ਪ੍ਰੋ. ਜਸਵੰਤ ਸਿੰਘ ਗੰਡਮ
ਮਹਾਨਕੋਸ਼ ਅਨੁਸਾਰ ਸ਼ਬਦ ‘ਮਰੁੰਡਾ’ ਭੁੰਨੀ ਹੋਈ ਕਣਕ ਨਾਲ ਗੁੜ ਮਿਲਾ ਕੇ ਬਣਾਇਆ ਹੋਇਆ ਪਿੰਨਾ ਹੁੰਦਾ ਹੈ ਜਿਸ ਨੂੰ ‘ਮੁਰੀਂਡਾ’ ਵੀ ਆਖਦੇ ਹਨ।
ਪਰ ਸਾਡੇ ਇਲਾਕੇ ਵਿੱਚ ਇਸ ਨੂੰ ਮਰੂੰਡਾ ਕਹਿੰਦੇ ਹਨ।
‘ਸਿਲਾ’ ਦਾ ਮੂਲ ਸੰਸਕ੍ਰਿਤ ਦਾ ਸ਼ਬਦ ‘ਸ਼ਿਲ’ ਹੈ ਜਿਸ ਦਾ ਅਰਥ ਖੇਤ ਵਿੱਚ ਡਿੱਗੇ ਜਾਂ ਖੇਤ ਵਿੱਚੋਂ ਚੁਗੇ ਹੋਏ ਦਾਣੇ ਹੈ। ਵੈਸੇ ਅਰਬੀ ਦੇ ਸ਼ਬਦ ‘ਸਿਲਹ’ ਦਾ ਅਰਥ ਇਨਾਮ ਜਾਂ ਬਖ਼ਸ਼ਿਸ਼ ਹੁੰਦਾ ਹੈ। ਸ਼ਿਲਾ ਪੱਥਰ ਜਾਂ ਵੱਟੇ ਨੂੰ ਕਹਿੰਦੇ ਹਨ। ਗੁਰਬਾਣੀ ਵਿੱਚ ਦਰਜ ਹੈ: ਸਿਲ ਪੂਜਸਿ ਬਗੁਲ ਸਮਾਧੰ।।; ਪੂਜਿ ਸਿਲਾ ਤੀਰਥ ਬਨ ਵਾਸਾ।।; ਅਤੇ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ।।
ਪਰ ਅਸੀਂ ਭੁੰਨੀ ਹੋਏ ਕਣਕ ਵਾਲੇ ਗੁੜ ਰਲਵੇਂ ਪਿੰਨੇ ਜਾਂ ਖੰਡ/ਗੁੜ ਦੀ ਚਾਸ਼ਨੀ ਵਿੱਚ ਕੜਕ ਜਿਹੀਆਂ ਫੁੱਲੀਆਂ ਨਾਲ ਬਣੇ ਮਰੂੰਡੇ ਦੀ ਗੱਲ ਨਹੀਂ ਕਰਨ ਲੱਗੇ ਸਗੋਂ ਇੱਕ ਵੱਖਰੀ ਕਿਸਮ ਦੇ ਮਰੂੰਡੇ ਬਾਰੇ ਦੱਸਣ ਲੱਗੇ ਹਾਂ।
ਸਾਡੇ ਬਚਪਨ ਵੇਲੇ ਸਾਡੇ ਇਲਾਕੇ ਦੀ ਬਹੁਤੀ ਖੇਤੀ ਬਰਾਨੀ ਹੁੰਦੀ ਸੀ, ਭਾਵ ਪਾਣੀ ਦੀ ਕਮੀ ਹੁੰਦੀ ਸੀ। ਅਜੇ ਟਿਊਬਵੈੱਲਾਂ ਦਾ ਦੌਰ ਨਹੀਂ ਸੀ ਆਇਆ ਅਤੇ ਸਿੰਜਾਈ ਦਾ ਸਾਧਨ ਹਲਟ/ਖੂਹ ਹੀ ਹੁੰਦੇ ਸਨ। ਹਲਟ ਵੀ ਹਰੇਕ ਵਾਹੀਕਾਰ ਕੋਲ ਨਹੀਂ ਸਨ ਹੁੰਦੇ।
ਸਿੰਜਾਈ ਦੇ ਸਾਧਨ ਅਤਿ ਸੀਮਿਤ ਹੋਣ ਅਤੇ ਫਸਲ-ਬਾੜੀ ਵਰਖਾ ਉੱਪਰ ਨਿਰਭਰ ਹੋਣ ਕਾਰਨ ਆਮ ਕਰਕੇ ਛੋਲਿਆਂ ਅਤੇ ਬਾਜਰੇ ਦੀ ਫਸਲ ਹੀ ਬੀਜੀ ਜਾਂਦੀ ਸੀ। ਹਾਂ, ਉਹੀ ਬਾਜਰਾ ਜਿਸ ਬਾਰੇ ਪੰਜਾਬੀ ਗੀਤ ਹੈ: ‘ਬਾਜਰੇ ਦਾ ਸਿੱਟਾ ਨੀ ਅਸਾਂ ਤਲੀ ’ਤੇ ਮਰੋੜਿਆ/ ਰੁਠੜਾ ਜਾਂਦਾ ਮਾਹੀਆ ਨੀ ਅਸਾਂ ਗਲੀ ਵਿੱਚੋਂ ਮੋੜਿਆ’।
ਇਹ ਦੋਵੇਂ ਫਸਲਾਂ ਘੱਟ ਪਾਣੀ ਮੰਗਦੀਆਂ ਹਨ। ਟਿੱਬਿਆਂ, ਧੋੜਿਆਂ, ਰੇਤ ਵਾਲੇ ਖੇਤਾਂ ਵਿੱਚ ਇਹ ਫਸਲਾਂ ਜਾਂ ਮੂੰਗਫਲੀ ਆਮ ਬੀਜੀਆਂ ਜਾਂਦੀਆਂ ਸਨ।
ਕਣਕ ਵੀ ਬੀਜਦੇ ਸਨਠ ਪਰ ਝਾੜ ਬਹੁਤਾ ਨਹੀਂ ਸੀ ਹੁੰਦਾ।
ਵਾਢੀ ਦਾਤਰੀ ਨਾਲ ਹੱਥੀਂ ਕੀਤੀ ਜਾਂਦੀ ਸੀ ਅਤੇ ਗਹਾਈ ਫਲ੍ਹਿਆਂ ਨਾਲ। ਹਾਰਵੈਸਟਰ ਕੰਬਾਈਨਾਂ ਬਹੁਤ ਬਾਅਦ ’ਚ ਆਈਆਂ। ਕਣਕ ਦੀ ਵਾਢੀ ਮੁੱਕਣ ਸਮੇਂ ਬਹੁਤੇ ਕਿਸਾਨ ਆਖ਼ਰੀ ਖੇਤ ਵਿੱਚੋਂ ਇੱਕ ਕੋਨਾ ਅਣਵੱਢਿਆ ਛੱਡ ਦਿੰਦੇ ਸਨ। ਇਸ ਨੂੰ ਸਾਡੇ ਇਲਾਕੇ ਵਿੱਚ ਮਰੂੰਡਾ ਕਿਹਾ ਜਾਂਦਾ ਸੀ।ਇਸ ਨੂੰ ਜਾਂ ਤਾਂ ਵਾਢੇ ਹੀ ਮਰੁੰਡ ਲੈਂਦੇ ਸਨ ਤੇ ਜਾਂ ਇਸ ਦੀ ਉਡੀਕ ਵਿੱਚ ਬੈਠੇ ਬਾਲ ਇਸ ਉੱਪਰ ਝਪਟ ਪੈਂਦੇ ਸਨ ਅਤੇ ਅੱਖ ਦੇ ਫੋਰ ਵਿੱਚ ਇਹ ਅਣਵੱਢਿਆ ਕੋਨਾ ਰੁੰਡ-ਮਰੁੰਡ ਹੋ ਜਾਂਦਾ ਸੀ।
ਕਣਕ ਜਾਂ ਛੋਲਿਆਂ ਦੀ ਪੱਕੀ ਫਸਲ ਵੱਢਣ ਵੇਲੇ ਛੋਲਿਆਂ ਅਤੇ ਕਣਕ ਦੇ ਕਈ ਦਾਣੇ ਜਾਂ ਕਣਕ ਦੇ ਸਿੱਟੇ (ਬੱਲੀਆਂ) ਖੇਤਾਂ ਵਿੱਚ ਡਿੱਗ ਪੈਂਦੇ ਸਨ।ਇਨ੍ਹਾਂ ਨੂੰ ਵੀ ਬੱਚੇ ਚੁਗ ਲੈਂਦੇ ਸਨ। ਮਰੂੰਡਾ ਅਤੇ ਸਿਲਾਂ ਮਿਲ ਕੇ 6-7 ਸੇਰ ਕਣਕ/ਛੋਲੇ ਹਰੇਕ ਦੀ ਝੋਲੀ ਪੈ ਜਾਂਦੇ ਸਨ। ਬਹੁਤੇ ਤਾਂ ਇਸ ਨੂੰ ਘਰ ਲੈ ਜਾਂਦੇ ਸਨ, ਪਰ ਕਈ ਹੱਟੀ ’ਤੇ ਵੇਚ ਕੇ ‘ਚੀਜੀ’ ਲੈ ਲੈਂਦੇ ਸਨ। ਇਹ ਚੀਜੀ ਬਹੁਤੀ ਮਰੂੰਡਾ, ਮੂੰਗਫਲੀ, ਰਿਉੜੀਆਂ, ਗੱਚਕ, ਰਸ ਵਾਲੀਆਂ ਗੋਲੀਆਂ ਆਦਿ ਹੁੰਦੀਆਂ ਸਨ।
ਉਹ ਸਮੇਂ ਦਾਣਿਆਂ ਵੱਟੇ ਸੌਦਾ ਮਿਲਣ ਦੇ ਸਮੇਂ ਸਨ, ਜਾਣੀ ਵਟਾਂਦਰਾ ਪ੍ਰਣਾਲੀ (ਬਾਰਟਰ ਸਿਸਟਮ) ਦੇ। ਹਰ ਸੌਦਾ ਹੀ ਦਾਣਿਆਂ ਵੱਟੇ ਮਿਲਦਾ ਸੀ। ਨਕਦੀ ਦਾ ਰਿਵਾਜ ਬੜੀ ਦੇਰ ਬਾਅਦ ਪਿਆ। ਉਦੋਂ ਨਕਦੀ ਹੁੰਦੀ ਹੀ ਕਿਸੇ ਕਰਮਾਂ ਵਾਲੇ ਕੋਲ ਸੀ। ਦਾਦੀਆਂ-ਮਾਵਾਂ ਨੂੰ ਹਿਸਾਬ-ਕਿਤਾਬ ਦੀ ਜਾਣਕਾਰੀ ਹੁੰਦੀ ਸੀ ਕਿ ਕਿਸ ਸੌਦੇ ਲਈ ਕਿੰਨੇ ਦਾਣੇ ਦੇਣੇ ਪੈਣਗੇ।ਸਬਜ਼ੀ-ਭਾਜੀ, ਫਲ ਅਤੇ ਗੋਲੀ ਵਾਲਾ ਬੱਤਾ (ਸਾਡੇ ਵੇਲੇ ਦਾ ਵੀ.ਆਈ.ਪੀ. ਕੋਲਡ ਡਰਿੰਕ) ਆਦਿ ਸਭ ਦਾਣਿਆਂ ਵੱਟੇ ਮਿਲਦੇ ਸਨ।
ਅਸੀਂ ਆਪਣੇ ਖੇਤਾਂ ਵਿੱਚੋਂ ਆਪ ਸਿਲਾਂ ਚੁਗਦੇ ਰਹੇ ਹਾਂ, ਛੋਲਿਆਂ ਦੀਆਂ ਵੀ ਅਤੇ ਕਣਕ ਦੇ ਸਿੱਟਿਆਂ ਦੀਆਂ ਵੀ। ਸਿੱਟਿਆਂ ’ਚੋਂ ਦਾਣੇ ਕੱਢ ਲਈਦੇ ਸਨ ਤੇ ਛੋਲੇ ਕੱਢੇ-ਕਢਾਏ ਹੀ ਮਿਲ ਜਾਂਦੇ ਸਨ, ਭਾਵ ਦਾਣੇ ਹੀ ਡਿੱਗੇ ਹੋਏ ਮਿਲ ਜਾਂਦੇ ਸਨ।
ਸਸਤੇ ਸਮੇਂ ਸਨ। ਥੋੜ੍ਹੇ ਜਿਹੇ ਦਾਣਿਆਂ ਨਾਲ ਬੜਾ ਕੁਝ ਆ ਜਾਂਦਾ ਸੀ। ਕਦੇ ਨਕਦੀ ਨਾ ਹੋਣ ਦਾ ਅਹਿਸਾਸ ਹੀ ਨਹੀਂ ਸੀ ਹੋਇਆ। ‘ਪੌਕਟ ਮਨੀ’ ਸ਼ਬਦ ਤਾਂ ਕਦੇ ਸੁਣਿਆ ਹੀ ਨਹੀਂ ਸੀ। ਇਹ ਬਿਮਾਰੀ/ਚਸਕਾ ਤਾਂ ਕਈ ਸਾਲਾਂ ਬਾਅਦ ਸ਼ੁਰੂ ਹੋਈ/ਪਿਆ, ਮਾਂ-ਬਾਪ ਕੋਲ ਮਾਇਆ ਆਉਣ ਮਗਰੋਂ ਜਾਂ ਗਿਣਤੀ ਦੇ ਦੋ ਕੁ ਬੱਚਿਆਂ ਦੇ ਲਾਡ-ਪਿਆਰ ਕਾਰਨ। ਸਾਡੇ ਵੇਲੇ ਬੱਚੇ ਵੀ ਸੁੱਖ ਨਾਲ 5-7 ਤੇ ਕਈ ਵਾਰ ਹੋਰ ਵੀ ਵਧੇਰੇ ਗਿਣਤੀ ਵਿੱਚ ਹੁੰਦੇ ਸਨ।ਬਾਪ, ਦਾਦਾ ਖੇਤੀ ’ਚੋਂ ਗੁਜ਼ਾਰੇ ਜੋਗਾ ਕਮਾਉਂਦੇ ਸਨ, ਨਕਦੀ ਨਾਂ-ਮਾਤਰ ਹੀ ਹੁੰਦੀ ਸੀ, ਇੰਨੇ ਸਾਰੇ ਚੌਣੇ ਨੂੰ ਲਾਡ-ਪਿਆਰ ਕੋਈ ਕਿੰਨਾ ਕੁ ਕਰ ਸਕਦਾ ਸੀ। ਵੈਸੇ ਵੀ ‘ਖੂੰਡੇ ਵਾਲੇ ਬਾਬੇ’ ਦੀ ਕਮਾਂਡ ਹੁੰਦੀ ਸੀ ਤੇ ਹਰ ਘਰ ’ਚ ਹੀ ਅਜਿਹਾ ‘ਕਮਾਂਡਰ’ ਹੁੰਦਾ ਸੀ। ਕਿਸੇ ਦੀ ਮਜਾਲ ਨਹੀਂ ਸੀ ਕਿ ਕੋਈ ਕੁਸਕ ਵੀ ਜਾਏ। ਉਦੋਂ ਮਾਂ-ਬਾਪ ਘਰ ਔਲਾਦ ਹੁੰਦੀ ਸੀ, ਅੱਜ ਵਾਂਗ ਨਹੀਂ ਕਿ ਬੇਟਾ ਬਾਪ ਬਣ ਕੇ ਮਾਂ-ਬਾਪ ਘਰ ਪੈਦਾ ਹੁੰਦਾ ਹੋਵੇ। ਕਹਿਣ ਤੋਂ ਮੇਰੀ ਮੁਰਾਦ ਹੈ ਕਿ ਪਹਿਲਾਂ ਪਰਿਵਾਰ ਉੱਪਰ ਕਿਸੇ ਇੱਕ ਵਡੇਰੇ ਦਾ ਕੰਟਰੋਲ ਹੁੰਦਾ ਸੀ, ਜੋ ਹੁਣ ਬਹੁਤ ਘਟ ਗਿਆ ਹੈ।
‘ਅਲੂਣੀ ਸਿਲ ਚੱਟਣੀ’ ਅਤੇ ‘ਸਿਲੇਹਾਰ ਨੂੰ ਸਿਲੇਹਾਰ ਨਹੀਂ ਭਾਉਂਦੀ’ ਇਸ ਵਰਤਾਰੇ ਨਾਲ ਸਬੰਧਤ ਮੁਹਾਵਰੇ ਹਨ। ਗੁਰਬਾਣੀ ’ਚ ਦਰਜ ਹੈ ਕਿ ‘ਸਿਲ ਜੋਗੁ ਅਲੂਣੀ ਚਟੀਐ’ ਭਾਵ ਜੋਗ ਸਭ ਰਸ ਤਿਆਗ ਕੇ ਜੀਵਨ ਬਸਰ ਕਰਨ ’ਚ ਹੈ (ਇੱਥੇ ਇਸ ਪੂਰੀ ਟੂਕ ‘ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ’ ਵਿੱਚ ਅਰਥ ਹੈ ਕਿ ਭਾਈ ਲਹਿਣਾ ਜੀ ਗੁਰੂ ਦੇ ਹੁਕਮ ਅਨੁਸਾਰ ਹੀ ਸਭ ਕਰਦੇ ਸਨ ਅਤੇ ਜੋਗੀਆਂ ਵਾਂਗ ਸਭ ਰਸ ਤਿਆਗ ਕੇ ਜੀਵਨ ਬਸਰ ਕਰਦੇ ਸਨ)।
ਕਿਹਾ ਜਾਂਦਾ ਹੈ ਕਿ ਕੁਝ ਧਰਮ ਸ਼ਾਸਤਰਾਂ ਵਿੱਚ ਚੁਗੇ ਹੋਏ ਦਾਣਿਆਂ ਵਾਲੇ ਅੰਨ ਦਾ ਖਾਣਾ ਸਾਦਗੀ ਪੱਖੋਂ ਉੱਤਮ ਮੰਨਿਆ ਜਾਂਦਾ ਹੈ। ਅਜਿਹਾ ਅੰਨ ਜੇ ਬੇਲੂਣਾ ਵੀ ਹੋਵੇ ਤਾਂ ਬੇਸੁਆਦਾ ਵੀ ਹੁੰਦੈ, ਭਾਵਅਰਥ ਰਸਾਂ-ਕਸਾਂ ਨੂੰ ਤਿਆਗ ਕੇ ਸਾਦਾ ਜੀਵਨ ਬਤੀਤ ਕਰਨਾ ਹੀ ਹੈ।
ਅਜਿਹੇ ਅੰਨ ਨਾਲ ਨਿਰਬਾਹ ਕਰਨ ਵਾਲੇ ਨੂੰ ‘ਸਿਲਸਿਤ’ ਕਿਹਾ ਜਾਂਦਾ ਹੈ, ਜੋ ਸੰਸਕ੍ਰਿਤ ਦੇ ਸ਼ਬਦਾਂ ‘ਸ਼ਿਲ ਅਸ਼ਿਤ੍ਰ’ ਤੋਂ ਬਣਿਆ ਹੈ। ਪਰ ਸ਼ਬਦ ‘ਸਿਲਾਸਿਤ’ ਦਾ ਅਰਥ ਸ਼ਿਲਾ (ਪੱਥਰ) ਉਪਰ ਘਸਾ ਕੇ ‘ਸ਼ਿਤ’ (ਤਿੱਖਾ) ਕੀਤਾ ਹੋਇਆ ਹੈ।
ਹੁਣ ਖੇਤੀ ਦਾ ਮਸ਼ੀਨੀ ਦੌਰ ਹੈ। ਨਕਦਨਾਮਾ ਵੀ ਹੋ ਗਿਆ ਹੈ, ਪਰ ਖਰਚੇ ਵੀ ਵਧ ਗਏ ਹਨ। ਅੱਜਕੱਲ੍ਹ ਮਰੂੰਡਾ ਜਾਂ ਸਿਲਾ ਸ਼ਾਇਦ ਹੀ ਕਿਧਰੇ ਹੋਣ।
ਪਰ ਆਪਣੀ ਮਿਹਨਤ ਨਾਲ ਚੁਗੇ ਦਾਣੇ ਵੇਚ ਕੇ ਮਨਪਸੰਦ ਸੁਆਦਲੇ ਪਦਾਰਥ ਖਾਣ ਉਪਰੰਤ ਜੋ ਸੁਆਦ ਅਤੇ ਸੁਰਗੀ ਝੂਟੇ ਆਉਂਦੇ ਸਨ ਉਹ ਹੁਣ ਵੀ ਯਾਦ ਕਰਕੇ ਭਾਵੁਕ ਹੋ ਜਾਈਦਾ ਹੈ।
ਸੰਪਰਕ: 98766-55055