ਮੈਨੂੰ ਮਿਲ ਕੇ ਉਸ ਦੀਆਂ ਧਾਹਾਂ ਨਿਕਲ ਗਈਆਂ। ਕਿੰਨਾ ਹੀ ਚਿਰ ਅਸੀਂ ਇੱਕ ਦੂਜੇ ਦੇ ਗਲ ਲੱਗ ਕੇ ਰੋਂਦੇ ਰਹੇ। ਫਿਰ ਉਹ ਹੰਝੂਆਂ ਵਿੱਚ ਡੁੱਬੀ ਆਵਾਜ਼ ਵਿੱਚ ਬੋਲਿਆ, ‘‘ਮੇਰੇ ਯਾਰ ਹਰੀ! ਤੈਨੂੰ ਨਿਸ਼ਾਨੀ ਦੇਣ ਲਈ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਬਚਿਆ, ਆਹ ਅੰਮੀ ਦਾ ਜੋੜ ਕੇ ਰੱਖਿਆ ਹੋਇਆ ਘਿਓ ਦਾ ਦੋਹਣਾ ਮੈਨੂੰ ਰਸੋਈ ਦੀ ਪੜਛੱਤੀ ਤੋਂ ਲੱਭਿਆ ਸੀ। ਕਦੋਂ ਦਾ ਇਸ ਨੂੰ ਲੁਕਾਉਂਦਾ ਹੋਇਆ ਬੜੀ ਮੁਸ਼ਕਲ ਨਾਲ ਤੇਰੇ ਤੱਕ ਪਹੁੰਚਿਆ ਹਾਂ। ਆਪਣੇ ਯਾਰ ਦੀ ਆਖ਼ਰੀ ਨਿਸ਼ਾਨੀ ਸਮਝ ਕੇ ਇਹ ਤੂੰ ਰੱਖ ਲੈ, ਦੇਖੀਂ ਕਿਤੇ ਕਿਸੇ ਕਿਸਮ ਦਾ ਵਹਿਮ ਨਾ ਚਿੱਤ ਵਿੱਚ ਰੱਖੀਂ। ਜੇ ਦਿਲ ਵਿੱਚ ਕੋਈ ਸ਼ੱਕ ਹੈ ਤਾਂ ਲਿਆ ਫੜਾ ਏਥੋਂ ਕੌਲੀ, ਮੈਂ ਆਪ ਤੈਨੂੰ ਘਿਉ ਦੀਆਂ ਦੋ ਘੁੱਟਾਂ ਭਰਕੇ ਦਿਖਾਲ ਦਿੰਦਾ ਹਾਂ।’’
ਜਗਦੀਸ਼ ਕੌਰ ਮਾਨ
ਮੈਂ ਆਪਣੀ ਜ਼ਿੰਦਗੀ ਦੀਆਂ ਛਿਆਨਵੇਂ ਬਹਾਰਾਂ ਦੇਖ ਚੁੱਕਾ ਹਾਂ। ਪੌਣੀ ਸਦੀ ਤੋਂ ਦੋ ਦਹਾਕੇ ਵੱਧ ਦੀ ਇਸ ਉਮਰ ਵਿੱਚ ਜ਼ਿੰਦਗੀ ਦੇ ਬੜੇ ਉਤਰਾਅ ਚੜ੍ਹਾਅ ਦੇਖੇ ਹਨ। ਕੁਦਰਤ ਦਾ ਅਜੀਬੋ ਗਰੀਬ ਕ੍ਰਿਸ਼ਮਾ ਦੇਖੋ ਇਸ ਉਮਰ ਵਿੱਚ ਆ ਕੇ ਬੰਦੇ ਨੂੰ ਇਹ ਭੁੱਲ ਜਾਂਦਾ ਹੈ ਕਿ ਉਸ ਨੇ ਰਾਤੀਂ ਰੋਟੀ ਕਿਹੜੀ ਦਾਲ ਸਬਜ਼ੀ ਨਾਲ ਖਾਧੀ ਸੀ? ਪਰ ਦਿਮਾਗ਼ ਦੀ ਪੁੱਠੀ ਘੁੰਮਦੀ ਚੱਕਰੀ ਵਰ੍ਹਿਆਂ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਇਉਂ ਯਾਦ ਰੱਖ ਲੈਂਦੀ ਹੈ ਜਿਵੇਂ ਇਹ ਕੱਲ੍ਹ ਪਰਸੋਂ ਦੀਆਂ ਗੱਲਾਂ ਹੋਣ।
ਜਦੋਂ ਦੀ ਮੈਂ ਗੱਲ ਦੱਸਣ ਲੱਗਾ ਹਾਂ ਉਦੋਂ ਮੇਰੇ ’ਤੇ ਸ਼ੂਕਦੀ ਜਵਾਨੀ ਸੀ। ਲਾਪਰਵਾਹੀ ਦੀ ਉਮਰ, ਨਾ ਚੜ੍ਹੀ ਦੀ ਨਾ ਲੱਥੀ ਦੀ। ਤਕੜਾ ਸੁਡੌਲ ਜੁੱਸਾ, ਨਿੱਗਰ ਏਨਾ ਸਾਂ ਕਿ ਮੇਰੇ ਜਿਸਮ ਵਿੱਚ ਦੋ ਜਰਵਾਣੇ ਬੰਦਿਆਂ ਨੂੰ ਸਿਰ ਭਿੜਾ ਕੇ ਮਾਰ ਦੇਣ ਵਾਲਾ ਜ਼ੋਰ ਸੀ। ਬਾਹੀਂ ਡਾਢਾ ਜ਼ੋਰ, ਹੱਥ ਉਦੋਂ ਤਿੱਖੀ ਕੈਂਚੀ ਵਾਂਗ ਚਲਦੇ ਹੁੰਦੇ ਸਨ। ਹਾੜ੍ਹੀ ਦੀ ਵਾਢੀ ਕਰਨ ਲੱਗਿਆਂ ਮੈਂ ਕਿਸੇ ਵਢਾਵੇ ਨੂੰ ਮੂਹਰੇ ਨਹੀਂ ਸੀ ਨਿਕਲਣ ਦਿੰਦਾ। ਵਾਹੀ ਕਾਰੀ ਦੇ ਕੰਮਾਂ ਦੇ ਮੈਂ ਆਹੂ ਲਾਹ ਦਿੰਦਾ ਸਾਂ। ਥਕਾਵਟ ਕੀ ਹੁੰਦੀ ਹੈ? ਉਦੋਂ ਇਹ ਪਤਾ ਹੀ ਸੀ ਹੁੰਦਾ। ਯਾਰ ਬੇਲੀ ਤਾਂ ਪਿੰਡ ਵਿੱਚ ਮੇਰੇ ਹੋਰ ਵੀ ਬਥੇਰੇ ਸਨ ਪਰ ਮੇਰੀ ਪੱਕੀ ਆੜੀ ਯੂਸਫ਼ ਨਾਲ ਸੀ। ਅਸੀਂ ਦੋਵੇਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਸਾਂ। ਸਾਡੀਆਂ ਮਾਵਾਂ ਵੀ ਆਪਸ ਵਿੱਚ ਪੱਕੀਆਂ ਸਹੇਲੀਆਂ ਸਨ। ਆਪਣੇ ਪਰਿਵਾਰ ਵਿੱਚ ਮੈਂ ਜੇਠਾ ਪੁੱਤਰ ਸਾਂ ਉਧਰ ਯੂਸਫ਼ ਵੀ ਆਪਣੀਆਂ ਤਿੰਨ ਭੈਣਾਂ ਤੋਂ ਵੱਡਾ ਸੀ। ਅਸੀਂ ਦੋਵੇਂ ਆੜੀ ਖੇਤੀ ਪੱਤੀ ਦੇ ਸਾਰੇ ਕੰਮ ਇਕੱਠੇ ਹੀ ਰਲ ਕੇ ਕਰਦੇ ਸਾਂ। ਮੇਲੇ ਮੁਸਾਹਬੇ ਵੀ ਇੱਕੋ ਜਿਹੇ ਲੀੜੇ ਲੱਤੇ ਪਾ ਕੇ ਮੜਕ ਨਾਲ ਜਾਂਦੇ। ਫਿਰ ਇੱਕ ਦੂਜੇ ਨੂੰ ਟਿੱਚਰਾਂ ਕਰਦੇ, ‘‘ਉਏ ਯਾਰ! ਮੈਂ ਤੂੰ ਏਂ ਕਿ ਤੂੰ ਮੈਂ ਹਾਂ?’’
ਅਜਿਹੀ ਤੂਤ ਦੇ ਮੋਛੇ ਵਰਗੀ ਪੱਕੀ ਯਾਰੀ ਸੀ ਸਾਡੀ। ਇੱਕੋ ਸਾਲ ਦੇ ਜੰਮੇ ਹੋਣ ਕਾਰਨ ਸਾਡੀਆਂ ਦੋਹਾਂ ਦੀਆਂ ਵਹੁਟੀਆਂ ਸਾਥੋਂ ਇੱਕ ਦੂਜੇ ਤੋਂ ਘੁੰਡ ਕੱਢਦੀਆਂ ਸਨ। ਇਹ ਗੱਲ ਵੀ ਸਾਡੇ ਵਾਸਤੇ ਕਿਸੇ ਲਤੀਫ਼ੇ ਤੋਂ ਘੱਟ ਨਹੀਂ ਸੀ। ਅਸੀਂ ਹੱਸਦੇ ਹੋਏ ਇੱਕ ਦੂਜੇ ਨੂੰ ਛੇੜਦੇ, ‘‘ਹੈਂ ਬਈ! ਬੋਲਦਾ ਨੀਂ, ਆਪਾਂ ਇਨ੍ਹਾਂ ਦੋਹਾਂ ਵਿੱਚੋਂ ਇੱਕ ਜਣੀ ਦਾ ਘੁੰਡ ਚੁਕਵਾ ਨਾ ਦੇਈਏ, ਐਵੇਂ ਪੱਲਾ ਜਿਹਾ ਕਰਕੇ ਸਿਰ ਦਾ ਲੀੜਾ ਘਸਾਉਦੀਆਂ ਰਹਿੰਦੀਆਂ ਨੇ।’’
‘‘ਉਏ! ਚੱਲ ਇਹ ਗੱਲ ਤਾਂ ਆਪਣੇ ਫਾਇਦੇ ਵਿੱਚ ਈ ਐ, ਆਪਾਂ ਨੂੰ ਇਨ੍ਹਾਂ ਦੇ ਇੱਕ ਦੂਜੀ ਤੋਂ ਵੱਧ ਸੋਹਣੀ ਹੋਣ ਦੀ ਖੁਸ਼ਫਹਿਮੀ ਬਣੀ ਹੋਈ ਐ।’’ ਮੈਂ ਗੱਲ ਹਾਸੇ ਵਿੱਚ ਪਾ ਦਿੰਦਾ।
‘‘ਬਈ ਇਹ ਵੀ ਤੇਰੀ ਗੱਲ ਠੀਕ ਏ, ਇਨ੍ਹਾਂ ਢਕੀਆਂ ਥਾਲੀਆਂ ਨੇ ਤਾਂ ਆਪਣੇ ਦਿਲਾਂ ਵਿੱਚ ਲੱਡੂ ਵੱਡਾ ਹੋਣ ਦਾ ਭਰਮ ਬਣਾਇਆ ਹੋਇਐ।’’ ਯੂਸਫ਼ ਨਹਿਲੇ ’ਤੇ ਦਹਿਲਾ ਛੱਡ ਦਿੰਦਾ। ਇਸ ਗੱਲ ’ਤੇ ਖ਼ੁਸ਼ ਹੁੰਦੇ ਅਸੀਂ ਕਿੰਨਾ ਕਿੰਨਾ ਚਿਰ ਖਿੱਲਾਂ ਡੋਲ੍ਹਦੇ ਰਹਿੰਦੇ।
ਹੱਸਦਿਆਂ ਖੇਡਦਿਆਂ ਦੇ ਸਾਡੇ ਤਾਂ ਦਿਨ ਬਸੰਤ ਬਹਾਰ ਵਰਗੇ ਤੇ ਰਾਤਾਂ ਦੀਵਾਲੀ ਵਰਗੀਆਂ ਲੰਘ ਰਹੀਆਂ ਸਨ। ਰੱਬ ਚੇਤੇ ਨਹੀਂ ਸੀ। ਢੋਲੇ ਦੀਆਂ ਲਾਉਂਦੇ ਸਾਂ। ਫਿਰ ਪਤਾ ਹੀ ਨਾ ਲੱਗਿਆ ਲਹੂ ਵੀਟਵੀਆਂ ਤੱਤੀਆਂ ਹਵਾਵਾਂ ਕਿੱਥੋਂ ਕਿੱਥੋਂ ਦੀ ਲੰਘਦੀਆਂ ਹੋਈਆਂ ਸਾਡੇ ਪਿੰਡ ਵੀ ਆ ਵੜੀਆਂ। ਲਹਿੰਦੇ ਚੜ੍ਹਦੇ ਪੰਜਾਬ ਵਿੱਚੋਂ ਵੱਢ-ਟੁੱਕ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਸਨ। ਸਕੇ ਭਰਾਵਾਂ ਵਾਂਗ ਰਹਿੰਦੇ ਲੋਕਾਂ ਨੂੰ ਪਤਾ ਨਹੀਂ ਕੌਣ ਮਨਹੂਸ ਆ ਕੇ ਦੱਸ ਗਿਆ ਸੀ ਕਿ ਤੂੰ ਹਿੰਦੂ ਜਾਂ ਸਿੱਖ ਏਂ ਤੇ ਫਲਾਣਾ ਮੁਸਲਮਾਨ ਏਂ। ਫ਼ਿਰਕਾਪ੍ਰਸਤੀ ਦਿਨੋ ਦਿਨ ਪੈਰ ਪਸਾਰਦੀ ਜਾ ਰਹੀ ਸੀ। ਚੰਦ ਕੁ ਦਿਨਾਂ ਵਿੱਚ ਹੀ ਲੋਕ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਬਣ ਗਏ ਸਨ। ਇਨਸਾਨਾਂ ਵਿੱਚੋਂ ਪਿਆਰ, ਮੁਹੱਬਤ ਤੇ ਭਾਈਚਾਰਕ ਸਾਂਝ ਖ਼ਤਮ ਹੋ ਰਹੀ ਸੀ। ਫ਼ਿਰਕੂ ਜਨੂੰਨ ਪ੍ਰਥਮ ਹੋ ਗਿਆ ਸੀ। ਇਨਸਾਨੀਅਤ ਦੋਇਮ ਹੋ ਗਈ ਸੀ। ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਸੀ ਰਹੀ। ਉਸ ਵਕਤ ਦਰਿੰਦਗੀ ਦਾ ਸਭ ਤੋਂ ਵੱਡਾ ਕਹਿਰ ਔਰਤ ਜਾਤ ਨੂੰ ਝੱਲਣਾ ਪੈ ਰਿਹਾ ਸੀ। ਭੁੱਖੇ ਪਿਆਸੇ ਲੋਕ ਪਨਾਹਗੀਰ ਬਣਕੇ ਸ਼ਰਨਾਰਥੀ ਕੈਂਪਾਂ ਵਿੱਚ ਹੈਜ਼ੇ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਸਨ। ਸੋਹਣੇ ਗੁਲਾਬ ਦੇ ਫੁੱਲ ਵਰਗਾ ਰੰਗਲਾ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਰੈਡਕਲਿਫ ਨੇ ਲਕੀਰ ਖਿੱਚ ਕੇ ਇੱਕ ਪੰਜਾਬ ਦੇ ਦੋ ਪੰਜਾਬ ਬਣਾ ਦਿੱਤੇ ਸਨ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਤੋਂ ਅਸੀਂ ਚੜ੍ਹਦੇ ਪੰਜਾਬ ਵਾਲੇ ਸਦਾ ਵਾਸਤੇ ਵਿਰਵੇ ਹੋ ਗਏ ਸਾਂ। ਪੰਜ ਦਰਿਆਵਾਂ ਦੇ ਪਾਣੀ ਅੱਧੋ-ਅੱਧ ਹੋ ਕੇ ਦੋ ਹਿੱਸਿਆਂ ਵਿੱਚ ਵੰਡੇ ਗਏ ਸਨ। ਹਵਾ ਗੰਧਲੀ ਤੇ ਕਹਿਰੀ ਹੋ ਗਈ ਸੀ। ਪਾਣੀ ਜ਼ਹਿਰੀਲਾ ਤੇ ਲਹੂ ਰੰਗਾ ਹੋ ਗਿਆ ਸੀ। ਚੰਗੇ ਭਲੇ ਵਸਦੇ ਰਸਦੇ ਲੋਕ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਬਣ ਗਏ ਸਨ। ਘਰ ਲੁੱਟੇ ਤੇ ਸਾੜੇ ਜਾ ਰਹੇ ਸਨ। ਆਸਮਾਨ ਵੱਲ ਉੱਚੀਆਂ ਉੱਠਦੀਆਂ ਅੱਗ ਦੀਆਂ ਲਾਟਾਂ ਜੀਭਾਂ ਕੱਢ ਕੇ ਮਨੁੱਖੀ ਅਕਲ ਦਾ ਜਨਾਜ਼ਾ ਕੱਢ ਰਹੀਆਂ ਜਾਪਦੀਆਂ ਸਨ। ਸੱਚ ਝੂਠ ਨੂੰ ਰਲਗੱਡ ਕਰਕੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ। ਹੈਵਾਨੀਅਤ ਇਨਸਾਨੀਅਤ ਦੇ ਆਹੂ ਲਾਹੁੰਦੀ ਹੋਈ ਆਪਣਾ ਕਰੂਪ ਚਿਹਰਾ ਵਿਖਾ ਰਹੀ ਸੀ। ਹਰ ਪਾਸੇ ਅਮਾਨਵੀ ਵਰਤਾਰਾ ਸੀ।
ਜਦੋਂ ਚਾਰੇ ਪਾਸੇ ਮਜ਼ਹਬੀ ਜਨੂੰਨ ਤਾਂਡਵ ਨਾਚ ਨੱਚ ਰਿਹਾ ਸੀ, ਫਿਰ ਵਿਚਾਰੇ ਯੂਸਫ਼ ਦਾ ਟੱਬਰ ਇਸ ਤੋਂ ਕਿਵੇਂ ਬਚ ਸਕਦਾ ਸੀ? ਉਨ੍ਹਾਂ ਦੇ ਅਗਵਾੜ ’ਤੇ ਵੀ ਹਜੂਮੀਆਂ ਨੇ ਹੱਲਾ ਬੋਲ ਦਿੱਤਾ। ਅਜਿਹੇ ਨਾਜ਼ੁਕ ਸਮੇਂ ਯੂਸਫ਼ ਕੇ ਟੱਬਰ ਦੀ ਰਾਖੀ ਕਰਨੀ ਤੇ ਉਨ੍ਹਾਂ ਨੂੰ ਸਹਾਰਾ ਦੇਣਾ ਮੇਰਾ ਇਖਲਾਕੀ ਫ਼ਰਜ਼ ਬਣਦਾ ਸੀ, ਪਰ ਵੱਡੇ ਹਜੂਮੀ ਟੋਲਿਆਂ ਸਾਹਮਣੇ ਮੈਂ ਇਕੱਲਾ ਕੀ ਕਰ ਸਕਦਾ ਸਾਂ! ਅਜਿਹੇ ਪਰਿਵਾਰਾਂ ਦੀ ਹਿਫ਼ਾਜ਼ਤ ਕਰਨ ਵਾਸਤੇ ਮੇਰੇ ਨਾਲ ਤੁਰਨ ਨੂੰ ਕੋਈ ਵੀ ਤਿਆਰ ਨਹੀਂ ਸੀ। ਹਰ ਕੋਈ ਮਸਰੂਫ਼ ਸੀ। ਕਿਸੇ ਨੂੰ ਵੀ ਲੁੱਟ ਖੋਹ, ਉਧਾਲੇ ਤੇ ਕਤਲੋਗਾਰਤ ਵਰਗੇ ਘਿਨੌਣੇ ਕੰਮਾਂ ਤੋਂ ਵਿਹਲ ਨਹੀਂ ਸੀ। ਸੋ ਮੈਂ ਚਾਹੁੰਦਾ ਹੋਇਆ ਵੀ ਉਸ ਪਰਿਵਾਰ ਲਈ ਕੁਝ ਨਾ ਕਰ ਸਕਿਆ। ਇਹੋ ਜਿਹੇ ਵਹਿਸ਼ੀ ਮਾਹੌਲ ਵਿੱਚ ਇਕੱਲੇ ਬੰਦੇ ਦੀ ਕੀ ਵਟੀਦੀ ਸੀ!
ਯੂਸਫ਼ ਦੀਆਂ ਸੋਨੇ ਵਰਗੀਆਂ ਜਵਾਨ ਭੈਣਾਂ ਤੇ ਉਸ ਦੀ ਸੋਹਣੀ ਸੁਨੱਖੀ ਵਹੁਟੀ ਨੂੰ ਜਾਬਰ ਚੁੱਕ ਕੇ ਲੈ ਗਏ ਸਨ। ਪਿੰਡ ਦੀਆਂ ਹੋਰ ਮੁਸਲਿਮ ਮੁਟਿਆਰਾਂ ਦਾ ਵੀ ਇਹੀ ਹਸ਼ਰ ਹੋਇਆ ਸੀ। ਯੂਸਫ਼ ਦਾ ਘਰ ਲੁੱਟ ਕੇ ਸਾੜ ਦਿੱਤਾ ਗਿਆ। ਉਸ ਦੇ ਮਾਂ ਬਾਪ ਕਤਲ ਕਰ ਦਿੱਤੇ ਗਏ। ਉਹ ਪਤਾ ਨਹੀਂ ਕਿਵੇਂ ਬਚਦਾ ਬਚਾਉਂਦਾ ਮੈਨੂੰ ਮਿਲਣ ਵਾਸਤੇ ਸਾਡੇ ਘਰ ਆ ਗਿਆ ਸੀ। ਉਸ ਨੇ ਖੇਸ ਦਾ ਝੁੰਮਲ ਮਾਟਾ ਮਾਰਿਆ ਹੋਇਆ ਸੀ। ਖੇਸ ਵਿੱਚ ਲੁਕੋਏ ਆਪਣੇ ਦੋਹਾਂ ਹੱਥਾਂ ਵਿੱਚ ਉਸ ਨੇ ਕੁਝ ਚੁੱਕਿਆ ਹੋਇਆ ਸੀ। ਮੈਨੂੰ ਮਿਲ ਕੇ ਉਸ ਦੀਆਂ ਧਾਹਾਂ ਨਿਕਲ ਗਈਆਂ। ਕਿੰਨਾ ਹੀ ਚਿਰ ਅਸੀਂ ਇੱਕ ਦੂਜੇ ਦੇ ਗਲ ਲੱਗ ਕੇ ਰੋਂਦੇ ਰਹੇ। ਫਿਰ ਉਹ ਹੰਝੂਆਂ ਵਿੱਚ ਡੁੱਬੀ ਆਵਾਜ਼ ਵਿੱਚ ਬੋਲਿਆ, ‘‘ਮੇਰੇ ਯਾਰ ਹਰੀ! ਤੈਨੂੰ ਨਿਸ਼ਾਨੀ ਦੇਣ ਲਈ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਬਚਿਆ, ਆਹ ਅੰਮੀ ਦਾ ਜੋੜ ਕੇ ਰੱਖਿਆ ਹੋਇਆ ਘਿਓ ਦਾ ਦੋਹਣਾ ਮੈਨੂੰ ਰਸੋਈ ਦੀ ਪੜਛੱਤੀ ਤੋਂ ਲੱਭਿਆ ਸੀ। ਕਦੋਂ ਦਾ ਇਸ ਨੂੰ ਲੁਕਾਉਂਦਾ ਹੋਇਆ ਬੜੀ ਮੁਸ਼ਕਲ ਨਾਲ ਤੇਰੇ ਤੱਕ ਪਹੁੰਚਿਆ ਹਾਂ। ਆਪਣੇ ਯਾਰ ਦੀ ਆਖ਼ਰੀ ਨਿਸ਼ਾਨੀ ਸਮਝ ਕੇ ਇਹ ਤੂੰ ਰੱਖ ਲੈ, ਦੇਖੀਂ ਕਿਤੇ ਕਿਸੇ ਕਿਸਮ ਦਾ ਵਹਿਮ ਨਾ ਚਿੱਤ ਵਿੱਚ ਰੱਖੀਂ। ਜੇ ਦਿਲ ਵਿੱਚ ਕੋਈ ਸ਼ੱਕ ਹੈ ਤਾਂ ਲਿਆ ਫੜਾ ਏਥੋਂ ਕੌਲੀ, ਮੈਂ ਆਪ ਤੈਨੂੰ ਘਿਉ ਦੀਆਂ ਦੋ ਘੁੱਟਾਂ ਭਰਕੇ ਦਿਖਾਲ ਦਿੰਦਾ ਹਾਂ।’’ ‘‘ਨਹੀਂ, ਨਹੀਂ, ਮੈਨੂੰ ਕੋਈ ਵਹਿਮ ਨਹੀਂ, ਲਿਆ ਫੜਾ ਉਰੇ ਦੋਹਣਾ।’’ ਮੈਂ ਉਸ ਤੋਂ ਦੋਹਣਾ ਫੜ ਕੇ ਸਤਿਕਾਰ ਵਜੋਂ ਸਿਰ ਝੁਕਾ ਕੇ ਆਪਣੇ ਮੱਥੇ ਨਾਲ ਛੁਹਾਇਆ ਤੇ ਇੱਕ ਪਾਸੇ ਕਰਕੇ ਰੱਖ ਦਿੱਤਾ।
‘‘ਚੰਗਾ ਫੇਰ ਮੈਂ ਚਲਦਾਂ ਹੁਣ,’’ ਉਹ ਜਾਂਦਾ ਹੋਇਆ ਦੂਰ ਤਾਈਂ ਪਿੱਛੇ ਮੁੜ ਮੁੜ ਕੇ ਮੈਨੂੰ ਖੜ੍ਹੇ ਨੂੰ ਵੇਂਹਦਾ ਰਿਹਾ ਜਿਵੇਂ ਉਸ ਦੀ ਮੇਰੇ ਨਾਲ ਇਹ ਆਖ਼ਰੀ ਮਿਲਣੀ ਹੋਵੇ।
ਹਿੰਸਕ ਹਜੂਮੀਆਂ ਨੇ ਉਸ ਨੂੰ ਸਾਡੇ ਘਰੋਂ ਨਿਕਲਦੇ ਨੂੰ ਦੇਖ ਲਿਆ ਸੀ। ਤਾਹੀਓਂ ਕਿਤੋਂ ਦੂਰੋਂ ਲਲਕਾਰੇ ਵੱਜਣ ਦੀਆਂ ਆਵਾਜ਼ਾਂ ਆਈਆਂ। ਉਦੋਂ ਹੀ ਪਿੰਡ ਵਿੱਚ ਰੌਲਾ ਪੈ ਗਿਆ, ‘‘ਇੱਕ ‘ਮੁਸਲਾ’ ਹੋਰ ਗੱਡੀ ਚਾੜ੍ਹ ’ਤਾ ਉਏ।’’ ਇਹ ਸ਼ਾਇਦ ਯੂਸਫ਼ ਨਾਲ ਵਾਪਰੀ ਅਣਹੋਣੀ ਦਾ ਹੀ ਹੋਕਾ ਸੀ।
ਬੇਬੇ ਬਿਮਾਰ ਚਾਚੀ ਦਾ ਪਤਾ ਲੈ ਕੇ ਘਰ ਆ ਗਈ ਸੀ। ਘਰ ਵਿੱਚ ਪਿਆ ਓਪਰਾ ਦੋਹਣਾ ਦੇਖ ਕੇ ਉਸ ਨੇ ਮੈਨੂੰ ਪੁੱਛਿਆ, ‘‘ਵੇ ਹਰੀ! ਆਹ ਦੋਹਣਾ ਆਪਣੇ ਘਰੇ ਕੌਣ ਰੱਖ ਗਿਆ?’’ ਮੈਂ ਯੂਸਫ਼ ਵੱਲੋਂ ਦਿੱਤੀ ਗਈ ਆਖ਼ਰੀ ਨਿਸ਼ਾਨੀ ਦੀ ਕਹਾਣੀ ਹੂਬਹੂ ਬੇਬੇ ਨੂੰ ਸੁਣਾ ਦਿੱਤੀ। ਬੇਬੇ ਦੀਆਂ ਭਵਾਂ ਚੜ੍ਹ ਗਈਆਂ ਸਨ।
ਉਹ ਗੁੱਸੇ ਨਾਲ ਬੋਲੀ, ‘‘ਵੇ ਮੁੰਡਿਆ! ਐਵੇਂ ਨੀਂ ਕਿਸੇ ਦੀਆਂ ਗੱਲਾਂ ਵਿੱਚ ਆਈਦਾ ਹੁੰਦਾ। ਇਹ ਮੈਂ ਮੰਨਦੀ ਆਂ ਬਈ ਕਿਸੇ ਵੇਲੇ ਇਹ ਮੁੰਡਾ ਤੇਰਾ ਆੜੀ ਹੁੰਦਾ ਸੀ, ਪਰ ਕਾਕਾ! ਵਕਤ ਵਿਚਾਰੀਦਾ ਹੁੰਦਾ। ਹੁਣ ਇਹ ਲੋਕ ਆਪਣੇ ਦੁਸ਼ਮਣ ਬਣ ਕੇ ਏਥੋਂ ਜਾ ਰਹੇ ਨੇ। ਹੁਣ ਨਹੀਂ ਇਹ ਇਤਬਾਰ ਕਰਨ ਯੋਗ ਰਹੇ। ਦੇਖੀਂ ਕਿਤੇ ਆੜੀ ਦੀ ਨਿਸ਼ਾਨੀ ਦੇ ਚਾਅ ’ਚ ਸਾਰਾ ਟੱਬਰ ਮਰਵਾ ਬਹਿੰਦਾ, ਮੇਰੀ ਮੰਨ ਤੇ ਇਸ ਦੋਹਣੇ ਨੂੰ ਆਪਣੇ ਪਿੰਡ ਲਾਗੇ ਵਗਦੀ ਨਹਿਰ ਵਿੱਚ ਸੁੱਟ ਆ, ਚੰਗਾ ਰਹੇਂਗਾ।’’
‘‘ਨਹੀਂ ਬੇਬੇ! ਉਹ ਤਾਂ ਮੇਰੇ ਸਾਹਮਣੇ ਇਸ ਵਿੱਚੋਂ ਕੌਲੀ ਭਰ ਕੇ ਘਿਉ ਪੀਣ ਲਈ ਵੀ ਤਿਆਰ ਹੋ ਗਿਆ ਸੀ। ਉਹ ਤਾਂ ਗੱਲ ਕਰ ਮੈਂ ਹੀ ਸ਼ਰਮ ਮੰਨ ਕੇ ਉਸ ਨੂੰ ਇਉਂ ਕਰਨ ਤੋਂ ਰੋਕ ਦਿੱਤਾ। ਯਕੀਨ ਨਾਂ ਦੀ ਵੀ ਕੋਈ ਚੀਜ਼ ਹੁੰਦੀ ਐ ਕਿ ਨਹੀਂ!’’
‘‘ਨਹੀਂ ਵੇ ਪੁੱਤਾ! ਤੂੰ ਮੇਰੀ ਮੰਨਦਾ ਕਿਉਂ ਨ੍ਹੀਂ, ਮਗਰੋਂ ਪਛਤਾਉਣ ਨਾਲੋਂ ਪਹਿਲਾਂ ਸੋਚਣਾ ਚੰਗਾ ਹੁੰਦੈ ਕਮਲਿਆ!’’ ਬੇਬੇ ਆਪਣੀ ਦਲੀਲ ’ਤੇ ਅੜੀ ਹੋਈ ਸੀ ਤੇ ਮੇਰੀ ਕੋਈ ਵੀ ਗੱਲ ਮੰਨਣ ਲਈ ਤਿਆਰ ਨਹੀਂ ਸੀ।
ਉਸ ਦੇ ਬਹੁਤੀ ਜ਼ਿਦ ਕਰਨ ’ਤੇ ਮੈਂ ਭਰੇ ਮਨ ਨਾਲ ਘਿਉ ਨਾਲ ਮੂੰਹ ਤੱਕ ਭਰਿਆ ਦੋਹਣਾ ਚੁੱਕਿਆ ਤੇ ਪਿੰਡ ਦੇ ਨੇੜੇ ਵਗਦੀ ਨਹਿਰ ਵਿੱਚ ਸੁੱਟਣ ਲਈ ਤੁਰ ਪਿਆ। ਯੂਸਫ਼ ਯਾਰ ਦੀ ਆਖ਼ਰੀ ਨਿਸ਼ਾਨੀ ਨਹਿਰ ਵਿੱਚ ਸੁੱਟਣ ਲੱਗਿਆਂ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਯੂਸਫ਼ ਦੇ ਕਾਤਲਾਂ ਵਿੱਚ ਮੈਂ ਵੀ ਸ਼ਾਮਲ ਹੋ ਗਿਆ ਹੋਵਾਂ। ਨਾਲੇ ਜਿਹੜਾ ਬੰਦਾ ਕਿਸੇ ਦੀ ਪਾਕ ਪਵਿੱਤਰ ਮੁਹੱਬਤ ਦਾ ਕਤਲ ਕਰ ਦੇਵੇ ਉਸ ਦਾ ਗੁਨਾਹ ਤਾਂ ਮੁਆਫ਼ ਕਰਨ ਯੋਗ ਹੁੰਦਾ ਹੀ ਨਹੀਂ। ਇਹ ਗੁਨਾਹ ਤਾਂ ਬੰਦੇ ਦੇ ਕਤਲ ਨਾਲੋਂ ਕਿਤੇ ਵੱਡਾ ਗੁਨਾਹ ਹੁੰਦਾ ਹੈ। ਅੱਜ ਤੀਕ ਵੀ ਮੈਂ ਉਸ ਮੰਦਭਾਗੀ ਘਟਨਾ ਨੂੰ ਯਾਦ ਕਰਕੇ ਪਾਣੀ ਵਿੱਚੋਂ ਬਾਹਰ ਕੱਢ ਕੇ ਸੁੱਟੀ ਗਈ ਮੱਛੀ ਵਾਂਗ ਤੜਫ਼ ਉੱਠਦਾ ਹਾਂ। ਪਤਾ ਨਹੀਂ ਮੈਂ ਜਿਉਂਦੇ ਜੀਅ ਪਛਤਾਵੇ ਦੀ ਇਸ ਕੈਦ ਵਿੱਚੋਂ ਮੁਕਤ ਹੋਵਾਂਗਾ ਵੀ ਕਿ ਨਹੀਂ! ਹੁਣ ਸੋਚਦਾ ਹਾਂ ਕਿ ਮੈਂ ਘਿਉ ਡੋਲ੍ਹ ਕੇ ਯਾਰ ਦੀ ਨਿਸ਼ਾਨੀ ਵਜੋਂ ਦੋਹਣਾ ਤਾਂ ਆਪਣੇ ਕੋਲ ਰੱਖ ਲੈਂਦਾ! ਪਰ ਉਦੋਂ ਏਨੀ ਮੱਤ ਕਿੱਥੇ ਸੀ!
ਸੰਪਰਕ: 78146-98117