ਮਨਦੀਪ
ਰੂਸ ਵੱਲੋਂ ਯੂਕਰੇਨ ਦੇ ਦੋ ਇਲਾਕਿਆਂ (ਡੋਨੇਤਸਕ ਤੇ ਲੁਹਾਂਸਕ) ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਅਤੇ ਉੱਥੇ ਫੌਜ ਭੇਜਣ ਨਾਲ ਯੂਕਰੇਨ ਸੰਕਟ ਗਹਿਰਾ ਹੋ ਗਿਆ ਹੈ। ਰੂਸ ਨੇ ਯੂਕਰੇਨ ਦੇ ਪੂਰਬੀ ਹਿੱਸੇ ਵਿਚ ਆਪਣੇ ਫੌਜੀ ਦਖਲ ਨੂੰ ‘ਅਮਨ ਬਹਾਲੀ’ ਦੇ ਨਾਂ ਹੇਠ ਜਾਇਜ਼ ਠਹਿਰਾ ਕੇ ਅਤੇ ਨਾਟੋ ਪ੍ਰਭਾਵ ਦੇ ਖਤਰੇ ਤੋਂ ਪੂਰਬੀ ਯੂਕਰੇਨ ਦਾ ਸਭ ਤੋਂ ਅਹਿਮ ਖੇਤਰ ਨੂੰ ਸੁਰੱਖਿਅਤ ਕਰ ਲਿਆ ਹੈ; ਦੂਜੇ ਪਾਸੇ, ਅਮਰੀਕਾ ਨੇ ਇਸ ਨੂੰ ਹਮਲਾ ਕਰਾਰ ਦਿੱਤਾ ਹੈ ਅਤੇ ਅਮਰੀਕ ਤੇ ਯੂਰੋਪੀਅਨ ਯੂਨੀਅਨ ਨੇ ਰੂਸ ’ਤੇ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਸੰਸਾਰ ਭਰ ਦੇ ਲੋਕਾਂ ਦੀਆਂ ਨਜ਼ਰਾਂ ਰੂਸ-ਯੂਕਰੇਨ ਜੰਗ ਦੇ ਤੀਬਰ ਖ਼ਦਸਿ਼ਆਂ ’ਤੇ ਹਨ। ਅਮਰੀਕਾ ਯੂਕਰੇਨ ਨੂੰ ਨਾਟੋ ਮੈਂਬਰ ਬਣਾਉਣਾ ਚਾਹੁੰਦਾ ਹੈ, ਰੂਸ ਇਸ ਦੇ ਖਿਲਾਫ ਹੈ। ਰੂਸ ਦੀ ਵੱਡੀ ਫੌਜੀ ਨਫਰੀ (1.5 ਲੱਖ ਤੋਂ ਉਪਰ) ਰੂਸ-ਯੂਕਰੇਨ ਸਰਹੱਦ ਉੱਤੇ ਮਸ਼ਕਾਂ ਕਰ ਰਹੀ ਹੈ। ਅਮਰੀਕਾ ਨਾਟੋ ਪ੍ਰਭਾਵ ਵਾਲੇ ਯੂਰੋਪੀਅਨ ਮੁਲਕਾਂ ਨਾਲ ਮਿਲ ਕੇ ਯੂਕਰੇਨ ਦੇ ਨੇੜੇ-ਤੇੜੇ ਮਸ਼ਕਾਂ ਕਰ ਰਿਹਾ ਹੈ। ਪੱਛਮੀ ਮੀਡੀਆ ਤੀਜੀ ਸੰਸਾਰ ਜੰਗ ਦੀ ਸਨਸਨੀ ਫੈਲਾ ਰਿਹਾ ਹੈ ਤੇ ਰੂਸ, ਯੂਕਰੇਨ ਉੱਤੇ ਹਮਲੇ ਦੇ ਇਰਾਦੇ ਨੂੰ ਲਗਾਤਾਰ ਨਕਾਰ ਰਿਹਾ ਹੈ।
ਦੋ ਦਹਾਕਿਆਂ ਤੋਂ ਰੂਸ ਤੇ ਚੀਨ ਨਵੀਆਂ ਆਰਥਿਕ ਸ਼ਕਤੀਆਂ ਬਣ ਕੇ ਉਭਰੇ ਹਨ। ਸੰਸਾਰ ਬਾਜ਼ਾਰ ’ਚ ਤੇਜ਼ੀ ਨਾਲ ਪਸਾਰ ਕਰਨ ਵਾਲੀਆਂ ਇਨ੍ਹਾਂ ਤਾਕਤਾਂ ਨੇ ਸਿਆਸੀ ਤੇ ਫੌਜੀ ਤਾਕਤ ਦੇ ਨਵੀਨੀਕਰਨ ਨਾਲ ਅੰਤਰ-ਸਾਮਰਾਜੀ ਮੁਕਾਬਲਾ ਵੱਧ ਤਿੱਖਾ ਕਰ ਦਿੱਤਾ ਹੈ। ਇਹ ਮੁਕਾਬਲਾ ਇਤਿਹਾਸ ਦੇ ਖਾਸ ਸਮੇਂ ਉਭਰ ਰਿਹਾ ਹੈ। ਇਸ ਸਮੇਂ ਸੰਸਾਰ ਤਾਕਤਾਂ ਦੇ ਆਰਥਿਕ-ਸਿਆਸੀ ਸਮਤੋਲ ਬਦਲ ਰਹੇ ਹਨ ਅਤੇ ਸਾਮਰਾਜੀ ਖੇਤਰਵਾਦ ਨੂੰ ਮਜ਼ਬੂਤ ਕਰਦਿਆਂ ਸੰਸਾਰ ਮੰਡੀਆਂ ’ਤੇ ਕਬਜ਼ੇ ਅਤੇ ਪਸਾਰੇ ਦੀ ਦੌੜ ਤਿੱਖੀ ਹੋ ਰਹੀ ਹੈ। ਇਹ ਤਾਕਤਾਂ ਸੰਸਾਰ ਦੇ ਪੱਛੜੇ ਮੁਲਕਾਂ ਉੱਤੇ ਆਪਣੇ ਵਿੱਤੀ ਸੰਕਟ ਦਾ ਬੋਝ ਲੱਦ ਰਹੀਆਂ ਹਨ। ਅਜਿਹੇ ਸਮੇਂ ਯੂਕਰੇਨ, ਮੱਧ ਏਸ਼ੀਆ ਅਤੇ ਪੂਰਬੀ ਯੂਰੋਪੀਅਨ ਮੁਲਕਾਂ ਵਿਚ ਰੂਸ-ਚੀਨ ਸਾਮਰਾਜੀ ਗੱਠਜੋੜ ਅਤੇ ਯੂਰੋ-ਐਂਟਲਾਂਟਿਕ ਸ਼ਕਤੀਆਂ (ਅਮਰੀਕਾ, ਨਾਟੋ, ਯੂਰੋਪੀਅਨ ਯੂਨੀਅਨ) ਆਹਮੋ-ਸਾਹਮਣੇ ਹਨ। ਮੌਜੂਦਾ ਸਮੇਂ ਦਾ ਚੀਨ ਅਤੇ ਰੂਸ ਸਮਾਜਵਾਦੀ ਵਿਚਾਰਧਾਰਾ ਵਾਲੇ ਮੁਲਕ ਨਹੀਂ ਜਿਨ੍ਹਾਂ ਦਾ ਇਕ ਖਾਸ ਇਤਿਹਾਸਕ ਸਮੇਂ ਫਾਸ਼ੀਵਾਦੀ ਅਤੇ ਸਾਮਰਾਜੀ ਵਿਰੋਧੀ ਕਿਰਦਾਰ ਰਿਹਾ ਬਲਕਿ ਹੁਣ ਇਹ ਸਾਮਰਾਜੀ ਮੁਲਕ ਬਣ ਚੁੱਕੇ ਹਨ ਜਿਨ੍ਹਾਂ ਦਾ ਮਕਸਦ ਅਮਰੀਕਾ ਵਾਂਗ ਜੰਗਾਂ ਰਾਹੀਂ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਹੈ। ਅਜੋਕੇ ਸਮੇਂ ਯੂਕਰੇਨ ਇਸੇ ਸਾਮਰਾਜੀ ਪਸਾਰਵਾਦੀ ਨੀਤੀ ਦਾ ਨਿਸ਼ਾਨਾ ਬਣਿਆ ਹੋਇਆ ਹੈ।
ਯੂਕਰੇਨ 1991 ’ਚ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਇਆ ਪੂਰਬੀ ਯੂਰੋਪ ਦਾ ਅਹਿਮ ਭੂ-ਸਿਆਸੀ ਖੇਤਰ ਹੈ। ਸੋਵੀਅਤ ਯੂਨੀਅਨ ਤੋਂ ਵੱਖ ਹੋਏ ਬਾਕੀ ਮੁਲਕਾਂ ਵਾਂਗ ਯੂਕਰੇਨ ਦੀ ਆਰਥਿਕਤਾ ਲਗਾਤਾਰ ਨਿੱਘਰਦੀ ਗਈ ਤੇ ਇਹ ਵਿਦੇਸ਼ੀ ਕਰਜ਼ ਲਈ ਸਾਮਰਾਜੀ ਤਾਕਤਾਂ ਦੇ ਇੱਕ ਜਾਂ ਦੂਜੇ ਕੈਂਪ ’ਤੇ ਨਿਰਭਰ ਹੈ। 2004 ਤੱਕ ਯੂਕਰੇਨੀ ਹੁਕਮਰਾਨ ਰੂਸ ਨਾਲ ਮਿਲ ਕੇ ਚੱਲ ਰਹੇ ਸਨ ਪਰ 2004 ਦੀ ਗੁਲਾਬੀ ਕ੍ਰਾਂਤੀ ਤੋਂ ਬਾਅਦ ਯੂਕਰੇਨ ਦੇ ਹਾਕਮਾਂ ਦੇ ਸਿਆਸੀ ਹਿੱਤ ਅਮਰੀਕਾ ਨਾਲ ਜੁੜ ਗਏ। ਇਸ ਤੋਂ ਬਾਅਦ ਯੂਕਰੇਨੀ ਸ਼ਾਸਕਾਂ ਨਾਲ ਮਿਲ ਕੇ ਅਮਰੀਕਾ ਨੇ ਰੂਸ ਦੇ ਗੁਆਂਢ ’ਚ ਨਾਟੋ ਪ੍ਰਭਾਵ ਮਜ਼ਬੂਤ ਕਰਨ ਅਤੇ ਯੂਕਰੇਨ ਦੇ ਭਾਸ਼ਾ ਤੇ ਸੱਭਿਆਚਾਰ ਨੂੰ ਖਤਮ ਕਰਨ ਦੇ ਯਤਨ ਆਰੰਭ ਦਿੱਤੇ ਜਿਸ ਤੋਂ ਸੁਰੱਖਿਆ ਲਈ ਰੂਸ ਨੇ ਯੂਕਰੇਨ ਸਮੇਤ ਆਪਣੇ ਗੁਆਂਢੀ ਮੁਲਕਾਂ ਵਿਚ ਸਿਆਸੀ ਤੇ ਫੌਜੀ ਚੌਕਸੀ ਵਧਾ ਦਿੱਤੀ। 2014 ਵਿਚ ਰੂਸ ਨੇ ਯੂਕਰੇਨ ਦੇ ਅਹਿਮ ਖੇਤਰ ਕਰੀਮੀਆ ਉੱਤੇ ਕਬਜ਼ਾ ਕਰ ਲਿਆ ਅਤੇ ਦੋਨਬਾਸ ਵਿਚ ਬਾਗੀ ਗਰੁੱਪਾਂ ਨਾਲ ਮਿਲ ਕੇ ਆਪਣਾ ਪ੍ਰਭਾਵ ਵਧਾ ਲਿਆ। ਇਸ ਕਬਜ਼ੇ ਨਾਲ ਰੂਸ ਦਾ ਵਪਾਰਕ ਪੱਖੋਂ ਅਹਿਮ ਸਮੁੰਦਰੀ ਲਾਂਘੇ ਕਾਲੇ ਸਾਗਰ ਅਤੇ ਮੱਧ ਸਾਗਰ ਵਿਚ ਪ੍ਰਭਾਵ ਵਧ ਗਿਆ। ਮੌਜੂਦਾ ਸਮੇਂ ਯੂਕਰੇਨ ਵਿਚ ਨਾਟੋ ਪ੍ਰਭਾਵ ਵਧਣ ਨਾਲ ਰੂਸ ਕਾਲੇ ਸਾਗਰ ਅਤੇ ਮੱਧ ਸਾਗਰ ਵਿਚ ਆਪਣਾ ਪ੍ਰਭਾਵ ਖੁੱਸਣ ਤੋਂ ਫਿ਼ਕਰਮੰਦ ਹੈ।
ਦੂਜੀ ਸੰਸਾਰ ਜੰਗ ਦੇ ਖ਼ਾਤਮੇ ਪਿੱਛੋਂ ਅਮਰੀਕਾ ਨੇ ਸੋਵੀਅਤ ਯੂਨੀਅਨ ਨੂੰ ਘੇਰਨ ਅਤੇ ਸਮਾਜਵਾਦੀ ਪ੍ਰਭਾਵ ਨੂੰ ਫੌਜੀ ਤਾਕਤ ਜ਼ਰੀਏ ਫੈਲਣ ਤੋਂ ਰੋਕਣ ਲਈ ਨਾਟੋ ਦਾ ਪ੍ਰਭਾਵ ਵਧਾਉਣ ਲਈ ਯਤਨ ਕੀਤੇ। ਸੋਵੀਅਤ ਯੂਨੀਅਨ ਟੁੱਟਣ ਬਾਅਦ ਅਮਰੀਕਾ ਨੇ ਪੂਰਬੀ ਯੂਰੋਪ ਦੇ ਅਨੇਕਾਂ ਮੁਲਕਾਂ ਸਮੇਤ ਵਾਰਸਾ ਪੈਕਟ ਵਿਚ ਸ਼ਾਮਿਲ ਮੁਲਕਾਂ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬੀ ਹਾਸਲ ਕੀਤੀ। ਅਮਰੀਕਾ ਨੇ ਸੋਵੀਅਤ ਯੂਨੀਅਨ ਅਤੇ ਯੂਰੋਪੀਅਨ ਯੂਨੀਅਨ ਦੇ ਗੈਰ ਰੂਸੀ ਮੁਲਕਾਂ ਵਿਚ ਆਪਣਾ ਪਸਾਰ ਕੀਤਾ ਪਰ ਸੰਸਾਰ ਸਾਮਰਾਜੀ ਸ਼ਕਤੀਆਂ ਵਿਚ ਆਏ ਬਦਲਾਓ ਕਾਰਨ ਅਜੋਕੇ ਹਾਲਾਤ ਕਾਫੀ ਬਦਲ ਚੁੱਕੇ ਹਨ। ਫਰਾਂਸ, ਬਰਤਾਨੀਆ, ਜਰਮਨੀ ਆਦਿ ਪੁਰਾਣੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਪਹਿਲਾਂ ਵਾਲੀ ਚੜ੍ਹਤ ਨਹੀਂ ਰਹੀ। ਪਿਛਲੇ ਦੋ ਦਹਾਕੇ ਤੋਂ ਜਿੱਥੇ ਰੂਸ ਅਤੇ ਚੀਨ ਵੱਡੀ ਸੰਸਾਰ ਆਰਥਿਕ ਤਾਕਤ ਬਣ ਕੇ ਉੱਭਰੇ, ਉੱਥੇ ਅਮਰੀਕਾ ਇੱਕ ਦਹਾਕੇ ਤੋਂ ਆਰਥਿਕ-ਸਿਆਸੀ ਸੰਕਟ ਵਿਚ ਘਿਰ ਚੁੱਕਾ ਹੈ। ਬਹੁ-ਧਰੁਵੀ ਸੰਸਾਰ ਸਾਮਰਾਜੀ ਤਾਕਤਾਂ ਦੇ ਨਵੇਂ ਉਭਾਰ ਨਾਲ ਸੰਸਾਰ ਦਾ ਆਰਥਿਕ-ਸਿਆਸੀ ਦ੍ਰਿਸ਼ ਬਦਲ ਚੁੱਕਾ ਹੈ। ਸੰਸਾਰ ਤਾਕਤਾਂ ਦੇ ਇਸ ਬਦਲਾਓ ਦਾ ਪ੍ਰਭਾਵ ਯੂਕਰੇਨ ਮਸਲੇ ਉੱਤੇ ਦਿਖਾਈ ਦਿੰਦਾ ਹੈ। ਇਸ ਸਮੇਂ ਅਮਰੀਕਾ ਜਿੱਥੇ ਰੂਸ ਨੂੰ ਨਾਟੋ ਪ੍ਰਭਾਵ ਨਾਲ ਘੇਰਨਾ ਚਾਹੁੰਦਾ ਹੈ, ਉੱਥੇ ਇਸ ਦਾ ਨਿਸ਼ਾਨਾ ਵਪਾਰਕ ਜੰਗ ਦੇ ਚੱਲਦਿਆਂ ਹਿੰਦ ਪ੍ਰਸ਼ਾਂਤ ਮਹਾਂਸਾਗਰ ਰਾਹੀਂ ਚੀਨ ਨੂੰ ਘੇਰਨ ਦਾ ਵੀ ਹੈ। ਹਿੰਦ ਪ੍ਰਸ਼ਾਂਤ ਮਹਾਂਸਾਗਰ ਆਲਮੀ ਅਰਥਚਾਰੇ ਅਤੇ ਸਮੁੰਦਰੀ ਵਿਸਤਾਰਵਾਦ ਲਈ ਬੇਹੱਦ ਅਹਿਮ ਹੈ। ਇਸ ਅਹਿਮ ਮੌਕੇ ਭਾਰਤ ਯੂਰੋਪੀਅਨ ਯੂਨੀਅਨ ਅਤੇ ਕੁਆਡ ਮੁਲਕਾਂ (ਭਾਰਤ, ਅਮਰੀਕਾ, ਆਸਟਰੇਲੀਆ, ਜਪਾਨ) ਨਾਲ ਮਿਲ ਕੇ ਹਿੰਦ ਪ੍ਰਸ਼ਾਂਤ ਮਹਾਂਸਾਗਰ ਨੂੰ ਆਪਣੇ ਭਾਈਵਾਲਾਂ ਲਈ ਖੋਲ੍ਹਣ ਦਾ ਹਮਾਇਤੀ ਹੈ ਪਰ ਚੀਨ ਨਾਲ ਇਸ ਮਹਾਂਸਾਗਰ ਵਿਚ ਸੁਰੱਖਿਆ ਬਾਰੇ ਉਸ ਦੇ ਸ਼ੱਕ ਅਤੇ ਇਤਰਾਜ਼ ਹਨ। ਦੂਜੇ ਪਾਸੇ ਚੀਨ ਅਮਰੀਕਾ ਦਾ ਵਧਦਾ ਪ੍ਰਭਾਵ ਰੋਕਣ ਲਈ ਰੂਸ ਦੇ ਵੱਧ ਨੇੜੇ ਹੈ। ਅਮਰੀਕੀ ਪ੍ਰਭਾਵ ਵਾਲੇ ਯੂਰੋਪੀਅਨ ਮੁਲਕ ਵੀ ਆਪਣੇ ਸਮੀਕਰਨ ਬਦਲ ਰਹੇ ਹਨ; ਮਸਲਨ, ਮੌਜੂਦਾ ਯੂਕਰੇਨ ਮਸਲੇ ਤੇ ਜਰਮਨੀ ਨਾਟੋ ਵਿਚ ਸ਼ਾਮਲ ਹੋਣ ਦੇ ਬਾਵਜੂਦ ਜੰਗ ਨਹੀਂ ਚਾਹੁੰਦਾ। ਇਸ ਦਾ ਇਕ ਕਾਰਨ ਇਹ ਹੈ ਕਿ ਉਸ ਦੇ ਹਿਟਲਰ ਸਮੇਂ ਜਰਮਨੀ ਦੀ ਤਬਾਹੀ ਦੇ ਜ਼ਖ਼ਮ ਅਜੇ ਅੱਲ੍ਹੇ ਹਨ; ਦੂਜਾ ਉਹ ਰੂਸ ਨਾਲ ‘ਨਾਰਡ ਸਟਰੀਮ ਪਾਈਪਲਾਇਨ’ ਨੂੰ ਲੈ ਕੇ ਰੂਸ ਨਾਲ ਆਪਣੇ ਸੰਬੰਧ ਖਰਾਬ ਨਹੀਂ ਕਰਨਾ ਚਾਹੁੰਦਾ। ਇਸੇ ਤਰ੍ਹਾਂ ਨਾਟੋ ਪ੍ਰਭਾਵ ਵਾਲੇ ਯੂਰੋਪੀਅਨ ਮੁਲਕ ਰੂਸ ਉਪਰ ਕੁਦਰਤੀ ਗੈਸ (40%) ਅਤੇ ਤੇਲ ਦੀ ਨਿਰਭਰਤਾ ਕਾਰਨ ਜੰਗ ਨਹੀਂ ਚਾਹੁੰਦੇ।
ਅਮਰੀਕਾ ਰੂਸ ਨੂੰ ਆਰਥਿਕ-ਵਪਾਰਕ ਨਾਕਾਬੰਦੀ ਅਤੇ ਫੌਜੀ ਹਮਲੇ ਦੀਆਂ ਧਮਕੀਆਂ ਦੇ ਰਿਹਾ ਹੈ ਪਰ ਰੂਸ ਬੇਫਿ਼ਕਰ ਹੈ। ਤਿੱਖੇ ਬਿਆਨਾਂ ਦੇ ਬਾਵਜੂਦ ਜ਼ਮੀਨੀ ਪੱਧਰ ਉੱਤੇ ਅਮਰੀਕਾ ਅਤੇ ਨਾਟੋ ਪ੍ਰਭਾਵ ਵਾਲੇ ਮੁਲਕ ਰੂਸ ਖਿਲਾਫ ਫੌਜੀ ਕਾਰਵਾਈ ਕਰਨ ਤੋਂ ਗੁਰੇਜ਼ ਕਰਦੇ ਨਜ਼ਰ ਆ ਰਹੇ ਹਨ। ਜੇ ਅਮਰੀਕਾ ਨੇ ਯੂਕਰੇਨ ਨੂੰ ਨਾਟੋ ਮੈਂਬਰ ਬਣਾਉਣਾ ਹੈ ਤਾਂ ਰੂਸ ਕੋਲ ਉਸ ਉੱਤੇ ਹਮਲਾ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ। ਇਸ ਤੋਂ ਬਿਨਾਂ ਰੂਸ ਸੋਵੀਅਤ ਯੂਨੀਅਨ ਵੇਲੇ ਦੇ ਆਪਣੇ ਪੁਰਾਣੇ ਪ੍ਰਭਾਵ ਵਾਲੇ ਖੇਤਰਾਂ ਨੂੰ ਮੁੜ ਹਾਸਲ ਕਰਨ ਦਾ ਅਭਿਲਾਸ਼ੀ ਹੈ।
ਇਸ ਸਮੇਂ ਪੱਛਮੀ ਅਤੇ ਰੂਸੀ ਸਾਮਰਾਜੀ ਸ਼ਕਤੀਆਂ ਯੂਕਰੇਨ ਦੇ ਲੋਕਾਂ ਅੰਦਰ ਰਾਸ਼ਟਰਵਾਦੀ ਭਾਵਨਾਵਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਲੜਨ-ਮਰਨ ਲਈ ਪ੍ਰੇਰ ਰਹੇ ਹਨ। ਯੂਕਰੇਨੀ ਲੋਕਾਂ ਨੂੰ ਇਸ ਅੰਤਰ-ਸਾਮਰਾਜੀ ਟਕਰਾਓ ਅਤੇ ਸਾਮਰਾਜੀ ਹਿੱਤਾਂ ਦੀ ਪੂਰਤੀ ਲਈ ਕੀਤੇ ਜਾ ਰਹੇ ਰਾਸ਼ਟਰਵਾਦੀ ਹਿੱਤਾਂ ਦੇ ਦੁਰਪ੍ਰਚਾਰ ਤੋਂ ਚੇਤੰਨ ਹੋਣਾ ਚਾਹੀਦਾ ਹੈ। ਸਮਾਰਾਜੀ ਤਾਕਤਾਂ ਵਿਚਾਲੇ ਚੱਲ ਰਹੇ ਆਪਸੀ ਭੇੜ ਵਿਚ ਸਭ ਤੋਂ ਵੱਧ ਨੁਕਸਾਨ ਆਖਿ਼ਰਕਾਰ ਯੂਕਰੇਨ ਦੀ ਅਵਾਮ ਦਾ ਹੋਵੇਗਾ। ਯੂਕਰੇਨ ਦੇ ਲੋਕਾਂ ਨੂੰ ਜੰਗ ਵਿਚ ਕਿਸੇ ਵੀ ਸਾਮਰਾਜੀ ਧੜੇ ਦਾ ਸਮਰਥਨ ਕਰਕੇ ਆਪਣਾ ਖੂਨ ਨਹੀਂ ਵਹਾਉਣਾ ਚਾਹੀਦਾ।
ਸੰਪਰਕ (ਵ੍ਹਟਸਐਪ): +54-9-381-338-9246