ਡਾ. ਇਕਬਾਲ ਸਿੰਘ ਸਕਰੌਦੀ
ਹਰਜੀਤ ਸਿੰਘ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਕੰਪਿਊਟਰ ਸਾਇੰਸ ਵਿੱਚ ਬੀ.ਟੈੱਕ. ਦੀ ਡਿਗਰੀ ਬਹੁਤ ਵਧੀਆ ਅੰਕ ਲੈ ਕੇ ਹਾਸਲ ਕਰ ਲਈ ਸੀ। ਹੁਣ ਉਸ ਨੇ ਕਈ ਵੱਡੀਆਂ ਫਰਮਾਂ ਵਿੱਚ ਨੌਕਰੀ ਲਈ ਅਪਲਾਈ ਕਰ ਦਿੱਤਾ ਸੀ। ਬੇਸ਼ੱਕ, ਅਜੇ ਤੱਕ ਉਸ ਨੂੰ ਕਿਸੇ ਵੀ ਫਰਮ ਵੱਲੋਂ ਨੌਕਰੀ ਲਈ ਸੱਦਾ ਪੱਤਰ ਨਹੀਂ ਸੀ ਮਿਲਿਆ, ਪਰ ਤਿੰਨ ਫਰਮਾਂ ਨੇ ਉਸ ਨੂੰ ਕੁਝ ਸਮੇਂ ਲਈ ਇੰਤਜ਼ਾਰ ਕਰਨ ਲਈ ਕਿਹਾ ਸੀ। ਇਹ ਤੈਅ ਸੀ ਕਿ ਦੇਰ ਸਵੇਰ ਉਸ ਨੂੰ ਕਿਸੇ ਨਾ ਕਿਸੇ ਵੱਡੀ ਫਰਮ ਵਿੱਚ ਚੰਗੀ ਨੌਕਰੀ ਲੱਗਣ ਦੀ ਪੂਰੀ ਸੰਭਾਵਨਾ ਸੀ।
ਪਰ ਉਹ ਆਪਣੇ ਸਕੂਲ ਪੜ੍ਹਦੇ ਦੋਸਤਾਂ ਸਤਿਪ੍ਰੀਤ ਸੰਧੂ ਅਤੇ ਹੇਮ ਰਾਜ ਗੋਇਲ ਦੇ ਅਜਿਹਾ ਧੱਕੇ ਚੜ੍ਹਿਆ ਕਿ ਉਸ ਨੇ ਵੀ ਕੈਨੇਡਾ ਜਾਣ ਦੀ ਜ਼ਿੱਦ ਫੜ ਲਈ। ਮੱਧਵਰਗੀ ਕਿਸਾਨੀ ਪਰਿਵਾਰ ਨਾਲ ਸਬੰਧਿਤ ਉਸ ਦੇ ਪਾਪਾ ਇੰਦਰਬੀਰ ਸਿੰਘ ਖੰਘੂੜਾ ਨੇ ਉਸ ਨੂੰ ਬਹੁਤ ਸਮਝਾਇਆ, ‘‘ਦੇਖ ਪੁੱਤਰ, ਘਰ ਦੀ ਸਾਰੀ ਸਥਿਤੀ ਤੇਰੇ ਸਾਹਮਣੇ ਐ। ਕੁੱਲ ਨੌਂ ਏਕੜ ਭੋਇੰ ਆਪਣੇ ਕੋਲ ਐ। ਦੱਬ ਘੁੱਟ ਕੇ ਬੜੀ ਮੁਸ਼ਕਲ ਨਾਲ ਘਰ ਦਾ ਦਾਲ-ਫੁਲਕਾ ਤੁਰਦੈ। ਤੇਰੀ ਪੜ੍ਹਾਈ ਉੱਤੇ ਲੱਖਾਂ ਰੁਪਈਏ ਖ਼ਰਚ ਚੁੱਕੇ ਆਂ। ਹੁਣ ਤੇਰੀ ਡਿਗਰੀ ਪੂਰੀ ਹੋ ਗਈ ਐ। ਅੱਜ ਭਲਕ ’ਚ ਤੇਰੀ ਕੋਈ ਨਾ ਕੋਈ ਨੌਕਰੀ ਲੱਗ ਜੂ ਗੀ। ਤੂੰ ਪਰਦੇਸਾਂ ’ਚ ਕਾਹਦੇ ਲਈ ਧੱਕੇ ਖਾਣੇ ਐਂ।’’
ਪਰ ਯਾਰਾਂ ਦੀ ਉਹਨੂੰ ਅਜਿਹੀ ਉਂਗਲ ਲੱਗੀ ਹੋਈ ਸੀ ਕਿ ਉਹ ਕੋਈ ਵੀ ਗੱਲ ਸੁਣਨ ਸਮਝਣ ਲਈ ਰੱਤੀ ਭਰ ਵੀ ਤਿਆਰ ਨਹੀਂ ਸੀ। ਉਹਨੇ ਆਪਣੇ ਪਾਪਾ ਨੂੰ ਦੋ ਟੁੱਕ ਫ਼ੈਸਲਾ ਸੁਣਾ ਦਿੱਤਾ, ‘‘ਦੇਖੋ ਪਾਪਾ, ਜਿੰਨੀ ਕੁ ਆਪਣੇ ਕੋਲ ਜ਼ਮੀਨ ਹੈ। ਤੁਸੀਂ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੁੰਦੇ ਰਹੇ ਓ। ਆਪਣੇ ਪੱਲੇ ਕੀ ਪਿਐ? ਸਾਰੀ ਉਮਰ ਆਪਾਂ ਰੁੱਖੀ ਮਿੱਸੀ ਖਾ ਕੇ ਡੰਗ ਟਪਾਇਆ ਹੈ। ਇਸ ਲਈ ਮੈਂ ਤਾਂ ਆਈਲੈਟਸ ਕਲੀਅਰ ਕਰ ਕੇ ਕੈਨੇਡਾ ਹੀ ਜਾਣਾ ਹੈ। ਬੱਸ ਤੁਸੀਂ ਮੇਰੇ ਲਈ ਜਹਾਜ਼ ਦੀ ਟਿਕਟ ਅਤੇ ਮੇਰੀ ਦੋ ਸਮੈਸਟਰ ਦੀ ਫ਼ੀਸ ਦਾ ਪ੍ਰਬੰਧ ਕਰ ਦਿਓ। ਉਸ ਤੋਂ ਬਾਅਦ ਮੈਂ ਤੁਹਾਨੂੰ ਕਦੇ ਵੀ ਫ਼ੀਸ ਜਾਂ ਖ਼ਰਚੇ ਲਈ ਨਹੀਂ ਕਹਾਂਗਾ। ਬੱਸ, ਤੁਸੀਂ ਹੁਣ ਨੰਨਾ ਨਾ ਮਾਰੋ। ਮੈਨੂੰ ਪਤੈ, ਮੇਰਾ ਭਵਿੱਖ ਇੱਥੇ ਨਹੀਂ ਹੈ।’’
ਪੁੱਤਰ ਦੀ ਜ਼ਿੱਦ ਅਤੇ ਦ੍ਰਿੜ੍ਹਤਾ ਭਰੀਆਂ ਗੱਲਾਂ ਸੁਣ ਕੇ ਉਸ ਦੇ ਪਾਪਾ ਚੁੱਪ ਕਰ ਗਏ। ਹਰਜੀਤ ਨੇ ਪਾਪਾ ਤੋਂ ਪੰਦਰਾਂ ਹਜ਼ਾਰ ਰੁਪਏ ਲੈ ਕੇ ਉਸੇ ਦਿਨ ਨੇੜਲੇ ਸ਼ਹਿਰ ਜਾ ਕੇ ਆਈਲੈਟਸ ਦੀ ਫ਼ੀਸ ਭਰ ਦਿੱਤੀ।
ਉਹ ਹਰ ਰੋਜ਼ ਆਪਣੇ ਪੁਰਾਣੇ ਸਕੂਟਰ ’ਤੇ ਕਲਾਸ ਲਾਉਣ ਸ਼ਹਿਰ ਜਾਂਦਾ। ਘਰ ਆ ਕੇ ਸਾਰਾ-ਸਾਰਾ ਦਿਨ ਆਪਣੇ ਨੋਟਸ ਦੀ ਫੋਲਾ ਫਾਲੀ ਕਰਦਾ ਰਹਿੰਦਾ। ਕਦੇ ਨੈੱਟ ਉੱਤੇ ਜਾ ਕੇ ਕੁਝ ਨਾ ਕੁਝ ਸਰਚ ਕਰਦਾ ਰਹਿੰਦਾ। ਉਹ ਦੇਰ ਰਾਤ ਤੱਕ ਪੜ੍ਹਦਾ ਰਹਿੰਦਾ।
ਇੱਕ ਦੋ ਵਾਰੀ ਰਾਤੀਂ ਢਾਈ ਪੌਣੇ ਤਿੰਨ ਵਜੇ ਉਸ ਦੇ ਬੀਜੀ ਦੀ ਜਾਗ ਖੁੱਲ੍ਹੀ। ਪੁੱਤ ਦੇ ਕਮਰੇ ਦੀ ਜਗਦੀ ਲਾਈਟ ਵੇਖ ਕੇ ਉਸ ਨੇ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ। ਪੁੱਤ ਨੂੰ ਪੜ੍ਹਾਈ ਵਿੱਚ ਮਗਨ ਵੇਖ ਕੇ ਉਸ ਨੂੰ ਖ਼ੁਸ਼ੀ ਭਰੀ ਤਸੱਲੀ ਹੋਈ ਕਿ ਉਹ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ। ਉਹ ਉਸ ਨੂੰ ਬੁਲਾਏ ਬਿਨਾਂ ਚੁੱਪਚਾਪ ਮੁੜ ਆਈ ਸੀ। ਅਗਲੀ ਰਾਤ ਫਿਰ ਸਵੇਰੇ ਤਿੰਨ ਵਜੇ ਉਹਦੇ ਬੀਜੀ ਦੀ ਅੱਖ ਖੁੱਲ੍ਹ ਗਈ। ਉਹ ਹੌਲੀ ਜਿਹੀ ਪੁੱਤ ਦੇ ਕਮਰੇ ਵਿੱਚ ਚਲੀ ਗਈ। ਬੀਜੀ ਨੇ ਉਹਦੇ ਵਾਲ਼ਾਂ ਵਿੱਚ ਪਿਆਰ ਨਾਲ ਹੱਥ ਫੇਰਦਿਆਂ ਆਖਿਆ, ‘‘ਪੁੱਤ ਹਰੀ, ਬਹੁਤ ਰਾਤ ਹੋ ਗਈ। ਤੂੰ ਕੱਲ੍ਹ ਸਵੇਰੇ ਆਪਣੀ ਕਲਾਸ ਲਾਉਣ ਸ਼ਹਿਰ ਵੀ ਜਾਣਾ ਹੈ। ਹੁਣ ਤੈਨੂੰ ਆਰਾਮ ਕਰਨਾ ਚਾਹੀਦਾ ਹੈ।’’
ਮਾਂ ਦੀਆਂ ਮੋਹ ਅਤੇ ਪਿਆਰ ਭਰੀਆਂ ਗੱਲਾਂ ਸੁਣ ਕੇ ਉਹ ਬੋਲਿਆ, ‘‘ਬੀਜੀ, ਬੱਸ ਮੇਰਾ ਥੋੜ੍ਹਾ ਜਿਹਾ ਕੰਮ ਬਾਕੀ ਹੈ। ਕੱਲ੍ਹ ਨੂੰ ਮੇਰੇ ਸਰ ਨੇ ਸਾਡਾ ਟੈਸਟ ਲੈਣਾ ਹੈ। ਬੱਸ, ਉਸੇ ਦੀ ਤਿਆਰੀ ਵਿੱਚ ਲੱਗਾ ਹਾਂ। ਬੀਜੀ, ਤੁਸੀਂ ਮੇਰੀ ਸਿਹਤ ਜਾਂ ਨੀਂਦ ਲਈ ਕੋਈ ਫ਼ਿਕਰ ਨਾ ਕਰਿਆ ਕਰੋ। ਮੈਂ ਬਿਲਕੁਲ ਠੀਕ ਹਾਂ। ਨਾਲੇ ਕੁਝ ਹਾਸਲ ਕਰਨ ਲਈ ਨੀਂਦ ਅਤੇ ਸੁਖ ਦਾ ਤਿਆਗ ਤਾਂ ਕਰਨਾ ਹੀ ਹੁੰਦਾ ਹੈ। ਦੂਜਾ, ਆਪਣੇ ਘਰ ਦੀ ਸਾਰੀ ਸਥਿਤੀ ਮੇਰੇ ਸਾਹਮਣੇ ਹੈ। ਪਾਪਾ ਨੇ ਪਹਿਲਾਂ ਹੀ ਮੇਰੀ ਪੜ੍ਹਾਈ ਉੱਤੇ ਲੱਖਾਂ ਰੁਪਈਏ ਖ਼ਰਚ ਕਰ ਦਿੱਤੇ ਹਨ। ਬੱਸ, ਹੁਣ ਇਹ ਆਖ਼ਰੀ ਹੰਭਲਾ ਮਾਰ ਕੇ ਮੈਂ ਆਪਣੀ ਮੰਜ਼ਿਲ ਫ਼ਤਹਿ ਕਰਨੀ ਚਾਹੁੰਦਾ ਹਾਂ। ਮੇਰੀ ਇੱਕੋ ਇੱਕ ਦਿਲੀ ਤਮੰਨਾ ਹੈ ਕਿ ਆਪਣੇ ਪੈਰਾਂ ਉੱਤੇ ਖੜ੍ਹੋ ਕੇ ਬੀਜੀ ਪਾਪਾ ਦੀ ਝੋਲ਼ੀ ਵਿੱਚ ਉਹ ਸਾਰੀਆਂ ਖ਼ੁਸ਼ੀਆਂ ਪਾ ਸਕਾਂ ਜਿਹੜੀਆਂ ਉਨ੍ਹਾਂ ਆਪਣੀ ਸਾਰੀ ਉਮਰ ਮੇਰੀ ਪੜ੍ਹਾਈ ਕਾਰਨ ਕੁਰਬਾਨ ਕੀਤੀਆਂ ਹਨ।’’
ਪੁੱਤ ਦੀਆਂ ਸੂਝ ਅਤੇ ਸਿਆਣਪ ਭਰੀਆਂ ਗੱਲਾਂ ਸੁਣ ਕੇ ਮਾਂ ਨੇ ਉਸ ਨੂੰ ਆਪਣੀ ਹਿੱਕ ਨਾਲ ਘੁੱਟ ਲਿਆ। ਫਿਰ ਉਹ ਬੋਲੀ, ‘‘ਹਰੀ, ਜੇ ਤੂੰ ਹੋਰ ਲੰਮੇ ਸਮੇਂ ਤੱਕ ਪੜ੍ਹਾਈ ਕਰਨੀ ਹੈ ਤਾਂ ਮੈਂ ਤੇਰੇ ਲਈ ਚਾਹ ਦਾ ਕੱਪ ਬਣਾ ਦਿਆਂ?’’
‘‘ਨਹੀਂ ਬੀਜੀ। ਮੇਰਾ ਕੰਮ ਬੱਸ ਖ਼ਤਮ ਹੀ ਹੋਣ ਵਾਲਾ ਹੈ। ਤੁਸੀਂ ਜਾ ਕੇ ਆਰਾਮ ਕਰੋ। ਮੈਂ ਵੀ ਥੋੜ੍ਹੀ ਦੇਰ ਬਾਅਦ ਸੌਂ ਜਾਣਾ ਹੈ।’’ ਪੁੱਤਰ ਨੇ ਆਖਿਆ। ਉਹ ਚੁੱਪਚਾਪ ਉੱਠ ਕੇ ਆਪਣੇ ਬਿਸਤਰੇ ’ਤੇ ਆ ਪਈ।
ਲਗਪਗ ਚਾਰ ਮਹੀਨਿਆਂ ਬਾਅਦ ਹਰਜੀਤ ਦਾ ਆਈਲੈਟਸ ਦਾ ਰਿਜਲਟ ਐਲਾਨ ਦਿੱਤਾ ਗਿਆ ਸੀ। ਉਸ ਨੇ ਸਖ਼ਤ ਮਿਹਨਤ ਕਰਕੇ ਪਹਿਲੀ ਵਾਰੀ ਵਿੱਚ ਹੀ ਸਾਢੇ ਸੱਤ ਬੈਂਡ ਹਾਸਲ ਕਰ ਲਏ ਸਨ। ਨਤੀਜਾ ਸੁਣ ਕੇ ਉਸ ਦੇ ਬੀਜੀ ਪਾਪਾ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੋਈ। ਦੋ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਲੱਗ ਗਿਆ। ਨੌਂ ਅਗਸਤ ਨੂੰ ਦਿੱਲੀ ਹਵਾਈ ਅੱਡੇ ਤੋਂ ਸਵੇਰੇ ਸੱਤ ਵਜੇ ਉਸ ਦੀ ਉਡਾਣ ਸੀ।
ਅੱਠ ਅਗਸਤ ਦੀ ਰਾਤ ਦਸ ਵਜੇ ਉਹ ਆਪਣੇ ਬੀਜੀ ਪਾਪਾ ਨਾਲ ਦਿੱਲੀ ਹਵਾਈ ਅੱਡੇ ਜਾਣ ਲਈ ਘਰੋਂ ਚੱਲਿਆ। ਉਸ ਦੇ ਦਾਦਾ ਦਾਦੀ ਅਤੇ ਛੋਟੀ ਭੈਣ ਹੁਸਨਪ੍ਰੀਤ ਵੀ ਨਾਲ ਜਾਣ ਦੀ ਜ਼ਿੱਦ ਕਰ ਰਹੇ ਸੀ, ਪਰ ਲੰਮਾ ਸਫ਼ਰ ਹੋਣ ਕਾਰਨ ਉਹ ਉਨ੍ਹਾਂ ਤਿੰਨਾਂ ਨੂੰ ਘਰ ਹੀ ਛੱਡ ਗਏ।
ਸਵੇਰੇ ਪੰਜ ਵਜੇ ਉਸ ਦੀ ਹਵਾਈ ਅੱਡੇ ਅੰਦਰ ਐਂਟਰੀ ਸੀ। ਉਹ ਖ਼ੁਸ਼ੀ ਦੇ ਰੌਂਅ ਵਿੱਚ ਪੂਰਾ ਚਹਿਕ ਰਿਹਾ ਸੀ। ਉਸ ਦੇ ਪਾਪਾ ਵੀ ਪੂਰੀ ਚੜ੍ਹਦੀ ਕਲਾ ਵਿੱਚ ਸਨ, ਪਰ ਬੀਜੀ ਦੀਆਂ ਅੱਖਾਂ ਵਿਚਲੀ ਚਮਕ ਕਿਧਰੇ ਲੋਪ ਹੋ ਚੁੱਕੀ ਸੀ। ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਰਿਹਾ ਸੀ ਜਿਵੇਂ ਵਿਦੇਸ਼ੀ ਧਰਤੀ ਨੇ ਉਸ ਦੀਆਂ ਆਂਦਰਾਂ ਕੱਢ ਲਈਆਂ ਹੋਣ।
ਇੱਕ ਵਾਰੀ ਤਾਂ ਇੰਦਰਬੀਰ ਦੇ ਦਿਲ ਵਿੱਚ ਆਇਆ ਕਿ ਉਹ ਪਤਨੀ ਨੂੰ ਹੌਸਲਾ ਦੇਵੇ। ਅੱਗੇ ਹੋ ਕੇ ਉਸ ਦੀਆਂ ਅੱਖਾਂ ਵਿੱਚੋਂ ਵਹਿੰਦੀ ਗੰਗਾ ਜਮਨਾ ਨੂੰ ਸਾਫ਼ ਕਰ ਦੇਵੇ। ਉਸ ਨੂੰ ਆਪਣੀ ਹਿੱਕ ਨਾਲ ਲਾ ਕੇ ਘੁੱਟ ਲਵੇ। ਪਰ ਜਵਾਨ ਪੁੱਤ ਦੇ ਸਾਹਮਣੇ ਖੜ੍ਹਾ ਹੋਣ ਅਤੇ ਲੋਕਾਂ ਦੀ ਭੀੜ ਕਾਰਨ ਉਹ ਕੁਝ ਵੀ ਨਾ ਕਰ ਸਕਿਆ। ਬੇਸ਼ੱਕ, ਉਸ ਨੇ ਆਪਣੇ ਮਨ ਨੂੰ ਬਹੁਤ ਕਰੜਾ ਕਰ ਕੇ ਰੱਖਿਆ ਹੋਇਆ ਸੀ। ਪਰ ਪਰਦੇਸ ਜਾ ਰਹੇ ਪੁੱਤਰ ਦੀ ਪਿੱਠ ਵੇਖ ਕੇ ਉਸ ਦਾ ਆਪਣਾ ਚਿੱਤ ਵੀ ਗੋਤੇ ਖਾ ਰਿਹਾ ਸੀ।
ਸਾਮਾਨ ਦੀ ਚੈਕਿੰਗ ਅਤੇ ਕਲੀਅਰੈਂਸ ਹੋ ਚੁੱਕੀ ਸੀ। ਹਰਜੀਤ ਜਹਾਜ਼ ਵੱਲ ਜਾਣ ਤੋਂ ਪਹਿਲਾਂ ਆਖ਼ਰੀ ਵਾਰੀ ਆਪਣੇ ਬੀਜੀ ਪਾਪਾ ਨੂੰ ਦੂਰੋਂ ਹੀ ਬਾਏ ਕਰਨ ਲਈ ਮੁੜਿਆ। ਸਾਹਮਣੇ ਆਪਣੇ ਬੀਜੀ ਪਾਪਾ ਦੀਆਂ ਉਦਾਸ ਅਤੇ ਵੀਰਾਨ ਅੱਖਾਂ ਤੱਕ ਕੇ ਉਸ ਦਾ ਸਖ਼ਤ ਮਨ ਵੀ ਡੋਲ ਗਿਆ। ਉਸ ਨੇ ਦੂਰੋਂ ਹੀ ਦੋਵੇਂ ਹੱਥਾਂ ਨਾਲ ਬੀਜੀ ਪਾਪਾ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ। ਫਿਰ ਉਹ ਉਨ੍ਹਾਂ ਵੱਲ ਪਿੱਠ ਕਰ ਕੇ ਆਪਣੀਆਂ ਅੱਖਾਂ ਵਿੱਚ ਆਏ ਹੰਝੂਆਂ ਨੂੰ ਪੂੰਝਣ ਲੱਗ ਪਿਆ ਸੀ।
ਸਵੇਰੇ ਸਵਾ ਸੱਤ ਵਜੇ ਦੋਵੇਂ ਜੀਅ ਚੁੱਪਚਾਪ ਆ ਕੇ ਕਿਰਾਏ ਦੀ ਗੱਡੀ ਵਿੱਚ ਆ ਬੈਠੇ ਸਨ। ਡਰਾਈਵਰ ਨੇ ਦੋਵਾਂ ਦੇ ਉਤਰੇ ਚਿਹਰੇ ਵੇਖ ਲਏ ਸਨ। ਆਮ ਤੌਰ ’ਤੇ ਉਹ ਏਅਰਪੋਰਟ ਉੱਤੇ ਆਪਣੇ ਧੀ ਜਾਂ ਪੁੱਤਰ ਨੂੰ ਚੜ੍ਹਾਉਣ ਆਏ ਮਾਪਿਆਂ ਨੂੰ ਵਧਾਈਆਂ ਦੇ ਦਿੰਦਾ ਸੀ। ਵਧਾਈ ਦੇ ਰੂਪ ਵਿੱਚ ਉਸ ਨੂੰ ਪੰਜ ਚਾਰ ਸੌ ਰੁਪਏ ਸ਼ਗਨ ਦੇ ਮਿਲ ਜਾਂਦੇ ਸਨ। ਦੋਵਾਂ ਜੀਆਂ ਦੀ ਹਾਲਤ ਵੇਖ ਕੇ ਅੱਜ ਧਰਮਪਾਲ ਦੇ ਮੂੰਹੋਂ ਕੋਈ ਵੀ ਸ਼ਬਦ ਨਹੀਂ ਸੀ ਨਿਕਲਿਆ। ਉਸ ਨੇ ਚੁੱਪਚਾਪ ਗੱਡੀ ਸਟਾਰਟ ਕਰ ਲਈ। ਉਸ ਨੇ ਆਪਣੇ ਦੋਵੇਂ ਹੱਥ ਜੋੜੇ। ਅੱਖਾਂ ਬੰਦ ਕੀਤੀਆਂ। ਬੁੱਲ੍ਹਾਂ ਵਿੱਚ ਕੁਝ ਫੁਸਫੁਸਾਇਆ। ਅਗਲੇ ਪਲਾਂ ਵਿੱਚ ਗੱਡੀ ਸਰਪਟ ਦੌੜ ਰਹੀ ਸੀ। ਲਗਪਗ ਅੱਧੇ ਘੰਟੇ ਬਾਅਦ ਇੰਦਰਬੀਰ ਨੇ ਬੋਝਲ ਮਾਹੌਲ ਨੂੰ ਸੁਖਾਵਾਂ ਕਰਨ ਦੀ ਚਾਹ ਨਾਲ ਪਤਨੀ ਨੂੰ ਸੁਣਾ ਕੇ ਆਖਿਆ, ‘‘ਚਲੋ, ਕੁਦਰਤ ਦਾ ਲੱਖ-ਲੱਖ ਸ਼ੁਕਰ ਐ ਕਿ ਸਾਡਾ ਪੁੱਤ ਸੁੱਖੀ-ਸਾਂਦੀ ਜਹਾਜ਼ ਚੜ੍ਹਿਆ ਏ। ਨਹੀਂ ਤਾਂ ਹਰ ਰੋਜ਼ ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹੇ ਮੁੰਡੇ ਕੁੜੀਆਂ ਦੀ ਕੋਈ ਉੱਘ ਸੁੱਘ ਹੀ ਨਹੀਂ ਨਿਕਲਦੀ ਕਿ ਉਹ ਕਿੱਥੇ ਗਏ? ਬਹੁਤਿਆਂ ਨੂੰ ਤਾਂ ਇਨ੍ਹਾਂ ਠੱਗੀ ਠੋਰੀ ਵਾਲੇ ਏਜੰਟਾਂ ਦੇ ਆਪਣੇ ਦਲਾਲ ਹੀ ਮਾਰ ਮੁਕਾਉਂਦੇ ਹਨ। ਜਾਂ ਗ਼ਲਤ ਢੰਗ ਨਾਲ ਭੇਜੇ ਬੇਗਾਨੇ ਦੇਸ਼ ਦੀ ਪੁਲੀਸ ਨੂੰ ਜਾਣਕਾਰੀ ਦੇ ਕੇ ਗ੍ਰਿਫ਼ਤਾਰ ਕਰਵਾ ਦਿੰਦੇ ਹਨ। ਲੋਕਾਂ ਦੇ ਪੁੱਤ ਧੀ ਬੇਗਾਨੇ ਦੇਸ਼ ਦੀਆਂ ਜੇਲ੍ਹਾਂ ਵਿੱਚ ਸੜ੍ਹਦੇ ਰਹਿੰਦੇ ਹਨ, ਮਾੜੀ ਕਿਸਮਤ ਵਾਲੇ। ਅਜਿਹੇ ਪਾਖੰਡੀ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਬਹੁਤ ਸਾਰੀਆਂ ਮੁਟਿਆਰਾਂ ਤਾਂ ਆਪਣਾ ਜਤ ਸਤ ਗੁਆ ਬਹਿੰਦੀਆਂ ਹਨ। ਉਹ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਂਦੀਆਂ ਹਨ ਜਿਸ ਬਾਰੇ ਉਨ੍ਹਾਂ ਵਿਚਾਰੀਆਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਆਮ ਤੌਰ ’ਤੇ ਅਜਿਹੇ ਗੰਦੇ ਅਤੇ ਗ਼ਲੀਜ਼ ਮਾਹੌਲ ਵਿੱਚੋਂ ਕੋਈ ਬਾਹਰ ਹੀ ਨਹੀਂ ਨਿਕਲ ਸਕਦੀ। ਜੇਕਰ ਉਨ੍ਹਾਂ ਵਿੱਚੋਂ ਕੁਝ ਇੱਕ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਮਿਲਦਾ ਹੈ, ਤਦ ਵੀ ਉਹ ਸ਼ਰਮ ਦੀਆਂ ਮਾਰੀਆਂ ਆਪਣੇ ਮਾਪਿਆਂ ਨਾਲ ਕੋਈ ਰਾਬਤਾ ਕਾਇਮ ਨਹੀਂ ਕਰਦੀਆਂ। ਹਾਲਾਂਕਿ ਆਪਣੀ ਇਸ ਹਾਲਤ ਲਈ ਉਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ। ਵਿਚਾਰੀਆਂ ਦੇ ਮਾਪੇ ਵੀ ਸਬਰ ਦਾ ਘੁੱਟ ਭਰ ਕੇ ਚੁੱਪ-ਚਾਪ ਬੈਠ ਜਾਂਦੇ ਹਨ। ਕਿਹੜਾ ਕਿਸੇ ਦਾ ਕੋਈ ਜ਼ੋਰ ਚੱਲਦੈ!’’
ਪਤੀ ਦੀ ਲੰਮੀ ਚੌੜੀ ਗੱਲਬਾਤ ਸੁਣ ਕੇ ਵੀ ਪਤਨੀ ਨੇ ਕੋਈ ਹੁੰਗਾਰਾ ਨਾ ਭਰਿਆ। ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਉਸ ਦਾ ਸਰੀਰ ਹੀ ਗੱਡੀ ਦੀ ਸੀਟ ਉੱਤੇ ਰੱਖਿਆ ਹੋਵੇ, ਰੂਹ ਤਾਂ ਉਸ ਦੀ ਉਸ ਦੇ ਪੁੱਤ ਨਾਲ ਹੀ ਚਲੀ ਗਈ ਸੀ।
ਡਰਾਈਵਰ ਨੇ ਉਸ ਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਸਨ। ਉਹ ਬੋਲਿਆ, ‘‘ਹਾਂ ਜੀ, ਸਰਦਾਰ ਸਾਹਿਬ, ਤੁਸੀਂ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਹਨ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਧੋਖੇਬਾਜ਼ ਪਾਖੰਡੀ ਏਜੰਟਾਂ ਨੇ ਇੰਨੇ ਸਾਲਾਂ ਤੋਂ ਆਪਣਾ ਜਾਲ ਬੁਣਿਆ ਹੋਇਆ ਹੈ। ਸਾਡੀਆਂ ਸਰਕਾਰਾਂ, ਵੱਡੇ-ਵੱਡੇ ਅਫ਼ਸਰ, ਪੁਲੀਸ ਦੇ ਅਧਿਕਾਰੀ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰਦੇ? ਇਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਕੇ ਸਜ਼ਾਵਾਂ ਕਿਉਂ ਨਹੀਂ ਦਿੰਦੇ? ਆਮ ਲੋਕੀਂ ਜਾਗਰੂਕ ਹੋ ਕੇ ਇਨ੍ਹਾਂ ਨੂੰ ਧੌਣ ਤੋਂ ਕਿਉਂ ਨਹੀਂ ਫੜਦੇ?’’
‘‘ਨਹੀਂ ਨਹੀਂ, ਧਰਮਪਾਲ ਇਹੋ ਜਿਹੀ ਕੋਈ ਗੱਲ ਨਹੀਂ। ਇਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਤਾਂ ਹੁੰਦੀ ਹੈ। ਪਰ ਇਹ ਲੋਕ ਆਪਣੇ ਧਨ ਦੌਲਤ ਅਤੇ ਉੱਪਰ ਤੱਕ ਹਿੱਸੇਦਾਰੀ ਹੋਣ ਕਾਰਨ ਬਚ ਜਾਂਦੇ ਹਨ। ਇਨ੍ਹਾਂ ਲੋਕਾਂ ਨੇ ਤਾਂ ਮੱਕੜੀ ਵਾਲਾ ਅਜਿਹਾ ਤਾਣਾ ਤਣਿਆ ਹੋਇਆ ਹੈ ਕਿ ਸਾਡੇ ਭੋਲ਼ੇ-ਭਾਲ਼ੇ ਲੋਕਾਂ ਦੇ ਸਾਊ ਧੀਆਂ ਪੁੱਤਰ ਇਨ੍ਹਾਂ ਦੇ ਜਾਲ਼ ਵਿੱਚ ਖ਼ੁਦ-ਬ-ਖ਼ੁਦ ਆ ਫਸਦੇ ਹਨ। ਜੇਕਰ ਸਾਡੇ ਨੌਜਵਾਨ ਪੂਰੀ ਮਿਹਨਤ ਕਰਨ, ਸਹੀ ਢੰਗ ਨਾਲ ਆਪਣੀ ਫਾਈਲ ਲਾਉਣ ਤਾਂ ਉਹ ਇੱਕ ਨੰਬਰ ਵਿੱਚ ਵਿਦੇਸ਼ ਚਲੇ ਜਾਂਦੇ ਹਨ। ਉੱਥੇ ਜਾ ਕੇ ਸਖ਼ਤ ਮਿਹਨਤ ਕਰ ਕੇ ਸੁਖ ਦੀ ਰੋਟੀ ਖਾਂਦੇ ਹਨ।’’ ਇੰਦਰਬੀਰ ਨੇ ਕਿਹਾ।
ਅਜੇ ਉਨ੍ਹਾਂ ਸੌ ਕੁ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ ਕਿ ਧਰਮਪਾਲ ਨੇ ਇੱਕ ਬਹੁਤ ਵੱਡਾ ਢਾਬਾ ਵੇਖ ਕੇ ਗੱਡੀ ਰੋਕ ਲਈ। ਗੱਡੀ ਵਿੱਚੋਂ ਉਤਰਨ ਤੋਂ ਪਹਿਲਾਂ ਉਹ ਬੋਲਿਆ, ‘‘ਸਰਦਾਰ ਸਾਹਿਬ! ਮੈਂ ਤਾਂ ਕੱਲ੍ਹ ਸਵੇਰੇ ਵੀ ਅੰਮ੍ਰਿਤਸਰ ਏਅਰਪੋਰਟ ਤੋਂ ਸਵਾਰੀਆਂ ਲੈ ਕੇ ਆਇਆ ਸੀ। ਉਨ੍ਹਾਂ ਨੂੰ ਘਰੀਂ ਛੱਡ ਕੇ ਸਿੱਧਾ ਥੋਡੇ ਕੋਲ਼ੇ ਆ ਗਿਆ ਸੀ। ਮੈਨੂੰ ਤਾਂ ਹੁਣ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ। ਤੁਸੀਂ ਵੀ ਆਪਣੀ ਲੋੜ ਅਨੁਸਾਰ ਚਾਹ ਪਾਣੀ ਪੀ ਲਉ।’’
‘‘ਹਾਂ ਹਾਂ, ਕਿਉਂ ਨਹੀਂ! ਜ਼ਰੂਰ।’’ ਸਰਦਾਰ ਨੇ ਆਖਿਆ। ਫਿਰ ਉਸ ਨੇ ਆਪਣੀ ਪਤਨੀ ਨੂੰ ਕਿਹਾ, ‘‘ਸੁਖਜੀਤ, ਆ ਜਾਓ ਬਾਹਰ। ਆਪਾਂ ਵੀ ਇੱਕ-ਇੱਕ ਪਰੌਂਠਾ ਇੱਥੇ ਹੀ ਛਕ ਲੈਂਦੇ ਹਾਂ। ਘਰ ਵੜਦਿਆਂ ਨੂੰ ਤਾਂ ਦੁਪਹਿਰਾ ਢਲ਼ ਜਾਣੈਂ।’’ ਪਤੀ ਦੇ ਕਹਿਣ ’ਤੇ ਉਹ ਚੁੱਪਚਾਪ ਗੱਡੀ ਵਿੱਚੋਂ ਬਾਹਰ ਆ ਗਈ।
ਫ੍ਰੈੱਸ਼ ਹੋ ਕੇ ਉਹ ਇੱਕ ਮੇਜ਼ ਕੋਲ ਆ ਬੈਠੇ। ਸਰਦਾਰ ਨੇ ਬੈਰੇ ਨੂੰ ਨਾਸ਼ਤਾ ਲਿਆਉਣ ਲਈ ਆਖ ਦਿੱਤਾ। ਪੰਜ ਕੁ ਮਿੰਟਾਂ ਵਿੱਚ ਹੀ ਉਹ ਗਰਮ-ਗਰਮ ਪਰੌਂਠੇ, ਦਹੀਂ ਅਤੇ ਮੱਖਣ ਦੀ ਟਿੱਕੀ ਲੈ ਆਇਆ। ਸਰਦਾਰ ਨੇ ਤਾਂ ਪੂਰੀ ਰੀਝ ਨਾਲ ਨਾਸ਼ਤਾ ਕੀਤਾ, ਪਰ ਸੁਖਜੀਤ ਨੇ ਦੋ ਕੁ ਬੁਰਕੀਆਂ ਖਾ ਕੇ ਥਾਲ਼ੀ ਉਸੇ ਤਰ੍ਹਾਂ ਪਰ੍ਹੇ ਸਰਕਾਅ ਦਿੱਤੀ। ਉਸ ਨੇ ਇੱਕ ਕੱਪ ਚਾਹ ਹੀ ਪੀਤੀ।
ਜਦੋਂ ਸਰਦਾਰ ਨੇ ਵੇਟਰ ਤੋਂ ਬਿੱਲ ਮੰਗਵਾਇਆ ਤਾਂ ਚਾਰ ਸੌ ਤੀਹ ਰੁਪਏ ਦਾ ਬਿੱਲ ਵੇਖ ਕੇ ਉਸ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ। ਫਿਰ ਉਸ ਨੇ ਆਪਣੇ ਆਪ ਹੀ ਲੱਖਣ ਲਾ ਲਿਆ ਕਿ ਆਖ਼ਰ ਧਰਮਪਾਲ ਦਾ ਹਿੱਸਾ ਵੀ ਤਾਂ ਢਾਬੇ ਵਾਲੇ ਨੇ ਕੱਢਣਾ ਹੈ।
ਚੱਲਦੀ ਗੱਡੀ ਵਿੱਚ ਡਰਾਈਵਰ ਨੇ ਢਾਬੇ ਵਾਲੇ ਦੇ ਚੰਗੇ ਨਾਸ਼ਤੇ, ਚੰਗੇ ਅਤੇ ਨਿੱਘੇ ਸੁਭਾਅ ਦੀ ਬਹੁਤ ਤਾਰੀਫ਼ ਕੀਤੀ। ਸਰਦਾਰ ਵੱਲੋਂ ਕੋਈ ਹੁੰਗਾਰਾ ਨਾ ਆਉਣ ਕਾਰਨ ਉਹ ਪੁੱਛ ਹੀ ਬੈਠਾ, ‘‘ਸਰਦਾਰ ਸਾਹਿਬ, ਤੁਹਾਨੂੰ ਇਸ ਢਾਬੇ ਵਾਲੇ ਦਾ ਨਾਸ਼ਤਾ ਕਿਵੇਂ ਲੱਗਾ? ਇੱਥੋਂ ਦੀ ਸਾਫ਼ ਸਫ਼ਾਈ ਅਤੇ ਪ੍ਰਬੰਧ ਕਿਵੇਂ ਲੱਗਾ?’’
ਸਰਦਾਰ ਨੇ ਖੰਘੂਰਾ ਮਾਰ ਕੇ ਆਪਣਾ ਗਲਾ ਸਾਫ਼ ਕੀਤਾ। ਪਹਿਲਾਂ ਤਾਂ ਉਹਦੇ ਮਨ ਵਿੱਚ ਆਇਆ ਕਿ ਸਾਫ਼-ਸਾਫ਼ ਕਹਿ ਦੇਵੇ ਇਹ ਢਾਬੇ ਵਾਲਾ ਤਾਂ ਪੂਰੀ ਛਿੱਲ ਲਾਹੁੰਦਾ ਹੈ। ਫਿਰ ਉਸ ਨੇ ਸਿਆਣਪ ਵਰਤਦਿਆਂ ਆਖਿਆ, ‘‘ਹਾਂ ਬਈ ਧਰਮਪਾਲ, ਢਾਬੇ ਵਾਲੇ ਦੀ ਕੋਈ ਰੀਸ ਨਹੀਂ। ਖਾਣ ਪੀਣ, ਬੋਲ ਚਾਲ, ਤੌਰ ਤਰੀਕਾ, ਸਾਫ਼ ਸਫ਼ਾਈ, ਗੱਡੀਆਂ ਦੀ ਪਾਰਕਿੰਗ ਲਈ ਖੁੱਲ੍ਹੀ ਮੋਕਲੀ ਥਾਂ, ਸਭ ਕੁਝ ਲਾਜਵਾਬ ਹੈ। ਆਖ਼ਰ ਨੈਸ਼ਨਲ ਹਾਈਵੇ ਉੱਤੇ ਇੰਨਾ ਵੱਡਾ ਢਾਬਾ ਦਿਨ ਰਾਤ ਚਲਾਉਣਾ ਕਿਹੜਾ ਸੌਖਾ ਪਿਐ! ਇਹ ਵੀ ਕੋਈ ਦਿਲ ਗੁਰਦੇ ਵਾਲਾ ਬੰਦਾ ਹੀ ਕਰ ਸਕਦੈ। ਮਾੜਾ-ਧੀੜਾ ਬੰਦਾ ਤਾਂ ਸੋਚ ਵੀ ਨਹੀਂ ਸਕਦਾ।’’ ਫਿਰ ਉਸ ਨੇ ਡਰਾਈਵਰ ਤੋਂ ਪੁੱਛਿਆ, ‘‘ਧਰਮਪਾਲ, ਤੇਰੇ ਕੋਲੋਂ ਉਹਨੇ ਨਾਸ਼ਤੇ ਦੇ ਕਿੰਨੇ ਪੈਸੇ ਲਏ ਨੇ?’’
‘‘ਸਰਦਾਰ ਸਾਹਿਬ, ਮੇਰਾ ਤਾਂ ਇੱਧਰ ਦਿੱਲੀ ਹਵਾਈ ਅੱਡੇ ਗੇੜਾ ਲੱਗਦਾ ਈ ਰਹਿੰਦੈ। ਮੈਂ ਤਾਂ ਮਹੀਨੇ ਬਾਅਦ ’ਕੱਠੇ ਈ ਪੈਸੇ ਦੇ ਦਿੰਦਾ ਹਾਂ, ਜਿੰਨੇ ਬਣ ਜਾਂਦੇ ਐ। ਬਾਕੀ ਸੇਠ ਦਾ ਸੁਭਾਅ ਬੜਾ ਚੰਗੈ। ਮਜਾਲ ਐ ਕਦੇ ਇੱਕ ਪੈਸੇ ਦਾ ਵੀ ਫ਼ਰਕ ਪੈ ਜਾਵੇ।’’ ਡਰਾਈਵਰ ਦੀ ਗੱਲ ਸੁਣ ਕੇ ਉਹ ਚੁੱਪ ਕਰ ਗਿਆ। ਸ਼ਾਮੀਂ ਸਵਾ ਚਾਰ ਵਜੇ ਉਹ ਆਪਣੇ ਪਿੰਡ ਆ ਵੜੇ।
ਹੁਸਨਪ੍ਰੀਤ ਆਪਣੇ ਬੀਜੀ ਪਾਪਾ ਨੂੰ ਪਾਣੀ ਦੇਣ ਲਈ ਟਰੇਅ ਵਿੱਚ ਦੋ ਗਲਾਸ ਰੱਖ ਕੇ ਲੈ ਆਈ। ਦੋਵਾਂ ਨੇ ਪਾਣੀ ਦੇ ਭਰੇ ਗਲਾਸ ਚੁੱਕ ਲਏ। ਜਿਉਂ ਹੀ ਉਨ੍ਹਾਂ ਪਾਣੀ ਪੀ ਕੇ ਖ਼ਾਲੀ ਗਲਾਸ ਮੇਜ਼ ਉੱਤੇ ਰੱਖੇ, ਧੀ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਵੇਖ ਕੇ ਮਾਂ ਨੇ ਉਸ ਨੂੰ ਆਪਣੇ ਸੀਨੇ ਨਾਲ ਘੁੱਟ ਲਿਆ। ਮਾਂ ਧੀ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੂੰ ਵੇਖ ਕੇ ਇੰਦਰਬੀਰ ਦਾ ਵੀ ਮਨ ਭਰ ਆਇਆ।
ਪੰਜ ਕੁ ਮਿੰਟਾਂ ਵਿੱਚ ਤਿੰਨੋਂ ਜੀਅ ਸਹਿਜ ਹੋ ਗਏ ਸਨ। ਉਸੇ ਵੇਲੇ ਹਰਜੀਤ ਦੇ ਦਾਦੇ ਅਜੀਤ ਸਿੰਘ ਦੀ ਆਵਾਜ਼ ਆਈ, ‘‘ਪੁੱਤ ਇੰਦਰ, ਆ ਗਏ ਤੁਸੀਂ! ਚੜ੍ਹਾ ਆਏ ਮੇਰੇ ਪੋਤੇ ਨੂੰ ਜਹਾਜ਼!’’ ਬਾਪੂ ਜੀ ਦੀ ਆਵਾਜ਼ ਸੁਣ ਕੇ ਦੋਵੇਂ ਜੀਅ ਉਨ੍ਹਾਂ ਦੇ ਕਮਰੇ ਵਿੱਚ ਚਲੇ ਗਏ। ਦੋਵਾਂ ਨੇ ਬਾਪੂ ਅਤੇ ਬੇਬੇ ਜੀ ਦੇ ਪੈਰੀਂ ਹੱਥ ਲਾਏ। ਦੋਵਾਂ ਤੋਂ ਆਸ਼ੀਰਵਾਦ ਲੈ ਕੇ ਉਹ ਉਨ੍ਹਾਂ ਕੋਲ ਹੀ ਬੈਠ ਗਏ। ਪੁੱਤ ਨੇ ਸਹਿਜ ਹੁੰਦਿਆਂ ਆਖਿਆ, ‘‘ਹਾਂ ਬਾਪੂ ਜੀ, ਚੜ੍ਹਾ ਆਏ ਆਂ ਥੋਡੇ ਲਾਡਲੇ ਪੋਤੇ ਨੂੰ ਜਹਾਜ਼। ਬਾਪੂ ਜੀ, ਤੁਸੀਂ ਮਨ ਹੌਲਾ ਨਾ ਕਰੋ। ਹੁਣ ਤਾਂ ਸਾਰੇ ਮੁੰਡੇ ਕੁੜੀਆਂ ਆਪਣਾ ਚੋਗ਼ਾ ਚੁਗਣ ਵਿਦੇਸ਼ੀ ਧਰਤੀ ਉੱਤੇ ਹੀ ਜਾਂਦੇ ਨੇ। ਜਦੋਂ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਚੰਗੀ ਯੋਜਨਾਬੰਦੀ ਹੀ ਨਹੀਂ ਕੀਤੀ ਤਾਂ ਉਹ ਵਿਦੇਸ਼ੀਂ ਨਾ ਜਾਣ ਤਾਂ ਹੋਰ ਕੀ ਕਰਨ?’’ ਪੁੱਤ ਦੀਆਂ ਗੱਲਾਂ ਸੁਣ ਕੇ ਬਾਪੂ ਬੇਬੇ ਚੁੱਪ ਕਰ ਗਏ। ਇੰਨੇ ਨੂੰ ਹੁਸਨਪ੍ਰੀਤ ਸਾਰਿਆਂ ਲਈ ਚਾਹ ਬਣਾ ਕੇ ਲੈ ਆਈ ਸੀ। ਚਾਹ ਪੀਂਦਿਆਂ ਸਾਰੇ ਛੋਟੀਆਂ-ਛੋਟੀਆਂ ਗੱਲਾਂ ਕਰ ਕੇ ਇੱਕ ਦੂਜੇ ਦੇ ਉਦਾਸ ਦਿਲ ਨੂੰ ਧਰਵਾਸ ਦੇ ਰਹੇ ਸਨ।
ਐਤਵਾਰ ਦਾ ਦਿਨ ਸੀ। ਨਵੰਬਰ ਮਹੀਨੇ ਦੀ ਇੱਕ ਤਰੀਕ ਸੀ। ਵਿਹੜੇ ਵਿੱਚ ਖੜ੍ਹੇ ਅਸ਼ੋਕਾ ਟ੍ਰੀ ਕੋਲੋਂ ਲੰਘਦਿਆਂ ਇੰਦਰਬੀਰ ਨੂੰ ਛੋਟੇ ਬੋਟਾਂ ਦੀ ਚੀਂ ਚੀਂ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਝੁਕ ਕੇ ਗਹੁ ਨਾਲ ਵੇਖਿਆ। ਬੁਲਬੁਲ ਆਪਣੇ ਆਲ੍ਹਣੇ ਵਿੱਚ ਛੋਟੇ-ਛੋਟੇ ਦੋ ਬੋਟਾਂ ਨੂੰ ਚੋਗਾ ਦੇ ਰਹੀ ਸੀ। ਘਰ ਦਾ ਖੁੱਲ੍ਹਾ ਬੂਹਾ ਛੱਡ ਕੇ ਉਹ ਅੰਦਰ ਮੁੜ ਆਇਆ ਸੀ। ਪਤਨੀ ਨੇ ਉਸ ਨੂੰ ਮੁੜ ਅੰਦਰ ਆਇਆ ਵੇਖ ਕੇ ਪੁੱਛਿਆ, ‘‘ਕੀ ਗੱਲ, ਖੇਤ ਨੀਂ ਗਏ?’’
‘‘ਖੇਤ ਤਾਂ ਜਾ ਰਿਹਾ ਸੀ। ਆਪਣੇ ਅਸ਼ੋਕਾ ਟ੍ਰੀ ’ਤੇ ਬੁਲਬੁਲ ਨੇ ਦੋ ਬੋਟ ਕੱਢੇ ਨੇ। ਉਨ੍ਹਾਂ ਦੀ ਆਵਾਜ਼ ਸੁਣ ਕੇ ਮੁੜ ਆਇਆ ਮੈਂ ਤਾਂ।’’ ਉਹ ਬੋਲਿਆ।
‘‘ਹਾਂ, ਹਰੀ ਦੇ ਬਾਪੂ। ਮੈਂ ਹਰ ਸਾਲ ਵੇਖਦੀ ਆਂ। ਅੱਠਵੇਂ, ਨੌਵੇਂ ਮਹੀਨੇ ਗੁਲ ਤੇ ਬੁਲਬੁਲ ਦਾ ਜੋੜਾ ਆਪਣੇ ਅਸ਼ੋਕਾ ਟ੍ਰੀ ’ਤੇ ਆਪਣਾ ਆਲ੍ਹਣਾ ਪਾਉਂਦਾ ਹੈ। ਆਏ ਸਾਲ ਬੁਲਬੁਲ ਦੋ ਆਂਡੇ ਦਿੰਦੀ ਐ। ਕੁਝ ਦਿਨਾਂ ਪਿੱਛੋਂ ਉਨ੍ਹਾਂ ਵਿੱਚੋਂ ਬੋਟ ਕੱਢ ਲੈਂਦੀ ਐ। ਪੰਜ ਸੱਤ ਦਿਨਾਂ ਵਿੱਚ ਬੋਟ ਉਡਾਰ ਹੋ ਜਾਂਦੇ ਐ। ਜਦੋਂ ਛੋਟੇ ਬੋਟ ਆਲ੍ਹਣੇ ’ਚੋਂ ਉਡਾਰੀ ਭਰਨ ਜੋਗੇ ਹੋ ਜਾਂਦੇ ਐ, ਉਹ ਤਾਂ ਫੁਰਰ ਕਰ ਕੇ ਉੱਡ ਜਾਂਦੇ ਐ। ਪਿੱਛੋਂ ਮੈਂ ਉਦਾਸ ਅਤੇ ਖ਼ਾਲੀ ਨਜ਼ਰਾਂ ਨਾਲ ਗੁਲ ਅਤੇ ਬੁਲਬੁਲ ਨੂੰ ਏਥੇ ਅਸ਼ੋਕਾ ਟ੍ਰੀ ’ਤੇ ਈ ਬੈਠੇ ਦੇਖਦੀ ਆਂ।’’ ਪਤਨੀ ਬੋਲੀ।
ਉਸ ਨੂੰ ਲੱਗਿਆ ਜਿਵੇਂ ਪਤਨੀ ਦੀਆਂ ਗੱਲਾਂ ਸੁਣ ਕੇ ਆਪਣੇ ਪੁੱਤ ਨੂੰ ਪਰਦੇਸ ਤੋਰਨ ਕਾਰਨ ਉਸ ਦੇ ਮਨ ਉੱਤੇ ਪਿਆ ਸਾਰਾ ਬੋਝ ਉਤਰ ਗਿਆ ਹੋਵੇ। ਉਹ ਪੂਰੇ ਰੌਂਅ ਨਾਲ ਚੱਕਵੇਂ ਪੈਰੀਂ ਖੇਤ ਨੂੰ ਤੁਰ ਪਿਆ।
ਸੰਪਰਕ: 84276-85020