ਟੀਐੱਨ ਨੈਨਾਨ
ਸਾਲ ਪਹਿਲਾਂ ਦੀਵਾਲੀ ਮੌਕੇ ਇਹ ਗੱਲ ਨੋਟ ਕੀਤੀ ਸੀ ਕਿ ਸ਼ੇਅਰ ਬਾਜ਼ਾਰ ਜਿਵੇਂ ਪਿਛਲੇ ਸਾਲ ਦੇ ਮੁਕਾਬਲੇ 40 ਫ਼ੀਸਦ ਉਪਰ ਚਲਿਆ ਗਿਆ ਹੈ, ਉਸ ਤੋਂ ਜਾਪ ਰਿਹਾ ਸੀ ਕਿ ਬਾਜ਼ਾਰ ਨੇ ਆਪਣਾ ਰੱਸਾ ਖੁੱਲ੍ਹਵਾ ਲਿਆ ਹੈ। ਇਸ ਤਰ੍ਹਾਂ ਕੋਵਿਡ ਮਹਾਮਾਰੀ ਦੇ ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਸ਼ੇਅਰਾਂ ਦੀ ਕੀਮਤ ਵਿਚ ਦੋ ਅੰਕਾਂ ਦਾ ਉਛਾਲ ਹੋਇਆ ਸੀ। ਇਸ ਲਿਹਾਜ ਤੋਂ ਮੈਨੂੰ ਜਾਪਿਆ ਸੀ ਕਿ ਸੰਮਤ ਸਾਲ 2078 (2021-22) ਵਿਚ ਬਾਜ਼ਾਰ ਵਿਚ ਦਰੁਸਤੀ ਹੋਵੇਗੀ ਜਾਂ ਘੱਟੋ-ਘੱਟ ਅਜਿਹਾ ਪੜਾਅ ਆਵੇਗਾ ਕਿ ਸੰਮਤ 2077 (2020-21) ਵਿਚ ਹੋਈਆਂ ਜ਼ਿਆਦਤੀਆਂ ਦੀ ਸਮਾਈ ਹੋ ਸਕੇ। ਇਸ ਦੌਰਾਨ ਜੋ ਕੁਝ ਵਾਪਰਿਆ ਸੀ, ਉਹ ਬਿਲਕੁਲ ਕਿਆਸ ਮੁਤਾਬਕ ਹੋਇਆ। ਸ਼ੇਅਰ ਬਾਜ਼ਾਰ ਦੇ ਬਹੁਤੇ ਸੂਚਕ ਅੰਕ ਕੁੱਲ ਮਿਲਾ ਕੇ ਉੱਥੇ ਕੁ ਟਿਕੇ ਸਨ ਜਿੱਥੇ ਸਾਲ ਪਹਿਲਾਂ ਖੜ੍ਹੇ ਸਨ।
2021 ਦੇ ਅਕਤੂਬਰ ਮਹੀਨੇ ਇਹ ਜਿਹਾ ਕਿਆਸ ਲਾਉਣ ਲਈ ਕੋਈ ਵੇਦ ਪੜ੍ਹਨ ਦੀ ਲੋੜ ਨਹੀਂ ਸੀ ਕਿਉਂਕਿ ਬਾਜ਼ਾਰ ਦੀ ਕੀਮਤ ਹੀ ਇੰਨੀ ਜ਼ਿਆਦਾ ਚੜ੍ਹ ਚੁੱਕੀ ਸੀ। ਇਹ ਗੱਲ ਵੀ ਸਾਫ਼ ਸੀ ਕਿ ਮਹਿੰਗਾਈ ਦਰ ਦੇ ਮੱਦੇਨਜ਼ਰ ਵਿਆਜ ਦਰਾਂ ਵਿਚ ਵੀ ਇਜ਼ਾਫ਼ਾ ਹੋਵੇਗਾ। ਉਦੋਂ ਯੂਕਰੇਨ ਜੰਗ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਪਰ ਤਾਂ ਵੀ ਪੈਸਾ ਬਾਜ਼ਾਰ ਤੋਂ ਬਾਹਰ ਜਾ ਰਿਹਾ ਸੀ ਜਦਕਿ ਇਸ ਤੋਂ ਪਹਿਲੇ ਸਾਲ ਬਾਜ਼ਾਰ ਵਿਚ ਪੈਸੇ ਦੀ ਚੋਖੀ ਆਮਦ ਹੋ ਰਹੀ ਸੀ। ਇਵੇਂ ਹੀ ਇਹ ਗੱਲ ਵੀ ਸਾਫ਼ ਨਜ਼ਰ ਆ ਰਹੀ ਸੀ ਕਿ ਪ੍ਰਚੂਨ ਨਿਵੇਸ਼ਕਾਂ ਕੋਲ ਬਹੁਤੇ ਰਾਹ ਨਹੀਂ ਰਹਿਣਗੇ ਕਿਉਂਕਿ ਵਿਆਜ ਦਰਾਂ ਵਿਚ ਵਾਧਾ ਹੋਣ ਕਰ ਕੇ ਬੌਂਡ ਕੀਮਤਾਂ ਨਾਂਹਮੁਖੀ ਹੋ ਜਾਣਗੀਆਂ ਤੇ ਰੀਅਲ ਅਸਟੇਟ ਮਾਰਕਿਟ ਸਪਲਾਈ ਦੀਆਂ ਪ੍ਰੇਸ਼ਾਨੀਆਂ ਵਿਚੋਂ ਬਾਹਰ ਨਹੀਂ ਆ ਸਕੇਗਾ। ਜਿੱਥੋਂ ਤੱਕ ਸੋਨੇ ਦਾ ਸਵਾਲ ਹੈ ਤਾਂ ਦੋ ਸਾਲਾਂ ਦੀ ਚੜ੍ਹਤ ਤੋਂ ਬਾਅਦ ਇਸ ਦੀ ਕੀਮਤ ਵਿਚ ਸਥਿਰਤਾ ਆ ਰਹੀ ਸੀ। ਹਾਲੇ ਵੀ ਇਹ ਉਸੇ ਮੁਕਾਮ ’ਤੇ ਹੈ ਜਿੱਥੇ ਦੋ ਸਾਲ ਪਹਿਲਾਂ ਸੀ। ਇਸ ਤਰ੍ਹਾਂ ਸ਼ੇਅਰ ਬਾਜ਼ਾਰ ਵਾਂਗ ਹੀ ਸੋਨੇ ਨੇ ਵੀ ਇਸ ਅਰਸੇ ਦੌਰਾਨ ਹਾਸਲ ਕੀਤੇ ਹੁਲਾਰੇ ਨੂੰ ਸਮੋਣ ਵਿਚ ਸਮਾਂ ਲਿਆ ਹੈ। ਸ਼ਾਇਦ ਬਹੁਤੇ ਬਦਲ ਨਾ ਹੋਣ ਕਰ ਕੇ ਹੀ ਪ੍ਰਚੂਨ ਨਿਵੇਸ਼ਕ ਮਿਊਚਲ ਫੰਡਾਂ ਜ਼ਰੀਏ ਇਕੁਇਟੀ ਮਾਰਕਿਟ ਵਿਚ ਪੈਸਾ ਲਾਉਣ ਲਈ ਮਜਬੂਰ ਹੋਏ ਹਨ। ਸ਼ੇਅਰ ਬਾਜ਼ਾਰ ਦੇ ਹਾਲੀਆ ਇਤਿਹਾਸ ਦੀ ਧਰਵਾਸ ਵਾਲੀ ਗੱਲ ਇਹ ਰਹੀ ਹੈ ਕਿ ਬਾਜ਼ਾਰ ਵਿਚ ਲਗਾਤਾਰ ਦੋ ਸਾਲ ਧੀਮਾ ਬਣੇ ਰਹਿਣ ਦਾ ਰੁਝਾਨ ਘੱਟ ਹੀ ਦੇਖਣ ਨੂੰ ਮਿਲਿਆ ਹੈ। ਇਸ ਚਲੰਤ ਦੌਰ ਤੋਂ ਪਹਿਲਾਂ ਪਿਛਲੇ ਦਹਾਕੇ ਵਿਚ ਇਕ ਸਾਲ ਹੀ ਅਜਿਹਾ ਆਇਆ ਸੀ ਜਦੋਂ ਬਾਜ਼ਾਰ ਵਿਚ ਪੂਰੇ ਸੰਮਤ ਸਾਲ ਦੌਰਾਨ ਗਿਰਾਵਟ ਦਾ ਰੁਝਾਨ ਜਾਰੀ ਰਿਹਾ ਸੀ। ਉਂਝ, ਆਮ ਹੀ ਇਹ ਗੱਲ ਆਖੀ ਜਾਂਦੀ ਹੈ ਕਿ ਭਵਿੱਖ ਦੀ ਕਾਰਗੁਜ਼ਾਰੀ ਨੂੰ ਮਾਪਣ ਦਾ ਅਤੀਤ ਕੋਈ ਪੈਮਾਨਾ ਨਹੀਂ ਹੁੰਦਾ ਕਿਉਂਕਿ ਭਵਿੱਖ ਦੀ ਕੁੱਖ ਵਿਚ ਬੇਸ਼ੁਮਾਰ ਬੇਯਕੀਨੀ ਸਮਾਈਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਮੁੱਖ ਤੌਰ ’ਤੇ ਇਹ ਹਨ ਕਿ ਯੂਕਰੇਨ ਵਿਚ ਚੱਲ ਰਹੀ ਜੰਗ ਲੰਮੀ ਹੋਣ ਹੋਣ ਦੇ ਆਸਾਰ ਹਨ ਅਤੇ ਇਸ ਦੇ ਨਾਲ ਹੀ ਇਸ ਦਾ ਆਰਥਿਕ ਅਸਰ ਹੋਰ ਗਹਿਰਾ ਹੋਣ ਤੇ ਪਰਮਾਣੂ ਜੰਗ ਭੜਕਣ ਦਾ ਖ਼ਤਰਾ ਵੀ ਵਧ ਸਕਦਾ ਹੈ। ਜੇ ਆਲਮੀ ਪੈਸੇ ਦਾ ਮੁਹਾਣ ਡਾਲਰ ਵੱਲ ਇਵੇਂ ਬਣਿਆ ਰਿਹਾ ਤਾਂ ਭਾਰਤ ਦੇ ਸ਼ੇਅਰ ਬਾਜ਼ਾਰ ਦੀਆਂ ਕੀਮਤਾਂ ’ਤੇ ਦਬਾਅ ਹੋਰ ਵਧ ਸਕਦਾ ਹੈ, ਖ਼ਾਸਕਰ ਉਦੋਂ ਜਦੋਂ ਚਲੰਤ ਖਾਤਾ ਘਾਟੇ ਕਰ ਕੇ ਰੁਪਏ ਦੀ ਕੀਮਤ ਡਿਗ ਰਹੀ ਹੈ।
ਘਰੇਲੂ ਕਾਰੋਬਾਰੀ ਮੁਹਾਜ਼ ਦਾ ਹਾਲ ਇਹ ਹੈ ਕਿ ਕਾਰਪੋਰੇਟ ਮੁਨਾਫ਼ੇ ਅਜੇ ਵੀ ਵਧ ਰਹੇ ਹਨ ਪਰ ਵਿਕਰੀ ਦੇ ਪ੍ਰਸੰਗ ਵਿਚ ਇਹ ਆਪਣਾ ਉਚਤਮ ਪੱਧਰ ਛੂਹ ਚੁੱਕੇ ਹਨ ਕਿਉਂਕਿ ਮਹਿੰਗਾਈ ਕਰ ਕੇ ਮੁਨਾਫ਼ਾ ਦਰ ’ਤੇ ਦਬਾਅ ਪੈਣ ਲੱਗ ਪਿਆ ਹੈ। ਵਿਆਜ ਦਰਾਂ ਛੇਤੀ ਹੀ ਆਪਣੇ ਉਤਲੇ ਮੁਕਾਮ ਤੱਕ ਪਹੁੰਚ ਜਾਣਗੀਆਂ ਅਤੇ ਇਸ ਨਾਲ ਕਰਜ਼ (ਡੈੱਟ) ਬਾਜ਼ਾਰ ਨਿਸਬਤਨ ਹੋਰ ਜ਼ਿਆਦਾ ਆਕਰਸ਼ਿਤ ਬਣਨਾ ਚਾਹੀਦਾ ਹੈ ਜੋ ਨਿਵੇਸ਼ਕਾ ਲਈ ਬਦਲ ਬਣ ਸਕਦਾ ਹੈ। ਇਸ ਗੱਲ ਦੇ ਸੰਕੇਤ ਆਏ ਹਨ ਕਿ ਖਪਤਕਾਰ ਖਰਚੇ ਵਿਚ ਮੁੜ ਜਾਨ ਪਈ ਹੈ ਤੇ ਇਵੇਂ ਹੀ ਬੈਂਕ ਕਰਜ਼ਿਆਂ ਦੀ ਮੰਗ ਵਧੀ ਹੈ ਬਹੁਤੇ ਬਾਜ਼ਾਰਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਅੰਗਰੇਜ਼ੀ ਦੇ ‘ਕੇ’ ਅੱਖਰ ਵਰਗੀ ਦੋ ਦਿਸ਼ਾਵੀ ਗਤੀ ਹੀ ਆਰਥਿਕ ਵਿਕਾਸ ਨੂੰ ਪਰਿਭਾਸ਼ਤ ਕਰ ਰਿਹਾ ਹੈ (ਮਿਸਾਲ ਦੇ ਤੌਰ ’ਤੇ ਸਸਤੀਆਂ ਕਾਰਾਂ ਨਾਲੋਂ ਮਹਿੰਗੀਆਂ ਕਾਰਾਂ ਦੀ ਵਿਕਰੀ ਤੇਜ਼ੀ ਨਾਲ ਹੋ ਰਹੀ ਹੈ)।
ਇਸ ਦੌਰਾਨ, ਵਿਕਸਤ ਅਰਥਚਾਰਿਆਂ ਵਿਚ ਜੇ ਫਿਲਹਾਲ ਮੰਦੀ ਨਹੀਂ ਤਾਂ ਘੱਟੋ-ਘੱਟ ਵਿਕਾਸ ਦਰ ਹੋਰ ਮੱਠੀ ਪੈਣ ਦੇ ਆਸਾਰ ਹਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕੋਈ ਰਾਹਤ ਦੀ ਉਮੀਦ ਨਜ਼ਰ ਨਹੀਂ ਆ ਰਹੀ ਕਿਉਂਕਿ ਤੇਲ ਬਰਾਮਦਾਕਾਰਾਂ ਨੇ ਹਾਲ ਹੀ ਵਿਚ ਉਤਪਾਦਨ ਵਿਚ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਇਸ ਕਰ ਕੇ ਭਾਰਤੀ ਅਰਥਚਾਰੇ ਨੂੰ ਕੌਮਾਂਤਰੀ ਬਾਜ਼ਾਰ ਵਿਚੋਂ ਕੋਈ ਠੁੰਮਣਾ ਮਿਲਦਾ ਨਜ਼ਰ ਨਹੀਂ ਆ ਰਿਹਾ। ਬਰਾਮਦਾਂ ਵਿਚ ਆ ਰਹੀ ਕਮੀ ਤੋਂ ਆਲਮੀ ਮੰਦੀ ਦੇ ਸੰਕੇਤ ਮਿਲ ਰਹੇ ਹਨ ਪਰ ਇਹ ਅਮਲ ਹੋਰ ਵੀ ਬਦਤਰ ਹੋ ਸਕਦਾ ਹੈ। ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ ਤਾਂ ਇਹ ਆਪਣੇ ਮਾਲੀਆ ਪੈਂਤੜੇ ਬਾਰੇ ਕਾਫ਼ੀ ਚੌਕਸ ਜਾਪਦੀ ਹੈ ਜਿਸ ਕਰ ਕੇ ਮਹਿੰਗਾਈ ਦਰ ਹੋਰ ਵਧ ਸਕਦੀ ਹੈ ਹਾਲਾਂਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਆਖਰੀ ਬਜਟ ਵਿਚ ਇਹ ਕੁਝ ਖਰਚਿਆਂ ਦਾ ਐਲਾਨ ਕਰ ਸਕਦੀ ਹੈ।
ਇਨ੍ਹਾਂ ਸਾਰੀਆਂ ਚੀਜ਼ਾਂ ’ਤੇ ਗ਼ੌਰ ਕਰਨ ਤੋਂ ਬਾਅਦ ਇਸ ਗੱਲ ਦੇ ਆਸਾਰ ਹਨ ਕਿ ਭਾਰਤ ਦੇ ਅਰਥਚਾਰੇ ਦੀ ਦਰਮਿਆਨੀ ਗਤੀ ਬਣੀ ਰਹੇਗੀ ਪਰ ਹੁਣ ਤੇਜ਼ ਤਰਾਰ ਚੜ੍ਹਤ ਦੀਆਂ ਸੰਭਾਵਨਾਵਾਂ ਲਈ ਕੋਈ ਬਹੁਤੀ ਥਾਂ ਨਹੀਂ ਬਚੀ। ਉਂਝ, ਜੇ ਨਿੱਜੀ ਨਿਵੇਸ਼ ਸੁਰਜੀਤ ਹੋ ਜਾਂਦਾ ਹੈ ਤਾਂ ਕੁਝ ਅਰਸੇ ਲਈ ਚੜ੍ਹਤ ਬਣਨ ਵਿਚ ਦੇਰ ਨਹੀਂ ਲੱਗ ਸਕਦੀ ਪਰ ਵੱਡਾ ਮਸਲਾ ਸੁਰਜੀਤੀ ਦਾ ਹੀ ਹੈ ਜਿਸ ਲਈ ਕਿਸੇ ਵੱਡੇ ਦੇਵਤੇ ਨੂੰ ਰਿਝਾਉਣਾ ਪੈਣਾ ਹੈ। ਬਾਜ਼ਾਰ ਦੀ ਕੁੰਜੀ ਇਸੇ ਨਾਲ ਜੁੜੀ ਹੋਈ ਹੈ ਜੋ ਆਸ ਬੰਨ੍ਹਾਉਂਦੀ ਹੈ। ਇਸ ਲਈ ਬਾਜ਼ਾਰ ਵਿਚ ਧੂਮ ਧੜੱਕੇ ਦਾ ਦੌਰ ਪੁੱਗਣ ਤੋਂ ਬਾਅਦ ਜਿਸ ਅਰਸੇ ਦੌਰਾਨ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਵੀ ਮਾਰ ਪਈ ਹੈ ਤਾਂ ਜਿੱਥੋਂ ਤੱਕ ਨਵੇ ਫੰਡਾਂ ਦੀ ਆਮਦ ਦਾ ਤਾਲੁਕ ਹੈ ਤਾਂ ਇਕ ਛੋਟੀ ਲਹਿਰ ਦੇ ਅਸਰ ਪਹਿਲਾਂ ਹੀ ਦਿਖਾਈ ਦੇ ਰਹੇ ਹਨ ਜਿਸ ਦੇ ਮੱਦੇਨਜ਼ਰ ਸਾਲ ਦੇ ਅੰਤ ਤੱਕ ਬਾਜ਼ਾਰ ਹੋਰ ਬਿਹਤਰ ਸੁਖਾਵੇਂ ਪੱਧਰ ਨੂੰ ਬਰਕਰਾਰ ਰੱਖਣ ਵਿਚ ਕਾਮਯਾਬ ਹੋ ਸਕਦਾ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।