤੋਂ ਹੈ।
ਸੰਪਰਕ: 98151-15429