ਜੀ ਪਾਰਥਾਸਾਰਥੀ
ਸੋਵੀਅਤ ਸੰਘ 1991 ਵਿਚ ਢਹਿ ਢੇਰੀ ਹੋ ਗਿਆ ਸੀ ਪਰ ਇਸ ਤੋਂ ਬਾਅਦ ਵੀ ਰੂਸ ਦੇ ਆਪਣੇ ਸਾਬਕਾ ਸੋਵੀਅਤ ਗਣਰਾਜਾਂ ਨਾਲ ਸਬੰਧ ਆਮ ਤੌਰ ’ਤੇ ਚੰਗੇ ਬਣੇ ਰਹੇ ਸਨ। ਰੂਸ ਦੇ ਛੋਟੇ ਗੁਆਂਢੀ ਮੁਲਕਾਂ ਲਈ ਆਪਣੀਆਂ ਖੇਤਰੀ ਤੇ ਕੌਮਾਂਤਰੀ ਖਾਹਸ਼ਾਂ ਨੂੰ ਫੈਲਾਉਣਾ ਸੁਭਾਵਿਕ ਹੀ ਸੀ ਜੋ ਇਸ ਵੇਲੇ ਵਾਪਰ ਰਿਹਾ ਹੈ। ਇਸ ਤੋਂ ਇਲਾਵਾ ਲੱਖਾਂ ਰੂਸੀ ਲੋਕ ਇਸ ਦੇ ਸਾਬਕਾ ਸੋਵੀਅਤ ਗਣਰਾਜਾਂ ਵਿਚ ਬਤੌਰ ਨਾਗਰਿਕ ਰਹਿ ਰਹੇ ਹਨ। ਅੰਧ-ਮਹਾਸਾਗਰ ਦੇ ਨਾਲ ਰੂਸ ਦਾ ਲੰਮਾ ਤਟ ਪੈਂਦਾ ਹੈ ਜਿਸ ਦਾ ਪਾਣੀ ਸਰਦੀਆਂ ਵਿਚ ਜਮਾਓ ਦਰਜੇ ’ਤੇ ਚਲਿਆ ਜਾਂਦਾ ਹੈ। ਇਸ ਲਈ ਰੂਸ ਜ਼ਿਆਦਾਤਰ ਸਮੁੰਦਰੀ ਤਜਾਰਤ ਲਈ ਇਤਿਹਾਸਕ ਤੌਰ ’ਤੇ ਉਨ੍ਹਾਂ ਬੰਦਰਗਾਹਾਂ ਦੀ ਵਰਤੋਂ ਕਰਦਾ ਰਿਹਾ ਹੈ ਜੋ ਹੁਣ ਯੂਕਰੇਨ ਵਿਚ ਅਧਿਕਾਰ ਖੇਤਰ ਹੇਠ ਹਨ। ਯੂਕਰੇਨ ਵਿਚ ਕ੍ਰਾਇਮੀਆ ਰਾਹੀਂ ਸਮੁੰਦਰੀ ਰਸਾਈ ਯਕੀਨੀ ਬਣਾਉਣ ਲਈ ਵੀ ਇਸ ਦੇ ਗੰਭੀਰ ਸਰੋਕਾਰ ਰਹੇ ਹਨ। ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਦੀ ਅਗਵਾਈ ਹੇਠ ਯੂਕਰੇਨ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਨਾਲ ਆਪਣੀ ਰਣਨੀਤਕ ਭਾਈਵਾਲੀ ਵਧਾ ਕੇ ਆਪਣੇ ਖੇਤਰੀ ਤੇ ਕੌਮਾਂਤਰੀ ਰਾਹ ਮੋਕਲੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ।
ਰੂਸ ਨੇ ਦੱਖਣੀ ਯੂਕਰੇਨ ਦੇ ਕ੍ਰਾਇਮੀਆ ਖਿੱਤੇ ਦੀਆਂ ਬੰਦਰਗਾਹਾਂ ’ਤੇ 2014 ਤੋਂ ਕਬਜ਼ਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ 83 ਲੱਖ ਰੂਸੀ ਭਾਸ਼ੀ ਲੋਕ ਕਾਲੇ ਸਾਗਰ ਨਾਲ ਲਗਵੇਂ ਖੇਤਰਾਂ ਵਿਚ ਵਸੇ ਹੋਏ ਹਨ ਜੋ ਯੂਕਰੇਨ ਦੀ ਕੁੱਲ ਆਬਾਦੀ ਦਾ 17 ਫ਼ੀਸਦ ਹਿੱਸਾ ਬਣਦਾ ਹੈ। ਜੰਗ ਦੀ ਨੌਬਤ ਉਦੋਂ ਆਈ ਜਦੋਂ ਯੁਵਾ ਤੇ ਕ੍ਰਿਸ਼ਮਈ ਰਾਸ਼ਟਰਪਤੀ ਜ਼ੇਲੈਂਸਕੀ ਨੇ 2021 ਵਿਚ ਕਾਹਲ ਕਰਦਿਆਂ ਅਮਰੀਕਾ ਨਾਲ ਕਰੀਬੀ ਫ਼ੌਜੀ ਸਬੰਧ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਨਾਲ ਦੇ ਨਾਲ ਹੀ ਦੱਖਣੀ ਯੂਕਰੇਨ ਵਿਚ ਰੂਸੀ ਭਾਸ਼ੀ ਤੇ ਯੂਕਰੇਨੀਆਂ ਦਰਮਿਆਨ ਨਸਲੀ ਖਿਚਾਓ ਪੈਦਾ ਹੋਣ ਦੀਆਂ ਰਿਪੋਰਟਾਂ ਵੀ ਸੁਣਨ ਨੂੰ ਮਿਲੀਆਂ। ਯੂਕਰੇਨ ਵਿਚ ਸਥਿਰਤਾ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਦੇ ਯੁਵਾ ਰਾਸ਼ਟਰਪਤੀ ਦੀ ਹਉਮੈ ਨੂੰ ਪੱਠੇ ਪਾਉਣ ਦਾ ਰਾਹ ਫੜ ਲਿਆ।
ਰਾਸ਼ਟਰਪਤੀ ਬਾਇਡਨ ਅਤੇ ਜ਼ੇਲੈਂਸਕੀ ਵਲੋਂ 1 ਸਤੰਬਰ 2021 ਨੂੰ ਜਾਰੀ ਸਾਂਝੇ ਐਲਾਨਨਾਮੇ ਵਿਚ ਰੂਸ ਵਿਰੋਧੀ ਸਖ਼ਤ ਲਹਿਜ਼ੇ ਦਾ ਇਸਤੇਮਾਲ ਕੀਤਾ ਗਿਆ ਸੀ: “ਰੂਸੀ ਹਮਲੇ ਦੀ ਸੂਰਤ ਵਿਚ ਯੂਕਰੇਨ ਦੀ ਪ੍ਰਭੂਸੱਤਾ, ਆਜ਼ਾਦੀ ਤੇ ਕੌਮਾਂਤਰੀ ਤੌਰ ’ਤੇ ਪ੍ਰਵਾਨਤ ਇਸ ਦੀਆਂ ਸਰਹੱਦਾਂ ਤੇ ਜਲ ਖੇਤਰਾਂ ਅਧੀਨ ਇਸ ਦੀ ਇਲਾਕਾਈ ਅਖੰਡਤਾ ਲਈ ਪੂਰੀ ਵਚਨਬੱਧਤਾ ਪ੍ਰਗਟ ਕੀਤੀ ਜਾਂਦੀ ਹੈ।” ਯੂਕਰੇਨ ਨੂੰ ਇਸ ਤਰ੍ਹਾਂ ਦੀ ਅਮਰੀਕੀ ਹਮਾਇਤ ਦੇ ਮਜ਼ਬੂਤ ਭਰੋਸੇ ਦੇ ਮੱਦੇਨਜ਼ਰ ਕ੍ਰਾਇਮੀਆ ਵਿਚ ਰੂਸ ਲਈ ਸਮੁੰਦਰੀ ਰਸਾਈ ਦੁਸ਼ਵਾਰਕੁਨ ਹੋ ਸਕਦੀ ਸੀ। ਇਸ ਦੇ ਨਾਲ ਹੀ ਅਮਰੀਕਾ ਤੋਂ ਯੂਕਰੇਨ ਨੂੰ ਫ਼ੌਜੀ ਸਾਜ਼ੋ-ਸਾਮਾਨ ਦੀ ਸਪਲਾਈ ਤੇਜ਼ ਕਰ ਦਿੱਤੀ ਗਈ।
ਰਾਸ਼ਟਰਪਤੀ ਪੂਤਿਨ ਨੇ 21 ਫਰਵਰੀ 2022 ਨੂੰ ਆਪਣੀਆਂ ਫ਼ੌਜਾਂ ਨੂੰ ਦੱਖਣੀ ਯੂਕਰੇਨ ਵਿਚ ਦਾਖ਼ਲ ਹੋਣ ਦਾ ਹੁਕਮ ਦਿੱਤਾ ਸੀ ਜਿਨ੍ਹਾਂ ਦਾ ਸ਼ੁਰੂਆਤੀ ਮਨੋਰਥ ਇਹ ਸੀ ਕਿ ਰੂਸੀ ਭਾਸ਼ੀ ਲੋਕਾਂ ਵਾਲੇ ਦੱਖਣ ਪੂਰਬੀ ਖਿੱਤੇ ਦੇ ਲੁਹਾਂਸਕ ਅਤੇ ਦੋਨੇਤਸਕ ਸ਼ਹਿਰਾਂ ’ਤੇ ਕਬਜ਼ਾ ਕਰ ਕੇ ਉਨ੍ਹਾਂ ਨੂੰ ਆਜ਼ਾਦ ਕਰਵਾਇਆ ਜਾਵੇ। ਇਸ ਤਰ੍ਹਾਂ ਰੂਸੀ ਫ਼ੌਜ ਨੇ ਉਨ੍ਹਾਂ ਖੇਤਰਾਂ ’ਤੇ ਕਬਜ਼ਾ ਜਮਾਇਆ ਜਿੱਥੇ ਰੂਸੀ ਦੀ ਅੱਛੀ ਖਾਸੀ ਪੈਂਠ ਹੈ। ਯੂਕਰੇਨ ਦੀ ਕੁੱਲ ਆਬਾਦੀ 4.33 ਕਰੋੜ ਆਬਾਦੀ ਹੈ ਜਿਸ ਵਿਚ 77 ਲੱਖ ਰੂਸੀ ਭਾਸ਼ਾ ਬੋਲਦੇ ਹਨ। ਰੂਸੀ ਲੋਕ ਮੁੱਖ ਤੌਰ ’ਤੇ ਯੂਕਰੇਨ ਦੇ ਛੇ ਦੱਖਣੀ ਜ਼ਿਲ੍ਹਿਆਂ ਵਿਚ ਰਹਿੰਦੇ ਹਨ ਜਿੱਥੋਂ ਕ੍ਰਾਇਮੀਆ ਵਿਚਲੇ ਸਾਗਰ ਲਈ ਰਾਹ ਲੰਘਦਾ ਹੈ। ਰੂਸ ਨੇ 1783 ਵਿਚ ਕ੍ਰਾਇਮੀਆ ਪ੍ਰਾਇਦੀਪ ਅੰਦਰ ਆਪਣਾ ਰਸ਼ੀਅਨ ਬਲੈਕ ਸੀਅ ਫਲੀਟ ਸਥਾਪਤ ਕਰ ਲਿਆ ਸੀ। ਉਦੋਂ ਤੋਂ ਹੀ ਇਹ ਆਜ਼ੋਵ ਸਾਗਰ ਅਤੇ ਭੂਮੱਧ ਸਾਗਰ ਵਾਸਤੇ ਲਾਂਘੇ ਦਾ ਕੰਮ ਦਿੰਦਾ ਆ ਰਿਹਾ ਸੀ। ਬਾਇਡਨ-ਜ਼ੇਲੈਂਸਕੀ ਐਲਾਨਨਾਮੇ ਤੋਂ ਬਾਅਦ ਰੂਸੀ ਫ਼ੌਜ ਦੇ ਬਹੁਤ ਹੀ ਖਰਾਬ ਢੰਗ ਨਾਲ ਵਿਉਂਤੇ ਜਵਾਬ ਅਤੇ ਅਮਰੀਕਾ ਤੇ ਨਾਟੋ ਵਲੋਂ ਯੂਕਰੇਨ ਨੂੰ ਵੱਡੇ ਪੱਧਰ ’ਤੇ ਦਿੱਤੀ ਫ਼ੌਜੀ ਇਮਦਾਦ ਕਰ ਕੇ ਸਾਗਰ ਤੱਕ ਰੂਸ ਦੀ ਇਤਿਹਾਸਕ ਰਸਾਈ ਖ਼ਤਰੇ ਵਿਚ ਪੈ ਗਈ ਸੀ।
ਰੂਸੀ ਫ਼ੌਜ ਨੇ ਹੁਣ ਆਪਣੇ ਆਪ ਨੂੰ ਯੂਕਰੇਨ ਦੇ ਛੇ ਦੱਖਣ ਪੂਰਬੀ ਜ਼ਿਲ੍ਹਿਆਂ ਮੇਰੀਓਪੌਲ, ਲੁਹਾਂਸਕ, ਦੋਨੇਤਸਕ, ਮਲੀਤੋਪੌਲ, ਖੈਰਸਨ ਅਤੇ ਕ੍ਰਾਇਮੀਆ ਤਕ ਮਹਿਦੂਦ ਕਰ ਲਿਆ ਹੈ। ਰੂਸ ਨੇ ਜ਼ਿਆਦਾਤਰ ਇਨ੍ਹਾਂ ਰੂਸੀ ਭਾਸ਼ੀ ਖੇਤਰਾਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਦੀ ਫ਼ੌਜ ਨੂੰ ਯੂਕਰੇਨ ਦੀਆਂ ਫ਼ੌਜਾਂ ਵਲੋਂ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ ਜਿਨ੍ਹਾਂ ਕੋਲ ਬਿਹਤਰ ਸਾਜ਼ੋ-ਸਾਮਾਨ ਵੀ ਹੈ। ਇਨ੍ਹਾਂ ਇਲਾਕਿਆਂ ਦੇ ਰਣਨੀਤਕ ਪਹਿਲੂਆਂ ਅਤੇ ਸਥਿਤੀ ਦੇ ਮੱਦੇਨਜ਼ਰ ਰੂਸ ਵਲੋਂ ਪੈਂਤੜੇ ਦੇ ਤੌਰ ’ਤੇ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਸਾਲ ਪਹਿਲਾਂ ਜੂਨ 2021 ਵਿਚ ਰਾਸ਼ਟਰਪਤੀ ਜੋਅ ਬਾਇਡਨ ਤੇ ਵਲਾਦੀਮੀਰ ਪੂਤਿਨ ਨੇ ਸਾਂਝਾ ਐਲਾਨਨਾਮਾ ਜਾਰੀ ਕਰਦਿਆਂ ਆਖਿਆ ਸੀ: “ਪਰਮਾਣੂ ਜੰਗ ਜਿੱਤੀ ਨਹੀਂ ਜਾ ਸਕਦੀ ਜਿਸ ਕਰ ਕੇ ਇਹ ਕਦੇ ਵੀ ਲੜੀ ਨਹੀਂ ਜਾਣੀ ਚਾਹੀਦੀ।” ਹੁਣ ਜਦੋਂ ਰਾਸ਼ਟਰਪਤੀ ਪੂਤਿਨ ਯੂਕਰੇਨ ਵਿਚ ਪਰਮਾਣੂ ਹਥਿਆਰਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ ਤਾਂ ਇਸ ਬਿਆਨ ਦੀ ਪਰਖ ਹੋ ਰਹੀ ਹੈ। ਦੂਜੇ ਪਾਸੇ, ਰਾਸ਼ਟਰਪਤੀ ਬਾਇਡਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਰੂਸ ਨੇ ਅਜਿਹੀ ਹਿਮਾਕਤ ਕੀਤੀ ਤਾਂ ਉਸ ਨੂੰ ਇਸ ਦੇ ਸਖ਼ਤ ਸਿੱਟੇ ਭੁਗਤਣੇ ਪੈਣਗੇ।
ਪੂਤਿਨ ਨੇ ਲੰਘੀ 22 ਫਰਵਰੀ ਨੂੰ ਹੀ ਰੂਸ ਦੇ ਪਰਮਾਣੂ ਦਸਤਿਆਂ ਨੂੰ ਉਚੇਚੇ ਤੌਰ ’ਤੇ ਲੜਾਈ ਲਈ ਤਿਆਰ ਰਹਿਣ ਦੀ ਸਥਿਤੀ ਵਿਚ ਰਹਿਣ ਦਾ ਹੁਕਮ ਦੇ ਦਿੱਤਾ ਸੀ ਅਤੇ ਉਚ ਪੱਧਰੀ ਪਰਮਾਣੂ ਅਭਿਆਸ ਵੀ ਕੀਤੇ ਗਏ ਸਨ। ਉਨ੍ਹਾਂ ਆਖਿਆ ਸੀ, “ਜੇ ਸਾਡੇ ਦੇਸ਼ ਦੀ ਇਲਾਕਾਈ ਅਖੰਡਤਾ ਨੂੰ ਖ਼ਤਰਾ ਪੇਸ਼ ਆਇਆ ਤਾਂ ਅਸੀਂ ਰੂਸ ਅਤੇ ਇਸ ਦੇ ਲੋਕਾਂ ਦੀ ਰਾਖੀ ਲਈ ਬਿਨਾ ਸ਼ੱਕ ਆਪਣੇ ਸਾਰੇ ਸਾਧਨਾਂ ਦਾ ਇਸਤੇਮਾਲ ਕਰਾਂਗੇ। ਇਹ ਕੋਈ ਫੋਕੀ ਧਮਕੀ ਨਹੀਂ ਹੈ।” ਰਾਸ਼ਟਰਪਤੀ ਬਾਇਡਨ ਨੇ ਪੂਤਿਨ ਦੀ ਇਸ ਧਮਕੀ ਦਾ ਆਸ ਮੂਜਬ ਜਵਾਬ ਦਿੱਤਾ ਸੀ। ਪਹਿਲੀ ਵਾਰ ਦੁਨੀਆ ਨੂੰ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦੀ ਇਹੋ ਜਿਹੀ ਖ਼ਤਰਨਾਕ ਧਮਕੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖ਼ਾਸਕਰ ਅਜਿਹੇ ਸਮੇਂ ਜਦੋਂ ਫ਼ੌਜੀ ਸਾਜ਼ੋ-ਸਾਮਾਨ ਨਾਲ ਪੂਰੀ ਤਰ੍ਹਾਂ ਲੈਸ ਯੂਕਰੇਨੀ ਫ਼ੌਜ ਹੁਣ ਰੂਸੀਆਂ ਦੇ ਸਿਰ ’ਤੇ ਚੜ੍ਹ ਰਹੀ ਹੈ। ਹਾਲਾਂਕਿ ਬਹੁਤ ਸਾਰੇ ਰੂਸੀ ਪੂਤਿਨ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹਨ ਪਰ ਜੇ ਅਜਿਹੀ ਸਥਿਤੀ ਬਣ ਗਈ ਤਾਂ ਉਹ ਆਪਣੇ ਰਾਸ਼ਟਰਪਤੀ ਦੀ ਪਿੱਠ ’ਤੇ ਖਲੋਣਗੇ।
ਦੂਜੀ ਸੰਸਾਰ ਜੰਗ ਵੇਲੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ ਨੂੰ ਫ਼ਨਾਹ ਕਰਨ ਵਾਲੇ ਪਰਮਾਣੂ ਬੰਬਾਂ ਦੇ ਵਿਸਫੋਟਕਾਂ ਦੀ ਸਮੱਰਥਾ ਮਹਿਜ਼ 15 ਤੋਂ 25 ਕਿਲੋ ਟਨ ਸੀ ਜਦਕਿ ਅਜੋਕੇ ਟੈਕਟੀਕਲ (ਛੋਟੇ) ਪਰਮਾਣੂ ਹਥਿਆਰਾਂ ਦੀ ਸਮਰੱਥਾ 0.1 ਤੋਂ 1 ਕਿਲੋਟਨ ਤੱਕ ਲੈ ਆਂਦੀ ਹੈ (ਹੀਰੋਸ਼ੀਮਾ ’ਤੇ ਸੁੱਟੇ ਪਰਮਾਣੂ ਬੰਬ ਦੇ ਵਿਸਫੋਟਕ ਦੀ ਸਮੱਰਥਾ 15 ਕਿਲੋਟਨ ਸੀ)। ਰੂਸ ਵਲੋਂ ਦੱਖਣੀ ਯੂਕਰੇਨ ਵਿਚ ਫ਼ੌਜੀ ਟਿਕਾਣਿਆਂ ’ਤੇ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਸ ਨਾਲ ਆਸ ਪਾਸ ਦੇ ਕੁਝ ਖੇਤਰਾਂ ’ਚ ਭਾਰੀ ਨੁਕਸਾਨ ਹੋ ਸਕਦਾ ਹੈ। ਅਮਰੀਕੀ ਸੂਹੀਆ ਏਜੰਸੀਆਂ ਮੁਤਾਬਕ ਰੂਸ ਕੋਲ ਕਰੀਬ 2000 ਟੈਕਟੀਕਲ ਪਰਮਾਣੂ ਹਥਿਆਰ ਮੌਜੂਦ ਹਨ। ਸੀਮਤ ਮਾਰ ਕਰਨ ਵਾਲੇ ਇਨ੍ਹਾਂ ਟੈਕਟੀਕਲ ਪਰਮਾਣੂ ਹਥਿਆਰਾਂ ਦੀ ਅਸਲ ਸੰਖਿਆ ਬਾਰੇ ਕੋਈ ਨਹੀਂ ਜਾਣਦਾ। ਅਸੀਂ ਉਮੀਦ ਹੀ ਕਰ ਸਕਦੇ ਹਾਂ ਕਿ ਰਾਸ਼ਟਰਪਤੀ ਜ਼ੇਲੈਂਸਕੀ ਰੂਸੀਆਂ ਨੰ ਅਜਿਹਾ ਖਤਰਨਾਕ ਕਦਮ ਉਠਾਉਣ ਲਈ ਨਹੀਂ ਉਕਸਾਉਣਗੇ ਜਿਸ ਨਾਲ ਇਨਸਾਨੀ ਜਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ।
ਰੂਸ ਨੇ ਸਮੁੱਚੇ ਯੂਰੋਪ ਅੰਦਰ ਆਪਣੀ ਸਾਖ, ਹਮਦਰਦੀ ਅਤੇ ਹਮਾਇਤ ਗੁਆ ਲਈ ਹੈ ਪਰ ਇਸ ਕੋਲ ਵਿਗਿਆਨਕ ਹੁਨਰ ਤੇ ਕੁਦਰਤੀ ਸਰੋਤਾਂ ਦੇ ਵਿਸ਼ਾਲ ਜ਼ਖੀਰੇ ਹਨ। ਇਹ ਤੇਲ ਅਤੇ ਕੁਦਰਤੀ ਗੈਸ ਦਾ ਮੋਹਰੀ ਉਤਪਾਦਕ ਵੀ ਹੈ। ਦੁਨੀਆ ਭਰ ਵਿਚ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਵਿਚ ਕਿੱਲਤ ਆਉਣ ਨਾਲ ਤੇਲ ਕੀਮਤਾਂ ਵਿਚ ਹੋ ਰਹੇ ਅਥਾਹ ਵਾਧੇ ਨੂੰ ਰੋਕਣ ਲਈ ਪੱਛਮੀ ਜਗਤ ਹੁਣ ਬੇਵੱਸ ਹੋ ਕੇ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਜਿਹੇ ਅਰਬ ਦੇ ਤੇਲ ਉਤਪਾਦਕ ਮੁਲਕਾਂ ਤੋਂ ਮਦਦ ਮੰਗ ਰਿਹਾ ਹੈ। ਰਾਸ਼ਟਰਪਤੀ ਬਾਇਡਨ ਵਲੋਂ ਤੇਲ ਕੀਮਤਾਂ ਘੱਟ ਕਰਨ ਦੀਆਂ ਅਪੀਲਾਂ ਦੇ ਬਾਵਜੂਦ ਸਾਊਦੀ ਅਰਬ ਦਾ ਸ਼ਹਿਜ਼ਾਦਾ ਸਲਮਾਨ ਬਿਨ ਮੁਹੰਮਦ ਬਾਇਡਨ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੇ ਰੌਂਅ ਵਿਚ ਨਹੀਂ ਆ ਰਿਹਾ। ਆਉਣ ਵਾਲੇ ਦਿਨਾਂ ਵਿਚ ਜਦੋਂ ਸਰਦੀ ਪੈਣ ਲੱਗੇਗੀ ਤਾਂ ਰੂਸ ਦੀਆਂ ਕਾਰਵਾਈਆਂ ਦਾ ਅਸਰ ਯੂਰੋਪ ’ਤੇ ਦਿਸਣਾ ਸ਼ੁਰੂ ਹੋਵੇਗਾ ਕਿ ਰੂਸੀ ਗੈਸ ਤੋਂ ਬਿਨਾ ਉਥੋ ਦੇ ਲੋਕ ਕਿਵੇਂ ਗੁਜ਼ਾਰਾ ਕਰ ਸਕਣਗੇ। ਸਮੁੱਚਾ ਯੂਰੋਪ ਹੁਣ ਇਸ ਔਖੀ ਘੜੀ ਨਾਲ ਨਜਿੱਠਣ ਦੀਆਂ ਤਿਆਰੀਆਂ ਵਿਚ ਜੁਟਿਆ ਹੋਇਆ ਹੈ।
ਭਾਰਤ ਨੇ ਯੂਕਰੇਨ ਵਿਚ ਉਭਰ ਰਹੀ ਸਥਿਤੀ ਵਿਚ ਆਪਣੀ ਉਸਾਰੂ ਭੂਮਿਕਾ ਅਦਾ ਕਰਨ ਦੀ ਬਿਹਤਰ ਸਥਿਤੀ ਬਣਾ ਲਈ ਹੈ। ਇਹ ਗੱਲ ਇਸ ਤੋਂ ਜ਼ਾਹਿਰ ਹੋ ਰਹੀ ਹੈ ਕਿ ਸਾਰੀਆਂ ਧਿਰਾਂ ਨੇ ਹਾਲ ਹੀ ਵਿਚ ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਸਿਖਰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੂਤਿਨ ਵਿਚਕਾਰ ਹੋਈ ਗੱਲਬਾਤ ਦਾ ਸਵਾਗਤ ਕੀਤਾ ਹੈ। ਮੋਦੀ ਨੇ ਇਸ ਹਕੀਕਤ ਵੱਲ ਧਿਆਨ ਦਿਵਾਇਆ ਸੀ: “ਅੱਜ ਦਾ ਯੁੱਗ ਜੰਗ ਦਾ ਯੁੱਗ ਨਹੀਂ ਹੈ।” ਅਮਰੀਕਾ, ਰੂਸ ਤੇ ਯੂਰੋਪ ਦੀਆਂ ਸਰਕਾਰਾਂ ਤੇ ਮੀਡੀਆ ਵਲੋਂ ਇਸ ਬਿਆਨ ਦੀ ਸ਼ਲਾਘਾ ਕੀਤੀ ਗਈ ਹੈ। ਸਾਨੂੰ ਆਸ ਹੈ ਕਿ ਰਾਸ਼ਟਰਪਤੀ ਬਾਇਡਨ, ਪੂਤਿਨ ਤੇ ਜ਼ੇਲੈਂਸਕੀ ਇਸ ਸਲਾਹ ’ਤੇ ਕੰਨ ਧਰਨਗੇ ਅਤੇ ਟਕਰਾਅ ਨੂੰ ਖ਼ਤਰਨਾਕ ਮੋੜ ਲੈਣ ਤੋਂ ਰੋਕਣ ਲਈ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦਾ ਰਾਹ ਅਖਤਿਆਰ ਕਰਨਗੇ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।