ਗੁਰਦੇਵ ਸਿੰਘ ਸਿੱਧ
ਸ਼੍ਰੋਮਣੀ ਅਕਾਲੀ ਦਲ ਦੀ ਕਾਇਮੀ ਪਿੱਛੋਂ ਅਕਸਰ ਹੀ ਮੁਖੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇਜਾ ਸਿੰਘ ਭੁੱਚਰ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਬਾਰੇ ਵਿਚਾਰਾਂ ਕਰਨ ਲਈ ਆ ਜਾਂਦੇ ਸਨ। ਇਉਂ ਹੀ 24 ਜਨਵਰੀ 1921 ਨੂੰ ਅਕਾਲ ਤਖਤ ਤੇ ਜਥੇਦਾਰ ਕੋਲ ਦਾਨ ਸਿੰਘ ਵਛੋਆ, ਅਮਰ ਸਿੰਘ ਝੁਬਾਲ, ਜਥੇਦਾਰ ਕਰਤਾਰ ਸਿੰਘ ਝੱਬਰ ਆਦਿ ਬੈਠੇ ਸਨ। ਬਹੁਤੇ ਆਗੂ ਤਰਨ ਤਾਰਨ ਇਲਾਕੇ ਵਿਚੋਂ ਸਨ, ਇਸ ਲਈ ਕੁਦਰਤੀ ਹੀ ਦਰਬਾਰ ਸਾਹਿਬ, ਤਰਨ ਤਾਰਨ ਦੇ ਪੁਜਾਰੀਆਂ ਦੀਆਂ ਮਨਮਤੀ ਕਾਰਵਾਈਆਂ ਦਾ ਜ਼ਿਕਰ ਛਿੜ ਪਿਆ। ਚਰਚਾ ਦੌਰਾਨ ਪੁਜਾਰੀਆਂ ਦੀਆਂ ਆਪ-ਹੁਦਰੇ ਹੋ ਕੇ ਕੀਤੀਆਂ ਕਾਰਵਾਈਆਂ ਦੀ ਲੰਮੀ ਸੂਚੀ ਬਣ ਗਈ। ਦੱਸਿਆ ਗਿਆ ਕਿ ਪਿਛਲੇ ਸਾਲ 16 ਜੂਨ ਨੂੰ ਮੇਰਠ ਤੋਂ ਆਏ ਨਿਹੰਗ ਨੂੰ ਪੁਜਾਰੀਆਂ ਨੇ ਮਾਰਿਆ ਕੁੱਟਿਆ ਸੀ। ਦਸੰਬਰ ਮਹੀਨੇ ਭਾਈ ਲਛਮਣ ਸਿੰਘ ਧਾਰੋਵਾਲ ਨਾਲ ਆਈਆਂ ਉਨ੍ਹਾਂ ਦੇ ਸਕੂਲ ਦੀਆਂ ਬੱਚੀਆਂ ਨੂੰ ਕੀਰਤਨ ਕਰਨ ਦੀ ਆਗਿਆ ਨਹੀਂ ਸੀ ਦਿੱਤੀ ਗਈ। 11 ਜਨਵਰੀ ਦੇ ਦਿਨ ਸ੍ਰੀ ਦਰਬਾਰ ਸਾਹਿਬ ਵਿਚ ਅੰਮ੍ਰਿਤ ਸਮੇਂ ਆਸਾ ਦੀ ਵਾਰ ਦਾ ਕੀਰਤਨ ਕਰਨ ਆਏ ਸਥਾਨਕ ‘ਸੇਵਕ ਜਥੇ’ ਨੂੰ ਪੁਜਾਰੀਆਂ ਨੇ ਨਾ ਕੇਵਲ ਕੀਰਤਨ ਤੋਂ ਰੋਕਿਆ ਸਗੋਂ ਜਥੇ ਦੀ ਮਾਰ ਕੁੱਟ ਵੀ ਕੀਤੀ।
ਚਰਚਾ ਦਾ ਸਿੱਟਾ ਇਹ ਨਿਕਲਿਆ ਕਿ ਤਰਨ ਤਾਰਨ ਦੇ ਪੁਜਾਰੀ ਧਰਮ, ਸ਼ਰਮ ਅਤੇ ਲੋਕ ਲਾਜ ਤੋਂ ਉਲਟ ਕੰਮ ਕਰਦੇ ਹਨ, ਉਹ ਗੁਰੂ ਘਰ ਨੂੰ ਆਪਣੀ ਮਲਕੀਅਤ ਮੰਨਦਿਆਂ ਕਿਸੇ ਸਿਆਣੇ ਦੀ ਗੱਲ ਨਹੀਂ ਸੁਣਦੇ ਅਤੇ ਜੇ ਕੋਈ ਜ਼ੋਰ ਨਾਲ ਗੱਲ ਕਹੇ ਤਾਂ ਉਸ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਅਜੇ ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇਕ ਬੀਬੀ ਨੇ ਹਾਜ਼ਰ ਹੋ ਕੇ ਤਰਨ ਤਾਰਨ ਦੇ ਪੁਜਾਰੀਆਂ ਵੱਲੋਂ ਉਸ ਨਾਲ ਕੀਤੀਆਂ ਇਖਲਾਕਹੀਣ ਵਧੀਕੀਆਂ ਅਤੇ ਦੁਰਵਿਹਾਰ ਦੀ ਵਿਥਿਆ ਕਹਿ ਸੁਣਾਈ। ਮਾਈ ਦੀ ਵਿਥਿਆ ਸੁਣ ਕੇ ਸਭ ਦੇ ਦਿਲ ਵਿੰਨ੍ਹੇ ਗਏ। ਸਾਰੇ ਇਸ ਨਤੀਜੇ ’ਤੇ ਪੁੱਜੇ ਕਿ ਪੁਜਾਰੀਆਂ ਨੂੰ ਸਿੱਧੇ ਰਾਹ ਪਾਉਣ ਲਈ ਤੁਰੰਤ ਉਪਰਾਲੇ ਦੀ ਲੋੜ ਹੈ। ਫੈਸਲਾ ਹੋਇਆ ਕਿ ਅਗਲੇ ਦਿਨ ਤਰਨ ਤਾਰਨ ਜਾ ਕੇ ਪੁਜਾਰੀਆਂ ਨੂੰ ਸਮਝਾਇਆ ਜਾਵੇ।
25 ਜਨਵਰੀ ਨੂੰ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ਵਿਚ ਇਨ੍ਹਾਂ ਮੁਖੀਆਂ ਨਾਲ ਤੀਹ ਕੁ ਸਿੰਘ ਸਵੇਰ ਦੀ ਗੱਡੀ ਤਰਨ ਤਾਰਨ ਪਹੁੰਚੇੇ। ਦਰਬਾਰ ਸਾਹਿਬ ਪਹੁੰਚੇ ਤਾਂ ਕੀਰਤਨ ਹੋ ਰਿਹਾ ਸੀ। ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਕੀਰਤਨ ਸਰਵਣ ਕਰਨ ਲੱਗੇ। ਪੁਜਾਰੀ ਆਪਣੀਆਂ ਕਰਤੂਤਾਂ ਕਾਰਨ ਅੰਦਰੋਂ ਡਰੇ ਹੋਏ ਸਨ। ਅਕਾਲੀਆਂ ਨੇ ਪਿਛਲੇ ਕੁਝ ਸਮੇਂ ਵਿਚ ਗੁਰਦੁਆਰਾ ਪੰਜਾ ਸਾਹਿਬ, ਜੋਗਾ ਸਿੰਘ ਦੀ ਧਰਮਸਾਲਾ, ਗੁਰਦੁਆਰਾ ਬਾਬੇ ਦੀ ਬੇਰ ਆਦਿ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲਿਆ ਸੀ, ਇਸ ਲਈ ਪੁਜਾਰੀਆਂ ਨੇ ਮੰਨ ਲਿਆ ਕਿ ਅਕਾਲੀ ਇਸ ਮਨੋਰਥ ਵਾਸਤੇ ਹੀ ਆਏ ਹਨ। ਇਹ ਸੋਚ ਕੇ ਕੁਝ ਜੋਸ਼ੀਲੇ ਪੁਜਾਰੀ, ਅਕਾਲੀਆਂ ਨਾਲ ਖਹਬਿੜਨ ਲੱਗੇ। ਫਸਾਦ ਤੋਂ ਬਚਾਉਣ ਵਾਸਤੇ ਭਾਈ ਮੋਹਨ ਸਿੰਘ ਵੈਦ ਅਤੇ ਹੋਰ ਸਥਾਨਕ ਪਤਵੰਤਿਆਂ ਨੇ ਪੁਜਾਰੀਆਂ ਨੂੰ ਸਮਝਾਇਆ ਕਿ ਅਕਾਲੀ ਉਨ੍ਹਾਂ ਨੂੰ ਗੁਰਦੁਆਰੇ ਵਿਚੋਂ ਬੇਦਖਲ ਕਰਨ ਨਹੀਂ ਆਏ, ਉਹ ਪ੍ਰਬੰਧ ਵਿਚ ਸੁਧਾਰ ਚਾਹੁੰਦੇ ਹਨ। ਫਲਸਰੂਪ ਬਜ਼ੁਰਗ ਪੁਜਾਰੀਆਂ ਨੇ ਗੜਬੜ ਖਤਮ ਕਰਵਾ ਦਿੱਤੀ ਅਤੇ ਸਹਿਮਤੀ ਦਿੱਤੀ ਕਿ ਉਹ ਅਕਾਲੀਆਂ ਦੀ ਗੱਲ ਸੁਣਨ ਲਈ ਤਿਆਰ ਹਨ। ਵਿਚਾਰ ਵਟਾਂਦਰੇ ਵਾਸਤੇ ਅਕਾਲੀਆਂ, ਪੁਜਾਰੀਆਂ ਅਤੇ ਸਥਾਨਕ ਸਿੱਖਾਂ ਦੇ ਨੁਮਾਇੰਦਿਆਂ ਦੀ ਛੋਟੀ ਕਮੇਟੀ ਬਣਾ ਦਿੱਤੀ ਗਈ ਅਤੇ ਚਾਰ ਵਜੇ ਸ਼ਾਮ ਮੀਟਿੰਗ ਕਰਨ ਦਾ ਫੈਸਲਾ ਹੋਇਆ।
ਚਾਰ ਵਜੇ ਮੀਟਿੰਗ ਸ਼ੁਰੂ ਹੋਈ। ਅਕਾਲੀ ਆਗੂਆਂ ਦਾ ਮਤ ਸੀ ਕਿ ਅੰਗਰੇਜ਼ ਸਰਕਾਰ ਦੁਆਰਾ ਪ੍ਰਚੱਲਤ ਪ੍ਰਬੰਧ ਅਨੁਸਾਰ ਤਰਨ ਤਾਰਨ ਗੁਰਦੁਆਰੇ ਦਾ ਪ੍ਰਬੰਧ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਦੇਖਣ ਵਾਲੇ ਸਰਬਰਾਹ ਦੇ ਹੱਥ ਸੀ, ਇਸ ਲਈ 12 ਅਕਤੂਬਰ ਦੀ ਘਟਨਾ ਪਿੱਛੋਂ ਤਰਨ ਤਾਰਨ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਹੇਠ ਆ ਗਿਆ ਹੈ। ਇਸ ਦੀ ਲੋਅ ਵਿਚ ਉਨ੍ਹਾਂ ਨੇ ਪੁਜਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰ ਵਿਚ ਪੁਜਾਰੀਆਂ ਵੱਲੋਂ ਸੇਵਾ ਕੀਤੇ ਜਾਣ ਉੱਤੇ ਕੋਈ ਇਤਰਾਜ਼ ਨਹੀਂ ਪਰ ਪੁਜਾਰੀਆਂ ਨੂੰ ਪੰਥ ਦੀਆਂ ਸ਼ਰਤਾਂ ਮੰਨ ਲੈਣੀਆਂ ਚਾਹੀਦੀਆਂ ਹਨ। ਸ਼ਰਤਾਂ ਇਹ ਸਨ:
1. ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀਆਂ ਹਦਾਇਤਾਂ ਮੁਤਾਬਿਕ ਚਲਾਇਆ ਜਾਵੇਗਾ; 2. ਪ੍ਰਬੰਧ ਦੀ ਨਿਗਰਾਨੀ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਸਥਾਨਕ ਕਮੇਟੀ ਬਣਾਈ ਜਾਏਗੀ; 3. ਵਰਤਮਾਨ ਘਾਟਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਕੋਈ ਸ਼ਿਕਾਇਤ ਨਾ ਪੁੱਜੇ; 4. ਜਿਹੜੇ ਪੁਜਾਰੀਆਂ ਨੇ ਗੁਰਮਤਿ ਮਰਿਆਦਾ ਦੀ ਉਲੰਘਣਾ ਕੀਤੀ ਹੈ, ਉਹ ਸੰਗਤ ਦੇ ਹੁਕਮ ਅਨੁਸਾਰ ਤਨਖਾਹ ਲਗਵਾਉਣ; 5. ਕੇਵਲ ਅੰਮ੍ਰਿਤਧਾਰੀ ਤੇ ਗੁਰਮਤਿ ਰਹਿਤ ਵਾਲੇ ਗ੍ਰੰਥੀਆਂ ਨੂੰ ਸੇਵਾ ਜਾਰੀ ਰੱਖਣ ਦੀ ਆਗਿਆ ਹੋਵੇਗੀ।
ਲੰਮੇ ਬਹਿਸ-ਮੁਬਾਹਿਸੇ ਪਿੱਛੋਂ ਪੁਜਾਰੀਆਂ ਦੇ ਪ੍ਰਤੀਨਿਧ ਇਹ ਕਹਿ ਕੇ ਚਲੇ ਗਏ ਕਿ ਉਹ ਬਾਕੀ ਪੁਜਾਰੀਆਂ ਨਾਲ ਸਲਾਹ ਕਰ ਕੇ ਜੁਆਬ ਦੇਣਗੇ। ਅਫਵਾਹ ਸੀ ਕਿ ਪੁਜਾਰੀਆਂ ਨੂੰ ਲਾਹੌਰ ਦੇ ਕਮਿਸ਼ਨਰ ਜੋ ਕਦੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਹੋਣ ਸਮੇਂ ਪੁਜਾਰੀਆਂ ਦਾ ਸਨੇਹੀ ਸੀ, ਦੀ ਸ਼ਹਿ ਪ੍ਰਾਪਤ ਸੀ। ਇਹ ਸੱਚ ਵੀ ਸੀ। ਪੁਜਾਰੀ ਅੰਦਰੋ-ਅੰਦਰੀ ਅਕਾਲੀਆਂ ਨੂੰ ਗੁਰਦੁਆਰੇ ਵਿਚੋਂ ਕੱਢ ਦੇਣ ਲਈ ਤਿਆਰੀ ਵਿਚ ਲੱਗੇ ਹੋਏ ਸਨ ਅਤੇ ਇਸ ਮਨੋਰਥ ਵਾਸਤੇ ਸਮਾਂ ਲੈ ਰਹੇ ਸਨ।
ਡੇਢ ਕੁ ਮਹੀਨਾ ਪਹਿਲਾਂ ਸ੍ਰੀ ਦਰਬਾਰ ਸਹਬਿ ਅਤੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਆਪਣੇ ਹੱਥ ਲੈਣ ਵਾਲੇ ਅਕਾਲੀਆਂ ਦੇ ਤਰਨ ਤਾਰਨ ਆਉਣ ਦੀ ਗੱਲ ਜਿਉਂ ਜਿਉਂ ਲੋਕਾਂ ਤੱਕ ਪੁੱਜੀ, ਸਿੱਖਾਂ ਦੇ ਇਕੱਠ ਦੀ ਗਿਣਤੀ ਵਧਦੀ ਗਈ। ਛੇਤੀ ਹੀ ਇਹ ਸੰਗਤ ਦੀਵਾਨ ਦੇ ਰੂਪ ਵਿਚ ਬੈਠ ਗਈ ਅਤੇ ਅਕਾਲੀ ਆਗੂ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਦੀ ਲੋੜ ਬਾਰੇ ਭਾਸ਼ਨ ਕਰਨ ਲੱਗੇ। ਰਾਤ ਦੇ ਨੌਂ ਕੁ ਵਜੇ ਦੋ ਪੁਜਾਰੀਆਂ ਨੇ ਆ ਕੇ ਕਿਹਾ ਕਿ ਪੁਜਾਰੀਆਂ ਨੂੰ ਅਕਾਲੀਆਂ ਦੀਆਂ ਸ਼ਰਤਾਂ ਮਨਜ਼ੂਰ ਹਨ ਅਤੇ ਉਹ ਸਾਰੇ ਦਰਬਾਰ ਸਾਹਿਬ ਦੇ ਅੰਦਰ ਬੈਠੇ ਦਸਤਖਤ ਕਰਨ ਲਈ ਲਿਖਤੀ ਇਕਰਾਰਨਾਮੇ ਦੀ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਇਹ ਪੇਸ਼ਕਸ਼ ਵੀ ਕੀਤੀ ਕਿ ਅਕਾਲੀ ਆਪਣੇ ਵਿਚੋਂ ਕਿਸੇ ਸਿੰਘ ਨੂੰ ਗ੍ਰੰਥੀ ਥਾਪ ਕੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਵਾਸਤੇ ਭੇਜਣ। ਝੱਟਪਟ ਇਕਰਾਰਨਾਮਾ ਲਿਖਵਾਇਆ ਗਿਆ। ਗ੍ਰੰਥੀ ਵਜੋਂ ਸੇਵਾ ਭਾਈ ਸਰਨ ਸਿੰਘ ਨੂੰ ਸੌਂਪੀ ਗਈ। ਜਿਉਂ ਹੀ ਸੂਬੇਦਾਰ ਬਲਵੰਤ ਸਿੰਘ ਕੁੱਲਾ, ਭਾਈ ਸਰਨ ਸਿੰਘ ਅਤੇ ਕੁਝ ਹੋਰ ਸਿੰਘ ਇਕਰਾਰਨਾਮੇ ਉੱਤੇ ਪੁਜਾਰੀਆਂ ਦੇ ਦਸਤਖਤ ਕਰਵਾਉਣ ਵਾਸਤੇ ਦਰਬਾਰ ਸਾਹਿਬ ਗਏ, ਬਾਹਰ ਦੀਵਾਨ ਉੱਤੇ ਪੁਜਾਰੀ ਗੁਰਦਿੱਤ ਸਿੰਘ ਦੇ ਬੁੰਗੇ ਉੱਤੋਂ ਕਈ ਹੱਥ ਗੋਲੇ ਸੁੱਟੇ ਗਏ ਜਿਸ ਨਾਲ ਕਈ ਸਿੰਘ ਜ਼ਖਮੀ ਹੋਏ। ਜਦ ਸਿੱਖ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲੱਗੇ ਤਾਂ ਪੁਜਾਰੀਆਂ ਨੇ ਉਨ੍ਹਾਂ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਤਲਵਾਰ ਦੇ ਵਾਰ ਨਾਲ ਸੂਬੇਦਾਰ ਬਲਵੰਤ ਸਿੰਘ ਦੀ ਬਾਂਹ ਲਗਭਗ ਵੱਢੀ ਗਈ, ਭਾਈ ਹਜ਼ਾਰਾ ਸਿੰਘ ਗੰਭੀਰ ਜ਼ਖਮੀ ਹੋਇਆ, ਭਾਈ ਸਰਨ ਸਿੰਘ ਅਤੇ ਇਕ ਦਰਜਨ ਦੇ ਲਗਭਗ ਹੋਰ ਸਿੱਖ ਜ਼ਖਮੀ ਹੋਏ। ਜ਼ਖਮੀ ਸਿੱਖਾਂ ਨੇ ਜਦ ਬਾਹਰ ਆ ਕੇ ਘਟਨਾ ਦੀ ਜਾਣਕਾਰੀ ਸੰਗਤ ਨੂੰ ਦਿੱਤੀ ਤਾਂ ਸੰਗਤ ਅਥਾਹ ਗੁੱਸੇ ਵਿਚ ਆ ਗਈ ਪਰ ਆਗੂਆਂ ਨੇ ਉਨ੍ਹਾਂ ਨੂੰ ਸ਼ਾਂਤ ਰੱਖਿਆ। ਫਿਰ ਵੀ ਵਾਰਦਾਤ ਕਰਨ ਪਿੱਛੋਂ ਭੱਜੇ ਜਾ ਰਹੇ ਕਈ ਪੁਜਾਰੀ ਸਿੱਖਾਂ ਨੇ ਕਾਬੂ ਕਰ ਲਏ। ਆਗੂਆਂ ਨੇ ਸੰਗਤ ਨੂੰ ਯਾਦ ਕਰਵਾਇਆ ਕਿ ਜਦ ਲਾਹੌਰ ਦਰਬਾਰ ਦੀ ਫੌਜ ਨੇ ਪੰਥ ਦੋਖੀਆਂ ਦੀ ਚੁੱਕ ਵਿਚ ਆ ਕੇ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਉੱਤੇ ਹਮਲਾ ਕੀਤਾ ਤਾਂ ਬਾਬਾ ਜੀ ਦਾ ਕਹਿਣਾ ਸੀ ਕਿ ਸਿੱਖ ਫੌਜ ਭਾਵੇਂ ਉਨ੍ਹਾਂ ਨੂੰ ਮਾਰ ਦੇਵੇ, ਉਹ ਕਿਸੇ ਸਿੱਖ ਭਰਾ ਉੱਤੇ ਵਾਰ ਨਹੀਂ ਕਰਨਗੇ। ਇਸ ਦ੍ਰਿਸ਼ਟਾਂਤ ਨੂੰ ਦੇਖਦਿਆਂ ਸਿੱਖ ਵੀ ਭੁੱਲੜ ਪੁਜਾਰੀਆਂ ਨੂੰ ਮੁਆਫ਼ ਕਰ ਦੇਣ। ਕੁਝ ਸਿੱਖਾਂ ਨੇ ਦਰਬਾਰ ਸਾਹਿਬ ਵਿਚ ਜ਼ਖਮੀ ਪਏ ਸਿੱਖਾਂ ਨੂੰ ਸੰਭਾਲਿਆ। ਸੰਗਤ ਨੇ ਦਰਬਾਰ ਸਾਹਿਬ ਦਾ ਫਰਸ਼ ਪਾਣੀ ਨਾਲ ਧੋਤਾ ਅਤੇ ਫਿਰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਇਉਂ ਇਸ ਗੁਰਦੁਆਰੇ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਹੱਥ ਆ ਗਿਆ, ਗੁਰਦੁਆਰੇ ਦੇ ਪ੍ਰਬੰਧ ਵਾਸਤੇ ਸਥਾਨਕ ਕਮੇਟੀ ਬਣਾਈ ਗਈ ਜਿਸ ਵਿਚ ਸੂਬੇਦਾਰ ਬਲਵੰਤ ਸਿੰਘ ਕੁੱਲਾ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ।
ਇਸੇ ਦੌਰਾਨ ਹਸਪਤਾਲ ਵਿਚ ਦਾਖਲ ਭਾਈ ਹਜ਼ਾਰਾ ਸਿੰਘ ਪਿੰਡ ਅਲਾਦੀਨਪੁਰ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ 26 ਜਨਵਰੀ ਨੂੰ ਦੁਪਹਿਰ ਪਿੱਛੋਂ ਅਕਾਲ ਚਲਾਣਾ ਕਰ ਗਿਆ। 28 ਜਨਵਰੀ ਨੂੰ ਭਾਈ ਹਜ਼ਾਰਾ ਸਿੰਘ ਦੀ ਦੇਹ ਜਲੂਸ ਦੀ ਸ਼ਕਲ ਵਿਚ ਲਿਜਾ ਕੇ ਉਸ ਦਾ ਸਸਕਾਰ ਗੁਰੂ ਕੇ ਖੂਹ ਉੱਤੇ ਕੀਤਾ ਗਿਆ। ਹਸਪਤਾਲ ਵਿਚ ਜ਼ੇਰੇ-ਇਲਾਜ ਇਕ ਹੋਰ ਸਿੱਖ ਭਾਈ ਹੁਕਮ ਸਿੰਘ (ਪਿੰਡ ਵਸਾਊ ਕੋਟ) ਨੇ 4 ਫਰਵਰੀ ਨੂੰ ਪ੍ਰਾਣ ਤਿਆਗੇ। ਇਉਂ ਤਰਨ ਤਾਰਨ ਦੇ ਸਾਕੇ ਵਿਚ ਦੋ ਸਿੰਘ ਸ਼ਹੀਦੀ ਪਾ ਗਏ।
ਸੰਪਰਕ: 94170-49417