ਇੱਕੀਵੀਂ ਸਦੀ ਨੂੰ ਸੂਚਨਾ ਤਕਨਾਲੋਜੀ ਦੀ ਸਦੀ ਆਖਿਆ ਜਾਂਦਾ ਹੈ। ਇਸ ਦੇ ਵਿਸਥਾਰ ਨਾਲ ਸਰਹੱਦਾਂ ਦੇ ਹੱਦਾਂ ਬੰਨੇ ਘਟ ਕੇ ਸੰਸਾਰ ਇਕ ਪਿੰਡ ਦਾ ਰੂਪ ਬਣਦਾ ਜਾ ਰਿਹਾ ਹੈ। ਪਿਛਲੀ ਸਦੀ ਵਿਚ ਰੇਡੀਓ ਦੀ ਪ੍ਰਧਾਨਤਾ ਸੀ ਜਿਸ ਨੇ ਵਿਕਾਸ ਵਿਚ ਖ਼ਾਸਕਰ ਖੇਤੀ ਤੇ ਪੇਂਡੂ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ। ਇਸ ਨੇ ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਵਿਚ ਵੀ ਯੋਗਦਾਨ ਪਾਇਆ। ਸੂਚਨਾ ਤਕਨਾਲੋਜੀ ਨੂੰ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬੀਆਂ ਨੇ ਵਧੇਰੇ ਤੇਜ਼ੀ ਨਾਲ ਅਪਣਾਇਆ ਹੈ। ਪੰਜਾਬ ਦੇ ਹਰੇਕ ਘਰ ਵਿਚ ਟੈਲੀਵਿਜ਼ਨ ਤੇ ਮੋਬਾਈਲ ਫੋਨ ਪਹੁੰਚ ਗਏ ਹਨ। ਸਮਾਜਿਕ ਮੀਡੀਆ ਨੇ ਸ਼ਹਿਰਾਂ ਵਿਚ ਤਾਂ ਤੇਜ਼ੀ ਨਾਲ ਪੈਰ ਪਸਾਰੇ ਹੀ, ਪਿੰਡ ਵੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਰਹੇ। ਪਿੰਡਾਂ ਵਿਚ ਵੀ ਇਸ ਦਾ ਪਸਾਰਾ ਤੇਜ਼ੀ ਨਾਲ ਹੋ ਰਿਹਾ ਹੈ। ਮੀਡੀਆ ਦਾ ਪ੍ਰਭਾਵ ਲੋਕੀ ਖ਼ਾਸਕਰ ਨਵੀਂ ਪੀੜ੍ਹੀ ਬੜੀ ਛੇਤੀ ਕਬੂਲਦੀ ਹੈ। ਮੀਡੀਆ ਨੇ ਮਾਂ ਬੋਲੀ, ਸਭਿਆਚਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਨਾਲ ਲੋਕਾਈ ਨੂੰ ਜੋੜਨ ਅਤੇ ਵਿਗਿਆਨਕ ਸੋਚ ਪ੍ਰਫੁਲਿਤ ਕਰਨ ਦੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ ਹੈ। ਇਹ ਪੰਜਾਬੀਆਂ ਨੂੰ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਨਾਲ ਜੋੜਨ ਦੀ ਥਾਂ ਤੋੜਨ ਵਿਚ ਵਧੇਰੇ ਭੂਮਿਕਾ ਨਿਭਾ ਰਿਹਾ ਹੈ। ਲੋਕਾਂ ਵਿਚ ਵਿਗਿਆਨਕ ਸੋਚ ਨੂੰ ਪ੍ਰਫੁਲਿਤ ਕਰਨ ਦੀ ਥਾਂ ਉਨ੍ਹਾਂ ਨੂੰ ਵਹਿਮਾਂ ਭਰਮਾਂ, ਧਾਗੇ-ਤਵੀਤਾਂ ਅਤੇ ਕਰਮ ਕਾਂਡਾਂ ਵਿਚ ਉਲਝਾਇਆ ਜਾ ਰਿਹਾ ਹੈ।
ਮੀਡੀਆ ਦੇ ਪ੍ਰਭਾਵ ਨਾਲ ਚਾਹੀਦਾ ਸੀ ਕਿ ਸਾਡੀ ਬੋਲੀ ਅਤੇ ਸਭਿਆਚਾਰ ਵਿਚ ਹੋਰ ਨਿਖਾਰ ਆਉਂਦਾ, ਜਿਸ ਵਿਚੋਂ ਗਿਆਨ ਵਿਗਿਆਨ ਦੀ ਝਲਕ ਨਜ਼ਰ ਆਉਂਦੀ। ਵਿਕਾਸ ਨਾਲ ਸਭਿਆਚਾਰਕ ਤਬਦੀਲੀਆਂ ਤਾਂ ਆਉਂਦੀਆਂ ਹੀ ਹਨ। ਇਹ ਤਾਂ ਪ੍ਰਗਤੀ ਦੀ ਨਿਸ਼ਾਨੀ ਹੈ ਪਰ ਨਾਂਹਪੱਖੀ ਬਿਰਤੀ ਕਿਸੇ ਵੀ ਸਮਾਜ ਲਈ ਸੁਖਾਵੀਂ ਨਹੀਂ ਹੁੰਦੀ। ਇਸ ਦਾ ਜ਼ਿੰਮੇਵਾਰ ਕੁਝ ਹੱਦਾਂ ਤੀਕ ਸਾਡਾ ਰਾਜਨੀਤਕ ਅਤੇ ਪ੍ਰਬੰਧਕੀ ਢਾਂਚਾ ਵੀ ਹੈ। ਅਜ਼ਾਦੀ ਪਿਛੋਂ ਲੋਕਾਂ ਵਿਚ ਆਪਣੀ ਬੋਲੀ, ਸਭਿਆਚਾਰ ਅਤੇ ਵਸੀਲਿਆਂ ਬਾਰੇ ਜਿਹੜੀ ਚੇਤਨਾ ਚਾਹੀਦੀ ਸੀ, ਉਹ ਨਹੀਂ ਜਾਗੀ। ਲੋਕਤੰਤਰ ਵਿਚ ਸਰਕਾਰ ਵਲੋਂ ਇਸ ਪਾਸੇ ਜਿਹੇ ਜਿਹੋ ਯਤਨ ਹੋਣੇ ਚਾਹੀਦੇ ਸਨ ਉਹ ਵੀ ਨਹੀਂ ਹੋਏ। ਰਾਜਨੀਤੀ ਵਿਚ ਕੌਮੀਅਤ, ਸੇਵਾ ਅਤੇ ਲਗਨ ਦੀ ਥਾਂ ਕੁਰਸੀ ਦੀ ਭੁੱਖ ਅਤੇ ਪੈਸਾ ਬਟੋਰਨ ਦੀ ਹੋੜ ਲੱਗੀ ਹੈ। ਅਜਿਹੀ ਸਥਿਤੀ ਵਿਚ ਬੋਲੀ ਅਤੇ ਸਭਿਆਚਾਰ ਦੇ ਵਿਕਾਸ ਵਲ ਧਿਆਨ ਦੇਣ ਦੀ ਭਲਾ ਕਿਸ ਕੋਲ ਵਿਹਲ ਹੈ। ਇਸ ਸਥਿਤੀ ਦੇ ਅਸਰ ਨਾਲ ਪੰਜਾਬੀ ਖਾਸਕਰ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਤੋਂ ਦੂਰ ਹੋ ਰਹੀ ਹੈ।
ਪੰਜਾਬ ਵਿਚ ਆਇਆ ਸੱਭਿਆਚਾਰਕ ਖਲਾਅ ਬੇਚੈਨੀ ਦਾ ਮੁੱਖ ਕਾਰਨ ਹੈ। ਲੋਕਾਂ ਵਿਚ ਸੱਚ, ਸੰਤੋਖ ਤੇ ਆਪਸੀ ਭਾਈਚਾਰਾ ਖਤਮ ਹੋ ਰਿਹਾ ਹੈ। ਪੰਜਾਬੀਆਂ ਨੂੰ ਉਨ੍ਹਾਂ ਦੇ ਮਹਾਨ ਵਿਰਸੇ ਨਾਲ ਜੋੜਨ ਦੀ ਲੋੜ ਹੈ। ਇਸ ਪਾਸੇ ਸੰਚਾਰ ਦੇ ਆਧੁਨਿਕ ਸਾਧਨ ਚੋਖਾ ਹਿੱਸਾ ਪਾ ਸਕਦੇ ਹਨ। ਰੇਡੀਓ, ਟੈਲੀਵਿਜ਼ਨ, ਇੰਟਰਨੈੱਟ, ਸਮਾਜਿਕ ਮੀਡੀਆ ਅਤੇ ਫ਼ਿਲਮਾਂ ਵਲੋਂ ਵਿਸ਼ੇਸ਼ ਭੂਮਿਕਾ ਨਿਭਾਈ ਜਾ ਸਕਦੀ ਹੈ। ਪਰ ਪੰਜਾਬੀ ਫ਼ਿਲਮਾਂ ਤੇ ਟੈਲੀਵਿਜ਼ਨ ਦੇ ਪ੍ਰੋਗਰਾਮ ਪੰਜਾਬੀਅਤ ਉਤੇ ਆਧਾਰਿਤ ਨਹੀਂ ਹੁੰਦੇ, ਨਾ ਹੀ ਉਨ੍ਹਾਂ ਵਿਚ ਪੰਜਾਬੀ ਕਿਰਦਾਰ ਦੀ ਝਲਕ ਮਿਲਦੀ ਹੈ। ਪੰਜਾਬੀ ਕਿਰਦਾਰ ਜਾਂ ਤਾਂ ਧਰਮ ਦੀ ਓਟ ਲੈ ਕੇ ਪੇਸ਼ ਕੀਤਾ ਜਾਂਦਾ ਹੈ ਜਾਂ ਫਿਰ ਲੋਕ ਸਾਹਿਤ ਦੀ ਆੜ ਲੈ ਕੇ ਲੱਚਰਪੁਣੇ ਦਾ ਵਿਖਾਵਾ ਕੀਤਾ ਜਾਂਦਾ ਹੈ। ਇਸ ਪਾਸੇ ਹੋ ਰਹੀ ਕੁਤਾਹੀ ਤੋਂ ਲੋਕਾਂ ਵਲੋਂ ਮਿਲਦੇ ਮੱਠੇ ਹੁੰਗਾਰੇ ਦਾ ਬਹਾਨਾ ਬਣਾ ਕੇ ਸੁਰਖਰੂ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਕਿ ਚੰਗੀਆਂ ਫ਼ਿਲਮਾਂ ਅਤੇ ਚੰਗੇ ਪ੍ਰੋਗਰਾਮਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਟੈਲੀਵਿਜ਼ਨ ਦੇ ਨਿਜੀ ਚੈਨਲਾਂ ਦੇ ਆਗਮਨ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ। ਇਹ ਲੋਕ ਵਪਾਰੀ ਹਨ, ਜਿਨ੍ਹਾਂ ਆਪਣਾ ਮਾਲ ਵੇਚਣਾ ਹੈ। ਪੰਜਾਬੀ ਦੂਜੇ ਸੂਬਿਆਂ ਦੇ ਮੁਕਾਬਲੇ ਵਧੇਰੇ ਖੁਸ਼ਹਾਲ ਹੋਣ ਕਰਕੇ, ਇਨ੍ਹਾਂ ਦਾ ਪ੍ਰਭਾਵ ਤੇਜ਼ੀ ਨਾਲ ਕਬੂਲ ਰਹੇ ਹਨ। ਪੇਂਡੂ ਅਤੇ ਸ਼ਹਿਰੀ ਵਸੋਂ ਵਿਚ ਇਥੇ ਸਭ ਤੋਂ ਘਟ ਅੰਤਰ ਹੈ। ਆਵਾਜਾਈ ਦੇ ਸਾਧਨਾਂ ਵਿਚ ਸੁਧਾਰ ਹੋਣ ਨਾਲ ਪਿੰਡਾਂ ਵਿਚ ਵੀ ਇਹ ਪ੍ਰਭਾਵ ਤੇਜ਼ੀ ਨਾਲ ਵਧਿਆ ਹੈ। ਪਿੰਡ ਜਿਨ੍ਹਾਂ ਨੇ ਹੁਣ ਤੀਕ ਪੰਜਾਬੀ ਸਭਿਆਚਾਰ ਅਤੇ ਰਸਮਾਂ ਰਿਵਾਜ਼ਾਂ ਨੂੰ ਸੰਭਾਲਿਆ ਹੋਇਆ ਸੀ, ਨੇ ਵੀ ਇਸ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਸਾਡੇ ਲੋਕ ਸੰਗੀਤ ਵਿਚ ਪੌਪ ਰਲ ਗਿਆ ਹੈ। ਲੋਕ ਨਾਚਾਂ ਵਿਚ ਬੇਸੁਰਾ ਨੱਚਣਾ ਟੱਪਣਾ। ਸ਼ਰਾਬ ਦੀ ਖੁੱਲ੍ਹਮ-ਖੁੱਲ੍ਹੀ ਵਰਤੋਂ ਸਮਾਜਿਕ ਰੁਤਬੇ ਦੀ ਲਖਾਇਕ ਬਣ ਗਈ ਹੈ। ਬੇਲੋੜਾ ਵਿਖਾਵਾ ਅਤੇ ਹਉਮੈ ਸਾਡੀ ਸੋਚ ਦਾ ਅੰਗ ਬਣ ਗਏ ਹਨ। ਭਾਈਚਾਰਕ ਸਾਂਝ, ਬਜ਼ੁਰਗਾਂ ਦੀ ਇੱਜ਼ਤ, ਕਿਰਤ ਦਾ ਸਤਿਕਾਰ ਪੰਜਾਬੀ ਜੀਵਨ ਵਿਚੋਂ ਮਨਫ਼ੀ ਹੋ ਰਹੇ ਹਨ। ਅਸੀਂ ਆਪਣੇ ਸਭਿਆਚਾਰ ਨਾਲੋਂ ਟੁੱਟ ਰਹੇ ਹਾਂ। ਇੰਝ ਇਥੇ ਇਕ ਸਭਿਆਚਾਰਕ ਖਲਾਅ ਬਣ ਗਿਆ ਹੈ, ਜਿਸ ਦੀ ਪੂਰਤੀ ਅਸੀਂ ਕੇਵਲ ਮੀਡੀਆ ਰਾਹੀਂ ਵਿਖਾਈ ਜਾ ਰਹੀ ਬੇਹੂਦਗੀ ਨਾਲ ਕਰ ਰਹੇ ਹਾਂ।
ਆਜ਼ਾਦੀ ਪਿਛੋਂ ਸਾਨੂੰ ਆਪਣੇ ਵਿਦਿਅਕ ਅਤੇ ਪ੍ਰਬੰਧਕੀ ਢਾਂਚੇ ਨੂੰ ਆਪਣੇ ਸਮਾਜ ਅਨੁਸਾਰ ਢਾਲਣਾ ਚਾਹੀਦਾ ਸੀ, ਪਰ ਅਸੀਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਸਗੋਂ ਇਸ ਨੂੰ ਹੋਰ ਪ੍ਰਪੱਕ ਕੀਤਾ ਹੈ। ਮਿਹਨਤ, ਇਮਾਨਦਾਰੀ, ਦੇਸ਼ ਭਗਤੀ ਆਦਿ ਦੀ ਸਾਡੇ ਲਈ ਮਹੱਤਤਾ ਖਤਮ ਹੋ ਗਈ ਹੈ। ਰਹਿੰਦੀ ਕਸਰ ਲੋਕ ਸੰਚਾਰ ਸਾਧਨਾਂ ਨੇ ਪੂਰੀ ਕਰ ਦਿੱਤੀ। ਇਨ੍ਹਾਂ ਰਾਹੀਂ ਸਾਡੇ ਸਭਿਆਚਾਰ ਦਾ ਵਿਕਾਸ ਹੋਣਾ ਚਾਹੀਦਾ ਸੀ, ਪਰ ਅਸੀਂ ਇਸ ਦੇ ਉਲਟ ਆਪਣੇ ਸਭਿਆਚਾਰ ਨੂੰ ਛੁਟਿਆਣਾ ਸ਼ੁਰੂ ਕਰ ਦਿੱਤਾ ਹੈ। ਲੋੜ ਅਨੁਸਾਰ ਸਭਿਆਚਾਰਕ ਤਬਦੀਲੀਆਂ ਕਰਕੇ ਉਸ ਨੂੰ ਸਮੇਂ ਦਾ ਹਾਣੀ ਬਣਾਉਣ ਵਲ ਅਸੀਂ ਧਿਆਨ ਨਹੀਂ ਦਿੱਤਾ। ਇੰਝ ਇਕ ਬੇਚੈਨੀ ਸਾਰੇ ਪਾਸੇ ਫੈਲ ਗਈ ਹੈ। ਹਰ ਮੌਕੇ ਫੁਕਰੇਪਣ ਦਾ ਵਖਾਵਾ ਵਡੱਪਣ ਦੀ ਨਿਸ਼ਾਨੀ ਬਣਦਾ ਜਾ ਰਿਹਾ ਹੈ। ਇਹ ਰੁਝਾਨ ਸਾਡੇ ਲਈ ਘਾਤਕ ਸਿੱਧ ਹੋਵੇਗਾ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਸਾਡਾ ਨੌਜਾਵਨ ਬਿਲਕੁਲ ਦਿਸ਼ਾਹੀਣ ਹੋ ਜਾਵੇਗਾ। ਬਦਕਿਸਮਤੀ ਨਾਲ ਸਾਡੇ ਰਾਜਸੀ ਆਗੂਆਂ ਨੂੰ ਕੇਵਲ ਆਪਣੀ ਕੁਰਸੀ ਦਾ ਹੀ ਧਿਆਨ ਹੈ। ਹੁਣ ਵੇਲਾ ਸੰਭਲਣ ਦਾ ਹੈ। ਨਿਜੀ ਅਤੇ ਸੌੜੇ ਸਵਾਰਥਾਂ ਨੂੰ ਤਿਆਗ ਆਪਣੀ ਨਵੀਂ ਪੀੜ੍ਹੀ ਨੂੰ ਸਹੀ ਸੇਧ ਦੇਈਏ, ਉਨ੍ਹਾਂ ਨੂੰ ਨੇਕ ਇਨਸਾਨ ਬਣਾਉਣ ਦਾ ਯਤਨ ਕਰੀਏ ਤੇ ਆਪਣੇ ਵਿਰਸੇ ਨਾਲ ਜੋੜਨ ਦਾ ਯਤਨ ਕਰੀਏ। ਨੌਜਵਾਨਾਂ ਨੂੰ ਕੁਰਾਹੇ ਪਾ ਰਹੇ ਲੋਕ ਸੰਚਾਰ ਸਾਧਨਾਂ ਉਤੇ ਜ਼ਾਬਤਾ ਲਾਗੂ ਕੀਤਾ ਜਾਵੇ। ਉਨ੍ਹਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਵੇ। ਆਪਣੇ ਸਭਿਆਚਾਰ ਦੇ ਆਧਾਰ ਉਤੇ ਮਨਪ੍ਰਚਾਵੇ ਦੇ ਉਸਾਰੂ ਢੰਗ ਤਰੀਕੇ ਪ੍ਰਫੁਲਿਤ ਕੀਤੇ ਜਾਣ। ਸਭਿਆਚਾਰ ਦੇ ਨਾਂ ਉਤੇ ਕੀਤੇ ਜਾ ਰਹੇ ਲਚਰਪੁਣੇ ਨੂੰ ਰੋਕਿਆ ਜਾਵੇ। ਬੱਚਿਆਂ ਵਿਚ ਸੁਚੱਜੀਆਂ ਕਦਰਾਂ ਕੀਮਤਾਂ ਵਿਕਸਤ ਕੀਤੀਆਂ ਜਾਣ। ਸਕੂਲੀ ਪਾਠ ਸਮੱਗਰੀ ਰਾਹੀਂ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਵੇ। ਅਸਲ ਵਿਚ ਵਿਗਿਆਨ ਦੇ ਨਾਲ-ਨਾਲ ਸਦਾਚਾਰ ਦੀ ਪੜ੍ਹਾਈ ਵੀ ਜ਼ਰੂਰੀ ਹੈ। ਮੁਢਲੀ ਵਿਦਿਆ ਹਰ ਸਕੂਲ ਵਿਚ ਮਾਂ ਬੋਲੀ ਰਾਹੀਂ ਦਿੱਤੀ ਜਾਵੇ। ਸਮਾਜੀ ਕਦਰਾਂ ਕੀਮਤਾਂ ਦੀ ਪਾਲਣਾ ਕਰਨਾ ਪਿਛੜੇਪਨ ਦੀ ਨਿਸ਼ਾਨੀ ਨਹੀਂ, ਸਗੋਂ ਸੁਚੱਜੀ ਸ਼ਖ਼ਸੀਅਤ ਦੀ ਝਲਕ ਹੈ।
ਕੋਈ ਵੀ ਕੌਮ ਅਤੇ ਦੇਸ਼ ਉਦੋਂ ਤੀਕ ਸਹੀ ਅਰਥਾਂ ਵਿਚ ਵਿਕਸਤ ਨਹੀਂ ਹੋ ਸਕਦਾ ਜਦੋਂ ਤੀਕ ਲੋਕ ਆਪਣੀ ਬੋਲੀ ਅਤੇ ਵਿਰਸੇ ਉਤੇ ਮਾਣ ਨਾ ਕਰਨ। ਜਦੋਂ ਤੀਕ ਅਸੀਂ ਆਪਣੇ ਵਿਰਸੇ, ਬੋਲੀ ਅਤੇ ਸਭਿਆਚਾਰ ਉਤੇ ਮਾਣ ਨਹੀਂ ਕਰਦੇ, ਉਦੋਂ ਤੀਕ ਅਸੀਂ ਘਟੀਆਪਣ ਦਾ ਸ਼ਿਕਾਰ ਬਣੇ ਰਹਾਂਗੇ ਅਤੇ ਇਸ ਅਹਿਸਾਸ ਵਾਲੇ ਨਾਗਰਿਕ ਕਦੇ ਵੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਸਕਦੇ। ਉਨ੍ਹਾਂ ਵਿਚ ਨਵੀਨ ਸੋਚ, ਉਸਾਰੂ ਕਾਰਜਸ਼ੈਲੀ ਤੇ ਇਮਾਨਦਾਰੀ ਦੀ ਘਾਟ ਰਹਿੰਦੀ ਹੈ। ਸਮੇਂ ਨਾਲ ਵਿਕਾਸ ਹੁੰਦਾ ਹੈ ਅਤੇ ਸਭਿਆਚਾਰਕ ਤਬਦੀਲੀਆਂ ਵੀ ਆਉਂਦੀਆਂ ਹਨ। ਇਹ ਤਬਦੀਲੀ ਉਦੋਂ ਹੀ ਸੁਖਾਵੀਂ ਹੁੰਦੀ ਹੈ ਜਦੋਂ ਲੋਕਾਂ ਨੂੰ ਆਪਣੀ ਬੋਲੀ ਅਤੇ ਵਿਰਸੇ ਦੇ ਹੋਰ ਨੇੜੇ ਲੈ ਕੇ ਆਵੇ। ਲੋਕਾਂ ਦੀ ਸੋਚ, ਰਹਿਣ ਸਹਿਣ ਅਤੇ ਬੋਲਚਾਰ ਵਿਚ ਹੋਰ ਨਿਖਾਰ ਆਵੇ। ਸੱਚ, ਸੰਤੋਖ, ਸੁੱਚੀ ਕਿਰਤ ਤੇ ਚੜ੍ਹਦੀ ਕਲਾ ਸਾਡੇ ਵਿਚੋਂ ਮਨਫ਼ੀ ਹੋ ਰਹੇ ਹਨ। ਵਿਖਾਵਾ ਭਾਰੂ ਹੋ ਰਿਹਾ ਹੈ। ਵਿਖਾਵੇ ਦੀ ਦੌੜ ਵਿਚ ਪੈਸਾ ਮਹੱਤਵਪੂਰਨ ਬਣ ਜਾਂਦਾ ਹੈ। ਪੈਸੇ ਲਈ ਬੇਈਮਾਨੀ ਕੀਤੀ ਜਾਂਦੀ ਹੈ। ਰਿਸ਼ਤਿਆਂ ਵਿਚ ਤ੍ਰੇੜਾ ਆਉਂਦੀਆਂ ਹਨ। ਆਪਸੀ ਪਿਆਰ ਤੇ ਮਿਲਵਰਤਣ ਨੂੰ ਖੋਰਾ ਲਗਦਾ ਹੈ। ਅਜਿਹੀ ਸਥਿਤੀ ਵਿਚ ਸਮਾਜਿਕ ਅਤੇ ਆਰਥਿਕ ਤਬਦੀਲੀ ਵਿਕਾਸ ਦੀ ਥਾਂ ਵਿਨਾਸ਼ ਦਾ ਕਾਰਨ ਬਣਨ ਲਗ ਪੈਂਦੀ ਹੈ।
ਟੀਵੀ ‘ਤੇ ਵਿਖਾਈਆਂ ਜਾ ਰਹੀਆਂ ਨਿਤ ਨਵੀਆਂ ਵਸਤਾਂ ਨੂੰ ਖਰੀਦਣ ਦੀ ਜ਼ਿੱਦ ਪਰਿਵਾਰ ਵਿਚ ਤਲਖੀ ਵਧਾਉਂਦੀ ਹੈ ਜਾਂ ਫਿਰ ਪਤੀ ਨੂੰ ਰਿਸ਼ਵਤ ਲੈਣ ਲਈ ਉਕਸਾਉਂਦੀ ਹੈ। ਨਾਜਾਇਜ਼ ਰਿਸ਼ਤਿਆਂ ਦੇ ਨਿੱਘ ਨੂੰ ਮਾਨਣ ਲਈ ਤਰੰਗਾਂ ਉਠਦੀਆਂ ਹਨ, ਜਿਸ ਨਾਲ ਪਰਿਵਾਰਿਕ ਰਿਸ਼ਤਿਆਂ ਦੀਆਂ ਤੰਦਾਂ ਟੁੱਟਦੀਆਂ ਹਨ। ਇਸ ਡੱਬੇ ਵਿਚ ਬਹੁਤ ਸ਼ਕਤੀ ਹੈ। ਇਹ ਕੁਝ ਵੀ ਕਰ ਸਕਦਾ ਹੈ। ਡੁੱਬਦੇ ਦੀ ਇਹ ਬਾਂਹ ਫੜ ਸਕਦਾ ਹੈ ਪਰ ਜੇ ਚਾਹਵੇ ਤਾਂ ਡੁੱਬਦੇ ਨੂੰ ਹੋਰ ਡੋਬ ਸਕਦਾ ਹੈ। ਆਉ ਆਪਣੇ ‘ਤੇ ਵੀ ਕੁਝ ਕਾਬੂ ਪਾਈਏ। ਐਵੇਂ ਨਾ ਫਜ਼ੂਲ ਪ੍ਰੋਗਰਾਮ ਵੇਖ ਸਮਾਂ ਗਵਾਈਏ। ਸੋਸ਼ਲ ਮੀਡੀਆ ਉਤੇ ਕਾਬੂ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਦੀ ਵਰਤੋਂ ਗਿਆਨ ਪ੍ਰਾਪਤੀ ਤੱਕ ਹੀ ਸੀਮਤ ਰੱਖੀਏ।
ਪੰਜਾਬ ਵਿਚ ਹੁਣ ਲਗਭਗ ਹਰੇਕ ਘਰ ਵਿਚ ਸਮਾਰਟ ਫੋਨ ਹੈ। ਇਸ ਦਾ ਲਾਭ ਲੈਣ ਲਈ ਯੂ-ਟਿਊਬ, ਫੇਸਬੁੱਕ, ਵਟਸਐਪ ਆਦਿ ਉਤੇ ਨਵਿਆਂ ਚੈਨਲਾਂ ਦਾ ਹੜ੍ਹ ਆ ਗਿਆ ਹੈ। ਇਹ ਚੈਨਲ ਲੋਕ ਸੇਵਾ ਲਈ ਨਹੀਂ ਸਗੋਂ ਕਮਾਈ ਕਰਨ ਲਈ ਚਲਾਏ ਜਾ ਰਹੇ ਹਨ। ਇਨ੍ਹਾਂ ਨੂੰ ਵੇਖਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਪ੍ਰੋਗਰਾਮ ਚਟਪਟੇ ਬਣਾਏ ਜਾ ਰਹੇ ਹਨ, ਕਿਉਂਕਿ ਜਿਸ ਪ੍ਰੋਗਰਾਮ ਦੇ ਜਿੰਨੇ ਵੱਧ ਦਰਸ਼ਕ ਹੋਣਗੇ ਉਂਨੇ ਹੀ ਵਧ ਇਸ਼ਤਿਹਾਰ ਮਿਲਣਗੇ। ਇੰਝ ਸੋਸ਼ਲ ਮੀਡੀਆ ਵੀ ਕਮਾਈ ਦਾ ਸਾਧਨ ਬਣਾਇਆ ਜਾ ਰਿਹਾ ਹੈ। ਹੁਣ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਉਤੇ ਲਗਾਮ ਲਗਾਈ ਜਾਵੇ। ਇਸ ਦੇ ਨਾਲ ਹੀ ਅਜਿਹੇ ਪ੍ਰੋਗਰਾਮ ਬਣਾਏ ਜਾਣ ਜਿਹੜੇ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਰੌਚਕ ਢੰਗ ਨਾਲ ਦੇਣ। ਸੁਚੱਜੀ ਜੀਵਨ ਜਾਚ ਅਤੇ ਵਿਗਿਆਨਕ ਸੋਚ ਨੂੰ ਪ੍ਰਫੁਲਿਤ ਕੀਤਾ ਜਾਵੇ। ਕੰਮਕਾਜ ਦੇ ਵਿਗਿਆਨਕ ਢੰਗ ਤਰੀਕੇ ਵੀ ਪ੍ਰਚਾਰੇ ਜਾਣ। ਕੁਝ ਸੰਸਥਾਵਾਂ ਨੇ ਇਸ ਪਾਸੇ ਯਤਨ ਆਰੰਭੇ ਹਨ ਪਰ ਇਹ ਬਹੁਤ ਘਟ ਹਨ ਜਦੋਂ ਕਿ ਉਸਕਾਊ ਪ੍ਰੋਗਰਾਮਾਂ ਦੀ ਭਰਮਾਰ ਹੈ। ਸਾਡੀਆਂ ਸਾਰੀਆਂ ਹੀ ਜਥੇਬੰਦੀਆਂ, ਭਾਵੇਂ ਧਾਰਮਿਕ, ਰਾਜਨੀਤਕ ਜਾਂ ਸਮਾਜਿਕ, ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਕਦਰਾਂ ਕੀਮਤਾਂ ਨਾਲ ਜੋੜਨ ਲਈ ਪੂਰਾ ਯਤਨ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਕੋਲ ਪਹੁੰਚਣ ਲਈ ਵੀ ਇਹ ਵਧੀਆ ਵਸੀਲਾ ਹੈ। ਚੰਗੇ ਵਿਚਾਰਾਂ ਦਾ ਪਰਸਾਰ ਕਰਨ ਲਈ ਇਹ ਸਾਧਨ ਬਹੁਤ ਹੀ ਸਹਾਈ ਸਿੱਧ ਹੋ ਸਕਦਾ ਹੈ।