ਰਾਮਚੰਦਰ ਗੁਹਾ
ਮੈਂ ਪਿਛਲੇ ਕੁਝ ਹਫ਼ਤਿਆਂ ਤੋਂ ਦੱਖਣੀ ਅਫ਼ਰੀਕਾ ਬਾਰੇ ਕਾਫ਼ੀ ਜ਼ਿਆਦਾ ਸੋਚ ਰਿਹਾ ਹਾਂ। ਇਕ ਇਸ ਕਾਰਨ ਕਿ ਉੱਥੇ ਕ੍ਰਿਕਟ ਟੈਸਟ ਲੜੀ ਖੇਡੀ ਜਾ ਰਹੀ ਹੈ, ਪਰ ਜ਼ਿਆਦਾ ਆਰਕਬਿਸ਼ਪ ਡੈਸਮੰਡ ਟੂਟੂ ਕਾਰਨ, ਜਿਨ੍ਹਾਂ ਦੇ ਚਲਾਣੇ ਨਾਲ ਅਸੀਂ ਰੰਗਭੇਦ ਵਿਰੋਧੀ ਸੰਘਰਸ਼ ਦਾ ਇਕ ਮਹਾਂਨਾਇਕ ਗੁਆ ਲਿਆ ਹੈ। ਉਹ ਭਾਵੇਂ ਮੁੱਖ ਤੌਰ ’ਤੇ ਦੱਖਣੀ ਅਫ਼ਰੀਕਾ ਵਿਚਲੇ ਆਪਣੇ ਸੰਘਰਸ਼ਾਂ ਲਈ ਜਾਣੇ ਜਾਂਦੇ ਹਨ, ਪਰ ਉਨ੍ਹਾਂ ਨੇ ਉਨ੍ਹਾਂ ਮੁਲਕਾਂ ਵਿਚ ਹੋਣ ਵਾਲੀਆਂ ਨਾਇਨਸਾਫ਼ੀਆਂ ਤੇ ਜ਼ੁਲਮ-ਜ਼ਿਆਦਤੀਆਂ ਬਾਰੇ ਬੋਲ ਕੇ ਵੀ ਸਤਿਕਾਰ ਪਾਇਆ ਜਿਹੜੇ ਉਨ੍ਹਾਂ ਦੇ ਆਪਣੇ ਮੁਲਕ ਨਹੀਂ ਸਨ। ਉਹ ਸ਼ਾਇਦ ਆਪਣੇ ਹੋਰਨਾਂ ਸਮਕਾਲੀਆਂ ਦੇ ਮੁਕਾਬਲੇ ਸੰਸਾਰ ਦੀ ਅੰਤਰਆਤਮਾ ਦੇ ਸਭ ਤੋਂ ਜ਼ਿਆਦਾ ਕਰੀਬ ਸਨ।
ਮੈਂ ਡੈਸਮੰਡ ਟੂਟੂ ਨੂੰ ਪਹਿਲੀ ਵਾਰ ਜਨਵਰੀ 1986 ਵਿਚ ਟੈਲੀਵਿਜ਼ਨ ਉੱਤੇ ਦੇਖਿਆ। ਉਦੋਂ ਮੈਂ ਅਮਰੀਕਾ ਵਿਚ ਪੜ੍ਹਾਉਂਦਾ ਸਾਂ। ਇਹ ਪਾਦਰੀ ਅਮਰੀਕਾ ਦੇ ਦੌਰੇ ਉੱਤੇ ਆਇਆ ਸੀ ਤਾਂ ਕਿ ਅਮਰੀਕਾ ਤੇ ਅਮਰੀਕੀਆਂ ਨੂੰ ਹਲੂਣਾ ਦੇ ਸਕੇ ਕਿਉਂਕਿ ਉਹ ਉਦੋਂ ਮੁੱਖ ਤੌਰ ’ਤੇ ਲੁਕਵੇਂ ਢੰਗ ਨਾਲ ਪਰ ਕਦੇ-ਕਦੇ ਜ਼ਾਹਰਾ ਤੌਰ ’ਤੇ ਵੀ ਦੱਖਣੀ ਅਫ਼ਰੀਕਾ ਦੀ ਰੰਗਭੇਦੀ ਹਕੂਮਤ ਦੀ ਹਮਾਇਤ ਕਰਦੇ ਸਨ। ਟੂਟੂ ਦਾ ਖ਼ਿਆਲ ਸੀ ਕਿ ਸ਼ਾਇਦ ਪੱਛਮ ਦਾ ਆਰਥਿਕ ਦਬਾਅ ਅਖੀਰ ਦੱਖਣੀ ਅਫ਼ਰੀਕਾ ਦੀ ਹਾਕਮ ਜਮਾਤ ਨੂੰ ਇਹ ਨਸਲੀ ਵਿਤਕਰਾ ਖ਼ਤਮ ਕਰਨ ਵਾਲੇ ਕਦਮ ਚੁੱਕਣ ਲਈ ਮਜਬੂਰ ਕਰ ਦੇਵੇ। ਆਪਣੀ ਇਸ ਫੇਰੀ ਦੌਰਾਨ ਉਹ ਜਨਰਲ ਮੋਟਰ ਦੇ ਮੁਖੀ ਸਮੇਤ ਵੱਖ-ਵੱਖ ਕਾਰਪੋਰੇਟ ਮੁਖੀਆਂ ਨੂੰ ਮਿਲੇ। ਨਾਲ ਹੀ ਉਨ੍ਹਾਂ ਨੇ ਅਮਰੀਕਾ ਦੀਆਂ ਮਹਾਨਤਮ ਤੇ ਬਿਹਤਰੀਨ ਯੂਨੀਵਰਸਿਟੀਆਂ ਦੇ ਮੁਖੀਆਂ ਨਾਲ ਵੀ ਮੁਲਾਕਾਤਾਂ ਕਰ ਕੇ ਉਨ੍ਹਾਂ ਨੂੰ ਅਫ਼ਰੀਕਾ ਵਿਚਲਾ ਆਪਣਾ ਭਾਰੀ ਤੇ ਮੁਨਾਫ਼ਾਬਖ਼ਸ਼ ਨਿਵੇਸ਼ ਬੰਦ ਕਰਨ ਦੀ ਅਪੀਲ ਕੀਤੀ।
ਅਮਰੀਕਾ ਵਿਚ ਆਪਣੇ ਦੌਰੇ ਦੌਰਾਨ ਟੂਟੂ ਆਪਣੀ ਬਹੁਤ ਹੀ ਦਿਲਚਸਪ, ਮਜ਼ਾਹੀਆ ਮੌਜੂਦਗੀ ਦੇ ਨਾਲ ਇਕ ਦਿਲਕਸ਼ ਅਤੇ ਦਲੇਰ ਇਨਸਾਨ ਵਜੋਂ ਸਾਹਮਣੇ ਆਏ ਜੋ ਬਹੁਤ ਹੀ ਦ੍ਰਿੜ੍ਹ ਇਰਾਦੇ ਵਾਲੇ ਵੀ ਸਨ। ਉਨ੍ਹਾਂ ਇਸ ਮੌਕੇ ਅਮੀਰਾਂ ਤੇ ਤਕੜਿਆਂ ਨਾਲ ਮੁਲਾਕਾਤਾਂ ਕਰਨ ਤੋਂ ਇਲਾਵਾ ਉਨ੍ਹਾਂ ਸੰਘਰਸ਼ੀਆਂ ਨਾਲ ਵੀ ਵਿਚਾਰ-ਵਟਾਂਦਰੇ ਕੀਤੇ ਜਿਨ੍ਹਾਂ ਨੇ ਅਮਰੀਕਾ ਦੇ 1960ਵਿਆਂ ਦੇ ਸਿਵਲ ਰਾਈਟਸ ਅੰਦੋਲਨ (ਨਾਗਰਿਕ ਅਧਿਕਾਰ ਅੰਦੋਲਨ) ਵਿਚ ਹਿੱਸਾ ਲਿਆ ਸੀ। ਅਕਸਰ ਹੀ ਉਨ੍ਹਾਂ ਦੀ ਤੁਲਨਾ ਅਮਰੀਕਾ ਦੇ ਸਿਆਹਫ਼;ਮ ਆਗੂ ਮਾਰਟਿਨ ਲੂਥਰ ਕਿੰਗ ਨਾਲ ਕੀਤੀ ਜਾਂਦੀ, ਪਰ ਇਸ ਆਗੂ ਨੇ ਇਸ ਤੁਲਨਾ ਨੂੰ ਖਾਰਜ ਕਰਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਹੋਰ ਗੱਲਾਂ ਤੋਂ ਇਲਾਵਾ ਮਾਰਟਿਨ ਲੂਥਰ ਕਿੰਗ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਖ਼ੁਬਸੂਰਤ ਸਨ ਅਤੇ ਨਾਲ ਹੀ ਉਹ (ਟੂਟੂ) ਆਪਣੇ ਮਧਰੇ ਕੱਦ, ਬੇਡੌਲ ਸਰੀਰ ਤੇ ਅਣਚਾਹੇ ਵਾਲਾਂ ਵੱਲ ਵੀ ਇਸ਼ਾਰਾ ਕਰਦੇ।
ਜਿਨ੍ਹਾਂ ਯੂਨੀਵਰਸਿਟੀਆਂ ਨੇ ਦੱਖਣੀ ਅਫ਼ਰੀਕਾ ਵਿਚ ਨਿਵੇਸ਼ ਕੀਤਾ ਹੋਇਆ ਸੀ, ਉਨ੍ਹਾਂ ਵਿਚ ਯੇਲ ਯੂਨੀਵਰਸਿਟੀ ਵੀ ਸ਼ਾਮਲ ਸੀ ਜਿੱਥੇ ਮੈਂ ਪੜ੍ਹਾਉਂਦਾ ਸਾਂ। ਟੂਟੂ ਦੀ ਫੇਰੀ ਨੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕ ਵਰਗ ਦੇ ਇਕ ਹਿੱਸੇ ਨੂੰ ਵੀ ਪ੍ਰਭਾਵਿਤ ਤੇ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਯੇਲ ਕਾਰਪੋਰੇਸ਼ਨ ਨਾਲ ਸੰਪਰਕ ਕਰ ਕੇ ਜ਼ੋਰ ਪਾਇਆ ਕਿ ਯੂਨੀਵਰਿਸਟੀ ਦੱਖਣੀ ਅਫ਼ਰੀਕੀ ਕੰਪਨੀਆਂ ਵਿਚੋਂ ਆਪਣਾ ਲਾਇਆ ਹੋਇਆ ਸਰਮਾਇਆ ਕੱਢ ਲਵੇ। ਕਾਰਪੋਰੇਟਰਾਂ ਨੇ ਸਾਫ਼ ਮਨ੍ਹਾ ਕਰ ਦਿੱਤਾ। ਇਸ ਤੋਂ ਰੋਹ ਵਿਚ ਆਏ ਵਿਦਿਆਰਥੀਆਂ ਨੇ ਲਾਇਬਰੇਰੀ ਦੇ ਬਾਹਰਵਾਰ ਇਕ ਵੱਡੇ ਪਲਾਜ਼ਾ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਟੀਨ ਤੇ ਲੱਕੜ ਦੇ ਢਾਂਚੇ ਖੜ੍ਹੇ ਕਰ ਕੇ ਧਰਨਾ ਸ਼ੁਰੂ ਕਰ ਦਿੱਤਾ ਜਿੱਥੇ ਉਹ ਆਪਣਾ ਅੰਦੋਲਨ ਕਰਦਿਆਂ ਗੀਤ ਗਾਉਂਦੇ, ਨਾਅਰੇਬਾਜ਼ੀ ਕਰਦੇ ਅਤੇ ਤਕਰੀਰਾਂ ਦਿੰਦੇ। ਧਰਨਾ ਸਥਾਨ ਉੱਤੇ ਉਨ੍ਹਾਂ ਨੈਲਸਨ ਮੰਡੇਲਾ ਦੀਆਂ ਤਸਵੀਰਾਂ ਲਾਈਆਂ ਹੋਈਆਂ ਸਨ ਜਿਹੜਾ ਆਗੂ ਉਦੋਂ 20 ਸਾਲਾਂ ਤੋਂ ਵੱਧ ਅਰਸੇ ਤੋਂ ਜੇਲ੍ਹ ਵਿਚ ਬੰਦ ਸੀ ਅਤੇ ਜਿਸ ਨੇ ਰੰਗਭੇਦ ਵਿਰੋਧੀ ਅੰਦੋਲਨ ਦੌਰਾਨ ਆਪਣੇ ਸੰਘਰਸ਼ ਤੇ ਕੁਰਬਾਨੀ ਨੂੰ ਆਪਣੀ ਸ਼ਖ਼ਸੀਅਤ ਵਿਚ ਸਾਕਾਰ ਰੂਪ ਦੇ ਦਿੱਤਾ ਸੀ।
ਯੇਲ ਵਿਚਲੇ ਇਹ ਕੁਝ ਮਹੀਨੇ ਅਜਿਹਾ ਪਹਿਲਾ ਮੌਕਾ ਸੀ ਜਦੋਂ ਮੈਂ ਪਹਿਲੀ ਵਾਰ ਭਾਰਤ ਤੋਂ ਬਾਹਰ ਰਿਹਾ ਸਾਂ। ਉਦੋਂ ਮੈਂ ਭਾਵੇਂ ਆਪਣੀ ਉਮਰ ਦੇ ਪਿਛਲੇ ਵੀਹਵਿਆਂ ਵਿਚ ਸਾਂ, ਪਰ ਜਦੋਂ ਤੱਕ ਮੈਂ ਬਿਸ਼ਪ ਟੂਟੂ ਨੂੰ ਅਮਰੀਕੀ ਟੀਵੀ ਉੱਤੇ ਬੋਲਦੇ ਨਹੀਂ ਸੀ ਸੁਣਿਆ, ਉਦੋਂ ਤੱਕ ਜੋ ਕੁਝ ਦੱਖਣੀ ਅਫ਼ਰੀਕਾ ਵਿਚ ਵਾਪਰ ਰਿਹਾ ਸੀ, ਉਸ ਨਾਲ ਮੈਨੂੰ ਕੋਈ ਬਹੁਤਾ ਸਰੋਕਾਰ ਨਹੀਂ ਸੀ। ਇਹ ਵੀ ਨਹੀਂ ਕਿ ਮੈਂ ਗ਼ੈਰ-ਸਿਆਸੀ ਸਾਂ ਕਿਉਂਕਿ ਮੇਰੇ ਆਪਣੇ ਵਤਨ ਵਿਚ ਪੈਦਾ ਹੋਣ ਵਾਲੇ ਜਾਤੀ ਤੇ ਧਾਰਮਿਕ ਤਣਾਅ ਯਕੀਨਨ ਮੇਰਾ ਧਿਆਨ ਖਿੱਚਦੇ ਸਨ। ਮੈਂ ਵੀਅਤਨਾਮ, ਇਰਾਨ ਅਤੇ ਹੋਰਨਾਂ ਥਾਵਾਂ ਉੱਤੇ ਵਾਪਰਨ ਵਾਲੀਆਂ ਗੜਬੜਜ਼ਦਾ ਸਿਆਸੀ ਘਟਨਾਵਾਂ ਉੱਤੇ ਵੀ ਨਜ਼ਰ ਰੱਖਦਾ ਸਾਂ, ਪਰ ਕਿਸੇ ਤਰ੍ਹਾਂ ਦੱਖਣੀ ਅਫ਼ਰੀਕਾ ਦੀਆਂ ਅਜਿਹੀਆਂ ਘਟਨਾਵਾਂ ਮੈਥੋਂ ਅਣਡਿੱਠ ਰਹਿ ਗਈਆਂ ਸਨ। ਮੇਰੇ ਖ਼ਿਆਲ ਵਿਚ ਇਸ ਲਈ ਮੈਂ ਭਾਰਤੀ ਪ੍ਰੈਸ ਨੂੰ ਦੋਸ਼ ਦੇ ਸਕਦਾ ਹਾਂ ਜਿਸ ਵਿਚ ਇਸ ਮੁਲਕ ਬਾਰੇ ਬਹੁਤਾ ਕੁਝ ਨਹੀਂ ਸੀ ਛਪਦਾ। ਸ਼ਾਇਦ ਇਸ ਕਾਰਨ ਕਿ ਉਦੋਂ ਇਸ ਮੁਲਕ ਦੀ ਨਸਲੀ ਹਕੂਮਤ ਨਾਲ ਭਾਰਤ ਦੇ ਸਫ਼ਾਰਤੀ ਰਿਸ਼ਤੇ ਨਹੀਂ ਸਨ। ਟੈਲੀਵਿਜ਼ਨ ਉੱਤੇ ਟੂਟੂ ਨੂੰ ਸੁਣ ਲੈਣ ਤੇ ਉਨ੍ਹਾਂ ਦੀਆਂ ਤਕਰੀਰਾਂ ਬਾਰੇ ਅਖ਼ਬਾਰੀ ਰਿਪੋਰਟਾਂ ਪੜ੍ਹ ਲੈਣ ਅਤੇ ਨਾਲ ਹੀ ਯੇਲ ਯੂਨੀਵਰਸਿਟੀ ਦੇ ਵਿਦਿਆਰਥੀਆਂ, ਜਿਨ੍ਹਾਂ ਵਿਚੋਂ ਬਹੁਤੇ ਗੋਰੇ ਸਨ, ਉੱਤੇ ਉਨ੍ਹਾਂ ਦਾ ਅਸਰ ਦੇਖ ਲੈਣ ਤੋਂ ਬਾਅਦ ਦੇਰ ਨਾਲ ਹੀ ਸਹੀ, ਪਰ ਦੱਖਣੀ ਅਫ਼ਰੀਕਾ ਵਿਚ ਮੇਰੀ ਦਿਲਚਸਪੀ ਵਧ ਗਈ।
ਭਾਰਤ ਪਰਤਣ ਪਿੱਛੋਂ ਮੈਂ ਦੱਖਣੀ ਅਫ਼ਰੀਕਾ ਦੀ ਸਿਆਸਤ ਉੱਤੇ ਵਧੇਰੇ ਬਾਰੀਕੀ ਨਾਲ ਨਜ਼ਰ ਰੱਖਣ ਲੱਗਾ। ਇਸ ਦੌਰਾਨ ਦੱਖਣੀ ਅਫ਼ਰੀਕਾ ਖਿਲਾਫ਼ ਪਾਬੰਦੀਆਂ ਲਾਉਣ ਦੀ ਮੰਗ ਕਰਦੇ ਅੰਦੋਲਨ ਦਾ ਅਸਰ ਪੈਣਾ ਵੀ ਸ਼ੁਰੂ ਹੋ ਗਿਆ। ਮਾਰਗਰੇਟ ਥੈਚਰ (ਬਰਤਾਨਵੀ ਪ੍ਰਧਾਨ ਮੰਤਰੀ) ਅਤੇ ਰੌਨਲਡ ਰੀਗਨ (ਅਮਰੀਕੀ ਸਦਰ) ਵਰਗੇ ਜਿਹੜੇ ਆਗੂ ਪਹਿਲਾਂ ਰੰਗਭੇਦੀ ਹਕੂਮਤ ਨੂੰ ਨਿੰਦਣ ਲਈ ਤਿਆਰ ਨਹੀਂ ਸਨ, ਨੇ ਜ਼ੁਬਾਨ ਖੋਲ੍ਹਣੀ ਸ਼ੁਰੂ ਕਰ ਦਿੱਤੀ ਸੀ। ਨੈਸਲਨ ਮੰਡੇਲਾ ਹਾਲੇ ਜੇਲ੍ਹ ਵਿਚ ਹੀ ਸੀ, ਪਰ ਉਨ੍ਹਾਂ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ। ਅਜਿਹੇ ਵਿਦੇਸ਼ੀ ਮਹਿਮਾਨਾਂ ਵਿਚ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਫਰੇਜ਼ਰ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਮੰਡੇਲਾ ਦਾ ਪਹਿਲਾ ਸਵਾਲ ਸੀ: ‘ਕੀ ਡੌਨ ਬਰੈਡਮੈਨ ਹਾਲੇ ਜ਼ਿੰਦਾ ਹੈ?’
ਮੈਂ 1991 ਵਿਚ ਲੰਡਨ ਵਿਚ ਸਾਂ ਜਿੱਥੇ ਗੋਪਾਲ ਕ੍ਰਿਸ਼ਨ ਗਾਂਧੀ ਦੇ ਘਰ ਮੇਰੀ ਮੁਲਾਕਾਤ ਇਕ ਐਂਗਲੀਕਨ ਪਾਦਰੀ ਟਰੈਵਰ ਹਡਲਸਟਨ (Trevor Huddleston) ਨਾਲ ਹੋਈ ਜਿਸ ਨੂੰ ਰੰਗਭੇਦ ਨੀਤੀ ਦੀ ਕਰੜੀ ਆਲੋਚਨਾ ਕਰਨ ਕਾਰਨ 1950ਵਿਆਂ ਦੌਰਾਨ ਦੱਖਣੀ ਅਫ਼ਰੀਕਾ ਵਿਚੋਂ ਕੱਢ ਦਿੱਤਾ ਗਿਆ ਸੀ। ਜੌਹਾਨਸਬਰਗ ਵਿਚ ਪੈਰਿਸ਼ ਪਾਦਰੀ ਹੁੰਦਿਆਂ ਹਡਲਸਟਨ ਨੇ ਇਕ ਮੁਰਸ਼ਦ ਵਜੋਂ ਬਹੁਤ ਸਾਰੇ ਨੌਜਵਾਨਾਂ ਦੀ ਰਹਿਨੁਮਾਈ ਕੀਤੀ ਸੀ ਜਿਨ੍ਹਾਂ ਵਿਚ ਇਕ ਅਹਿਮ ਨੌਜਵਾਨ ਸੀ ਡੈਸਮੰਡ ਟੂਟੂ ਤੇ ਇਕ ਹੋਰ ਸੀ ਜੈਜ਼ ਸੰਗੀਤਕਾਰ ਹਿਊ ਮੈਸਕੇਲਾ (Hugh Masekela)। ਆਪਣੀ ਉਮਰ ਦੇ ਪਿਛਲੇ ਸੱਤਰਵਿਆਂ ਨੂੰ ਢੁੱਕਿਆ ਹੋਇਆ ਤੇ ਆਪਣੇ ਸਮੇਂ ਦਾ ਇਹ ਬਹੁਤ ਹੀ ਜੋਸ਼ੀਲਾ ਸੰਘਰਸ਼ੀ ਯੋਧਾ ਉਸ ਮੁਲਾਕਾਤ ਸਮੇਂ ਕਮਜ਼ੋਰ ਤੇ ਜ਼ਾਹਰਾ ਤੌਰ ’ਤੇ ਬਿਮਾਰ ਦਿਖਾਈ ਦੇ ਰਿਹਾ ਸੀ। ਰਾਤ ਦੇ ਖਾਣੇ ਦੀ ਮੇਜ਼ ਉੱਤੇ ਇਕ ਹੋਰ ਮਹਿਮਾਨ ਨੇ ਜਦੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਹਡਲਸਟਨ ਨੇ ਜਵਾਬ ਦਿੱਤਾ ਸੀ: ‘‘ਉਮੀਦ ਹੈ, ਆਪਣੇ ਮਰਨ ਤੋਂ ਪਹਿਲਾਂ ਮੈਂ ਰੰਗਭੇਦ ਦੀ ਮੌਤ ਦੇਖ ਲਵਾਂਗਾ।’’ ਆਖ਼ਰ ਹਡਲਸਟਨ ਦੀ ਇਹ ਖ਼ੁਆਹਿਸ਼ ਪੂਰੀ ਹੋਈ ਤੇ 1994 ਵਿਚ ਨੈਲਸਨ ਮੰਡੇਲਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਕੁਝ ਸਮੇਂ ਲਈ ਦੱਖਣੀ ਅਫ਼ਰੀਕਾ ਦਾ ਦੌਰਾ ਕੀਤਾ।
ਮੈਂ ਵੀ 1997 ਤੋਂ 2009 ਦੌਰਾਨ ਪੰਜ ਮੌਕਿਆਂ ’ਤੇ ਦੱਖਣੀ ਅਫ਼ਰੀਕਾ ਗਿਆ। ਇਨ੍ਹਾਂ ਫੇਰੀਆਂ ਦੌਰਾਨ ਮੈਂ ਰੰਗਭੇਦ ਵਿਰੋਧੀ ਅੰਦੋਲਨ ਦੇ ਕਈ ਨਾਮੀ ਆਗੂਆਂ ਨੂੰ ਮਿਲਿਆ। ਇਨ੍ਹਾਂ ਵਿਚ ਸ਼ਾਮਲ ਸਨ- ਸ਼ਾਇਰ ਮੌਂਗਾਨੇ ਵਾਲੀ ਸਰੋਟੇ (Mongane Wally Serote), ਜੋ ਉਦੋਂ ਕਲਾ ਤੇ ਸੱਭਿਆਚਾਰ ਦੀ ਸੰਭਾਲ ਸਬੰਧੀ ਸੰਸਦੀ ਕਮੇਟੀ ਦੇ ਮੁਖੀ ਸਨ; ਸਮਾਜ ਸ਼ਾਸਤਰੀ ਫਾਤਿਮਾ ਮੀਰ (Fatima Meer), ਜੋ ਆਪਣੀ ਵਡੇਰੀ ਉਮਰ ਤੇ ਜਿਸਮਾਨੀ ਕਮਜ਼ੋਰੀ ਦੇ ਬਾਵਜੂਦ ਸਰਗਰਮ ਤੇ ਚੌਕਸ ਸੀ; ਕਾਨੂੰਨਦਾਨ ਐਲਬੀ ਸ਼ੈਕਸ (Albie Sachs), ਜਿਨ੍ਹਾਂ ਦੀ ਦੱਖਣੀ ਅਫ਼ਰੀਕੀ ਸਲਾਮਤੀ ਦਸਤਿਆਂ ਦੇ ਹਮਲੇ ਦੌਰਾਨ ਇਕ ਬੰਬ ਧਮਾਕੇ ਵਿਚ ਇਕ ਬਾਂਹ ਤੇ ਇਕ ਅੱਖ ਜਾਂਦੀ ਰਹੀ ਸੀ ਪਰ ਇਸ ਦੇ ਬਾਵਜੂਦ ਉਹ ਹਾਲੇ ਵੀ ਪੂਰੇ ਹੌਸਲੇ ਵਿਚ ਸਨ; ਇਤਿਹਾਸਕਾਰ ਰੇਅਮੰਡ ਸਟਨਰ (Raymond Suttner), ਜਿਹੜੇ ਪੂਰੇ ਸਮਰਪਣ ਨਾਲ ਇਕ ਅਕਾਦਮਿਕ ਰਸਾਲਾ ਛਾਪ ਰਹੇ ਸਨ, ਹਾਲਾਂਕਿ ਜੇਲ੍ਹ ਦੌਰਾਨ ਸਹਿਣੇ ਪਏ ਭਾਰੀ ਤਸ਼ੱਦਦ ਦੇ ਨਿਸ਼ਾਨ ਉਨ੍ਹਾਂ ਦੇ ਚਿਹਰੇ ’ਤੇ ਸਾਫ਼ ਦਿਖਾਈ ਦੇ ਰਹੇ ਸਨ। ਉਨ੍ਹਾਂ ਅਤੇ ਉਨ੍ਹਾਂ ਵਰਗੇ ਅਨੇਕਾਂ ਹੋਰਨਾਂ ਨੇ ਦਲੇਰੀ ਭਰੇ ਢੰਗ ਨਾਲ ਇਤਿਹਾਸ ਦੇ ਜ਼ਖ਼ਮਾਂ ਨੂੰ ਖ਼ੁਦ ਤੋਂ ਬਹੁਤ ਪਿਛਾਂਹ ਛੱਡ ਦਿੱਤਾ ਸੀ ਅਤੇ ਹੁਣ ਉਹ ਇਕ ਮੁਕੰਮਲ ਅਤੇ ਵਾਜਬ ਬਹੁ-ਨਸਲੀ ਜਮਹੂਰੀਅਤ ਦੀ ਉਸਾਰੀ ਲਈ ਮਿਲ ਕੇ ਕੰਮ ਕਰ ਰਹੇ ਸਨ।
ਇਹ ਸਾਰੇ ਵਿਅਕਤੀ ਆਪਣੀ ਬਹਾਦਰੀ, ਦ੍ਰਿੜ੍ਹਤਾ, ਸਮਝਦਾਰੀ ਅਤੇ ਸ਼ਾਇਦ ਇਸ ਸਭ ਕੁਝ ਤੋਂ ਵਧ ਕੇ ਆਪਣੇ ਵਿਚ ਈਰਖਾ-ਸਾੜੇ ਦੀ ਭਾਰੀ ਅਣਹੋਂਦ ਕਾਰਨ ਸਤਿਕਾਰ ਦੇ ਪਾਤਰ ਸਨ। ਇਹ ਵੱਖੋ-ਵੱਖਰੇ ਨਸਲੀ ਪਿਛੋਕੜਾਂ: ਅਫ਼ਰੀਕੀ, ਭਾਰਤੀ, ਸਿਆਹਫ਼ਾਮ ਤੇ ਗੋਰੇ ਆਦਿ ਨਾਲ ਸਬੰਧਤ ਸਨ। ਉਹ ਇਕ ਉਸਰ ਰਹੇ ‘ਬਹੁਰੰਗੇ ਮੁਲਕ’ (‘Rainbow Nation’) (ਇਕ ਸ਼ਬਦ, ਜੋ ਡੈਸਮੰਡ ਟੂਟੂ ਵੱਲੋਂ ਇਤਫ਼ਾਕਨ ਘੜਿਆ ਗਿਆ ਸੀ) ਦੇ ਪ੍ਰਤੀਨਿਧ ਸਨ। ਮੈਂ ਸੋਚਿਆ ਕਿ ਇਹੋ ਉਹ ਚੀਜ਼ ਹੈ, ਜਿਹੜੀ ਭਾਰਤ ਵਿਚ 1940ਵਿਆਂ ਦੇ ਪਿਛਲੇ ਤੇ 1950ਵਿਆਂ ਦੇ ਸ਼ੁਰੂਆਤੀ ਦੌਰ ਦੌਰਾਨ ਇਕ ਅਧਿਆਪਕ, ਇਕ ਸਮਾਜਿਕ ਕਾਰਕੁਨ, ਇਕ ਸਰਕਾਰੀ ਅਫਸਰ, ਇਕ ਜੱਜ ਹੋਣ ਵਾਸਤੇ ਹੋਣੀ ਲਾਜ਼ਮੀ ਸੀ।
ਆਪਣੀਆਂ ਦੱਖਣੀ ਅਫ਼ਰੀਕੀ ਫੇਰੀਆਂ ਦੌਰਾਨ ਮੈਂ ਜ਼ਿਆਦਾਤਰ ਲੇਖਕਾਂ ਤੇ ਵਿਦਵਾਨਾਂ ਨੂੰ ਹੀ ਮਿਲਦਾ-ਜੁਲਦਾ ਰਿਹਾ। ਮੈਂ ਕਦੇ ਵੀ ਆਰਕਬਿਸ਼ਪ ਟੂਟੂ ਨੂੰ ਕਰੀਬ ਤੋਂ ਨਾ ਦੇਖ ਸਕਿਆ (ਮੁਲਾਕਾਤ ਦੀ ਤਾਂ ਗੱਲ ਹੀ ਦੂਰ ਰਹੀ)। ਪਰ, 2005 ਵਿਚ ਟੂਟੂ ਇਕ ਨਿੱਜੀ ਫੇਰੀ ’ਤੇ ਬੰਗਲੌਰ ਆਏ ਅਤੇ ਉਨ੍ਹਾਂ ਦੇ ਮਾਣ ਵਿਚ ਦਿੱਤੇ ਗਏ ਇਕ ਛੋਟੇ ਜਿਹੇ ਰਾਤਰੀ ਭੋਜ ਵਿਚ ਸ਼ਾਮਲ ਹੋਣ ਲਈ ਮੈਨੂੰ ਵੀ ਸੱਦਾ ਮਿਲਿਆ। ਇਸ ਸਮੇਂ ਮੈਂ ਕਰੀਬ ਵੀਹ ਮਿੰਟ ਉਨ੍ਹਾਂ ਨਾਲ ਰਿਹਾ। ਪਹਿਲਾਂ ਅਸੀਂ ਸਚਿਨ ਤੇਂਦੁਲਕਰ ਬਾਰੇ ਗੱਲਾਂ ਕੀਤੀਆਂ ਜਿਸ ਦੇ ਵਧੀਆ ਫੁਟਵਰਕ ਅਤੇ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ਾਂ ਖਿਲਾਫ਼ ਸ਼ਾਨਦਾਰ ਬੱਲੇਬਾਜ਼ੀ ਨੂੰ ਉਹ ਬਹੁਤ ਪਸੰਦ ਕਰਦੇ ਸਨ। ਫਿਰ ਮੈਂ ਉਨ੍ਹਾਂ ਨੂੰ ਟਰੈਵਰ ਹਡਲਸਟਨ ਨਾਲ ਆਪਣੀ ਮੁਲਾਕਾਤ ਬਾਰੇ ਦੱਸਿਆ। ਇਸ ’ਤੇ ਉਨ੍ਹਾਂ ਦੇ ਮੂੰਹੋਂ ਆਪਮੁਹਾਰੇ ਤੇ ਪਿਆਰ ਨਾਲ ਨਿਕਲਿਆ, ‘‘ਟਰੈਵਰ ਇਕ ਅਫ਼ਰੀਕੀ ਵਾਂਗ ਹੱਸਦੇ ਸਨ – ਪੂਰੇ ਸਰੀਰ ਤੋਂ।’’
ਡੈਸਮੰਡ ਟੂਟੂ ਨਾਲ ਮੇਰੇ ਅਜਿਹੇ ਥੋੜ੍ਹੇ ਜਿਹੇ ਨਿੱਜੀ ਰਿਸ਼ਤੇ – ਅਮਰੀਕਾ ਵਿਚਲੇ ਉਨ੍ਹਾਂ ਵਿਦਿਆਰਥੀ ਅੰਦੋਲਨਾਂ ਦੀਆਂ ਯਾਦਾਂ, ਜਿਹੜੇ ਟੂਟੂ ਤੋਂ ਪ੍ਰਭਾਵਿਤ ਹੋਏ ਸਨ ਅਤੇ ਇਸ ਤੋਂ ਦੋ ਦਹਾਕੇ ਬਾਅਦ ਮੇਰੇ ਆਪਣੇ ਜੱਦੀ ਸ਼ਹਿਰ ਵਿਚ ਉਨ੍ਹਾਂ ਨਾਲ ਹੋਈ ਸੰਖੇਪ ਮੀਟਿੰਗ – ਭਾਵੇਂ ਨਾ ਵੀ ਹੁੰਦੇ ਤਾਂ ਵੀ ਮੈਂ ਉਨ੍ਹਾਂ ਦੇ ਚਲਾਣੇ ’ਤੇ ਦੁਖੀ ਹੋਣਾ ਸੀ। ਇਸ ਕਾਰਨ ਕਿ ਉਹ ਆਪਣੇ ਮੁਲਕ ਵਿਚ ਹੀ ਨਹੀਂ ਸਗੋਂ ਹੋਰਨਾਂ ਮੁਲਕਾਂ ਵਿਚ ਵੀ ਨੈਤਿਕ ਅਧਿਕਾਰ ਦੇ ਰੂਪ ਵਿਚ ਪਛਾਣੇ ਜਾਣ ਵਾਲੇ ਸ਼ਾਇਦ ਆਖ਼ਰੀ ਜ਼ਿੰਦਾ ਇਨਸਾਨ ਸਨ। ਉਹ ਦੱਖਣੀ ਅਫ਼ਰੀਕਾ ਦੀ ਜ਼ਮੀਰ ਸਨ ਜਿਨ੍ਹਾਂ ਰੰਗਭੇਦੀ ਹਕੂਮਤ ਦੀਆਂ ਜ਼ੁਲਮ-ਜ਼ਿਆਦਤੀਆਂ ਨਾਲ ਸਿੱਧੇ ਤੌਰ ’ਤੇ ਟੱਕਰ ਤਾਂ ਲਈ ਹੀ, ਫਿਰ ਰੰਗਭੇਦੀ ਹਕੂਮਤ ਦੇ ਖਾਤਮੇ ਤੋਂ ਬਾਅਦ ਅਫ਼ਰੀਕਨ ਨੈਸ਼ਨਲ ਕਾਂਗਰਸ ਦੀ ਹਕੂਮਤ ਦੌਰਾਨ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਨੂੰ ਵੀ ਉਸੇ ਸ਼ਿੱਦਤ ਨਾਲ ਭੰਡਿਆ। ਇੰਨਾ ਹੀ ਨਹੀਂ, ਉਨ੍ਹਾਂ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਹੋਣ ਵਾਲੀ ਨਾਇਨਸਾਫ਼ੀ ਦਾ ਵਿਰੋਧ ਕੀਤਾ, ਭਾਵੇਂ ਉਹ ਫ਼ਲਸਤੀਨ ਵਿਚ ਵੱਸਣ ਵਾਲੇ ਯਹੂਦੀਆਂ ਤੇ ਇਸਰਾਈਲੀ ਰਿਆਸਤ ਵੱਲੋਂ ਫ਼ਲਸਤੀਨੀਆਂ ਖਿਲਾਫ਼ ਹੋਵੇ ਜਾਂ ਮਿਆਂਮਾਰ ਵਿਚ ਉਨ੍ਹਾਂ ਵਾਂਗ ਹੀ ਨੋਬੇਲ ਇਨਾਮ ਜੇਤੂ ਆਂਗ ਸਾਨ ਸੂ ਚੀ ਦੀ ਅਗਵਾਈ ਵਾਲੀ ਹਕੂਮਤ ਵੱਲੋਂ ਰੋਹਿੰਗੀਆ ਮੁਸਲਮਾਨਾਂ ਖਿਲਾਫ਼ ਹੋਵੇ। ਇੱਥੋਂ ਤੱਕ ਕਿ ਉਨ੍ਹਾਂ ਆਪਣੀ ਐਂਗਲੀਕਨ ਚਰਚ ਦੀ ਵੀ ਹਮਜਿਨਸੀ ਲੋਕਾਂ ਪ੍ਰਤੀ ਲਗਾਤਾਰ ਜਾਰੀ ਘਿਰਣਾ (ਹੋਮੋਫੋਬੀਆ) ਲਈ ਜ਼ੋਰਦਾਰ ਝਾੜ-ਝੰਬ ਕੀਤੀ।
ਟੂਟੂ ਦੀ ਜ਼ਿੰਦਗੀ ਤੇ ਵਿਰਾਸਤ ਤੋਂ ਸਾਡੇ ਆਪਣੇ ਭਾਰਤ ਨੂੰ ਵੀ ਵਧੀਆ ਸਬਕ ਮਿਲ ਸਕਦੇ ਹਨ। ਖ਼ਾਸਕਰ ਅੰਤਰ-ਧਰਮ ਸਦਭਾਵਨਾ ਲਈ ਉਨ੍ਹਾਂ ਦਾ ਜ਼ੋਰਦਾਰ ਸਮਰਪਣ ਭਾਰਤ ਵਾਸਤੇ ਖ਼ਾਸ ਤੌਰ ’ਤੇ ਪ੍ਰਸੰਗਿਕ ਹੈ। ਇਕ ਧਾਰਮਿਕ ਬਾਣੇ ਵਾਲੇ ਵਿਅਕਤੀ, ਇਕ ਪਾਦਰੀ ਜਿਹੜਾ ਪਹਿਲਾਂ ਬਿਸ਼ਪ ਤੇ ਫਿਰ ਆਰਕਬਿਸ਼ਪ ਬਣਿਆ ਅਤੇ ਜੋ ਆਪਣੀ ਈਸਾਈਅਤ ਦੇ ਪਾਲਣ ਵਿਚ ਪੂਰਾ ਅਡਿੱਗ ਸੀ। ਇਸ ਦੇ ਬਾਵਜੂਦ ਇਕ ਵਾਰ ਉਨ੍ਹਾਂ ਹੋਰਨਾਂ ਧਰਮਾਂ ਦੇ ਪੈਰੋਕਾਰਾਂ ਦੀ ਤਾਰੀਫ਼ ਵਿਚ ਆਖਿਆ ਸੀ, ‘‘ਰੱਬ ਈਸਾਈ ਨਹੀਂ ਹੈ’’। ਇਸੇ ਤਰ੍ਹਾਂ ਰੱਬ ਤਾਂ ਹਿੰਦੂ ਵੀ ਨਹੀਂ ਹੈ।