ਕੰਵਲਜੀਤ ਖੰਨਾ
ਮੁਲਕ ਭਰ ਵਿਚ ਛੋਟੇ ਵੱਡੇ ਸ਼ਹਿਰਾਂ ਤੇ ਕਸਬਿਆਂ ਦੀਆਂ ਕਲੋਨੀਆਂ ਮੁਹੱਲਿਆਂ ਵਿਚ, ਪਿੰਡਾਂ ਵਿਚ ਵਸਦੇ ਧਨਾਢਾਂ, ਮੱਧਵਰਗੀ ਘਰਾਂ ਤੱਕ ਸਵੇਰੇ ਸਾਜਰੇ ਤੋਂ ਹੀ ਗਰੀਬੜੀਆਂ, ਪੀਲੇ ਉਦਾਸ ਚਿਹਰਿਆਂ ਵਾਲੀਆਂ, ਤੇਜ਼ ਤੇਜ਼ ਚੱਲਦੀਆਂ ਧੀਆਂ ਭੈਣਾਂ, ਮਾਵਾਂ ਦੀਆਂ ਡਾਰਾਂ ਦੀਆਂ ਡਾਰਾਂ ਮਿਲਣਗੀਆਂ। ਆਪਣੇ ਖੁੱਡਿਆਂ ਵਰਗੇ ਕੱਚੇ ਘਰਾਂ, ਝੁੱਗੀਆਂ ਵਿਚ ਆਪਣੇ ਬੱਚਿਆਂ ਨੂੰ ਸੁੱਤੇ ਪਏ ਛੱਡ ਜਾਂ ਵੱਡੇ ਬੱਚੇ ਦੇ ਹਵਾਲੇ ਕਰਕੇ ਇਹ ਜਿੰਦਾਂ ਵੱਡਿਆਂ ਦੇ ਘਰਾਂ ਵਿਚ ਝਾੜੂ-ਪੋਚਾ ਕਰਨ, ਭਾਂਡੇ ਮਾਜਣ, ਕੱਪੜੇ ਧੋਣ, ਝਾੜ-ਪੂੰਝ ਕਰਨ, ਬੱਚੇ ਸਾਂਭਣ ਲਈ ਇਹ ਨਿਆਸਰੀਆਂ ਜਿਵੇਂ ਕਿਵੇਂ ਆਪਣਾ ਡੰਗ ਟਪਾਉਣ ਲਈ ਨਿਕਲ ਤੁਰਦੀਆਂ ਹਨ। ਘਰਾਂ ਅੰਦਰ ਮਾਲਕਣਾਂ ਦੇ ਸੁਭਾਅ ਜਾਂ ਅਕਲ ’ਤੇ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਨੂੰ ਕੋਈ ਸਤਿਕਾਰ, ਪਿਆਰ ਦਿੰਦੀਆਂ ਹਨ ਕਿ ਨਹੀਂ। ਚਾਹ-ਪਾਣੀ ਪੁੱਛਣ ਵਾਲੀ ਗੱਲ ਤਾਂ ਬੁਹਤੇ ਘਰਾਂ ਵਿਚ ਗਾਇਬ ਰਹਿੰਦੀ ਹੈ। ਕਰੋਨਾ ਕਾਲ ਵਿਚ ਤਾਂ ਇਨ੍ਹਾਂ ਵਿਚੋਂ ਬਹੁਤੀਆਂ ਨੂੰ ‘ਨੋ ਐਂਟਰੀ’ ਆਖ ਦਿੱਤਾ ਸੀ। ਉਸ ਸਮੇਂ ਇਨ੍ਹਾਂ ਥੁੜ੍ਹਾਂ ਮਾਰੇ ਘਰਾਂ ਵਿਚ ਰੋਟੀ ਪੱਕੀ ਜਾਂ ਨਹੀਂ, ਚਾਹ ਬਣੀ ਕਿ ਨਹੀਂ, ਬਹੁਤਿਆਂ ਦਾ ਸਰੋਕਾਰ ਹੀ ਨਹੀਂ ਸੀ। ਅਤਿਅੰਤ ਗਰੀਬੀ ਵਿਚ ਘੁਲਦੀਆਂ ਇਨ੍ਹਾਂ ਗਰੀਬੜੀਆਂ ਦੀ ਗਿਣਤੀ ਪੂਰੇ ਮੁਲਕ ਵਿਚ ਚਾਰ ਕਰੋੜ ਦੇ ਕਰੀਬ ਹੈ। ਇੱਕ ਅੰਦਾਜ਼ੇ ਮੁਤਾਬਕ ਘਰਾਂ, ਦੁਕਾਨਾਂ, ਕਾਰਖਾਨਿਆਂ, ਕੰਪਨੀਆਂ ਵਿਚ ਕੰਮ ਕਰਦੇ ਕਾਮਿਆਂ ਦੀ ਗਿਣਤੀ ਵੀ ਇੱਕ ਕਰੋੜ ਦੇ ਲਗਭਗ ਹੈ।
ਇਨ੍ਹਾਂ ਕੰਮ ਵਾਲੀਆਂ ਦੀ ਉਜਰਤ ਇਸ ਬੇਲਗਾਮ ਮਹਿੰਗਾਈ ਦੇ ਯੁਗ ਵਿਚ ਮਾਲਕਣ ਜਾਂ ਮਾਲਕ ਤੈਅ ਕਰਦੇ ਹਨ। ਘਰ ਦੇ ਸਾਰੇ ਕੰਮਾਂ ਲਈ ਪੰਜ ਸੌ ਤੋਂ ਲੈ ਕੇ ਵੱਧ ਤੋਂ ਵੱਧ ਤਿੰਨ ਹਜ਼ਾਰ ਰੁਪਏ ਤਕ ਉਜਰਤ ਮਿਲਦੀ ਹੈ। ਇੱਕ ਕੰਮ ਵਾਲੀ, ਭਾਵ ਘਰੇਲੂ ਕਾਮਾ ਔਰਤ ਬਾਅਦ ਦੁਪਿਹਰ ਜਾਂ ਸ਼ਾਮ ਤੱਕ ਤਿੰਨ ਜਾਂ ਚਾਰ ਘਰਾਂ ਦਾ ਗੋਲਪੁਣਾ ਕਰਕੇ ਜਦੋਂ ਘਰ ਪਰਤਦੀ ਹੈ ਤਾਂ ਉਸ ਦਾ ਸਰੀਰ ਲਗਭਗ ਜਵਾਬ ਦੇ ਚੁੱਕਾ ਹੁੰਦਾ ਹੈ। ਘਰ ਜਾ ਕੇ ਘਰ ਦਾ ਕੰਮ-ਕਾਜ, ਰੋਟੀ-ਟੁੱਕ, ਕੱਪੜੇ, ਸਫਾਈ, ਥੱਕਿਆ ਟੁੱਟਿਆ ਬੰਦਾ ਭਲਾ ਕਿੰਨਾ ਕੁ ਕਰ ਸਕਦਾ ਹੈ? ਪਰ ਫਸੀ ਤਾਂ ਫਟਕਣ ਕੀ! ਕੰਮ ਤੋਂ ਮੁੜਿਆਂ ਘਰ ਵਾਲਾ ਅਕਸਰ ਬਹੁਤੀ ਵਾਰ ਖਾਲੀ ਪਰਤਦਾ ਹੈ; ਕੰਮ ਨਹੀਂ ਮਿਲਿਆ, ਦਿਹਾੜੀ ਨਹੀਂ ਲੱਗੀ। ਰਿਕਸ਼ੇ ਜਾਂ ਆਟੋ ਦਾ ਕਿਰਾਇਆ ਹੀ ਮਾਲਕ ਨੂੰ ਮੋੜ ਹੋਇਆ। 70-75 ਫ਼ੀਸਦ ਮਰਦ ਸ਼ਰਾਬੀ ਹਾਲਤ ਵਿਚ ਘਰ ਮੁੜਦੇ ਹਨ ਤੇ ਘਰੇਲੂ ਕਲੇਸ਼ ਕਾਰਨ ਹਾਰ ਖਪ ਕੇ ਸਾਰੇ ਜੀਅ ਭੁੱਖੇ ਅੱਧ ਭੁੱਖੇ ਸੌਂ ਜਾਂਦੇ ਹਨ।
ਇਕ ਕੰਮ ਵਾਲੀ ਨੇ ਦੱਸਿਆ ਕਿ ਉਸ ਦਾ 11 ਸਾਲ ਦਾ ਪੁੱਤਰ ਸ਼ੂਗਰ ਦਾ ਮਰੀਜ਼ ਹੈ। ਹਰ ਰੋਜ਼ ਚਾਰ ਵਾਰ ਸ਼ੂਗਰ ਚੈੱਕ ਕਰਨੀ ਪੈਂਦੀ ਹੈ। ਕਈ ਵਾਰ ਹਾਲਤ ਵਿਗੜਨ ’ਤੇ ਹਸਪਤਾਲ ਲਿਜਾਣਾ ਪੈਂਦਾ ਹੈ। ਖਰਚਾ ਅੱਡ ਤੇ ਕੰਮ ਤੋਂ ਛੁੱਟੀ। ਰਹਿੰਦਾ ਕੰਮ ਫਿਰ ਅਗਲੇ ਦਿਨ ਆਪ ਹੀ ਨਜਿੱਠਣਾ ਹੁੰਦਾ ਹੈ। ਕਈ ਮਾਲਕਣਾਂ ਤਾਂ ਛੁੱਟੀ ਦੇ ਪੈਸੇ ਕੱਟਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੀਆਂ ਹਨ। ਮਜ਼ਦੂਰ ਬਸਤੀ ਦੇ ਇਕ ਸਰਵੇਖਣ ਮੁਤਾਬਿਕ ਹਰ ਦੂਜੇ ਘਰ ਵਿਚ ਕੰਮਾਂ ਵਾਲੀਆਂ ਪੰਜ ਪੰਜ ਕਿਲੋਮੀਟਰ ਦਾ ਪੈਦਲ ਸਫਰ ਕਰਕੇ ਘਰਾਂ ਵਿਚ ਕੰਮ ਕਰਨ ਜਾਂਦੀਆਂ ਹਨ। ਕਮਜ਼ੋਰ ਸਰੀਰ ਵਾਲੀਆਂ ਇਹ ਜਿੰਦੜੀਆਂ ਕਿਵੇਂ ਗੁਜ਼ਾਰਾ ਕਰਦੀਆਂ ਹਨ, ਇਸ ਗੱਲ ਦਾ ਅਹਿਸਾਸ ਕੋਈ ਕੋਈ ਹੀ ਕਰ ਸਕਦਾ ਹੈ। ਇੱਕ ਜਣੀ ਦੱਸਦੀ ਹੈ ਕਿ ਉਹਨੇ ਕਿਸੇ ਵੇਲੇ ਨਸ਼ਾ ਵੇਚਣ ਵਾਲੀ ਤੋਂ ਦੋ ਹਜ਼ਾਰ ਰੁਪਏ ਵਿਆਜੂ ਘਰ ਵਾਲੇ ਦੇ ਇਲਾਜ ਲਈ ਉਧਾਰੇ ਫੜੇ ਸਨ। ਉਹ ਰੋਜ਼ ਦੇ ਪੰਜਾਹ ਰੁਪਏ ਦੇ ਵਿਆਜ ਦੇ ਹਿਸਾਬ ਨਾਲ ਸਾਢੇ ਛੇ ਹਜ਼ਾਰ ਬਣ ਗਏ। ਦੋ ਹਜ਼ਾਰ ਕਦੋਂ ਦੇ ਮੁੜ ਚੁੱਕੇ ਹਨ ਪਰ ਰੋਜ਼ ਪੰਜਾਹ ਰੁਪਏ ਅਜੇ ਵੀ ਵਧੀ ਜਾਂਦੇ ਹਨ। ਉਹਦਾ ਘਰ ਵਾਲਾ ਹੁਣ ਕਿਸੇ ਹੋਰ ਨਾਲ ਰਹਿੰਦਾ ਹੈ। ਮਾਈਕਰੋ-ਫਾਈਨਾਂਸ ਕੰਪਨੀਆਂ ਦੇ ਮਕੜ ਜਾਲ ਵਿਚ ਲਗਭਗ ਸਾਰੇ ਹੀ ਮਜ਼ਦੂਰ ਪਰਿਵਾਰ ਬੁਰੀ ਤਰ੍ਹਾਂ ਫਸੇ ਹੋਏ ਹਨ। ਇਨ੍ਹਾਂ ਕੰਪਨੀਆਂ ਦਾ ਡਰ ਇਨ੍ਹਾਂ ਗਰੀਬਾਂ ਨੂੰ ਭੂਤ ਵਾਂਗ ਸਤਾਉਂਦਾ ਹੈ। ਕੰਪਨੀ ਵਾਲੇ ਕਦੋਂ ਆ ਧਮਕਣ ਤੇ ਪੈਸੇ ਨਾ ਮੋੜਨ ਦੀ ਸੂਰਤ ਵਿਚ ਘਰੇਲੂ ਸਮਾਨ ਚੁੱਕ ਲੈਣ, ਸਾਹ ਰੁਕੇ ਰਹਿੰਦੇ ਹਨ।
ਕਈ ਘਰਾਂ ਵਿਚ ਮਾਲਕਣ ਆਪਣੀ ਕੋਈ ਚੀਜ਼ ਇਧਰ ਉਧਰ ਰੱਖ ਕੇ ਭੁੱਲ ਗਈ ਤਾਂ ਸ਼ੱਕ ਸਭ ਤੋ ਪਹਿਲਾਂ ਕੰਮ ਵਾਲੀ ’ਤੇ। ਘੂਰ-ਘੱਪ, ਪੁਲੀਸ ਦਾ ਡਰਾਵਾ, ਕਈ ਵਾਰ ਕੁੱਟ-ਮਾਰ ਤਾਂ ਆਮ ਗੱਲ ਹੈ। ਜੇ ਉਹ ਚੀਜ਼ ਚਾਰ ਪੰਜ ਦਿਨ ਬਾਅਦ ਘਰੋਂ ਹੀ ਲੱਭ ਗਈ ਤਾਂ ਕਿਸੇ ਨੇ ਕੀਤੇ ਦੁਰ-ਵਿਹਾਰ, ਗਾਲੀ-ਗਲੋਚ ਦੀ ਮੁਆਫੀ ਥੋੜ੍ਹੀ ਮੰਗਣੀ ਹੈ! ਪੜਤਾਲ ਵਿਚ ਤਾਂ ਇਥੋਂ ਤੱਕ ਵੀ ਸਾਹਮਣੇ ਆਇਆ ਕਿ ਕਈ ਘਰਾਂ ਵਿਚ ਵੱਡੀ ਉਮਰ ਦੇ ਮਰਦ ਮੌਕਾ ਮਿਲਦਿਆਂ ਹੀ ਛੇੜ-ਛਾੜ ਕਰਨ ਜਾਂ ਭਰਮਾਉਣ ਤੱਕ ਡਿਗ ਜਾਂਦੇ ਹਨ। ਝੂਠੇ ਦੋਸ਼ ਲਾ ਕੇ ਡਰਾਉਣਾ ਧਮਕਾਉਣਾ ਤੇ ਫਿਰ ਨਾਜਾਇਜ਼ ਫਾਇਦਾ ਉਠਾਉਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ ਪਰ ਬਹੁਤੇ ਅੰਦਰੋ-ਅੰਦਰੀ ਦਬ ਜਾਂਦੇ ਹਨ।
ਹਿੰਦੀ ਪ੍ਰਦੇਸ਼ਾਂ ਵਿਚ ‘ਆਇਆ’, ਦੱਖਣ ਦੇ ਸੂਬਿਆਂ ਵਿਚ ‘ਬਾਈ’ ਤੇ ਬਹੁਤੀ ਥਾਈਂ ‘ਆਟੀ’, ‘ਦੀਦੀ’ ਜਾਂ ਨਾਂ ਲੈ ਕੇ ਬੁਲਾਈਆਂ ਜਾਂਦੀਆਂ ਇਹ ਜਿੰਦਾਂ ਹਰ ਘਰ ਦਾ ਭੇਤ, ਵਿਰੋਧ, ਸੁਭਾਅ, ਮਿੱਠਤ, ਕੜਿੱਤਣ ਆਪਣੇ ਜਿ਼ਹਨ ਅੰਦਰ ਭਰ ਲੈਂਦੀਆਂ ਹਨ। ਬੜਾ ਕੁਝ ਸੁਣਨਾ ਪੈਂਦਾ ਹੈ। ‘ਲੈ ਇਹ ਤਾਂ ਹੁਣ ਸਕੂਟਰੀ ’ਤੇ ਆਉਣ ਲੱਗ ਪਈ, ਜ਼ਰੂਰ ਕੋਈ ਹੋਰ ਧੰਦਾ ਕਰਦੀ ਹੋਊ!’ ਇਹ ਟਿੱਪਣੀ ਕਰਨਾ ਹਰ ਮੱਧਵਰਗੀ ਘਰ ਦਾ ਕਰਮ ਹੈ। ਅਖੇ: ਕੰਮ ਪਸੰਦ ਨਹੀਂ, ਬੋਲਦੀ ਬਹੁਤ ਐ, ਆਖੇ ਈ ਨਹੀਂ ਲਗਦੀ, ਜਵਾਬ ਘੜ ਘੜ ਦਿੰਦੀ ਹੈ, ਛੁੱਟੀਆਂ ਬਹੁਤ ਕਰਦੀ ਹੈ, ਪੈਸੇ ਵਧਾ ਦਿਓ, ਬਾਹਲੀ ਚਾਂਭਲੀ ਹੋਈ ਹੈ, ਫੋਨ ਈ ਬਾਹਲੇ ਆਉਂਦੇ ਐ, ਪਤਾ ਨੀ ਕਿੱਥੇ ਕਿੱਥੇ ਸਾਈਆਂ ਵਧਾਈਆਂ ਲਾਉਦੀ ਆ, ਵਰਗੇ ਫਿਕਰੇ ਅਕਸਰ ਉਚਾਰੇ ਜਾਂਦੇ ਹਨ।
ਘਰੇਲੂ ਕੰਮ-ਕਾਜੀ ਔਰਤਾਂ ਦੇ ਅਧਿਕਾਰਾਂ, ਉਜਰਤਾਂ, ਸੁਰੱਖਿਆ ਬਾਰੇ ਭਾਰਤ ਸਰਕਾਰ ਨੇ 2008 ਵਿਚ ਕਾਨੂੰਨ ਬਣਾਇਆ ਸੀ- ‘ਘਰੇਲੂ ਕਾਮੇ (ਰਜਿਸਟਰੇਸ਼ਨ, ਸਮਾਜਿਕ ਸੁਰੱਖਿਆਂ ਤੇ ਭਲਾਈ) ਐਕਟ-2008’। ਇਹ ਕਾਨੂੰਨ ਉਜਰਤਾਂ, ਕੰਮ ਹਾਲਾਤ, ਲੁੱਟ ਖਿ਼ਲਾਫ਼ ਕੁੰਡਾ ਰੱਖਣ ਅਤੇ ਔਰਤਾਂ ਦੀ ਤਸਕਰੀ ਰੋਕਣ ਲਈ ਸੀ। ਇਹ ਕਾਨੂੰਨ ਲਾਗੂ ਕਰਵਾਉਣ ਲਈ ਰਾਜ ਸਰਕਾਰਾਂ ਨੇ ਸਟੇਟ ਬੋਰਡ ਅਤੇ ਕੇਂਦਰ ਸਰਕਾਰ ਨੇ ਸੈਂਟਰਲ ਬੋਰਡ ਬਣਾਉਣੇ ਸਨ। ਇਹ ਬੋਰਡ ਬਣੇ ਕਿ ਨਹੀਂ ਬਣੇ, ਉਨ੍ਹਾਂ ਦਾ ਦਫ਼ਤਰ ਕਿੱਥੇ ਹੈ, ਸ਼ਿਕਾਇਤ ਕਿਵੇਂ ਕਰਨੀ ਹੈ, ਇਨਸਾਫ ਕਦੋਂ ਮਿਲੇਗਾ ਆਦਿ ਬਾਰੇ 70-80 ਦੇ ਕਰੀਬ ਘਰੇਲੂ ਕੰਮ-ਕਾਜੀ ਔਰਤਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਉਨ੍ਹਾਂ ਲਈ ਵੀ ਇਸ ਮੁਲਕ ਵਿਚ ਕੋਈ ਕਾਨੂੰਨ ਹੈ। ਘਟੋ-ਘੱਟ ਉਜਰਤ, ਛੁੱਟੀ, ਸਮੇਂ ਸਿਰ ਅਦਾਇਗੀ, ਕੰਮ ਦੇ ਘੰਟੇ, ਸਮਾਜਿਕ ਸੁੱਰਖਿਆ ਆਦਿ ਗੱਲਾਂ ਘਰੇਲੂ ਕੰਮ-ਕਾਜੀ ਔਰਤਾਂ ਮੁਤਾਬਿਕ ਕਾਗਜ਼ਾਂ ਵਿਚ ਹੀ ਹਨ। ਪੂਰੇ ਮੁਲਕ ਭਰ ਵਿਚ ਇਨ੍ਹਾਂ ਗਰੀਬੜੀਆਂ, ਥੁੜ੍ਹੀਆਂ ਅਤੇ ਵਕਤ ਨੂੰ ਧੱਕਾ ਦੇ ਰਹੀਆਂ ਮੁਲਕ ਦੀਆਂ ਧੀਆਂ ਬਾਰੇ ਕਦੇ ਚਰਚਾ ਬਹੁਤ ਘੱਟ ਹੁੰਦੀ ਹੈ, ਅੰਦੋਲਨ ਤਾਂ ਸ਼ਾਇਦ ਹੀ ਹੋਇਆ ਹੋਵੇ। ਵੱਡੇ ਕਾਰਪੋਰੇਟਾਂ ਤੋਂ ਲੈ ਕੇ ਹਰ ਛੋਟੇ ਮੱਧਵਰਗੀ ਪਰਿਵਾਰ ਵਿਚ ਕੰਮ ਕਰਦੀਆਂ ਇਹ ਜਿੰਦਾਂ ਸਿਰਫ ਹਿਲਦੀਆਂ ਕਠਪੁਤਲੀਆਂ ਮਾਤਰ ਹਨ। ਕਠਪੁਤਲੀਆਂ ਸ਼ਾਇਦ ਹੱਕ ਨਹੀਂ ਮੰਗਦੀਆਂ। ਕਿਸੇ ਵੀ ਘਰੇਲੂ ਕੰਮ-ਕਾਜੀ ਔਰਤ ਨੂੰ ਕੁਰੇਦਣ ’ਤੇ ਅੰਦਰੋਂ ਲਾਵਾ ਹੀ ਫੁੱਟਦਾ ਹੈ। ਸਮਾਜਿਕ, ਸਿਆਸੀ, ਸਭਿਆਚਾਰਕ, ਆਰਥਿਕ ਨਿਘਾਰ ਦੀਆਂ ਸਤਾਈਆਂ ਇਨ੍ਹਾਂ ਜਿੰਦੜੀਆਂ ਅੰਦਰ ਬਲਦੇ ਲਾਵੇ ਨੂੰ ਦਿਸ਼ਾ ਦੇਣ ਦੀ ਲੋੜ ਹੈ।
ਸੰਪਰਕ: 94170-67344