ਅਮੋਲਕ ਸਿੰਘ
20 ਅਪਰੈਲ 1939 ਨੂੰ ਪਿੰਡ ਰਾਏਸਰ (ਬਰਨਾਲਾ) ਵਿਚ ਮਾਂ ਧੰਨ ਕੌਰ ਅਤੇ ਪਿਤਾ ਮਿਹਰ ਸਿੰਘ ਦੇ ਘਰ, ਸੰਤ ਰਾਮ ਉਦਾਸੀ, ਅਜਿਹੇ ਹਉਕੇ ਦੀ ਲਾਟ ਵਿਚੋਂ ਜਨਮੇ ਕਵੀ ਦਾ ਨਾਂ ਹੈ ਜਿਸ ਦੀ ਕਲਮ ਲੋਹੜੇ ਦੇ ਤਸ਼ੱਦਦ ਦੀ ਭੱਠੀ ਵਿਚੋਂ ਫੌਲਾਦ ਬਣ ਕੇ ਸਦੀਆਂ ਦੇ ਲਿਤਾੜੇ ਲੋਕਾਂ ਦੇ ਨਗ਼ਮੇ ਲਿਖਦੀ ਰਹੀ।
ਸੰਤ ਰਾਮ ਉਦਾਸੀ ਦਾ ਜਨਮ ਦਿਹਾੜਾ ਪੀੜ ਪਰੁੰਨੇ ਲੋਕਾਂ ਦੀ ਹੂਕ ਦਾ ਜਨਮ ਦਿਹਾੜਾ ਹੈ। ਸੀਰੀ ਅਤੇ ਜੱਟ ਦੇ ਗਲ਼ ਲੱਗ ਕੇ, ਸਾਂਝੇ ਦੁੱਖਾਂ ਦੀ ਸਾਂਝੀ ਪੀੜ ਕਾਰਨ ਰੋਣ ਦਾ ਦਿਹਾੜਾ ਵੀ ਹੈ; ਇਹ ਸਿਰ ਜੋੜ ਕੇ ਮੰਥਨ ਅਤੇ ਸਵੈ-ਮੰਥਨ ਦਾ ਦਿਹਾੜਾ ਹੈ।
ਸੰਤ ਰਾਮ ਉਦਾਸੀ ਦਾ ਜਨਮ ਸਮਾਜ ਦੇ ਜਿਸ ਵਰਗ ਵਿਚ ਹੋਇਆ, ਉਹ ਸਮਾਜ ਦਾ ਸਭ ਤੋਂ ਲੁੱਟਿਆ ਜਾ ਰਿਹਾ ਵਰਗ ਹੈ। ਉਦਾਸੀ ਜਿਸ ਤਬਕੇ ਵਿਚ ਜਨਮਿਆ, ਉਹ ਚੌਵੀ ਘੰਟੇ ਸੱਤੇ ਦਿਨ ਤਪਦੇ ਤੰਦੂਰ ਵਿਚ ਭੱਠ ਝੋਕਦਾ ਹੈ। ਆਰਥਿਕ, ਸਮਾਜਿਕ ਦਾਬੇ ਦੀ ਮਾਰ ਹੰਢਾ ਰਿਹਾ ਸਮਾਜ ਦਾ ਹਕੀਕੀ ਸਿਰਜਣਹਾਰ ਇਹ ਹਿੱਸਾ ਅਨੇਕਾਂ ਆਫ਼ਤਾਂ ਦੇ ਜ਼ਹਿਰੀ ਤੀਰਾਂ ਦੀ ਮਾਰ ਝੱਲਦਾ ਆਪਣੇ ਜੀਵਨ ਦੇ ਅਗਨ-ਸਫ਼ਰ ’ਤੇ ਤੁਰਦਾ ਰਹਿੰਦਾ ਹੈ।
ਨਾਮਧਾਰੀ ਸੰਪਰਦਾਇ ਦੀ ਗੋਦ ਵਿਚ ਜੰਮਿਆ ਪਲਿਆ ਅਤੇ ਜੁਆਨ ਹੋਇਆ ਉਦਾਸੀ ਨਾਮਧਾਰੀ ਮੁਖੀਆਂ ਅਤੇ ਲਹਿਰ ਦੇ ਗੀਤ, ਕਵਿਤਾਵਾਂ ਲਿਖਦਾ, ਸਮੇਂ ਸਮੇਂ ਦੀਆਂ ਤੱਤੀਆਂ ਹਵਾਵਾਂ ਪਿੰਡੇ ’ਤੇ ਝੱਲਦਾ, ਤਸੀਹਾ ਕੇਂਦਰਾਂ ਵਿਚ ਅੱਖਾਂ ਦੀ ਲੋਅ ਵੀ ਭਾਵੇਂ
ਗੁਆ ਬੈਠਦਾ ਹੈ ਪਰ ਉਹਦੇ ਗੀਤਾਂ ਦੇ ਨੈਣਾਂ ਦੀ ਲੋਅ ‘ਲਹੂ ਭਿੱਜੇ ਬੋਲ’, ‘ਸੈਨਤਾਂ’, ‘ਚੌਨੁਕਰੀਆਂ ਸੀਖਾਂ’ ਆਦਿ ਵਿਚ ਹੋਰ ਵੀ ਠੁੱਕਦਾਰ ਅੰਦਾਜ਼ ਵਿਚ ਲਿਸ਼ਕਦੀ ਦਿਖਾਈ ਦਿੰਦੀ ਹੈ।
ਗੁਰਸ਼ਰਨ ਸਿੰਘ ਭਾਅ ਜੀ ਦੇ ਇਹ ਕਹਿਣ ਪਿੱਛੇ ਠੋਸ ਵਿਗਿਆਨਕ ਵਿਸ਼ਲੇਸ਼ਣ ਸੀ: “ਉਦਾਸੀ ਦੀਆਂ ਕਈ ਕਾਵਿਕ ਪੰਕਤੀਆਂ, ਫਲਸਫ਼ਾਨਾ ਟੂਕਾਂ ਬਣ ਜਾਣਗੀਆਂ ਤੇ ਸਦਾ ਜਿਊਂਦੀਆਂ ਰਹਿਣਗੀਆਂ।”
ਸੰਤ ਰਾਮ ਉਦਾਸੀ ਦੇ ਜੀਵਨ ਦੇ ਅਨੇਕਾਂ ਪੱਖਾਂ ਅਤੇ ਉਨ੍ਹਾਂ ਦੇ ਰਚਨਾ ਸੰਸਾਰ ਦੀ ਵਿਸਥਾਰ ਪੂਰਵਕ ਸਮੀਖਿਆ ਵਿਚ ਨਾ ਜਾਂਦੇ ਹੋਏ ਉਹਨਾਂ ਦੇ ਜਨਮ ਦਿਹਾੜੇ ’ਤੇ ਅਸੀਂ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿਚ ਇਹ ਦਰਸਾਉਣਾ ਚਾਹੁੰਦੇ ਹਾਂ ਕਿ ਸੰਤ ਰਾਮ ਉਦਾਸੀ, ਪਾਸ਼ ਵਰਗੇ ਕਵੀਆਂ ਦੀ ਸਾਂਝ ਦਾ ਆਧਾਰ ਬੇਹੱਦ ਮਜ਼ਬੂਤ, ਗਹਿਰਾ ਅਤੇ ਦੂਰ-ਦ੍ਰਿਸ਼ਟੀ ਭਰਿਆ ਸੀ। ਜਿਹੜੇ ਅਜੇ ਵੀ ਉਦਾਸੀ ਅਤੇ ਪਾਸ਼ ਨੂੰ ਜੁਦਾ ਕਰਨ ਜਾਂ ਉਲਟ ਦਿਸ਼ਾਵਾਂ ਵਿਚ ਵਿਚਰਦਿਆਂ ਵਾਂਗ ਪੇਸ਼ ਕਰਨ ਦੀ ਕਲਮ ਘਸਾਈ ਕਰਦੇ ਹਨ, ਉਹਨਾਂ ਸਾਹਵੇਂ ਕੁਝ ਤੱਥ ਰੱਖ ਰਹੇ ਹਾਂ ਜੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਰਹਿਣ ਦਿੰਦੇ।
ਉਦਾਸੀ ਅਤੇ ਪਾਸ਼, ਦੋਹਾਂ ਨੇ ਜੋ ਰਚਿਆ ਉਹ ਇੱਕ ਹੀ ਮਾਂ ਜਾਈ ਕਲਮ ਦਾ ਸਿਰਜਿਆ ਸ਼ਿੰਗਾਰ ਹੈ। ਉਦਾਸੀ ਅਤੇ ਪਾਸ਼ ਇੱਕ ਦੂਜੇ ਨੂੰ ਇਉਂ ਨਿਹਾਰਦੇ ਹਨ ਜਿਵੇਂ ਕਹਿ ਰਹੇ ਹੋਣ: ਤੇਰੀ ਮੇਰੀ ਇੱਕ ਜਿੰਦੜੀ, ਦੇਖਣ ਨੂੰ ਭਾਵੇਂ ਦੋ। 12 ਜਨਵਰੀ 1973 ਦਾ ਸੰਤ ਰਾਮ ਉਦਾਸੀ ਦਾ ਪਾਸ਼ ਨੂੰ ਕਲਕੱਤਾ (ਹੁਣ ਕੋਲਕਾਤਾ) ਤੋਂ ਲਿਖਿਆ ਪੋਸਟ ਕਾਰਡ ਪਹਿਲੀ ਵਾਰ ਪ੍ਰਾਪਤ ਹੋਇਆ ਹੈ। ਸੰਤ ਰਾਮ ਉਦਾਸੀ ਲਿਖਦਾ ਹੈ:
ਕਿੰਨਾ ਚਿਰ ਹੋ ਗਿਆ, ਤੇਰੇ ਨਾਲ ਗੱਲ ਕੀਤੀ ਨੂੰ। ਕਾਸ਼ ਕਿ ਮੈਂ ਆਪਣੇ ਹੱਥਾਂ ਨਾਲ ਅੱਖਰਾਂ ਦੁਆਰਾ ਤੇਰੀਆਂ ਸੁੰਦਰ ਅੱਖਾਂ ਦਾ ਹਾਲ ਉਤਾਰ ਸਕਦਾ। ਮੈਂ 21 ਨੂੰ ਡਾਕਟਰ ਨੂੰ ਮਿਲਿਆ ਸੀ। ਫੇਰ 24 ਨੂੰ ਮਿਲਾਂਗਾ। ਆਸ ਹੈ ਪੰਜਾਬ ਆ ਕੇ ਤੈਨੂੰ ਅਤੇ ਹੋਰ ਲੋਕਾਂ ਨੂੰ ਸੰਗਰਾਮ ਵਿਚ ਬਾਹਾਂ ਚੁੱਕੀ ਖੜ੍ਹੇ ਭਰਵੀਂ ਨਿਗ੍ਹਾ ਨਾਲ ਤੱਕ ਸਕਾਂਗਾ।
… ਮਹਿੰਦਰ ਸੰਧੂ ਨੂੰ ਮੇਰੀ ਯਾਦ ਜ਼ਰੂਰ ਕਰਾਵੀਂ। ਗੁਰਸ਼ਰਨ ਤੋਂ ਅੱਜ ਹੀ ਪਤਾ ਕਰੋ ਕਿ ਕੀ ਉਹ ਡਾਕਟਰ ਦਲਜੀਤ ਸਿੰਘ ਹੋਰਾਂ ਤੋਂ ਇਲਾਜ ਕਰਵਾ ਸਕਦੇ ਹਨ। ਮੇਰੀ ਅੱਖ ਨੂੰ ਡੈਡਰਾਈਟਿਕ ਅਲਸਰ ਦੀ ਬਿਮਾਰੀ ਹੈ। ਵੈਸੇ ਅਜੇ 30/0 ਨਿਗ੍ਹਾ ਹੈ। ਅੰਤ ਵਿਚ ਲੰਮੀ ਚਿੱਠੀ ਦੀ ਆਸ ਕਰਦਾ ਹਾਂ ਤਾਂ ਜੋ ਤੂੰ ਮੇਰਾ ਦਿਲ ਲਗਾ ਸਕੇਂ। ਮੈਂ ਪੰਜਾਬ ਦੀਆਂ ਨੌਜਵਾਨ ਸਭਾਵਾਂ ਵਿਚ ਬੋਲਣ ਨੂੰ ਤਰਸਿਆ ਪਿਆ ਹਾਂ। -ਤੇਰਾ ਉਦਾਸੀ
ਮੇਰਾ ਪਤਾ: ਸੰਤ ਰਾਮ ਉਦਾਸੀ/ਡਾ. ਸੁਖਵੰਤ ਸਿੰਘ 36-ਬੀ, ਚੰਦਰਾ ਨਾਥ, ਚੈਟਰਜੀ ਸਟਰੀਟ, ਕਲਕੱਤਾ-25 ਪਾਸ਼ ਦੀ ਨਜ਼ਰ ਵਿਚ ਉਦਾਸੀ ਉੱਠ ਖੜ੍ਹ ਸਾਜਨ ਉੱਠ ਵੇ, ਵੇਖ ਮਾਰ ਕੇ ਝਾਤ ਸੰਤ ਰਾਮ ਉਦਾਸੀ ਨੂੰ ਪਹਿਲੀ ਵਾਰ ਗਾਉਂਦਿਆਂ ਸੁਣਿਆਂ ਤਾਂ ਲੋਕ ਕਲਾ ਬਾਰੇ ਸਾਰੇ ਭੁਲੇਖੇ ਦੂਰ ਹੋ ਗਏ। ਸੰਗੀਤ, ਮਿਹਨਤਕਸ਼ਾਂ ਦੀ ਜ਼ਿੰਦਗੀ ਦੇ ਦਰਦ ਅਤੇ ਰੋਹ ਦਾ ਐਨਾ ਸ਼ਾਨਦਾਰ ਸੁਮੇਲ ਸ਼ਾਇਦ ਹੀ ਪੰਜਾਬੀ ਦੇ ਕਿਸੇ ਹੋਰ ਕਵੀ ਵਿਚ ਹੋਵੇ। ਲੋਕ ਦੁਸ਼ਮਣ ਸਰਕਾਰ ਨੇ ਇਸ ਗੱਲ ਨੂੰ ਸ਼ਾਇਦ ਪਹਿਲਾਂ ਤੋਂ ਹੀ ਭਾਂਪ ਲਿਆ ਹੋਇਆ ਸੀ। ਇਸ ਤੋਂ ਵੱਡੀ ਗੱਲ ਇਹ ਸੀ ਕਿ ਉਦਾਸੀ ਆਪਣੀ ਨਿਸ਼ਕਾਮ ਲੋਕ ਸੇਵਾ ਦੀ ਭਾਵਨਾ ਕਰਕੇ ਹੋਰਨਾਂ ਕਵੀਆਂ ਵਾਂਗ ਬਹੁਤੇ ਰਿਸਾਲਿਆਂ ਵਿਚ ਛਪਣ ਦੀ ਦੌੜ ਵਿਚ ਨਹੀਂ ਹਫ਼ਿਆ ਸਗੋਂ ਆਪਣੀਆਂ ਰਚਨਾਵਾਂ ਸਿੱਧੀਆਂ ਲੋਕਾਂ ਦੇ ਇਕੱਠਾਂ ਅਤੇ ਸਮਾਗਮਾਂ ਵਿਚ ਜਾ ਕੇ ਗਾਉਂਦਾ ਰਿਹਾ। ਇਹੀ ਕਾਰਨ ਹੈ ਕਿ ਉਹਨੂੰ ਦੋ ਵਾਰ ‘ਇੰਟੈਰੋਗੇਸ਼ਨ ਸੈਂਟਰ’ ਦੀ ਦਰਿੰਦਗੀ ਦਾ ਸ਼ਿਕਾਰ ਹੋਣਾ ਪਿਆ।
ਜਿੱਥੇ ਉਹਦੇ ਗੀਤ ਅਨਪੜ੍ਹ ਪੇਂਡੂ ਜਨਤਾ ਉੱਤੇ ਅਸਰ ਕਰਦੇ ਹਨ, ਉੱਥੇ ਪੜ੍ਹੇ ਲਿਖੇ ਸ਼ਹਿਰੀ ਲੋਕਾਂ ਉੱਪਰ ਵੀ ਉਸ ਦੀ ਕਲਾ ਦੇ ਵਡੱਤਣ ਦੀ ਸਾਦਗੀ, ਆਵਾਜ਼ ਦੇ ਸੰਗੀਤ ਦੀ ਕਦਰ ਅਤੇ ਰੋਹ ਦਾ ਜਾਦੂ ਹੋਣੋਂ ਨਹੀਂ ਬਚ ਸਕਿਆ। ਸਾਨੂੰ ਸਾਰਿਆਂ ਨੂੰ ਉਸ ਤੋਂ ਸਿੱਖਣਾ ਅਤੇ ਪ੍ਰੇਰਨਾ ਲੈਣੀ ਚਾਹੀਦੀ ਹੈ।
-ਪਾਸ਼
ਸੰਪਰਕ: 98778-68710