ਚੰਗੀ ਕਵਿਤਾ ਵਿੱਚ ਹਰ ਸ਼ਬਦ ਬੋਲਦਾ ਹੈ…
ਕਵੀ ਦੋਸਤੋ! ਮੁਬਾਰਕਬਾਦ!! ਤੁਸੀਂ ਭੀੜ ਅਤੇ ਸ਼ੋਰ ਭਰੇ ਵੇਲਿਆਂ ’ਚ ਇਕਾਂਤ ਅਤੇ ਚੁੱਪ ਨੂੰ ਥਾਂ ਦੇ ਰਹੇ ਹੋ। ਇਨ੍ਹਾਂ ਸਮਿਆਂ ਵਿੱਚ ਇਹ ਸਭ ਤੋਂ ਜ਼ਰੂਰੀ ਹੈ। ਤੁਸੀਂ ਇਹ ਜ਼ਰੂਰੀ ਕਾਰਜ ਕਰ ਰਹੇ ਹੋ।
ਮੈਂ ਅਨਾੜੀ ਭਾਸ਼ਣਕਾਰ ਹਾਂ। ਚੰਗਾ ਹੋਵੇ ਤੁਸੀਂ ਆਪਣੇ ਦਿਮਾਗ਼ ਤੋਂ ਛੁੱਟੀ ਲੈਕੇ ਦਿਲ ਦੇ ਸਕੂਲ ਵਿੱਚ ਦਾਖਲਾ ਲੈ ਲਓ। ਮੈਂ ਦਿਲ ਦੀਆਂ ਗੱਲਾਂ ਹੀ ਕਰਨੀਆਂ ਨੇ।
ਮੈਂ 52 ਕਵੀਆਂ ਦੀਆਂ ਕਵਿਤਾਵਾਂ ਨੂੰ ਸੁਣਿਆ ਹੈ? ਇਹ ਪ੍ਰਸ਼ਨ ਚਿੰਨ੍ਹ ਮੈਂ ਆਪ ਨਹੀਂ ਲਾਇਆ। ਇਹ ਸਹਿਜ ਸੁਭਾਅ ਆਪਣੇ ਆਪ ਲੱਗ ਗਿਆ।
ਕਵਿਤਾ ਇਉਂ ਹੀ ਕਰਦੀ ਹੈ। ਉਹ ਸਭ ਤੋਂ ਪਹਿਲਾਂ ਖ਼ੁਦ ਬਾਰੇ ਸੁਆਲ ਕਰਦੀ ਹੈ। ਆਪਣੇ ਹੋਣ ਤੇ ਨਾ ਹੋਣ ਬਾਰੇ ਸੁਆਲ। ਉਹ ਸ਼ਾਇਦ ਨਾ ਹੋਣ ’ਚ ਪਈ ਹੁੰਦੀ ਹੈ। ਹੋਣ ’ਚ ਕਿਧਰੇ ਗੁੰਮ ਗੁਆਚ ਜਾਂਦੀ ਹੈ। ਵੇਰਾ ਪਵਲੋਵਾ ਦਾ ਆਖਣਾ ਹੈ, “ਕਵਿਤਾ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸਿਰਫ਼ ਪਾਠਕ ਨੂੰ ਹੀ ਨਹੀਂ ਸਗੋਂ ਉਸਦੇ ਕਵੀ ਨੂੰ ਵੀ ਸ਼ੱਕ ਹੋਣ ਲੱਗ ਪਏ ਕਿ ‘ਕੀ ਇਹ ਕਵਿਤਾ ਹੈ’?” ਸੋ ਕਵਿਤਾ ਨਾ ਤਾਂ ਕੋਈ ਪਵਿੱਤਰ ਸ਼ੈਅ ਹੁੰਦੀ ਹੈ ਤੇ ਨਾ ਹੀ ਬਹੁਤ ਮਾਮੂਲੀ। ਕਵਿਤਾ ਦਾ ਆਪਣਾ ਸੰਸਾਰ ਹੁੰਦਾ ਹੈ। ਕਵੀ ਤੇ ਪਾਠਕ ਰਲ਼ ਕੇ ਤੇ ਅੱਡੋ ਅੱਡ ਹੋ ਕੇ ਇਸ ਸੰਸਾਰ ਵਿੱਚ ਵਿਚਰਦੇ ਨੇ। ਇਹ ਥੋੜ੍ਹੇ ਜਿਹੇ ਲੋਕ ਹੁੰਦੇ ਨੇ, ਤੁਸੀਂ ਉਹ ਥੋੜ੍ਹੇ ਜਿਹੇ ਹੋ ਜਿਨ੍ਹਾਂ ਕਰਕੇ ਇਹ ਸਮਾਜ ਸੁਹਣਾ ਤੇ ਸਾਵਾਂ ਹੈ।
ਕੀ ਕਵਿਤਾ ਨੂੰ ਪੜ੍ਹਿਆ/ਸੁਣਿਆ ਜਾ ਸਕਦਾ ਹੈ? ਕਵਿਤਾ ਨੂੰ ਪੜ੍ਹਨਾ, ਸੁਣਨਾ ਦਰਅਸਲ ਕਵਿਤਾ ਨੂੰ ਛੂਹਣਾ ਹੁੰਦਾ ਹੈ, ਕਵਿਤਾ ਨੂੰ ਆਉਂਦੇ ਜਾਂਦੇ ਸਾਹਾਂ ਵਾਂਗ ਵੇਖਣਾ ਹੁੰਦਾ ਹੈ। ਕਵਿਤਾ ਨੂੰ ਆਪਣੇ ਵਤੀਰੇ ਵਿੱਚ ਰਚਣਾ ਹੁੰਦਾ ਹੈ। ਇਸੇ ਲਈ ਜਾਪਾਨੀ ਸ਼ਾਇਰਾ ਮਾਚੀ ਤਵਾਰਾ ਨੇ ਆਖਿਆ ਹੈ ਕਿ ਜਿਉਣ ਵਿੱਚ ਕਵਿਤਾ ਪਈ ਹੈ ਤੇ ਕਵਿਤਾ ਵਿੱਚ ਜਿਉਣਾ…। ਅਨੀ ਕਾਠਗੜ੍ਹ ਦਾ ਸ਼ਿਅਰ ਹੈ:
ਮੈਂ ਕਈ ਰੰਗ ਟੋਲਦਾ ਫਿਰਦਾਂ
ਤਾਂ ਕਈ ਰੰਗ ਘੋਲਦਾ ਫਿਰਦਾਂ
ਕਈ ਰੰਗ ਟੋਲਣਾ ਤੇ ਕਈ ਰੰਗ ਘੋਲਣਾ ਸ਼ਾਇਰੀ ਦੀ ਸਿਰਜਣਾ ਹੈ। ਅਨੀ ਦਾ ਹਰ ਸ਼ਿਅਰ ਕਮਾਲ ਹੈ।
ਅਸੀਂ ਦੇਖਿਆ ਕਿ ਹਰ ਸੁਣਾਈ ਕਵਿਤਾ ’ਤੇ ਵਾਹ! ਵਾਹ!! ਦੀ ਦਾਦ ਮਿਲੀ ਹੈ। ਸਾਨੂੰ ਲੱਗਦਾ ਹੈ ਇਹੋ ਜ਼ਰੂਰੀ ਹੈ। ਅਸੀਂ ਤਾੜੀਆਂ ਦੀ ਗੁੰਜਾਰ ’ਚ ਗਿੱਝ ਚੁੱਕੇ ਹਾਂ। ਇਹਦਾ ਸੁਆਦ ਸਾਨੂੰ ਬਾਕੀ ਕਾਰਜਾਂ ਤੋਂ ਪਰ੍ਹਾਂ ਕਰ ਦਿੰਦਾ ਹੈ। ਖਾਣਾ ਖਾਂਦੇ ਅਸੀਂ ਇੱਕ ਦੂਜੇ ਨੂੰ ਫੇਰ ਵਧਾਈ ਦੇਵਾਂਗੇ ਤੇ ਘਰਾਂ ਨੂੰ ਵਾਪਸ ਪਰਤ ਜਾਵਾਂਗੇ। ਕੀ ਸਾਡੇ ਨਾਲ ਕੁਝ ਜਾਵੇਗਾ?
ਸੰਨਾਟਾ ਛਾ ਜਾਵੇ
ਜਦੋਂ ਕਵਿਤਾ ਸੁਣਾ ਕੇ ਹਟਾਂ
ਵਾਹ-ਵਾਹ ਵਾਲ਼ੇ
ਨਿਰਾਸ਼ ਹੋ ਘਰੇ ਮੁੜ ਜਾਣ
ਤੇ ਘਰ ਜਾ ਕੇ
ਮੇਰੀ ਕਵਿਤਾ ਨੂੰ ਸੁਣਨ ਉਵੇਂ
ਯਾਦ ਆਵੇ ਉਨ੍ਹਾਂ ਨੂੰ ਜਿਵੇਂ
ਉਵੇਂ ਹੀ ਸਹੀ
ਕੋਈ ਹਰਜ਼ ਨਹੀਂ।
ਰਘੁਵੀਰ ਸਹਾਏ ਦੀ ਇਸ ਕਵਿਤਾ ਵਿੱਚ ਕਿੰਨਾ ਵੱਡਾ ਸੱਚ ਹੈ। ਕਵਿਤਾ ਦਰਅਸਲ ਉਹੀ ਹੁੰਦੀ ਹੈ ਜੋ ਪਾਠਕ ਦੇ ਨਾਲ ਜਾਂਦੀ ਹੈ, ਭਾਵੇਂ ਕਿਸੇ ਰੂਪ ’ਚ ਹੀ ਕਿਉਂ ਨਾ। ਇਹ ਸੰਨਾਟਾ ਉਸ ਚੀਕ ਨੂੰ ਥਾਂ ਦਿੰਦਾ ਹੈ ਜੋ ਸਾਡੇ ਸੰਘ ’ਚ ਮੁੱਦਤ ਤੋਂ ਫਸੀ ਹੋਈ ਸੀ। ਭੀੜ ਤੇ ਸ਼ੋਰ ਤਾਂ ਚੀਕ ਨੂੰ ਵੀ ਕਿਤੇ ਧੁਰ ਹੇਠਾਂ ਦੱਬ ਦਿੰਦੀ ਹੈ। ਇਸ ਤਰ੍ਹਾਂ ਰੌਲੇ ’ਚ ਹੋਰ ਰੌਲਾ ਵਧ ਜਾਂਦਾ ਹੈ। ਭੀੜ ਵਿਸਥਾਰ ਲੈ ਲੈਂਦੀ ਹੈ।
ਪੰਜਾਬੀ ’ਚ ਗਿਣਤੀ ਦੇ ਕਵੀ ਹੋਣਗੇ ਜੋ ਰਘੁਵੀਰ ਸਹਾਏ ਵਾਂਗ ਸੋਚਦੇ ਸਮਝਦੇ ਹਨ। ਤੁਹਾਨੂੰ ਵੀ ਕਈ ਵਾਰ ਇਸੇ ਤਰ੍ਹਾਂ ਲੱਗਿਆ ਹੋਵੇਗਾ ਕਿ ਜਿਹੜੀ ਕਵਿਤਾ ’ਤੇ ‘ਵਾਹ ਵਾਹ’ ਬਹੁਤ ਹੋਈ, ਜਦੋਂ ਘਰੇ ਜਾ ਕੇ ਮੁੜ ਪੜ੍ਹੀ, ਉਸ ਵਿੱਚੋਂ ਕੁਝ ਨਹੀਂ ਲੱਭਦਾ ਤੇ ਜਿਹੜੀ ਕਵਿਤਾ ਇੱਥੇ ਸੁਣਦਿਆਂ ਲੱਗਿਆ ਕਿ ਕੁਝ ਨਹੀਂ, ਕਿਸੇ ਨੇ ‘ਵਾਹ ਵਾਹ’ ਨਹੀਂ ਆਖੀ, ਪਰ ਉਹੀ ਕਵਿਤਾ ਜਦੋਂ ਘਰ ਜਾ ਕੇ ਪੜ੍ਹਦੇ ਹਾਂ ਤਾਂ ਲੱਗਦਾ ਹੈ ਇਹ ਤਾਂ ਬਹੁਤ ਕਮਾਲ ਦੀ ਕਵਿਤਾ ਹੈ, ਬਹੁਤ ਡੂੰਘੀ, ਗਹਿਰੇ ਅਰਥ ਸਿਰਜਦੀ। ਇੱਥੇ ਸਾਨੂੰ ਇਹ ਗੱਲ ਵੀ ਸਮਝ ਪੈਂਦੀ ਹੈ ਕਿ ਹੁਣ ਅਸੀਂ ਸਰੋਤੇ ਦੀ ਬਜਾਇ ਪਾਠਕ ਹੋਣ ਵੱਲ ਮੁੜੀਏ। ਕਿਸੇ ਰਚਨਾ ਦੇ ਧੁਰ ਜਾਣ ਲਈ ਅੱਖਾਂ ਦਾ ਕਾਰਜ ਵੀ ਜ਼ਰੂਰੀ ਹੈ। ਨਾਲੇ ਕਵਿਤਾ ਤਾਂ ਸ਼ਬਦਾਂ ਤੋਂ ਵੱਧ ਸ਼ਬਦਾਂ ਤੋਂ ਬਾਹਰ ਹੁੰਦੀ ਹੈ, ਉਸ ਖਾਲੀ ਥਾਂ ਵਿੱਚ ਜੋ ਇੱਕ ਸ਼ਬਦ ਤੋਂ ਦੂਜੇ ਸ਼ਬਦ ਦੇ ਵਿਚਕਾਰ ਹੁੰਦੀ ਹੈ।
ਸ਼ਬਦ ਦੀ ਘਾੜਤ ਅਨੋਖੀ ਹੈ ਜਿਹੜੀ ਮਨੁੱਖ ਨੂੰ ਦੂਜੇ ਜੀਵਾਂ ਤੋਂ ਵੱਖਰਾ ਕਰਦੀ ਹੈ। ਸ਼ਬਦ ਦੀ ਇਹ ਖ਼ੂਬਸੂਰਤੀ ਵੀ ਹੈ ਤੇ ਸੀਮਾ ਵੀ। ਇਹ ਘੜੇ ਜਾਣ ਤੋਂ ਬਾਅਦ ਆਪਣੇ ‘ਘਾੜੇ’ ਤੋਂ ਵੀ ਵੱਖ ਹੋ ਜਾਂਦਾ ਹੈ ਸੁਤੰਤਰ। ਇਹ ਕਿਸੇ ਇੱਕ ਅਰਥ ਵਿੱਚ ਬੱਝਿਆ ਨਹੀਂ ਰਹਿੰਦਾ। ਕਾਵਿ ਸ਼ਬਦ ਤਾਂ ਸਗੋਂ ਬਹੁ-ਅਰਥੀ ਤੇ ਬਹੁ-ਪਰਤੀ ਹੁੰਦਾ ਹੈ।
ਕਵਿਤਾ ਬਾਰੇ ਇਹ ਚਰਚਾ ਵੀ ਹੁਣ ਪੁਰਾਣੀ ਹੋ ਗਈ ਹੈ ਕਿ ਗਦ/ਪਦ ਦੀ ਕਵਿਤਾ। ਕਵਿਤਾ, ਕਵਿਤਾ ਹੁੰਦੀ ਹੈ। ਕਈ ਵਾਰ ਪਦ ਸਿਰਫ਼ ਤੁਕਬੰਦੀ ਹੁੰਦਾ ਹੈ, ਕਵਿਤਾ ਨਹੀਂ। ਤੇ ਕਈ ਵਾਰ ਗਦ ਦੀਆਂ ਤੁਕਾਂ ਨੂੰ ਜਿਵੇਂ ਮਰਜ਼ੀ ਛੋਟੀਆਂ ਵੱਡੀਆਂ, ਉਪਰ ਥੱਲੇ ਕਰ ਲਵੋ ਉਹ ਗਦ ਹੀ ਰਹਿੰਦੀਆਂ ਨੇ ਕਵਿਤਾ ਨਹੀਂ ਬਣਦੀਆਂ। ਕਵਿਤਾ ਨੂੰ ਭਾਵੇਂ ਤੁਸੀਂ ਗਦ ਵਾਂਗ ਲਿਖ ਲਓ, ਉਹ ਕਵਿਤਾ ਹੀ ਰਹੇਗੀ। ਸਵਾਮੀ ਸਰਬਜੀਤ ਦੀ ਅੱਜ ਪੜ੍ਹੀ ਗਈ ਕਵਿਤਾ ‘ਧਰਮ ਦਾ ਘਿਓ’ ਇਸ ਪ੍ਰਸੰਗ ਵਿੱਚ ਦੇਖੀ ਜਾ ਸਕਦੀ ਹੈ:
ਮੇਰੀ ਰੁੱਖੀ-ਸੁੱਕੀ ਰੋਟੀ ’ਤੇ
ਕੋਈ ਚੋਪੜ ਜਾਂਦੈ ਧਰਮ ਦਾ ਘਿਓ
ਫੇਰ ਮੈਂ ਰੋਟੀ ਖਾਂਦਾ ਨਹੀਂ
ਬਸ ਬਚਾਉਂਦਾ ਰਹਿ ਜਾਨਾਂ।
ਇਹਨੇ ਸਦਾ ਕਵਿਤਾ ਹੀ ਰਹਿਣਾ ਹੈ। ਵਿਅੰਗਮਈ ਸੁਰ ਦੀ ਗਹਿਰੀ ਕਵਿਤਾ। ਇੱਥੇ ਹੀ ਅਸੀਂ ਰਣਧੀਰ ਦੀ ‘ਸਾਂਚਾ’, ਸੀਰਤਪਾਲ ਦੀ ‘ਏਨੀ ਕੁ ਹੈ ਮੇਰੀ ਦੁਨੀਆ’, ਦਵੀ ਸਿੱਧੂ ਦੀ ਉਂਗਲ ਕੱਟੇ ਜਾਣ ਵਾਲੀ ਕਵਿਤਾ, ਰਿਸ਼ੀ ਹਿਰਦੇਪਾਲ ਦੀਆਂ ਛੋਟੀਆਂ ਕਵਿਤਾਵਾਂ, ਜੋਗਿੰਦਰ ਨੂਰਮੀਤ ਦੀਆਂ ਕਵਿਤਾਵਾਂ ਦੇਖ, ਮਾਣ ਤੇ ਸਮਝ ਸਕਦੇ ਹਾਂ।
ਦੂਜੇ ਪਾਸੇ ਤੁਕਬੰਦੀ ਦੀਆਂ ਕਿੰਨੀਆਂ ਉਦਾਹਰਣਾਂ ਇਸ ਮਹਿਫ਼ਿਲ ਵਿੱਚੋਂ ਵੀ ਦਿੱਤੀਆਂ ਜਾ ਸਕਦੀਆਂ ਹਨ, ਪਰ ਮੈਨੂੰ ਲੱਗਦਾ ਹੈ ਇਸ ਦੀ ਲੋੜ ਨਹੀਂ। ਖ਼ੈਰ! ਕਾਰਲ ਸੈਂਡਬਰਗ ਦੀ ਕਵਿਤਾ ਬਾਰੇ ਆਖੀ ਗੱਲ ਸਾਨੂੰ ਸਦਾ ਯਾਦ ਰੱਖਣੀ ਚਾਹੀਦੀ ਹੈ: ਕਵਿਤਾ ਉਸ ਸਮੁੰਦਰੀ ਜੀਵ ਦੀ ਡਾਇਰੀ ਹੈ ਜੋ ਥਲ ’ਤੇ ਰਹਿੰਦਾ ਹੈ ਅਤੇ ਕਾਮਨਾ ਕਰਦਾ ਹੈ ਕਿ ਉਹ ਉੱਡ ਸਕੇ। ਸ਼ਾਇਦ ਉਹ ਕਦੇ ਨਾ ਕਦੇ ਉੱਡ ਹੀ ਜਾਵੇਗਾ। ਕਵਿਤਾ ਦਿਲ ਦੀ ਸ਼ੈਅ ਹੈ, ਜਦੋਂ ਹੀ ਇਹਦੇ ਵਿੱਚ ਦਿਮਾਗ਼ ਦਖਲ ਦਿੰਦਾ ਹੈ ਇਹ ਚਲੀ ਜਾਂਦੀ ਹੈ। ਸਿੰਘ ਮਾਨਸ ਦੀ ‘ਚਾਹ ਦਾ ਕੱਪ’ ਕਮਾਲ ਦੀ ਕਵਿਤਾ ਹੈ। ਉਹ ਸਾਜ਼ ਦੀ ਵੀ ਵਰਤੋਂ ਕਰਦਾ ਸੁਹਣਾ ਲਗਦਾ ਹੈ, ਪਰ ਜਦੋਂ ਉਹ ‘ਮਾਂ ਬੋਲੀ’ ਨਾਂ ਦੀ ਕਵਿਤਾ ਲਿਖਣ/ਸੁਣਾਉਣ ਲੱਗਦਾ ਹੈ ਤਾਂ ਦਿਮਾਗ਼ ਕੋਲ ਆ ਜਾਂਦਾ ਹੈ, ਪਰ ਕਵਿਤਾ ਦਿਲ ਦੀ ਬੋਲੀ ਹੈ। ਕਵਿਤਾ ਫਿਰ ਕਵਿਤਾ ਨਹੀਂ ਰਹਿੰਦੀ। ਕਵੀਆਂ ਲਈ ਸਬਰ, ਸੰਜਮ, ਸਹਿਜ ਤੇ ਸੁਹਜ ਦਾ ਹੋਣਾ ਜ਼ਰੂਰੀ ਹੈ।
ਹਿੰਦੀ ਸ਼ਾਇਰਾ ਬਾਬੂਸ਼ਾ ਕੋਹਲੀ ਦੀ ਇਹ ਗੱਲ ਸਭ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ: ਜੇਕਰ ਭਿੱਜੇ ਬਿਨਾ ਮੀਂਹ ਲਿਖੋਂਗੇ ਤਾਂ ਕਾਗਜ਼ ਸੁੱਕਾ ਰਹਿ ਜਾਵੇਗਾ।
ਕਵਿਤਾ ਦਾ ਸੰਬੋਧਨ ਚੰਗਾ ਹੈ ਲਿੰਗ/ਪੁਲਿੰਗ ਤੋਂ ਪਾਰ ਦਾ ਹੋਵੇ। ਇੱਕ ਗੱਲ ਹੋਰ ਵੀ ਧਿਆਨ ਵਿੱਚ ਰੱਖਣੀ ਬਣਦੀ ਹੈ ਕਿ ਇਸ਼ਕ ਦੀ ਕਵਿਤਾ ਵਿੱਚ ਚੰਗਾ ਹੈ ‘ਇਸ਼ਕ’ ਸ਼ਬਦ ਨਾ ਆਵੇ। ਇਸ਼ਕ ਪੂਰੀ ਕਵਿਤਾ ਵਿੱਚ ਦਿਖਾਈ ਦੇਵੇ। ਬਰਤੋਲਤ ਬਰੈਖ਼ਤ ਆਖਦਾ ਹੈ ਕਿ ਮਜ਼ਦੂਰ ਸ਼ਬਦ ਲਿਖਣ ਨਾਲ ਕੋਈ ਕਵਿਤਾ ਕਮਿਊਨਿਸਟ ਨਹੀਂ ਹੋ ਜਾਂਦੀ। ਬਵੰਜਾ ਕਵੀਆਂ ’ਚੋਂ ਅੱਧੋਂ ਵੱਧ ਕਵੀਆਂ ਨੂੰ ਸੁਣਦਿਆਂ ਪਾਕਿਸਤਾਨੀ ਕਵਿਤਾ/ਗ਼ਜ਼ਲ ਦੀ ਸੁਰ ਸੁਣਦੀ ਰਹੀ?
ਕਵੀਆਂ ਦਾ ਸੁਤੰਤਰ ਹੋਣਾ ਉਨ੍ਹਾਂ ਦੀ ਪਹਿਲੀ ਸ਼ਰਤ ਹੈ। ਹਰ ਅਹਿਸਾਸ, ਅਨੁਭਵ ਹਰ ਸ਼ਬਦ ਉਹ ਕਵਿਤਾ ਵਿੱਚ ਲਿਖ/ਵਰਤ ਸਕਦਾ ਹੈ। ਇਹਦੇ ਲਈ ਉਹਨੂੰ ਕਿਸੇ ਤੋਂ ਨਾ ਤਾਂ ਆਗਿਆ ਦੀ ਲੋੜ ਹੈ ਤੇ ਨਾ ਹੀ ਕਿਸੇ ਤੋਂ ਝਿਜਕਣ ਦੀ। ਇੱਥੇ ਹਰਪ੍ਰੀਤ ਕੌਰ ਸੰਧੂ ਦੀ ਕਵਿਤਾ ‘ਚਰਿੱਤਰਹੀਣ’ ਦਾ ਜ਼ਿਕਰ ਜ਼ਰੂਰੀ ਹੈ। ਕਵਿਤਾ ਲਿਖਣ ਦਾ ਇੱਕ ਢੰਗ ਇਹ ਵੀ ਹੈ ਕਿ ਕਵੀ ਆਪਣੇ ਅਨੁਭਵਾਂ/ਅਹਿਸਾਸਾਂ ਨੂੰ ਖੁੱਲ੍ਹ ਕੇ, ਬਿਨਾ ਕਿਸੇ ਸੰਪਾਦਨ ਦੇ ਲਿਖੇ। ਹਸਨ ਨਾਂ ਦਾ ਨੌਜੁਆਨ ਕਵੀ ਕਮਾਲ ਕਰ ਗਿਆ। ਉਹਦਾ ਹਰ ਸ਼ਿਅਰ ਬਹੁਤ ਡੂੰਘੇ ਉਤਰ ਜਾਣ ਵਾਲਾ ਹੈ। ਨਵੇਂ ਤਾਜ਼ਾ ਬਿੰਬ ਪ੍ਰਤੀਕ:
ਜਦ ਵੀ ਤੂੰ ਨਜ਼ਰਾਂ ਘੁਮਾ ਕੇ ਵੇਖਿਆ
ਸੈਲਫ਼ ਦੇ ਵਾਂਙੂੰ ਸਜਾ’ਤੀ ਜ਼ਿੰਦਗੀ
ਰੱਬ ਨੇ ਜੋ ਮੌਤ ਸਿਰਜੀ, ਗ਼ਲਤ ਹੈ
ਰੱਬ ਦੀ ਇਕ ਹੋਰ ਗ਼ਲਤੀ, ਜ਼ਿੰਦਗੀ
ਅਨੁਭਵ ਤੇ ਚਿੰਤਨ ਦਾ ਸੁਮੇਲ ਕਵਿਤਾ ਨੂੰ ਵੱਖਰੀ ਰੰਗਤ ਦਿੰਦਾ ਹੈ। ਇਸ ਸ਼ਿੱਦਤ ’ਚੋਂ ਆਈ ਕਵਿਤਾ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਇੱਥੇ ਬੰਦਾ ਸੱਚ ਨਾਲੋਂ ਵੱਡੇ ਸੱਚ ਦੇ ਸਨਮੁੱਖ ਹੁੰਦਾ ਹੈ। ਜ਼ਿੰਦਗੀ ਨੂੰ ਧੜਕਦਾ ਮਹਿਸੂਸ ਕਰਦਾ ਹੈ। ਮਨਜੀਤ ਸੂਖਮ ਦੀ ਕਵਿਤਾ ‘ਪਿਤਾ’ ਸਿਰਫ਼ ਮੈਨੂੰ ਹੀ ਨਹੀਂ ਤੁਹਾਨੂੰ ਵੀ ਆਪਣੇ ਨੇੜੇ ਤੇੜੇ ਮਹਿਸੂਸ ਹੋਈ ਹੋਵੇਗੀ:
ਪਿਤਾ, ਧਰਤੀ ਹੇਠਲਾ ਨਹੀਂ
ਧਰਤੀ ਉਤਲਾ ਬਲਦ ਹੈ
ਜਿਸ ਦੇ ਮੋਢਿਆਂ ’ਤੇ
ਭੁੱਖਾਂ ਤੇਹਾਂ ਰੀਝਾਂ
ਸੁਪਨਿਆਂ ਦੇ ਅਨੇਕਾਂ ਥੰਮ ਖੜ੍ਹੇ ਹੁੰਦੇ।
ਕਵਿਤਾ ਨਿੱਜੀ ਹੋਣ ਦੇ ਬਾਵਜੂਦ ਸਮਾਜਿਕ ਉਪਜ ਵੀ ਹੁੰਦੀ ਹੈ। ਕਵਿਤਾ ਆਪਣੇ ਅਹਿਸਾਸਾਂ ਨੂੰ ਸਮਾਜਿਕ ਬਣਾਉਣ ਦਾ ਯਤਨ ਹੈ। ਇਸ ਤਰ੍ਹਾਂ ਕਵਿਤਾ
ਵਾਰਤਕ ਦੇ ਉਲਟ ਸੁਝਾਵਾਂ ਭਰਪੂਰ ਬਣ ਕੇ ਅਰਥਾਂ ਦੀਆਂ ਭਿੰਨ ਭਿੰਨ ਪਰਤਾਂ ਪੇਸ਼ ਕਰਦੀ ਹੈ। ਚੰਗੀ ਕਵਿਤਾ ਇੱਕ ਪਲ ਨੂੰ ਅਨੰਤ ਵਿੱਚ ਬਦਲ ਦਿੰਦੀ ਹੈ। ਬਕੌਲ ਸੀਤਾਕਾਂਤ ਮਹਾਪਤਰ, ਚੰਗੀ ਕਵਿਤਾ ਵਿੱਚ ਹਰ ਸ਼ਬਦ ਬੋਲਦਾ ਹੈ।
ਕਵਿਤਾ, ਕਵਿਤਾ ਦੇ ਗੁਆਂਢ ਵਿੱਚ ਰਹਿੰਦੀ ਹੈ। ਇਸ ਲਈ ਲੇਖਕ ਬਣਨ ਤੋਂ ਪਹਿਲਾਂ ਪਾਠਕ ਹੋਣਾ ਜ਼ਰੂਰੀ ਹੈ। ਸਮਕਾਲੀ ਪੰਜਾਬੀ ਤੇ ਭਾਰਤੀ ਕਵਿਤਾ
ਦੇ ਨਾਲ ਨਾਲ ਵਿਸ਼ਵ ਕਵਿਤਾ ਨਾਲ ਜੁੜਨਾ ਚਾਹੀਦਾ ਹੈ। ਅੱਜ ਦੇ ਅੰਤਰਜਾਲ ਦੇ ਯੁੱਗ ਵਿੱਚ ਇਹ ਕਾਰਜ ਔਖਾ ਨਹੀਂ।
ਕਵਿਤਾਵਾਂ ਬਾਬਤ ਦੋ ਕਵਿਤਾਵਾਂ ਸੁਣੋ (ਪੜ੍ਹੋ) ਤੇ ਕਵਿਤਾ ਨਾਲ ਸਦਾ ਇੱਕਮਿੱਕ ਰਹੋ।
ਜਿਵੇਂ ਮਨ ਕਰੇ ਓਵੇਂ ਲਿਖੋ
ਪੁਲ ਹੇਠੋਂ ਬਹੁਤ ਖ਼ੂਨ ਵਹਿ ਚੁੱਕਿਆ ਹੈ
ਇਹ ਮੰਨਦਿਆਂ
ਕਿ ਸਿਰਫ਼ ਇੱਕੋ ਰਾਹ ਸਹੀ ਹੈ
ਕਵਿਤਾ ਵਿੱਚ ਸਭ ਕੁਝ ਸੰਭਵ ਹੈ
ਬਸ਼ਰਤੇ ਕਿ ਤੁਹਾਨੂੰ ਕੋਰਾ ਕਾਗਜ਼
ਬਿਹਤਰ ਕਰਨਾ ਪਵੇਗਾ…
– ਨਿਕਾਨੋਰ ਪਾਰਰਾ
* * *
ਉਸਨੇ ਚਾਹ ਦਾ ਪੈਕਟ ਲਿਆ
ਉਸ ਉੱਤੇ ਕਵਿਤਾ ਲਿਖ ਦਿੱਤੀ
ਇਹ ਠੀਕ ਵੀ ਸੀ
ਇੱਕ ਚੰਗੀ ਕਵਿਤਾ ਚੋਂ
ਚਾਹ ਦੀ ਸੁਗੰਧ ਆਉਣੀ ਚਾਹੀਦੀ ਹੈ
ਜਾਂ ਕੱਚੀ ਮਿੱਟੀ ਦੀ
ਜਾਂ ਹੁਣੇ ਚੀਰੀ ਲੱਕੜ ਦੀ।
– ਓਲਾਵੇ ਐਚ ਹਾਓਗੇ (ਨਾਰਵੇ)
ਪਿਆਰੇ ਨੌਜੁਆਨ ਦੋਸਤੋ! ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਨੇ, ਦਰਅਸਲ ਇਹ ਮੈਂ ਆਪਣੇ ਆਪ ਨਾਲ ਹੀ ਕੀਤੀਆਂ ਨੇ… ਕਵਿਤਾ ਨੂੰ ਲਿਖਣ ਪੜ੍ਹਨ ਦਾ ਇੱਕ ਢੰਗ ਇਹ ਵੀ ਹੈ। ਬੰਦਾ ਤਿੰਨ ਘੰਟੇ ਸੁਣੀਆਂ ਸਾਰੀਆਂ ਕਵਿਤਾਵਾਂ ਯਾਦ ਨਹੀਂ ਰੱਖ ਸਕਦਾ। ਹੋ ਸਕਦਾ ਹੈ ਕੁਝ ਹੋਰ ਚੰਗੀਆਂ ਕਵਿਤਾਵਾਂ ਦਾ ਜ਼ਿਕਰ ਮੈਥੋਂ ਰਹਿ ਗਿਆ ਹੋਵੇ। ਗੁਸਤਾਖੀ ਮੁਆਫ਼।
ਈ-ਮੇਲ: poetgurpreet@gmail.com