ਦਰਸ਼ਨ ਸਿੰਘ
ਸ਼ੌਕ ਮੇਰੇ ਦੋ ਹੀ ਸਨ। ਕਿਤਾਬਾਂ ਖਰੀਦਣੀਆਂ ਅਤੇ ਪੜ੍ਹਨਾ। ਮੇਰੇ ਲਈ ਇਹ ਕਿਸੇ ਨਿਆਮਤ ਤੋਂ ਘੱਟ ਨਹੀਂ ਸੀ। ਵਿਹਲ ਸਮੇਂ ਵਿਹਲੀਆਂ ਗੱਲਾਂ-ਗੱਪਾਂ ਮਾਰਨ ਨਾਲੋਂ ਕਿਤਾਬਾਂ ਪੜ੍ਹਨ ’ਚ ਮੇਰੀ ਵਧੇਰੇ ਰੁਚੀ ਸੀ। ਮਨ ਦਾ ਸਕੂਨ ਵੀ ਮੈਨੂੰ ਕਿਤਾਬਾਂ ਵਿੱਚੋਂ ਹੀ ਲੱਭਦਾ।
ਕਿਤਾਬ ਦੀ ਕੋਈ ਗੱਲ ਸ਼ੁਰੂ ਹੋ ਜਾਵੇ, ਖ਼ੁਸ਼ੀ ’ਚ ਫੁੱਲਿਆ ਨਾ ਸਮਾਉਂਦਾ। ਨੀਂਦ ਆਉਂਦੀ ਹੋਵੇ ਤਾਂ ਵੀ ਉੱਠ ਕੇ ਬੈਠ ਜਾਂਦਾ ਜਿਵੇਂ ਕੋਈ ਚਿਰੋਕਣੀ ਰੀਝ ਪੂਰੀ ਹੋ ਰਹੀ ਹੋਵੇ।
‘‘ਕਿੰਨੀਆਂ ਕੁ ਕਿਤਾਬਾਂ ਹੁਣ ਤੱਕ ਪੜ੍ਹ ਲਈਆਂ? ਕਿਹੜੀਆਂ ਕਿਤਾਬਾਂ ਵਧੇਰੇ ਪਸੰਦ ਨੇ? ਕਿੰਨੇ ਸਫ਼ੇ ਰੋਜ਼ ਪੜ੍ਹ ਲੈਂਦੇ ਹੋ? ਵਕਤ ਮਿਲ ਜਾਂਦਾ ਹੈ? ਕਵਿਤਾ ਚੰਗੀ ਲੱਗਦੀ ਹੈ ਕਿ ਕਹਾਣੀ?’’ ਕੋਈ ਪੁੱਛਦਾ ਤਾਂ ਮੈਨੂੰ ਜਾਪਦਾ ਕਿ ਇਸ ਤੋਂ ਬਿਨਾਂ ਹੋਰ ਵਧੀਆ ਗੱਲ ਕੋਈ ਹੋ ਹੀ ਨਹੀਂ ਸਕਦੀ।
ਉਂਝ ਵੀ ਕੁਝ ਕਿਤਾਬਾਂ ਜ਼ਿੰਦਗੀ ਨੂੰ ਅਗਾਂਹ ਤੋਰਦੀਆਂ ਹਨ। ਪੜ੍ਹਨ ਲੱਗੋ ਤਾਂ ਸਾਰੀ ਕਿਤਾਬ ਪੜ੍ਹ ਕੇ ਹੀ ਸੌਂਈਂਦਾ…। ਦੂਜੇ ਪਾਸੇ ਕਿਤਾਬਾਂ ਤੋਂ ਦੂਰੀ ਬਣਾਈ ਰੱਖਣ ਵਾਲੇ ਵੀ ਕੋਈ ਘੱਟ ਨਹੀਂ ਹਨ। ਕਿਤਾਬ ਹੱਥ ’ਚ ਆ ਵੀ ਜਾਵੇ, ਕਿਤਾਬ ਦੀ ਸੋਹਣੀ ਦਿੱਖ ਨੂੰ ਇਉਂ ਬਣਾ ਦੇਣਗੇ ਜਿਵੇਂ ਵੇਚਣ ਲਈ ਰੱਦੀ ਹੋਵੇ। ਕਿਤਾਬਾਂ ਇਨ੍ਹਾਂ ਨੂੰ ਆਪਣੇ ਘਰਾਂ ’ਚ ਫਾਲਤੂ ਜਿਹੀ ਵਸਤ ਜਾਪਦੀਆਂ ਹਨ। …ਤੇ ਕਈ ਅਜਿਹੇ ਵੀ ਦੇਖੇ ਹਨ ਜੋ ਪੜ੍ਹਨ ਲਈ ਕਿਤਾਬਾਂ ਮੰਗ ਤਾਂ ਲੈਂਦੇ ਹਨ, ਮੋੜਨਾ ਭੁੱਲ ਹੀ ਜਾਂਦੇ ਹਨ। ਕਿਤਾਬ ਰੱਖੀ ਕਿੱਥੇ ਹੈ, ਇਹ ਵੀ ਚੇਤਾ ਨਹੀਂ ਹੁੰਦਾ। ਮੰਗਣ ਜਾਉ ਤਾਂ ਕਦੇ ਸਿਰਹਾਣੇ ਚੁੱਕ ਚੁੱਕ ਦੇਖਣਗੇ, ਕਦੇ ਚਾਦਰ ਦਰੀਆਂ। ‘‘ਇੱਥੇ ਰੱਖੀ ਸੀ, ਉੱਥੇ ਰੱਖੀ ਸੀ। ਪਤਾ ਨਹੀਂ ਕੌਣ ਲੈ ਗਿਆ…’’ ਆਦਿ।
ਇੰਨੀ ਲਾਪ੍ਰਵਾਹੀ, ਇੰਨੀ ਗ਼ੈਰ-ਜ਼ਿੰਮੇਵਾਰੀ…!
ਮੈਂ ਆਪਣੇ ਆਪ ਨੂੰ ਹੁਣ ਤੱਕ ਕਿਤਾਬਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੋੜੀ ਰੱਖਿਆ ਹੈ। ਚੌੜੇ ਬਜ਼ਾਰ ’ਚੋਂ ਲੰਘਦਿਆਂ ਮੈਂ ਕਿਤਾਬਾਂ ਦੀ ਦੁਕਾਨ ’ਚ ਬੜੀ ਤੇਜ਼ੀ ਨਾਲ ਇਉਂ ਪੈਰ ਪਾਉਂਦਾ ਜਿਵੇਂ ਕੋਈ ਮੈਨੂੰ ਮਿਲਣ ਲਈ ਮੇਰੀ ਉਡੀਕ ਵਿੱਚ ਅੱਖਾਂ ਵਿਛਾ ਕੇ ਬੈਠਾ ਹੋਵੇ। ਚਾਅ ਚਾਅ ਵਿੱਚ ਹੀ ਇੱਕ ਇੱਕ ਕਰ ਕੇ ਮੈਂ ਕਈ ਕਿਤਾਬਾਂ ਇਕੱਠੀਆਂ ਕਰ ਲਈਆਂ। ਸਿਲੇਬਸ ਤੋਂ ਬਾਹਰ ਦੀਆਂ ਫਾਲਤੂ ਕਿਤਾਬਾਂ ਪੜ੍ਹਨ ਕਾਰਨ ਮਾਪਿਆਂ ਦੀਆਂ ਝਿੜਕਾਂ ਵੀ ਝੱਲਣੀਆਂ ਪੈਂਦੀਆਂ ਪਰ ਆਪਣੇ ਸ਼ੌਕ ਦਾ ਘੋੜਾ ਮੈਂ ਜਿਉਂ ਦਾ ਤਿਉਂ ਭਜਾਈ ਰੱਖਿਆ… ਉੁਮਰ ਦੀ ਚੜ੍ਹਦੀ ਸਵੇਰ ਤੋਂ ਹੁਣ ਦੀ ਢਲਦੀ ਸ਼ਾਮ ਤੱਕ।
ਉਦੋਂ ਮੇਰੇ ਵਿਆਹ ਦੀ ਗੱਲ ਮੇਰੇ ਮਾਪੇ ਮੇਰੇ ਨਾਲ ਸਾਂਝੀ ਕਰਨ ਲੱਗੇ ਸਨ। ਮੇਰਾ ਨਿੱਕਾ ਭਰਾ ਮੈਥੋਂ ਪਹਿਲਾਂ ਵਿਆਹਿਆ ਗਿਆ ਸੀ। ਇਸੇ ਵਜ੍ਹਾ ਕਰਾਨ ਮੈਂ ਹਰ ਵੇਲੇ ਮਾਪਿਆਂ ਨੂੰ ਚਿੰਤਾਗ੍ਰਸਤ ਦੇਖਦਾ। ਆਖ਼ਰ ਇੱਕ ਕੁੜੀ ਦੀ ਦੱਸ ਪਈ। ਦੇਖ-ਦਿਖਾਈ ਦਾ ਦਿਨ ਆਇਆ। ਪੜ੍ਹੀ ਲਿਖੀ ਸੁਨੱਖੀ ਕੁੜੀ ਨੂੰ ਮੈਂ ਪਸੰਦ ਆ ਗਿਆ ਤੇ ਮੈਨੂੰ ਉਹ। ‘‘ਕਿਤਾਬਾਂ ਬਹੁਤ ਪੜ੍ਹਦਾ ਸਾਡਾ ਮੁੰਡਾ। ਹੱਸਦਾ ਵੀ ਘੱਟ ਹੈ…।’’ ਮੇਰੀ ਭੈਣ ਨੇ ਮੇਰੇ ਸੁਭਾਅ ਬਾਰੇ ਉਨ੍ਹਾਂ ਨੂੰ ਦੱਸਿਆ। ‘‘ਸੋਚ ਲਉ। ਵਿਆਹੀ ਮਗਰੋਂ ਤਾਂ ਫੇਰ ਨਾ ਕਿਹੋ… ਆਖ ਨੀ ਨਨਾਣੇ ਤੇਰੇ ਵੀਰ ਨੂੰ ਕਦੇ ਤਾਂ ਭੈੜਾ ਹੱਸਿਆ ਕਰੇ…।’’ ਭੈਣ ਦੀ ਗੱਲ ਸੁਣ ਕੇ ਉਹ ਹੱਸਦੀ ਹੋਈ ਮੈਨੂੰ ਹੋਰ ਵੀ ਸੋਹਣੀ ਲੱਗੀ। ਤੇ ਫਿਰ ਜ਼ਿੰਦਗੀ ਦੇ ਇਸ ਨਵੇਂ ਰਿਸ਼ਤੇ ਲਈ ਹੁੰਗਾਰਾ ਭਰਦੀਆਂ ਦੋਵੇਂ ਧਿਰਾਂ ਬੜੀਆਂ ਖ਼ੁਸ਼ ਸਨ। ਵਿਆਹ ਪਿੱਛੋਂ ਇਸ ਕੁੜੀ ਨੇ ਕਿਤਾਬਾਂ ਨੂੰ ਪੜ੍ਹਿਆ ਹੀ ਨਹੀਂ ਸਗੋਂ ਜਾਪਿਆ ਜਿਵੇਂ ਪੂਜਿਆ ਹੋਵੇ। ਕਈ ਸ਼ਬਦ, ਕਈ ਵਾਕ ਅਸੀਂ ਕਿਤਾਬਾਂ ’ਚੋਂ ਆਪਣੇ ਮਨਾਂ ਵਿੱਚ ਲਾਹੇ। ‘‘ਦੇਖੋ ਕਿੰਨਾ ਖ਼ੂਬਸੂਰਤ ਲਿਖਿਆ…!’’ ਕਦੇ ਮੈਂ ਉਸ ਨੂੰ ਕਹਿੰਦਾ, ਕਦੇ ਉਹ ਮੈਨੂੰ। ਕਿਤਾਬਾਂ ਪੜ੍ਹਨ ਦੇ ਪਲ ਸਾਨੂੰ ਅਨੂਠੀ ਖ਼ੁਸ਼ੀ ਨਾਲ ਭਰ ਦਿੰਦੇ।
ਉਦੋਂ ਮੈਂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਗੁਜ਼ਾਰੇ ਜੋਗਾ ਇੱਕ ਤੰਗ ਜਿਹਾ ਕਮਰਾ ਸੀ। ਨਿੱਕੀ ਜਿਹੀ ਅਲਮਾਰੀ, ਕੰਧ ਨਾਲ ਡਾਹਿਆ ਇੱਕ ਮੰਜਾ ਤੇ ਸਾਰੀਆਂ ਕਿਤਾਬਾਂ ਖੂੰਜੇ ’ਚ ਪਏ ਮੇਜ਼ ’ਤੇ ਧਰੀਆਂ ਸਨ। ਕਈ ਵਾਰ ਕੋਈ ਕਿਤਾਬ ਭੁੰਜੇ ਵੀ ਡਿੱਗ ਪੈਂਦੀ। ਚੁੱਕ ਕੇ ਅਸੀਂ ਬੜੇ ਅਦਬ ਨਾਲ ਥਾਂ ਸਿਰ ਧਰਦੇ। ਔਖੇ ਸਮੇਂ ਕਿਤਾਬਾਂ ਮੇਰੇ ਨਾਲ ਹੀ ਰਹੀਆਂ। ਇੱਕ ਰਾਤ ਚੂਹੇ ਨੇ ਮੇਰੀ ਕਿਤਾਬ ਦੇ ਕੁਝ ਪੰਨੇ ਕੁਤਰ ਦਿੱਤੇ। ਕਿਤਾਬ ਪੜ੍ਹਨਯੋਗ ਹੀ ਨਾ ਰਹੀ। ਇਹ ਕਿਤਾਬ ਲੈਣ ਲਈ ਮੈਨੂੰ ਯੂਨੀਵਰਸਿਟੀ ਜਾਣਾ ਪਿਆ। ਰੂਹ ਨੂੰ ਮਿਲੀ ਬੇਚੈਨੀ ਇਸ ਨਵੀਂ ਕਿਤਾਬ ਨਾਲ ਹੀ ਸ਼ਾਂਤ ਹੋਈ।
ਹੁਣ ਤਾਂ ਮੇਰਾ ਆਪਣਾ ਮਕਾਨ ਸੀ। ਸ਼ੀਸ਼ੇ ਦੀ ਅਲਮਾਰੀ ਵਿੱਚ ਸਜੀਆਂ ਕਿਤਾਬਾਂ ਮੈਨੂੰ ਘਰ ਵਿੱਚ ਸਭ ਤੋਂ ਵਧੀਆ ਤੇ ਖ਼ੂਬਸੂਰਤ ਜਾਪਦੀਆਂ। ਇੱਕ ਦਿਨ ਕੋਈ ਮੈਨੂੰ ਮਿਲਣ ਆਇਆ। ਉਸ ਨੇ ਕਿਹਾ, ‘‘ਇੰਨੀਆਂ ਕਿਤਾਬਾਂ, ਅਖ਼ਬਾਰਾਂ ਤੋਂ ਤੂੰ ਹੁਣ ਕੀ ਲੈਣਾ ਹੈ? ਸਿਉਂਕ ਲਈ ਘਰ ਦੇ ਬੂਹੇ ਖੋਲ੍ਹ ਦਿੱਤੇ ਤੂੰ ਤਾਂ।’’
ਰਾਤ ਭਰ ਉਸ ਦੀ ਇਹ ਗੱਲ ਮੇਰੀਆਂ ਸੋਚਾਂ ਵਿੱਚ ਘੁੰਮਦੀ ਰਹੀ। ਚੱਜ ਨਾਲ ਨੀਂਦ ਵੀ ਨਾ ਪਈ। ਪਾਸੇ ਮਾਰਦਾ ਰਿਹਾ। ਸੁੱਤੀ ਪਈ ਪਤਨੀ ਨੂੰ ਜਗਾਇਆ। ਦਿਮਾਗ਼ੀ ਬੋਝ ਲਾਹੁਣ ਲਈ ਗੱਲ ਸਾਂਝੀ ਕੀਤੀ। ‘‘ਲੋਕਾਂ ਦੀ ਹਰ ਗੱਲ ਨੂੰ ਦਿਲ ’ਤੇ ਨਾ ਲਾਈਦਾ, ਨਾ ਮਨ ’ਚ ਰੱਖੀਦੀ ਹੈ… ਸਿਉਂਕ ਤਾਂ ਇਨ੍ਹਾਂ ਦੇ ਦਿਮਾਗ਼ ਨੂੰ ਚੜ੍ਹੀ ਐ। ਸੌ ਸਿਆਣੇ ਇੱਕੋ ਮੱਤ, ਮੂਰਖਾਂ ਆਪੋ ਆਪਣੀ। ਕਿਤਾਬਾਂ ਤੋਂ ਬਿਨਾਂ ਵੀ ਘਰ, ਘਰ ਹੁੰਦੇ ਨੇ?’’
ਪਤਾ ਮੈਨੂੰ ਵੀ ਸੀ ਕਿ ਹਰ ਗੱਲ ਜਾਂ ਸ਼ੌਕ ਹਰ ਕਿਸੇ ਦੀ ਸਮਝ ਆਉਣ ਵਾਲਾ ਨਹੀਂ ਹੁੰਦਾ। ‘‘ਪੜ੍ਹੇ ਬਿਨਾਂ ਕੋਈ ਕਿਵੇਂ ਜਾਣੂੰ ਕਿ ਕਿਤਾਬਾਂ ਕੀ ਹੁੰਦੀਆਂ ਨੇ… ਸਿਉਂਕ ਹੀ ਦਿਸਣੀ ਐ ਉਨ੍ਹਾਂ ਨੂੰ ਤਾਂ।’’ ਪਤਨੀ ਦੀ ਗੱਲ ਸੁਣ ਕੇ ਮਨ ਨੂੰ ਸ਼ਾਂਤੀ, ਥੋੜ੍ਹਾ ਕੁ ਚੈਨ ਤੇ ਉਨੀਂਦਰੀਆਂ ਅੱਖਾਂ ਨੂੰ ਨੀਂਦ ਮਿਲੀ। ‘‘ਲੋਕਾਂ ਦੀ ਸੋਚ ਤੇ ਆਦਤ ਬਦਲਦਿਆਂ ਬਦਲਦਿਆਂ ਕੁਝ ਸਮਾਂ ਤਾਂ ਲੱਗੂ…।’’ ਹੁੰਗਾਰਾ ਭਰਦੇ ਮੈਂ ਕਿਹਾ।
ਫਿਰ ਸ਼ਾਮ ਨੂੰ ਦਫ਼ਤਰੋਂ ਮੁੜਦਿਆਂ ਮੈਂ ਇੱਕ ਹੋਰ ਨਵੀਂ ਕਿਤਾਬ ਲੈ ਆਇਆ… ਸਾਡੇ ਦੋਹਾਂ ਦੇ ਪੜ੍ਹਨ ਲਈ।
ਸੰਪਰਕ: 94667-37933