ਲਖਵਿੰਦਰ ਸਿੰਘ ਬਾਜਵਾ
ਮੈਂ ਜਿਉਂ-ਜਿਉਂ ਪੈਡਲਾਂ ’ਤੇ ਹੋਰ ਜ਼ੋਰ ਲਾ ਰਿਹਾ ਸਾਂ, ਸਾਈਕਲ ਹੋਰ ਭਾਰਾ ਹੁੰਦਾ ਜਾ ਰਿਹਾ ਸੀ। ਡਰ ਕੇ ਪਸੀਨੇ ਨਾਲ ਭਿੱਜਾ ਹੋਇਆ ਮੇਰਾ ਸਰੀਰ ਸਾਹ ਸਤ ਛੱਡਦਾ ਜਾ ਰਿਹਾ ਸੀ। ਅਖੀਰ ਮੇਰਾ ਯਤਨ ਵਿਅਰਥ ਹੋ ਗਿਆ ਅਤੇ ਸਾਈਕਲ ਇੱਕ ਪਾਸੇ ਨੂੰ ਉੱਲਰ ਗਿਆ। ਮੈਂ ਬੇਵੱਸ ਜਿਹਾ ਹੋਇਆ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੜਕ ’ਤੇ ਲੁੜਕ ਗਿਆ ਤੇ ਆਪਮੁਹਾਰੇ ਇੱਕ ਦਿਲ-ਚੀਰਵੀਂ ਚੀਕ ਮੇਰੇ ਸੰਘ ਵਿੱਚੋਂ ਨਿਕਲ ਕੇ ਚੌਗਿਰਦੇ ਵਿੱਚ ਫੈਲ ਗਈ।
ਅਸੀਂ ਹਮੇਸ਼ਾ ਇਸੇ ਸੜਕ ਰਾਹੀਂ ਸਕੂਲ ਜਾਇਆ ਕਰਦੇ ਸਾਂ। ਇੱਕੋ ਪਿੰਡ ਦੇ ਛੇ-ਸੱਤ ਜਣੇ ਇਕੱਠੇ ਹੀ, ਹੱਸਦੇ ਖੇਡਦੇ ਗੱਲਾਂਬਾਤਾਂ ਕਰਦੇ, ਕਦੇ ਜ਼ਿਦ ਕੇ ਤੇ ਕਦੇ ਸ਼ੌਕ ਨਾਲ ਸਾਈਕਲ ਭਜਾਉਂਦੇ ਸਕੂਲ ਪਹੁੰਚ ਜਾਂਦੇ ਤੇ ਫਿਰ ਵਾਪਸੀ ਵੇਲੇ ਤਾਂ ਹੋਰ ਵੀ ਬੇਫ਼ਿਕਰੀ ਹੁੰਦੀ ਕਿਉਂਕਿ ਉਦੋਂ ਵਕਤ ਦੀ ਪਾਬੰਦੀ ਵੀ ਨਹੀਂ ਹੁੰਦੀ ਸੀ। ਸਵੇਰੇ ਸਕੂਲ ਪਹੁੰਚਣ ਦੀ ਕਾਹਲ ਹੁੰਦੀ।
ਸਕੂਲ ਪਿੰਡ ਤੋਂ ਕੋਈ ਛੇ ਸੱਤ ਕਿਲੋਮੀਟਰ ਹੋਵੇਗਾ। ਘਰੋਂ ਤੁਰਦਿਆਂ ਮਾਵਾਂ ਤਾੜਨਾ ਨਾਲ ਹਦਾਇਤ ਕਰਦੀਆਂ ਕਿ ਸਾਈਕਲ ਹੌਲੀ ਚਲਾਉਣਾ ਹੈ, ਸਾਈਕਲ ਸੜਕ ਦੇ ਇੱਕ ਪਾਸੇ ਚਲਾਇਓ, ਜੇ ਕੋਈ ਵਾਹਨ ਅੱਗੋਂ ਆਉਂਦਾ ਹੋਵੇ ਤਾਂ ਕੱਚੇ ’ਤੇ ਲਾਹ ਲੈਣਾ ਆਦਿ। ਪਰ ਅਸੀਂ ਸੜਕ ’ਤੇ ਚੜ੍ਹਦੇ ਹੀ ਮਾਵਾਂ ਦੀਆਂ ਸਾਰੀਆਂ ਸਮਝੌਤੀਆਂ ਦੀਆਂ ਧੱਜੀਆਂ ਉਡਾ ਦਿੰਦੇ ਜਾਂ ਇੰਜ ਸਮਝ ਲਓ ਕਿ ਘਰ ਦੇ ਬੂਹੇ ਤੋਂ ਬਾਹਰ ਨਿਕਲਦਿਆਂ ਹੀ ਉਹ ਸਾਰੀਆਂ ਗੱਲਾਂ ਉੱਥੇ ਹੀ ਛੱਡ ਜਾਂਦੇ ਤੇ ਬੇਫ਼ਿਕਰ ਹੋ ਕੇ ਮਨਮਰਜ਼ੀ ਨਾਲ ਸਾਈਕਲ ਭਜਾਉਂਦੇ ਚੱਲ ਪੈਂਦੇ।
ਭਾਵੇਂ ਉਦੋਂ ਹੁਣ ਜਿੰਨੀ ਟਰੈਫਿਕ ਨਹੀਂ ਸੀ, ਪਰ ਫਿਰ ਵੀ ਸੜਕ ਕਾਫ਼ੀ ਸੌੜੀ ਸੀ। ਅਸੀਂ ਬਿਨਾਂ ਕਿਸੇ ਦੁਰਘਟਨਾ ਦੀ ਪਰਵਾਹ ਕੀਤੇ ਸਾਹਮਣੇ ਤੋਂ ਆਉਂਦੇ ਵਾਹਨਾਂ ਦੇ ਐਨ ਲਾਗਿਉਂ ਲੰਘ ਜਾਂਦੇ ਤੇ ਪੱਕੀ ਸੜਕ ਦੇ ਕਿਨਾਰੇ ਤੋਂ ਥੱਲੇ ਸਾਈਕਲ ਨਾ ਉਤਾਰਦੇ। ਸਾਡੇ ਵਿੱਚ ਆਤਮ-ਵਿਸ਼ਵਾਸ ਸੀ ਜੋ ਬਚਪਨ ਦੀ ਬੇਪ੍ਰਵਾਹੀ ਦਾ ਇੱਕ ਅੰਗ ਹੀ ਹੁੰਦਾ ਹੈ। ਨਾ ਡਰ ਨਾ ਖ਼ੌਫ਼। ਚਾਰ ਚਾਰ ਸਾਈਕਲ ਬਰਾਬਰ ਕਰ ਕੇ ਤੋਰਦੇ, ਪਰ ਤਿੰਨ ਚਾਰ ਦਿਨਾਂ ਤੋਂ ਸਾਡੇ ਵਿੱਚ ਇੱਕ ਖ਼ਾਸ ਤਬਦੀਲੀ ਆਈ ਸੀ। ਭਾਵੇਂ ਸਾਈਕਲ ਵੀ ਉਹ ਹੀ ਸਨ, ਸੜਕ ਵੀ ਅਤੇ ਸੜਕ ਤੋਂ ਲੰਘਣ ਵਾਲੇ ਵਾਹਨ ਵੀ, ਪਰ ਇੱਕ ਵੱਖਰਾ ਜਿਹਾ ਭੈਅ ਦਿਲਾਂ ਵਿੱਚ ਵਾਰ-ਵਾਰ ਉੱਭਰ ਰਿਹਾ ਸੀ ਜਿਸ ਦੀ ਤੰਦ ਪਿੰਡ ਦੇ ਇੱਕ ਬਜ਼ੁਰਗ ਦੁਆਰਾ ਦੱਸੀ ਘਟਨਾ ਨਾਲ ਉਲਝੀ ਹੋਈ ਸੀ।
ਅਸੀਂ ਸਾਰੇ ਬੱਚੇ ਜੋ ਲਗਭਗ ਦਸ ਤੋਂ ਬਾਰਾਂ ਸਾਲਾਂ ਦੀ ਉਮਰ ਦੇ ਹੋਵਾਂਗੇ, ਸਕੂਲੋਂ ਆ ਕੇ ਪਿੰਡ ਦੇ ਬਾਹਰਵਾਰ ਵੱਡੇ ਬੋਹੜ ਦੀ ਠੰਢੀ ਛਾਂ ਹੇਠਾਂ ਖੇਡਣ ਲਈ ਚਲੇ ਜਾਂਦੇ। ਉੱਥੇ ਸਾਡੇ ਹੋਰ ਹਮਉਮਰ ਸਕੂਲ ਨਾ ਜਾਣ ਵਾਲੇ ਬੱਚੇ ਵੀ ਹੁੰਦੇ। ਬੋਹੜ ਦੀ ਠੰਢੀ ਛਾਵੇਂ ਕੰਮ ਤੋਂ ਵਿਹਲੇ ਹੋਏ ਤੇ ਥੱਕੇ ਹੋਏ ਹੋਰ ਲੋਕ ਵੀ ਅਕਸਰ ਆਰਾਮ ਕਰਨ ਲਈ ਆਪਣੇ ਮੰਜੇ ਚੁੱਕ ਲਿਆਉਂਦੇ। ਬੱਚੇ ਖਰਮਸਤੀ ਕਰਦੇ ਧੂੜ ਉਡਾਉਂਦੇ, ਬਜ਼ੁਰਗ ਬੈਠ ਕੇ ਆਪਣੀ ਵਿਚਾਰ ਚਰਚਾ ਕਰਦੇ ਤੇ ਨੌਜਵਾਨ ਤਾਸ਼ ਖੇਡ ਕੇ ਆਪਣਾ ਸਮਾਂ ਬਤੀਤ ਕਰਦੇ। ਕੁਝ ਥੱਕੇ ਹਾਰੇ ਲੋਕ ਠੰਢੀ ਛਾਵੇਂ ਮਿੱਠੀ ਨੀਂਦ ਦੀ ਆਗੋਸ਼ ਦਾ ਸੁਖ ਮਾਣਦੇ। ਇਸ ਤਰ੍ਹਾਂ ਉੱਥੇ ਇੱਕ ਕਿਸਮ ਦਾ ਮੇਲਾ ਜਿਹਾ ਲੱਗਾ ਰਹਿੰਦਾ ਜਿਸ ਦਾ ਆਨੰਦ ਮਾਣਨ ਨੂੰ ਮਨ ਮਚਲ ਉੱਠਦਾ ਤੇ ਅਸੀਂ ਸਕੂਲੋਂ ਆਉਂਦੇ ਹੀ ਬਸਤੇ ਸੁੱਟ, ਓਧਰ ਭੱਜ ਤੁਰਦੇ। ਮਾਵਾਂ ਆਵਾਜ਼ਾਂ ਮਾਰਦੀਆਂ ਰਹਿ ਜਾਂਦੀਆਂ, ‘‘ਰੋਟੀ ਤਾਂ ਚੱਜ ਨਾਲ ਖਾ ਲਓ।” ਪਰ ਅਸੀਂ ਕਾਹਲੀ ਕਾਹਲੀ ਰੋਟੀ ਦੀਆਂ ਵੱਡੀਆਂ ਵੱਡੀਆਂ ਬੁਰਕੀਆਂ ਕਰਦੇ ਜਾਂ ਅੱਧ-ਪਚੱਧੀ ਥਾਲੀ ਵਿੱਚ ਛੱਡ ਕੇ ਉੱਠ ਭੱਜਦੇ ਜਾਂ ਫਿਰ ਹੱਥ ਵਿੱਚ ਫੜ ਕੇ ਖਾਂਦੇ ਖਾਂਦੇ ਦੌੜ ਕੇ ਸਮੇਂ ਦੀ ਬੱਚਤ ਕਰ ਲੈਂਦੇ।
ਬੋਹੜ ਦੀ ਦਾੜ੍ਹੀ ਫੜ ਕੇ ਝੂਟਦੇ ਨੀਵਿਆਂ ਟਾਹਣਿਆਂ ’ਤੇ ਚੜ੍ਹ ਕੇ ਖਰਮਸਤੀ ਕਰਦੇ। ਇੱਕ ਦਿਨ ਇਸੇ ਤਰ੍ਹਾਂ ਖੇਡਦਿਆਂ ਸਾਡਾ ਇੱਕ ਸਾਥੀ ਬੋਹੜ ਦੀ ਇੱਕ ਨੀਵੀਂ ਜਿਹੀ ਟਹਿਣੀ ਤੋਂ ਡਿੱਗ ਪਿਆ। ਉਸ ਨੂੰ ਥੋੜ੍ਹੀ ਬਹੁਤ ਸੱਟ ਲੱਗੀ ਤੇ ਉਹ ਰੋਣ ਲੱਗ ਪਿਆ। ਉੱਥੇ ਬੈਠੇ ਇੱਕ ਆਦਮੀ ਨੇ ਕਿਹਾ, “ਤੁਹਾਨੂੰ ਕਿਹਾ ਸੀ ਬੋਹੜ ’ਤੇ ਨਾ ਖੇਡਿਆ ਕਰੋ, ਇਹ ਬੋੜ੍ਹ ਪੱਕਾ ਹੈ।’’
“ਬੋਹੜ ਪੱਕਾ ਹੈ?”
‘‘ਇਹ ਪੱਕੇ ਦਾ ਕੀ ਮਤਲਬ ਹੁੰਦੈ?”
ਸਾਡੇ ਮਨਾਂ ਵਿੱਚ ਕਈ ਖ਼ਿਆਲ ਉੱਭਰੇ ਕਿਉਂਕਿ ਪਹਿਲਾਂ ਵੀ ਕਈਆਂ ਨੇ ਸਾਨੂੰ ਬੋਹੜ ’ਤੇ ਚੜ੍ਹ ਕੇ ਨਾ ਖੇਡਣ ਦੀ ਤਾੜਨਾ ਕੀਤੀ ਸੀ, ਪਰ ਅਸੀਂ ਤਾਂ ਇਹ ਹੀ ਸੋਚਦੇ ਸਾਂ ਕਿ ਸ਼ਾਇਦ ਸੱਟ ਫੇਟ ਲੱਗਣ ਤੋਂ ਬਚਾਉਣ ਲਈ ਇਸ ਤਰ੍ਹਾਂ ਕਿਹਾ ਜਾਂਦਾ ਹੈ। ਗੱਲ ਕਿਸੇ ਹੱਦ ਤੱਕ ਜਚਦੀ ਵੀ ਇਹੋ ਸੀ। ਪਰ ਪੱਕਾ ਬੋਹੜ ਕੀ ਹੋਇਆ, ਇਹ ਸਾਡੀ ਸਮਝ ਵਿੱਚ ਨਾ ਆਇਆ। ਕੱਚੇ ਦੀ ਸਮਝ ਤਾਂ ਆਉਂਦੀ ਸੀ ਕਿ ਉਹ ਜਲਦੀ ਟੁੱਟ ਸਕਦਾ ਹੈ ਪਰ ਪੱਕਾ?
ਅਸੀਂ ਜਗਿਆਸਾ ਵੱਸ ਉਸੇ ਆਦਮੀ ਨੂੰ ਪੁੱਛਿਆ, “ਚਾਚਾ, ਪੱਕਾ ਕੀ ਹੁੰਦੈ?”
ਉਹ ਦੱਸਣ ਹੀ ਲੱਗਾ ਸੀ ਕਿ ਕੋਲ ਬੈਠਾ ਇੱਕ ਬਜ਼ੁਰਗ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ’ਤੇ ਬੋਲ ਪਿਆ, ‘‘ਪੱਕੇ ਦਾ ਮਤਲਬ ਹੁੰਦੈ ਕਿ ਇਸ ਬੋਹੜ ਜਾਂ ਵੱਡੇ ਰੁੱਖਾਂ ਉੱਤੇ ਕਈ ਤਰ੍ਹਾਂ ਦੀਆਂ ਆਤਮਾਵਾਂ ਵਾਸ ਕਰਦੀਆਂ ਨੇ। ਜੇ ਕਦੇ ਉਹ ਨਾਰਾਜ਼ ਹੋ ਜਾਣ ਤਾਂ ਧੱਕਾ ਮਾਰ ਕੇ ਥੱਲੇ ਵੀ ਸੁੱਟ ਦਿੰਦੀਆਂ ਨੇ ਜਾਂ ਉਸ ਆਦਮੀ ਦੇ ਅੰਦਰ ਵੀ ਵਾਸ ਕਰ ਲੈਂਦੀਆਂ ਨੇ।”
‘‘ਇਹ ਆਤਮਾਵਾਂ ਕੀ ਹੁੰਦੀਆਂ ਨੇ?” ਕਈ ਬੱਚਿਆਂ ਨੇ ਉਤਸਕਤਾ ਵੱਸ ਨਵੀਂ ਜਾਣਕਾਰੀ ਲੈਣ ਲਈ ਪੁੱਛਿਆ।
“ਭੂਤ, ਪ੍ਰੇਤ ਆਦਿ।”
‘‘ਭੂਤ ਪ੍ਰੇਤ ਕੀ ਹੁੰਦੇ ਨੇ?”
“ਭੂਤ ਪ੍ਰੇਤ, ਮੈਂ ਤੁਹਾਨੂੰ ਦੱਸਦਾਂ।” ਉਸ ਨੇ ਬੱਚਿਆਂ ਨੂੰ ਬਹਿਣ ਦਾ ਇਸ਼ਾਰਾ ਕੀਤਾ। ਅਸੀਂ ਸਾਰੇ ਗੋਲ ਘੇਰੇ ਵਿੱਚ ਬਹਿ ਗਏ। ਬਜ਼ੁਰਗ ਨੇ ਆਪਣੀ ਗੱਲ ਜਾਰੀ ਰੱਖੀ, “ਇੱਕ ਵਾਰ ਦੀ ਗੱਲ ਹੈ, ਇੱਕ ਕੁੜੀ ਆਪਣੇ ਪਿੰਡੋਂ ਪੂਰੇ ਸੱਤ ਮੀਲ ’ਤੇ ਇੱਕ ਸਰਕਾਰੀ ਸਕੂਲ ਵਿੱਚ ਭੈਣ ਜੀ ਲੱਗੀ ਹੋਈ ਸੀ। ਉਹ ਹਰ ਰੋਜ਼ ਸਾਈਕਲ ’ਤੇ ਸਕੂਲ ਜਾਂਦੀ ਹੁੰਦੀ ਸੀ। ਉਸ ਦੇ ਮਾਪਿਆਂ ਨੇ ਕਈ ਵਾਰ ਉਸ ਨੂੰ ਰੋਕਿਆ ਵੀ ਸੀ ਕਿ ’ਕੱਲੀ ਸਾਈਕਲ ’ਤੇ ਸਕੂਲ ਨਾ ਜਾਇਆ ਕਰੇ, ਪਰ ਉਹ ਕਹਿੰਦੀ ਸੀ ਮੈਨੂੰ ਤਾਂ ਕਿਸੇ ਤੋਂ ਡਰ ਨਹੀਂ ਆਉਂਦਾ।
ਇੱਕ ਦਿਨ ਉਹ ਰੋਜ਼ ਦੀ ਤਰ੍ਹਾਂ ਆਪਣੇ ਸਾਈਕਲ ’ਤੇ ਸਕੂਲ ਜਾ ਰਹੀ ਸੀ। ਉਸ ਦੇ ਰਸਤੇ ਵਿੱਚ ਇੱਕ ਨਹਿਰ ਪੈਂਦੀ ਸੀ ਤੇ ਨਹਿਰ ਦਾ ਪੁਲ ਲੰਘ ਕੇ ਅੱਗੇ ਜਾਣਾ ਪੈਂਦਾ ਸੀ। ਉਸ ਦਿਨ ਜਦੋਂ ਉਹ ਨਹਿਰ ਦੇ ਪੁਲ ’ਤੇ ਪੁੱਜੀ ਤਾਂ ਉਸ ਨੇ ਵੇਖਿਆ ਨਹਿਰ ਦੇ ਪੁਲ ’ਤੇ ਇੱਕ ਬੁੱਢੜੀ ਮਾਈ ਬੈਠੀ ਹੋਈ ਹੈ। ਮਾਈ ਨੇ ਇਸ਼ਾਰਾ ਕਰਕੇ ਸਾਈਕਲ ਰੁਕਵਾਇਆ ਤੇ ਉਸ ਨੂੰ ਕਿਹਾ, ‘ਧੀਏ, ਮੈਂ ਤੁਰ ਤੁਰ ਕੇ ਥੱਕ ਗਈ ਹਾਂ, ਇਸ ਕਰਕੇ ਮੈਨੂੰ ਸਾਈਕਲ ’ਤੇ ਬਿਠਾ ਕੇ ਲੈ ਚੱਲ।’
ਉਸ ਕੁੜੀ ਨੂੰ ਮਾਈ ’ਤੇ ਤਰਸ ਆ ਗਿਆ। ਵੈਸੇ ਤਾਂ ਇੱਕ ਔਰਤ ਹੋਣ ਕਰਕੇ ਉਸ ਲਈ ਇਹ ਕੰਮ ਔਖਾ ਸੀ, ਪਰ ਮਾਈ ਦੀ ਬੇਵੱਸੀ ਵੇਖ ਕੇ ਉਹ ਨਾਂਹ ਨਾ ਕਰ ਸਕੀ ਅਤੇ ਸਾਈਕਲ ਪਿੱਛੇ ਕੈਰੀਅਰ ’ਤੇ ਮਾਈ ਨੂੰ ਬਿਠਾ ਕੇ ਚੱਲ ਪਈ।
ਅਜੇ ਉਹ ਥੋੜ੍ਹੀ ਦੂਰ ਹੀ ਗਈ ਹੋਵੇਗੀ ਕਿ ਸਾਈਕਲ ਭਾਰਾ ਹੋਣਾ ਸ਼ੁਰੂ ਹੋ ਗਿਆ। ਕੁੜੀ ਨੇ ਵੇਖਿਆ ਕਿ ਹਵਾ ਵੀ ਅੱਗੋਂ ਨਹੀਂ ਸੀ। ਕੁਝ ਦੇਰ ਤਾਂ ਜੱਕੋਤੱਕੀ ਵਿੱਚ ਉਹ ਸਾਈਕਲ ਚਲਾਉਣ ਦੀ ਕੋਸ਼ਿਸ਼ ਕਰਦੀ ਰਹੀ। ਉਹ ਸੋਚ ਰਹੀ ਸੀ ਸ਼ਾਇਦ ਪਹਿਲਾਂ ਕਦੇ ਉਸ ਨੇ ਕਿਸੇ ਨੂੰ ਪਿੱਛੇ ਬਿਠਾ ਕੇ ਸਾਈਕਲ ਨਹੀਂ ਚਲਾਇਆ ਸੀ, ਇਸ ਕਰਕੇ ਉਹ ਥੱਕ ਗਈ ਹੈ, ਪਰ ਫਿਰ ਹੌਲੀ ਹੌਲੀ ਸਾਈਕਲ ਹੋਰ ਭਾਰਾ ਹੁੰਦਾ ਗਿਆ ਤੇ ਅਖੀਰ ਰੁਕ ਗਿਆ। ਕੁੜੀ ਨੇ ਪਿੱਛੇ ਭਉਂ ਕੇ ਵੇਖਿਆ ਤਾਂ ਉਸ ਦੇ ਹੋਸ਼ ਉੱਡ ਗਏ।
ਪਿੱਛੇ ਬੈਠੀ ਮਾਈ ਹੁਣ ਭੂਤ ਦਾ ਰੂਪ ਧਾਰ ਗਈ ਸੀ। ਵੱਡੇ ਵੱਡੇ ਬਾਹਰ ਨੂੰ ਨਿਕਲੇ ਹੋਏ ਦੰਦ, ਕਾਲਾ ਰੰਗ, ਖਿਲਰੇ ਹੋਏ ਵਾਲ, ਲੰਮੇ ਲੰਮੇ ਨਹੁੰ…।
ਪਰ ਕੁੜੀ ਬੜੀ ਸਿਆਣੀ ਸੀ। ਉਹ ਪੜ੍ਹੀ ਲਿਖੀ ਸੀ। ਇਸ ਲਈ ਉਸ ਨੇ ਵਾਹਿਗੁਰੂ, ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ ਤੇ ਮੁੜ ਕੇ ਪਿੱਛੇ ਭਉਂ ਕੇ ਨਹੀਂ ਵੇਖਿਆ। ਕੁੜੀ ਨਾਮ ਦਾ ਜਾਪ ਕਰਦੀ ਰਹੀ।
ਹੁਣ ਉਹ ਭੂਤ ਥੱਲੇ ਉਤਰੀ ਤੇ ਕੁੜੀ ਦੇ ਮੋਢੇ ’ਤੇ ਥਾਪੀ ਮਾਰ ਕੇ ਬੋਲੀ, ‘ਤੈਨੂੰ ਅੱਜ ਛੱਡਣਾ ਨਹੀਂ ਸੀ, ਪਰ ਤੂੰ ਰੱਬ ਦਾ ਨਾਮ ਲਿਆ ਹੈ ਇਸ ਕਰਕੇ ਬਚ ਗਈ ਐਂ। ਤੇਰੀ ਕਿਸਮਤ ਚੰਗੀ ਸੀ, ਜਾਹ।’
ਤੇ ਮਾਈ ਸਾਈਕਲ ਤੋਂ ਉਤਰ ਕੇ ਇੱਕ ਪਾਸੇ ਖੇਤਾਂ ਵੱਲ ਹੋ ਤੁਰੀ। ਹੁਣ ਉਸ ਨੇ ਫਿਰ ਮਾਈ ਵਾਲਾ ਰੂਪ ਧਾਰ ਲਿਆ ਸੀ। ਕੁੜੀ ਨੇ ਵੇਖਿਆ, ਉਹ ਮਾਈ ਥੋੜ੍ਹਾ ਅੱਗੇ ਜਾ ਕੇ ਲੋਪ ਹੋ ਗਈ। ਕੁੜੀ ਘਰ ਪਹੁੰਚੀ ਤੇ ਇੱਕੀ ਦਿਨ ਬੁਖਾਰ ਵਿੱਚ ਭੁੱਜਦੀ ਰਹੀ ਤੇ ਮਸਾਂ ਬਚੀ।’’
ਇਹ ਕਹਾਣੀ ਸੁਣਾ ਕੇ ਉਸ ਨੇ ਸਾਨੂੰ ਹਦਾਇਤ ਕੀਤੀ ਕਿ ਤੁਹਾਡੇ ਨਾਲ ਜੇ ਕਦੇ ਇਹੋ ਜਿਹੀ ਘਟਨਾ ਵਾਪਰੇ ਤਾਂ ਪਿੱਛੇ ਭਉਂ ਕੇ ਨਹੀਂ ਵੇਖਣਾ। ਪਿੱਛੇ ਭਉਂ ਕੇ ਵੇਖਣ ਨਾਲ ਭੂਤ ਪ੍ਰੇਤ ਮਾਰ ਸੁੱਟਦੇ ਹਨ। ਕਿਸੇ ਅਣਜਾਣ ਵਿਅਕਤੀ ਨੂੰ ਆਪਣੇ ਪਿੱਛੇ ਕਦੇ ਨਾ ਬਿਠਾਇਓ। ਜੇ ਕਦੇ ਅਜਿਹਾ ਹੋਵੇ ਤਾਂ ਵਾਹਿਗੁਰੂ ਦਾ ਜਾਪ ਕਰਨ ਲੱਗ ਪੈਣਾ। ਇਸ ਤਰ੍ਹਾਂ ਕੀਤਿਆਂ ਭੂਤ ਪ੍ਰੇਤ ਭੱਜ ਜਾਂਦੇ ਹਨ।
ਅਸੀਂ ਪੁੱਛਿਆ, “ਭੂਤ ਪ੍ਰੇਤ ਆਉਂਦੇ ਕਿੱਥੋਂ ਹਨ?”
“ਬੱਸ ਹਵਾ ਈ ਹੁੰਦੀ ਐ, ਹਵਾ ’ਚੋਂ ਹੀ ਪ੍ਰਗਟ ਹੋ ਕੇ ਕਦੇ ਵੀ ਕੋਈ ਵੀ ਰੂਪ ਧਾਰਨ ਕਰ ਸਕਦੇ ਹਨ।”
ਹੁਣ ਅਸੀਂ ਘਰ ਨੂੰ ਪਰਤ ਰਹੇ ਸਾਂ ਤੇ ਇੱਕ ਅਣਜਾਣੇ ਭੈਅ ਕਾਰਨ ਹਨੇਰੇ ਵਿੱਚੋਂ ਚੁਫ਼ੇਰਿਓ ਸਾਨੂੰ ‘ਭੂਤਾਂ’ ਦਾ ਭੁਲੇਖਾ ਪੈ ਰਿਹਾ ਸੀ। ਘਰ ਪਹੁੰਚ, ਰੋਟੀ ਖਾ ਕੇ ਮੈਂ ਮੰਜੇ ’ਤੇ ਪਿਆ ਤਾਂ ਫਿਰ ਉਹੋ ਲੰਮੇ ਦੰਦਾਂ ਵਾਲੀ ਡਰਾਉਣੀ ਭੂਤ ਦੀ ਤਸਵੀਰ ਅੱਖਾਂ ਅੱਗੇ ਫਿਰਨ ਲੱਗੀ। ਜਿਹੜੀ ਨੀਂਦ ਮੰਜੇ ’ਤੇ ਡਿੱਗਦਿਆਂ ਸਾਰ ਬਾਹਵਾਂ ਪਸਾਰੀ ਆਪਣੇ ਕਲਾਵੇ ਵਿੱਚ ਲੈਣ ਲਈ ਕਾਹਲੀ ਪਈ ਹੁੰਦੀ ਸੀ ਅੱਜ ਪਤਾ ਨਹੀਂ ਕਿੱਥੇ ਤੁਰ ਗਈ ਸੀ। ਫਿਰ ਮੈਨੂੰ ਬਾਬੇ ਦੀ ਗੱਲ ਯਾਦ ਆਈ ਤੇ ਮੈਂ ਵਾਹਿਗੁਰੂ ਦਾ ਜਾਪ ਕਰਨ ਲੱਗਾ। ਪਤਾ ਨਹੀਂ ਕਦੋਂ ਨੀਂਦ ਨੇ ਮੈਨੂੰ ਆਪਣੇ ਆਗੋਸ਼ ਵਿੱਚ ਲੈ ਲਿਆ।
ਸਵੇਰੇ ਉੱਠ ਕੇ ਸਕੂਲ ਨੂੰ ਤੁਰੇ ਤਾਂ ਰਾਹ ਵਿੱਚ ਅਸੀਂ ਬਜ਼ੁਰਗ ਦੀ ਸੁਣਾਈ ਕਹਾਣੀ ਦੀ ਚਰਚਾ ਛੇੜ ਬੈਠੇ। ਇਸ ਚਰਚਾ ਦੇ ਨਾਲ ਆਪਣੀਆਂ ਮਾਵਾਂ, ਦਾਦੀਆਂ ਵੱਲੋਂ ਸੁਣੇ ਭੂਤਾਂ ਪ੍ਰੇਤਾਂ ਦੇ ਕਿੱਸੇ ਵੀ ਕਈਆਂ ਨੇ ਸੁਣਾਏ। ਹੁਣ ਸਾਨੂੰ ਸਾਰੇ ਰਾਹ ਡਰ ਨੇ ਘੇਰੀ ਰੱਖਿਆ। ਵਾਪਸ ਮੁੜਦਿਆਂ ਅਸੀਂ ਮਸ਼ਵਰਾ ਕੀਤਾ ਕਿ ਕੱਲ੍ਹ ਤੋਂ ਕੈਰੀਅਰ ਹੀ ਲੁਹਾ ਦਿਆਂਗੇ। ਨਾ ਕੈਰੀਅਰ ਹੋਣਗੇ, ਨਾ ਭੂਤ ਪਿੱਛੇ ਬੈਠੇਗੀ। ਰਾਹ ਵਿੱਚ ਇੱਕ ਦੋ ਆਦਮੀਆਂ, ਜੋ ਵਾਕਫ਼ ਵੀ ਸਨ, ਨੇ ਸਾਈਕਲ ਪਿੱਛੇ ਬੈਠਣ ਲਈ ਕਿਹਾ, ਪਰ ਅਸੀਂ ਨਾਂਹ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਈਕਲ ਅਸੀਂ ਚਲਾ ਲੈਂਦੇ ਹਾਂ, ਅਸੀਂ ਤਾਂ ਵੀ ਨਾ ਮੰਨੇ। ਅਸੀਂ ‘ਸਿਆਣੇ’ ਜੁ ਹੋ ਗਏ ਸਾਂ, ਖ਼ਤਰਾ ਮੁੱਲ ਕਿਉਂ ਲੈਂਦੇ। ਆਵਾਜਾਈ ਦਾ ਵੱਡਾ ਸਾਧਨ ਸਾਈਕਲ ਹੀ ਸੀ ਤੇ ਕਈਆਂ ਕੋਲ ਉਹ ਵੀ ਨਹੀਂ ਸੀ। ਇਸ ਕਰਕੇ ਕਈ ਲੋਕ ਅਕਸਰ ਰਾਹ ਵਿੱਚ ਪੈਦਲ ਜਾਂਦੇ ਟੱਕਰ ਪੈਂਦੇ ਸਨ, ਖ਼ਾਸ ਕਰਕੇ ਔਰਤਾਂ ਜੋ ਸਾਈਕਲ ਚਲਾ ਹੀ ਨਹੀਂ ਸਨ ਸਕਦੀਆਂ।
ਅਸੀਂ ਸਾਈਕਲਾਂ ਦੇ ਪਿੱਛੇ ਬਸਤੇ ਬੰਨ੍ਹ ਕੇ ਸਕੂਲ ਜਾਂਦੇ ਸਾਂ, ਪਰ ਹੁਣ ਇਹ ਕੈਰੀਅਰ ਵੀ ਸਾਨੂੰ ਭੂਤ ਲੱਗ ਰਹੇ ਸਨ। ਅੱਗੇ ਤਾਂ ਇਕੱਠੇ ਜਾਂਦੇ ਸਾਂ ਤੇ ਡਰ ਘੱਟ ਲੱਗਦਾ ਸੀ, ਪਰ ਅੱਜ ਇਕੱਲੇ ਨੂੰ ਡਰ ਵੀ ਜ਼ਿਆਦਾ ਲੱਗ ਰਿਹਾ ਸੀ। ਕੈਰੀਅਰ ਮੈਂ ਲੁਹਾ ਨਹੀਂ ਸਾਂ ਸਕਿਆ। ਜਾਂਦਿਆਂ ਹੀ ਸਭ ਕੁਝ ਭੁੱਲ ਭੁਲਾ ਕੇ ਖੇਡਣ ਭੱਜ ਗਿਆ ਸਾਂ, ਪਰ ਹੁਣ ਪਛਤਾਵਾ ਹੋ ਰਿਹਾ ਸੀ। ਕਿਉਂਕਿ ਬਾਬੇ ਨੇ ਇਹ ਵੀ ਦੱਸਿਆ ਸੀ ਕਿ ਭੂਤਾਂ ਇਕੱਲਿਆਂ ਨੂੰ ਵੇਖ ਕੇ ਇਹੋ ਜਿਹੇ ਕਾਰੇ ਜ਼ਿਆਦਾ ਕਰਦੀਆਂ ਨੇ। ਹੁਣ ਕੋਈ ਵੀ ਭੂਤ ਆਰਾਮ ਨਾਲ ਮੇਰੇ ਸਾਈਕਲ ’ਤੇ ਲੱਗੇ ਕੈਰੀਅਰ ’ਤੇ ਬੈਠ ਕੇ ਮੇਰਾ ਕੰਘਾ ਕਰ ਸਕਦੀ ਸੀ।
ਮੈਂ ਸੜਕ ’ਤੇ ਜਾ ਚੜ੍ਹਿਆ। ਹੁਣ ਹਰ ਪੈਦਲ ਜਾਂਦਾ ਰਾਹਗੀਰ ਮੈਨੂੰ ਭੂਤ ਜਾਪ ਰਿਹਾ ਸੀ ਤੇ ਮੈਂ ਉਨ੍ਹਾਂ ਵੱਲ ਬਿਨਾਂ ਵੇਖੇ ਸਾਈਕਲ ਭਜਾਈ ਜਾ ਰਿਹਾ ਸਾਂ। ਜਲਦੀ ਹੀ ਮੇਰਾ ਸਾਈਕਲ ਭਾਰਾ ਹੋਣਾ ਸ਼ੁਰੂ ਹੋ ਗਿਆ। ਇਹ ਹੀ ਭੂਤ ਦੇ ਪਿੱਛੇ ਬੈਠੇ ਹੋਣ ਦੀ ਵੱਡੀ ਨਿਸ਼ਾਨੀ ਸੀ। ਭਾਵੇਂ ਮੈਂ ਕਿਸੇ ਨੂੰ ਪਿੱਛੇ ਨਹੀਂ ਸੀ ਬਿਠਾਇਆ, ਪਰ ਪਿੱਛੇ ਪਰਤ ਕੇ ਵੇਖਣੋਂ ਵੀ ਬਾਬੇ ਨੇ ਮਨ੍ਹਾਂ ਕੀਤਾ ਸੀ। ਕੀ ਪਤਾ ਭੂਤ ਚੱਲਦੇ ਸਾਈਕਲ ’ਤੇ ਹੀ ਬੈਠ ਗਈ ਹੋਵੇ। ਅਸੀਂ ਵੀ ਤਾਂ ਕਈ ਵਾਰ ਦੂਜੇ ਸਾਥੀਆਂ ਦੇ ਮਗਰ ਚੱਲਦੇ ਸਾਈਕਲ ’ਤੇ ਹੀ ਬੈਠ ਜਾਂਦੇ ਸਾਂ। ਪਿੱਛੇ ਪਰਤ ਕੇ ਵੇਖਣ ਦੀ ਹਿੰਮਤ ਹੀ ਨਹੀਂ ਸੀ ਹੋ ਰਹੀ।
ਜਿਉਂ ਜਿਉਂ ਮੈਂ ਪੈਡਲਾਂ ’ਤੇ ਜ਼ੋਰ ਦਿੰਦਾ ਸਾਈਕਲ ਹੋਰ ਭਾਰਾ ਹੋਈ ਜਾ ਰਿਹਾ ਸੀ। ਮੇਰੇ ਜ਼ਿਹਨ ਵਿੱਚ ਬਾਬੇ ਦੀ ਦੱਸੀ ਸ਼ਕਲ ਵਾਲੀ ਭੂਤ ਵੜੀ ਬੈਠੀ ਸੀ। ਮੇਰਾ ਦਿਲ ਧੜਕ ਰਿਹਾ ਸੀ। ਤਰੇਲੀਆਂ ਛੁੱਟ ਰਹੀਆਂ ਸਨ। ਮੂੰਹ ’ਤੇ ਹਵਾਈਆਂ ਉੱਡੀਆਂ ਹੋਈਆਂ ਸਨ। ਮੈਂ ਸਾਈਕਲ ਦੇ ਪੈਡਲਾਂ ’ਤੇ ਹੋਰ ਜ਼ੋਰ ਲਾਈ ਜਾ ਰਿਹਾ ਸਾਂ। ਸਾਈਕਲ ਹੋਰ ਭਾਰਾ ਹੁੰਦਾ ਜਾ ਰਿਹਾ ਸੀ। ਮੈਂ ਵਾਹਿਗੁਰੂ ਦਾ ਜਾਪ ਉੱਚੀ ਉੱਚੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ, ਪਰ ਮੂੰਹ ਵਿੱਚੋਂ ਆਵਾਜ਼ ਹੀ ਨਹੀਂ ਸੀ ਨਿਕਲ ਰਹੀ। ਫਿਰ ਅਚਾਨਕ ਸਾਈਕਲ ਏਨਾ ਭਾਰਾ ਹੋ ਗਿਆ ਕਿ ਮੇਰੀਆਂ ਲੱਤਾਂ ’ਚੋਂ ਸਾਹ ਸਤ ਮੁੱਕ ਗਿਆ ਜਾਪਿਆ। ਸਾਈਕਲ ਰੁਕ ਗਿਆ ਤੇ ਮੈਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੜਕ ’ਤੇ ਜਾ ਡਿੱਗਾ।
ਅਜੇ ਤਾਂ ਉੱਠਣ ਦਾ ਹੀਆ ਹੀ ਨਹੀਂ ਸੀ ਪੈ ਰਿਹਾ ਕਿ ਅਚਾਨਕ ਪਿੱਛੋਂ ਆਈ ਇੱਕ ਆਵਾਜ਼ ਨੇ ਮੇਰੇ ਸਰੀਰ ਦੀ ਜਿਵੇਂ ਰਹਿੰਦੀ ਰੱਤ ਵੀ ਨਿਚੋੜ ਲਈ ਹੋਵੇ।
“ਓਏ ਤੂੰ ਕਿਵੇਂ ਪਿਐਂ ਸੜਕ ’ਤੇ?’’
ਤੇ ਮੈਂ ਇਕਦਮ ਪਿੱਛੇ ਹੋ ਕੇ ਅਣਜਾਣੇ ਵਿੱਚ ਹੀ ਵੇਖ ਲਿਆ। ਓ! ਇਹ ਤਾਂ ਮੇਰਾ ਸਾਥੀ ਮਹਿੰਦਰ ਸੀ ਜੋ ਸ਼ਾਇਦ ਮੇਰੇ ਤੋਂ ਵੀ ਪਛੜ ਗਿਆ ਸੀ। ਮੈਨੂੰ ਹੌਸਲਾ ਹੋਇਆ, ਨਾਲੇ ਮੈਂ ਵੇਖਿਆ ਸਾਈਕਲ ਦੇ ਕੋਲ ਹੋਰ ਕੋਈ ਨਹੀਂ ਸੀ। ਸ਼ਾਇਦ ਭੂਤ ਵਾਹਿਗੁਰੂ ਦਾ ਜਾਪ ਸੁਣ ਕੇ ਚਲੀ ਗਈ ਹੋਵੇਗੀ।
ਮੈਂ ਉੱਠ ਕੇ ਸਾਈਕਲ ਚੁੱਕਿਆ ਤੇ ਸਟੈਂਡ ਲਾ ਕੇ ਖੜ੍ਹਾ ਕਰ ਦਿੱਤਾ ਤਾਂ ਮਹਿੰਦਰ ਨੇ ਪੁੱਛਿਆ, “ਉਏ ਤੂੰ ਕਿਵੇਂ ਪਸੀਨੇ ਨਾਲ ਭਿੱਜਿਆ ਪਿਐਂ? ਕੀ ਹੋਇਆ ਤੈਨੂੰ?’’
ਉਹ ਕਈ ਸਵਾਲ ਇੱਕੋ ਸਾਹੇ ਕਰ ਗਿਆ। ਹੁਣ ਮੇਰੇ ਹੋਸ਼ ਕੁਝ ਕੁਝ ਟਿਕਾਣੇ ਆ ਚੁੱਕੇ ਸਨ। ਮੈਂ ਉਸ ਨੂੰ ਆਪਣੀ ਸਾਰੀ ਆਪ ਬੀਤੀ ਸੁਣਾਈ। ਇੱਕ ਵਾਰ ਤਾਂ ਸੁਣ ਕੇ ਉਹ ਵੀ ਠਠੰਬਰ ਗਿਆ, ਪਰ ਫਿਰ ਮੇਰਾ ਸਾਈਕਲ ਫੜ ਕੇ ਤੋਰ ਕੇ ਵੇਖਿਆ।
‘‘ਉਏ ਇਹਦਾ ਤਾਂ ਚੱਕਾ ਹੀ ਜਾਮ ਹੋਇਆ ਪਿਐ।’’
ਪਿਛਲਾ ਚੱਕਾ ਲਗਭਗ ਘਸੀਟਦਾ ਹੋਇਆ ਨਜ਼ਰੀਂ ਆਇਆ।
ਮੈਂ ਵੇਖਿਆ ਕਿ ਪਿਛਲਾ ਚੱਕਾ ਸੱਚਮੁੱਚ ਜਾਮ ਹੋਇਆ ਪਿਆ ਸੀ ਤੇ ਇੱਕ ਪਾਸੇ ਚਿਮਟੇ ਨਾਲ ਲੱਗਾ ਹੋਇਆ ਸੀ। ਟਾਇਰ ਤੇ ਚਿਮਟੇ ਨਾਲ ਘਸਰ ਕੇ ਚੱਲਣ ਦੇ ਦਾਗ ਪਏ ਹੋਏ ਸਨ।
ਅਸੀਂ ਸਾਈਕਲ ਲੰਮਾ ਪਾ ਲਿਆ। ਆਪਣੇ ਪੁਰਾਣੇ ਤਜਰਬੇ ਅਨੁਸਾਰ ਉੱਪਰ ਚੜ੍ਹ ਕੇ ਝਟਕਾ ਮਾਰਿਆ ਤਾਂ ਚੱਕਾ ਕੁਝ ਸਿੱਧਾ ਹੋ ਗਿਆ।
ਦਰਅਸਲ, ਡਰ ਦੀ ਵਜ੍ਹਾ ਨਾਲ ਮੈਂ ਪੈਡਲਾਂ ’ਤੇ ਜ਼ਿਆਦਾ ਜ਼ੋਰ ਦਿੰਦਾ ਆ ਰਿਹਾ ਸੀ। ਪਿਛਲੇ ਚੱਕੇ ਦੇ ਨਟ ਕੁਝ ਢਿੱਲੇ ਹੋਣ ਕਰਕੇ ਚੱਕਾ ਇੱਕ ਪਾਸੇ ਨੂੰ ਹੁੰਦਾ ਗਿਆ ਅਤੇ ਹੌਲੀ ਹੌਲੀ ਜਾਮ ਹੋ ਗਿਆ ਸੀ।
ਅਸੀਂ ਇੱਕ ਦੂਜੇ ਵੱਲ ਵੇਖ ਕੇ ਮੁਸਕਰਾਉਣ ਦਾ ਯਤਨ ਕੀਤਾ ਅਤੇ ਸਕੂਲ ਵੱਲ ਤੁਰ ਪਏ।
ਸਾਡੀ ਇੰਚਾਰਜ ਮੈਡਮ ਨੇ ਲੇਟ ਆਉਣ ਦਾ ਕਾਰਨ ਪੁੱਛਿਆ ਤਾਂ ਮਹਿੰਦਰ ਨੇ ਮੇਰੀ ਕਹਾਣੀ ਸੁਣਾ ਦਿੱਤੀ। ਸ਼ਾਇਦ ਇਸ ਬਹਾਨੇ ਉਹ ਆਪਣਾ ਬਚਾ ਵੀ ਕਰਨਾ ਚਾਹੁੰਦਾ ਸੀ।
ਇਹ ਸੁਣ ਕੇ ਸਾਰੇ ਵਿਦਿਆਰਥੀ ਹੱਸ ਪਏ। ਮੈਡਮ ਨੇ ਕਿਹਾ, “ਐਵੇਂ ਇਹੋ ਜਿਹੇ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ’ਤੇ ਵਿਸ਼ਵਾਸ ਨਾ ਕਰਿਆ ਕਰੋ। ਕੋਈ ਭੂਤ ਨਹੀਂ ਹੁੰਦੇ।’’ ਮੈਡਮ ਨੇ ਲੰਮਾ ਲੈਕਚਰ ਦੇ ਕੇ ਸਮਝਾਇਆ ਤੇ ਪਿੱਛੋਂ ਹੱਸ ਕੇ ਕਿਹਾ, ‘‘ਹੁਣ ਤਾਂ ਚੰਨੇ ਵਾਂਗੂ ਨਹੀਂ ਡਰੋਗੇ ਨਾ? ਬੋਲੋ।”
ਬਾਕੀ ਮੁੰਡਿਆਂ ਦੇ ਨਾਲ ਨਾਲ ਮੇਰਾ ਵੀ ਹਾਸਾ ਨਿਕਲ ਗਿਆ ਤੇ ਨਾਲ ਡਰ ਵੀ ਜੋ ਫੇਰ ਕਦੇ ਨਹੀਂ ਆਇਆ।
ਸੰਪਰਕ: 94167-34506