ਵਿਜੈ ਬੰਬੇਲੀ
ਜਾਪਾਨ ਦੀ ਮਿਨਾਮਾਤਾ ਖਾੜੀ ਨੇੜੇ ਮਛੇਰਿਆਂ ਦੀ ਨਿੱਕੀ ਜਿਹੀ ਬਸਤੀ ਸੀ। ਮਛੇਰਿਆਂ ਨੇ ਰੋਜ਼ ਵਾਂਗ ਇਸ ਖਾੜੀ ਵਿਚੋਂ ਮੱਛੀਆਂ ਫੜੀਆਂ, ਮੰਡੀ ’ਚ ਵੇਚ ਦਿੱਤੀਆਂ। ਮੱਛੀ ਖਾਂਦੇ ਸਾਰ ਸੈਂਕੜੇ ਜਾਪਾਨੀ ਮਰਨ ਕਿਨਾਰੇ ਹੋ ਗਏ। ਜਦੋਂ ਬਾਕੀ ਮੱਛੀਆਂ ਦੇ ਢਿੱਡ ਪਾੜੇ ਗਏ ਤਾਂ ਲੋਕੀਂ ਭੈ-ਭੀਤ ਹੋ ਗਏ। ਮੱਛੀਆਂ ਵਿਚ ਉਹ ਜ਼ਹਿਰੀਲਾ ਪਾਰਾ ਸੀ ਜਿਹੜਾ ਮਿਨਾਮਾਤਾ ਕੰਢੇ ਲੱਗੇ ਕਾਰਖ਼ਾਨਿਆਂ ਨੇ ਸਾਗਰ ਵਿਚ ਗੰਦਗੀ ਵਜੋਂ ਕਦੇ ਡੋਲ੍ਹਿਆ ਸੀ। ਚੌਗਿਰਦਾ ਮਾਹਿਰ ਡਾ. ਡੇਵਿਡ ਸੁਜ਼ੂਕੀ ਵਰਨਣ ਕਰਦੇ ਹਨ: “40ਵਿਆਂ ਵਿਚ ਜਦੋਂ ਅਜੇ ਮੈਂ ਜਵਾਨੀ ਵਿਚ ਪੈਰ ਧਰ ਰਿਹਾ ਸਾਂ, ਓਨਤੇਰੀਓ ਦੀ ਝੀਲ ’ਤੇ ਕੱਪ ਲੈ ਕੇ ਚਲੇ ਜਾਂਦੇ ਤੇ ਸਾਫ਼ ਪਾਣੀ ਪੀ ਲੈਂਦੇ। ਹੁਣ ਝੀਲ ਕੰਢੇ ਚਿਤਾਵਨੀਆਂ ਵਾਲੇ ਬੋਰਡ ਲਾਏ ਹੋਏ ਹਨ।” ਦਰਅਸਲ, ਸਮੁੰਦਰ ਵਿਚੋਂ ਭੋਜਨ ਲਈ ਮੱਛੀ ਤਾਂ ਇੱਕ ਟਨ ਫੜੀ ਜਾਂਦੀ ਹੈ ਪਰ ਉਸ ਵਿਚ ਤਿੰਨ ਟਨ ਕੂੜਾ ਕਰਕਟ ਸੁੱਟ ਦਿੱਤਾ ਜਾਂਦਾ ਹੈ। ਬਹੁਤਾ ਕਸੂਰ ਧੜਵੈਲ ਮੁਲਕਾਂ ਅਤੇ ਸਥਾਨਕ ਰਾਜ ਪ੍ਰਬੰਧਾਂ ਦਾ ਹੈ। ਫਿਰ ਵੀ ਇਹ ਭਾਈਚਾਰਕ ਸਮੱਸਿਆ ਹੈ, ਸਮੁੱਚਾ ਭਾਈਚਾਰਾ ਮਿਲ ਕੇ ਹੀ ਇਸ ਦਾ ਹੱਲ ਕੱਢ ਸਕਦਾ ਹੈ।
ਮਾਨਵਵਾਦੀ ਲਾਪਤੇਵ ਅਨੁਸਾਰ, “ਨਫ਼ੇ ਅਤੇ ਦੌਲਤ ਲਈ, ਤੇ ਫਿਰ ਇਸੇ ਦੌਲਤ ਨਾਲ ਸੱਤਾ ਕਾਇਮ ਰੱਖਣ ਦੀ ਭੁੱਖ ਸੰਸਾਰ ਵਿਆਪੀ ਸਪੱਸ਼ਟ ਧਾਰਨਾਵਾਂ ਨੂੰ ਵੀ ਧੁੰਦਲਾ ਦਿੰਦੀ ਹੈ।” ਪੱਛਮੀ ਮੁਲਕਾਂ ਵਿਚ ਹਰ ਸਾਲ ਔਸਤਨ 45 ਕਰੋੜ ਟਨ ਕਚਰਾ ਪੈਦਾ ਹੁੰਦਾ ਹੈ। ਇਕੱਲੇ ਅਮਰੀਕਾ ਦਾ ਹਿੱਸਾ 20 ਕਰੋੜ ਟਨ ਹੈ। ਵੱਡੇ ਹਿੱਸੇ ਨੂੰ ਭੰਡਾਰ ਵਜੋਂ ਸਾਂਭ ਕੇ ਬਾਕੀ ਫੂਕ ਦਿੱਤਾ ਜਾਂਦਾ ਹੈ। ਭੰਡਾਰ ਨੂੰ ਉਹ ਵਿਕਾਸਸ਼ੀਲ ਮੁਲਕਾਂ ਨੂੰ ਚੁਕਾ ਦਿੰਦੇ ਹਨ। ਪਿੱਛੇ ਅਸੀਂ ਵੀ ਨਹੀਂ, ਹਰ ਰੋਜ਼ ਔਸਤਨ ਹਰ ਭਾਰਤੀ ਪਰਿਵਾਰ ਅੱਧੀ ਟੋਕਰੀ ਗੰਦਗੀ ਪੈਦਾ ਕਰਦਾ ਹੈ। ਇਸ ਵਿਚ ਮਲ-ਮੂਤਰ, ਰਹਿੰਦ-ਖੂੰਹਦ, ਭਾਵ ਘਰਾਂ ਦੀ ਗੰਦਗੀ ਸ਼ਾਮਲ ਹੈ। ਕਰੀਬ 20 ਕਰੋੜ ਪਰਿਵਾਰ ਹਰ ਰੋਜ਼ 10 ਕਰੋੜ ਟੋਕਰੀਆਂ ਗੰਦਗੀ ਪੈਦਾ ਕਰ ਰਹੇ ਹਨ। ਇੱਕ ਸਾਲ ਵਿਚ ਕੂੜੇ ਦੇ 40 ਅਰਬ ਟੋਕਰੇ ਢੇਰਾਂ ਉੱਪਰ ਪੁੱਜ ਜਾਂਦੇ ਹਨ। ਇਹ ਕਚਰਾ ਜਿੱਥੇ ਜੀਅ ਚਾਹੇ, ਖਲਾਰ ਦਿੱਤਾ ਜਾਂਦਾ ਹੈ ਜਿਹੜਾ ਬਹੁਤ ਵਾਰੀ ਜਲ ਸੋਮਿਆਂ ਦਾ ਹਿੱਸਾ ਬਣ ਜਾਂਦਾ ਹੈ। ਇਸ ਗੰਦਗੀ ਕਾਰਨ ਹੀ ਗੰਗਾ ਮਲੀਨ ਹੋ ਚੁੱਕੀ ਹੈ ਅਤੇ ਮੂਸੀ ਨਦੀ (ਹੈਦਰਾਬਾਦ) ਆਖਰੀ ਸਾਹ ਲੈ ਰਹੀ ਹੈ। ਸ੍ਰੀਨਗਰ ਦੀ ਆਰਥਿਕ ਸਾਹਰਗ ਡੱਲ ਝੀਲ ਵੀ ਮਰਨ ਕਿਨਾਰੇ ਹੈ। ਭਾਰਤ ਦੇ ਪਵਿੱਤਰ ਮੰਨੇ ਜਾਂਦੇ ਦਰਿਆ ਗੰਗਾ, ਜਮਨਾ, ਕਾਵੇਰੀ, ਨਰਬਦਾ ਤੇ ਗੋਦਾਵਰੀ ਦਾ ਜਲ ਵੀ ਬੇਹੱਦ ਪ੍ਰਦੂਸ਼ਿਤ ਹੋ ਚੁੱਕਿਆ ਹੈ। ਗੰਗਾ ਦੇ ਨਾਲ ਨਾਲ 98 ਸ਼ਹਿਰ ਅਤੇ ਕਸਬੇ ਹਨ। ਕੁੱਲ 2525 ਕਿਲੋਮੀਟਰ ਲੰਬਾਈ ਵਿਚ ਲਗਭਗ 29 ਅਰਬ ਘਣ ਮੀਟਰ ਗੰਦ ਹਰ ਰੋਜ਼ ਡਿਗਦਾ ਹੈ। ਸਿਰਫ 16 ਸ਼ਹਿਰ ਅਜਿਹੇ ਹਨ ਜਿਨ੍ਹਾਂ ਕੋਲ ਸੀਵਰ ਵਰਗਾ ਇੰਤਜ਼ਾਮ ਹੈ। ਕਚਰੇ ਦੀ ਇਹ ਸਮੱਸਿਆ ਸਥਾਨਕ ਲੱਛਣਾਂ ਵਾਲੀ ਨਹੀਂ ਰਹੀ। ਜੇ ਅਸੀਂ ਗੰਗਾ ਵਿਚ ਕਾਰਖਾਨਿਆਂ ਦੇ ਰੋੜ੍ਹ ਅਤੇ ਸ਼ਹਿਰੀ ਗੰਦਗੀ ਡੋਲ੍ਹਦੇ ਹਾਂ ਤਾਂ ਇਸ ਨਾਲ ਬੰਗਾਲ ਦੀ ਖਾੜੀ ਮਲੀਨ ਹੁੰਦੀ ਹੈ, ਫਿਰ ਹਿੰਦ ਮਹਾਂਸਾਗਰ, ਅੰਤ ਸਾਰੇ ਮਹਾਂਸਾਗਰ ਪ੍ਰਦੂਸ਼ਿਤ ਹੋ ਜਾਣਗੇ।
ਪਾਣੀ ਅੰਦਰ ਅਣਇੱਛਤ ਅਤੇ ਨੁਕਸਾਨਦੇਹ ਪਦਾਰਥਾਂ ਦੀ ਮੌਜੂਦਗੀ, ਜਲ ਪ੍ਰਦੂਸ਼ਣ ਹੈ। ਪਾਣੀ ਵਿਚ ਬਹੁਤ ਸਾਰੇ ਪਦਾਰਥਾਂ ਨੂੰ ਆਪਣੇ ਅੰਦਰ ਘੋਲ ਲੈਣ ਦੀ ਸਮਰੱਥਾ ਹੈ। ਪਾਣੀ ਦਾ ਇਹ ਗੁਣ ਹੀ ਜਲ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਪਾਣੀ ਨੂੰ ਬਹੁਤ ਸਾਰੇ ਪਦਾਰਥ ਦੂਸ਼ਿਤ ਕਰਦੇ ਹਨ ਪਰ ਮੁੱਖ ਰੂਪ ਵਿਚ ਪੈਟਰੋਲੀਅਮ ਪਦਾਰਥ, ਕੀਟਨਾਸ਼ਕ, ਨਦੀਨਨਾਸ਼ਕ, ਕੈਮੀਕਲ, ਖਾਦਾਂ, ਸਾਬਣ, ਡਾਈਆਂ, ਪਰਮਾਣੂ ਰਹਿੰਦ-ਖੂੰਹਦ, ਕੂੜਾ-ਕਚਰਾ ਆਦਿ ਹਨ। ਪਾਰਾ, ਆਰਸੈਨਿਕ ਵਗੈਰਾ ਬਹੁਤ ਜ਼ਹਿਰੀਲੇ ਅੰਸ਼ ਹਨ ਜਿਹੜੇ ਕਾਰਖਾਨਿਆਂ ਦੀ ਨੁਕਸਾਨਦੇਹ ਰਹਿੰਦ-ਖੂੰਹਦ ਵਜੋਂ ਪਾਣੀ ਵਿਚ ਆ ਰਲਦੇ ਹਨ। ਵਰਖਾ ਪੈਣ ਨਾਲ ਖਾਦਾਂ ਵਿਚਲੇ ਜ਼ਹਿਰੀਲੇ ਅਤੇ ਮਾਰੂ ਤੱਤ ਜਲ ਸੋਮਿਆਂ ਵਿਚ ਰਲ-ਘੁਲ ਜਾਂਦੇ ਹਨ ਅਤੇ ਵੱਡੇ ਵੱਡੇ ਸ਼ਹਿਰਾਂ ਦਾ ਮਨੁੱਖੀ ਮਲ-ਮੂਤਰ ਤੇ ਕੂੜੇ-ਕਰਕਟ ਸਮੇਤ ਸਮੁੱਚੀ ਰਹਿੰਦ-ਖੂੰਹਦ ਜਲ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ। ਝੀਲਾਂ ਦੀ ਈਕੋ ਪ੍ਰਣਾਲੀ ਨੂੰ ਸੁਰੱਖਿਅਤ ਰੱਖਣ ਲਈ ਇਸ ਵੱਲ ਆਉਂਦੇ ਉਦਯੋਗਿਕ ਰੋੜ੍ਹ ਨੂੰ ਬੰਦ ਕਰਨਾ ਪੈਣਾ ਹੈ। ਵਾਤਾਵਰਨੀ ਮਾਹਿਰਾਂ ਅਨੁਸਾਰ, “ਤੁਰਤ-ਪੈਰੀਂ, ਇਸ ਰੋੜ੍ਹ ਦੀ ਜ਼ੀਰੋ-ਸੀਮਾ ਪ੍ਰਾਪਤ ਕਰਨੀ ਪਵੇਗੀ ਨਹੀਂ ਤਾਂ ਕੁਦਰਤ ਦੇ ਇਸ ਅੰਗ ਦੀ ਤਬਾਹੀ ਸਾਨੂੰ ਫਨਾਹ ਕਰ ਦੇਵੇਗੀ।”
ਸ਼ਰਾਬ ਦੇ ਕਰਖਾਨਿਆਂ ਵਿਚੋਂ ਨਿਕਲੀ ਰੋੜ੍ਹ (ਤਰਲ ਗੰਦਗੀ) ਨੂੰ ਲਾਹਣ ਦਾ ਨਾਂ ਦਿੱਤਾ ਗਿਆ ਹੈ। ਇਹ ਵਿਹੁਲਾ ਬਦਬੂਦਾਰ ਪਦਾਰਥ ਹੈ। ਇਸ ਗੰਦਗੀ ਨੂੰ ਬਾਹਰ ਸੁੱਟਣ ਤੋਂ ਪਹਿਲਾਂ ਸੋਧਣਾ ਜ਼ਰੂਰੀ ਹੁੰਦਾ ਹੈ ਪਰ ਕਿੰਨੇ ਕੁ ਕਾਰਖਾਨੇ ਇਨ੍ਹਾਂ ਨੇਮਾਂ ਦੀ ਪਾਲਣਾ ਕਰ ਰਹੇ ਹਨ? ਸਾਧਾਰਨ ਜਿਹੀ ਡਿਸਟਿਲਰੀ ਜਿਹੜੀ ਪ੍ਰਤੀ ਦਿਨ 40,000 ਲਿਟਰ ਸ਼ਰਾਬ ਬਣਾਉਂਦੀ ਹੈ, 4 ਤੋਂ 6 ਲੱਖ ਲਿਟਰ ਲਾਹਣ ਪੈਦਾ ਕਰ ਦਿੰਦੀ ਹੈ। ਇਹੀ ਹਾਲ ਹੋਰ ਮਿੱਲਾਂ ਦਾ ਹੈ। ਵਾਤਾਵਰਨੀ ਸੁਰੱਖਿਆ ਅਧਿਨਿਯਮ ਇਸ ਰੋੜ੍ਹ ਨੂੰ ਪਾਣੀ ਵਿਚ ਰੋੜ੍ਹਨ ਲਈ 30 ਮਿਲੀਗ੍ਰਾਮ ਪ੍ਰਤੀ ਲਿਟਰ ਅਤੇ ਜ਼ਮੀਨੀ ਰੋੜ੍ਹ ਲਈ 100 ਮਿਲੀਗ੍ਰਾਮ ਪ੍ਰਤੀ ਲਿਟਰ ਦੀ ਆਗਿਆ ਦਿੰਦੀ ਹੈ ਪਰ ਸਾਡੇ ਕਾਰਖਾਨੇ ਇਹ ਮਾਤਰਾ 50,000 ਮਿਲੀਗ੍ਰਾਮ ਪ੍ਰਤੀ ਲਿਟਰ ਤੱਕ ਭਿਆਨਕ ਦਰ ਨਾਲ ਡੋਲ੍ਹ ਰਹੇ ਹਨ। ਕਾਰਖਾਨੇ ਫਿਰ ਵੀ ਚੱਲ ਰਹੇ ਹਨ, ਕੋਈ ਕਾਨੂੰਨ ਨਹੀਂ, ਕੋਈ ਸਜ਼ਾ ਨਹੀਂ। ਇੱਕ ਈਕੋਲੋਜੀ ਮਾਹਿਰ ਨੇ ਕਿਹਾ ਸੀ, “ਕਾਰਖਾਨੇਦਾਰਾਂ ਨੂੰ ਵਸਤਾਂ ਬਣਾਉਣ ਦੇ ਲਾਈਸੈਂਸ ਤਾਂ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਦਿੱਤੇ ਹੋਏ ਹਨ ਪਰ ਇਨ੍ਹਾਂ ਨੂੰ ਜੀਵਨ ਨਸ਼ਟ ਕਰਨ ਦੇ ਲਾਈਸੈਂਸ ਕਿਸ ਨੇ ਦਿੱਤੇ?”
ਹਰੇ ਇਨਕਲਾਬ ਦੀ ਟਪੂਸੀ ਨੇ ਵੀ ਜਲ ਪ੍ਰਦੂਸ਼ਣ ਦੇ ਮਾਮਲੇ ਵਿਚ ਕਹਿਰ ਢਾਹਿਆ। ਅੰਧਾਧੁੰਦ ਵਰਤੇ ਜਾ ਰਹੇ ਖਾਦ-ਪਦਾਰਥਾਂ, ਨਦੀਨਨਾਸ਼ਕਾਂ/ਕੀਟਨਾਸ਼ਕਾਂ ਵਿਚਲੇ ਜ਼ਹਿਰੀ ਰਸਾਇਣ ਮਿੱਟੀ ਤੇ ਜਲ ਸ੍ਰੋਤਾਂ ਨੂੰ ਪ੍ਰਦੂਸ਼ਿਤ ਕਰਦੇ ਹਨ। ਘੱਟ ਗਹਿਰਾਈ ਤੋਂ ਪਾਣੀ ਖਿੱਚਣ ਨਾਲ ਮਾਰੂ ਤੱਤ ਪੀਣ ਵਾਲੇ ਪਾਣੀ ਰਾਹੀਂ ਅਸਾਧ ਰੋਗ ਲਾ ਦਿੰਦੇ ਹਨ। ਆਰਸੈਨਿਕ/ਕੈਮੀਕਲ ਤੱਤਾਂ ਦੀ ਜ਼ਿਆਦਾ ਵਰਤੋਂ ਨਾਲ ਕੈਂਸਰ ਰੋਗ ਤੋਂ ਬਿਨਾਂ ਫੇਫੜਿਆਂ ਤੇ ਚਮੜੀ ਰੋਗ ਵੀ ਹੋ ਜਾਂਦੇ ਹਨ। ਆਰਸੈਨਿਕ ਤੱਤਾਂ ਨੂੰ ਧੀਮਾ ਜ਼ਹਿਰ ਕਿਹਾ ਜਾਂਦਾ ਹੈ। ਗੰਦਗੀ ਪਹਿਲਾਂ ਵੀ ਦਰਿਆਵਾਂ, ਝੀਲਾਂ ਤੇ ਸਾਗਰਾਂ ਵਿਚ ਰਲਦੀ ਸੀ ਪਰ ਉਹ ਗੰਦਗੀ ਰਵਾਇਤੀ, ਥੋੜ੍ਹੀ ਮਾਤਰਾ ਵਿਚ ਅਤੇ ਬਹੁਤ ਘੱਟ ਜ਼ਹਿਰੀਲੀ ਸੀ।
ਹਾਲ ਤਾਂ ਪੰਜਾਬ ਦੇ ਸਾਰੇ ਜਲ-ਵਹਿਣਾਂ ਦਾ ਮਾੜਾ ਹੈ ਪਰ ਸਤਲੁਜ ਖਿੱਤਾ ਬੁਰੀ ਤਰ੍ਹਾਂ ਮਧੋਲਿਆ ਗਿਆ ਹੈ। ਸ਼ਹਿਰਾਂ ਅਤੇ ਸਨਅਤੀ ਖੇਤਰਾਂ ਦੇ ਗੰਦੇ ਨਾਲਿਆਂ ਦਾ ਪਾਣੀ ਬਿਨਾਂ ਸੋਧੇ ਇਸ ਵਿਚ ਪੈਂਦਾ ਹੈ। ਇਹ ਪਾਣੀ ਹੁਣ ਖਪਤ ਦੇ ਯੋਗ ਹੀ ਨਹੀਂ। ਸਾਰਾ ਜਲ-ਥਲੀ ਵਾਤਾਵਰਨ ਇਸ ਨਾਲ ਪ੍ਰਭਾਵਿਤ ਹੁੰਦਾ ਹੈ। ਭਾਖੜਾ ਡੈਮ ਤੋਂ, ਬਰਾਸਤਾ ਮੈਦਾਨੀ ਇਲਾਕਾ, ਪਾਕਿਸਤਾਨ ਜਾਣ ਤੱਕ ਸਨਅਤੀ ਅਤੇ ਕੰਢਿਆਂ ਉੱਤੇ ਵਸਦਿਆਂ ਦਾ ਨਿਕਾਸ ਸਿੱਧਾ-ਅਸਿੱਧਾ ਜਾਂ ਨਾਲਿਆਂ ਰਾਹੀਂ ਸਤਲੁਜ ਵਿਚ ਪੈਂਦਾ ਹੈ। ਪ੍ਰਦੂਸ਼ਿਤ ਕਰਨ ਵਾਲੇ ਨਾਲਿਆਂ ਵਿਚ ਬੁੱਢਾ ਨਾਲਾ, ਪੂਰਬੀ ਵੇਈਂ ਅਤੇ ਪੱਛਮੀ ਵੇਈਂ ਵੀ ਸ਼ਾਮਲ ਹਨ। ਇਹੀ ਹਾਲ ਬਿਆਸ ਦਾ ਹੈ। ਬਨਸਪਤੀ ਤੇਲ, ਰੰਗਾਈ, ਸ਼ਰਾਬ ਅਤੇ ਉੱਨ ਤੇ ਧਾਤਾਂ ਦੇ ਕਾਰਖਾਨੇ 100 ਕਿਲੋ ਮਾਲ ਬਣਾਉਣ ਪਿੱਛੋਂ ਕ੍ਰਮਵਾਰ 400, 500, 750 ਅਤੇ 800 ਲਿਟਰ ਗੰਧਲਾ-ਜ਼ਹਿਰੀਲਾ ਪਾਣੀ ਛੱਡਦੀਆਂ ਹਨ। ਪੰਜਾਬ ਦੇ ਕਈ ਉਦਯੋਗਿਕ ਨਗਰਾਂ ਦੇ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਦਾ ਅਧਿਐਨ ਕਰਨ ਤੋਂ ਪਤਾ ਲੱਗਦਾ ਹੈ ਕਿ ਇਹ ਕਿੰਨਾ ਹਾਨੀਕਾਰਕ ਬਣ ਗਿਆ ਹੈ। ਪੰਜਾਬ ਦੇ ਮੌਸਮੀ ਜਲ-ਵਹਿਣ ਹੁਣ ਸੁਰੱਖਿਅਤ ਨਹੀਂ, ਹੁਣ ਇਹ ਸ਼ਹਿਰਾਂ ਦਾ ਸੀਵਰੇਜ ਬਣ ਗਏ ਹਨ।
ਦੂਸ਼ਿਤ ਜਲ ਨਾਲ ਬਿਮਾਰੀਆਂ ਲਗਦੀਆਂ ਹਨ, ਵਾਤਾਵਰਨ ਤੇ ਮਿੱਟੀ ਨੂੰ ਵੀ। ਉਦਯੋਗਿਕ ਨਿਕਾਸ ਤੇ ਠੋਸ ਕਚਰਾ ਤਾਂ ਹੁੰਦਾ ਹੀ ਵਿਹੁਲੇ ਪਦਾਰਥਾਂ ਵਾਲਾ ਹੈ। ਜਦੋਂ ਇਹ ਨਦੀਆਂ, ਝੀਲਾਂ ਜਾਂ ਸਾਗਰ ’ਚ ਰਲਦੇ ਹਨ, ਪ੍ਰਾਣੀ ਤੇ ਬਨਸਪਤੀ ਮੰਡਲ ਨਸ਼ਟ ਹੋਣ ਲਗਦਾ ਹੈ। ਕੀ ਮਨੁੱਖ ਬਚੇਗਾ? ਅਸਲ ’ਚ ‘ਸਾਡਾ ਭਵਿੱਖ ਪਦਾਰਥਵਾਦੀ ਸਹੂਲਤਾਂ ਅਤੇ ਸਿਆਸਤ ਦੇ ਤੱਕੜ ਵਿਚ ਨਹੀਂ ਸਗੋਂ ਭੌਤਿਕ ਤੱਕੜ ਵਿਚ ਲਟਕਦਾ ਹੈ, ਇਹ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ, ਇਸ ਦਾ ਨਿਤਾਰਾ ਇਸ ਗੱਲ ਉੱਪਰ ਹੋਣਾ ਹੈ ਕਿ ਅਸੀਂ ਕੁਦਰਤ ਦੀ ਸੰਭਾਲ ਕਿੰਨੀ ਕੁ ਕੀਤੀ ਹੈ’।
ਸੰਪਰਕ: 94634-39075