ਹਰੀ ਕ੍ਰਿਸ਼ਨ ਮਾਇਰ
ਮੈਂ ਅਤੇ ਮਹਿੰਦਰ ਸਿੰਘ ਇੱਕੋ ਸਕੂਲ ਵਿੱਚ ਪੜ੍ਹਾਉਦੇ ਸਾਂ ਅਤੇ ਇੱਕੋ ਸ਼ਹਿਰ ਦੇ ਸਾਂ। ਮੈਨੂੰ ਸੇਵਾਮੁਕਤ ਹੋਏ ਨੂੰ ਸਾਲ ਕੁ ਹੋ ਗਿਆ। ਮਹਿੰਦਰ ਸਿੰਘ ਅਜੇ ਕੁਝ ਦਿਨ ਪਹਿਲਾਂ ਹੀ ਰਿਟਾਇਰ ਹੋ ਕੇ ਘਰ ਆਇਆ ਸੀ। ਸਕੂਲ ਵੱਲੋਂ ਮਿਲੇ ਮੋਮੈਂਟੋ, ਸ਼ੀਸ਼ੇ ਵਿੱਚ ਜੜਿਆ ਸਨਮਾਨ ਪੱਤਰ, ਕਿਤਾਬਾਂ ਅਤੇ ਹੋਰ ਤੋਹਫ਼ੇ ਉਸ ਨੇ ਡਰਾਇੰਗ ਰੂਮ ਵਿੱਚ ਸਾਂਭ ਲਏ ਸਨ। ਉਹ ਸੋਚਦਾ ਕਿ ਹੁਣ ਉਹ ਮਨ ਮੁਤਾਬਿਕ ਕੰਮ ਕਰੇਗਾ। ਲਿਖਣ ਪੜ੍ਹਨ ਦਾ ਸ਼ੌਕ ਪੂਰਾ ਕਰੇਗਾ। ਦਿਨ ਲੰਘਣ ਲੱਗੇ। ਉਸ ਨੂੰ ਰਿਟਾਇਰ ਹੋਏ ਨੂੰ ਪੂਰਾ ਇੱਕ ਮਹੀਨਾ ਬੀਤ ਗਿਆ ਸੀ। ਮਹਿੰਦਰ ਸਿੰਘ ਦਾ ਹਾਲ-ਚਾਲ ਜਾਨਣ ਦੀ ਇੱਛਾ ਨਾਲ ਮੈਂ ਇੱਕ ਦਿਨ ਉਸ ਦੇ ਘਰ ਵੱਲ ਤੁਰ ਪਿਆ। ਸੋਚਿਆ ਸਵੇਰੇ ਸਵੇਰੇ ਉਸ ਨੂੰ ਸੈਰ ’ਤੇ ਨਾਲ ਲੈ ਚਲਾਂਗਾ। ਥੋੜ੍ਹੀ ਗੱਲਬਾਤ ਵੀ ਹੋ ਜਾਵੇਗੀ। ਘਰੇ ਹੋ ਸਕਦਾ ਖੁੱਲ੍ਹ ਕੇ ਗੱਲ ਨਾ ਹੋਵੇ।
ਮਹਿੰਦਰ ਸਿੰਘ ਦੇ ਘਰ ਦਾ ਬੂਹਾ ਖੜਕਾਇਆ। ਅੰਦਰੋਂ ਆਵਾਜ਼ ਸੁਣਾਈ ਦੇ ਰਹੀ ਸੀ, ‘‘ਉੱਠ ਪੈ ਹੁਣ, ਰਿਟਾਇਰ ਹੋਗੇ ਤਾਂ ਸੁੱਤੇ ਹੀ ਪਏ ਰਹਿਣਾ। ਨ੍ਹਾ ਧੋ, ਪੂਜਾ ਪਾਠ ਕਰ।” ਮਹਿੰਦਰ ਸਿੰਘ ਦੀ ਪਤਨੀ ਨੇ ਬੂਹਾ ਖੋਲ੍ਹਿਆ। ਦੁਆ ਸਲਾਮ ਪਿੱਛੋਂ ਉਸ ਨੇ ਮੈਨੂੰ ਡਰਾਇੰਗ ਰੂਮ ਵਿੱਚ ਬੈਠਣ ਲਈ ਕਿਹਾ। ਮਹਿੰਦਰ ਸਿੰਘ ਅਜੇ ਚੁਬਾਰੇ ਤੋਂ ਥੱਲੇ ਨਹੀਂ ਸੀ ਉਤਰਿਆ। ਮਹਿੰਦਰ ਸਿੰਘ ਦੇ ਥੱਲੇ ਆਉਣ ਤੋਂ ਪਹਿਲਾਂ ਹੀ ਉਸ ਦੀ ਪਤਨੀ ਆਪਣਾ ਢਿੱਡ ਫੋਲ ਗਈ, ‘‘ਭਾ ਜੀ! ਤੁਸੀਂ ਵੀ ਰਿਟਾਇਰ ਹੋ ਕੇ ਐਨਾ ਈ ਸੌਂਦੇ ਹੋ?”
“ਕੀ ਗੱਲ ਹੋਗੀ?” “ਇਹ ਤਾਂ, ਬੱਸ ਪੁੱਛੋ ਈ ਨਾ!…”
ਇੰਨੇ ਨੂੰ ਮਹਿੰਦਰ ਸਿੰਘ ਚੁਬਾਰਿਓਂ ਹੇਠਾਂ ਉੱਤਰ ਆਇਆ। ਮੇਰੇ ਕੋਲ ਕੁਰਸੀ ’ਤੇ ਆ ਬੈਠਾ। ਮੈਂ ਪੈਂਦੀ ਸੱਟੇ ਉਸ ਨੂੰ ਕਿਹਾ, ‘‘ਤੁਸੀਂ ਸਵੇਰੇ ਮੇਰੇ ਨਾਲ ਸੈਰ ’ਤੇ ਚੱਲਿਆ ਕਰੋ। ਗੱਪ ਸ਼ੱਪ ਵੀ ਕਰ ਲਿਆ ਕਰਾਂਗੇ। ਹੱਡ ਵੀ ਮੋਕਲੇ ਰਹਿਣਗੇ।” ਉਸ ਨੇ ਚਾਹ ਲਈ ਜ਼ੋਰ ਪਾਇਆ, ਪਰ ਮੈਂ ਮਨ੍ਹਾ ਕਰ ਦਿੱਤਾ। ਅਗਲੇ ਦਿਨ ਉਸ ਨੂੰ ਸੈਰ ’ਤੇ ਜਾਣ ਲਈ ਤਿਆਰ ਰਹਿਣ ਵਾਸਤੇ ਕਿਹਾ ਅਤੇ ਥੋੜ੍ਹੇ ਸਮੇਂ ਪਿੱਛੋਂ ਉਸ ਤੋਂ ਵਿਦਾ ਲਈ।
ਦੂਜੇ ਦਿਨ ਸਵੇਰੇ ਹੀ ਮੈਂ ਮਹਿੰਦਰ ਸਿੰਘ ਦੇ ਘਰ ਪਹੁੰਚ ਗਿਆ। ਬੂਹਾ ਖੜਕਾਇਆ। ਅੱਜ ਵੀ ਅੰਦਰੋਂ ਆਵਾਜ਼ਾਂ ਆ ਰਹੀਆਂ ਸਨ, “ਦਫ਼ਤਰ ਵੀ ਨੀਂ, ਕੋਈ ਨੌਕਰੀ ਵੀ ਨੀਂ, ਭਲਾਮਾਣਸ ਤੜਕੇ ਸਾਢੇ ਪੰਜ ਵਜੇ ਦਾ ਉੱਠਿਆ ਫਿਰਦਾ, ਬੁੜ ਬੁੜ ਕਰੀ ਜਾਂਦਾ। ਪਤਾ ਨਹੀਂ ਕੀ ਕਰਨਾ ਇਸ ਨੇ।” ਮਹਿੰਦਰ ਸਿੰਘ ਨੇ ਬੂਹਾ ਖੋਲ੍ਹਿਆ। ਉਹ ਤਿਆਰ ਬੈਠਾ ਸੀ। ਉਸ ਨੇ ਪਤਨੀ ਨੂੰ ਆਵਾਜ਼ ਮਾਰੀ, ‘‘ਬੂਹਾ ਢੋ ਲਈਂ, ਮੈਂ ਸੈਰ ’ਤੇ ਚੱਲਿਆਂ।” ਅਸੀਂ ਦੋਵੇਂ ਸੈਰ ’ਤੇ ਚੱਲ ਪਏ। “ਲੈ ਹੁਣ ਸੈਰ ਤੇ ਤੁਰ ਪਿਆ, ਕੂੜੇ ਦਾ ਡਰੰਮ ਬਾਹਰ ਰੱਖ ਦਿੰਦਾ। ਪੋਤੇ ਦਾ ਹੋਮਵਰਕ ਕਾਪੀ ’ਤੇ ਉਤਾਰ ਦਿੰਦਾ। ਕੋਈ ਪੁੱਛੇ ਬਈ ਸੈਰ ਕਰਕੇ ਤੂੰ ਕਿਹੜਾ ਮਿਲਖਾ ਸਿੰਘ ਬਣਨਾ?” ਬੂਹਾ ਬੰਦ ਕਰਨ ਆਈ ਉਹ ਪਤਾ ਨਹੀਂ ਕੀ ਕੀ ਬੋਲਦੀ ਰਹੀ? ਥੋੜ੍ਹੀਆਂ ਗੱਲਾਂ ਸਾਡੇ ਕੰਨੀਂ ਵੀ ਪੈ ਗਈਆਂ ਸਨ।
ਸੈਰ ਤੋਂ ਵਾਪਸ ਘਰ ਮੁੜਿਆ ਤਾਂ ਪਤਨੀ ਦਾ ਮੂੰਹ ਮੋਟਾ ਦੇਖ ਕੇ ਮਹਿੰਦਰ ਸਿੰਘ ਨੇ ਅਗਲੇ ਦਿਨ ਸੈਰ ’ਤੇ ਨਾ ਜਾਣ ਲਈ ਮੈਨੂੰ ਫੋਨ ਕਰ ਦਿੱਤਾ ਸੀ। ਅਗਲੇ ਦਿਨ ਉਹ ਪੂਰਾ ਦਿਨ ਘਰੇ ਬੈਠਾ ਰਿਹਾ। ਸਵੇਰੇ ਮੋਬਾਈਲ ’ਤੇ ਪਾਠ ਲਾ ਲਿਆ। ਫਿਰ ਹੋਰ ਵੀਡੀਓ ਦੇਖਦਾ ਰਿਹਾ। ਅਗਲੇ ਦਿਨ ਮੈਂ ਸਵੇਰੇ ਸਵੇਰੇ ਫੇਰ ਮਹਿੰਦਰ ਸਿੰਘ ਦਾ ਬੂਹਾ ਖੜਕਾ ਦਿੱਤਾ। ਅੰਦਰੋਂ ਆਵਾਜ਼ ਆ ਰਹੀ ਸੀ, ‘‘ਕੱਲ੍ਹ ਪੂਰਾ ਦਿਨ ਪਤਾ ਨਹੀਂ ਮੋਬਾਈਲ ਵਿੱਚੋਂ ਕੀ ਲੱਭਦਾ ਰਿਹਾ ਪਿਓ ਦਾ ਪੁੱਤ! ਐਵੇਂ ਉਂਗਲੀਆਂ ਘੁੰਮਾਈ ਗਿਆ। ਜੇ ਘਰੇ ਡੱਕਾ ਨਹੀਂ ਤੋੜਨਾ, ਇਸ ਨਾਲੋਂ ਤਾਂ ਸੈਰ ’ਤੇ ਗਿਆ ਚੰਗਾ। ਘਰੇ ਸ਼ਾਂਤੀ ਤਾਂ ਰਹਿੰਦੀ ਆ।” ਪਤਨੀ ਨੇ ਗੇਟ ਖੋਲ੍ਹਿਆ। ਇੰਨੇ ਨੂੰ ਮਹਿੰਦਰ ਸਿੰਘ ਵੀ ਆ ਗਿਆ। ਅਸੀਂ ਸੈਰ ’ਤੇ ਚੱਲ ਪਏ। ਅੱਜ ਤਾਂ ਉਹ ਝੱਟ ਹੀ ਦੁੱਖ ਫਰੋਲਣ ਲੱਗਾ। ਕਹਿੰਦਾ, ‘‘ਅੱਜ ਆਪਾਂ ਸੈਰ ਪੰਦਰਾਂ ਕੁ ਮਿੰਟ ਹੀ ਕਰਾਂਗੇ।”
“ਕਿਉਂ?” ਮੈਂ ਪੁੱਛਿਆ।
“ਐਵੇਂ ਯਾਰ ਘਰ ਵਾਲੀ ਦਾ ਫੋਨ ਆਜੂ।” ਉਸ ਨੇ ਕਿਹਾ। ਸਾਨੂੰ ਆਇਆਂ ਨੂੰ ਵੀਹ ਮਿੰਟ ਹੋ ਗਏ ਸਨ। ਸੱਚਮੁੱਚ ਮਹਿੰਦਰ ਸਿੰਘ ਦੀ ਪਤਨੀ ਦਾ ਫੋਨ ਆ ਗਿਆ। ਬੋਲੀ, ‘‘ਦੋਸਤਾਂ ਨਾਲ ਰੋਜ਼ ਹੀ ਸਲਾਹਾਂ ਬਣਾ ਲੈਨਾ ਘੁੰਮਣ ਫਿਰਨ ਦੀਆਂ। ਘਰੇ ਬੈਠ ਕੇ ਰੱਬ ਦਾ ਨਾਂ ਲੈ ਲਿਆ ਕਰ, ਅੱਗਾ ਸੁਧਾਰ ਆਪਣਾ।” ਉਸ ਨੇ ਫੋਨ ਕੱਟ ਦਿੱਤਾ। ਉਹ ਸੋਚੀਂ ਪੈ ਗਿਆ- ਅੱਗਾ ਕੀਹਨੇ ਦੇਖਿਆ? ਉਹ ਅਗਲੇ ਜਨਮ ਨੂੰ ਸੁਧਾਰਨ ਦੀ ਚਿੰਤਾ ਕਰ ਰਹੀ ਹੈ, ਮੇਰਾ ਆਹ ਜਨਮ ਨਰਕ ਬਣਦਾ ਜਾਪਦਾ। ਲੰਮੀ ਪੁਲਾਂਘ ਪੁੱਟਦਾ ਉਹ ਮੇਰੇ ਨਾਲ ਆ ਰਲਿਆ। ਫੋਨ ਦੀ ਗੱਲ ਸੰਖੇਪ ਵਿੱਚ ਸਾਂਝੀ ਕੀਤੀ। ਮੈਂ ਸੁਝਾਅ ਦਿੱਤਾ, ‘‘ਕਿਸੇ ਦਿਨ ਬੱਚਿਆਂ ਤੇ ਭਾਗਮਾਨ ਨੂੰ ਨਾਲ ਲੈ ਕੇ ਦੇਹਰਾਦੂਨ ਮਸੂਰੀ ਘੁੰਮ ਆਓ। ਸਾਰੇ ਖ਼ੁਸ਼ ਹੋ ਜਾਣਗੇ। ਉਨ੍ਹਾਂ ਨੂੰ ਵੀ ਤੇਰੇ ਤੋਂ ਕਈ ਉਮੀਦਾਂ ਹਨ।’’ ਮੇਰੇ ਆਖੇ ਲੱਗ ਕੇ ਮਹਿੰਦਰ ਸਿੰਘ ਪਰਿਵਾਰ ਨੂੰ ਮਸੂਰੀ ਲੈ ਗਿਆ। ਰਾਤੀਂ ਉੱਥੇ ਹੋਟਲ ’ਚ ਰੁਕੇ। ਗੱਲਾਂ ਕਰਦੀ ਪਤਨੀ ਕਹਿੰਦੀ, ‘‘ਜੋ ਸੁਖ ਛੱਜੂ ਦੇ ਚੁਬਾਰੇ, ਨਾ ਬਲਖ਼ ਨਾ ਬੁਖਾਰੇ।” ਉਸ ਨੂੰ ਘਰ ਚੇਤੇ ਆਉਣ ਲੱਗਾ। ਬੋਲੀ, ‘‘ਪੈਸੇ ਬਰਬਾਦ ਕਰਨ ਨਾਲੋਂ ਸੰਗਰਾਂਦ ਪੁੰਨਿਆ ਨੂੰ ਹੀ ਕਿਤੇ ਨੇੜੇ ਤੇੜੇ ਘੁੰਮ ਆਇਆ ਕਰੋ।” ਵਕਤ ਅੱਗੇ ਤੁਰ ਪਿਆ।
ਕਦੇ ਕਦੇ ਮਹਿੰਦਰ ਸਿੰਘ ਯੂ ਟਿਊਬ ਤੋਂ ਪੁਰਾਣੇ ਗੀਤ ਸੁਣਨ ਬੈਠ ਜਾਂਦਾ। ਪਤਨੀ ਪ੍ਰਤੀਕਿਰਿਆ ਜਤਾਉਂਦੀ, ‘‘ਬੁੱਢੇ ਵਾਰੇ ਤੈਨੂੰ ਇਹ ਗੀਤ ਸੁਣਨੇ ਸ਼ੋਭਦੇ ਹਨ? ਆਹ ਸਮਾਂ ਰੱਬ ਦਾ ਨਾਂ ਲੈਣ ਦਾ ਹੁੰਦਾ। ਮੈਂ ਐਸ ਮੱਸਿਆ ’ਤੇ ਤੈਨੂੰ ਲਿਜਾ ਕੇ, ਬਾਬਿਆਂ ਕੋਲੋਂ ਨਾਮ ਹੀ ਦੁਆ ਦੇਣਾ।” ਕਿਤੇ ਸਾਫ਼ ਸੁਥਰੇ ਕੱਪੜੇ ਪਾ ਕੇ, ਸ਼ਰਟ ਪੈਂਟ ਵਿੱਚ ਦੇ ਕੇ ਘਰੋਂ ਬਾਹਰ ਨਿਕਲਦਾ ਤਾਂ ਪਤਨੀ ਕਹਿੰਦੀ, ‘‘ਗੁੱਸਾ ਨਾ ਕਰੀਂ, ਲਾਲ ਹਰੇ ਕੱਪੜੇ ਬੁੱਢੇ ਵਾਰੇ ਚੰਗੇ ਨਹੀਂ ਲੱਗਦੇ। ਸਾਦਗੀ ਦੀ ਰੀਸ ਕਿੱਥੇ?”
ਅੱਕ ਕੇ ਮਹਿੰਦਰ ਸਿੰਘ ਨੇ ਕਿਸੇ ਦਫਤਰ ਵਿੱਚ ਪਾਰਟ ਟਾਈਮ ਨੌਕਰੀ ਕਰ ਲਈ। ਉਸ ਨੇ ਸੋਚਿਆ- ਪਤਨੀ ਖ਼ੁਸ਼ ਹੋ ਜਾਵੇਗੀ। ਉਸ ਦੀ ਵਿਹਲੇ ਬੰਦੇ ਨਾਲ ਮਗਜ਼ ਖਪਾਈ ਵੀ ਘਟ ਜਾਵੇਗੀ। ਚਾਰ ਪੈਸੇ ਵੀ ਘਰੇ ਆਉਣਗੇ, ਪਰ ਹੋਇਆ ਸੋਚਣ ਤੋਂ ਉਲਟ। ਪਤਨੀ ਇੱਕ ਦਿਨ ਬੋਲ ਪਈ, ‘‘ਅਸੀਂ ਤਾਂ ਤੈਨੂੰ ਰਾਤ ਤੱਕ ਪਹਿਲਾਂ ਵੀ ਉਡੀਕਦੇ ਸੀ। ਹੁਣ ਫੇਰ ਉਡੀਕਣ ਲੱਗ ਪਏ ਹਾਂ। ਕੰਮ ਦਾ ਨਾਟਕ ਕਰਕੇ ਸਾਰਾ ਦਿਨ ਬਾਹਰ ਬਤੀਤ ਕਰਦੇ ਹੋ। ਮੈਂ ਤਾਂ ਥੋਡੀ ਜ਼ਿੰਦਗੀ ਭਰ ਦੀ ਨੌਕਰ ਹੋ ਗਈ।” ਇੱਕ ਦਿਨ ਮਹਿੰਦਰ ਸਿੰਘ ਨੌਕਰੀ ਛੱਡ ਕੇ ਘਰੇ ਆ ਗਿਆ। ਪਤਨੀ ਨੇ ਪੁੱਛਿਆ, ‘‘ਅੱਜ ਕੰਮ ’ਤੇ ਨਹੀਂ ਗਿਆ?’’
“ਛੱਡ ਤਾ।” “ਕਿਉਂ?”
“ਤੇਰੇ ਨਾਲ ਹੱਥ ਵੰਡਾਇਆ ਕਰਾਂਗਾ।” “ਮੇਰੇ ਨਾਲ ਤੂੰ ਹੱਥ ਕੀ ਵੰਡਾਉਣਾ? ਮੈਂ ਤਾਂ ਖ਼ੁਸ਼ ਹਾਂ, ਘਰ ਵਿੱਚ ਕਲੇਸ਼ ਘੱਟ ਗਿਆ ਹੈ। ਨਾਲੇ ਗੁਆਂਢਣ ਗੇਲੋ ਘੰਟਾ ਦੁਪਹਿਰੇ ਮੇਰੇ ਕੋਲ ਆ ਜਾਂਦੀ ਆ। ਘੰਟੇ ਵਿੱਚ ਪੂਰੇ ਮੁਹੱਲੇ ਦੀਆਂ ਹੋਈਆਂ ਬੀਤੀਆਂ ਸੁਣਾ ਜਾਂਦੀ ਆ। ਲੋਕਾਂ ਨਾਲੋਂ ਟੁੱਟ ਕੇ ਵੀ ਕੋਈ ਜ਼ਿੰਦਗੀ ਨਹੀਂ ਹੁੰਦੀ।”
“ਲੈ ਕੇ ਵੀ ਕੁਝ ਜਾਂਦੀ ਹੋਊ?” ਮਹਿੰਦਰ ਸਿੰਘ ਨੇ ਪੁੱਛਿਆ।
“ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ।” ਪਤਨੀ ਬੋਲੀ।
“ਮੈਨੂੰ ਮੇਰੇ ਦੋਸਤ ਨੇ ਦੱਸਿਆ ਕਿ ਗੇਲੋ ਘਰ ਘਰ ਇਹ ਕਹਿੰਦੀ ਫਿਰਦੀ ਆ ਕਿ ਮਹਿੰਦਰ ਮਾਸਟਰ ਘਰ ਵਿੱਚ ਤੰਗੀ ਤੁਰਸ਼ੀ ਕਰਕੇ ਕੰਮ ’ਤੇ ਜਾ ਲੱਗਿਆ। ਉਸ ਨੂੰ ਕਿੱਥੋਂ ਪਤਾ ਚੱਲ ਗਿਆ ਕਿ ਮੈਂ ਕੰਮ ’ਤੇ ਜਾਨਾਂ?” ਮਹਿੰਦਰ ਸਿੰਘ ਨੇ ਪੁੱਛਿਆ।
“ਮੈਂ ਹੀ ਦੱਸਿਆ ਸੀ, ਮੈਂ ਘਰੋਂ ਤੰਗੀ ਦੀ ਤਾਂ ਕੋਈ ਗੱਲ ਨਹੀਂ ਕਹੀ।” ਪਤਨੀ ਨੇ ਸਪਸ਼ਟ ਕੀਤਾ।
“ਚੁਗ਼ਲਖ਼ੋਰ ਭੋਰਾ ਖੰਭ ਚੁੱਕਦੇ ਹਨ, ਅੱਗੇ ਖੰਭਾਂ ਦੀਆਂ ਡਾਰਾਂ ਬਣਾ ਦਿੰਦੇ ਹਨ। ਚੁਗਲਖੋਰ ਕਲਾਕਾਰ ਹੁੰਦੇ ਨੇ।” ਮਹਿੰਦਰ ਸਿੰਘ ਬੋਲਿਆ, ‘‘ਮੈਂ ਪੈਂਤੀ ਚਾਲੀ ਸਾਲ ਦੀ ਨੌਕਰੀ ਕਰਕੇ ਅੱਛੀ ਖਾਸੀ ਪੈਨਸ਼ਨ ਲੈਨਾ। ਮੈਂ ਆਪਣੀ ਸਿਹਤ, ਮਨ, ਬੱਚਿਆਂ ਦੀ ਖ਼ੁਸ਼ੀ ਲਈ ਸੇਵਾਮੁਕਤੀ ਪਿੱਛੋਂ ਆਪਣੀ ਮਰਜ਼ੀ ਨਾਲ ਨੌਕਰੀ ਨਹੀਂ ਕੀਤੀ। ਤੂੰ ਕਿਵੇਂ ਸੋਚ ਲਿਆ ਕਿ ਉਮਰ ਭਰ ਵਿਗਿਆਨ ਦਾ ਵਿਸ਼ਾ ਪੜ੍ਹਾਉਦਾ ਰਿਹਾ ਬੰਦਾ, ਕਿਸੇ ਦਕੀਆਨੂਸੀ ਫਰੇਬੀ ਬਾਬੇ ਕੋਲੋਂ ਨਾਮ ਲੈ ਲਵੇਗਾ। ’ਕੱਲੇ ਰੱਬ ਦੇ ਨਾਂ ਨਾਲ ਗ਼ਰੀਬਾਂ ਨੂੰ ਪੈਸੇ ਨਹੀਂ ਜੁੜਦੇ। ਬਿਰਲੇ, ਟਾਟੇ, ਤੂੰ ਸਮਝਦੀ ਐਂ ਬਈ ਹਰ ਵੇਲੇ ਭਜਨ ਬੰਦਗੀ ਕਰਦੇ ਰਹਿੰਦੇ ਹੋਣਗੇ? ਯੋਜਨਾਵਾਂ ਬਣਾ ਕੇ, ਨਿਪੁੰਨਤਾ ਹਾਸਲ ਕਰਕੇ, ਮਿਹਨਤ ਕਰਨ ਨਾਲ ਰਿਜ਼ਕ ਜੁੜਦਾ ਹੈ। ਮੈਂ ਮੰਨਦਾ ਹਾਂ ਕਿ ਪੂਜਾ ਪਾਠ ਕਿਸੇ ਕੰਮ ਵਿੱਚ ਤੁਹਾਡਾ ਫੋਕਸ ਜ਼ਰੂਰ ਬਣਾਉਂਦੇ ਹੋਣਗੇ। ਤੁਹਾਡੇ ਅੰਦਰ ਪਹਿਲਾਂ ਹੀ ਮੌਜੂਦ ਖਿੰਡੀਆਂ ਊਰਜਾਵਾਂ ਨੂੰ ਇਕੱਤਰ ਕਰ ਦਿੰਦੇ ਹੋਣਗੇ। ਸੂਰਜ ਦੀਆਂ ਕਿਰਨਾਂ ਨੂੰ ਇਕੱਤਰ ਕਰਕੇ ਇੱਕ ਉੱਤਲ ਲੈਂਜ ਜਿਵੇਂ ਅੱਗ ਪੈਦਾ ਕਰ ਦਿੰਦਾ ਹੈ।”
ਮਹਿੰਦਰ ਸਿੰਘ ਦੀ ਪੜ੍ਹਾਈ ਵਿਗਿਆਨ, ਅੱਜ ਉਸ ਦੀ ਪਤਨੀ ਦੇ ਪੱਲੇ ਪਈ ਸੀ। ਉਸ ਨੇ ਮਹਿੰਦਰ ਸਿੰਘ ਅੱਗੇ ਹੱਥ ਜੋੜੇ ਅਤੇ ਬੋਲੀ, ‘‘ਮੈਂ ਤਾਂ ਤੈਨੂੰ ਐਵੇਂ ਹੀ ਸਮਝਦੀ ਸੀ, ਤੂੰ ਤਾਂ ਬਾਹਲਾ ਈ ਸਿਆਣਾ ਏਂ, ਅਜੇ ਵੀ।”
“ਹੋਰ ਰਿਟਾਇਰ ਹੋ ਕੇ ਬੰਦਾ ਕੂੜਾ ਥੋੜ੍ਹਾ ਬਣ ਜਾਂਦਾ। ਜਦ ਘਰ ਦੇ ਹੀ ਉਸ ਨੂੰ ਬੋਝ ਮੰਨਣ ਲੱਗ ਜਾਣ ਤਾਂ ਦੂਜੇ ਲੋਕ ਉਸ ਨੂੰ ਕੀ ਮੰਨਣਗੇ?” ਮਹਿੰਦਰ ਸਿੰਘ ਜਿਵੇਂ ਗਲੋਟੇ ਵਾਂਗ ਉੱਧੜ ਪਿਆ, “ਪਰ ਤੇਰੀ ਨਾਂਹ ਪੱਖੀ ਸੋਚ ਮੈਨੂੰ ਕਿਸੇ ਦਿਸ਼ਾ ’ਚ ਤੁਰਨ ਨਹੀਂ ਦਿੰਦੀ।” ਪਤਨੀ ਨੂੰ ਮਹਿੰਦਰ ਸਿੰਘ ਤੋਂ ਭੈਅ ਆਉਣ ਲੱਗਾ। ਉਹ ਉੱਥੋਂ ਉੱਠੀ ਅਤੇ ਘਰੋਂ ਬਾਹਰ ਚਲੀ ਗਈ। ਮਹਿੰਦਰ ਨੇ ਸੋਚਿਆ- ਖੌਰੇ ਕਿਸੇ ਲਾਲ ਕਿਤਾਬ ਵਾਲੇ ਵੱਲ ਨਾ ਤੁਰ ਗਈ ਹੋਵੇ। ਅੱਗੇ ਵੀ ਉਸ ਨੇ ਮੇਰੀ ਅਤੇ ਆਪਣੀ ਫੋਟੋ ਨੂੰ ਰਬੜ ਪਾ ਕੇ ਸ਼ਹਿਦ ਦੀ ਸ਼ੀਸ਼ੀ ਵਿੱਚ ਸਾਲ ਭਰ ਡੁਬੋ ਕੇ ਰੱਖੀ ਸੀ।
ਘੰਟੇ ਕੁ ਮਗਰੋਂ ਉਸ ਦੀ ਪਤਨੀ ਜਦ ਦੇਹਲੀ ਅੰਦਰ ਵੜੀ ਤਾਂ ਉਸ ਨੇ ਸੁਖ ਦਾ ਸਾਹ ਲਿਆ। ਹੌਲੀ ਦੇਣੀ ਬੋਲੀ, ‘‘ਗੁਰਦੁਆਰੇ ਮੱਥਾ ਟੇਕ ਕੇ ਆਈ ਆਂ। ਮੇਰੇ ਤਾਂ ਜੀ ਕੰਨਾਂ ’ਚੋਂ ਧੂੰਆਂ ਜਿਹਾ ਨਿਕਲਣ ਲੱਗ ਪਿਆ ਸੀ। ਲਓ ਪ੍ਰਸਾਦ ਲੈ ਲਓ, ਤੁਸੀਂ ਗੁੱਸੇ ਨਾ ਹੋਇਆ ਕਰੋ।” ਮਹਿੰਦਰ ਸਿੰਘ ਨੇ ਦੋਵੇਂ ਹੱਥਾਂ ਨਾਲ ਪਤਨੀ ਤੋਂ ਪ੍ਰਸਾਦ ਲੈ ਕੇ ਟੀਵੀ ਲਗਾ ਲਿਆ। ਹੁਣ ਉਹ ਉਸ ਵੱਲ ਦੇਖੀ ਜਾ ਰਹੀ ਸੀ। ਬੋਲਦੀ ਕੁਝ ਨਹੀਂ ਸੀ।
ਈ ਮੇਲ: mayer_hk@yahoo.com