ਕਿਸੇ ਨੇ ਜੰਗਾਂ ਲੜ ਚੁੱਕੇ ਫ਼ੌਜੀ ਨੂੰ ਪੁੱਛਿਆ, ‘‘ਤੁਸੀਂ ਯੁੱਧਾਂ ਦੇ ਸਾਥੀ ਅਕਸਰ ਮੁੜ ਇਕੱਠੇ ਹੋਣਾ ਕਿਉਂ ਲੋਚਦੇ ਹੋ?’’ ਉੱਤਰ ਸੀ, “ਹਾਂ, ਮੈਂ ਜਾਣਦਾ ਹਾਂ ਕਿ ਅਸੀਂ, ਯੁੱਧਾਂ ਵਿੱਚ ਰਹੇ ਸਾਥੀ, ਮੁੜ ਇਕੱਠੇ ਹੋਣ ਲਈ ਕਿਉਂ ਤਾਂਘਦੇ ਹਾਂ। ਅਸੀਂ ਕਹਾਣੀਆਂ ਸੁਣਾਉਣ, ਪੁਰਾਣੀਆਂ ਫੋਟੋਆਂ ਵੇਖਣ, ਹੱਸਣ ਜਾਂ ਰੋਣ ਲਈ ਇਕੱਠੇ ਨਹੀਂ ਹੁੰਦੇ। ਅਸੀਂ ਉਨ੍ਹਾਂ ਸਾਥੀਆਂ ਨੂੰ ਮਿਲਣਾ ਚਾਹੁੰਦੇ ਹਾਂ ਜਿਨ੍ਹਾਂ ਸਭ ਤੋਂ ਵੱਧ ਤਾਣ ਲਾਇਆ, ਦੁਸ਼ਵਾਰੀਆਂ ਝੱਲੀਆਂ, ਕੁਰਬਾਨੀਆਂ ਦਿੱਤੀਆਂ ਅਤੇ ਜਿਨ੍ਹਾਂ ਤੋਂ ਮਨੁੱਖਤਾ ਖੋਹ ਲਈ ਗਈ।
ਮੈਂ ਇਹ ਸਾਥੀ ਆਪ ਨਹੀਂ ਸਨ ਚੁਣੇ। ਇਹ ਮੈਨੂੰ ਫ਼ੌਜ ਅਤੇ ਕਿਸਮਤ ਨੇ ਦਿੱਤੇ ਸਨ। ਹੁਣ ਮੈਂ ਇਨ੍ਹਾਂ ਨੂੰ ਹੋਰ ਕਿਸੇ ਵੀ ਮਨੁੱਖ ਨਾਲੋਂ ਜ਼ਿਆਦਾ ਜਾਣਦਾ ਹਾਂ। ਐਨਾ ਭਰੋਸਾ ਮੈਂ ਕਿਸੇ ਹੋਰ ’ਤੇ ਨਹੀਂ ਕੀਤਾ।
ਇਹ ਸਾਰੇ ਮੇਰੀ ਜ਼ਿੰਦਗੀ ਨਾਲੋਂ ਕਿਤੇ ਕੀਮਤੀ ਚੀਜ਼ ਦੀ ਰਾਖੀ ਲਈ ਤਿਆਰ ਸਨ। ਇਨ੍ਹਾਂ ਨੇ ਮੇਰੀ ਨੇਕ ਨਾਮੀ ਅਤੇ ਯਾਦ ਨੂੰ ਨਾਲ ਲੈ ਕੇ ਅੱਗੇ ਤੁਰਨਾ ਸੀ।
ਇਹ ਸਾਰੇ ਸਾਥੀ ਵੱਡੇ ਸੌਦੇ ਦੇ ਭਾਈਵਾਲ ਸਨ ਜੋ ਅਸੀਂ ਸਾਰਿਆਂ ਕੀਤਾ ਸੀ ਕਿ ਅਸੀਂ ਇੱਕ ਦੂਜੇ ਲਈ ਮਰ ਮਿਟਣ ਲਈ ਤਿਆਰ ਸਾਂ। ਜਦੋਂ ਤੱਕ ਮੇਰੀ ਯਾਦਦਾਸ਼ਤ (ਹੋਸ਼ੋ-ਹਵਾਸ) ਕਾਇਮ ਰਹੇਗੀ, ਮੈਂ ਇਨ੍ਹਾਂ ਨੂੰ ਹਰ ਰੋਜ਼ ਯਾਦ ਕਰਾਂਗਾ। ਮੈਨੂੰ ਯਕੀਨ ਹੈ ਕਿ ਇਸ ਦੁਨੀਆਂ ਤੋਂ ਵਿਦਾ ਹੋਣ ਲੱਗਿਆਂ ਮੇਰੇ ਆਖ਼ਰੀ ਵੇਲੇ ਦੇ ਖ਼ਿਆਲਾਂ ਵਿੱਚ ਮੇਰਾ ਪਰਿਵਾਰ ਤੇ ਮੇਰੇ ਯੁੱਧ ’ਚ ਰਹੇ ਸੰਗੀ ਸਾਥੀ ਹੋਣਗੇ ਕਿਉਂਕਿ ਇਹ ਸਾਰੇ ਬਹੁਤ ਹੀ ਵਧੀਆ ਇਨਸਾਨ ਨੇ।’’
ਚਾਰ ਅਕਤੂਬਰ 2015 ਨੂੰ ਕਾਨਪੁਰ ਛਾਉਣੀ ਵਿਖੇ ਤਾਇਨਾਤ ਮੇਰੀ ਪਲਟਣ 6 ਸਿੱਖ ਲਾਈਟ ਇਨਫੈਂਟਰੀ ‘ਕਾਲੀਧਾਰ’ ਦਾ ਜੰਗੀ ਸਨਮਾਨ ਦਿਵਸ ਮਨਾ ਰਹੀ ਸੀ ਜੋ ਇਸ ਨੂੰ ਰਾਸ਼ਟਰਪਤੀ ਵੱਲੋਂ 1965 ਦੀ ਜੰਗ ਵਿੱਚ ਪਾਏ ਤਕੜੇ ਯੋਗਦਾਨ ਲਈ ਐਲਾਨਿਆ ਗਿਆ ਸੀ- ਬੈਟਲ ਆਨਰ। ਜੰਗ ਬਾਰੇ ਗੱਲ ਕਰਦੇ ਚਲੀਏ। ਪੂਰਬੀ ਕਾਲੀਧਾਰ ਦਾ ਪਹਾੜੀ ਸਿਲਸਿਲਾ, ਜੰਮੂ ਕਸ਼ਮੀਰ ਵਿੱਚ ਜੰਮੂ ਤੋਂ ਅਖਨੂਰ, ਚੌਕੀ ਚੌਰਾ-ਸੁੰਦਰਬਨੀ-ਨੌਸ਼ਹਿਰਾ-ਰਾਜੌਰੀ ਮਾਰਗ ’ਤੇ ਸੁੰਦਰਬਨੀ ਕਸਬੇ ਦੇ ਦੱਖਣ-ਪੱਛਮ ਵਿੱਚ ਹੈ। ਇਸ ਦਾ ਸਭ ਤੋਂ ਉੱਚਾ ਪੁਆਇੰਟ 3776 ਹੈ। ਰਾਜੌਰੀ ਸਾਈਡ ਤੋਂ ਹੇਠਾਂ ਵੱਲ ਵਗਦੀ ਨਦੀ ਮੁਨੱਵਰ ਤਵੀ, ਕਾਲੀਧਾਰ ਰੇਂਜ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੋਈ ਕੌਮਾਂਤਰੀ ਸਰਹੱਦ ਕੋਲ ਚਨਾਬ (ਝਨਾਂ) ਦਰਿਆ ’ਚ ਸਮੋ ਜਾਂਦੀ ਹੈ। ਪੱਛਮੀ ਪਾਸਾ ਪਾਕਿਸਤਾਨ ਵੱਲ ਵੇਖਦਾ ਹੈ।
ਉਨ੍ਹਾਂ ਵੇਲਿਆਂ ਵਿੱਚ ਜੰਮੂ ਤੋਂ ਰਾਜੌਰੀ ਵੱਲ ਪਾਰ ਜਾਣ ਲਈ ਝਨਾਂ ’ਤੇ ਇੱਕੋ ਇੱਕ ਪੁਲ ਸੀ ਅਖਨੂਰ ਕਸਬੇ ਵਿੱਚ। 1965 ਵੇਲੇ 1949 ਦਾ ਭਾਰਤ-ਪਾਕਿਸਤਾਨ ਕਰਾਚੀ ਸਮਝੌਤਾ ਲਾਗੂ ਸੀ। 1949 ਦੀ ਨਿਰਧਾਰਤ ਜੰਗਬੰਦੀ ਰੇਖਾ ਮੁਨੱਵਰ ਤਵੀ ਦੇ ਪਾਰ ਛੰਬ ਪਿੰਡ ਟੱਪ ਕੇ ਪੱਛਮ ਵੱਲ ਸੀ।
ਤਵੀ ਪਾਰ ਦੁਸ਼ਮਣ ਦੀ ਕਿਸੇ ਹਰਕਤ ਜਾਂ ਹਮਲੇ ਨੂੰ ਰੋਕਣ ਲਈ ਛੇ ਸਿੱਖ ਐਲ ਆਈ ਹੀ ਸੀ। ਉੱਤਰ ਵੱਲ ਕੁਝ ਵਿੱਥ ’ਤੇ ਮਹਾਰ ਬਟਾਲੀਅਨ ਨੀਮ ਪਹਾੜੀ ਇਲਾਕੇ ਵਿੱਚ ਤਾਇਨਾਤ ਸੀ ਤੇ ਅੱਗੇ ਪੱਛਮੀ ਕਾਲੀਧਾਰ ’ਤੇ ਤਾਇਨਾਤ 9 ਪੰਜਾਬ ਬਟਾਲੀਅਨ ਨਾਲ ਸੰਪਰਕ ਵਿੱਚ ਸੀ। ਪਿੱਛੇ 15 ਕਿਲੋਮੀਟਰ ਦੀ ਦੂਰੀ ’ਤੇ ਪੂਰੇ ਇਲਾਕੇ ਲਈ ਕੁੱਲ ਦੋ ਹੋਰ ਪਲਟਨਾਂ ਸਨ ਤੇ ਮਾੜਾ ਮੋਟਾ ਅਸਲਾ। ਤਵੀ ਪਾਰ ਸਾਡੇ 14 ਟੈਂਕ ਸਨ, ਪਰ ਕੰਮ ਦੇ ਸਿਰਫ਼ ਗਿਆਰਾਂ।
1965 ਵਿੱਚ ਪਾਕਿਸਤਾਨ ਦਾ ਹਮਲਾ ਇੱਥੋਂ ਹੀ ਸ਼ੁਰੂ ਹੋਇਆ ਸੀ। 1947 ਵਿੱਚ ਪਾਕਿਸਤਾਨ ਨੇ ਛੰਬ ਲੈ ਲਿਆ ਸੀ ਅਤੇ 10 ਦਸੰਬਰ 1947 ਨੂੰ ਸਾਡੀ ਰਾਜਿੰਦਰਾ ਸਿੱਖ, ਜਿਸ ਨੂੰ ਫਸਟ ਪਟਿਆਲਾ ਵੀ ਕਹਿੰਦੇ ਸਨ (ਅੱਜ ਦੀ 15 ਪੰਜਾਬ) ਨੇ ਲੱਕ ਲੱਕ ਬਰਫ਼ੀਲੇ ਪਾਣੀ ਵਿੱਚ ਤਵੀ ਪਾਰ ਕਰ ਕੇ ਛੰਬ ਵਾਪਸ ਲਿਆ ਸੀ। ਦੋਵੇਂ ਵਾਰੀ ਪਾਕਿਸਤਾਨ ਦੀ ਮਨਸ਼ਾ ਅਖਨੂਰ ਪੁਲ ਸਹੀ ਸਲਾਮਤ ਫੜਨ ਦੀ ਸੀ ਜੋ ਪੂਰੀ ਨਹੀਂ ਹੋਈ। ਇਹੀ ਗੱਲ ਅੱਗੇ ਚੱਲ ਕੇ 1971 ’ਚ ਹੋਈ, ਪਾਕਿਸਤਾਨ ਅਖਨੂਰ ਪੁਲ ਨਾ ਲੈ ਸਕਿਆ।
ਤੁਸੀਂ ਪੁੱਛੋਗੇ, ਪਾਕਿਸਤਾਨ ਨੂੰ ਇਸ ਪੁਲ ਨਾਲ ਐਨਾ ਪਿਆਰ ਕਿਉਂ? ਉਨ੍ਹਾਂ ਸਮਿਆਂ ਵਿੱਚ ਦਰਿਆ ਚਨਾਬ ਤੇ ਰਾਜੌਰੀ ਵੱਲ ਜਾਣ ਲਈ ਇਹ ਇੱਕੋ ਇੱਕ ਪੁਲ ਸੀ ਅਤੇ ਪਾਰ ਲੱਗੀ ਸਾਡੀ ਫ਼ੌਜ ਇਸੇ ਰਸਤੇ ’ਤੇ ਨਿਰਭਰ ਸੀ ਅਤੇ ਗੁਆਂਢੀ ਮੁਲਕ ਇਸ ਸੰਪਰਕ ਨੂੰ ਤੋੜਨਾ ਚਾਹੁੰਦਾ ਸੀ।
1965 ਵਿੱਚ ਅਸੀਂ ਮਾੜੇ ਮੋਟੇ ਹਥਿਆਰਾਂ ਨਾਲ ਲੈਸ ਸਾਂ। ਬਾਰੂਦੀ ਸੁਰੰਗਾਂ ਨਹੀਂ ਵਿਛੀਆਂ ਸਨ ਅਤੇ ਉਸ ਵਕਤ ਦੀ ਪੰਜਾਬ ਆਰਮਡ ਪੁਲੀਸ ਤੋਂ ਪੋਸਟਾਂ ਲਈਆਂ ਸਨ। ਅਸੀਂ ਕਵਰਿੰਗ ਰੋਲ ਵਿੱਚ ਸਾਂ, ਭਾਵ ਤਵੀ ਪਾਰ ਪਾਕਿਸਤਾਨੀ ਫ਼ੌਜ ਨੂੰ ਲੇਟ ਕਰਨਾ ਸੀ ਅਤੇ ਮੁੜ ਪਿੱਛੇ ਹਟ ਕੇ ਮੇਨ ਪੁਜ਼ੀਸ਼ਨ ’ਤੇ ਆਖ਼ਰੀ ਲੜਾਈ ਲੜਨੀ ਸੀ। ਪਹਿਲੀ ਸਤੰਬਰ 1965 ਨੂੰ ਧੂੰਆਂਧਾਰ ਗੋਲਾਬਾਰੀ ਅਤੇ ਟੈਂਕਾਂ ਨਾਲ ਪਾਕਿਸਤਾਨ ਦੇ ਡਿਵੀਜ਼ਨ ਦਾ ਹਮਲਾ ਹੋਇਆ। ਉਹ ਸਾਡੇ ਨਾਲ ਹੀ ਉਲਝ ਗਏ। ਅਸੀਂ ਇੱਕ ਦੋ ਦੀ ਰਾਤ ਦੇ 11.30 ਵਜੇ ਹੁਕਮ ਮਿਲਣ ਤੱਕ ਡਟੇ ਰਹੇ। ਫਿਰ ਪਿੱਛੇ ਹਟੇ। ਸਾਡੀ ਪੀਰ ਜਮਾਲ ਵਾਲੀ ਪੋਸਟ ਗੁਆਂਢੀ ਮੁਲਕ ਦੀ ਫ਼ੌਜ ਲੰਘ ਆਈ ਸੀ। ਘਾਤ ਆਉਣ ’ਤੇ ਸਵੇਰੇ ਦੋ ਨੂੰ ਹਿੱਲੀ ਤੇ ਕੈਦੀ ਹੋ ਗਈ। ਜੰਗ ਜਾਰੀ ਰਹੀ। ਮੇਰੀ ਪਲਟਨ ਦਾ ਬਹੁਤ ਨੁਕਸਾਨ ਹੋਇਆ। ਪਿੱਛੇ ਹਟ ਕੇ ਦੁਬਾਰਾ ਲਾਮਬੰਦ ਹੋਏ। ਅਖਨੂਰ ਦੀ ਰੱਖਿਆ ਦੀ ਜ਼ਿੰਮੇਵਾਰੀ ਛੇ ਸਿੱਖ ਐਲਆਈ ਦੀ ਅਤੇ ਮੈਂ ਆਪਣੀ ਟੋਲੀ ਨਾਲ ਪੁਲ ’ਤੇ।
21 ਤਰੀਕ ਨੂੰ ਜੰਗਬੰਦੀ ਐਲਾਨੀ ਗਈ। ਸਾਨੂੰ ਹੁਕਮ ਸੀ, ਜਿੱਥੇ ਹੋ ਉੱਥੇ ਰਹੋ। ਪਰ ਪਾਕਿਸਤਾਨ ਲਾਹਾ ਲੈ ਕੇ ਖਾਲੀ ਜਗ੍ਹਾਵਾਂ ’ਤੇ ਆ ਬੈਠਾ। ਸੁੰਦਰਬਨੀ ਕੋਲ ਪੂਰਬੀ ਕਾਲੀਧਾਰ ਅਤੇ ਪਿੰਡ ਮੱਲ੍ਹਾ ਲਾਗੇ ਉੱਚੀਆਂ ਚੋਟੀਆਂ ’ਤੇ। ਹੁਣ ਉਹ ਸੁੰਦਰਬਨੀ ਮੇਨ ਰੋਡ ’ਤੇ ਆਰਟੀ ਫਾਇਰ ਨਾਲ ਅੜਿੱਕਾ ਬਣ ਗਿਆ। ਅਖਨੂਰ ਪੁਲ ਵਾਲੀ ਕਸਰ ਇੱਥੇ ਕੱਢ ਲਈ। ਇਹ ਕੰਡਾ ਤਾਂ ਕੱਢਣਾ ਹੀ ਪੈਣਾ ਸੀ। ਸੋ ਅਸੀਂ 4 ਅਕਤੂਬਰ 1965 ਨੂੰ ਜੰਗਬੰਦੀ ਦੀ ਪਰਵਾਹ ਕੀਤੇ ਬਗੈਰ ਹਮਲਾ ਕਰ ਕੇ ਪੁਆਇੰਟ 3776 ਅਤੇ ਪੂਰੀ ਕਾਲੀਧਾਰ ਰੇਂਜ ਵਾਪਸ ਖੋਹ ਲਈ। ਟਾਸਕ ਤਾਂ ਬ੍ਰਿਗੇਡ ਦਾ ਸੀ, ਪਰ ਦੂਸਰੀ ਪਲਟਨ ਕਿਸੇ ਗੱਲੋਂ ਪਹੁੰਚ ਨਾ ਸਕੀ ਅਤੇ ਉਸ ਦੇ ਟਾਰਗੇਟ ਨੂੰ ਵੀ ਅਸੀਂ ਪੰਜ ਅਕਤੂਬਰ ਨੂੰ ਕਬਜ਼ੇ ਹੇਠ ਕੀਤਾ। ਸਾਡਾ ਬਹੁਤ ਨੁਕਸਾਨ ਹੋਇਆ। ਦੋ ਅਫ਼ਸਰ ਸ਼ਹੀਦ ਹੋ ਗਏ, ਛੇ ਜ਼ਖ਼ਮੀ ਹੋਏ ਜਿਨ੍ਹਾਂ ’ਚ ਮੈਂ ਵੀ ਸਾਂ ਤੇ ਕਈ ਮਹੀਨੇ ਹਸਪਤਾਲਾਂ ’ਚ ਰਹੇ, ਜੇ.ਸੀ.ਓ. ਅਤੇ ਜਵਾਨਾਂ ਦਾ ਬਹੁਤ ਨੁਕਸਾਨ ਹੋਇਆ। ਹਮਲਾ ਪਹਾੜੀ ਦੇ ਥੱਲੇ ਤੋਂ ਉਪਰ ਵੱਲ ਸੀ।
ਪਲਟਨ ਦੀ ਬਹਾਦਰੀ ਲਈ ਇੱਕ ਮਹਾਂਵੀਰ ਚੱਕਰ, ਦੋ ਵੀਰ ਚੱਕਰ, 4 ਸੈਨਾ ਮੈਡਲ, 7 ਮੈਨਸੰਡਇਨ ਡਿਸਪੈਚਜ਼ ਅਤੇ ਪਲਟਨ ਨੂੰ ਬੈਟਲ ਆਨਰ ‘ਕਾਲੀਧਾਰ’ ਅਤੇ ਥੀਏਟਰ ਆਨਰ ‘ਜੰਮੂ-ਕਸ਼ਮੀਰ’ ਐਲਾਨਿਆ ਗਿਆ।
ਇਸ ਫ਼ਤਹਿ ਦੇ ਜਸ਼ਨਾਂ ਲਈ ਹੀ ਅਸੀਂ ਇਕੱਠੇ ਹੋਏ ਸਾਂ। ਜਿਉਂਦੇ ਨੌਂ ਅਫ਼ਸਰਾਂ ਵਿੱਚੋਂ ਸੱਤ ਹਾਜ਼ਰ ਸਾਂ। ਸਾਡਾ 1965 ਵਾਲਾ ਸੀ.ਓ. ਬ੍ਰਿਗੇਡੀਅਰ (ਉਸ ਵਕਤ ਲੈਫਟੀਨੈਂਟ ਕਰਨਲ) ਪੀ.ਕੇ. ਨੰਦਗੋਪਾਲ ਮਹਾਂਵੀਰ ਚੱਕਰ ਅਤੇ ਲੈਫਟੀਨੈਂਟ ਕਰਨਲ (ਲੜਾਈ ਵੇਲੇ ਮੇਜਰ) ਏ.ਟੀ. ਗੰਨਾਪਥੀ ਵੀਰ ਚੱਕਰ, ਇਸ ਦੁਨੀਆਂ ਤੋਂ ਜਾ ਚੁੱਕੇ ਸਨ।
ਗੱਲਾਂਬਾਤਾਂ ਚਲਦੀਆਂ ਰਹੀਆਂ। ਜੋ ਨਾਲ ਤੁਰੇ ਪਰ ਮੁੜ ਕੇ ਨਹੀਂ ਆਏ, ਉਨ੍ਹਾਂ ਨੂੰ ਯਾਦ ਕਰਕੇ ਅੱਖਾਂ ਨਮ ਸਨ। ਉਨ੍ਹਾਂ ਦੇ ਕਾਰਨਾਮੇ, ਗੱਲਾਂ ਹੋਰ ਵੀ ਭਾਵੁਕ ਕਰ ਰਹੀਆਂ ਸਨ। ਇੱਥੇ ਹੀ ਗੱਲ ਚੱਲੀ ਕੈਪਟਨ ਬੀ.ਬੀ. ਕੁਲਕਰਨੀ (ਬਲਵੰਤ ਰਾਉ ਬਾਪੂ ਰਾਉ ਕੁਲਕਰਨੀ) ਦੀ ਜੋ 2 ਸਤੰਬਰ 1965 ਨੂੰ ਜੰਗੀ ਕੈਦੀ ਹੋ ਗਿਆ ਸੀ ਅਤੇ ਛੇ ਮਹੀਨੇ ਗੁਆਂਢੀ ਮੁਲਕ ਦੀ ਜੇਲ੍ਹ ਦੀਆਂ ਸੁੱਕੀਆਂ ਰੋਟੀਆਂ ਖਾ ਕੇ ਤਾਸ਼ਕੰਦ ਸਮਝੌਤੇ ਮਗਰੋਂ ਕੈਦੀਆਂ ਦੀ ਅਦਲਾ-ਬਦਲੀ ਵੇਲੇ ਵਤਨ ਮੁੜਿਆ ਸੀ। ਉਹ ਕਹਿੰਦਾ, ‘‘ਚਲੋ ਸਰ ਕਭੀ ਉਸ ਇਲਾਕੇ ਮੇਂ ਚੱਕਰ ਲਗਾ ਕਰ ਆਤੇ ਹੈਂ’’- ਸਾਰੇ ਇਕੋ ਸਾਹ ਕਹਿੰਦੇ, ‘‘ਚਲੋ ਚਲਦੇ ਆਂ, ਬਣਾਉ ਪ੍ਰੋਗਰਾਮ’’ ਤੇ ਮੇਲਾ ਵਿੱਝੜ ਗਿਆ। ਰਾਤ ਗਈ ਬਾਤ ਗਈ।
ਸਮੇਂ ਸਮੇਂ ਟੈਲੀਫੋਨ ’ਤੇ ਜੰਗ ਦੇ ਸਾਥੀਆਂ ਦਾ ਰਾਬਤਾ ਕਾਇਮ ਰਿਹਾ। ਤਿਆਰ ਸਾਰੇ ਸਨ, ਪਰ ਹਿੰਮਤ ਕੌਣ ਕਰੇ।
ਕੁਲਕਰਨੀ ਜ਼ਿਆਦਾ ਹੀ ਕਾਹਲਾ ਸੀ। ਉਹ ਫ਼ੌਜ ਛੱਡ ਗਿਆ ਸੀ, ਮਗਰੋਂ ਮਹਾਰਾਸ਼ਟਰ ਵਿੱਚ ਜੰਗਲਾਤ ਮਹਿਕਮੇ ਦਾ ਵੱਡਾ ਅਫ਼ਸਰ ਰਿਟਾਇਰ ਹੋਇਆ। ਉਹ ਆਪਣੇ ਪੋਤੇ ਪੋਤੀਆਂ ਨੂੰ ਜੰਗ ਵਾਲਾ ਇਲਾਕਾ ਵਿਖਾਉਣਾ ਅਤੇ ਹੰਢਾਏ ਪਲਾਂ ਬਾਰੇ ਦੱਸਣਾ ਚਾਹੁੰਦਾ ਸੀ। ਇੱਕ ਵਾਰੀ ਰਾਤ ਨੂੰ ਫ਼ੋਨ ਆਇਆ। ਦੁਆ ਸਲਾਮ ਮਗਰੋਂ ਕਹਿੰਦਾ, “ਕੁਛ ਕਰੋ ਸਰ- ਮੈਨੇ ਛੰਬ ਔਰ ਪੀਰ ਜਮਾਲ ਦਿਖਾਨੇ ਹੈਂ ਬੱਚੋਂ ਕੋ।’’ ਮੇਰਾ ਹਾਸਾ ਨਿਕਲ ਗਿਆ। ਮੈਂ ਕਿਹਾ, ‘‘ਬਲਵੰਤ, ਪਾਕਿਸਤਾਨ ਕਾ ਵੀਜ਼ਾ ਅਪਲਾਈ ਕਰ। ਯੇ ਕਹਿ ਕੇ ਮੈਂ ਛੰਬ/ਪੀਰ ਜਮਾਲ ਦੇਖਨਾ ਹੈ। ਫਿਰ ਦੇਖ ਰੰਗ। ਯਾਰ, ਉਹ ਤਾਂ ਹੁਣ ਪਾਕਿਸਤਾਨ ਦੇ ਕੋਲ ਨੇ।”
ਮੈਂ ਵੀ ਘੇਸਲ ਜਿਹੀ ਵੱਟੀ ਰੱਖੀ। ਅੱਜ ਕਰਦਾ, ਕੱਲ੍ਹ ਕਰਦਾ ਹਾਂ। ਇੱਕ ਦਿਨ ਲੇਟਿਆ ਹੋਇਆ ਸਾਂ। ਜੰਗੀ ਸਾਥੀਆਂ ਦਾ ਖ਼ਿਆਲ ਆਇਆ। ਮਨ ਨੇ ਕਿਹਾ, ‘ਉੱਠ ਬਲਬੀਰ ਸਿਆਂ, ਇਉਂ ਨਹੀਂ ਸਰਨਾ। ਮਾਰ ਹੰਭਲਾ, ਬਣ ਜਾਂ ਆਪਣੇ ਆਪ, ਸਵੈ-ਘੋਸ਼ਤ ਕੋਆਰਡੀਨੇਟਰ।’ ਕਲਮ ਦਵਾਤ ਚੁੱਕੀ, ਪੈਡ ਕੱਢਿਆ- ਵੇਖਣ ਚਾਹ ਰਹੇ ਇਲਾਕੇ ਦੇ ਕੋਰ ਕਮਾਂਡਰ (ਲੈਫਟੀਨੈਂਟ ਜਨਰਲ) ਨੂੰ ਚਿੱਠੀ ਲਿਖ ਦਿੱਤੀ ਕਿ ਅਸੀਂ ਛੇ ਸਿੱਖ ਐਲ ਆਈ ਦੇ 1965 ਦੀ ਜੰਗ ਲੜ ਚੁੱਕੇ ਜਿਉਂਦੇ ਫ਼ੌਜੀ, ਪਰਿਵਾਰਾਂ ਸਮੇਤ 15-19 ਅਪਰੈਲ 2023 ਨੂੰ ਰਣ ਖੇਤਰ ਵੇਖਣਾ ਚਾਹੁੰਦੇ ਹਾਂ ਜਿਸ ਵਿੱਚ ਅਸੀਂ ਲੜੇ ਸਾਂ। ਅਗਾਊਂ ਕਾਪੀ ਤੁਅੱਲਕ ਰੱਖਦੇ ਡਿਵੀਜ਼ਨ ਦੇ ਜੀਓਸੀ (GOC) ਮੇਜਰ ਜਨਰਲ ਨੂੰ ਪੋਸਟ ਕਰ ਦਿੱਤੀ। ਗੱਲ ਜਨਵਰੀ ਦੇ ਅਖੀਰ ਦੀ ਹੈ।
ਮਹੀਨਾ ਕੁ ਲੰਘ ਗਿਆ। ਕੋਈ ਜੁਆਬ ਨਾ ਆਇਆ। ਸੋਚਿਆ ਕੌਣ ਪੁੱਛਦਾ ਹੈ। ਸਰਹੱਦ ’ਤੇ ਰੋਜ਼ ਕੁਝ ਨਾ ਕੁਝ ਚਲਦਾ ਰਹਿੰਦਾ ਹੈ। ਸਾਡੇ ਵਰਗੇ ਵਿਹਲੜਾਂ ਲਈ ਕਿੱਥੇ ਵਕਤ ਹੈ। ਪਰ ਹੋਇਆ ਉਲਟ। ਟੈਲੀਫੋਨ ਆਇਆ। ਦੂਜੇ ਪਾਸੇ ਡਿਵੀਜ਼ਨ ਹੈੱਡਕੁਆਰਟਰ ਤੋਂ ਕਰਨਲ ਜੀ.ਐੱਸ. ਬੋਲ ਰਿਹਾ ਸੀ: “ਸਰ ਗੁਡ ਮੌਰਨਿੰਗ। ਜੈ ਹਿੰਦ। ਮੈਂ ਕਰਨਲ ਜੀ.ਐੱਸ…। ਤੁਸੀਂ ਸਾਡੇ ਸਤਿਕਾਰਤ ਵਾਰ ਵੈਟਰਨਜ਼ ਹੋ। ਯੂ ਆਰ ਵੈਲਕਮ। ਡੀਟੇਲ ਭੇਜ ਦਿਉ।’’ ਅਤੇ ਕਈ ਕੁਝ ਹੋਰ। ਮੈਨੂੰ ਉਸ ਦੀ ਬੋਲਚਾਲ, ਨਿਮਰਤਾ ਅਤੇ ਪਿਆਰ ਭਰੇ ਸੱਦੇ ਨੇ ਭਾਵੁਕ ਕਰ ਦਿੱਤਾ। ਮੈਂ ਧੰਨਵਾਦ ਕਹਿ ਕੇ ਉੱਤਰ ਦਿੱਤਾ, ‘‘ਲਿਖਤੀ ਇਜਾਜ਼ਤ ਭੇਜ ਦਿਉ।’’ ਉੱਤਰ ਸੀ, “ਸਰ, ਤੁਸੀਂ ਚਿੱਠੀ ਤਾਂ ਕੋਰ ਕਮਾਂਡਰ ਨੂੰ ਪਾਈ ਐ। ਸਾਨੂੰ ਕੋਈ ਹਦਾਇਤ ਨਹੀਂ ਆਈ। ਪਰ ਸਾਡੇ ਜੀਓਸੀ (ਮੇਜਰ ਜਨਰਲ) ਨੇ ਕਿਹਾ ਇਹ ਮੇਰੀ ਜ਼ਿੰਮੇਵਾਰੀ ਵਾਲਾ ਇਲਾਕਾ ਹੈ। ਤੁਸੀਂ ਸਾਡੇ ਖਾਤਰ ਲੜੇ ਸੀ। ਸਾਨੂੰ ਤੁਹਾਡੇ ’ਤੇ ਮਾਣ ਹੈ। ਤੁਸੀਂ ਆਉ। ਬਾਕੀ ਸਾਡੇ ’ਤੇ ਛੱਡੋ।”
ਲਉ ਜੀ ਤਾਰਾਂ ਖੜਕ ਪਈਆਂ। ਮੇਰਾ ਸ਼ੁਰੂ ਕੀਤਾ ਜੰਗੀ ਸਾਥੀਆਂ ਦਾ ਵਟਸਐਪ ਗਰੁੱਪ ਐਕਟਿਵ ਹੋ ਗਿਆ। ਮੇਰਾ ਮੇਜ਼-ਕੁਰਸੀ, ਮੇਰਾ ਦਫ਼ਤਰ। ਮੈਂ ਲਿਖਿਆ ਸੀ ਅਸੀਂ ਕੁੱਲ 15 ਜਣੇ ਆਉਣਾ ਚਾਹੁੰਦੇ ਹਾਂ। ਖਰਚਾ ਅਸੀਂ ਦੇਵਾਂਗੇ। ਅਸਾਂ ਨੂੰ ਮੁਫ਼ਤ ਕੁਝ ਨਹੀਂ ਚਾਹੀਦਾ।
ਰੇਲ/ਏਅਰ ਰਿਜ਼ਰਵੇਸ਼ਨ, ਤਫ਼ਸੀਲ, ਕੌਣ ਕੌਣ, ਕਿੱਥੋਂ, ਖਾਣ ਪੀਣ ਦੀਆਂ ਆਦਤਾਂ, ਸ਼ਾਕਾਹਾਰੀ ਜਾਂ ਮਾਸਾਹਾਰੀ, ਕੋਈ ਮੈਡੀਕਲ ਸਮੱਸਿਆ ਵਾਲਾ, ਬੱਚੇ ਕਿੰਨੇ, ਉਮਰ ਆਦਿ ਮੈਂ ਡਾਟਾ ਇਕੱਠਾ ਕਰਕੇ ਅੱਗੇ ਭੇਜਦਾ ਰਹਿੰਦਾ- ਹੋਰ ਸੁਆਲਾਂ ਦੇ ਜੁਆਬ ਦਿੰਦਾ ਰਹਿੰਦਾ। ਪਤਾ ਲੱਗਿਆ, ਸਾਡੇ ਦੋ ਜਣੇ ਹੁਣ ਵਿਦੇਸ਼ੀ ਨਾਗਰਿਕ ਸ਼੍ਰੇਣੀ ਵਿੱਚ ਆਉਂਦੇ ਨੇ। ਉਨ੍ਹਾਂ ਲਈ ਆਰਮੀ ਹੈੱਡਕੁਆਰਟਰਜ਼ ਤੋਂ ਕਲੀਅਰੈਂਸ ਹਾਸਲ ਕੀਤੀ।
ਮਿੱਥੀ ਥਾਂ ’ਤੇ ਇਕੱਠੇ ਹੋਣ ਦਾ ਦਿਨ ਆ ਗਿਆ 15 ਅਪਰੈਲ। ਮੈਂ ਇਕੱਠੇ ਹੋਣ ਦੀ ਜਗ੍ਹਾ ਜੰਮੂ ਸੋਚੀ ਸੀ। ਪਰ ਸਾਡੇ ਮੇਜ਼ਬਾਨ ਕਹਿੰਦੇ, ‘‘ਨਹੀਂ, ਤੁਸੀਂ ਸਾਡੇ ਕੋਲ ਅਖਨੂਰ ਹੀ ਰੁਕੋਗੇ ਅਤੇ ਇੱਥੋਂ ਹੀ ਹਰ ਰੋਜ਼ ਤੁਹਾਨੂੰ ਰਣਖੇਤਰ 1965 ਦੇ ਵੱਖੋ-ਵੱਖਰੇ ਹਿੱਸੇ ਵਿਖਾਵਾਂਗੇ।’’
ਮੇਜਰ ਜਨਰਲ ਏ.ਆਰ.ਰਾਏਕਰ ਵੀਐੱਸਐੱਮ ਤੇ ਉਨ੍ਹਾਂ ਦੀ ਪਤਨੀ ਪੂਣੇ ਤੋਂ ਚੰਡੀਗੜ੍ਹ ’ਚ ਬ੍ਰਿਗੇਡੀਅਰ ਐੱਸ.ਐੱਸ. ਸੋਹਲ ਸੈਨਾ ਮੈਡਲ, ਵੀਐੱਸਐੱਮ ਕੋਲ ਆ ਪਹੁੰਚੇ। ਅਗਲੇ ਦਿਨ ਗੱਡੀ ਚੁੱਕੀ ਅਤੇ ਪਠਾਨਕੋਟ ਕਿਸੇ ਯੂਨਿਟ ਵਿੱਚ ਰਾਤ ਕੱਟੀ ਅਤੇ ਤੀਜੇ ਦਿਨ ਅਖਨੂਰ ਪਹੁੰਚ ਗਏ। ਕੁਲਕਰਨੀ ਪਰਿਵਾਰ ਕੋਹਲਾਪੁਰ ਤੋਂ ਮੁੰਬਈ ਤੇ ਫਿਰ ਦਿੱਲੀ ਰਾਹੀਂ ਜੰਮੂ ਹਵਾਈ ਅੱਡੇ ਪੁੱਜਿਆ ਜੋ ਅੱਗੋਂ ਰਿਸੈਪਸ਼ਨ ਟੀਮ ਨੇ ਸਾਂਭ ਲਿਆ। ਮਰਹੂਮ ਕਰਨਲ ਏ.ਟੀ. ਗੰਨਾਪਥੀ ਵੀਰਚੱਕਰ ਦਾ ਪਰਿਵਾਰ, ਬੰਗਲੁਰੂ ਤੋਂ ਦਿੱਲੀ ਤੇ ਅੱਗੇ ਜੰਮੂ ਤੋਂ ਅਖ਼ਨੂਰ ਪਹੁੰਚਿਆ। ਰਹਿ ਗਏ ਮੈਂ ਅਤੇ ਮੇਰੀ ਸਰਦਾਰਨੀ – ਪਿੰਡੋਂ ਕਾਰ ’ਤੇ ਲੁਧਿਆਣੇ ਅਤੇ ਅੱਗੋਂ ਰੇਲ- ਫਿਰ ਲੈਣ ਆਈ ਟੀਮ ਨੇ ਅਖਨੂਰ ਪਹੁੰਚਾ ਦਿੱਤੇ। ਮੈਂ ਸਭ ਤੋਂ ਨੇੜੇ ਵਾਲਾ ਸਭ ਤੋਂ ਮਗਰੋਂ ਪੁੱਜਾ ਕਿਉਂਕਿ ਰੇਲ ਚਾਰ ਘੰਟੇ ਲੇਟ ਚੱਲ ਰਹੀ ਸੀ, ਪਰ ਅਸੀਂ ਦਿਨ ਖੜ੍ਹੇ ਪਹੁੰਚ ਗਏ।
ਤਿੰਨ ਪਰਿਵਾਰ, ਅਖਨੂਰ ਪੁਲ ਦੇ ਏਧਰ ਅਤੇ ਦੋ ਪਰਲੇ ਪਾਸੇ ਅੱਡ-ਅੱਡ ਗੈਸਟਰੂਮਜ਼ ਵਿੱਚ। ਸ਼ਾਮ ਨੂੰ ਸਾਰਿਆਂ ਦਾ ਖਾਣਾ ਡਿਵ ਅਲਫ਼ਾ ਮੈੱਸ ਵਿੱਚ। ਅੱਠ ਸਾਲਾਂ ਮਗਰੋਂ ਮਿਲੇ ਸਾਂ, ਬਹਿ ਜਾ ਬਹਿ ਜਾ ਹੋ ਗਈ। ਕਈ ਖ਼ਾਸਕਰ ਬੱਚੇ ਪਹਿਲੀ ਵਾਰ ਮਿਲ ਰਹੇ ਸਨ। ਚੰਗਾ ਲੱਗਿਆ।
ਕਰਨਲ ਜੀ.ਐੱਸ. ਅਤੇ ਕਰਨਲ ਐਡਮ ਪਤਾ ਲੈਣ ਆਏ। ਅਗਲੇ ਪ੍ਰੋਗਰਾਮ ਦਾ ਵੇਰਵਾ ਦਿੱਤਾ ਅਤੇ ਜਨਰਲ ਸਾਹਿਬ ਵੱਲੋਂ ਜੀ ਆਇਆਂ ਆਖਿਆ। ਹਰ ਰੋਜ਼ ਨਾਸ਼ਤਾ ਕਮਰੇ ਵਿੱਚ, ਰਵਾਨਗੀ ਅੱਠ ਵਜੇ, ਪੰਜੇ ਗੱਡੀਆਂ ਇਕੱਠੀਆਂ ਦਾ ਫ਼ੌਜੀ ਕਾਫ਼ਲਾ। ਐਸਕਾਰਟ ਹਰ ਗੱਡੀ ਵਿੱਚ।
1965 ਦੀ ਲੜਾਈ ਵੇਲੇ ਅਸੀਂ ਸਾਰੇ ਸਿਵਾਏ ਮੇਜਰ ਗੰਨਾਪਥੀ ਦੇ ਸੈਕੰਡ ਲੈਫਟੀਨੈਂਟ ਸਾਂ ਅਤੇ ਸਾਰੇ ਛੜੇ। ਅੱਗੜ ਪਿੱਛੜ ਦੀ ਸੀਨੀਆਰਤਾ, ਬੇਖ਼ੌਫ਼, ਭਰ ਜੁਆਨ। ਗੱਲਾਂ ਸਾਰੀਆਂ ਬੀਤੇ ਦੀਆਂ, 1965 ਤੇ ਮਗਰੋਂ ਦੇ ਸਾਲ। ਹੋਰ ਕੋਈ ਗੱਲ ਤਾਂ ਹੈ ਹੀ ਨਹੀਂ ਸੀ। ਮੈਂ ਔਰਤਾਂ ਅਤੇ ਬੱਚਿਆਂ ਲਈ ਮੱਲੋਜ਼ੋਰੀ ਦਾ ਗਾਈਡ ਵੀ ਸਾਂ।
ਪਹਿਲਾ ਦਿਨ 16 ਅਪਰੈਲ 2023: ਅੱਠ ਵਜੇ ਚੱਲ ਕੇ ਪੌਣੇ ਦੋ ਘੰਟੇ ਦੇ ਸਫ਼ਰ ਮਗਰੋਂ ਸੁੰਦਰਬਨੀ ਤੋਤਾ-ਮੈਨਾ (ਥਾਂ ਦਾ ਨਾਂ) ਪਹੁੰਚੇ। ਇੱਥੇ ਲੋਕਲ ਬ੍ਰਿਗੇਡ ਦੇ ਕਰਨਲ ਨੇ ਜੀ ਆਇਆਂ ਕਿਹਾ। ਚਾਹ ਕੌਫ਼ੀ ਮਗਰੋਂ ਉਸ ਦੀ ਗੱਡੀ ਮਗਰ ਸਾਡੀਆਂ ਗੱਡੀਆਂ ਤੁਰੀਆਂ। ਨੀਮ ਪਹਾੜੀ ਇਲਾਕੇ (ਅੰਦਰੂਨੀ ਇਲਾਕਾ) ਦੀਆਂ ਤੰਗ ਸੜਕਾਂ, ਜੋ ਸਾਡੇ ਵੇਲੇ ਪਗਡੰਡੀਆਂ ਵੀ ਨਹੀਂ ਸਨ, ਕਿਨਾਰੇ ਗ਼ਰੀਬ ਕਿਸਾਨ ਕਣਕ ਦੀ ਵਾਢੀ ਕਰ ਰਹੇ ਸਨ। ਪਹਾੜਨਾਂ ਵੀ ਨਾਲ। ਮਾੜੇ ਮੋਟੇ ਡੰਗਰ ਅਤੇ ਛੋਟੇ ਘਰ ਜਾਂ ਢਾਰੇ। ਅਸੀਂ ਪਿੰਡ ਮੱਲਾ ਦੀ ਟੇਕਰੀ ਜਾ ਪਹੁੰਚੇ ਜਿਸ ਨੂੰ ਹੁਣ ਮਲ੍ਹਾ ਟੌਪ ਕਹਿੰਦੇ ਹਨ।
ਸੋਹਣਾ ਬੰਦੋਬਸਤ। ਅਸੀਂ ਖ਼ਿਆਲ ਸਾਂਝੇ ਕੀਤੇ। ਕਾਲੀਧਾਰ ਟੌਪ ਵੇਖਿਆ। ਘਰਦਿਆਂ ਨੂੰ ਵਿਖਾਇਆ। ਅੱਖਾਂ ਭਰ ਆਈਆਂ। ਮੱਲ੍ਹਾ ’ਤੇ ਦੁਬਾਰਾ ਕਬਜ਼ਾ ਮਦਰਾਸ ਬਟਾਲੀਅਨ ਨੇ ਕੀਤਾ ਸੀ। ਇੱਥੇ ਨੇੜਲੇ ਪਿੰਡਾਂ ਦੇ ਸਾਬਕਾ ਫ਼ੌਜੀ ਇਕੱਠੇ ਕੀਤੇ ਹੋਏ ਸਨ। ਉਨ੍ਹਾਂ ਨੂੰ ਮਿਲੇ। ਇੱਥੇ ਹੀ ਇੱਕ ਸਾਬਕਾ 96 ਸਾਲਾ ਫ਼ੌਜੀ ਹਵਾਲਦਾਰ ਮੁਨਸ਼ਾ ਸਿੰਘ, 30ਵੀਂ ਲੁਕੇਟਿੰਗ ਰੈਜੀਮੈਂਟ (ਤੋਪਖਾਨਾ) ਦਾ ਮਿਲਿਆ। ਚਿੱਟੀ ਦਾੜ੍ਹੀ, ਸੋਹਣੀ ਪੱਗ ਅਤੇ ਮੈਡਲਾਂ ਨਾਲ। ਉਹ ਵਾਕਰ ਨਾਲ ਚਲਦਾ ਐ। ਉਹ ਦੂਜੀ ਆਲਮੀ ਜੰਗ ਵਿੱਚ ਬਰਮਾ ਮੁਹਾਜ਼ ’ਤੇ ਲੜਿਆ ਸੀ ਤੇ ਮਗਰੋਂ 1947-48, 1962 ਅਤੇ 1965 ਦੀਆਂ ਜੰਗਾਂ ਵਿੱਚ ਹਿੱਸੇਦਾਰ ਸੀ।
ਫਿਰ ਪਰਤ ਆਏ ਸੁੰਦਰਬਨੀ। ਇੱਥੇ ਵੀ ਸਾਬਕਾ ਸੈਨਿਕਾਂ ਦੀ ਸੰਸਥਾ ਨੇ ਮਨਜ਼ੂਰੀ ਲੈ ਕੇ ਪ੍ਰੋਗਰਾਮ ਰੱਖਿਆ ਸੀ। ਕਈ ਪੁਰਾਣੇ ਸਿਵਲੀਅਨ ਵੀ ਮਿਲੇ ਜਿਨ੍ਹਾਂ ਨੇ 1965 ’ਚ ਕਾਲੀਧਾਰ ’ਤੇ ਹਮਲੇ ਵੇਲੇ ਅਸਲਾ ਉਪਰ ਢੋਹਣ ਅਤੇ ਜ਼ਖ਼ਮੀਆਂ ਨੂੰ ਹੇਠਾਂ ਸੜਕ ਤੱਕ ਲਿਆਉਣ ਵਿੱਚ ਮਦਦ ਕੀਤੀ ਸੀ।
ਫਿਰ ਸ਼ਹੀਦੀ ਸਮਾਰਕ ’ਤੇ ਪੂਰੀ ਨਿਮਰਤਾ ਨਾਲ, ਪਰੇਡ ਅਤੇ ਬਿਗਲ ਦੀਆਂ ਧੁਨਾਂ ਵਿੱਚ ਫੁੱਲ ਮਾਲਾਵਾਂ ਚੜ੍ਹਾਈਆਂ। ਔਰਤਾਂ ਨੇ ਫੁੱਲ ਭੇਂਟ ਕੀਤੇ। ਦਿਲ ਰੋ ਰਹੇ ਸਨ, ਨਾਲ ਦਿਆਂ ਦੇ ਨਾਮ ਪੜ੍ਹਕੇ ਜੋ ਮੁੜੇ ਨਹੀਂ ਸਨ। ਇੱਥੇ ਮੇਰੀ ਦੂਸਰੀ ਰੈਜੀਮੈਂਟ ਜੈਕ ਐਲ.ਆਈ. ਦੇ ਕਈ ਸਾਬਕਾ ਫ਼ੌਜੀ ਮਿਲੇ। ਆਨਰੇਰੀ ਕੈਪਟਨ ਸੋਮਦੱਤ ਸ਼ਰਮਾ ਵੀ ਸੀ ਜੋ ਮੇਰੇ ਵੇਲਿਆਂ ਵਿੱਚ ਲਾਂਸ ਨਾਇਕ ਸੀ। ਬ੍ਰਿਗੇਡ ਨੇ ਯਾਦਗਾਰੀ ਚਿੰਨ੍ਹ ਦਿੱਤਾ ਅਤੇ ਅਸੀਂ ਦਿਨ ਛਿਪੇ ਅਖਨੂਰ ਪਰਤ ਆਏ।
ਦੂਜਾ ਦਿਨ 17 ਅਪਰੈਲ: ਇਸ ਦਿਨ ਇੱਕ ਹੋਰ ਇਲਾਕਾ ਦੇਖਣਾ ਸੀ ਜਿੱਥੇ ਅਸੀਂ ਪਿੱਛੇ ਹਟ ਕੇ ਡਟੇ ਸਾਂ, ਲਾਮਬੰਦ ਹੋਏ ਸਾਂ। ਇੱਥੋਂ ਇੱਕ ਜਗ੍ਹਾ ਤੋਂ ਸਾਡਾ ਪੁਰਾਣਾ ਇਲਾਕਾ (1965 ਵੇਲੇ ਦਾ) ਸਾਫ਼ ਦਿਖਾਈ ਦਿੰਦਾ ਹੈ। ਸਾਨੂੰ ਤਵੀ ਪਾਰ ਦੇ ਪਿੰਡ ਤੇ ਸਾਡੀਆਂ ਪੋਸਟਾਂ ਆਦਿ ਯਾਦ ਆਏ। ਪਰ ਅੱਜ ਮੀਂਹ ਨੇ ਥੋੜ੍ਹਾ ਔਖਾ ਕੀਤਾ। ਇੱਥੇ ਵੀ ਕਈ ਯਾਦਗਾਰਾਂ ਹਨ। ਫੁੱਲ ਭੇਂਟ ਕੀਤੇ। ਉਪਰਲੇ ਹੈੱਡਕੁਆਰਟਰ ਵੱਲੋਂ ਆਸ-ਪਾਸ ਦੇ ਸਾਬਕਾ ਸੈਨਿਕ ਇਕੱਠੇ ਕੀਤੇ ਗਏ ਸਨ। ਇੱਥੇ ਇੱਕ ਕੈਪਟਨ ਡਾਕਟਰ ਕੁੜੀ ਜੁਆਨਾਂ ਨਾਲ ਤਾਇਨਾਤ ਹੈ। ਫਿਰ ਅਸੀਂ ਵਾਪਸ ਅਖਨੂਰ ਚਲੇ ਗਏ।
ਅੱਜ ਡਿਵੀਜ਼ਨ ਦੇ ਮੁਖੀ ਮੇਜਰ ਜਨਰਲ ਵੀ.ਐੱਸ. ਸੇਖੋਂ, ਯੁੱਧ ਸੇਵਾ ਮੈਡਲ, ਸੈਨਾ ਮੈਡਲ ਵੱਲੋਂ ਕਾਰਡ ਭੇਜ ਕੇ ਰਵਾਇਤੀ ਪਾਰਟੀ ਸੀ। ਉਨ੍ਹਾਂ ਦੇ ਸੀਨੀਅਰ ਅਫਸਰ ਅਤੇ ਪਰਿਵਾਰ ਵੀ ਆਏ ਸਨ। ਅਸੀਂ ਵੀ ਕਾਲੀਧਾਰ ਦੇ ਜਿਉਂਦੇ ਜੰਗੀ ਫ਼ੌਜੀਆਂ ਵੱਲੋਂ ਇੱਕ ਚਾਂਦੀ ਦਾ ਤੋਹਫ਼ਾ ਡਿਵੀਜ਼ਨ ਹੈੱਡਕੁਆਰਟਰ ਨੂੰ ਭੇਂਟ ਕੀਤਾ।
ਤੀਜਾ ਦਿਨ 18 ਅਪਰੈਲ: ਛੰਬ ਦੇ ਐਨ ਸਾਹਮਣੇ ਦਾ ਇਲਾਕਾ- ਡੀ.ਸੀ.ਬੀ. ਮੋਰਚੇ, ਬੰਕਰ ਅਤੇ ਕਈ ਕੁਝ ਹੋਰ। ਜੁਆਨਾਂ ਨਾਲ ਜੁਆਨਾਂ ਦੀ ਚਾਹ ਤੇ ਉਨ੍ਹਾਂ ਵੱਲੋਂ ਬਣਾਈਆਂ ਚੀਜ਼ਾਂ- ਜਲੇਬੀਆਂ ਆਦਿ ਸ਼ਾਇਦ ਇਸ ਦੁਨੀਆਂ ’ਚ ਕਿਤੇ ਹੋਰ ਇੰਨੀਆਂ ਚੰਗੀਆਂ ਅਤੇ ਸੁਆਦਲੀਆਂ ਨਾ ਹੀ ਮਿਲਣ। ਇੱਕ ਬੰਕਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਬਾਹਰ ਨਿਸ਼ਾਨ ਸਾਹਿਬ। ਦੁਸ਼ਮਣ ਦੀਆਂ ਪੋਸਟਾਂ 100-150 ਗਜ਼ ’ਤੇ। ਉਨ੍ਹਾਂ ਲੋਕਾਂ ਦੇ ਆਪਣੇ ਵਰਗੇ ਘਰ ਅਸੀਂ ਦੂਰਬੀਨ ਨਾਲ ਵੇਖੇ। ਦਰਿਆ ਚਨਾਬ ਢਾਹ ਲਾ ਕੇ ਲੰਘਦਾ ਹੈ। ਕੰਧ ਬਣਾ ਕੇ ਫ਼ੌਜੀ ਚੌਕੀਆਂ ਬਚਾਈਆਂ ਹਨ। ਕੁਝ ਚੌਕੀਆਂ ਦਰਿਆ ਵਿੱਚ ਟਾਪੂਆਂ ’ਤੇ ਹਨ ਜਿਨ੍ਹਾਂ ਦਾ ਕਿਸ਼ਤੀ ਰਾਹੀਂ ਬੰਦੋਬਸਤ ਹੁੰਦਾ ਹੈ। ਬ੍ਰਿਗੇਡ ਹੈੱਡਕੁਆਰਟਰ ’ਚ ਇੱਕ ਲੈਫਟੀਨੈਂਟ ਕਰਨਲ ਕੁੜੀ ਮਿਲੀ ਜੋ ਸੰਚਾਰ ਕੰਪਨੀ ਦੀ ਕਮਾਂਡਰ ਹੈ। ਸ਼ਾਮੀ ਵਾਪਸ ਅੱਡੇ ’ਤੇ। ਵਕਤ ਤੋੜ ਵਿਛੋੜੇ ਦਾ। ਮੁੜ ਮਿਲਣ ਦਾ ਵਾਅਦਾ ਕਰਕੇ ਰਾਤ ਲੰਘਾਈ ਤੇ ਅਗਲੇ ਦਿਨ ਰਵਾਨਗੀ…।
ਇਸ ਸਫ਼ਰ ਦੀ ਤਿਆਰੀ ਨੂੰ ਮਹੀਨੇ ਲੱਗੇ ਤੇ ਦਿਨ ਜਿਵੇਂ ਪਲਾਂ ਜਿੱਡੇ ਛੋਟੇ ਹੋ ਗਏ ਜਾਪੇ। ਆਪਣੇ ਸਾਥੀਆਂ ਦੀ ਯਾਦ ਦਿਲ ’ਚੋਂ ਕਦੇ ਮਿਟਾਇਆਂ ਵੀ ਨਹੀਂ ਮਿਟਣੀ। ਉੱਥੇ ਸ਼ਹੀਦੀ ਪਾ ਗਏ ਯੋਧਿਆਂ ਦੀ ਬਹਾਦਰੀ ਨੂੰ ਸਲਾਮ ਹੈ। ਫਿਰ ਵੀ ਭਾਵੁਕ ਪਲਾਂ ਵਿੱਚ ਇਹ ਸ਼ਬਦ ਮੇਰੇ ਜ਼ਿਹਨ ’ਚ ਘੁੰਮਦੇ ਹਨ: ਹੱਥੀਂ ਤੋਰੇ ਸੱਜਣਾਂ ਨੂੰ, ਨਾਲੇ ਯਾਦ ਕਰਾਂ ਨਾਲੇ ਰੋਵਾਂ …ਅਲਵਿਦਾ।