ਬਲਕਾਰ ਸਿੰਘ ਪ੍ਰੋਫੈਸਰ
ਗੁਰੂ ਨਾਨਕ ਦੇਵ ਦੇ 1499 ਵਿਚ ਦਿੱਤੇ ਗਏ ‘ਵੇਈਂ ਨਦੀ ਸੰਦੇਸ਼’ (ਨ ਕੋ ਹਿੰਦੂ ਨ ਮੁਸਲਮਾਨ) ਤੋਂ ਪਿੱਛੋਂ ਪੰਜਾਬ ਸਭਿਆਚਾਰਕ ਖਿੱਤੇ ਦੇ ਨਾਲ-ਨਾਲ ਗੁਰੂ ਦੇ ਨਾਮ ’ਤੇ ਜਿਊਣ ਵਾਲਾ ਪੰਜਾਬ ਹੋ ਗਿਆ ਸੀ। ਗੁਰੂ ਚਿੰਤਨ ਦਾ ਪੰਘੂੜਾ ਹੋਣ ਕਰ ਕੇ ਪੰਜਾਬ ਵਿਚੋਂ ਕੁਝ ਵੀ ਮਨਫੀ ਕਰਨ ਦੀ ਲੋੜ ਨਹੀਂ ਪਈ ਸੀ। ਇਹ ਉਸ ਗੁਰਮਤਿ ਵਿਧੀ ਕਰ ਕੇ ਵਾਪਰਿਆ ਸੀ ਜਿਸ ਨੇ ਪ੍ਰਾਪਤ ਵਿੱਚੋਂ ਜੋ ਲੈਣ ਯੋਗ ਸੀ, ਉਹ ਲੈ ਲਿਆ ਸੀ; ਜੋ ਛੱਡਣ ਯੋਗ ਸੀ, ਉਹ ਛੱਡ ਲਿਆ ਸੀ। ਬੰਦੇ ਦੇ ਪੈਰੋਂ ਪੈਦਾ ਹੋਣ ਵਾਲੀਆਂ ਦੁਸ਼ਵਾਰੀਆਂ ਨੂੰ ਦੇਖਦਿਆਂ ਦੇਹ-ਗੁਰੂ ਦਾ ਸਦੀਵ ਬਦਲਾਓ ‘ਗੁਰੂ ਮਾਨਿਓ ਗ੍ਰੰਥ’ ਦੇ ਰੂਪ ਵਿਚ ਸ਼ਬਦ-ਗੁਰੂ ਕਰ ਦਿੱਤਾ ਗਿਆ ਸੀ। ਇਸੇ ਆਧਾਰ ’ਤੇ ਪੈਦਾ ਹੋਇਆ ਸਿੱਖ ਭਾਈਚਾਰਾ ਪੰਜਾਬ ਵਿਚ ਘੱਟਗਿਣਤੀ ਹੋਣ ਦੇ ਬਾਵਜੂਦ ਸਮਾਜਿਕ ਅਤੇ ਰਾਜਨੀਤਕ ਪੱਖੋਂ ਨੁਮਾਇਆ ਹੋ ਗਿਆ ਸੀ ਕਿਉਂਕਿ ਪੰਜਾਬ ਨੂੰ ਦਰਪੇਸ਼ ਮੁਹਿੰਮਾਂ ਦਾ ਸਾਹਮਣਾ ਇਹ ਭਾਈਚਾਰਾ ਅੱਗੇ ਲੱਗ ਕੇ ਕਰਦਾ ਰਿਹਾ ਸੀ। ਇਸੇ ਵਿਚੋਂ ਸਿੱਖ ਸਿਆਸਤ ਦਾ ਮੁੱਢ ਬਾਬਾ ਬੰਦਾ ਸਿੰਘ ਬਹਾਦਰ ਨਾਲ ਬੱਝ ਗਿਆ ਸੀ। ਇਹੀ ਬਰਾਸਤਾ ਮਹਰਾਜਾ ਰਣਜੀਤ ਸਿੰਘ, ਅਕਾਲੀਆਂ ਤੱਕ ਪੁਹੰਚ ਗਿਆ ਸੀ। ਸੀ ਨੂੰ ਹੈ ਜਾਂ ਹੋਣਾ ਵਿਚ ਅਨੁਵਾਦ ਕਰਨ ਦੀ ਅਕਾਲੀ ਰਾਜਨੀਤੀ ਦਾ ਵਰਤਮਾਨ ਅਕਾਲੀ ਸੰਕਟ ਵਾਂਗ ਸਭ ਦੇ ਸਾਹਮਣੇ ਹੈ।
ਵਿਦਵਾਨਾਂ ਨੇ ਅਕਾਲੀ ਦਲ ਨੂੰ ਚੁਣੌਤੀਆਂ ਦਾ ਟਾਕਰਾ ਕਰਨ ਵਾਲਾ ਅਤੇ ਤਬਦੀਲੀਆਂ ਦਾ ਗਵਾਹ ਮੰਨਦਿਆਂ ਅਕਾਲੀਆਂ ਨੂੰ ਇਸ ਦੇ ਵਾਰਸ ਮੰਨਿਆ ਹੋਇਆ ਹੈ। ਵਿਰਾਸਤੀ ਪ੍ਰਸੰਗ ਵਿਚੋਂ ਨਿਕਲ ਕੇ ਮਾਲਕੀ ਸੁਰ ਵਿਚ ਅਕਾਲੀ ਆਗੂ ਪੰਜਾਬ ਦੀ ਸਿਆਸਤ ਨੂੰ ਜਗੀਰਦਾਰੀ ਸ਼ੈਲੀ ਵਿਚ ਹੰਢਾਉਣ ਦੀ ਜਿਵੇਂ-ਜਿਵੇਂ ਕੋਸ਼ਿਸ਼ ਕਰਦੇ ਗਏ, ਉਵੇਂ-ਉਵੇਂ ਉਹ ਸਿੱਖ ਸੁਰ ਨਾਲੋਂ ਦੂਰ ਹੁੰਦੇ ਚਲੇ ਗਏ। ਇਸ ਨਾਲ ਸੰਗਤੀ ਸੁਰ ਵਾਲੀ ਫੈਡਰਲ ਰਾਜਨੀਤੀ ਕਥਿਤ ਜਰਨੈਲੀ ਵਿਅਕਤੀਵਾਦ ਵਿਚ ਢਲਦੀ-ਢਲਦੀ ਇਸ ਵੇਲੇ ਸਿਖਰ ’ਤੇ ਪਹੁੰਚ ਗਈ ਹੈ। ਇਸ ਬਾਰੇ ਅੰਦਰੋਂ ਬਣੀ ਝੂੰਦਾਂ ਕਮੇਟੀ ਨੇ ਜਿੰਨਾ ਕੁ ਸੱਚ ਸਾਹਮਣੇ ਲਿਆਂਦਾ ਸੀ, ਉਸ ਵੱਲ ਵੀ ਧਿਆਨ ਦੇਣ ਦੀ ਲੋੜ ਨਹੀਂ ਸਮਝੀ ਗਈ। ਦਸ ਸਾਲ ਦੇ ਕਾਰਜਕਾਲ ਦੌਰਾਨ ਸੱਤਾ ਚਲਾਉਣ ਵਾਲਿਆਂ ਨੇ ਮਨਮਰਜ਼ੀਆਂ ਕੀਤੀਆਂ। ਇਹ ਮਸਲਾ ਅਕਾਲੀਆਂ ਨੇ ਹੀ ਅਕਾਲੀਆਂ ਵਿਰੁੱਧ ਅਕਾਲ ਤਖਤ ਸਾਹਿਬ ’ਤੇ ਪਹੁੰਚਾ ਦਿੱਤਾ ਹੈ। ਇਸ ਬਾਰੇ ਦਾਨਿਸ਼ਵਰਾਂ ਦੀ ਮੀਟਿੰਗ ਹੋ ਚੁੱਕੀ ਹੈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪ੍ਰਭੂਸੱਤਾ ਦਾ ਸਮਰਥਨ ਕੀਤਾ ਜਾ ਚੁੱਕਾ ਹੈ। ਜੋ ਸਭ ਨੂੰ ਨਜ਼ਰ ਆ ਰਿਹਾ ਹੈ, ਉਹ ਅਕਾਲੀਆਂ ਨੂੰ ਬਿਲਕੁਲ ਨਜ਼ਰ ਨਹੀਂ ਆ ਰਿਹਾ? ਇਸ ਹਾਲਤ ਵਿਚ ਫੈਸਲਾ ਕਰਨ ਦੀ ਥਾਂ ਰਾਹ ਕੱਢਣ ਦੀ ਸੰਗਤੀ ਵਿਧਾ ਨੂੰ ਕੇਂਦਰ ਵਿਚ ਰੱਖ ਕੇ ਮੈਂ ਆਪਣੀ ਰਾਏ ਜਥੇਦਾਰ ਨੂੰ ਲਿਖ ਕੇ ਭੇਜੀ ਸੀ:
“ਦਰਪੇਸ਼ ਮੁੱਦਾ ਇਹ ਹੈ ਕਿ ਅਕਾਲੀਆਂ ਨੂੰ ਬਚਾਉਣਾ ਹੈ ਕਿ ਅਕਾਲੀ ਦਲ ਨੂੰ ਬਚਾਉਣਾ ਹੈ? ਅਕਾਲੀਆਂ ਨੂੰ ਸਿਆਸੀ ਸੁਰ ਵਿਚ ਬਚਾਇਆ ਜਾ ਸਕਦਾ ਹੈ ਅਤੇ ਅਕਾਲੀ ਦਲ ਨੂੰ ਪੰਥਕ ਸੰਸਥਾ ਵਜੋਂ ਸਿੱਖ ਸੁਰ ਵਿਚ ਬਚਾਇਆ ਜਾ ਸਕਦਾ ਹੈ? ਸਿਆਸੀ ਸੁਰ ਵਿਚ ਫੈਸਲਾ ਕਰਨਾ ਪੈਣਾ ਹੈ ਅਤੇ ਸਿੱਖ ਸੁਰ ਵਿਚ ਰਾਹ ਕੱਢਣਾ ਪੈਣਾ ਹੈ। ਲੱਗਦਾ ਹੈ ਕਿ ਸੰਕਟ ਅਕਾਲੀਆਂ ਦਾ ਹੈ, ਅਕਾਲੀ ਦਲ ਦਾ ਨਹੀਂ ਅਤੇ ਵਰਤਮਾਨ ਅਕਾਲੀ ਸੰਕਟ ਦੀਆਂ ਇਹ ਤਿੰਨ ਧਿਰਾਂ ਹਨ: 1) ਅਕਾਲੀ ਸਿਆਸਤਦਾਨ ਕਿਸੇ ਵੀ ਰੰਗ ਦਾ; 2) ਸਿੱਖ ਸੰਗਤ; 3) ਸਿੱਖ ਪੰਥ।
ਮਸਲਾ ਅਕਾਲੀ ਸਿਆਸਤਦਾਨ ਹਨ ਜਾਂ ਅਕਾਲੀ ਸਿਆਸਤ, ਇਸ ਨੂੰ ਅਕਾਲੀ ਦਲ ਨਾਲ ਨਹੀਂ ਉਲਝਾਉਣਾ ਚਾਹੀਦਾ ਕਿਉਂਕਿ ਅਕਾਲੀ ਦਲ ਨੂੰ ਅਕਾਲੀ ਸਿਆਸਤਦਾਨ ਫੇਲ੍ਹ ਕਰ ਚੁੱਕੇ ਹਨ। ਅਕਾਲੀ ਦਲ ਤਾਂ ਇਸ ਵੇਲੇ ਸਿਆਸੀ ਅਪਹਰਨ ਦਾ ਉਸੇ ਤਰ੍ਹਾਂ ਸ਼ਿਕਾਰ ਹੈ ਜਿਵੇਂ ਸਿੱਖ ਸੰਸਥਾਵਾਂ ਹਨ। ਨਤੀਜੇ ਵਜੋਂ ਕਿਸੇ ਵੀ ਰੰਗ ਦਾ ਅਕਾਲੀ ਸਿਆਸਤਦਾਨ, ਸਿੱਖ ਸੰਗਤ ਅਤੇ ਸਿੱਖ ਪੰਥ ਵਿਚ ਆਪਣੀ ਸਾਖ ਗੁਆ ਚੁੱਕਾ ਨਜ਼ਰ ਆ ਰਿਹਾ ਹੈ ਅਤੇ ਗੁਆਚੀ ਸਾਖ ਦੀ ਬਹਾਲੀ ਦਾ ਸਿਆਸੀ ਪੈਂਤੜਾ, ਦਾਗ਼ੀਆਂ ਤੇ ਬਾਗ਼ੀਆਂ ਦੇ ਰੂਪ ਵਿਚ ਅਕਾਲ ਤਖਤ ਸਾਹਿਬ ’ਤੇ ਪਹੁੰਚ ਚੁੱਕਾ ਹੈ।
ਸਿਆਸਤਦਾਨਾਂ ਦੇ ਪੈਰੋਂ ਪੈਦਾ ਹੋਈਆਂ ਦੁਸ਼ਵਾਰੀਆਂ ਨੂੰ ਸਿਆਸਤਦਾਨਾਂ ਰਾਹੀਂ ਨਹੀਂ ਸੁਲਝਾਇਆ ਜਾ ਸਕਦਾ ਕਿਉਂਕਿ ਜੋ ਉਖੜਿਆ ਤੇ ਉਲਝਿਆ ਹੋਇਆ ਹੈ, ਉਸ ਤੋਂ ਸੁਲਝਾਉਣ ਦੀ ਆਸ ਹੀ ਕਿਵੇਂ ਕੀਤੀ ਜਾ ਸਕਦੀ ਹੈ? ਤਾਂ ਤੇ ਦਾਗ਼ੀਆਂ, ਬਾਗ਼ੀਆਂ ਅਤੇ ਸਿਆਸੀ ਸ਼ਹਿ ਲਾਈ ਬੈਠੇ ਸਿੱਖ ਸਿਆਸਤਦਾਨਾਂ ਬਾਰੇ ਫੈਸਲਾ ਕਰਨ ਦੀ ਥਾਂ ਸਿੱਖ ਸੰਗਤ ਅਤੇ ਸਿੱਖ ਪੰਥ ਰਾਹੀਂ ਦਰਪੇਸ਼ ਮਸਲੇ ਵਾਸਤੇ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹਾ ਜੇ ਇਸ ਵੇਲੇ ਸਿਧਾਂਤ ਅਤੇ ਪਰੰਪਰਾ ਮੁਤਾਬਿਕ ਨਾ ਵੀ ਸੰਭਵ ਲੱਗੇ ਤਾਂ ਵੀ ਇਸ ਨੂੰ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਤਾਂ ਕੀਤੀ ਹੀ ਜਾ ਸਕਦੀ ਹੈ ਕਿ ਸਿਆਸੀ ਫੈਸਲਾ ਕਰਨ ਦੀ ਥਾਂ ਮੌਜੂਦਾ ਸਿਆਸਤ ਨਾਲ ਤੁਰ ਸਕਣ ਦੀਆਂ ਸੰਭਾਵਨਾਵਾਂ ਤਲਾਸ਼ਣ ਵਾਲੀ ਗੁਰਮਤਿ ਭਾਵਨਾ ਵਾਲਾ ਪੰਥਕ ਰਾਹ ਸਮਝਿਆ/ਸਮਝਾਇਆ ਜਾ ਸਕਦਾ ਹੈ।
ਵਰਤਮਾਨ ਸਿਆਸੀ ਸੰਕਟ ਕਿਸੇ ਸਿਧਾਂਤਕ ਅਤੇ ਪਰੰਪਰਕ ਲਗਾਤਾਰਤਾ ਵਿਚ ਨਜ਼ਰ ਨਾ ਆਉਣ ਕਰ ਕੇ ਕਿਸੇ ਦੇ ਹੱਕ ਜਾਂ ਵਿਰੋਧ ਵਾਲੇ ਫੈਸਲੇ ਦਾ ਮੁਥਾਜ ਨਹੀਂ ਹੋਣ ਦੇਣਾ ਚਾਹੀਦਾ। ਫੈਸਲਾ, ਸੰਗਤ ਤੇ ਪੰਥ ਨੂੰ ਸਿੱਧਾ ਹੱਥ ਵਿਚ ਲੈਣ ਦੇਣਾ ਚਾਹੀਦਾ ਹੈ। ਸਿੱਖਾਂ ਦੇ ਸੰਗਤੀ ਰਾਹ ਨੂੰ ਸਿੱਖ ਪ੍ਰਸੰਗ ਵਿਚ ਲੋਕਤੰਤਰੀ ਰਾਹ ਦੀ ਪੰਥਕ ਵਿਰਾਸਤ ਕਿਹਾ ਜਾ ਸਕਦਾ ਹੈ।
ਉਪਰੋਕਤ ਰੌਸ਼ਨੀ ਵਿਚ ਅਕਾਲੀਆਂ ਨੂੰ ਬਚਾਉਣ ਦੇ ਸਿਆਸੀ ਫੈਸਲੇ ਦੀ ਥਾਂ, ਅਕਾਲੀ ਦਲ ਨੂੰ ਨਵੇਂ ਸਿਰਿਉਂ ਉਸਾਰਨ ਦੇ ਰਾਹ ਤੁਰਾਂਗੇ ਤਾਂ ਸੰਗਤ ਅਤੇ ਪੰਥ ਵਿਚ ਸਾਖ ਗੁਆ ਚੁੱਕੇ ਅਕਾਲੀਆਂ ਨੂੰ ਵੀ ਸੰਗਤ ਅਤੇ ਪੰਥ ਰਾਹੀਂ ਸਾਖ-ਬਹਾਲੀ ਦਾ ਮੌਕਾ ਦੇ ਰਹੇ ਹੋਵਾਂਗੇ। ਕਿਸੇ ਵੀ ਕਾਰਨ ਸਿਆਸੀ ਖੁਆਰੀ ਦਾ ਸ਼ਿਕਾਰ ਹੋਇਆਂ ਨੂੰ ਇਸ ਰਾਹੇ ਤੁਰ ਕੇ ਜਥੇਦਾਰ ਦੀ ਅਗਵਾਈ ਵਿਚ ਨਵੇਂ ਸਿਰਿਉਂ ਅਕਾਲੀ ਦਲ ਦੀ ਭਰਤੀ ਕਰ ਕੇ ਨਵੇਂ ਸਿਰਿਉਂ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸੰਭਾਵੀ ਅਕਾਲੀ ਦਲ ਦੇ ਹੋਰ ਅਹੁਦੇਦਾਰ ਚੁਣਨ ਦੇ ਪਰੰਪਰਕ ਮਾਰਗ ’ਤੇ ਤੋਰਿਆ ਜਾ ਸਕਦਾ ਹੈ।”
ਕੌਣ ਕਿਸ ਨੂੰ ਦੱਸੇ ਕਿ ਸਿੱਖ ਤਾਂ ਦੁਸ਼ਵਾਰੀਆਂ ਵਿਚ ਵੀ ਇਤਿਹਾਸ ਸਿਰਜਦੇ ਰਹੇ ਹਨ ਪਰ ਮਿਲੀਆਂ ਹੋਈਆਂ ਸਿਆਸੀ ਸਹੂਲਤਾਂ ਨੇ ਅਕਾਲੀਆਂ ਦਾ ਇਹ ਰਾਹ ਕਿਵੇਂ ਤੇ ਕਿਉਂ ਰੋਕਿਆ? ਕੰਧ ’ਤੇ ਲਿਖੇ ਨੂੰ ਪੜ੍ਹਨ ਦੀ ਥਾਂ ਅਕਾਲੀਆਂ ਨੇ ਇਸ ਨੂੰ ਟੰਗੀ ਕਿਉਂ ਰੱਖਿਆ? ਲੋਕਤੰਤਰ ਦੀ ਫੈਡਰਲ ਸਿਆਸਤ ਵਿੱਚੋਂ ਜਗੀਰਦਾਰੀ ਦਾ ਭੂਤ ਕਿਵੇਂ ਤੇ ਕਿਉਂ ਨਿਕਲਿਆ? ਸਿਆਸਤ ਨਹੀਂ ਸੇਵਾ ਨੂੰ ਸੌਖਿਆਂ ਅਮੀਰ ਹੋਣ ਅਤੇ ਬਿਨਾਂ ਕੰਮ ਕੀਤਿਆਂ ਮੌਜਾਂ ਲੈਣ ਵਾਲੀ ਸਿਆਸਤ ਕਿਸ ਨੇ ਬਣਾਇਆ? ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਅਕਾਲੀਆਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਅਕਾਲੀਆਂ ਵਿੱਚੋਂ ਅਕਾਲੀਅਤ ਕਦੋਂ ਤੇ ਕਿਵੇਂ ਗੁੰਮ ਹੋ ਗਈ ਹੈ? ਜੇ ਸਿੱਖ ਹੀ ‘ਰਾਖਾ ਆਪ ਅਕਾਲ ਅਕਾਲੀਆਂ ਦਾ’ ਦੀ ਭਾਵਨਾ ਵਿਚ ਅਕਾਲੀ ਹੋਇਆ ਸੀ ਤਾਂ ਵਰਤਮਾਨ ਅਕਾਲੀਆਂ ਨੂੰ ਅਕਾਲੀ ਹੋਣ ਵਾਸਤੇ ਸਿੱਖ ਹੋਣ ਦੀ ਲੋੜ ਕਿਉਂ ਮਹਿਸੂਸ ਨਹੀਂ ਹੋ ਰਹੀ? ਜੇ ਸਾਰੇ ਸਿਆਸੀ ਰੋਗ ਬਾਣੀ ਨਾਲੋਂ ਵਿਛੜਨ ਕਰ ਕੇ ਪੈਦਾ ਹੋ ਗਏ ਹਨ ਤਾਂ ਬਾਣੀ ਵੱਲ ਮੁੜਨ ਵਾਲੇ ਪਾਸੇ ਅਕਾਲੀ ਕਿਉਂ ਨਹੀਂ ਤੁਰ ਰਹੇ? ਇਹ ਸਾਰੇ ਸਵਾਲ ਅਕਾਲੀਆਂ ਦੇ ਅਕਾਲੀ ਵਰਤਾਰੇ, ਅਕਾਲੀ ਮਾਨਸਿਕਤਾ ਅਤੇ ਅਕਾਲੀ ਸਿਆਸਤ ਨਾਲ ਜੁੜੇ ਹੋਏ ਹਨ। ਅਕਾਲੀ ਸੰਭਾਵਨਾਵਾਂ ਦੀ ਸਿਆਸਤ ਨਿਊਟਰਲ ਗੇਅਰ ਵਿਚ ਵਰਤਮਾਨ ਵਿਚ ਵੀ ਭੱਜੇ ਜਾਣ ਦਾ ਭਰਮ ਪਾਲ ਰਹੀ ਹੈ। ਅਕਾਲੀਆਂ ਨੂੰ ਬਚਾਉਣ ਦੀ ਸਿਆਸਤ ਦੇ ਪ੍ਰਸੰਗ ਵਿਚ ਜਥੇਦਾਰੀ ਸੰਸਥਾ ਸਾਹਮਣੇ ਇਤਿਹਾਸਕ ਭੂਮਿਕਾ ਨਿਭਾਉਣ ਦਾ ਅਵਸਰ ਪੰਥਕ ਵੰਗਾਰ ਵਾਂਗ ਖੜ੍ਹਾ ਹੈ।
ਸੰਪਰਕ: 93163-01328