ਟੀਐੱਨ ਨੈਨਾਨ
ਚਾਲ਼ੀ ਸਾਲ ਪਹਿਲਾਂ ਮੁਲਕ ਦੇ 30 ਸਭ ਤੋਂ ਵੱਡੇ ਕਾਰੋਬਾਰੀ ‘ਘਰਾਣਿਆਂ’ ਨਾਲ ਜੁੜੀਆਂ ਅਤੇ ਸ਼ੇਅਰ ਬਾਜ਼ਾਰ ਵਿਚ ਸੂਚੀਬੰਦ ਕੰਪਨੀਆਂ ਦੀ ਕੁੱਲ ਕੀਮਤ 6200 ਕਰੋੜ ਰੁਪਏ ਸੀ। ਉਸ ਵੇਲੇ ਜੀਡੀਪੀ (ਕੁੱਲ ਘਰੇਲੂ ਪੈਦਾਵਾਰ) ਇਸ ਤੋਂ 28 ਗੁਣਾ ਵੱਧ (1.75 ਲੱਖ ਕਰੋੜ ਰੁਪਏ) ਸੀ। ਬਹੁਤੀਆਂ ਕੰਪਨੀਆਂ ‘ਮੁੱਢਲੀ’ ਪੈਦਾਵਾਰ ਕਰਨ ਵਾਲੀਆਂ ਸਨ: ਜਿਵੇਂ ਪਟਸਨ (ਸਣ, ਸਨੁਕੜਾ), ਚਾਹ, ਸੀਮਿੰਟ, ਚੀਨੀ, ਸਟੀਲ, ਕੱਪੜਾ ਆਦਿ। ਉਸ ਤੋਂ ਬਾਅਦ ਇਸ ਮਾਮਲੇ ਵਿਚ ਬੜੀ ਨਾਟਕੀ ਤਬਦੀਲੀ ਆਈ। ਅੱਜ ਕੌਮੀ ਸ਼ੇਅਰ ਬਾਜ਼ਾਰ ਵਿਚ ਸੂਚੀਬੰਦ ਕੰਪਨੀਆਂ ਦੀ ਕੁੱਲ ਕੀਮਤ ਜੀਡੀਪੀ ਤੋਂ 15 ਫ਼ੀਸਦੀ ਵੱਧ ਹੈ ਜੋ ਬੀਤੇ ਸਾਲ 197 ਖਰਬ ਰੁਪਏ ਸੀ।
ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ‘ਵੱਡੇ ਇਜਾਰੇਦਾਰ’ ਘਰਾਣਿਆਂ ਦੀ ਤਾਕਤ (ਜਿਨ੍ਹਾਂ ਨੂੰ ਅੱਜ ਦੇ ਨਜ਼ਰੀਏ ਤੋਂ ਛੋਟਿਆਂ ਵਜੋਂ ਦੇਖਿਆ ਜਾਂਦਾ ਹੈ), ਉਦੋਂ ਬੜਾ ਭਖ਼ਦਾ ਸਿਆਸੀ ਮੁੱਦਾ ਸੀ ਪਰ ਅੱਜ ਹਾਲਾਤ ਉਲਟ ਹਨ। ਅੱਜ ਇਨ੍ਹਾਂ ਕੰਪਨੀਆਂ ਰਾਹੀਂ ਧਨ ਦੀ ਸਿਰਜਣਾ ਨੂੰ ਵਧੀਆ ਮੰਨਦਿਆਂ ਖ਼ੁਸ਼ੀ ਮਨਾਈ ਜਾਂਦੀ ਹੈ ਕਿਉਂਕਿ ਹੋਰ ਬਹੁਤ ਸਾਰੇ ਪਰਚੂਨ ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰ ਅਤੇ ਮਿਊਚੁਅਲ ਫੰਡਾਂ ਰਾਹੀਂ ਬਾਜ਼ਾਰ ਨਾਲ ਜੋੜ ਲਿਆ ਜਾਂਦਾ ਹੈ; ਫਿਰ ਹੁਣ ਬਿਜ਼ਨਸ ਮੀਡੀਆ ਦੀ ਆਵਾਜ਼ ਜਿ਼ਆਦਾ ਬੁਲੰਦ ਹੈ; ਨਾਲ ਹੀ ਵੱਡੇ ਤੇ ਮੋਹਰੀ ਕਾਰੋਬਾਰੀਆਂ ਵੱਲੋਂ ਸੱਤਾ ਨੂੰ ਆਪਣੇ ਕੰਟਰੋਲ ਵਿਚ ਰੱਖੇ ਜਾਣ ਬਾਰੇ ਵੀ ਖ਼ਾਮੋਸ਼ ਚਰਚਾ ਹੁੰਦੀ ਹੈ।
ਸਰਮਾਏਦਾਰੀ ਢਾਂਚੇ ਦੀ ਇਹ ਵਾਜਬੀਅਤ, ਭਾਵ ਇਸ ਨੂੰ ਮੁਨਾਸਬ ਮੰਨ ਲਏ ਜਾਣ ਦਾ ਅਮਲ ਹੌਲੀ ਹੌਲੀ ਪੜਾਵਾਂ ਦੌਰਾਨ ਹੋਇਆ ਹੈ। ਇਸ ਮੁਤੱਲਕ ਪਹਿਲਾਂ ਸਟੇਟ/ਰਿਆਸਤੀ ਪੂੰਜੀਵਾਦ ਤੋਂ ਮੂੰਹ ਮੋੜਿਆ ਗਿਆ। ਇਤਿਹਾਸ ਅੰਦਰ ਕੌਮੀਕਰਨ ਦੇ ਪੱਖ ਵਿਚ ਆਖ਼ਰੀ ਵੱਡੀ ਕਾਰਵਾਈ 1980ਵਿਆਂ ਦੇ ਸ਼ੁਰੂ ਵਿਚ ਬੈਂਕਾਂ, ਬੰਬਈ ਦੀਆਂ ਕੱਪੜਾ ਮਿੱਲਾਂ ਅਤੇ ਕਲਕੱਤਾ ਦੀਆਂ ਇੰਜਨੀਅਰਿੰਗ ਯੂਨਿਟਾਂ ਦੇ ਰੂਪ ਵਿਚ ਦੇਖਣ ਨੂੰ ਮਿਲੀ ਸੀ ਪਰ ਇਸ ਨੇ ਮਾੜੇ ਸਿੱਟੇ ਦਿੱਤੇ। ਜੇ ਅਸੀਂ ਦੇਖੀਏ ਤਾਂ ਅੱਠਵੇਂ ਤੇ ਨੌਵੇਂ ਦਹਾਕਿਆਂ ਦਾ ਦੌਰ ਅਨੰਤ ਕਾਰੋਬਾਰੀ ਵਿਵਾਦਾਂ ਵਾਲਾ ਸੀ; ਅਜਿਹੇ ਵਿਵਾਦ ਜਿਨ੍ਹਾਂ ਨੇ ਕੌਮੀ ਸਿਆਸਤ ਤੱਕ ਨੂੰ ਹਿਲਾ ਕੇ ਰੱਖ ਦਿੱਤਾ ਪਰ ਇਸ ਦੇ ਬਾਵਜੂਦ ਪਹਿਲਾਂ ਅੰਬਾਨੀ ਅਤੇ ਫਿਰ ਨਾਲ ਹੀ ਅਡਾਨੀ ਸਾਫ਼-ਸਫ਼ਾਫ ਉੱਭਰ ਕੇ ਸਾਹਮਣੇ ਆ ਗਏ। ਉਨ੍ਹਾਂ ਅਤੇ ਉਨ੍ਹਾਂ ਵਰਗੇ ਹੋਰਨਾਂ ਨੂੰ ਸਰਕਾਰੀ ਤੰਤਰ ਵਿਚ ਅੱਗੇ ਵਧਣ ਲਈ ਰਾਹ ਮਿਲਦਾ ਜਾਂਦਾ ਹੈ ਅਤੇ ਆਲੋਚਨਾ ਫ਼ਜ਼ੂਲ ਲੱਗਦੀ ਹੈ। ਇਸ ਦੌਰਾਨ ਨਾਲ ਨਾਲ ਸੁਧਾਰ ਕੀਤੇ ਜਾਂਦੇ ਰਹੇ; ਜਿਵੇਂ ਲਾਇਸੈਂਸ ਢਾਂਚਾ ਖ਼ਤਮ ਕਰਨਾ, ਨਵੇਂ ਖੇਤਰਾਂ ਵਿਚ ਨਿੱਜੀ ਨਿਵੇਸ਼ ਦੀ ਖੁੱਲ੍ਹ ਦੇਣੀ, ਵਿਦੇਸ਼ੀ ਨਿਵੇਸ਼ ਆਦਿ।
ਇਸ ਦੌਰਾਨ ਪ੍ਰਾਈਵੇਟ ਖੇਤਰ ਅੰਦਰ ਵੀ ਛਾਨਣਾ ਲੱਗਾ ਹੋਇਆ ਸੀ। ਜਿਹੜੇ ਵੀ ਕਾਰੋਬਾਰੀ ਖ਼ੁਦ ਨੂੰ ਬਦਲਦੇ ਹਾਲਾਤ ਮੁਤਾਬਕ ਨਹੀਂ ਢਾਲ ਸਕੇ, ਉਹ ਸਮੇਂ ਨਾਲ ਦੌੜ ਤੋਂ ਬਾਹਰ ਹੋ ਗਏ ਜਾਂ ਫਿਰ ਅਪ੍ਰਸੰਗਕ ਹੋ ਗਏ, ਜਿਵੇਂ ਮਫ਼ਤਲਾਲ, ਖੇਤਾਨ, ਥਾਪਰ, ਮੋਦੀ ਅਤੇ ਸਾਰਾਭਾਈ ਘਰਾਣੇ। ਉਨ੍ਹਾਂ ਦੀ ਥਾਂ ਫਾਈਨਾਂਸ ਅਤੇ ਤਕਨਾਲੋਜੀ ਸੇਵਾਵਾਂ, ਫਾਰਮਾਸਿਊਟੀਕਲ, ਆਟੋ ਆਦਿ ਖੇਤਰਾਂ ਵਿਚ ਨਵੇਂ ਸਿਤਾਰੇ ਚਮਕ ਪਏ। ਅੱਜ ਸ਼ੇਅਰ ਬਾਜ਼ਾਰ ਇਨ੍ਹਾਂ ਰੁਝਾਨਾਂ ਦੇ ਸਿੱਟਿਆਂ ਦਾ ਪ੍ਰਤੀਬਿੰਬ ਹੈ।
ਨਿਫਟੀ 50 ਸੂਚਕ ਅੰਕ ਦੀਆਂ 50 ਕੰਪਨੀਆਂ ਵਿਚੋਂ 11 ਕੰਪਨੀਆਂ ਵਿੱਤੀ ਸੇਵਾਵਾਂ ਦੀਆਂ ਹਨ, ਛੇ ਆਟੋ ਸੈਕਟਰ ਦੀਆਂ, ਪੰਜ ਆਈਟੀ ਸੇਵਾਵਾਂ ਅਤੇ ਚਾਰ ਫਾਰਮਾਸਿਊਟੀਕਲ ਦੀਆਂ ਅਤੇ ਸੱਤ ਜਨਤਕ ਖੇਤਰ ਤੋਂ ਊਰਜਾ ਖੇਤਰ ਵਿਚ ਹਨ। ਆਟੋ ਅਤੇ ਮਾਲ ਤਿਆਰ ਕਰਨ (ਮੈਨੂਫੈਕਚਰਿੰਗ) ਦੇ ਖੇਤਰ ਤੋਂ ਬਾਹਰੋਂ ਬਹੁਤੀ ਨੁਮਾਇੰਦਗੀ ਨਹੀਂ ਹੈ। ਇਸ ਵਿਚ ਕੁਝ ਕੁ ਵੱਖ ਵੱਖ ਖੇਤਰਾਂ ਦੇ ਸਮੂਹ ’ਤੇ ਆਧਾਰਿਤ ਕਾਰੋਬਾਰੀ ਘਰਾਣੇ ਹੀ ਰਹਿ ਜਾਂਦੇ ਹਨ: ਨਿਫਟੀ ਵਿਚ ਟਾਟਾ (ਚਾਰ ਕੰਪਨੀਆਂ), ਬਿਰਲਾ (ਦੋ ਕੰਪਨੀਆਂ), ਅੰਬਾਨੀ ਤੇ ਅਡਾਨੀ (ਇਕ ਇਕ ਕੰਪਨੀ) ਲਈ ਵੀ ਥਾਂ ਹੈ। ਇਹ ਉਸ ਸੰਸਾਰ ਤੋਂ ਨਿਵੇਕਲੀ ਦੁਨੀਆ ਹੈ ਜਿਹੜਾ 1981 ਵਿਚ ਹੁੰਦਾ ਸੀ।
ਨਿਫਟੀ-50 ਭਾਵੇਂ ਤਬਦੀਲੀ ਦਾ ਝਲਕਾਰਾ ਦਿੰਦਾ ਹੈ ਪਰ ਨਾਲ ਹੀ ਇਸ ਵੱਲੋਂ ਇਹ ਵੀ ਦਿਖਾਇਆ ਜਾਂਦਾ ਹੈ ਕਿ ਕੀ ਗ਼ਾਇਬ ਹੈ: ਇਕ ਸਿਰੇ ’ਤੇ ਹਨ ਘੱਟ-ਲਾਗਤ ਵਾਲੇ ਨਿਰਮਾਤਾ ਅਤੇ ਦੂਜੇ ਸਿਰੇ ’ਤੇ ਮਿਆਰ ਤੇ ਭਾਰੀ ਕੀਮਤ ਵਾਲੇ ਕਾਰੋਬਾਰੀ, ਜਿਵੇਂ ਅਜਿਹੀਆਂ ਕੰਪਨੀਆਂ ਜਿਨ੍ਹਾਂ ਦਾ ਜਰਮਨੀ ਦੇ ਡੈਕਸ (Dax) 30 (ਬਾਫਸ, ਡਾਇਲਮਰ, ਸਿਮਨਜ਼) ਵਿਚ ਦਬਦਬਾ ਹੈ, ਜਾਂ ਫਰਾਂਸੀਸੀ ਕੈਕ (CAC) 40 (ਏਅਰਬਸ, ਸ਼ਨਾਈਡਰ ਅਤੇ ਥੇਲਜ਼, ਤੇ ਇਸ ਤੋਂ ਇਲਾਵਾ ਹਨ ਲਗਜ਼ਰੀ ਖੇਤਰ ਦੇ ਮੋਹਰੀ ਐੱਲਵੀਐੱਮਐੱਚ ਤੇ ਹਰਮਜ਼) ਵਿਚ ਧਾਂਕ ਹੈ।
ਬਰਤਾਨੀਆ ਹੁਣ ਕੋਈ ਮਾਲ ਤਿਆਰ ਕਰਨ ਵਾਲੀ ਤਾਕਤ ਨਹੀਂ ਰਿਹਾ। ਇਹ ਗੱਲ ਇਸ ਦੇ ਐੱਫਟੀਐਸਈ 100 (ਭਾਵ 100 ਸੂਚੀਬੰਦ ਕੰਪਨੀਆਂ ਵਾਲਾ ਐੱਫਟੀਐੱਸਈ ਸੂਚਕ ਅੰਕ) ਵਿਚੋਂ ਵੀ ਦਿਖਾਈ ਦਿੰਦੀ ਹੈ ਜਿਥੇ ਮੁਲਕ ਮੈਨੂੁਫੈਕਚਰਿੰਗ ਦੀ ਥਾਂ ਫਾਈਨਾਂਸ, ਖ਼ਪਤਕਾਰ ਬਰਾਂਡਾਂ, ਰਿਟੇਲਿੰਗ ਆਦਿ ਵੱਲ ਮੋੜਾ ਕੱਟ ਗਿਆ ਦਿਖਾਈ ਦਿੰਦਾ ਹੈ। ਜਪਾਨ ਜੋ ਅਮਰੀਕਾ ਤੋਂ ਬਾਅਦ ‘ਪੱਛਮੀ’ ਸੰਸਾਰ ਦਾ ਸਭ ਤੋਂ ਵੱਡਾ ਅਰਥਚਾਰਾ ਹੈ, ਦਾ ਨਿੱਕੀ 225 ਬੜਾ ਵਿਸ਼ਾਲ ਸੂਚਕ ਅੰਕ ਹੈ ਜਿਸ ਕਾਰਨ ਇਹ ਲੱਗਭੱਗ ਸਾਰੇ ਕਾਸੇ ਦਾ ਮਿਲਗੋਭਾ ਹੈ। ਦੂਜੇ ਪਾਸੇ ਚੀਨ ਨੇ ਆਪਣੇ ਵੱਲੋਂ ਪਹਿਲਾਂ ਹੀ ਆਪਣੀਆਂ ਇੰਟਰਨੈੱਟ ਆਧਾਰਿਤ ਅਤੇ ਤੇਜ਼-ਰਫ਼ਤਾਰ ਰੇਲ ਕੰਪਨੀਆਂ ਰਾਹੀਂ ਕੀਮਤ ਵਾਧੇ ਦੀ ਪੌੜੀ ’ਤੇ ਚੜ੍ਹਨਾ ਸ਼ੁਰੂ ਕਰ ਦਿੱਤਾ ਹੈ। ‘ਸੰਘਾਈ ਕੰਪੋਜਿ਼ਟ’ ਵਿਚ ਫਾਈਨਾਂਸ, ਉਸਾਰੀ, ਫਾਰਮਾ ਤੇ ਆਟੋ ਕੰਪਨੀਆਂ ਦਾ ਵਾਜਬ ਹਿੱਸਾ ਹੈ।
ਸ਼ੇਅਰ ਬਾਜ਼ਾਰ ਭਾਵੇਂ ਬਦਲ ਚੁੱਕੀਆਂ ਹਕੀਕਤਾਂ ਦਾ ਝਲਕਾਰਾ ਤਾਂ ਪੇਸ਼ ਕਰਦੇ ਹਨ ਪਰ ਪੂਰੀ ਤਸਵੀਰ ਨਹੀਂ ਦਿਖਾਉਂਦੇ। ਇਸ ਦਾ ਇਕ ਕਾਰਨ ਇਹ ਹੈ ਕਿ ਵੱਡੀਆਂ ਗ਼ੈਰਸੂਚੀਬੱਧ ਅਤੇ ਵਿਦੇਸ਼ੀ ਮਾਲਕੀ ਵਾਲੀਆਂ ਕੰਪਨੀਆਂ (ਹਿਉਂਦਈ ਤੇ ਕੋਕਾ ਕੋਲਾ) ਨੂੰ ਇਸ ਹਿਸਾਬ ’ਚ ਸ਼ਾਮਲ ਨਹੀਂ ਕੀਤਾ ਜਾਂਦਾ। ਇਸੇ ਦੌਰਾਨ ਬਿਜ਼ਨਸ ਸਟੈਂਡਰਡ ਦੀ 1000 ਸਭ ਤੋਂ ਵੱਡੀਆਂ ਕੰਪਨੀਆਂ (ਜਿਨ੍ਹਾਂ ਦੀ ਇਹ ਦਰਜਾਬੰਦੀ ਉਨ੍ਹਾਂ ਦੀ ਸ਼ੇਅਰ ਬਾਜ਼ਾਰ ਕੀਮਤ ਦੇ ਆਧਾਰ ’ਤੇ ਨਹੀਂ ਸਗੋਂ ਵਿਕਰੀ ਦੇ ਆਧਾਰ ਉਤੇ ਕੀਤੀ ਗਈ ਹੈ), ਵਿਚ ਸਭ ਤੋਂ ਵੱਡੇ ਵਰਗਾਂ ’ਚ ਸ਼ਾਮਲ ਹਨ ਪੂੰਜੀ-ਵਸਤਾਂ (capital goods), ਕੱਪੜਾ ਤੇ ਪੁਸ਼ਾਕਾਂ, ਆਟੋ ਪੁਰਜ਼ੇ, ਸਟੀਲ, ਫਾਰਮਾਸਿਊਟੀਕਲਜ਼ ਤੇ ਤਕਨਾਲੋਜੀ ਸਾਫਟਵੇਅਰ। ਇਸ ਸੂਚੀ ’ਚ ਕੱਪੜੇ ਤੇ ਪੁਸ਼ਾਕਾਂ ਦੇ ਵਰਗ ’ਚ ਸਭ ਤੋਂ ਵੱਡੀ ਕੰਪਨੀ (ਅਰਵਿੰਦ) 7360 ਕਰੋੜ ਰੁਪਏ ਦੀ ਦਰਮਿਆਨੀ ਸੇਲ ਨਾਲ ਦਰਜਾਬੰਦੀ ਵਿਚ ਕਾਫ਼ੀ ਹੇਠਾਂ, ਭਾਵ 148ਵੇਂ ਨੰਬਰ ’ਤੇ ਹੈ। ਵਰਗ ਵਜੋਂ ਤਕਨਾਲੋਜੀ ਹਾਰਡਵੇਅਰ ਇਸ ਵਿਚ ਮੌਜੂਦ ਨਹੀਂ। ਨਵੀਆਂ ਕਾਢਾਂ ’ਤੇ ਆਧਾਰਿਤ ਨਵੀਆਂ ਯੂਨੀਕਾਰਨ (ਇਕ ਅਰਬ ਡਾਲਰ ਤੋਂ ਵੱਧ ਮਾਲੀਏ ਵਾਲੀ ਪ੍ਰਾਈਵੇਟ ਕੰਪਨੀ) ਕੰਪਨੀਆਂ ਨੂੰ ਤਕਨਾਲੋਜੀ ਆਧਾਰਿਤ ਸੇਵਾਵਾਂ ਦੇ ਵਰਗ ਵਿਚ ਰੱਖਿਆ ਗਿਆ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।