ਕ੍ਰਿਸ਼ਨ ਕੁਮਾਰ*
ਸ਼ਾਇਦ ਫਰਵਰੀ 1985 ਦੇ ਅੰਤਲੇ ਦਿਨ ਸਨ। ਇੱਕ ਨੋਟਿਸ ਮੇਰੇ ਨਜ਼ਰੀਂ ਪਿਆ ਕਿ ਇੰਦਰਾ ਗਾਂਧੀ ਦੇ ਕੁਝ ਅਖੀਰਲੇ ਦਿਨਾਂ ਬਾਰੇ ਖੁਸ਼ਵੰਤ ਸਿੰਘ ਭਾਸ਼ਣ ਦੇ ਜਾ ਰਹੇ ਹਨ। ਜਗ੍ਹਾ ਸੀ ਪ੍ਰੈੱਸ ਕਲੱਬ ਆਫ ਇੰਡੀਆ। ਉਨ੍ਹੀਂ ਦਿਨੀਂ ਦਿੱਲੀ ਦੀ ਖ਼ੂਬਸੂਰਤ ਬਹਾਰ ਦੇ ਮੌਸਮ ਨੂੰ ਪ੍ਰਦੂਸ਼ਣ ਦੀ ਨਜ਼ਰ ਨਹੀਂ ਲੱਗੀ ਸੀ। ਜਦੋਂ ਮੈਂ ਪ੍ਰੈੱਸ ਕਲੱਬ ਪਹੁੰਚਿਆ ਤਾਂ ਇਸ ਦਾ ਲਾਅਨ ਪਹਿਲਾਂ ਹੀ ਖਚਾਖਚ ਭਰ ਚੁੱਕਾ ਸੀ। ਦੁਪਹਿਰ ਢਲਣ ਵਾਲੀ ਸੀ ਅਤੇ ਹਰੇ ਘਾਹ ’ਤੇ ਪਿੱਛੇ ਖਾਲੀ ਪਈਆਂ ਕੁਰਸੀਆਂ ਦੇਖ ਕੇ ਮੈਂ ਵੀ ਬੈਠ ਗਿਆ।
ਖੁਸ਼ਵੰਤ ਨੇ ਆਪਣੀ ਦਮਦਾਰ ਤੇ ਵਿਦਵਾਨੀ ਆਵਾਜ਼ ਵਿੱਚ ਲੰਮਾ ਭਾਸ਼ਣ ਦਿੱਤਾ। ਉਸ ਦੇ ਕਾਲਮ ‘ਵਿਦ ਮੈਲਿਸ ਟੁਵਰਡਜ਼ ਵਨ ਐਂਡ ਆਲ’ ਅਤੇ ਉਸ ਦੇ ਚੁਟਕਲਿਆਂ ਕਰਕੇ ਉਹ ਮਸ਼ਹੂਰ ਹੋ ਚੁੱਕਾ ਸੀ ਪਰ ਜੋ ਲੋਕ ਦੋ ਜਿਲਦਾਂ ਵਿੱਚ ਸਿੱਖਾਂ ਦੇ ਇਤਿਹਾਸ ਬਾਰੇ ਜਾਣਦੇ ਸਨ, ਉਨ੍ਹਾਂ ਨੂੰ ਉਸ ਦੀ ਦਾਨਿਸ਼ਵਰੀ ਦਾ ਚੰਗੀ ਤਰ੍ਹਾਂ ਪਤਾ ਸੀ। ਉਸ ਸ਼ਾਮ ਉਹ ਚੁੱਪਚਾਪ ਸੁਣ ਰਹੇ ਸਰੋਤਿਆਂ ਨੂੰ ਉਹ ਸਾਰਾ ਬਿਰਤਾਂਤ ਦੱਸਦਾ ਰਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ ਅਤੇ ਦੇਸ਼ ਨੇ ਕਿਹੋ ਜਿਹੇ ਥਪੇੜਿਆਂ ਦਾ ਸਾਹਮਣਾ ਕੀਤਾ ਹੈ। ਉਸ ਦਾ ਕਹਿਣਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਸੰਕਟ ਦਾ ਫ਼ੌਜੀ ਹੱਲ ਕਰਨ ਦਾ ਇੰਦਰਾ ਦਾ ਫ਼ੈਸਲਾ ਬਹੁਤ ਹੀ ਗ਼ਲਤ ਸੀ।
ਉੱਥੇ ਬੈਠਾ ਹਰ ਸ਼ਖ਼ਸ ਜਾਣਦਾ ਸੀ ਕਿ ਖੁਸ਼ਵੰਤ ਸਿੰਘ, ਇੰਦਰਾ ਦਾ ਕਿੰਨਾ ਵਫ਼ਾਦਾਰ ਤੇ ਕਰੀਬੀ ਸੀ। ਖੁਸ਼ਵੰਤ ਅਤੇ ਕੁਝ ਹੋਰ ਲੋਕਾਂ ਨੇ ਸਥਿਤੀ ਨਾਲ ਸਿੱਝਣ ਲਈ ਕੁਝ ਬਦਲਵੇਂ ਢੰਗ ਸੁਝਾਏੇ ਸਨ। ਉਸ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਸ਼ੁਰੂ ਹੋਏ ਦੰਗਿਆਂ ਨੇ ਭਾਰਤੀ ਜਮਹੂਰੀਅਤ ਦੀ ਕਮਜ਼ੋਰ ਹਾਲਤ ਜੱਗ ਜ਼ਾਹਰ ਕਰ ਦਿੱਤੀ ਸੀ। ਸਿੱਖਾਂ ਖ਼ਿਲਾਫ਼ ਹਿੰਸਾ ਸਿਆਸਤ ਤੋਂ ਪ੍ਰੇਰਿਤ ਸੀ ਅਤੇ ਦਿੱਲੀ ਤੇ ਕਈ ਹੋਰਨਾਂ ਸ਼ਹਿਰਾਂ ਵਿੱਚ ਸਮੂਹਿਕ ਹੱਤਿਆਵਾਂ ਸ਼ਰ੍ਹੇਆਮ ਹੋਈਆਂ। ਤਿੰਨ ਸਾਲਾਂ ਬਾਅਦ ਜਦੋਂ ਸੈਮੀਨਾਰ ਦੇ ਪ੍ਰਬੰਧਕੀ ਨਿਰਦੇਸ਼ਕ ਰਾਜ ਥਾਪਰ ਚੱਲ ਵਸੇ ਤਾਂ ਖੁਸ਼ਵੰਤ ਨੇ ਆਪਣੇ ਕਾਲਮ ਵਿੱਚ ਲਿਖਿਆ ਸੀ ਕਿ ਦੰਗਿਆਂ ਕਾਰਨ ਉਨ੍ਹਾਂ ਦਾ ਕੈਂਸਰ ਰੋਗ ਇਕਦਮ ਵਧ ਗਿਆ ਸੀ।
ਮੈਂ ਉਸ ਨਾਲ ਸਹਿਮਤ ਸੀ। ਦਿੱਲੀ ਕਤਲੇਆਮ ਇੱਕ ਅਜਿਹਾ ਤਜਰਬਾ ਸੀ ਜਿਸ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਦੱਖਣੀ ਦਿੱਲੀ ਦੇ ਆਪਣੇ ਫਲੈਟ ਦੀ ਬਾਲਕੋਨੀ ’ਚੋਂ ਮੈਂ ਦੇਖਿਆ ਕਿ ਇੱਕ ਸਿੱਖ ਨੌਜਵਾਨ ਆਪਣੇ ਘਰ ਦੀ ਛੱਤ ’ਤੇ ਬਣੀ ਪਾਣੀ ਵਾਲੀ ਟੈਂਕੀ ਪਿੱਛੇ ਲੁਕਿਆ ਬੈਠਾ ਸੀ। ਉਸ ਦੀਆਂ ਦੋਵੇਂ ਬਾਹਵਾਂ ਆਪਣੇ ਛੋਟੇ ਬੱਚਿਆਂ ਦੁਆਲੇ ਫੈਲੀਆਂ ਹੋਈਆਂ ਸਨ ਜਦੋਂਕਿ ਹੇਠਾਂ ਪੌੜੀਆਂ ’ਤੇ ਵਹਿਸ਼ੀ ਭੀੜ ਘਰ ਦਾ ਦਰਵਾਜ਼ਾ ਭੰਨ ਰਹੀ ਸੀ। ਮੇਰੇ ਇੱਕ ਪੁਰਾਣੇ ਸਿੱਖ ਦੋਸਤ, ਜੋ ਮੱਧ ਪ੍ਰਦੇਸ਼ ਵਿੱਚ ਹਿੰਦੀ ਦਾ ਅਧਿਆਪਕ ਸੀ, ਦੀ ਛੋਟੀ ਭੈਣ ਸਾਡੇ ਕੋਲ ਰਹਿ ਰਹੀ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਸਾਡੀ ਨੌਕਰਾਣੀ ਨੂੰ ਪਤਾ ਲੱਗੇ ਕਿ ਉਹ ਮਹਿਜ਼ ਇੱਕ ਦੋਸਤ ਦੀ ਬੇਟੀ ਹੈ। ਇਸ ਲਈ ਮੈਂ ਆਪਣੇ ਦੋ ਸਾਲ ਦੇ ਪੁੱਤਰ ਨੂੰ ਕਿਹਾ ਕਿ ਉਹ ਉਸ ਨੂੰ ‘ਬੂਆ’ ਕਹਿ ਕੇ ਬੁਲਾਵੇ। ਮੈਂ ਉਸ ਨੂੰ ਆਖਿਆ ਕਿ ਉਹ ਬਾਲਕੋਨੀ ’ਚ ਨਾ ਆਵੇ। ਮੇਰੇ ਮਾਪਿਆਂ ਨੇ ਵੰਡ ਦੇ ਦਿਨ ਵੇਖੇ ਸਨ। ਉਨ੍ਹਾਂ ਉਸ ਬਾਰੇ ਮੈਨੂੰ ਕਦੇ ਕੁਝ ਨਾ ਦੱਸਿਆ। ਕੀ ਮੈਨੂੰ ਵੀ ਇੰਝ ਹੀ ਕਰਨਾ ਚਾਹੀਦਾ ਹੈ?
ਨਵੰਬਰ ਦੇ ਸ਼ੁਰੂ ਵਿੱਚ ਹੀ ਪੰਦਰਾਂ ਦਿਨਾਂ ਲਈ ਸਕੂਲ ਬੰਦ ਕਰ ਦਿੱਤੇ ਗਏ। ਮੈਨੂੰ ਯਾਦ ਹੈ ਕਿ ਸਕੂਲ ਦੁਬਾਰਾ ਖੁੱਲ੍ਹਣ ’ਤੇ ਮੈਂ ਲੋਧੀ ਰੋਡ ’ਤੇ ਪੈਂਦੇ ਬਾਲ ਭਾਰਤੀ ਸਕੂਲ ਦੀ ਛੇਵੀਂ ਜਮਾਤ ਦੇ ਵਿੱਚ ਸੁਪਰਵਾਈਜ਼ਰ ਵੱਜੋਂ ਬੈਠਾ ਸਾਂ। ਬੀਐੱਡ ਟਰੇਨੀਆਂ ਦੇ ਸੁਪਰਵਾਈਜ਼ਰ ਵਜੋਂ ਜਮਾਤ ਵਿੱਚ ਬੈਠਣਾ ਅਤੇ ਉਨ੍ਹਾਂ ਦੀ ਲੈਸਨ ਪਲਾਨ ਬੁੱਕ ਵਿੱਚ ਨਸੀਹਤੀ ਨੋਟਸ ਲਿਖਣੇ ਮੇਰਾ ਕੰਮ ਸੀ। ਮੇਰੇ ਵਿਦਿਆਰਥੀ ਉਹ ਕਰਦੇ ਸਨ ਜੋ ਅੰਗਰੇਜ਼ੀ ਦੇ ਅਧਿਆਪਕ ਆਮ ਤੌਰ ’ਤੇ ਕਰਦੇ ਸਨ: ਕਿਤਾਬ ’ਚੋਂ ਕੁਝ ਸ਼ਬਦ ਬਲੈਕਬੋਰਡ ’ਤੇ ਲਿਖਣੇ ਅਤੇ ਉਨ੍ਹਾਂ ਦੇ ਵਾਕ ਬਣਾਉਣੇ। ਇੱਕ ਸ਼ਬਦ ‘ਅਰਾਈਵ’ (ਪਹੁੰਚਣਾ) ਆਇਆ ਤਾਂ ਇੱਕ ਮੁੰਡੇ ਨੇ ਝੱਟ ਹੱਥ ਖੜ੍ਹਾ ਕੀਤਾ ਅਤੇ ਵਾਕ ਬਣਾਇਆ: ‘‘ਵੈੱਨ ਏ ਸਿੱਖ ਅਰਾਈਵਡ ਇਨ ਦੇਹਲੀ, ਹਿੰਦੂਜ਼ ਕਿਲਡ ਹਿਮ।’’ ਵਿਦਿਆਰਥੀ ਡੌਰ ਭੌਰ ਹੋ ਕੇ ਤੱਕਣ ਲੱਗੇ। ਸਰਕਾਰ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਸਨ ਕਿ ਕਲਾਸਾਂ ਵਿੱਚ ਦੰਗਿਆਂ ਬਾਰੇ ਕੋਈ ਗੱਲ ਨਾ ਕੀਤੀ ਜਾਵੇ ਪਰ ਉਸ ਮੁੰਡੇ ਦੇ ਵਾਕ ਵਿੱਚ ਵਿਆਕਰਨ ਦੇ ਲਿਹਾਜ਼ ਤੋਂ ਕੋਈ ਗ਼ਲਤੀ ਨਹੀਂ ਸੀ।
ਅਗਲੀ ਕਲਾਸ ਸਿਵਿਕਸ (ਨਾਗਰਿਕ ਸ਼ਾਸਤਰ) ਦੀ ਸੀ। ਉਸ ਦਿਨ ਦਾ ਵਿਸ਼ਾ ਸੀ ‘ਰਾਜਪਾਲਾਂ ਦੇ ਹਕੂਕ ਅਤੇ ਫ਼ਰਜ਼’। ਸਾਡੀ ਵਿਵਸਥਾ ਵਿੱਚ ਅਧਿਆਪਕਾਂ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਦਾ ਉਪਦੇਸ਼ ਦਿੱਤਾ ਜਾਂਦਾ ਹੈ ਭਾਵ ਆਪਣੇ ਵਿਸ਼ੇ ਦੀ ਪੜ੍ਹਾਈ ਤੱਕ ਸੀਮਤ ਰਿਹਾ ਜਾਵੇ। ਅੰਗਰੇਜ਼ੀ ਦੇ ਅਧਿਆਪਕ ਦਾ ਧਿਆਨ ਵਿਆਕਰਨ ’ਤੇ ਕੇਂਦਰਤ ਹੁੰਦਾ ਹੈ ਜਦੋਂਕਿ ਸਿਵਿਕਸ ਦੇ ਅਧਿਆਪਕਾਂ ਤੋਂ ਦੰਗਿਆਂ ਬਾਰੇ ਚਰਚਾ ਕਰਨ ਦੀ ਤਵੱਕੋ ਨਹੀਂ ਕੀਤੀ ਜਾਂਦੀ। ਜਦੋਂ ਮੈਂ ਆਪਣੀ ਕਿਤਾਬ ‘ਲਰਨਿੰਗ ਫਰੌਮ ਕਨਫਲਿਕਟ’ (ਚਲੰਤ ਸੰਸਕਰਣ: ‘ਐਜੂਕੇਸ਼ਨ, ਕਨਫਲਿਕਟ ਐਂਡ ਪੀਸ’) ਵਿੱਚ ਅੰਗਰੇਜ਼ੀ ਦੀ ਕਲਾਸ ਦੀ ਘਟਨਾ ਦਾ ਜ਼ਿਕਰ ਕੀਤਾ ਤਾਂ ਕੁਝ ਪਾਠਕ ਪੜ੍ਹ ਕੇ ਹੈਰਾਨ ਰਹਿ ਗਏ।
ਇੱਕ ਵਿਦਿਆਰਥੀ ਨੇ ਮੈਥੋਂ ਪੁੱਛਿਆ ਕਿ ਜਦੋਂ ਸਕੂਲ ਪ੍ਰਬੰਧਕ ਹੀ ਸਚਾਈ ਦੱਸਣਾ ਹੀ ਨਹੀਂ ਚਾਹੁੰਦੇ ਤਾਂ ਕੋਈ ਟਰੇਨੀ ਅਧਿਆਪਕ ਕੀ ਕਰ ਸਕਦਾ ਹੈ। ਕਈ ਦਹਾਕੇ ਲੰਘ ਚੁੱਕੇ ਹਨ। ਮੈਨੂੰ ਹਾਲੇ ਵੀ ਇਹ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਕਿ ਕਿਵੇਂ ਪ੍ਰਿੰਸੀਪਲਾਂ ਨੇ ਉਨ੍ਹਾਂ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਿਨ੍ਹਾਂ ਨੇ ਕਿਸੇ ਮੁੱਦੇ ’ਤੇ ਸਟੈਂਡ ਲੈਣ ਦੀ ਜੁਰਅਤ ਦਿਖਾਈ ਸੀ। ਅਧਿਆਪਕਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਰੋਬੋਟ ਬਣ ਕੇ ਕੰਮ ਕਰਨ। ਜੇ ਛੇਤੀ ਹੀ ਉਨ੍ਹਾਂ ਦੀ ਥਾਂ ਰੋਬੋਟ ਲੈਣ ਤਾਂ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਭਾਰਤ ਦੀਆਂ ਜਨਤਕ ਥਾਵਾਂ ’ਤੇ ਹਜੂਮੀ ਹੱਤਿਆ, ਦੰਗੇ, ਬਲਾਤਕਾਰ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਅਧਿਆਪਕਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਚੁੱਪ ਰਹਿਣ, ਆਪਣੇ ਵਿਸ਼ੇ ਅਤੇ ਪਾਠਕ੍ਰਮ ਪੁਸਤਕਾਂ ਤੋਂ ਬਾਹਰਲੀ ਕੋਈ ਗੱਲ ਨਾ ਕਰਨ। ਨਵੀਂ ਨੀਤੀ ਦੀ ਉਨ੍ਹਾਂ ਤੋਂ ਉਮੀਦ ਹੈ ਕਿ ਉਹ ਆਪਣੀ ਕਾਰਕਰਦਗੀ ਵਧਾਉਣ।
1984 ਦੀ ਉਸ ਸਰਦੀ ਦਾ ਵਡੇਰਾ ਸੰਦੇਸ਼ ਇਹ ਵੀ ਹੈ ਕਿ ਸਭ ਕੁਝ ਇੰਝ ਹੀ ਚੱਲਦਾ ਰਹਿੰਦਾ ਹੈ। ਦੰਗਿਆਂ ਤੋਂ ਕੁਝ ਹਫ਼ਤੇ ਬਾਅਦ ਭੋਪਾਲ ਵਿੱਚ ਇੱਕ ਸਨਅਤੀ ਤ੍ਰਾਸਦੀ ਵਾਪਰ ਗਈ। ਇੱਕ ਮਹੀਨੇ ਦੇ ਅੰਦਰ ਅੰਦਰ ਕ੍ਰਿਸਮਸ ਦੇ ਹਫ਼ਤੇ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ। ਨਵਾਂ ਸਾਲ ਆਇਆ ਅਤੇ ਛੇਤੀ ਬਾਅਦ ਹੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦੇ ਢੋਲ ਵੱਜਣ ਲੱਗੇ। ਸਭ ਕੁਝ ਆਮ ਵਾਂਗ ਦਿਖਾਈ ਦੇ ਰਿਹਾ ਸੀ, ਪਰ ਦਿੱਲੀ ਦੇ ਦਿਲ ਵਿੱਚ ਤਰੇੜ ਪੈ ਗਈ ਸੀ।
ਦਿਨ ਦਿਹਾੜੇ ਹੋਏ ਇਸ ਕਤਲੇਆਮ ਤੋਂ ਬਾਅਦ ਕੁਝ ਵੀ ਹਕੀਕੀ ਨਹੀਂ ਲੱਗਦਾ ਸੀ। ਇਹ ਡਰਾਉਣਾ ਅਹਿਸਾਸ ਅਤੇ ਬੇਚੈਨ ਸੋਚਾਂ ਚਲਦੀਆਂ ਰਹਿੰਦੀਆਂ ਸਨ ਕਿ ਸ਼ਹਿਰ ਵਿੱਚ ਹੱਤਿਆਰੇ ਸ਼ਰੇਆਮ ਘੁੰਮ ਰਹੇ ਹਨ ਅਤੇ ਉਨ੍ਹਾਂ ਦੇ ਸਿਆਸੀ ਆਕਾ ਉਨ੍ਹਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ਲੋਕਾਂ ਦੇ ਮਨਾਂ ’ਚ ਸੁਆਲ ਸੀ ਕਿ ਸਾਡਾ ਲੋਕਤੰਤਰ ਇਸ ਪੱਧਰ ਤੱਕ ਕਿਵੇਂ ਨਿੱਘਰ ਗਿਆ। ਪਰ ਇਸ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਸੀ।
ਕਾਨੂੰਨੀ ਲੜਾਈਆਂ ਸ਼ੁਰੂ ਹੋਣ ’ਤੇ ਸਬੂਤਾਂ ਦੀ ਤਲਾਸ਼ ਕੀਤੀ ਗਈ। ਮੇਰਾ ਮਨ ਹੈਰਾਨ ਪ੍ਰੇਸ਼ਾਨ ਸੀ ਕਿ ਇਸ ਦੀ ਲੋੜ ਕਿਉਂ ਹੈ। ਅੰਬਰ ਤੱਕ ਉੱਠਦਾ ਸਿਆਹ ਧੂੰਆਂ ਕੀਹਨੇ ਨਹੀਂ ਵੇਖਿਆ ਸੀ? ਹਰ ਕੋਈ ਜਾਣਦਾ ਸੀ ਕਿ ਇਸ ਧੂੰਏਂ ਦਾ ਕੀ ਮਤਲਬ ਸੀ। ਇਹ ਮਹਿਜ਼ ਇੱਕ ਚਿੰਨ੍ਹ ਨਹੀਂ ਸੀ। ਹਿੰਸਾ ਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਸੀ? ਸਿਰਫ਼ ਸਮਾਂ ਬੀਤਣ ਦੀ ਹੀ ਗੱਲ ਨਹੀਂ ਸਗੋਂ ਉਂਝ ਵੀ ਇਹੋ ਜਿਹੇ ਸਵਾਲ ਗ਼ੈਰ-ਪ੍ਰਸੰਗਕ ਬਣ ਕੇ ਰਹਿ ਗਏ।
ਅਸਲ ਕਾਰਨ ਇਹ ਹੈ ਕਿ ਇੱਕ ਸਮਾਜ ਅਤੇ ਰਾਸ਼ਟਰ ਦੇ ਨਾਤੇ ਅਸੀਂ ਨਵੰਬਰ 1984 ਤੋਂ ਕੁਝ ਨਹੀਂ ਸਿੱਖਿਆ। ਬਸ ਇਉਂ ਹੀ ਚਲਦੇ ਰਹਿਣ ਦੀ ਸਾਡੀ ਪ੍ਰਵਿਰਤੀ ਬਣ ਚੁੱਕੀ ਹੈ ਕਿ ਜਿਵੇਂ ਕੁਝ ਵੀ ਨਾ ਵਾਪਰਿਆ ਹੋਵੇ। ਇਹੀ ਗੱਲ ਸਾਨੂੰ ਜਿਥੇ ਸੰਵੇਦਨਹੀਣ ਬਣਾਉਂਦੀ ਹੈ ਉਥੇ ਕਿਸੇ ਵੀ ਤਰ੍ਹਾਂ ਦੀ ਸਮੂਹਿਕ ਸੰਵੇਦਨਾ ਤੋਂ ਵੀ ਵਿਰਵੇ ਕਰ ਦਿੰਦੀ ਹੈ।
* ਸਾਬਕਾ ਡਾਇਰੈਕਟਰ, ਐੱਨਸੀਈਆਰਟੀ।