ਲੈਫ. ਜਨਰਲ (ਸੇਵਾਮੁਕਤ) ਮਹਿੰਦਰ ਪੁਰੀ
ਘਟਨਾ ਨੂੰ 22 ਸਾਲ ਹੋ ਗਏ ਹਨ ਜਦੋਂ ਕਾਰਗਿਲ ਸੈਕਟਰ ਵਿਚ ਪਾਕਿਸਤਾਨੀ ਘੁਸਪੈਠ ਕਾਰਨ ਸਾਡਾ ਦੇਸ਼ ਜੰਗ ਦੇ ਮੁਹਾਣ ’ਤੇ ਪਹੁੰਚ ਗਿਆ ਸੀ। ਇਸ ਲੇਖ ਦਾ ਮਨੋਰਥ ਇਹ ਬਿਆਨ ਕਰਨਾ ਨਹੀਂ ਕਿ ਪਾਕਿਸਤਾਨ ਨੇ ਸਾਨੂੰ ਕਿਉਂ ਤੇ ਕਿਵੇਂ ਧੋਖਾ ਦੇ ਕੇ ਸਾਡੀ ਸਰਕਾਰ ਅਤੇ ਫ਼ੌਜ ਨੂੰ ਦੰਗ ਕਰ ਦਿੱਤਾ ਸੀ ਸਗੋਂ ਕਮਾਂਡ ਦਾ ਸ਼ਰਫ਼ ਹਾਸਲ ਕਰਨ ਵਾਲੀ ਅੱਠਵੀਂ ਮਾਊਂਟੇਨ ਡਿਵੀਜ਼ਨ ਦੇ ਅਫ਼ਸਰਾਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ।
ਇਨ੍ਹਾਂ ਵਿਚੋਂ ਬਹੁਤ ਸਾਰੇ ਅਫ਼ਸਰ ਤੇ ਜਵਾਨ ਅਜਿਹੇ ਸਨ ਜੋ ਅਦੁੱਤੀ ਹੌਸਲੇ ਤੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਆਮ ਫ਼ੌਜੀ ਫ਼ਰਜ਼ਸ਼ਨਾਸ਼ੀ ਤੋਂ ਵੀ ਪਾਰ ਚਲੇ ਗਏ ਸਨ। ਇਨ੍ਹਾਂ ਬੀਤੇ ਹੋਏ ਸਾਲਾਂ ਨੂੰ ਯਾਦ ਕਰਦਿਆਂ ਮੈਂ ਕੁਝ ਅਜਿਹੇ ਅਫ਼ਸਰਾਂ ਅਤੇ ਜਵਾਨਾਂ ਬਾਰੇ ਸੋਚਦਾ ਹਾਂ ਜੋ ਅੱਜ ਸ਼ਾਇਦ ਬ੍ਰਿਗੇਡਾਂ ਦੀ ਕਮਾਨ ਸੰਭਾਲ ਰਹੇ ਹੁੰਦੇ ਅਤੇ ਆਪੋ-ਆਪਣੇ ਕੇਡਰਾਂ ਦੇ ਰੈਂਕਾਂ ਵਿਚ ਤਰੱਕੀਆਂ ਪਾ ਚੁੱਕੇ ਹੁੰਦੇ; ਲੇਕਿਨ ਉਨ੍ਹਾਂ ਦੀ ਘਾਲਣਾ ਕਿਤੇ ਜ਼ਿਆਦਾ ਮੁੱਲਵਾਨ ਹੈ ਤੇ ਉਨ੍ਹਾਂ ਦੇ ਪੂਰਨਿਆਂ ਦੀ ਗਾਥਾ ਕਿਸੇ ਵੀ ਰੈਂਕ ਦੀ ਪ੍ਰਾਪਤੀ ਤੋਂ ਉਪਰ ਗਿਣੀ ਜਾਂਦੀ ਰਹੇਗੀ।
ਕਾਰਗਿਲ ਦੀ ਲੜਾਈ ਗਹਿਗੱਚ ਲੜਾਈਆਂ ਵਿਚ ਸ਼ੁਮਾਰ ਹੈ ਜੋ 14000-18000 ਫੁੱਟ ਤੱਕ ਲੜੀ ਗਈ ਸੀ। ਉੱਥੇ ਇਨਸਾਨ ਦਾ ਰਹਿਣਾ ਮੁਸ਼ਕਿਲ ਹੈ ਅਤੇ ਮੌਸਮ ਵੀ ਬਹੁਤ ਸਖ਼ਤ ਹੁੰਦਾ ਹੈ। ਇਸ ਮੁਤੱਲਕ ਭਾਰਤੀ ਫ਼ੌਜ ਦੇ ਜਵਾਨ ਦਾ ਖ਼ਾਸ ਅਕਸ ਮੇਰੇ ਦਿਲ-ਦਿਮਾਗ ’ਤੇ ਸਥਾਈ ਤੌਰ ’ਤੇ ਛਪ ਗਿਆ ਹੈ। ਇਕ ਮਿੰਟ ਲਈ ਸੋਚ ਕੇ ਦੇਖੋ ਕਿ ਕਿਵੇਂ ਉਹ ਕਿਸੇ ਅਜਿਹੇ ਔਖੇ ਖੇਤਰ ’ਤੇ ਕਿਸੇ ਦੁਸ਼ਮਣ ਦੇਸ਼ ਦੀ ਚੌਕੀ ’ਤੇ ਕਾਬਿਜ਼ ਹੋਣ ਦੇ ਹੁਕਮ ਲੈਣ ਲਈ ਤਿਆਰ ਰਹਿੰਦੇ ਹਨ ਜਿੱਥੇ ਭਾਰੀ ਬਰਫ਼ ਪੈਂਦੀ ਹੈ, ਤਾਪਮਾਨ ਮਨਫ਼ੀ 30 ਡਿਗਰੀ ਸੈਲਸੀਅਸ ਤੱਕ ਡਿਗ ਜਾਂਦਾ ਹੈ ਅਤੇ ਦੁਸ਼ਮਣ ਦਾ ਤੋਪਖ਼ਾਨਾ ਉਨ੍ਹਾਂ ਦੀਆਂ ਕੁਮਕਾਂ ਨੂੰ ਨਿਸ਼ਾਨਾ ਬਣਾ ਰਹੇ ਹੁੰਦਾ ਹੈ। ਆਪਣੇ ਆਗੂ ਦੀ ਇਕ ਕਮਾਂਡ ’ਤੇ ਉਹ ਅੰਤਮ ਧਾਵੇ ਲਈ ਆਪਣੇ ਸਾਥੀਆਂ ਨਾਲ ਰਵਾਨਾ ਹੋ ਜਾਂਦੇ ਹਨ ਤੇ ਇਕ ਸੈਕੰਡ ਲਈ ਇਹ ਨਹੀਂ ਸੋਚਦੇ ਕਿ ਉਹ ਆਪਣੇ ਪਰਿਵਾਰ, ਆਪਣੀ ਗਰਭਵਤੀ ਪਤਨੀ, ਬੱਚਿਆਂ ਜਾਂ ਬਜ਼ੁਰਗ ਮਾਪਿਆਂ ਕੋਲ ਵਾਪਸ ਆ ਸਕਣਗੇ ਜਾਂ ਨਹੀਂ। ਫ਼ਰਜ਼ ਦੀ ਭਾਵਨਾ, ਹੌਸਲੇ, ਦ੍ਰਿੜਤਾ ਅਤੇ ਆਪਣੀ ਯੂਨਿਟ, ਫ਼ੌਜ ਅਤੇ ਦੇਸ਼ ਪ੍ਰਤੀ ਸਿਰੇ ਦੀ ਵਫ਼ਾਦਾਰੀ ਸਦਕਾ ਉਹ ਇਨ੍ਹਾਂ ਭਾਵਨਾਵਾਂ ’ਤੇ ਕਾਬੂ ਪਾਉਂਦੇ ਹਨ। ਇਨ੍ਹਾਂ ਜਵਾਨਾਂ ਦੀਆਂ ਬਹੁਤ ਸਾਰੀਆਂ ਕੁਰਬਾਨੀਆਂ ਸਾਡੀ ਲੋਕਧਾਰਾ ਦਾ ਹਿੱਸਾ ਬਣ ਚੁੱਕੀਆਂ ਹਨ ਅਤੇ ਇਨ੍ਹਾਂ ਨੂੰ ਤਾਜ਼ਾ ਰੱਖਣ ਲਈ ਨਵੀਂ ਪੀੜ੍ਹੀ ਲਈ ਪ੍ਰੇਰਨਾ ਦੇ ਸਰੋਤ ਵਜੋਂ ਦੁਹਰਾਉਂਦੇ ਰਹਿਣ ਦੀ ਲੋੜ ਹੈ।
ਜਵਾਨਾਂ ਦਾ ਕਿੱਤਾ ਬਹੁਤ ਡਾਢਾ ਹੈ। ਇਹਦੇ ਲਈ ਤਿੰਨ ਅਸੂਲਾਂ ਦਾ ਅਹਿਦ ਨਿਭਾਉਣਾ ਪੈਂਦਾ ਹੈ: ਪਹਿਲਾ, ਹਰ ਜਵਾਨ ਇਕ ਬੇਹਿਸਾਬ ਦੇਣਦਾਰ ਕਰਾਰ ’ਤੇ ਸਹੀ ਪਾਉਂਦਾ ਹੈ; ਦੂਜਾ, ਦੂਜੇ ਸਥਾਨ ’ਤੇ ਆਉਣਾ ਪ੍ਰਵਾਨ ਨਹੀਂ ਅਤੇ ਤੀਜਾ, ਅਨੇਕਤਾ ਵਿਚ ਏਕਤਾ ’ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਅਸੂਲਾਂ ਦੀ ਪਾਲਣਾ ਸਦਕਾ ਹੀ ਆਪਣਾ ਸਿਦਕ ਨਿਭਾ ਸਕਦਾ ਹੈ। ਤਿੱਖੀਆਂ ਚਟਾਨਾਂ, ਉੱਚੀਆਂ ਚੋਟੀਆਂ, ਗਿੱਲਾ ਸਿੱਲ੍ਹਾ ਮੌਸਮ, ਮੀਂਹ ਤੇ ਬਰਫ਼ਬਾਰੀ, ਆਪਣੀ ਸਰਹੱਦੀ ਲਾਈਨ ਦੇ ਪਾਰੋਂ ਘੁਸਪੈਠ ਦੀਆਂ ਰੋਕਾਂ ਅਤੇ ਥਾਂ ਥਾਂ ਮੋਰਚੇ ਬਣਾਈ ਬੈਠੇ ਦੁਸ਼ਮਣ ’ਤੇ ਧਾਵਾ ਬੋਲਣਾ ਉਸ ਦੀ ਸਿਖਲਾਈ ਦਾ ਹਿੱਸਾ ਹਨ। ‘ਨਾਮ, ਨਮਕ ਅਤੇ ਨਿਸ਼ਾਨ’ ਉਸ ਲਈ ਅਕੀਦਾ ਹਨ ਅਤੇ ਇਸ ਤੋਂ ਘੱਟ ਉਸ ਦੀ ਸੰਤੁਸ਼ਟੀ ਨਹੀਂ ਹੋ ਸਕਦੀ। ਹਮੇਸ਼ਾ ਵਾਂਗ ਕਾਰਗਿਲ ਵਿਚ ਸਾਡੇ ਜਵਾਨਾਂ ਨੇ ਇਸ ਅਹਿਦ ਦੇ ਇਕ ਇਕ ਹਰਫ਼ ਨੂੰ ਪੂਰਾ ਕੀਤਾ।
ਹਰ ਸਫ਼ਲ ਹਮਲੇ ਨਾਲ ਉਸ ਨੂੰ ਨੇਪਰੇ ਚਾੜ੍ਹਨ ਦੀ ਸ਼ਿੱਦਤ ਨਾਲ ਕੋਈ ਕਹਾਣੀ ਜੁੜੀ ਹੁੰਦੀ ਹੈ ਜਿਸ ਨਾਲ ਕਿਸੇ ਰਜਮੈਂਟ, ਫ਼ੌਜ ਤੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਸਾਡੇ ਕੁਝ ਯੁਵਾ ਅਫ਼ਸਰ ਅਤੇ ਜਵਾਨ ਜੋ ਇਹ ਘਾਤਕ ਲੜਾਈ ਦੇ ਮੈਦਾਨ ਵਿਚ ਉੱਤਰੇ ਸਨ ਪਰ ਕੌਮੀ ਝੰਡੇ ਵਿਚ ਲਿਪਟ ਕੇ ਹੀ ਵਾਪਸ ਮੁੜੇ ਸਨ। ਉਹ ਸਾਡੇ ਵਿਚੋਂ ਹੀ ਸਨ, ਸਮਾਜ ਦੇ ਹਰ ਤਬਕੇ ਅਤੇ ਸਾਡੀ ਸਰਜ਼ਮੀਨ ਦੇ ਹਰ ਕੋਨੇ ਤੋਂ ਆਏ ਸਨ। ਇਹ ਅਨੇਕਤਾ ਵਿਚ ਏਕਤਾ ਦੀ ਅਨੂਠੀ ਮਿਸਾਲ ਹੈ। ਉਨ੍ਹਾਂ ਦੇ ਪੇਟ ਵਿਚ ਅੱਗ ਬਲਦੀ ਸੀ ਤੇ ਉਨ੍ਹਾਂ ਇਤਿਹਾਸ ਸਿਰਜ ਦਿੱਤਾ।
ਕੈਪਟਨ ਵਿਜਯੰਤ ਥਾਪਰ ਦੀ ਹੀ ਕਹਾਣੀ ਲੈ ਲਓ ਜੋ ਇੰਡੀਅਨ ਮਿਲਟਰੀ ਅਕੈਡਮੀ ਤੋਂ ਨਵਾਂ ਨਵਾਂ ਪਾਸ ਹੋ ਕੇ ਆਇਆ ਸੀ ਤੇ ਜਿਸ ਲਈ ਗੌਰਵ, ਫਰਜ਼ ਅਤੇ ਪਰਿਵਾਰਕ ਕਦਰਾਂ ਕੀਮਤਾਂ ਤੇ ਰਵਾਇਤਾਂ ਦੀ ਪਾਲਣਾ ਹੀ ਸਭ ਤੋਂ ਉੱਤਮ ਚੀਜ਼ ਸੀ। ਲੜਾਈ ’ਤੇ ਜਾਣ ਲੱਗਿਆ ਵਿਜਯੰਤ ਨੇ ਆਪਣੇ ਜਵਾਨਾਂ ਨੂੰ ਆਖਿਆ ਸੀ- “ਜੇ ਮੈਂ ਵਾਪਸ ਆਇਆ ਤਾਂ ਮੈਨੂੰ ਗੋਲੀ ਮਾਰ ਦਿਓ ਤੇ ਜੇ ਕੋਈ ਹੋਰ ਵਾਪਸ ਆਇਆ ਤਾਂ ਮੈਂ ਉਸ ਨੂੰ ਗੋਲੀ ਮਾਰ ਦੇਵਾਂਗਾ।” ਇਹ ਸੀ ਉਸ ਨੌਜਵਾਨ ਅਫ਼ਸਰ ਦਾ ਮਨੋਬਲ ਜਿਸ ਨੇ ਜਦੋਂ ਸੁਣਿਆ ਕਿ ਉਸ ਦਾ ਕੰਪਨੀ ਕਮਾਂਡਰ ਮਾਰਿਆ ਗਿਆ ਹੈ ਤਾਂ ਉਸ ਨੇ ਅਗਵਾਈ ਸੰਭਾਲ ਲਈ। ਹਾਲਾਂਕਿ ਸਬ ਯੂਨਿਟ ਨੇ ਆਪਣਾ ਟੀਚਾ ਹਾਸਲ ਕਰ ਲਿਆ ਪਰ ਵਿਜਯੰਤ ਜਦੋਂ ਆਪਣੇ ਸਾਥੀਆਂ ਨਾਲ ਅੱਗੇ ਵਧ ਰਿਹਾ ਸੀ ਤਾਂ ਉਹ ਮਸ਼ੀਨ ਗੰਨ ਦੀ ਮਾਰ ਹੇਠ ਆ ਗਿਆ। ਉਸ ਨੂੰ ਮਰਨ ਉਪਰੰਤ ਵੀਰ ਚੱਕਰ ਦਿੱਤਾ ਗਿਆ ਸੀ।
ਕਾਰਗਿਲ ਦੀ ਲੜਾਈ ਅਜਿਹੇ ਹੌਸਲੇ ਅਤੇ ਬਹਾਦਰੀ ਦੀਆਂ ਕਹਾਣੀਆਂ ਨਾਲ ਭਰੀ ਪਈ ਹੈ। ਕੈਪਟਨ ਅਨੁਜ ਨਾਇਰ ਇਕ ਅਹਿਮ ਟਿਕਾਣੇ ’ਤੇ ਧਾਵਾ ਬੋਲਣ ਵਾਲੀ ਆਪਣੀ ਬਟਾਲੀਅਨ ਦਾ ਹਿੱਸਾ ਸੀ। ਅਨੁਜ ਦਾ ਕੰਪਨੀ ਕਮਾਂਡਰ ਜ਼ਖ਼ਮੀ ਹੋ ਗਿਆ ਤੇ ਕੰਪਨੀ ਦੀ ਅਗਵਾਈ ਦਾ ਜ਼ਿੰਮਾ ਯੁਵਾ ਮੋਢਿਆਂ ’ਤੇ ਆਣ ਪਿਆ। ਇਸ ਸਬ ਯੂਨਿਟ ’ਤੇ ਦੁਸ਼ਮਣ ਦੀ ਤਰਫ਼ੋਂ ਤੋਪਖਾਨੇ ਅਤੇ ਮੌਰਟਾਰ ਨਾਲ ਗੋਲਾਬਾਰੀ ਕੀਤੀ ਜਾ ਰਹੀ ਸੀ ਪਰ ਅਨੁਜ ਨੇ ਅੱਗੇ ਵਧਦਿਆਂ ਰਾਕੇਟ ਅਤੇ ਹਥਗੋਲਿਆਂ ਨਾਲ ਪਹਿਲਾ ਬੰਕਰ ਤੋੜ ਦਿੱਤਾ। ਜਦੋਂ ਫਿਰ ਵੀ ਭਾਰੀ ਗੋਲਾਬਾਰੀ ਜਾਰੀ ਰਹੀ ਤਾਂ ਉਸ ਦੇ ਸਾਥੀਆਂ ਨੇ ਦੋ ਹੋਰ ਬੰਕਰ ਤਬਾਹ ਕਰ ਦਿੱਤੇ। ਇਸ ਤੋਂ ਬਾਅਦ ਕੰਪਨੀ ਨੇ ਆਖਰੀ ਬੰਕਰ ’ਤੇ ਧਾਵਾ ਬੋਲ ਦਿੱਤਾ ਤੇ ਇਸੇ ਦੌਰਾਨ ਦੁਸ਼ਮਣ ਦੀ ਤਰਫ਼ੋਂ ਦਾਗਿਆ ਗ੍ਰੇਨੇਡ ਅਨੁਜ ’ਤੇ ਡਿਗਿਆ ਤੇ ਉਹ ਥਾਏਂ ਸ਼ਹੀਦ ਹੋ ਗਿਆ। ਅਨੁਜ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਦਿੱਤਾ ਗਿਆ ਸੀ।
ਪੰਜਾਹ ਦਿਨ ਚੱਲੀ ਇਸ ਲੜਾਈ ਵਿਚ ਫ਼ੌਜ ਦੇ ਅਫ਼ਸਰਾਂ ਤੇ ਜਵਾਨਾਂ ਦੀ ਸਿਖਲਾਈ, ਮਨੋਬਲ ਅਤੇ ਜਜ਼ਬੇ ਦੀ ਪੂਰੀ ਅਜ਼ਮਾਇਸ਼ ਹੋਈ ਸੀ ਅਤੇ ਇਸ ਨਾਲ ਜੋ ਜੋਸ਼ ਦਾ ਮਾਹੌਲ ਬਣਿਆ ਸੀ ਉਸ ਕਰ ਕੇ ਇਸ ਦੀ ਚਰਚਾ ਲੜਾਈ ਤੋਂ ਬਾਅਦ ਵੀ ਸਾਡੇ ਘਰਾਂ ਵਿਚ ਚਲਦੀ ਰਹੀ ਸੀ। ਸ਼ਹਾਦਤ ਦਾ ਜਾਮ ਪੀਣ ਵਾਲੇ ਅਫ਼ਸਰਾਂ ਤੇ ਜਵਾਨਾਂ ਦਾ ਅੰਤਮ ਦੇਸ਼ ਦੇ ਹਰ ਖੇਤਰ ਵਿਚ ਫ਼ੌਜੀ ਸਤਿਕਾਰ ਤੇ ਸਨਮਾਨ ਨਾਲ ਕੀਤਾ ਗਿਆ ਜੋ ਸਾਡੇ ਹਰ ਨਾਗਰਿਕ ਦੀ ਤਾਕਤ ਅਤੇ ਬਲ ਦਾ ਪ੍ਰਤੀਕ ਹੈ।
ਅੱਠਵੀਂ ਮਾਊਂਟੇਨ ਡਿਵੀਜ਼ਨ ਨੇ ਦੇਸ਼ ਦੇ ਸਿਰਮੌਰ ਬਹਾਦਰੀ ਪੁਰਸਕਾਰ ਅੱਠ ਪਰਮ ਵੀਰ ਚੱਕਰ ਪ੍ਰਾਪਤ ਕੀਤੇ ਸਨ। ਕੈਪਟਨ ਵਿਕਰਮ ਬੱਤਰਾ, ਆਨਰੇਰੀ ਲੈਫਟੀਨੈਂਟ ਯੋਗੇਂਦਰ ਯਾਦਵ ਅਤੇ ਸੂਬੇਦਾਰ ਮੇਜਰ ਸੰਜੇ ਕੁਮਾਰ ਨੂੰ ਇਹ ਸਿਰਮੌਰ ਪੁਰਸਕਾਰ ਪ੍ਰਾਪਤ ਹੋਏ ਸਨ। ਵਿਕਰਮ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿੱਤਾ ਗਿਆ ਸੀ ਜਦਕਿ ਦੋ ਦੂਜੇ ਅਫ਼ਸਰ ਅਜੇ ਵੀ ਸਾਡੇ ਸਿਖਲਾਈ ਸੰਸਥਾਵਾਂ ਵਿਚ ਸੇਵਾਵਾਂ ਨਿਭਾ ਰਹੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬੁਲੰਦੀਆਂ ਛੋਹਣ ਦੀ ਪ੍ਰੇਰਨਾ ਦਾ ਸਰੋਤ ਸਾਬਿਤ ਹੋ ਰਹੇ ਹਨ।
ਵਿਕਰਮ ਬੱਤਰਾ ਪਾਲਮਪੁਰ ਦੇ ਜੰਮਪਲ ਸਨ ਤੇ ਕਾਲਜ ਦੇ ਦਿਨਾਂ ਤੋਂ ਹੀ ਉਹ ਫ਼ੌਜ ਵਿਚ ਜਾਣ ਲਈ ਉਤਾਵਲੇ ਸਨ। ਉਨ੍ਹਾਂ ਆਪਣੀ ਬਟਾਲੀਅਨ ਵਿਚ ਕਮਿਸ਼ਨ ਲਿਆ ਅਤੇ ਛੇਤੀ ਹੀ ਉਨ੍ਹਾਂ ਨੂੰ ਘੁਸਪੈਠੀਆਂ ਨੂੰ ਵਾਪਸ ਪਾਕਿ ਧੱਕਣ ਲਈ ਦਰਾਸ ਦੀ ਯਖ਼ ਪਹਾੜੀਆਂ ’ਤੇ ਤਾਇਨਾਤ ਕਰ ਦਿੱਤਾ ਗਿਆ। ਵਿਕਰਮ ਆਪਣੀ ਦਲੇਰੀ ਲਈ ਹੀ ਨਹੀਂ ਸਗੋਂ ‘ਯੇਹ ਦਿਲ ਮਾਂਗੇ ਮੋਰ’ ਦਾ ਨਾਅਰਾ ਲਾਉਣ ਲਈ ਵੀ ਜਾਣੇ ਜਾਂਦੇ ਹਨ ਜੋ ਉਨ੍ਹਾਂ ਆਪਣਾ ਕਾਰਜ ਪੂਰਾ ਕਰਨ ਸਮੇਂ ਆਪਣੇ ਕਮਾਂਡਿੰਗ ਅਫ਼ਸਰ ਸਾਹਮਣੇ ਲਾਇਆ ਸੀ।
ਕਰੀਬ ਦੋ ਕੁ ਹਫ਼ਤੇ ਮਗਰੋਂ ਦੂਜੇ ਹਮਲੇ ਵੇਲੇ ਭਾਰੀ ਗੋਲਾਬਾਰੀ ਦੇ ਬਾਵਜੂਦ ਇਕ ਅਹਿਮ ਟਿਕਾਣੇ ’ਤੇ ਕਬਜ਼ਾ ਕਰਨ ਲਈ ਆਪਣੀ ਸਬ ਯੂਨਿਟ ਦੀ ਅਗਵਾਈ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਸੀ। ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਬਾਵਜੂਦ ਉਸ ਨੇ ਆਪਣੇ ਜਵਾਨਾਂ ਦੀ ਅਗਵਾਈ ਜਾਰੀ ਰੱਖੀ ਤੇ ਬਾਅਦ ਵਿਚ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਦਿੱਤਾ ਸੀ।
ਉਸੇ ਬਟਾਲੀਅਨ ਹਮਲੇ ਵੇਲੇ ਵਿਕਰਮ ਦੀ ਹੀ ਯੂਨਿਟ ਵਿਚ ਰਾਈਫਲਮੈਨ ਸੰਜੇ ਕੁਮਾਰ ਨੇ ਵੀ ਅਦੁੱਤੀ ਸਾਹਸ ਦਾ ਮੁਜ਼ਾਹਰਾ ਕੀਤਾ ਸੀ ਜਦੋਂ ਉਸ ਨੇ ਇਕੱਲਿਆਂ ਹੀ ਦੁਸ਼ਮਣ ਦੀ ਘੇਰਾਬੰਦੀ ਤੋੜ ਦਿੱਤੀ ਸੀ ਤੇ ਇਸ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਦੁਸ਼ਮਣ ’ਤੇ ਗੋਲੀ ਵਰਾਉਂਦੇ ਰਹੇ ਤੇ ਇੰਜ ਆਪਣੀ ਸਬ ਯੂਨਿਟ ਦੇ ਅੱਗੇ ਵਧਣ ਦਾ ਰਾਹ ਪੱਧਰਾ ਕੀਤਾ ਸੀ। ਪੁਰਸਕਾਰ ਜੇਤੂ ਤੀਜਾ ਜਵਾਨ ਗ੍ਰੇਨੇਡੀਅਰ ਯੋਗੇਂਦਰ ਸਿੰਘ ਯਾਦਵ ਸੀ ਜੋ ਨਵਾਂ ਨਵਾਂ ਆਇਆ ਸੀ ਤੇ ਹਮਲੇ ਵਿਚ ਹਿੱਸਾ ਲੈਂਦਿਆਂ ਉਸ ਦੇ ਸੱਤ ਗੋਲੀਆਂ ਵੱਜੀਆਂ ਸਨ ਪਰ ਉਸ ਨੇ ਹਾਰ ਨਹੀਂ ਮੰਨੀ ਤੇ ਦੁਸ਼ਮਣ ਦੇ ਸੱਤ ਫ਼ੌਜੀ ਮਾਰ ਮੁਕਾਏ ਸਨ। ਜਦੋਂ ਤੱਕ ਟੀਚਾ ਸਰ ਨਾ ਕਰ ਲਿਆ ਗਿਆ, ਉਦੋਂ ਤੱਕ ਉਸ ਨੇ ਉੱਥੋਂ ਹਟਣ ਤੋਂ ਇਨਕਾਰ ਕਰ ਦਿੱਤਾ।
ਜੇ ਮੈਂ ਉਨ੍ਹਾਂ ਪਰਿਵਾਰਾਂ ਦਾ ਜ਼ਿਕਰ ਨਾ ਕਰਾਂ ਜਿਨ੍ਹਾਂ ਆਪਣੇ ਅਜ਼ੀਜ਼ ਇਸ ਲੜਾਈ ਵਿਚ ਗੁਆਏ ਸਨ ਤੇ ਅਜੇ ਵੀ ਉਹ ਮਾਣ ਤੇ ਗੌਰਵ ਨਾਲ ਜੀਅ ਰਹੇ ਹਨ ਤਾਂ ਇਹ ਕਹਾਣੀ ਅਧੂਰੀ ਹੀ ਗਿਣੀ ਜਾਵੇਗੀ। ਅਜਿਹੇ ਲੋਕਾਂ ਵਿਚੋਂ ਇਕ ਹੈ ਸ਼ਹੀਦ ਜਵਾਨ ਨਾਇਕ ਬਚਨ ਸਿੰਘ ਦੀ ਪਤਨੀ। ਨਾਇਕ ਬਚਨ ਸਿੰਘ ਲੜਾਈ ਦੇ ਸ਼ੁਰੂਆਤੀ ਪੜਾਅ ਦੌਰਾਨ ਹੀ ਮਾਰੇ ਗਏ ਸਨ। ਉਨ੍ਹਾਂ ਦੀ ਪਤਨੀ ਕਮਲੇਸ਼ ਬਾਲਾ ਨੇ ਬਹੁਤ ਹੀ ਹੌਸਲੇ ਤੇ ਜ਼ਬਤ ਦਾ ਮੁਜ਼ਾਹਰਾ ਕਰਦੇ ਹੋਏ ਆਪਣੇ ਜੌੜੇ ਪੁੱਤਰਾਂ ਨੂੰ ਚੰਗੀ ਸਿੱਖਿਆ ਦਿਵਾਈ ਜਿਸ ਸਦਕਾ ਉਨ੍ਹਾਂ ਦੇ ਇਕ ਪੁੱਤਰ ਹਿਤੇਸ਼ ਕੁਮਾਰ ਨੂੰ ਆਪਣੇ ਪਿਤਾ ਦੀ ਹੀ ਬਟਾਲੀਅਨ ਵਿਚ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ।
ਅੱਜ ਜਦੋਂ ਅਸੀਂ ਕੁਰਬਾਨੀਆਂ ਦੇ ਕੇ ਮਿਲੀ ਜਿੱਤ ਦੇ ਜਸ਼ਨ ਮਨਾ ਰਹੇ ਹਾਂ ਤਾਂ ਸਾਨੂੰ ਉਨ੍ਹਾਂ 527 ਅਫ਼ਸਰਾਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੀ ਲੋੜ ਹੈ ਜਿਨ੍ਹਾਂ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ। ਨਾਲ ਵੀ ਇਹ ਪ੍ਰੇਰਨਾ ਲੈਣ ਦੀ ਵੀ ਲੋੜ ਹੈ ਕਿ ਸਾਡਾ ਭਾਰਤ ਬੇਮਿਸਾਲ ਹੀ ਨਹੀਂ ਸਗੋਂ ਅਜੇਤੂ ਵੀ ਹੈ।
*ਲੇਖਕ ਥਲ ਸੈਨਾ ਦਾ ਸਾਬਕਾ ਉਪ ਮੁਖੀ ਹੈ।