ਇਸ ਵੇਲੇ ਦਿੱਲੀ ਮੋਰਚੇ ਦੇ ਰੂਪ ਵਿਚ ਚੱਲ ਰਿਹਾ ਅਤੇ ਪੰਜਾਬ ਤੇ ਹਰਿਆਣੇ ਵਿਚ ਟੋਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਤੇ ਬੀਜੇਪੀ ਦੇ ਨੇਤਾਵਾਂ ਦੇ ਘਰਾਂ ਅੱਗੇ ਸ਼ਾਂਤਮਈ ਧਰਨਿਆਂ ਦੇ ਰੂਪ ਵਿਚ ਚੱਲ ਰਿਹਾ ਕਿਸਾਨੀ ਅੰਦੋਲਨ ਸਿਰਫ਼ ਕਿਸਾਨ ਅੰਦੋਲਨ ਨਾ ਰਹਿ ਕੇ ਅਜਿਹੀ ਲੋਕ ਲਹਿਰ ਵਿਚ ਤਬਦੀਲ ਹੋ ਚੁੱਕਾ ਹੈ ਜਿਸ ਦੇ ਵਿਸ਼ਾਲ ਕਲਾਵੇ ਵਿਚ ਇਹ ਸਾਰੇ ਕਿਰਤੀ ਲੋਕਾਂ ਦੀਆਂ ਮੰਗਾਂ ਤੇ ਉਮੰਗਾਂ ਦੀ ਲਹਿਰ ਬਣ ਚੁੱਕੀ ਹੈ। ਸਿੰਘੂ, ਟੀਕਰੀ, ਗਾਜ਼ੀਪੁਰ ਅਤੇ ਸ਼ਾਹਜਹਾਂਪੁਰ ਬਾਰਡਰਾਂ ਦੇ ਕਿਸਾਨ ਮੋਰਚੇ ਆਮ ਲੋਕਾਈ ਲਈ ਤੀਰਥ ਅਸਥਾਨ ਬਣ ਗਏ ਹਨ। ਪੰਜਾਬ ਵਿਚੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਨ੍ਹਾਂ ਸਥਾਨਾਂ ਦੀ ਯਾਤਰਾ ਲਈ ਰਵਾਨਾ ਹੋ ਰਹੇ ਹਨ। ਇਨ੍ਹਾਂ ਸਥਾਨਾਂ ਉੱਤੇ ਜਾਣ ਦਾ ਅਮਲ ਉਨ੍ਹਾਂ ਤੋਂ ਕੋਈ ਜਥੇਬੰਦਕ ਤੌਰ ਤੇ ਕਰਵਾ ਨਹੀਂ ਰਿਹਾ, ਸਗੋਂ ਇਹ ਉਨ੍ਹਾਂ ਦੇ ਅਜੋਕੇ ਆਰਥਿਕ ਤੇ ਸਭਿਆਚਾਰਕ ਸੰਕਟ ਵਿਚ ਉਲਝੇ ਜ਼ਿੰਦਗੀ ਦੇ ਪੈਟਰਨਾਂ ਅਤੇ ਉਨ੍ਹਾਂ ਦੀਆਂ ਸਾਂਝੀਵਾਲਤਾ ਦੇ ਪਦਾਰਥਕ ਆਧਾਰ ਤੇ ਉਸਰੀਆਂ ਉਮੰਗਾਂ ਵਿਚੋਂ ਪੈਦਾ ਹੋਇਆ ਹੈ। ਲੋਕਾਂ ਦੇ ਇਸ ਅਮਲ ਨੇ ਉਨ੍ਹਾਂ ਦੇ ਧੁਰ ਅੰਦਰ ਵਸਦੀ ਉਸ ਬੇਗਾਨਗੀ ਦੀ ਭਾਵਨਾ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ ਜੋ ਉਨ੍ਹਾਂ ਦੀਆਂ ਅਸਤਿਤਵੀ ਹਸਤੀਆਂ ਵਿਚ ਅਜੋਕੇ ਆਰਥਿਕ ਅਤੇ ਰਾਜ ਕਰਦੇ ਰਾਜਸੀ ਨਿਜ਼ਾਮ ਦੀਆਂ ਲੋਕ ਵਿਰੋਧੀ, ਸੰਕਟ ਨੂੰ ਪੈਦਾ ਕਰਨ ਵਾਲੀਆਂ ਅਤੇ ਨਾਲ ਹੀ ਸੰਕਟਗ੍ਰਸਤ ਹੋ ਚੁੱਕੀਆਂ ਨੀਤੀਆਂ ਖ਼ਿਲਾਫ਼ ਬਹੁਤ ਲੰਮੇ ਸਮੇਂ ਤੋਂ ਪਨਪ ਰਹੀ ਸੀ। ਇਨ੍ਹਾਂ ਆਰਥਿਕ ਨੀਤੀਆਂ ਅਤੇ ਇਨ੍ਹਾਂ ਦੇ ਅਨੁਸਾਰ ਹੀ ਚਲਾਏ ਜਾ ਰਹੇ ਰਾਜ ਪ੍ਰਬੰਧ ਵਿਰੁੱਧ ਉਨ੍ਹਾਂ ਦੇ ਮਨਾਂ ਵਿਚ ਪੈਦਾ ਹੋ ਰਹੇ ਗੁੱਸੇ ਨੂੰ ਵੀ ਇਸ ਕਿਸਾਨ ਲਹਿਰ ਨੇ ਬਾਹਰ ਲਿਆਂਦਾ ਹੈ। ਰਾਜ ਅਤੇ ਇਸ ਤੇ ਕਾਬਜ਼ ਸਿਆਸੀ ਜੋ ਇਸ ਵੇਲੇ ਮੁੱਖ ਤੌਰ ਤੇ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਚੋਟੀ ਦੇ ਨੇਤਾਵਾਂ ਵਿਚ ਸਮੋਈ ਹੋਈ ਹੈ, ਦੇ ਵਿਰੁੱਧ ਹੀ ਇਸ ਬੇਗਾਨਗੀ ਅਤੇ ਗੁੱਸੇ ਦੀ ਭਾਵਨਾ ਦਾ ਇਜ਼ਹਾਰ ਹੋ ਰਿਹਾ ਹੈ। ਵਿਚਾਰਧਾਰਕ ਪੱਧਰ ਤੇ ਇਹ ਗੱਲ ਸ਼ੀਸ਼ੇ ਵਾਂਗ ਸਾਫ਼ ਹੋ ਰਹੀ ਹੈ ਕਿ ਲੋਕਾਂ ਦੇ ਨਿਸ਼ਾਨੇ ਤੇ ਸਮੁੱਚਾ ਰਾਜ ਪ੍ਰਬੰਧ ਤੇ ਖ਼ਾਸ ਕਰ ਕੇ ਇਸ ਨੂੰ ਅੱਜ ਕੱਲ੍ਹ ਚਲਾਉਣ ਵਾਲੀ ਮੁੱਖ ਰਾਜਸੀ ਹਸਤੀ ਨਰਿੰਦਰ ਮੋਦੀ ਤਾਂ ਹੈ ਹੀ, ਇਸ ਦੇ ਨਾਲ ਇਸ ਰਾਜ ਸ਼ਕਤੀ ਦੀ ਪਿੱਠਭੂਮੀ ਵਿਚ ਕਾਰਜਸ਼ੀਲ ਉਹ ਕਾਰਪੋਰੇਟ ਜਾਂ ਇਹ ਕਹਿਣਾ ਜ਼ਿਆਦਾ ਠੀਕ ਹੋਵੇਗਾ, ਸਮੁੱਚੀ ਆਰਥਿਕਤਾ ਤੇ ਏਕਾਧਿਕਾਰ ਜਮਾਉਣ ਵਾਲੀ ਵੱਡੀ ਸਰਮਾਏਦਾਰੀ ਹੈ ਜੋ ਆਪਣੀ ਬਣਤਰ ਅਤੇ ਸੁਭਾਅ ਕਰ ਕੇ ਕੌਮਾਂਤਰੀ ਸਰਮਾਏ ਨਾਲ ਜੁੜੀ ਹੋਈ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਅਜਿਹੇ ਕਿਤਨੇ ਹੀ ਕਾਰਟੂਨ ਪ੍ਰਚਲਤ ਹਨ ਜਿਨ੍ਹਾਂ ਵਿਚ ਰਾਜਸੀ ਸ਼ਕਤੀ ਅਤੇ ਸਰਮਾਏਦਾਰੀ ਹਿਤਾਂ ਦੀ ਨੁਮਾਇੰਦਗੀ ਕਰਨ ਵਾਲੇ ਮੋਦੀ, ਅੰਬਾਨੀ ਤੇ ਅਡਾਨੀ ਦੇ ਚਿਹਰਿਆਂ ਦੀ ਇਕਮਿਕਤਾ ਅਤੇ ਬਹੁਤ ਵਾਰੀ ਰਾਜਸੀ ਸ਼ਕਤੀ ਨੂੰ ਚਲਾਉਣ ਦੀ ਅਸਲ ਸ਼ਕਤੀ ਵੱਡੇ ਸਰਮਾਏਦਾਰੀ ਹੱਥਾਂ ਵਿਚ ਦਿਖਾਈ ਗਈ ਹੈ।
ਪਹਿਲੀ ਨਜ਼ਰ ਦੇਖਿਆਂ ਇਹ ਕਿਸਾਨ ਸੰਘਰਸ਼ ਅਤੇ ਇਸ ਵਿਚ ਵਿਸ਼ਾਲ ਲੋਕਾਈ ਦੀ ਵਧ ਚੜ੍ਹ ਕੇ ਹੋਈ ਸ਼ਮੂਲੀਅਤ ਅਜਿਹੀ ਅਚਾਨਕ ਵਾਪਰੀ ਗਤੀਵਿਧੀ ਲੱਗਦੀ ਹੈ ਜੋ ਆਪਮੁਹਾਰੀ ਹੋਵੇ ਅਤੇ ਜਿਸ ਦੇ ਸਾਹਮਣੇ ਕੋਈ ਠੋਸ ਨਿਸ਼ਾਨਾ ਜਾਂ ਜਿਸ ਦੀ ਕੋਈ ਠੋਸ ਬਣਤਰ ਨਾ ਹੋਵੇ। ਇਸ ਧਾਰਨਾ ਤੋਂ ਬਿਲਕੁਲ ਹਟਵਾਂ ਇਸ ਲਹਿਰ ਦਾ ਆਪਣਾ ਬੁਨਿਆਦੀ ਸੁਭਾਅ ਅਤੇ ਸਰੂਪ ਹੈ। ਇਸ ਦੇ ਤੁਰੰਤ ਪੈਂਡੇ ਪਿਛੋਕੜ ਅਤੇ ਲੰਮੇ ਸਮੇਂ ਤੋਂ ਵਿਕਾਸ ਕਰ ਰਹੇ ਇਸ ਦੇ ਇਤਿਹਾਸ ਦੇ ਪ੍ਰਸੰਗ ਵਿਚ ਦੇਖਿਆਂ ਇਹ ਗੱਲ ਭਲੀਭਾਂਤ ਸਾਫ਼ ਹੋ ਜਾਂਦੀ ਹੈ ਕਿ ਇਹ ਲਹਿਰ ਆਪ ਮੁਹਾਰੇ ਉੱਠੀ ਹੋਈ ਅਚਾਨਕ ਲਹਿਰ ਨਾ ਹੋ ਕੇ ਕਿਸਾਨ ਜਥੇਬੰਦੀਆਂ ਦੀਆਂ ਉਨ੍ਹਾਂ ਧਾਰਨਾਵਾਂ ਅਤੇ ਇਨ੍ਹਾਂ ਨੂੰ ਠੋਸ ਸ਼ਕਲ ਦੇਣ ਲਈ ਉਨ੍ਹਾਂ ਦੀਆਂ ਕੰਮ ਕਰਨ ਦੀਆਂ ਵਿਧੀਆਂ ਦਾ ਸਿੱਟਾ ਹੈ ਜਿਸ ਰਾਹੀਂ ਉਨ੍ਹਾਂ ਨੇ ਆਪਣੇ ਕਾਰਜ ਖੇਤਰ ਵਿਚ ਲੋਕਾਂ ਨੂੰ ਕਾਰਪੋਰੇਟ ਜਗਤ, ਕੌਮਾਂਤਰੀ ਵਿੱਤੀ ਸੰਸਥਾਵਾਂ ਅਤੇ ਸਰਕਾਰਾਂ ਦੇ ਆਪਸੀ ਅੰਤਰ-ਸੰਬੰਧਾਂ, ਆਪਸੀ ਨਿਰਭਰਤਾ ਅਤੇ ਇਨ੍ਹਾਂ ਦੇ ਲੋਕ ਵਿਰੋਧੀ ਕਿਰਦਾਰ ਤੋਂ ਲੋਕਾਂ ਨੂੰ ਜਾਗਰੂਕ ਕਰ ਕੇ ਸੰਘਰਸ਼ ਦੇ ਰਾਹ ਪਾਇਆ। ਖੇਤੀਬਾੜੀ ਨਾਲ ਸੰਬੰਧਤ ਤਿੰਨ ਆਰਡੀਨੈਂਸਾਂ ਅਤੇ ਬਾਅਦ ਵਿਚ ਬਣਾਏ ਕਾਨੂੰਨਾਂ ਤੋਂ ਤੁਰੰਤ ਬਾਅਦ ਹੀ ਜੇਕਰ ਦਿੱਲੀ ਮੋਰਚਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਸ਼ਾਇਦ ਇਸ ਵਿਚ ਲੋਕਾਂ ਦੀ ਅਜਿਹੀ ਭਰਵੀਂ ਲਾਮਬੰਦੀ ਨਾ ਹੁੰਦੀ, ਜਿਹੋ ਜਿਹੀ ਹੁਣ ਦੇਖਣ ਨੂੰ ਮਿਲ ਰਹੀ ਹੈ। ਇਸ ਭਰਵੀਂ ਲਾਮਬੰਦੀ ਪਿੱਛੇ ਪੰਜਾਬ ਵਿਚ ਅੱਡ ਅੱਡ ਥਾਵਾਂ ਤੇ ਚਲਾਏ ਸੰਘਰਸ਼ਾਂ ਅਤੇ ਇਨ੍ਹਾਂ ਰਾਹੀਂ ਲੋਕਾਂ ਨੂੰ ਦਿੱਤੀ ਸਿੱਖਿਆ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਕੌਮੀ ਅਤੇ ਕੌਮਾਂਤਰੀ ਕਾਰਪੋਰੇਟਾਂ ਅਤੇ ਸਰਕਾਰ ਦੀ ਮਿਲੀਭੁਗਤ ਨੂੰ ਕਿਸਾਨਾਂ ਤੇ ਹੋਰ ਕਿਰਤੀ ਵਰਗਾਂ ਵੱਲੋਂ ਆਪਣੇ ਨਿਸ਼ਾਨੇ ਤੇ ਲੈਣ ਪਿੱਛੇ ਕਿਸਾਨ ਜਥੇਬੰਦੀਆਂ ਦੇ ਉਨ੍ਹਾਂ ਸ਼ਾਨਾਮੱਤੇ ਸੰਘਰਸ਼ਾਂ ਦੀ ਦਾਸਤਾਨ ਪਈ ਹੈ ਜੋ ਉਨ੍ਹਾਂ ਨੇ ਕਰਜ਼ਿਆਂ, ਕੁਰਕੀਆਂ ਅਤੇ ਕਿਸਾਨੀ ਨੂੰ ਦਰਪੇਸ਼ ਹੋਰ ਮਸਲਿਆਂ ਖ਼ਿਲਾਫ਼ ਪਿਛਲੇ ਚਾਰ ਦਹਾਕਿਆਂ ਤੋਂ ਲੜੇ ਹਨ। ਇਸ ਪ੍ਰਸੰਗ ਵਿਚ ਦੇਖ ਕੇ ਇਹ ਸਾਫ਼ ਹੋ ਜਾਂਦਾ ਹੈ ਕਿ ਕਿਸਾਨਾਂ ਦੀ ਇਹ ਲਹਿਰ ਅਚਨਚੇਤੀ ਵਰਤਾਰੇ ਦੇ ਧੁੰਦਲਕੇ ਜਿਹੇ ਵਿਚ ਨਾ ਵਾਪਰ ਕੇ ਆਪਣੇ ਮਿਥੇ ਹੋਏ ਨਿਸ਼ਾਨੇ ਵੱਲ ਸੇਧਤ ਲਹਿਰ ਹੈ। ਇਸ ਦਾ ਇਹ ਨਿਸ਼ਾਨਾ ਆਪਣੇ ਪੈਦਾਵਾਰ ਦੇ ਬੁਨਿਆਦੀ ਵਸੀਲੇ, ਭਾਵ ਜ਼ਮੀਨ ਅਤੇ ਇਸ ਵਿਚੋਂ ਪੈਦਾ ਕੀਤੀਆਂ ਫ਼ਸਲਾਂ ਦੀ ਵਾਜਬਿ ਕੀਮਤ ਤੇ ਪੈ ਸਕਦੇ ਕਾਰਪੋਰੇਟੀ ਛਾਪੇ ਤੋਂ ਸੁਰੱਖਿਅਤ ਕਰਨਾ ਹੈ।
ਕਿਸਾਨ ਲਹਿਰ ਦੀ ਇਸ ਚੇਤੰਨ ਅਤੇ ਜਥੇਬੰਦ ਸੇਧ ਦਾ ਇਕ ਹੋਰ ਹਾਂਦਰੂ ਪੱਖ ਰਾਜ ਉਪਰ ਕਾਬਜ਼ ਧਿਰ ਦੁਆਰਾ ਪਿਛਲੇ ਲੰਮੇ ਸਮੇਂ ਤੋਂ, ਤੇ ਖ਼ਾਸ ਤੌਰ ਤੇ 2014 ਤੋਂ ਅਮਲ ਵਿਚ ਲਿਆਂਦੀ ਜਾ ਰਹੀ ਫਿਰਕੂ ਅਤੇ ਇਲਾਕਾਈ ਆਧਾਰ ਤੇ ਵੰਡਾਂ ਪਾਉਣ ਦੀ ਸਿਆਸਤ ਉਪਰ ਭਾਰੂ ਪੈਣਾ ਹੈ। ਇਸ ਲਹਿਰ ਦੇ ਅੰਦਰ ਕਾਰਪੋਰੇਟ ਜਗਤ ਖ਼ਿਲਾਫ਼ ਪੈਦਾ ਹੋਏ ਲੋਕਾਂ ਦੇ ਸਾਂਝੇ ਜਮਾਤੀ ਪੈਂਤੜੇ ਦੇ ਸਾਹਮਣੇ ਲੋਕਾਂ ਵਿਚ ਪਾਟਕ ਪਾ ਕੇ ਹਿੰਸਾਤਮਕ ਹੋਣ ਵਾਲੀ ਸਿਆਸਤ ਵਿਕਣ ਵਿਚ ਕਾਮਯਾਬ ਨਹੀਂ ਹੋਈ। ਇਸ ਲਹਿਰ ਨੂੰ ਸਿਰਫ਼ ਪੰਜਾਬੀ ਕਿਸਾਨਾਂ ਦੀ ਲਹਿਰ, ਖਾਲਿਸਤਾਨੀ ਜਾਂ ਟੁਕੜੇ ਟੁਕੜੇ ਗੈਂਗ ਦੁਆਰਾ ਚਲਾਈ ਲਹਿਰ ਦੇ ਤੌਰ ਤੇ ਪੇਸ਼ ਕਰਨ ਦੀਆਂ ਚਾਲਾਂ ਦਿਨਾਂ ਵਿਚ ਹੀ ਮੂੰਹ ਪਰਨੇ ਡਿੱਗਦੀਆਂ ਨਜ਼ਰ ਆਈਆਂ ਹਨ। ਕਿਰਤ ਦੇ ਜਮਾਤੀ ਪੈਂਤੜੇ ਦੇ ਕਰ ਕੇ ਹੀ ਉਸਰੇ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਦੇ ਏਕੇ ਕਰ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਸਤਲੁਜ ਜਮਨਾ ਲਿੰਕ ਨਹਿਰ ਦਾ ਮਸਲਾ ਉਠਾਉਣ ਨੂੰ ਵੀ ਬੂਰ ਨਹੀਂ ਪਿਆ।
ਇਸ ਕਿਸਾਨ ਲਹਿਰ ਦੇ ਵਿਸ਼ਾਲ ਲੋਕ ਲਹਿਰ ਵਿਚ ਵਟ ਜਾਣ ਦੇ ਅਮਲ ਪਿੱਛੇ ਇਸ ਵਿਚ ਸਿਰਫ਼ ਕਿਸਾਨਾਂ ਤੋਂ ਬਾਹਰਲੇ ਲੋਕਾਂ ਦੇ ਹਿੱਸਿਆਂ ਦੀ ਸ਼ਮੂਲੀਅਤ ਹੀ ਨਹੀਂ ਹੈ, ਇਸ ਤੋਂ ਵੀ ਅਗਾਂਹ ਜਾ ਕੇ ਇਸ ਦੁਆਰਾ ਪੇਸ਼ ਕੀਤੀਆਂ ਮੰਗਾਂ ਦੇ ਵਿਸਥਾਰ ਵਿਚ ਸਾਰੇ ਕਿਰਤੀਆਂ, ਖ਼ਾਸ ਤੌਰ ਤੇ ਬੇਜ਼ਮੀਨੇ ਕਿਸਾਨਾਂ, ਸਨਅਤੀ ਮਜ਼ਦੂਰਾਂ ਅਤੇ ਹੋਰ ਗ਼ਰੀਬ ਤਬਕਿਆਂ ਦੀਆਂ ਲੋੜਾਂ ਨੂੰ ਕਲਾਵੇ ਵਿਚ ਲੈਣ ਦੀ ਸਮਰੱਥਾ ਲੁਕੀ ਹੋਈ ਹੈ। ਕਾਰਪੋਰੇਟ ਜਗਤ ਦੀ ਬਘਿਆੜਨੁਮਾ ਲੁੱਟ ਤੋਂ ਜ਼ਮੀਨਾਂ ਨੂੰ ਬਚਾਅ ਕੇ ਰੱਖਣ ਦੀ ਚਾਹਤ ਪਿੱਛੇ ਉਸ ਦੁਆਰਾ ਆਪਣੇ ਹੀ ਨਫੇ ਦੀ ਖ਼ਾਤਰ ਖੇਤੀਬਾੜੀ ਖੇਤਰ ਦੇ ਕੁਲ ਰੁਜ਼ਗਾਰ ਸਮੇਤ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਤੇ ਕਾਬਜ਼ ਹੋਣ ਦੀ ਸੰਭਾਵਨਾ ਨੂੰ ਰੋਕਣ ਦੀ ਕੋਸ਼ਿਸ਼ ਸਮੋਈ ਹੋਈ ਹੈ। ਕਾਰਪੋਰੇਟ ਜਗਤ ਨੇ ਤਾਂ, ਜਿਵੇਂ ਪਿਛਲੇ ਤਜਰਬਾ ਦਰਸਾਉਂਦਾ ਹੈ, ਵੱਡਾ ਮਸ਼ੀਨੀਕਰਨ ਕਰ ਕੇ ਰੁਜ਼ਗਾਰ ਘਟਾ ਹੀ ਦੇਣਾ ਹੈ। ਅਡਾਨੀ ਗਰੁੱਪ ਦੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਬਣਾਏ ਸਾਈਲੋ ਗੁਦਾਮਾਂ ਵਿਚ ਬਹੁਤ ਹੀ ਨਿਗੂਣੀ ਗਿਣਤੀ ਵਿਚ ਮਜ਼ਦੂਰ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਫਸਲਾਂ ਦੀ ਐੱਮਐੱਸਪੀ ਅਤੇ ਸਰਕਾਰ ਦੁਆਰਾ ਖਰੀਦ ਨੂੰ ਕਾਨੂੰਨੀ ਤੌਰ ਤੇ ਯਕੀਨੀ ਬਣਾਉਣ ਪਿੱਛੇ ਕਿਸਾਨਾਂ ਦੀ ਆਪਣੀ ਵਾਜਬਿ ਆਮਦਨ ਦੀ ਯਕੀਨ ਦਹਾਨੀ ਦੇ ਨਾਲ ਨਾਲ ਪੂਰੀ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਨੂੰ ਬਚਾਅ ਰੱਖਣ ਦੀ ਮੰਗ ਵੀ ਸ਼ਾਮਲ ਹੈ। ਕਿਸਾਨ ਲਹਿਰ ਦੀ ਇਸ ਮੰਗ ਦੀ ਪੂਰਤੀ ਦੇ ਨਾਲ ਹੀ ਪੀਡੀਐੱਸ ਬਚ ਸਕਦਾ ਹੈ, ਨਹੀਂ ਤਾਂ ਇਸ ਦਾ ਖ਼ਾਤਮਾ ਲਾਜ਼ਮੀ ਹੈ। ਇਸ ਤਰ੍ਹਾਂ ਇਸ ਲਹਿਰ ਦੀਆਂ ਮੰਗਾਂ ਦਾ ਵਿਸਥਾਰ ਹੀ ਕਿਰਤੀ ਲੋਕਾਂ ਦੇ ਆਪਸੀ ਏਕੇ ਦਾ ਆਧਾਰ ਬਣਨ ਦੀ ਸੰਭਾਵਨਾ ਆਪਣੇ ਆਪ ਲੁਕੋਈ ਬੈਠਾ ਹੈ। ਮੰਗਾਂ ਦੇ ਇਸ ਵਿਚਾਰਧਾਰਕ ਪਾਸਾਰ ਵਿਚ ਹੀ ਇਸ ਲਹਿਰ ਦੇ ਵਿਸ਼ਾਲ ਲੋਕ ਲਹਿਰ ਵਿਚ ਵਟਣ ਦਾ ਆਧਾਰ ਪਿਆ ਹੈ।
ਇਸ ਕਿਸਾਨ ਲਹਿਰ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਜਮਹੂਰੀਅਤ ਦੇ ਸਿਧਾਂਤ ਅਤੇ ਵਿਹਾਰ ਨੂੰ ਲੋਕਾਂ ਦੀ ਖਰੀ ਜਮਹੂਰੀਅਤ ਦੇ ਪਾਸਾਰ ਦੇਣ ਨਾਲ ਸੰਬੰਧਤ ਹੈ। ਇਸ ਪਹਿਲੂ ਦੀ ਵਿਆਖਿਆ ਲਈ ਭਾਰਤ ਵਿਚ ਵਿਕਸਤ ਹੋਈਆਂ ਦੋ ਲਹਿਰਾਂ ਦਾ ਹਵਾਲਾ ਦੇਣਾ ਜ਼ਰੂਰੀ ਹੈ। ਇਹ ਲਹਿਰਾਂ ਸਨ: 1974 ਦੀ ਜੈ ਪ੍ਰਕਾਸ਼ ਨਰਾਇਣ ਵਾਲੀ ਲਹਿਰ ਅਤੇ ਅੰਨਾ ਹਜ਼ਾਰੇ ਦੀ ਲਹਿਰ। ਇਨ੍ਹਾਂ ਲਹਿਰਾਂ ਦੇ ਤਾਣੇ ਬਾਣੇ ਨੂੰ ਬੁਣਨ ਅਤੇ ਮਜ਼ਬੂਤ ਕਰਨ ਵਿਚ ਹੋਰਨਾਂ ਤੋਂ ਬਗ਼ੈਰ ਰਾਸ਼ਟਰੀ ਸਵੈਮਸੇਵਕ ਸੰਘ ਦੀ ਜਥੇਬੰਦਕ ਸ਼ਕਤੀ, ਉਸ ਦੀ ਵਿਚਾਰਧਰਾ ਅਤੇ ਪਹੁੰਚ ਨੇ ਆਪਣਾ ਰੋਲ ਨਿਭਾ ਕੇ ਆਪਣੇ ਆਪ ਨੂੰ ਵਿਸਥਾਰ ਵੀ ਦਿੱਤਾ ਅਤੇ ਮਜ਼ਬੂਤ ਵੀ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਲਹਿਰਾਂ ਦਾ ਇਕ ਮਕਸਦ ਵੇਲੇ ਦੀ ਰਾਜ ਕਰਦੀ ਪਾਰਟੀ ਨੂੰ ਬਦਲ ਕੇ ਕਿਸੇ ਦੂਜੀ ਪਾਰਟੀ ਜਾਂ ਪਾਰਟੀਆਂ ਦੇ ਸਮੂਹ ਦੇ ਹੱਥ ਰਾਜਸੀ ਤਾਕਤ ਦੇਣੀ ਸੀ; ਜਿਵੇਂ ਅੰਨਾ ਹਜ਼ਾਰੇ ਦੀ ਲਹਿਰ ਦਾ ਸਭ ਤੋਂ ਵੱਧ ਫਾਇਦਾ ਭਾਰਤੀ ਜਨਤਾ ਪਾਰਟੀ ਨੇ ਉਠਾਇਆ ਅਤੇ ਭਾਰਤੀ ਦੀ ਫ਼ਿਜ਼ਾ ਵਿਚ ਫਿਰਕੂ ਜ਼ਹਿਰ ਘੋਲਿਆ ਪਰ ਅੱਜ ਦੀ ਕਿਸਾਨ ਲਹਿਰ ਦਾ ਆਧਾਰ ਜਮਾਤੀ ਤੌਰ ਤੇ ਕਿਸਾਨੀ ਅਤੇ ਹੋਰ ਕਿਰਤੀ ਲੋਕਾਂ ਵਿਚ ਪਿਆ ਹੋਣ ਕਰ ਕੇ ਇਸ ਦਾ ਅਜਿਹਾ ਕੋਈ ਏਜੰਡਾ ਨਹੀਂ ਹੈ। ਇਸੇ ਆਧਾਰ ਕਰ ਕੇ ਹੀ ਇਹ ਲਹਿਰ ਸ਼ੁੱਧ ਰੂਪ ਵਿਚ ਧਰਮ ਨਿਰਪੱਖ ਹੈ ਅਤੇ ਹਰ ਤਰ੍ਹਾਂ ਦੇ ਤੁਅਸਬ ਤੋਂ ਆਜ਼ਾਦ ਹੈ। ਇਸ ਲਹਿਰ ਦਾ ਉਦੇਸ਼ ਕਿਸੇ ਵਿਸ਼ੇਸ਼ ਪਾਰਟੀ ਜਾਂ ਪਾਰਟੀਆਂ ਦੇ ਸਮੂਹ ਨੂੰ ਰਾਜਸੀ ਤਾਕਤ ਦਿਵਾਉਣ ਦਾ ਨਹੀਂ ਹੈ, ਇਸ ਲਈ ਹੀ ਇਹ ਲਹਿਰ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ ਪਰ ਇਸ ਲਹਿਰ ਦੀ ਸਿਆਸਤ ਲੋਕਾਂ ਦੁਆਰਾ ਆਪਣੀ ਤਾਕਤ ਦੇ ਆਧਾਰ ਤੇ ਆਪਣੀ ਪੁੱਗਤ ਵਧਾਉਣ ਦੀ ਹੈ। ਇਸੇ ਕਰ ਕੇ ਇਸ ਲਹਿਰ ਦੀ ਸਿਆਸਤ ਹਕੀਕੀ ਤੌਰ ਤੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਹੋਰ ਡੂੰਘਾ ਅਤੇ ਵਿਸ਼ਾਲ ਕਰਨ ਦੀ ਸੰਭਾਵਨਾ ਆਪਣੇ ਅੰਦਰ ਸਮੋਈ ਬੈਠੀ ਹੈ।
*ਸਾਬਕਾ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ: 95010-25030