ਪ੍ਰਿੰ. ਸਰਵਣ ਸਿੰਘ
ਖੇਡ ਵਿਗਿਆਨੀ ਜੌਨ੍ਹ ਬ੍ਰੈਂਕਸ ਨੇ ਪੁਸਤਕ ਲਿਖੀ: ਦਿ ਪਰਫੈਕਸ਼ਨ ਪੁਆਇੰਟ। ਉਸ ’ਚ ਮਨੁੱਖ ਦੇ ਤੇਜ਼ ਤੋਂ ਤੇਜ਼ ਦੌੜਨ ਦਾ ਅਧਿਐਨ ਕੀਤਾ ਹੈ। ਸਵਾਲ ਉਠਾਏ ਹਨ ਕਿ ਬੰਦਾ ਵੱਧ ਤੋਂ ਵੱਧ ਕਿੰਨਾ ਤੇਜ਼ ਦੌੜ ਸਕਦਾ? ਵੱਧ ਤੋਂ ਵੱਧ ਤੇਜ਼ ਦੌੜਨ ਵਾਲੇ ਦਾ ਜੁੱਸਾ ਕਿਹੋ ਜਿਹਾ ਹੋਵੇ? ਉਹਦੇ ਜੀਨਜ਼ ਕਿਹੋ ਜਿਹੇ ਹੋਣ ਅਤੇ ਖੁਰਾਕ ਤੇ ਟ੍ਰੇਨਿੰਗ ਕਿਹੋ ਜਿਹੀ ਹੋਵੇ?
ਸੌ ਮੀਟਰ ਦੀ ਦੌੜ ਦੇ ਚਾਰ ਪੜਾਅ ਹਨ। ਪਹਿਲਾ ਸਟਾਰਟ ਦੀ ਆਵਾਜ਼ ’ਤੇ ਯਕ ਦਮ ਪ੍ਰਤੀਕਰਮ, ਦੂਜਾ ਪੂਰੀ ਤਾਕਤ ਨਾਲ ਬਲਾਕ ਤੋਂ ਉਠਣਾ, ਤੀਜਾ ਯਕ ਦਮ ਪੂਰੀ ਰਫ਼ਤਾਰ ਫੜਨੀ ਤੇ ਚੌਥਾ ਪੂਰੀ ਰਫ਼ਤਾਰ ’ਚ ਲੰਮੇ ਕਦਮਾਂ ਨਾਲ ਦੌੜ ਦਾ ਅੰਤ ਕਰਨਾ। ਪਹਿਲਾਂ ਪਹਿਲ ਸਟਾਰਟਰ ਅੰਦਰਲੀ ਲੇਨ ਕੋਲ ਖੜ੍ਹ ਕੇ ਪਿਸਤੌਲ ਦੇ ਫਾਇਰ ਨਾਲ ਸਟਾਰਟ ਦਿਆ ਕਰਦਾ ਸੀ। ਆਵਾਜ਼ ਅੰਦਰਲੀ ਲੇਨ ਤੋਂ 0.025 ਸੈਕੰਡ ਬਾਅਦ 11 ਮੀਟਰ ਦੂਰ ਬਾਹਰਲੀ ਲੇਨ ਤਕ ਪੁੱਜਦੀ ਸੀ। ਇੰਜ ਅੰਦਰਲੀ ਲੇਨ ਵਾਲੇ ਨੂੰ ਸਭ ਤੋਂ ਵੱਧ ਫਾਇਦਾ ਹੁੰਦਾ ਸੀ ਤੇ ਬਾਹਰਲੀ ਲੇਨ ਵਾਲੇ ਨੂੰ ਸਭ ਤੋਂ ਵੱਧ ਨੁਕਸਾਨ। ਹੁਣ ਹਰ ਦੌੜਾਕ ਦੇ ਬਲੌਕ ਪਿਛੇ ਸਪੀਕਰ ਦੀ ਬੀਪ ਲੱਗੀ ਹੁੰਦੀ ਹੈ, ਸਟਾਰਟ ਦੀ ਆਵਾਜ਼ ਸਭ ਨੂੰ ਇਕੋ ਸਮੇਂ ਸੁਣਦੀ ਹੈ। ਆਵਾਜ਼ ’ਤੇ ਰਿਐਕਸ਼ਨ ਕਰਨ ਦਾ ਟਾਈਮ ਸੈਕੰਡ ਦਾ 10ਵਾਂ ਹਿੱਸਾ ਲੱਗਣਾ ਚਾਹੀਦੈ। ਇਸ ਤੋਂ ਘੱਟ ਸਮਾਂ ਲੱਗੇ ਤਾਂ ਸਟਾਰਟ ਗ਼ਲਤ ਹੋ ਜਾਂਦਾ। ਜੇ ਵੱਧ ਸਮਾਂ ਲੱਗ ਜਾਵੇ ਤਾਂ ਦੌੜ ਪੂਰੀ ਕਰਨ ’ਚ ਵੀ ਵੱਧ ਸਮਾਂ ਲੱਗਦੈ। ਬਰਲਿਨ-2009 ’ਚ ਜਿੱਦਣ ਬੋਲਟ ਨੇ 9.58 ਸੈਕੰਡ ਸਮਾਂ ਕੱਢਿਆ ਸੀ, ਉੱਦਣ ਉਹ ਬੀਪ ’ਤੇ ਸੈਕੰਡ ਦੇ 10ਵੇਂ ਹਿੱਸੇ ਨਾਲ ਰਿਐਕਟ ਕਰ ਜਾਂਦਾ ਤਾਂ ਉਸ ਦਾ ਸਮਾਂ 9.51 ਸੈਕੰਡ ਹੋਣਾ ਸੀ!
ਰਹੀ ਗੱਲ ਬਲਾਕ ਤੋਂ ਉੱਠਣ ਦੀ; ਇਹਦੇ ਲਈ ਪਿੰਨੀਆਂ ਤੇ ਪੱਟਾਂ ਦੇ ਪੱਠੇ ਤਕੜੇ ਹੋਣੇ ਚਾਹੀਦੇ ਪਰ ਉਹ ਇੰਨੇ ਮੋਟੇ ਤੇ ਭਾਰੇ ਵੀ ਨਾ ਹੋਣ ਕਿ ਭਾਰ ਨਾਲ ਦੌੜਾਕ ਬੋਝਲ ਬਣ ਜਾਵੇ। ਜਿੰਨੀ ਤੇਜ਼ੀ ਨਾਲ ਪੂਰੀ ਰਫ਼ਤਾਰ ਫੜੀ ਜਾਵੇ, ਓਨਾ ਹੀ ਨਤੀਜਾ ਬਿਹਤਰ ਹੁੰਦਾ। ਦਸਵੇਂ ਮੀਟਰ ਤੱਕ ਸਪੀਡ ਫੁੱਲ ਹੋ ਜਾਣੀ ਚਾਹੀਦੀ ਹੈ। ਦੌੜ ਦੇ ਅੰਤਲੇ ਭਾਗ ਵਿਚ ਪੱਠੇ ਥੱਕਣੇ ਸ਼ੁਰੂ ਹੁੰਦੇ ਹਨ ਜਿਸ ਕਰਕੇ ਕਦਮ ਕਾਹਲੇ ਨਹੀਂ ਪੈਂਦੇ। ਉਸ ਹਾਲਤ ਵਿਚ ਲੰਮੇ ਕਦਮਾਂ ਨਾਲ ਦੌੜ ਦਾ ਅੰਤ ਹੋਵੇ। ਇਸ ਸਭ ਕਾਸੇ ਦੀ ਪ੍ਰਪੱਕਤਾ ਲਈ ਲੰਮੇ ਕਠਨ ਅਭਿਆਸ ਦੀ ਲੋੜ ਪੈਂਦੀ ਹੈ।
ਖੇਡ ਵਿਗਿਆਨੀ ਨੇ 100 ਮੀਟਰ ਦੌੜ ਦੇ ਪਰਫੈਕਟ ਦੌੜਾਕ ਦੀ ਪਰਫੈਕਟ ਸਰੀਰਕ ਬਣਤਰ ਵੀ ਉਲੀਕੀ ਹੈ। ਉਸ ਨਾਲ ਹੀ ਉਹ ਪਰਫੈਕਟ ਪੁਆਇੰਟ ’ਤੇ ਪੁੱਜ ਸਕਦਾ। ਲਿਖਿਆ ਹੈ ਕਿ ਅਜਿਹੇ ਦੌੜਾਕ ਦਾ ਕੱਦ 6 ਫੁੱਟ 2 ਇੰਚ ਤੇ ਸਰੀਰਕ ਵਜ਼ਨ 87 ਕਿੱਲੋ, ਭਾਵ 192 ਪੌਂਡ ਹੋਵੇ। ਲੱਤਾਂ ਦੀਆਂ ਹੱਡੀਆਂ ਇਕ ਮੀਟਰ ਅਤੇ ਪੱਟਾਂ ਦੇ ਬਾਰਾਂ ਇੰਚੀ ਪੱਠਿਆਂ ਵਿਚ 55-65% ਰੇਸ਼ੇ ਫਾਸਟ ਤੇ 35-45% ਰੇਸ਼ੇ ਮੱਠੇ ਹੋਣ। ਮੂੰਹ ਸਿਰ ਘੋਨ ਮੋਨ ਹੋਵੇ ਅਤੇ ਐਨਕਾਂ ਐਰੋਡਾਇਨਾਮਿਕ ਹੋਣ। ਸਮੁੱਚਾ ਵਜੂਦ ਤਿੱਖਾ ਚੁੰਝ ਵਰਗਾ ਹੋਵੇ ਤਾਂ ਕਿਆ ਰੀਸਾਂ! ਇੰਜ ਹਵਾ ਦੀ ਰੁਕਾਵਟ ਘੱਟ ਮਹਿਸੂਸ ਹੋਵੇਗੀ। ਦੌੜ ਜਿੰਨੀ ਵੱਧ ਤੇਜ਼ ਤਰਾਰ ਹੁੰਦੀ ਹੈ, ਓਨੀ ਹੀ ਵੱਧ ਵਾਯੂਮੰਡਲ ਦੀ ਰੁਕਾਵਟ ਹੁੰਦੀ ਹੈ।
ਸਟਾਰਟ ਦੀ ਆਵਾਜ਼ ’ਤੇ ਸੈਕੰਡ ਦੇ ਦਸਵੇਂ ਹਿੱਸੇ ’ਚ ਬਲੌਕ ਤੋਂ ਕਦਮ ਉੱਠੇ। ਟਰੈਕ ਸਮੁੰਦਰੀ ਸਤ੍ਵਾ ਤੋਂ 1000 ਮੀਟਰ ਦੀ ਉਚਾਈ ਵਾਲਾ ਹੋਵੇ। ਮੌਸਮ 27.7 ਸੈਲਸੀਅਸ, ਹੁੰਮਸ 11% ਤੇ ਹਵਾ ਦੀ ਰਫ਼ਤਾਰ ਪਿਛਲੇ ਪਾਸਿਓਂ 4.4 ਮੀਲ ਪ੍ਰਤੀ ਘੰਟਾ ਹੋਵੇ। ਇਸ ਤੋਂ ਤੇਜ਼ ਹਵਾ ਹੋਵੇ ਤਾਂ ਰਿਕਾਰਡ ਨਹੀਂ ਮੰਨਿਆ ਜਾਂਦਾ। ਦੌੜਨ ਦੀ ਪੁਸ਼ਾਕ ਸਰੀਰ ਨਾਲ ਕਸਵੀਂ ਪਰ ਸਰੀਰ ਨੂੰ ਹਵਾ ਲੱਗਦੀ ਹੋਵੇ। ਸਿੰਥੈਟਿਕ ਟਰੈਕ ਉਤੇ ਦੌੜਨ ਲਈ ਸਪਾਈਕਸਾਂ ਦਾ ਭਾਰ 87 ਗਰਾਮ ਤੋਂ ਵੱਧ ਨਾ ਹੋਵੇ। ਫਿਰ ਦੌੜਾਕ 47.3 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਫੜ ਸਕਦਾ ਤੇ 100 ਮੀਟਰ ਦੌੜਦਿਆਂ 9 ਸੈਕੰਡ ਦੀ ਹੱਦ ਤੋੜ ਸਕਦਾ। ਸੰਭਵ ਹੈ, ਇਹ 22ਵੀਂ ਸਦੀ ਚੜ੍ਹਨ ਤੋਂ ਪਹਿਲਾਂ ਹੀ ਟੁੱਟ ਜਾਵੇ!
ਉਸੈਨ ਬੋਲਟ ਜਦੋਂ ਸਿਰਪੱਟ ਦੌੜਦਾ ਸੀ ਤਾਂ ਉਸ ਦੀ ਰਫ਼ਤਾਰ 44.72 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਸੀ। ਮਹਾਂਦੀਪੀ ਤੇ ਸੰਸਾਰ ਪੱਧਰ ਦੀਆਂ ਅਥਲੈਟਿਕ ਮੀਟਾਂ ‘ਚੋਂ ਉਹ 40 ਤੋਂ ਵੱਧ ਮੈਡਲ ਜਿੱਤ ਕੇ ਰਿਟਾਇਰ ਹੋਇਆ। 100 ਮੀਟਰ, 200 ਮੀਟਰ ਤੇ 4 ਗੁਣਾ 100 ਮੀਟਰ ਰੀਲੇਅ ਦੌੜਾਂ ਦੇ ਸੰਸਾਰ ਰਿਕਾਰਡ ਅਜੇ ਵੀ ਉਹਦੇ ਨਾਂ ਬੋਲਦੇ ਹਨ। ਉਸ ਦਾ ਪੂਰਾ ਨਾਂ ਉਸੈਨ ਸੇਂਟ ਲੀਓ ਬੋਲਟ ਹੈ ਜਿਸ ਦਾ ਜਨਮ ਵੈਲਸਲੇ ਤੇ ਜੈਨੀਫਰ ਦੇ ਘਰ 21 ਅਗਸਤ 1986 ਨੂੰ ਜਮਾਇਕਾ ਵਿਚ ਹੋਇਆ ਸੀ। ਉਸ ਦੀ ਅੰਸ਼-ਵੰਸ਼ ਅਫਰੀਕੀ ਕੈਰੀਬੀਅਨ ਨਸਲ ਦੀ ਹੈ ਅਤੇ ਧਰਮ ਈਸਾਈ ਕੈਥੋਲਿਕ ਹੈ। ਉਸ ਦਾ ਕੱਦ 15 ਸਾਲ ਦੀ ਉਮਰ ਵਿਚ ਹੀ 6 ਫੁੱਟ 5 ਇੰਚ ਉੱਚਾ ਹੋ ਗਿਆ ਸੀ। ਪਹਿਲਾਂ ਉਹ ਬਾਸਕਟਬਾਲ ਅਤੇ ਕ੍ਰਿਕਟ ਖੇਡਣ ਲੱਗਾ ਸੀ। ਉੱਚੀ ਛਾਲ ਵੀ ਚੰਗੀ ਲਾ ਲੈਂਦਾ ਸੀ ਪਰ ਉਹਦੇ ਕੋਚ ਨੇ ਛੇਤੀ ਹੀ ਉਸ ਨੂੰ ਦੌੜਾਂ ਵੱਲ ਮੋੜ ਲਿਆ।
ਪਹਿਲਾਂ ਪਹਿਲ ਦੌੜਨ ਲੱਗਾ ਉਹ ਨਰਵਸ ਹੋ ਜਾਂਦਾ ਸੀ। ਇਕ ਵਾਰ ਦੌੜਨ ਲੱਗਿਆਂ ਸਪਾਈਕਸ ਹੀ ਪੁੱਠੇ ਪਾ ਬੈਠਾ ਸੀ! ਉਸ ਦਾ ਕਹਿਣਾ ਸੀ ਕਿ ਉਹ ਦੌੜਾਂ ਜਿੱਤਣ ਲਈ ਦੌੜਦਾ, ਰਿਕਾਰਡ ਰੱਖਣ ਲਈ ਨਹੀਂ। ਉਂਜ ਉਸ ਦੇ ਰਿਕਾਰਡ ਦੰਗ ਕਰ ਦੇਣ ਵਾਲੇ ਹਨ। 100 ਮੀਟਰ ਦੌੜ 9.58 ਸੈਕੰਡ ਬਰਲਿਨ 2009, 150 ਮੀਟਰ 14.35 ਮਾਨਚੈਸਟਰ 2009, 200 ਮੀਟਰ 19.19 ਬਰਲਿਨ 2009 ਅਤੇ 4 ਗੁਣਾ 100 ਮੀਟਰ ਰਿਲੇਅ ਦੌੜ 36.84 ਸੈਕੰਡ 2012 ਦੀ ਲੰਡਨ ਓਲੰਪਿਕਸ।
ਇਕ ਵਾਰ ਉਸੈਨ ਦਾ ਪੱਠਾ ਖਿੱਚਿਆ ਗਿਆ ਸੀ ਅਤੇ ਇਕ ਕਾਰ ਹਾਦਸਾ ਵੀ ਹੋ ਗਿਆ ਸੀ। 2004 ਤੋਂ 2007 ਤਕ ਉਹਦੇ ਦਿਨ ਮੰਦੇ ਰਹੇ। 2008 ਵਿਚ ਉਹਦੀ ਗੁੱਡੀ ਫਿਰ ਅਸਮਾਨੇ ਚੜ੍ਹੀ। ਨਿਊ ਯਾਰਕ ਵਿਚ 100 ਮੀਟਰ ਦੀ ਦੌੜ 9.72 ਸੈਕੰਡ ਵਿਚ ਲਾ ਕੇ ਉਹ ਨਵਾਂ ਸੰਸਾਰ ਰਿਕਾਰਡ ਕਰ ਗਿਆ। ਪੇਈਚਿੰਗ ਓਲੰਪਿਕਸ-2008 ਵਿਚ ਤਾਂ ਉਹਨੇ ਕਮਾਲ ਹੀ ਕਰ ਦਿੱਤੀ। 100 ਮੀਟਰ ਦੀ ਦੌੜ 9.69 ਸੈਕੰਡ ਵਿਚ ਲਾ ਦਿਖਾਈ। ਉੱਦਣ ਧੌਣ ਘੁਮਾ ਕੇ ਪਿੱਛੇ ਦੇਖਿਆ ਤੇ ਛਾਤੀ ਠੋਕ ਕੇ ਦੌੜ ਪੂਰੀ ਕੀਤੀ। ਜੇ ਉਹ ਅਜਿਹਾ ਨਾ ਕਰਦਾ ਤਾਂ ਸੰਭਵ ਸੀ, ਉਹ ਦੌੜ ਹੋਰ ਵੀ ਘੱਟ ਸਮੇਂ ਵਿਚ ਪੂਰੀ ਕਰ ਦਿੰਦਾ। ਖੇਡ ਮਾਹਿਰਾਂ ਦਾ ਅਨੁਮਾਨ ਹੈ ਕਿ ਉੱਦਣ ਉਸੈਨ 9.55 ਤੋਂ 9.60 ਸੈਕੰਡ ਦੇ ਵਿਚਕਾਰ ਦੌੜ ਪੂਰੀ ਕਰ ਸਕਦਾ ਸੀ। ਉਥੇ ਉਸ ਨੇ 200 ਮੀਟਰ ਦੀ ਦੌੜ 19.30 ਸੈਕੰਡ ਵਿਚ ਜਿੱਤ ਕੇ ਇਕ ਹੋਰ ਸੰਸਾਰ ਰਿਕਾਰਡ ਰੱਖਿਆ। ਓਲੰਪਿਕ ਖੇਡਾਂ ਦਾ ਤੀਜਾ ਗੋਲਡ ਮੈਡਲ 4 ਗੁਣਾ 100 ਮੀਟਰ ਦੀ ਰਿਲੇਅ ਦੌੜ 37.10 ਸੈਕੰਡ ਵਿਚ ਲਾ ਕੇ ਜਿੱਤਿਆ। ਲੰਡਨ ਓਲੰਪਿਕ ਖੇਡਾਂ-2012 ਸਮੇਂ ਉਸੈਨ 100 ਮੀਟਰ ਦੌੜ 9.63 ਸੈਕੰਡ, 200 ਮੀਟਰ 19.32 ਤੇ 4 ਗੁਣਾ 100 ਮੀਟਰ ਰਿਲੇਅ 36.84 ਸੈਕੰਡ ਵਿਚ ਦੌੜ ਕੇ ਫਿਰ ਤਿੰਨ ਗੋਲਡ ਮੈਡਲ ਜਿੱਤਿਆ।
2009 ਵਿਚ ਬਰਲਿਨ ਦੀ ਸੰਸਾਰ ਅਥਲੈਟਿਕਸ ਚੈਂਪੀਅਨਸ਼ਿਪ ਸਮੇਂ ਉਹ 100 ਮੀਟਰ ਦੀ ਦੌੜ 9.58 ਸੈਕੰਡ ਵਿਚ ਲਾ ਗਿਆ। 200 ਮੀਟਰ 19.19 ਸੈਕੰਡ ਵਿਚ ਲਾ ਕੇ ਕਹਿਰ ਕਰ ਦਿੱਤਾ! 2011 ਦੀ ਸੰਸਾਰ ਅਥਲੈਟਿਕਸ ਚੈਂਪੀਅਨਸ਼ਿਪ ਦੱਖਣੀ ਕੋਰੀਆ ਦੇ ਸ਼ਹਿਰ ਡਿਆਗੋ ਹੋਈ ਸੀ। ਉਦੋਂ ਉਹ ਪੂਰੀ ਤਿਆਰੀ ਵਿਚ ਸੀ ਪਰ 100 ਮੀਟਰ ਦੀ ਦੌੜ ਵਿਚ ਗ਼ਲਤ ਸਟਾਰਟ ਲੈਣ ਕਾਰਨ ਦੌੜ ਤੋਂ ਬਾਹਰ ਕਰ ਦਿੱਤਾ ਗਿਆ। ਫਿਰ ਮਾਸਕੋ ਵਿਚ ਉਸ ਨੇ ਡਿਆਗੋ ਵਾਲੀ ਗ਼ਲਤੀ ਨਹੀਂ ਕੀਤੀ ਤੇ ਇਕ ਵਾਰ ਫਿਰ ਸੰਸਾਰ ਦਾ ਸਭ ਤੋਂ ਤੇਜ਼ ਤਰਾਰ ਦੌੜਾਕ ਸਾਬਤ ਹੋਇਆ।
ਇਹ ਤਾਂ ਸਮਾਂ ਹੀ ਦੱਸੇਗਾ ਉਸੈਨ ਬੋਲਟ ਦੇ ਰਿਕਾਰਡ ਕਿਹੜਾ ਮਾਈ ਦਾ ਲਾਲ ਤੋੜਦੈ?
ਸੰਪਰਕ: principalsarwansingh@gmail.com