ਯਸ਼ਪਾਲ
ਅਜੋਕੇ ਵਿਗਿਆਨ ਦਾ ਮੁੱਢ 15ਵੀਂ ਸਦੀ ਦੇ ਅੱਧ ਤੋਂ ਲੈ ਕੇ 17ਵੀਂ ਸਦੀ ਦੇ ਅੰਤ ਤੱਕ ਦੇ ਸਮੇਂ ਦੌਰਾਨ ਯੂਰੋਪ ਅੰਦਰ ਬੱਝਿਆ ਸਮਝਿਆ ਜਾਂਦਾ ਹੈ। ਇਹ ਦੌਰ ਯੂਰੋਪੀਅਨ ਇਤਿਹਾਸ ਅੰਦਰ ਸਿਆਸੀ, ਸਮਾਜਿਕ ਤੇ ਆਰਥਿਕ ਪੱਖੋਂ ਬੇਹੱਦ ਉਥਲ-ਪੁਥਲ ਭਰਿਆ ਦੌਰ ਸੀ। ਜਾਗੀਰੂ ਆਰਥਿਕ ਪ੍ਰਬੰਧ ਦੀ ਜਗ੍ਹਾ ਸਰਮਾਏਦਾਰੀ ਦੇ ਨਵੇਂ ਪ੍ਰਬੰਧ ਨੇ ਲੈ ਲਈ ਸੀ। ਇਸ ਨੂੰ ਪੁਨਰ-ਜਾਗਰਤੀ ਦੌਰ ਵਜੋਂ ਜਾਣਿਆ ਜਾਂਦਾ ਹੈ। ਮੱਧ ਯੁੱਗੀ ਦੌਰ ਦੇ ਵਿਚਾਰਾਂ ਤੇ ਸੰਸਥਾਵਾਂ ਨੂੰ ਪੁਨਰ-ਜਾਗਰਤੀ ਦੌਰ ਦੇ ਵਿਚਾਰਾਂ ਅਤੇ ਸੰਸਥਾਵਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੌਰ ਦੇ ਮੰਥਨ ਨੇ ਨਵੀਆਂ ਸਿਰਜਣਾਤਮਕ ਸ਼ਕਤੀਆਂ ਨੂੰ ਉਭਾਰਿਆ ਜਿਨ੍ਹਾਂ ਨੇ ਅਜੋਕੇ ਵਿਗਿਆਨ ਦੀ ਨੀਂਹ ਰੱਖਣ ਦੀ ਭੂਮਿਕਾ ਨਿਭਾਈ।
ਮੱਧ ਯੁੱਗ ਦਾ ਦੌਰ ਅਰਸਤੂ ਦੇ ਕੱਟੜ ਧਾਰਮਿਕ ਸੰਸਾਰ ਦ੍ਰਿਸ਼ਟੀਕੋਣ ਦੀ ਸਰਬਉਚਤਾ ਦਾ ਦੌਰ ਸੀ। ਮੱਧ ਯੁੱਗੀ ਪਾਦਰੀ ਤੇ ਅਧਿਆਪਕ ਤਰਕ ਨੂੰ ਧਰਮ ਅਧੀਨ ਸਮਝਦੇ ਸਨ ਜਿਸ ਕਾਰਨ ਅਜਿਹਾ ਪੰਡਤਾਊ ਦਰਸ਼ਨ ਪੈਦਾ ਹੋ ਗਿਆ ਜਿਹੜਾ ਵਿਗਿਆਨ ਨੂੰ ਈਸਾਈ ਮੱਤ ਦੀ ਪ੍ਰੋੜਤਾ ਲਈ ਇਸਤੇਮਾਲ ਕਰਦਾ ਸੀ। ਨਵੀਂ ਵਿਚਾਰਧਾਰਾ ਲਈ ਕੋਈ ਗੁੰਜਾਇਸ਼ ਨਹੀਂ ਸੀ। ਪ੍ਰਯੋਗ ਤੇ ਨਿਰੀਖਣ ਨੂੰ ਵਿਗਿਆਨ ਵਿਧੀ ਵਜੋਂ ਮਾਨਤਾ, ਪਾਦਰੀ-ਸੰਸਥਾ ਵਲੋਂ ਅਜੇ ਨਹੀਂ ਸੀ ਦਿੱਤੀ ਜਾਣ ਲਗੀ। ਸ਼ੱਕ ਵਾਲੀ ਬਿਰਤੀ ਜੋਖ਼ਮ ਵਿਚ ਪਾ ਸਕਦੀ ਸੀ। ਧਾਰਮਿਕ ਮਹੰਤ ਸ਼ਾਹੀ ਵਿਚਾਰਧਾਰਾ ਵਾਲੇ ਸਥਾਪਿਤ ਢਾਂਚੇ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਸੀ; ਇਥੋਂ ਤੱਕ ਕਿ ਸਜ਼ਾ-ਏ-ਮੌਤ ਵੀ ਦਿੱਤੀ ਜਾਂਦੀ ਸੀ। ਵਾਫਰ ਪੈਦਾਵਾਰ ਨੇ ਨਵੇਂ ਵਿਚਾਰ ਉਭਰਨ ਅਤੇ ਪੁਰਾਣੇ ਢਾਂਚੇ ਨੂੰ ਚੁਣੌਤੀ ਦੇਣ ਲਈ ਸਮਾਜਿਕ ਤੇ ਆਰਥਿਕ ਹਾਲਾਤ ਪੈਦਾ ਕੀਤੇ। ਇਹ ਸਭ ਪੁਨਰ-ਜਾਗਰਤੀ ਦੌਰ ਦੌਰਾਨ ਵਾਪਰਿਆ।
ਵਿਗਿਆਨ ਦੇ ਇਤਿਹਾਸਕਾਰ ਪੁਨਰ-ਜਾਗਰਤੀ ਦੇ ਇਸ ਫੈਸਲਾਕੁਨ ਦੌਰ ਨੂੰ ਤਿੰਨ ਕਾਲਾਂ ਵਿਚ ਵੰਡਦੇ ਹਨ। ਪਹਿਲਾ ਕਾਲ (1440-1540) ਖੋਜੀ ਸਮੁੰਦਰੀ ਯਾਤਰਾਵਾਂ ਦਾ ਸੀ ਜਿਨ੍ਹਾਂ ਰਾਹੀਂ ਪੁਰਾਤਨ ਸੰਸਾਰ ਤੱਕ ਪੁੱਜਣ ਲਈ ਨਵੇਂ ਰਸਤਿਆਂ ਦੀ ਖੋਜ ਹੋਈ। ਦੂਜੇ ਕਾਲ (1540-1650) ਵਿਚ ਵਿਗਿਆਨ ਅੰਦਰ ਨਿਰੀਖਣ ਤੇ ਪ੍ਰਯੋਗੀ ਪਰਖ-ਪੜਤਾਲ ਵਿਧੀ ਉੱਭਰੀ। ਤੀਜਾ ਕਾਲ (1650-1690) ਨਿਊਟਨ ਤੇ ਹੋਰ ਕਈ ਵਿਗਿਆਨੀਆਂ ਦਾ ਸੀ। ਇਸ ਦੌਰ ਅੰਦਰ ਵਿਗਿਆਨ ਵਿਧੀ ਸਥਾਪਿਤ ਹੋਈ ਅਤੇ ਵਿਗਿਆਨ ਦੀਆਂ ਕਈ ਨਵੀਆਂ ਸ਼ਾਖਾਵਾਂ ਨਿਕਲੀਆਂ। ਸਰਲ ਨਿਯਮਾਂ ਰਾਹੀਂ ਕੁਦਰਤੀ ਵਰਤਾਰਿਆਂ ਦੇ ਅੰਤਰੀਵ ਕੜੀ-ਜੋੜ ਦਾ ਆਭਾਸ ਹੋਇਆ।
ਲੀਓਨਾਰਡੋ-ਦਾ-ਵਿੰਸੀ (1452-1519) ਨੂੰ ਪੁਨਰ-ਜਾਗਰਤੀ ਦੌਰ ਦਾ ਮੁਢਲਾ ਅਤੇ ਉਸ ਦੌਰ ਦੇ ਮਹਾਨਤਮ ਸ਼ਖ਼ਸ ਵਜੋਂ ਇੱਕ ਮੰਨਿਆ ਜਾਂਦਾ ਹੈ। ਉਹ ਚਿੱਤਰਕਾਰ, ਇੰਜਨੀਅਰ, ਬੁੱਤਸਾਜ਼, ਵਿਗਿਆਨੀ ਅਤੇ ਹੋਰ ਕਿੰਨਾ ਕੁਝ ਸੀ। ਉਹ ਖੋਜ, ਸੰਦੇਹ ਤੇ ਤਰਕ ਦੀ ਪੁਨਰ-ਜਾਗਰਨ ਭਾਵਨਾ ਦਾ ਪ੍ਰਤੀਕ ਸੀ। ਆਲੋਚਨਾਤਮਕ ਪਾਰਖੂ ਨਜ਼ਰ ਅਤੇ ਸੰਦੇਹਪੂਰਕ ਮਨੋਬਿਰਤੀ ਹੋਣ ਕਾਰਨ ਉਹ ਜੋ ਕੁਝ ਚਿੱਤਰਕਾਰ ਵਜੋਂ ਦੇਖਦਾ ਸੀ, ਉਸ ਦੇ ਪਾਰ ਝਾਕਣ ਦਾ ਯਤਨ ਵੀ ਕਰਦਾ ਸੀ। ਉਸ ਨੇ ਮਨੁੱਖੀ ਸਰੀਰ ਦੇ ਬਹੁਤ ਹੀ ਸਹੀ ਬਣਤਰ ਖਾਕੇ ਚਿਤਰੇ ਜਿਹੜੇ ਅੱਜ ਵੀ ਐਕਸਰੇ/ਐੱਮਆਰਆਈ ਦੇ ਯੁੱਗ ਅੰਦਰ ਰਸ਼ਕ ਨਾਲ ਦੇਖੇ ਜਾਂਦੇ ਹਨ। ਉਸ ਨੂੰ ਸਰੀਰ ਅੰਦਰ ਖੂਨ ਦੇ ਦੌਰੇ ਦਾ ਵੀ ਕੁਝ ਕੁ ਆਭਾਸ ਸੀ ਜਿਸ ਨੂੰ ਕਾਫੀ ਦੇਰ ਬਾਅਦ ਜਾ ਕੇ ਵਿਲੀਅਮ ਹਾਰਵੇ ਨੇ ਸਿਧਾਂਤ ਵਜੋਂ ਵਿਕਸਿਤ ਕੀਤਾ। ਉਸ ਨੇ ਗਤੀ ਦੀ ਪ੍ਰਕਿਰਤੀ ਅਤੇ ਗਤੀ ਪੈਦਾ ਕਰਨ ਵਾਲੇ ਬਲ ਦੀ ਖੋਜ ਕੀਤੀ। ਉਸ ਦੀਆਂ ਕਈ ਅੰਤਰ-ਦ੍ਰਿਸ਼ਟੀਆਂ ਨੂੰ ਆਉਣ ਵਾਲੀਆਂ ਸਦੀਆਂ ਵਿਚ ਉਸ ਤੋਂ ਬਾਅਦ ਆਉਣ ਵਾਲੇ ਖੋਜੀਆਂ ਨੇ ਵਿਗਿਆਨਕ ਸਿਧਾਂਤਾਂ ਵਜੋਂ ਵਿਕਸਿਤ ਕੀਤਾ।
ਪੁਨਰ-ਜਾਗਰਤੀ ਦੌਰ ਦੌਰਾਨ ਵਿਗਿਆਨਕ ਦ੍ਰਿਸ਼ਟੀਕੋਣ ਅੰਦਰ ਪਹਿਲੀ ਮਹਾਨ ਤਬਦੀਲੀ ਕਾਪਰਨੀਕਸ (1473-1543) ਨਾਲ ਆਈ। ਉਸ ਨੇ ਮੱਧ ਯੁੱਗੀ ਵਿਗਿਆਨ ਤੇ ਦਰਸ਼ਨ ਦੀ ਮੁੱਖ ਮਨੌਤ ਨੂੰ ਚੁਣੌਤੀ ਦਿੰਦਿਆਂ ਸਿਧਾਂਤ ਪੇਸ਼ ਕੀਤਾ ਕਿ ਸੂਰਜ ਸੌਰ ਮੰਡਲ ਦੇ ਕੇਂਦਰ ਵਿਚ ਹੈ, ਪ੍ਰਿਥਵੀ ਨਹੀਂ ਪਰ ਇਹ ਸਭ ਅਜੇ ਪਾਦਰੀ ਵਰਗ ਲਈ ਹਜ਼ਮ ਕਰਨਾ ਸੌਖਾ ਨਹੀਂ ਸੀ। ਇਹ ਤਾਂ 19ਵੀਂ ਸਦੀ ’ਚ ਜਾ ਕੇ ਚਰਚ ਨੇ ਕਾਪਰਨੀਕਨ ਪ੍ਰਣਾਲੀ ਨੂੰ ਮਾਨਤਾ ਦਿੱਤੀ ਜਦ ਕਿ ਕਾਪਰਨੀਕਸ ਦੇ ਵਿਚਾਰਾਂ ਦੀ ਵਕਾਲਤ ਕਰਨ ਵਾਲੇ ਬਰੂਨੋ ਨੂੰ 16 ਫਰਵਰੀ 1600 ਨੂੰ ਕਾਫਿ਼ਰ ਗਰਦਾਨ ਕੇ ਖੰਭੇ ਨਾਲ ਬੰਨ੍ਹ ਕੇ ਜਿਊਂਦੇ ਸਾੜ ਦਿੱਤਾ ਗਿਆ ਸੀ। ਜੋਹਨ ਕੈਪਲਰ (1571-1630) ਸਭ ਤੋਂ ਪਹਿਲਾ ਸ਼ਖ਼ਸ ਸੀ ਜਿਸ ਨੇ ਗ੍ਰਹਿਆਂ ਦੀ ਗਤੀ ਦਾ ਸਹੀ ਸਿਧਾਂਤ ਪੇਸ਼ ਕੀਤਾ ਅਤੇ ਕਾਪਰਨੀਕਨ ਦ੍ਰਿਸ਼ਟੀਕੋਣ ਨੂੰ ਹੋਰ ਅੱਗੇ ਵਿਕਸਤ ਕੀਤਾ। ਇਸ ਨੂੰ ਤਿੰਨ ਨਿਯਮਾਂ ਵਿਚ ਨਿਯਮਬੱਧ ਕੀਤਾ। ਇਹ ਨਿਯਮ ਅੱਜ ਵੀ ਪ੍ਰਮਾਣਿਤ ਮੰਨੇ ਜਾਂਦੇ ਹਨ। ਗੈਲੀਲੀਓ (1564-1642) ਨੇ ਆਪਣੀ ਨਵੀਂ ਈਜਾਦ ਕੀਤੀ ਦੂਰਬੀਨ ਦੀ ਵਰਤੋਂ ਕਰਕੇ ਚੰਨ ਤੇ ਦੂਰ ਦੇ ਗ੍ਰਹਿਆਂ ਨੂੰ ਘੋਖਿਆ ਅਤੇ ਕਾਪਰਨੀਕਨ ਦੇ ਸੌਰ ਮੰਡਲ ਦੀ ਪੁਸ਼ਟੀ ਕੀਤੀ ਜਿਸ ਖਾਤਿਰ ਉਸ ਨੂੰ ਵੀ ਲੰਮੀ ਜੇਲ੍ਹ ਭੁਗਤਣੀ ਪਈ। ਗੈਲੀਲੀਓ ਨੇ ਪ੍ਰਿਥਵੀ ਦੇ ਪ੍ਰਭਾਵ ਹੇਠ ਵਸਤੂਆਂ ਦੇ ਹੇਠਾਂ ਡਿੱਗਣ ਦਾ ਅਧਿਐਨ ਕੀਤਾ ਅਤੇ ਬਲ ਤੇ ਜੜ੍ਹਤਾ ਦੇ ਸੰਕਲਪ ਨੂੰ ਲੱਭਿਆ ਜਿਹੜਾ ਕੁਝ ਸਾਲਾਂ ਬਾਅਦ ਜਾ ਕੇ ਨਿਊਟਨ ਦਾ ਗਤੀ ਦਾ ਪਹਿਲਾ ਨਿਯਮ ਬਣਿਆ।
ਕਾਪਰਨੀਕਸ ਨਾਲ ਸ਼ੁਰੂ ਹੋਈ ਵਿਚਾਰਾਂ ਦੀ ਕ੍ਰਾਂਤੀ ਨੇ ਹੋਰ ਖੇਤਰਾਂ ਅੰਦਰ ਵੀ ਜ਼ੋਰ ਫੜ ਲਿਆ। ਅੰਗਰੇਜ਼ ਦਾਰਸ਼ਨਿਕ ਫਰੈਂਸਿਸ ਬੇਕਿਨ (1561-1626) ਨੇ ਪ੍ਰਕਿਰਤੀ ਨੂੰ ਜਾਨਣ-ਬੁੱਝਣ ਦੀ ਵਿਧੀ ਲਈ ਪੁਰਾਤਨ ਦਾਰਸ਼ਨਿਕਾਂ ਦੀਆਂ ਦੱਸੀਆਂ ਸਚਾਈਆਂ ਦੀ ਬਜਾਇ ਪ੍ਰਯੋਗਾਂ ਰਾਹੀਂ ਪ੍ਰਤੱਖ ਪ੍ਰਮਾਣਿਤ ਹੋਏ ਤੱਥਾਂ ਦੀ ਮਹੱਤਤਾ ਉਪਰ ਜ਼ੋਰ ਦਿੱਤਾ। ਪਾਸਕਲ (1623-1662) ਨੇ ਦ੍ਰਵਾਂ ਸੰਬੰਧੀ ਆਪਣੀ ਖੋਜ ਤੋਂ ਬਿਨਾਂ ਸੰਸਾਰ ਨੂੰ ਸੰਭਾਵਕੀ-ਸਿਧਾਂਤ ਦਿੱਤਾ ਜਿਸ ਦੀ ਗਣਿਤ ਤੇ ਵਿਗਿਆਨ ਅੰਦਰ ਵਿਹਾਰਕ ਵਰਤੋਂ ਹੁੰਦੀ ਹੈ। ਵਿਲੀਅਮ ਗਿਲਬਰਟ (1540-1603) ਨੇ ਚੁੰਬਕਾਂ ਤੇ ਬਿਜਲੀ ਉਪਰ ਕੀਤੇ ਆਪਣੇ ਪ੍ਰਯੋਗਾਂ ਰਾਹੀਂ 1600 ਵਿਚ ਇਹ ਸਿਧਾਂਤ ਪੇਸ਼ ਕੀਤਾ ਕਿ ਪ੍ਰਿਥਵੀ ਮਹਾਨ ਚੁੰਬਕ ਹੈ। ਸਭ ਤੋਂ ਵੱਧ ਮਹੱਤਵਪੂਰਨ ਖੋਜਾਂ ਵਿਚੋਂ ਇੱਕ ਵਿਲੀਅਮ ਹਾਰਵੇ (1578-1657) ਵੱਲੋਂ ਸਰੀਰ ਅੰਦਰ ਖੂਨ ਦੇ ਦੌਰੇ ਦੀ ਖੋਜ ਸੀ ਜਿਸ ਨਾਲ ਆਧੁਨਿਕ ਸਰੀਰ ਵਿਗਿਆਨ ਦਾ ਮੁੱਢ ਬੱਝਿਆ ਅਤੇ ਚਕਿਤਸਾ ਦੇ ਖੇਤਰ ਅੰਦਰ ਪੇਸ਼ਕਦਮੀਆਂ ਲਈ ਰਾਹ ਖੁੱਲ੍ਹਿਆ।
1642 ਵਿਚ ਨਿਊਟਨ ਦੇ ਜਨਮ ਤੱਕ ਬਹੁਤ ਸਾਰੀਆਂ ਖੋਜਾਂ ਹੋ ਚੁੱਕੀਆਂ ਸਨ। ਨਿਊਟਨ (1642-1727) ਦੀ ਪ੍ਰਾਪਤੀ ਭੌਤਿਕ ਵਿਗਿਆਨਾਂ ਦਾ ਪਹਿਲਾ ਮਹਾਨ ਕੜੀ ਜੋੜਨ ਵਿਚ ਸੀ। ਬ੍ਰਹਿਮੰਡੀ ਗਿਆਨ ਦੀ ਪੰਡਤਾਊ ਬਣਤਰ ਦਾ ਖੋਖਲਾਪਨ ਨਸ਼ਰ ਹੋ ਚੁੱਕਿਆ ਸੀ। ਦੂਰਬੀਨ, ਖੁਰਦਬੀਨ ਵਰਗੀਆਂ ਮਹਾਨ ਤੇ ਕਈ ਹੋਰ ਕਾਢਾਂ ਦੇ ਸਿੱਟੇ ਵਜੋਂ ਪ੍ਰਕਿਰਤੀ ਬਾਰੇ ਨਵੇਂ ਤੱਥਾਂ ਦੀ ਖੋਜ ਹੋ ਚੁੱਕੀ ਸੀ। ਭੌਤਿਕ ਵਿਗਿਆਨ ਨੂੰ ਸਮਝਣ ਲਈ ਗਣਿਤ ਦੀ ਮਹੱਤਤਾ ਬਣ ਚੁੱਕੀ ਸੀ। ਅਰਸਤੂ ਦੇ ਗਲਤ ਪ੍ਰਭਾਸਿ਼ਤ ਪਦਾਰਥਾਂ ਅਤੇ ਲੱਛਣਾਂ ਦੇ ਮੁਕਾਬਲੇ ਪਦਾਰਥ ਤੇ ਗਤੀ ਦੀ ਪ੍ਰਮੁੱਖਤਾ ਨਵੇਂ ਵਿਗਿਆਨ ਦੇ ਆਧਾਰ ਵਜੋਂ ਸਥਾਪਿਤ ਹੋ ਚੁੱਕੀ ਸੀ। ਨਿਊਟਨ ਦੇ ਹਿੱਸੇ ਇਹ ਦਿਖਾਉਣਾ ਆਇਆ ਕਿ ਬ੍ਰਹਿਮੰਡ ਅੰਦਰ ਗਤੀ ਨੂੰ ਕੁਝ ਕੁ ਸੰਕਲਪਾਂ ਤੇ ਨਿਯਮਾਂ ਰਾਹੀਂ ਸਮਝਿਆ ਜਾ ਸਕਦਾ ਹੈ। ਉਸ ਦੇ ਗਤੀ ਦੇ ਤਿੰਨ ਨਿਯਮਾਂ ਰਾਹੀਂ ਉਹ ਪ੍ਰਸ਼ਨ ਹੱਲ ਹੋ ਗਏ ਜਿਹੜੇ ਉਸ ਤੋਂ ਪਹਿਲਾਂ ਦੀਆਂ ਦੋ ਸਦੀਆਂ ਵਿਚ ਹੱਲ ਨਹੀਂ ਸੀ ਹੋ ਸਕੇ। ਇਨ੍ਹਾਂ ਰਾਹੀਂ ਵਸਤੂਆਂ ਦੇ ਪੂੰਜ, ਭਾਰ, ਵੇਗ, ਪ੍ਰਵੇਗ, ਬਲ ਗਤੀ ਦੀ ਨਿਸ਼ਚਿਤ ਪਰਿਭਾਸ਼ਾ ਪੇਸ਼ ਕੀਤੀ ਗਈ। ਇਨ੍ਹਾਂ ਸੰਕਲਪਾਂ ਰਾਹੀਂ ਨਾ ਸਿਰਫ ਗ੍ਰਹਿਆਂ ਅਤੇ ਚੰਨ ਦੀ ਗਤੀ ਸਗੋਂ ਸਥਾਨਕ ਗਤੀ, ਤੋਪ ਦੇ ਗੋਲੇ ਦੇ ਗਤੀ-ਮਾਰਗ, ਸੇਬ ਦੇ ਡਿੱਗਣ, ਜਵਾਰਭਾਟੇ ਅਤੇ ਪ੍ਰਿਥਵੀ ਉਪਰ ਹੋਰ ਕਿੰਨੇ ਹੀ ਕੁਝ ਦੀ ਵਿਆਖਿਆ ਹੋ ਸਕੀ। ਨਿਊਟਨ ਨੇ ਆਪਣੀਆਂ ਲੱਭਤਾਂ ਨੂੰ 1687 ਵਿਚ ‘ਪ੍ਰਕਿਰਤੀ ਦਰਸ਼ਨ ਦੇ ਗਣਿਤਕ ਸਿਧਾਂਤ’ ਨਾਂ ਦੀ ਪੁਸਤਕ ਅੰਦਰ (ਸਿਧਾਂਤਿਕਾ ਕਰਕੇ ਜਾਣੀ ਜਾਂਦੀ) ਦਰਜ ਕੀਤਾ। ਨਿਊਟਨ ਦੀ 1701 ਵਿਚ ਪ੍ਰਕਾਸ਼ ਦੀ ਪ੍ਰਕਿਰਤੀ ਬਾਰੇ ਪੁਸਤਕ ‘ਦ੍ਰਿਸ਼ਟੀ ਵਿਗਿਆਨ’ ਵੀ ਓਨੀ ਹੀ ਮਹੱਤਤਾ ਰੱਖਦੀ ਸੀ।
18ਵੀਂ ਸਦੀ ਦੇ ਮੁੱਢ ਵਿਚ ਜਦ ਨਿਊਟਨ ਜਿਊਂਦਾ ਸੀ, ਆਧੁਨਿਕ ਵਿਗਿਆਨ ਦਾ ਨਿਸ਼ਚਿਤ ਆਗਾਜ਼ ਹੋ ਗਿਆ ਸੀ। ਅਨੇਕਾਂ ਵਿਗਿਆਨੀਆਂ ਨੇ ਅਰਸਤੂ ਵਿਗਿਆਨ ਦੀਆਂ ਬੇੜੀਆਂ ਤੋਂ ਆਜ਼ਾਦ ਹੋ ਕੇ ਪ੍ਰਕਿਰਤਕ ਵਰਤਾਰਿਆਂ ਨੂੰ ਸਹੀ ਵਿਗਿਆਨ ਵਿਧੀ ਰਾਹੀਂ ਖੋਜਣਾ ਸ਼ੁਰੂ ਕਰ ਦਿੱਤਾ ਸੀ। ਭੌਤਿਕ ਵਿਗਿਆਨ ਤੇਜ਼ੀ ਨਾਲ ਪੁਲਾਘਾਂ ਪੁੱਟ ਰਿਹਾ ਸੀ। ਰਸਾਇਣ ਵਿਗਿਆਨ ਤੇ ਜੀਵ ਵਿਗਿਆਨ ਵਰਗੇ ਵਿਗਿਆਨ ਵੀ ਵਿਕਸਤ ਹੋ ਰਹੇ ਸਨ। ਵਿਗਿਆਨ ਦਾ ਤਕਨੋਲੋਜੀ ਤੇ ਆਰਥਿਕ ਵਿਕਾਸ ਨਾਲ ਸੰਬੰਧ ਸਥਾਪਿਤ ਹੋ ਰਿਹਾ ਸੀ ਅਤੇ ਉਦਯੋਗਿਕ ਕ੍ਰਾਂਤੀ ਲਈ ਜ਼ਮੀਨ ਤਿਆਰ ਹੋ ਚੁੱਕੀ ਸੀ।
ਸੰਪਰਕ: 98145-35005