ਤਰਸੇਮ ਸਿੰਘ ਭੰਗੂ
ਕਲਰਕ ਰਜਿੰਦਰ ਸਿੰਘ ਨੂੰ ਸੂਬੇ ਦੇ ਸੈਨਿਕ ਭਲਾਈ ਦਫ਼ਤਰ ਪਟਿਆਲਾ ਵਿਖੇ ਤਾਇਨਾਤ ਹੋਏ ਨੂੰ ਤਕਰੀਬਨ ਚਾਰ ਸਾਲ ਦਾ ਸਮਾਂ ਹੋ ਗਿਆ ਸੀ। ਬਾਰ੍ਹਵੀਂ ਪਾਸ ਰਜਿੰਦਰ ਨੂੰ ਸਾਬਕਾ ਸੈਨਿਕ ਪਿਤਾ ਦਾ ਪੁੱਤਰ ਹੋਣ ਕਰਕੇ ਫ਼ੌਜੀ ਕੋਟੇ ਦੇ ਆਧਾਰ ’ਤੇ ਬੜੀ ਆਸਾਨੀ ਨਾਲ ਉਨੀਵਾਂ ਸਾਲ ਲੱਗਦਿਆਂ ਹੀ ਸਰਕਾਰੀ ਨੌਕਰੀ ਮਿਲ ਗਈ ਸੀ। ਸੂਬਾ ਅਤੇ ਕੇਂਦਰ ਸਰਕਾਰ ਨਾਲ ਸਬੰਧਿਤ ਇਸ ਅਦਾਰੇ ਵਿੱਚ ਸੇਵਾ ਨਿਭਾਉਂਦੇ ਹੋਏ ਉਸ ਨੂੰ ਬਹੁਤ ਹੀ ਦੁਖਦਾਈ ਅਤੇ ਗ਼ਮਗੀਨ ਖ਼ਬਰਾਂ ਨੇ ਕਈ ਵਾਰ ਉਦਾਸ ਵੀ ਕੀਤਾ, ਪਰ ਪਰਿਵਾਰ ਵੱਲੋਂ ਮਿਲੇ ਚੰਗੇ ਸੰਸਕਾਰਾਂ ਨੂੰ ਪਰਨਾਇਆ ਉਹ ਹਮੇਸ਼ਾ ਕੋਸ਼ਿਸ਼ ਕਰਦਾ ਕਿ ਉਸ ਵੱਲੋਂ ਕਿਸੇ ਨੂੰ ਕੋਈ ਦੁੱਖ ਨਾ ਮਿਲੇ।
ਉਸ ਨੂੰ ਉਸ ਵੇਲੇ ਬਹੁਤ ਦੁੱਖ ਹੁੰਦਾ ਜਦੋਂ ਭ੍ਰਿਸ਼ਟਾਚਾਰੀ ਸੀਨੀਅਰ ਕਲਰਕ ਕਿਸੇ ਫ਼ੌਜੀ ਦੇ ਵਾਰਸ ਨੂੰ ਬੇਮਤਲਬ ਦਫ਼ਤਰ ਦੇ ਗੇੜੇ ਓਨਾ ਚਿਰ ਮਰਵਾਈ ਜਾਂਦੇ ਜਿੰਨਾ ਚਿਰ ਅਗਲਾ ਅੱਡਿਆ ਮੂੰਹ ਬੰਦ ਨਾ ਕਰ ਦਿੰਦਾ। ਉਦੋਂ ਤਾਂ ਉਹ ਹੋਰ ਵੀ ਦੁਖੀ ਹੁੰਦਾ ਜਦੋਂ ਕਿਸੇ ਸੈਨਿਕ ਦੀ ਨੌਜਵਾਨ ਵਿਧਵਾ ਨੂੰ ਕਾਮੁਕ ਨਜ਼ਰਾਂ ਨਾਲ ਵੇਖਦੇ। ਕਸਬਾ ਰਾਜਪੁਰਾ ਦੇ ਨੇੜੇ ਹੀ ਉਸ ਦਾ ਪਿੰਡ ਸੀ ਜੋ ਨਗਰਪਾਲਿਕਾ ਦੀ ਹੱਦ ਅੰਦਰ ਆ ਕੇ ਰਾਜਪੁਰੇ ਵਿੱਚ ਹੀ ਰਲ਼ ਗਿਆ ਸੀ। ਉਹ ਆਰਾਮ ਨਾਲ ਅੱਪ-ਡਾਊਨ ਕਰ ਲੈਂਦਾ ਸੀ। ਪਿਤਾ ਸਾਬਕਾ ਸੈਨਿਕ ਸੀ। ਰਜਿੰਦਰ ਤੋਂ ਛੋਟੇ ਨੂੰ ਪਿਤਾ ਨੇ ਫ਼ੌਜ ਵਿੱਚ ਭਰਤੀ ਕਰਵਾ ਦਿੱਤਾ ਸੀ। ਉਨ੍ਹਾਂ ਦੀ ਛੋਟੀ ਜਿਹੀ ਟੱਬਰੀ ਸੁੱਖ ਭਰਿਆ ਜੀਵਨ ਬਤੀਤ ਕਰ ਰਹੀ ਸੀ।
ਇਸ ਦਫ਼ਤਰ ਵਿੱਚ ਸਾਬਕਾ ਫ਼ੌਜੀਆਂ ਦੇ ਸਬੰਧ ਵਿੱਚ ਜਾਂ ਨੌਕਰੀ ਕਰ ਰਹੇ ਫ਼ੌਜੀਆਂ ਦੇ ਮੁਤੱਲਕ ਕੋਈ ਵੀ ਸੂਚਨਾ ਸਭ ਤੋਂ ਪਹਿਲਾਂ ਆਉਂਦੀ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਹੁੰਦੀ ਹੈ। ਇਸ ਲਈ ਦਫ਼ਤਰ ਵਿੱਚ ਕਾਫ਼ੀ ਭੀੜ ਵੀ ਰਹਿੰਦੀ ਹੈ। ਸਾਰਾ ਦਿਨ ਸਿਰ ਖੁਰਕਣ ਦੀ ਵਿਹਲ ਹੀ ਨਹੀਂ ਮਿਲਦੀ। ਇਸ ਅਦਾਰੇ ਦਾ ਮੁਖੀ ਮੇਜਰ ਤੋਂ ਲੈ ਕੇ ਬ੍ਰਿਗੇਡੀਅਰ ਤੱਕ ਦਾ ਕੋਈ ਨਾ ਕੋਈ ਸੇਵਾਮੁਕਤ ਅਫ਼ਸਰ ਹੀ ਹੁੰਦਾ ਹੈ। ਕਿਸੇ ਵੀ ਕਰਮਚਾਰੀ ਵੱਲੋਂ ਕਿਸੇ ਕੰਮ ਵਿੱਚ ਅਣਗਹਿਲੀ ਜਾਂ ਕੁਤਾਹੀ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ, ਫਿਰ ਵੀ ਰੱਸੇ ਚੱਬਣ ਦੀ ਭੈੜੀ ਆਦਤ ਵਾਲੇ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਸਨ ਆਉਂਦੇ। ਚੰਗੀ ਸੋਚ ਕਰਕੇ ਰਜਿੰਦਰ ਪਹਿਲਾਂ ਹੀ ਦੁਖੀ ਨੂੰ ਹੋਰ ਦੁਖੀ ਨਹੀਂ ਕਰਦਾ ਸੀ। ਉਹ ਇਮਾਨਦਾਰੀ ਨਾਲ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ।
ਇੱਕ ਦਿਨ ਰਜਿੰਦਰ ਆਪਣੀ ਸੀਟ ’ਤੇ ਬੈਠਾ ਆਏ ਸਾਬਕਾ ਸੈਨਿਕਾਂ ਅਤੇ ਕਈ ਵਿਧਵਾਵਾਂ ਨੂੰ ਵਾਰੀ ਸਿਰ ਭੁਗਤਾਅ ਰਿਹਾ ਸੀ। ਆਪਣੀ ਵਾਰੀ ਆਉਣ ’ਤੇ ਇੱਕ ਉੱਚੇ ਲੰਮੇ ਅਧਖੜ ਜਿਹੇ ਕਲੀਨਸ਼ੇਵ ਸਾਬਕਾ ਸੈਨਿਕ ਲੱਗਦੇ ਸ਼ਖ਼ਸ ਨੇ ‘ਸਤਿ ਸ੍ਰੀ ਅਕਾਲ ਸਰਦਾਰ ਜੀ’ ਕਹਿ ਕੇ ਰਜਿੰਦਰ ਦਾ ਧਿਆਨ ਆਪਣੇ ਵੱਲ ਖਿੱਚਿਆ। ਰਜਿੰਦਰ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਆਉਣ ਵਾਲੇ ਨੂੰ ਉਸ ਨੇ ਕਿਤੇ ਵੇਖਿਆ ਹੋਵੇ, ਪਰ ਯਾਦ ਨਹੀਂ ਆ ਰਿਹਾ ਸੀ। ‘ਸਤਿ ਸ੍ਰੀ ਅਕਾਲ ਜੀ’ ਆਖਦਿਆਂ ਰਜਿੰਦਰ ਨੇ ਅਦਬ ਨਾਲ ਨੇੜੇ ਪਈ ਕੁਰਸੀ ’ਤੇ ਆਉਣ ਵਾਲੇ ਨੂੰ ਬੈਠਣ ਦਾ ਇਸ਼ਾਰਾ ਕੀਤਾ। ਰਜਿੰਦਰ ਸਾਬਕਾ ਸੈਨਿਕ ਦਾ ਪੁੱਤਰ ਹੋਣ ਕਰਕੇ ਉਹ ਸਾਬਕਾ ਸੈਨਿਕਾਂ ਦੀ ਬਹੁਤ ਇੱਜ਼ਤ ਕਰਦਾ ਸੀ।
‘‘ਹਾਂ ਜੀ, ਅੰਕਲ ਜੀ।’’ ਰਜਿੰਦਰ ਨੇ ਆਉਣ ਵਾਲੇ ਦਾ ਮਕਸਦ ਪੁੱਛਿਆ।
‘‘ਬੇਟਾ, ਇਹ ਚਿੱਠੀ ਦਫ਼ਤਰ ਵੱਲੋਂ ਗਈ ਸੀ ਕਿ ਇਸ ਮਿਤੀ ਨੂੰ ਦਫ਼ਤਰ ਪਹੁੰਚੋ।’’ ਉਸ ਸ਼ਖ਼ਸ ਨੇ ਇੱਕ ਭੂਰੇ ਰੰਗ ਦੀ ਦਫ਼ਤਰੀ ਚਿੱਠੀ ਰਜਿੰਦਰ ਵੱਲ ਵਧਾਉਂਦਿਆਂ ਕਿਹਾ। ਉਸ ਦੀ ਆਵਾਜ਼ ਵਿੱਚ ਡੂੰਘਾ ਦਰਦ ਸੀ।
ਰਜਿੰਦਰ ਨੇ ਚਿੱਠੀ ਵੇਖ ਕੇ ਕਿਹਾ, ‘‘ਤੁਸੀਂ ਰਾਜਪੁਰਾ ਤੋਂ ਆਏ ਹੋ?’’
‘‘ਹਾਂ ਬੇਟਾ ਜੀ।’’ ਉਸ ਦਾ ਸੰਖੇਪ ਜੁਆਬ ਸੀ।
‘‘ਅੰਕਲ ਜੀ, ਜਿਨ੍ਹਾਂ ਦੀ ਵਾਰ ਵਿੱਡੋ ਪੈਨਸ਼ਨ ਲੱਗਣੀ ਹੈ, ਉਹ ਨਾਲ ਆਏ ਨੇ?’’ ਵਾਰ ਵਿੱਡੋ ਕਹਿੰਦਿਆਂ ਸੈਨਿਕ ਦਾ ਪੁੱਤਰ ਹੋਣ ਕਰਕੇ ਨੌਜਵਾਨ ਰਜਿੰਦਰ ਨੂੰ ਧੱਕਾ ਜਿਹਾ ਲੱਗਾ।
‘‘ਹਾਂ ਜੀ, ਬਰਾਂਡੇ ਵਿੱਚ ਬੈਠੇ ਨੇ ਬੁਲਾਉਂਦਾ ਹਾਂ।’’ ਕਹਿ ਕੇ ਉਹ ਸ਼ਖ਼ਸ ਬਾਹਰ ਚਲਾ ਗਿਆ। ਥੋੜ੍ਹੀ ਦੇਰ ਬਾਅਦ ਉਸ ਦੇ ਨਾਲ ਫਿੱਕੇ ਜਿਹੇ ਰੰਗ ਵਾਲੇ ਸੂਟ ਦੇ ਨਾਲ ਚਿੱਟੀ ਚੁੰਨੀ ਲਈ ਚਿਹਰੇ ਦੀ ਤਾਬ ਗਵਾ ਚੁੱਕੀ ਨੌਜਵਾਨ ਕੁੜੀ ਦੇ ਨਾਲ ਤਿੰਨ ਕੁ ਸਾਲ ਦੀ ਬੱਚੀ ਜਿਸ ਦੇ ਦੋ ਗੁੱਤਾਂ ਕਰਕੇ ਲਾਲ ਰਿਬਨਾਂ ਨਾਲ ਫੁੱਲ ਬਣਾਏ ਹੋਏ ਸਨ, ਅੰਦਰ ਦਾਖਲ ਹੋਈਆਂ। ਇਹ ਮੇਰੀ ਬੇਟੀ ਹੈ ਤੇ ਛੋਟੀ ਇਸ ਦੀ ਬੇਟੀ ਹੈ। ਬੱਚੀ ਦੀ ਸ਼ਕਲ ਵੇਖ ਕੇ ਵੀ ਰਜਿੰਦਰ ਨੂੰ ਲੱਗਾ ਜਿਵੇਂ ਇਹ ਬੱਚੀ ਵੀ ਉਸ ਨੇ ਕਿਤੇ ਵੇਖੀ ਹੋਵੇ। ਯਾਦ ਨਹੀਂ ਆ ਰਿਹਾ ਸੀ ਕਿ ਕਿੱਥੇ ਵੇਖਿਆ ਹੈ। ਛੋਟੀ ਸ਼ਬਦ ਰਜਿੰਦਰ ਦੇ ਜ਼ਿਹਨ ਵਿੱਚ ਵਾਰ-ਵਾਰ ਵੱਜ ਰਿਹਾ ਸੀ।
ਲੜਾਈ ਤਾਂ ਕੋਈ ਲੱਗੀ ਨਹੀਂ ਸੀ, ਪਰ ਕਾਗਜ਼ਾਂ ਅਨੁਸਾਰ ਐੱਲਓਸੀ ’ਤੇ ਗੁਆਂਢੀ ਮੁਲਕ ਦੀ ਫ਼ੌਜ ਨਾਲ ਇੱਕ ਝੜਪ ਵਿੱਚ ਜਵਾਨ ਸੰਦੀਪ ਕੁਮਾਰ ਸ਼ਹੀਦ ਹੋਇਆ ਸੀ। ਰਜਿੰਦਰ ਦਾ ਧਿਆਨ ਕਾਗਜ਼ਾਂ ਵੱਲ ਘੱਟ ਤੇ ਬੱਚੀ ਅਤੇ ਉਨ੍ਹਾਂ ਨਾਲ ਆਏ ਸ਼ਖ਼ਸ ਵੱਲ ਵੱਧ ਸੀ ਕਿ ਉਨ੍ਹਾਂ ਨੂੰ ਉਹਨੇ ਕਿੱਥੇ ਵੇਖਿਆ ਹੈ! ਅਜਿਹੇ ਕੇਸ ਰਜਿੰਦਰ ਕੋਲ ਹੀ ਆਉਂਦੇ ਹਨ। ਉਸ ਨੇ ਬੈਂਕ ਦੇ ਅਕਾਉਂਟ ਸਮੇਤ ਹੋਰ ਜ਼ਰੂਰੀ ਕਾਗਜ਼ੀ ਕਰਵਾਈ ਕਰਨ ਲਈ ਸਮਝਾ ਕੇ ਉਨ੍ਹਾਂ ਨੂੰ ਸੋਮਵਾਰ ਨੂੰ ਜਲਦੀ ਆਉਣ ਲਈ ਕਿਹਾ ਕਿਉਂਕਿ ਅਜਿਹੇ ਕੇਸ ਦਾ ਕੰਮ ਕਾਫ਼ੀ ਹੁੰਦਾ ਹੈ।
ਸ਼ਨੀਵਾਰ ਤੇ ਐਤਵਾਰ ਦੀਆਂ ਦੋ ਛੁੱਟੀਆਂ ਸਨ। ਦੋਵੇਂ ਦਿਨ ਉਹ ਸ਼ਖ਼ਸ, ਛੋਟੀ ਜਿਹੀ ਬੱਚੀ ਅਤੇ ਸ਼ਹੀਦ ਫ਼ੌਜੀ ਦੀ ਵਾਰਸ ਕਮਲੇਸ਼ ਰਾਣੀ ਰਜਿੰਦਰ ਦੇ ਜ਼ਿਹਨ ਵਿੱਚ ਖੌਰੂ ਪਾਉਂਦੇ ਰਹੇ ਸਨ। ਰਜਿੰਦਰ ਆਪਣੇ ਫ਼ੌਜੀ ਪਿਤਾ ਨਾਲ ਵੱਖ-ਵੱਖ ਫ਼ੌਜੀ ਛਾਉਣੀਆਂ ਵਿੱਚ ਰਹਿ ਕੇ ਸੈਂਟਰ ਸਕੂਲਾਂ ਵਿੱਚ ਪੜ੍ਹਿਆ ਸੀ। ਫ਼ੌਜੀ ਕੁਆਟਰਾਂ ਅਤੇ ਸਕੂਲਾਂ ਵਿੱਚ ਵਿਚਰਦਿਆਂ ਬਹੁਤ ਸਾਰੇ ਚਿਹਰੇ ਉਸ ਦੀ ਯਾਦ ਦਾ ਹਿੱਸਾ ਸਨ। ਸੋਚਦਿਆਂ ਅਖੀਰ ਦਿਮਾਗ਼ ਦੇ ਚਿੱਤਰਪੱਟ ਤੋਂ ਯਾਦਾਂ ਦੀ ਧੁੰਦ ਸਾਫ਼ ਹੋਣ ਲੱਗੀ ਤੇ ਰਜਿੰਦਰ ਨੂੰ ਫ਼ਰੀਦਕੋਟ ਛਾਉਣੀ ਵਿਖੇ ਗੁਜ਼ਾਰਿਆ ਬਚਪਨ ਯਾਦ ਆ ਗਿਆ। ਦੂਸਰੀ ਯੂਨਿਟ ਦੇ ਸ਼ਰਮਾ ਅੰਕਲ ਵੀ ਯਾਦ ਆ ਗਏ ਜਿਨ੍ਹਾਂ ਦੀ ਇੱਕੋ-ਇੱਕ ਬੇਟੀ ਜਿਸ ਨੂੰ ਸਾਰੇ ਛੋਟੀ ਆਖਦੇ ਸਨ, ਉਹ ਵੀ ਯਾਦ ਆ ਗਈ। ਫ਼ੌਜੀ ਕੁਆਟਰਾਂ ਵਿੱਚ ਹੋਰ ਵੀ ਬੱਚੇ ਸਨ, ਪਰ ਛੋਟੀ, ਬੱਚੇ ਰਜਿੰਦਰ ਤੋਂ ਬਿਨਾਂ ਹੋਰ ਕਿਸੇ ਨਾਲ ਵੀ ਨਾ ਖੇਡਦੀ। ਸ਼ਰਮਾ ਅੰਕਲ ਨਾਲ ਵੀ ਡਿਊਟੀ ਤੋਂ ਆਉਂਦੇ-ਜਾਂਦੇ ਡੈਡੀ ਦੀ ਹੈਲੋ ਹਾਏ ਹੁੰਦੀ ਹੀ ਰਹਿੰਦੀ ਸੀ। ਕਦੇ-ਕਦੇ ਬਾਜ਼ਾਰ ਵੀ ਇਕੱਠੇ ਚਲੇ ਜਾਂਦੇ ਸਨ। ਰਜਿੰਦਰ ਦੇ ਡੈਡੀ ਜਦੋਂ ਜੇਸੀਓ ਬਣ ਗਏ ਸਨ ਤਾਂ ਉਨ੍ਹਾਂ ਦਾ ਕੁਆਟਰ ਬਦਲ ਗਿਆ ਸੀ, ਫਿਰ ਵੀ ਛੋਟੀ ਆਪਣੀ ਮੰਮੀ ਨੂੰ ਨਾਲ ਲੈ ਕੇ ਤਕਰੀਬਨ ਰੋਜ਼ ਹੀ ਉਸ ਨਾਲ ਖੇਡਣ ਉਨ੍ਹਾਂ ਦੇ ਕੁਆਟਰ ਆ ਜਾਂਦੀ ਸੀ।
ਛੋਟੀ ਦੀ ਮੰਮੀ ਦੋਵਾਂ ਨੂੰ ਆਪਣੇ ਧਿਆਨ ਖੇਡਦਿਆਂ ਵੇਖ ਕਈ ਵਾਰ ਰਜਿੰਦਰ ਦੀ ਮੰਮੀ ਨੂੰ ਆਖਦੀ, ‘‘ਭੈਣ ਜੀ, ਇਨ੍ਹਾਂ ਦਾ ਵਿਆਹ ਈ ਨਾ ਕਰ ਦੇਈਏ?’’ ਰਜਿੰਦਰ ਦੀ ਮੰਮੀ ਹੱਸ ਛੱਡਦੀ ਸੀ। ਜਦੋਂ ਤਿੰਨ ਸਾਲਾਂ ਦੇ ਰਜਿੰਦਰ ਤੇ ਛੋਟੀ ਨੂੰ ਨਰਸਰੀ ਵਿੱਚ ਦਾਖਲ ਕਰਵਾਇਆ ਤਾਂ ਪਤਾ ਲੱਗਾ ਕਿ ਛੋਟੀ ਦਾ ਨਾਂ ਕਮਲੇਸ਼ ਰਾਣੀ ਹੈ। ਛੋਟੀ ਤਾਂ ਰਜਿੰਦਰ ਨੂੰ ਜੀਂਦਰ ਆਖਦੀ, ਪਰ ਰਜਿੰਦਰ ਛੋਟੀ ਆਖ ਕੇ ਹੀ ਬੁਲਾਉਂਦਾ ਸੀ। ‘‘ਹੇ ਵਾਹਿਗੁਰੂ, ‘ਵਾਰ ਵਿੱਡੋ’ ਹੋਣਾ ਕਿਸੇ ਵਾਸਤੇ ਵੀ ਦੁੱਖ ਦੀ ਗੱਲ ਹੈ, ਪਰ ਮੇਰੀ ਛੋਟੀ ਨਾ ਹੋਵੇ’’ ਕਿਸੇ ਅੰਦਰੂਨੀ ਅਪਣੱਤ ਨਾਲ ਰਜਿੰਦਰ ਨੇ ਮਨਬਚਨੀ ਕੀਤੀ।
ਦੋਵਾਂ ਛੁੱਟੀਆਂ ਵਿੱਚ ਰਜਿੰਦਰ ਦੇ ਦਿਮਾਗ਼ ਵਿੱਚ ਵਾਰ ਵਿੱਡੋ, ਸ਼ਰਮਾ ਅੰਕਲ, ਛੋਟੀ ਅਤੇ ਕਮਲੇਸ਼ ਨਾਮ ਹੀ ਗੂੰਜਦੇ ਰਹੇ। ਮੰਮੀ ਡੈਡੀ ਯਾਤਰਾ ’ਤੇ ਗਏ ਹੋਏ ਸਨ। ਇਸ ਬਾਰੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਪੁੱਛਿਆ ਜਾ ਸਕਦਾ ਸੀ। ਰਜਿੰਦਰ ਦੋਵੇਂ ਦਿਨ ਬਚਪਨ ਦੇ ਦਿਨੀਂ ਫ਼ਰੀਦਕੋਟ ਹੀ ਵਿਚਰਦਾ ਰਿਹਾ। ਛੋਟੀ ਤੇ ਰਜਿੰਦਰ ਆਰਮੀ ਦੀ ਸਕੂਲ ਬੱਸ ਵਿੱਚ ਇੱਕੋ ਥਾਂ ਤੋਂ ਚੜ੍ਹਦੇ, ਇੱਕੋ ਸੀਟ ’ਤੇ ਬੈਠਦੇ ਅਤੇ ਸਕੂਲ ਵਿੱਚ ਵੀ ਇੱਕੋ ਬੈਂਚ ’ਤੇ ਬੈਠਦੇ ਸਨ। ਰਜਿੰਦਰ ਨੂੰ ਉਹ ਵੇਲਾ ਵੀ ਯਾਦ ਆ ਗਿਆ ਜਦੋਂ ਡੈਡੀ ਦੀ ਯੂਨਿਟ ਦੂਸਰੀ ਜਗ੍ਹਾ ਜਾ ਰਹੀ ਸੀ। ਕੁਆਟਰਾਂ ਵਿੱਚ ਰਹਿੰਦੇ ਕੁਝ ਪਰਿਵਾਰਾਂ ਨੇ ਜਾਣ ਤੋਂ ਪਹਿਲਾਂ ਵਿਦਾਇਗੀ ਵਜੋਂ ਖਾਣੇ ’ਤੇ ਵੀ ਬੁਲਾਇਆ ਸੀ। ਸ਼ਰਮਾ ਜੀ ਦੇ ਘਰ ਵੀ ਉਹ ਗਏ ਸਨ। ਉਸ ਦਿਨ ਛੋਟੀ ਤੇ ਰਜਿੰਦਰ ਖਿਡੌਣਿਆਂ ਨਾਲ ਖੇਡਦੇ ਰਹੇ ਸਨ ਤੇ ਮੰਮੀ ਡੈਡੀ ਗੱਲਾਂ ਕਰਦੇ ਰਹੇ ਸਨ। ਜਾਣ ਵਾਲੇ ਦਿਨ ਫ਼ੌਜੀ ਪਰਿਵਾਰ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਵਿਦਾ ਕਰ ਰਹੇ ਸਨ। ਰਜਿੰਦਰ ਮੰਮੀ ਦੇ ਕਮੀਜ਼ ਦੀ ਕੰਨੀਂ ਫੜੀ ਚੁੱਪ-ਚਾਪ ਖਲੋਤੀ ਛੋਟੀ ਨੂੰ ਵੇਖ ਰਿਹਾ ਸੀ ਤੇ ਛੋਟੀ ਵੀ ਮੂੰਹ ਵਿੱਚ ਉਂਗਲੀ ਪਾਈਂ ਸੋਚੀਂ ਪਈ ਲੱਗ ਰਹੀ ਸੀ। ਬਚਪਨ ਬਹੁਤ ਕੁਝ ਕਹਿਣਾ ਚਾਹੁੰਦਾ ਸੀ, ਪਰ ਕਹਿਣ ਤੋਂ ਅਸਮਰੱਥ ਸੀ।
ਵਰਤਮਾਨ ਵਿੱਚ ਪਰਤਦਿਆਂ ਰਜਿੰਦਰ ਸੋਚ ਰਿਹਾ ਸੀ, ਵੀਹ ਇੱਕੀ ਸਾਲ ਬਾਅਦ ਛੋਟੀ ਮਿਲੀ ਵੀ, ਪਰ ਵਾਰ ਵਿੱਡੋ ਦੇ ਰੂਪ ਵਿੱਚ! ਹੋ ਸਕਦੈ ਮੇਰੇ ਵਾਂਗ ਉਹ ਵੀ ਮੈਨੂੰ ਭੁੱਲ-ਭੁਲਾ ਹੀ ਗਈ ਹੋਵੇ। ਮੈਨੂੰ ਤਾਂ ਛੋਟੀ ਬੱਚੀ ਵੇਖ ਕੇ ਸਭ ਕੁਝ ਯਾਦ ਆ ਗਿਆ ਹੈ। ਉਸ ਨੇ ਸੋਚਿਆ ਵੀ ਨਹੀਂ ਹੋਣਾ ਕਿ ਜਿਸ ਨੂੰ ਉਹ ਜੀਂਦਰ ਆਖਦੀ ਹੁੰਦੀ ਸੀ, ਉਹ ਉਸ ਦੀ ‘ਵਾਰ ਵਿੱਡੋ’ ਪੈਨਸ਼ਨ ਦੇ ਕਾਗਜ਼ ਤਿਆਰ ਕਰ ਰਿਹਾ ਹੈ। ਸੋਮਵਾਰ ਸੋਚਾਂ ਵਿੱਚ ਪਿਆ ਦੁਖੀ ਰਜਿੰਦਰ ਬੱਸੇ ਬੈਠ ਦਫ਼ਤਰ ਪਹੁੰਚਿਆ। ਖ਼ਾਸ ਕਰਕੇ ਜਿਨ੍ਹਾਂ ਦਾ ਇੰਤਜ਼ਾਰ ਸੀ, ਉਹ ਵੀ ਆਏ ਬੈਠੇ ਸਨ। ਉਨ੍ਹਾਂ ਬਿਨਾਂ ਕੁਝ ਬੋਲੇ ਹੱਥ ਜੋੜ ਦਿੱਤੇ ਸਨ।
ਰਜਿੰਦਰ ਨੇ ਮੇਜ਼ ’ਤੇ ਕੱਪੜਾ ਮਾਰ ਕੇ ਜਲਦੀ ਹੀ ਉਨ੍ਹਾਂ ਨੂੰ ਦਫਤਰ ਦੇ ਅੰਦਰ ਬੁਲਾ ਕੇ ਸਤਿ ਸ੍ਰੀ ਬੁਲਾ ਕੇ ਸਾਹਮਣੇ ਕੁਰਸੀਆਂ ’ਤੇ ਬੈਠਣ ਦਾ ਇਸ਼ਾਰਾ ਕੀਤਾ। ਬੈਠਣ ਤੋਂ ਪਹਿਲਾਂ ਸ਼ਰਮਾ ਅੰਕਲ ਨੇ ਸਾਰੇ ਕਾਗਜ਼ਾਂ ਵਾਲੀ ਫਾਈਲ ਰਜਿੰਦਰ ਸਿੰਘ ਦੇ ਹਵਾਲੇ ਕਰ ਦਿੱਤੀ। ਕਾਗਜ਼ਾਂ ’ਤੇ ਨਜ਼ਰ ਮਾਰਦਿਆਂ ਦਫ਼ਤਰ ਦੇ ਸੇਵਾਦਾਰ ਨੂੰ ਆਵਾਜ਼ ਮਾਰ ਕੇ ਬਾਹਰੋਂ ਚਾਰ ਕੱਪ ਚਾਹ ਦੇ ਅਤੇ ਨਾਲ ਕੁਝ ਭੇਜਣ ਵਾਸਤੇ ਆਖਿਆ। ਕਾਗਜ਼ ਤਕਰੀਬਨ ਠੀਕ ਸਨ, ਪਰ ਛੋਟੀ ਬੱਚੀ ਦਾ ਨਾਮ ਨਹੀਂ ਲਿਖਿਆ ਸੀ। ‘‘ਛੋਟੀ ਦਾ ਨਾਮ ਨਹੀਂ ਲਿਖਿਆ?’’ ਰਜਿੰਦਰ ਨੇ ਕਿਹਾ।
‘‘ਲਿਖਿਆ ਹੈ ਸਰਦਾਰ ਜੀ, ਕਮਲੇਸ਼ ਰਾਣੀ ਵਾਈਫ ਆਫ ਸੰਦੀਪ ਕੁਮਾਰ।’’ ਕਮਲੇਸ਼ ਦੇ ਪਿਤਾ ਨੇ ਕਿਹਾ। ਕਲਰਕ ਦੇ ਮੂੰਹੋਂ ਛੋਟੀ ਸੁਣ ਕੇ ਕਮਲੇਸ਼ ਨੂੰ ਝਟਕਾ ਜਿਹਾ ਲੱਗਾ ਕਿਉਂਕਿ ਛੋਟੀ ਤਾਂ ਉਸ ਨੂੰ ਮੰਮੀ ਡੈਡੀ ਹੀ ਆਖਦੇ ਸਨ।
‘‘ਮੇਰਾ ਮਤਲਬ ਹੈ ਛੋਟੀ ਬੱਚੀ ਦਾ ਨਾਮ, ਜਨਮ ਮਿਤੀ, ਸੈਨਿਕ ਦੇ ਬੱਚੇ ਪੰਝੀ ਸਾਲ ਤੱਕ ਜਾਂ ਸ਼ਾਦੀ ਤੱਕ ਡੀਪੈਂਡੈਂਟ ਹੁੰਦੇ ਹਨ।’’ ਰਜਿੰਦਰ ਨੇ ਸਮਝਾਉਂਦਿਆਂ ਕਿਹਾ।
‘‘ਸੁਨੀਤਾ ਕੁਮਾਰੀ’’ ਉਨ੍ਹਾਂ ਬੱਚੀ ਦਾ ਨਾਂ ਤੇ ਜਨਮ ਤਰੀਕ ਵੀ ਦੱਸ ਦਿੱਤੀ।
ਜਲਦੀ ਹੀ ਦੁਕਾਨ ਤੋਂ ਚਾਹ ਆ ਗਈ। ਸ਼ਰਮਾ ਜੀ ਤੇ ਕਮਲੇਸ਼ ਰਾਣੀ ਕਲਰਕ ਦੇ ਵਿਹਾਰ ਤੋਂ ਹੈਰਾਨ ਸਨ। ਚਾਹ ਤਾਂ ਦੂਰ ਦੀ ਗੱਲ ਹੈ ਇਹ ਤਾਂ ਆਉਣ ਵਾਲਿਆਂ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ। ਕਨਖੀਆਂ ਝਾਕਦਿਆਂ ਰਜਿੰਦਰ ਨੂੰ ਪੱਕਾ ਹੋ ਗਿਆ ਕਿ ਫ਼ਰੀਦਕੋਟ ਵਾਲੀ ਛੋਟੀ ਹੀ ਕਮਲੇਸ਼ ਤੇ ਸ਼ਰਮਾ ਅੰਕਲ ਹਨ।
ਰਜਿੰਦਰ ਨੇ ਚਾਹ ਲੈਣ ਦਾ ਇਸ਼ਾਰਾ ਕਰਕੇ ਆਪ ਵੀ ਕੱਪ ਚੁੱਕ ਲਿਆ। ਬਿਸਕੁਟਾਂ ਦੀ ਪਲੇਟ ਉਨ੍ਹਾਂ ਵੱਲ ਵਾਰੀ ਵਾਰੀ ਵਧਾਅ ਕੇ ਬੱਚੀ ਨੂੰ ਵੀ ਉੱਠ ਕੇ ਬੜੇ ਪਿਆਰ ਨਾਲ ਬਿਸਕੁਟ ਲੈਣ ਲਈ ਆਖਿਆ।
ਚਾਹ ਦੀ ਘੁੱਟ ਭਰ ਕੇ ਰਜਿੰਦਰ ਨੇ ਕੱਪ ਮੇਜ਼ ’ਤੇ ਰੱਖਦੇ ਹੋਏ ਕਿਹਾ, ‘‘ਅੰਕਲ ਤੁਸੀਂ ਫ਼ਰੀਦਕੋਟ ਵੀ ਰਹੇ ਹੋ?’’
‘‘ਹਾਂ, ਮੈਂ ਫ਼ਰੀਦਕੋਟ ਬੱਚਿਆਂ ਸਮੇਤ ਸੀ। ਛੋਟੀ, ਮੇਰਾ ਮਤਲਬ ਕਮਲੇਸ਼ ਉਦੋਂ ਸੁਨੀਤਾ ਵਾਂਗ ਸੀ।’’ ਸ਼ਰਮਾ ਜੀ ਹੈਰਾਨ ਹੋਏ।
‘‘ਫਿਰ ਤੁਸੀਂ ਹਵਲਦਾਰ ਮੱਖਣ ਸਿੰਘ ਨੂੰ ਵੀ ਜਾਣਦੇ ਹੋਵੋਗੇ ਜੋ ਜੇਸੀਓ ਬਣ ਗਏ ਸਨ।’’
‘‘ਹਾਂ-ਹਾਂ ਤੋਪਖਾਨਾ ਵਾਲੇ, ਉਹ ਤਾਂ ਮੇਰੇ ਦੋਸਤ ਸਨ ਰਾਜਪੁਰਾ ਦੇ ਨਾਲ ਹੀ ਪਿੰਡ ਤੋਂ ਨੇ ਜੋ ਸ਼ਹਿਰ ਵਿੱਚ ਹੀ ਮਿਲ ਗਿਆ ਹੈ। ਤੁਸੀਂ ਉਨ੍ਹਾਂ ਨੂੰ ਕਿਵੇਂ ਜਾਣਦੇ ਹੋ? ਹੁਣ ਤਾਂ ਸ਼ਾਇਦ ਉਹ ਵੀ ਪੈਨਸ਼ਨ ਆ ਗਏ ਹੋਣਗੇ।’’
‘‘ਹਾਂ ਜੀ ਅੰਕਲ, ਪਾਪਾ ਵੀ ਪੈਨਸ਼ਨ ਆ ਗਏ ਹਨ।’’ ਰਜਿੰਦਰ ਨੇ ਬੜੇ ਸਹਿਜ ਮਤੇ ਨਾਲ ਕਿਹਾ।
‘‘ਬੇਟੇ ਤੂੰ ਮੇਰੇ ਦੋਸਤ ਮੱਖਣ ਸਾਹਬ ਦਾ ਬੇਟਾ ਏਂ? ਜੀਹਨੂੰ ਛੋਟੀ ਜੀਂਦਰ ਆਖਦੀ ਹੁੰਦੀ ਸੀ।’’ ਸ਼ਰਮਾ ਜੀ ਨੇ ਹੈਰਾਨਗੀ ਜ਼ਾਹਰ ਕਰਦਿਆਂ ਉੱਠ ਕੇ ਰਜਿੰਦਰ ਨੂੰ ਗਲ਼ ਵਿੱਚ ਲੈਂਦਿਆਂ ਕਿਹਾ।
‘‘ਹਾਂ ਜੀ ਅੰਕਲ, ਮੈਂ ਸ਼ੁੱਕਰਵਾਰ ਹੀ ਤੁਹਾਨੂੰ ਵੇਖ ਕੇ ਬੇਚੈਨ ਜਿਹਾ ਹੋ ਗਿਆ ਸਾਂ। ਕਮਲੇਸ਼ ਦੀ ਬੇਟੀ ਤਾਂ ਹੂਬਹੂ ਬਚਪਨ ਦੀ ਕਮਲੇਸ਼ ਵਰਗੀ ਹੀ ਹੈ।’’ ਸ਼ਰਮਾ ਜੀ ਸਮੇਤ ਕਮਲੇਸ਼ ਦੀਆਂ ਅੱਖਾਂ ਸਾਉਣ ਭਾਦੋਂ ਦੇ ਪਰਨਾਲੇ ਹੀ ਬਣ ਗਈਆਂ ਸਨ। ਛੋਟੀ ਬੱਚੀ ਅਣਭੋਲ ਮਾਂ ਅਤੇ ਨਾਨੂ ਨੂੰ ਰੋਂਦਿਆਂ ਵੇਖ ਡੈਂਬਰਿਆਂ ਵਾਂਗ ਝਾਕ ਰਹੀ ਸੀ। ਦਫ਼ਤਰ ਵਿੱਚ ਸੋਗੀ ਮਾਹੌਲ ਬਣ ਗਿਆ ਸੀ।
ਰਜਿੰਦਰ ਨੇ ਸਿਆਣਿਆਂ ਵਾਂਗ ਕਮਲੇਸ਼ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਛੋਟੀ, ਮੈਂ ਤੇਰਾ ਦੁੱਖ ਕਿਵੇਂ ਵੀ ਵੰਡਾਅ ਸਕਾਂ ਤਾਂ ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਾਂਗਾ। ਅੰਕਲ ਜੀ, ਮੈਂ ਇੱਕ ਦੋ ਦਿਨਾਂ ਵਿੱਚ ਸਾਰੀ ਕਾਰਵਾਈ ਕਰਕੇ ਕਾਗਜ਼ ਸੰਦੀਪ ਕੁਮਾਰ ਦੇ ਰਿਕਾਰਡ ਨੂੰ ਭੇਜ ਦਿਆਂਗਾ। ਇੱਕ ਮਹੀਨੇ ਵਿੱਚ ਹੀ ਪੈਨਸ਼ਨ ਲੱਗਣ ਦੀ ਇਲਾਹਾਬਾਦ ਤੋਂ ਇੱਕ ਚਿੱਠੀ ਤੁਹਾਨੂੰ ਘਰ ਆਵੇਗੀ ਤੇ ਇੱਕ ਬੈਂਕ ਵਿੱਚ। ਕੋਈ ਵੀ ਪਰੇਸ਼ਾਨੀ ਹੋਵੇ ਤੁਸੀਂ ਸਿੱਧੇ ਮੇਰੇ ਕੋਲ ਆਉਣਾ ਹੈ। ਛੋਟੀ ਨੂੰ ਸਰਕਾਰੀ ਨੌਕਰੀ ਵੀ ਜਲਦੀ ਹੀ ਮਿਲ ਜਾਵੇਗੀ। ਸਰਕਾਰ ਸ਼ਹੀਦਾਂ ਦੇ ਸਨਮਾਨ ਨੂੰ ਪਹਿਲ ਦੇ ਆਧਾਰ ’ਤੇ ਵਿਚਾਰਦੀ ਹੈ।’’ ਰਜਿੰਦਰ ਦੇ ਮੂੰਹੋਂ ਛੋਟੀ ਸੁਣ ਕੇ ਬਿਨ ਬੋਲੇ ਛੋਟੀ (ਕਮਲੇਸ਼) ਦੇ ਵਹਿੰਦੇ ਹੰਝੂ ਬਚਪਨ ਦੀ ਮੁਹੱਬਤ ਦੀ ਕਹਾਣੀ ਬਿਆਨ ਰਹੇ ਸਨ।
ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਜਦੋਂ ਰਜਿੰਦਰ ਨੇ ਮੰਮੀ-ਡੈਡੀ ਨਾਲ ਛੋਟੀ ਬਾਰੇ ਸਾਰੀ ਗੱਲ ਦੱਸੀ ਤਾਂ ਉਹ ਵੀ ਬਹੁਤ ਦੁਖੀ ਹੋਏ। ਅਗਲੇ ਦਿਨ ਹੀ ਦੋਵੇਂ ਜੀਅ ਸ਼ਰਮਾ ਜੀ ਦੇ ਘਰ ਹਿਰਖ ਨੂੰ ਪਹੁੰਚੇ ਸਨ।
ਠੀਕ ਮਹੀਨੇ ਬਾਅਦ ਹੀ ਛੋਟੀ ਦੀ ਪੈਨਸ਼ਨ ਲੱਗ ਗਈ ਸੀ। ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ ’ਤੇ ਪਟਿਆਲੇ ਹੀ ਕਲਰਕ ਦੀ ਨੌਕਰੀ ਵੀ ਮਿਲ ਗਈ ਸੀ। ਇਹ ਸੂਚਨਾ ਇੱਕ ਦਿਨ ਪਿਓ-ਧੀ ਨੇ ਇਕੱਠਿਆਂ ਆ ਕੇ ਦਿੱਤੀ ਸੀ। ਛੋਟੀ ਰਜਿੰਦਰ ਦੇ ਦਿਮਾਗ਼ ਵਿੱਚੋਂ ਇੱਕ ਪਲ ਵੀ ਨਾ ਵਿਸਰਦੀ। ਕਦੇ-ਕਦੇ ਬੱਸੇ ਆਉਂਦਿਆਂ ਮਿਲ ਵੀ ਪੈਂਦੇ। ਕੋਈ ਖ਼ਾਸ ਗੱਲਬਾਤ ਨਾ ਹੁੰਦੀ, ਪਰ ਰਜਿੰਦਰ ਤਨੋਂ-ਮਨੋਂ ਛੋਟੀ ਦੇ ਜੀਵਨ ਵਿੱਚ ਦੁਬਾਰਾ ਖ਼ੁਸ਼ੀਆਂ ਭਰਨੀਆਂ ਲੋਚਦਾ ਸੀ। ਛੋਟੀ ਦੀ ਸਹਿਮਤੀ ਤੋਂ ਬਾਅਦ ਤਾਂ ਉਹ ਸਮਾਜ ਨਾਲ ਵੀ ਟਕਰਾਅ ਜਾਣ ਦੀ ਸੋਚ ਗਿਆ।
ਗੱਲ ਕਿਵੇਂ ਤੋਰੇ ਇਹ ਵੱਡਾ ਮਸਲਾ ਸੀ। ਕੁਝ ਸੋਚ ਕੇ ਇੱਕ ਦਿਨ ਰਜਿੰਦਰ ਛੋਟੀ ਦੇ ਦਫ਼ਤਰ ਚਲਾ ਗਿਆ। ਚਾਹ ਪੀਂਦਿਆਂ ਛੋਟੀ ਨੇ ਹੀ ਕਿਹਾ, ‘‘ਰਜਿੰਦਰ, ਵਿਆਹ ਬਾਰੇ ਨਹੀਂ ਸੋਚਿਆ ਹਾਲੇ?’’
ਗੱਲ ਰਜਿੰਦਰ ਦੇ ਹੱਥ ਲੱਗ ਗਈ। ‘‘ਛੋਟੀ ਤੈਨੂੰ ਯਾਦ ਹੈ, ਜਦੋਂ ਤੂੰ ਸਾਡੇ ਕੁਆਟਰ ਆਪਣੀ ਮੰਮੀ ਨਾਲ ਖੇਡਣ ਆਉਂਦੀ ਹੁੰਦੀ ਸੀ ਤੇ ਸਾਨੂੰ ਖੇਡਦਿਆਂ ਵੇਖ ਤੇਰੀ ਮੰਮੀ ਨੇ ਹੱਸਦਿਆਂ ਮੇਰੀ ਮੰਮੀ ਨੂੰ ਕਿਹਾ ਸੀ,
‘‘ਭੈਣ ਜੀ ਅਸੀਂ ਇਨ੍ਹਾਂ ਦਾ ਵਿਆਹ ਈ ਨਾ ਕਰ ਦੇਈਏ?’ ਉਦੋਂ ਵਿਆਹ ਦੇ ਅਰਥਾਂ ਦਾ ਪਤਾ ਨਹੀਂ ਸੀ। ਛੋਟੀ, ਮੈਂ ਤੇਰੇ ਨੀਰਸ ਜੀਵਨ ਵਿੱਚ ਰੰਗ ਭਰਨਾ ਚਾਹੁੰਦਾ ਹਾਂ, ਤੂੰ ਜੋ ਵੀ ਜੁਆਬ ਦੇਵੇਂਗੀ ਮੈਨੂੰ ਮਨਜ਼ੂਰ ਹੈ। ਅਸੀਂ ਨਾ ਮਿਲਦੇ ਵੱਖਰੀ ਗੱਲ ਸੀ। ਮੇਰੇ ਦਿਲ ਵਿੱਚ ਜੋ ਸੀ ਮੈਂ ਆਖ ਦਿੱਤਾ ਹੈ।’’
ਰਜਿੰਦਰ ਛੋਟੀ ਦੇ ਗੰਭੀਰ ਤੇ ਸ਼ਾਂਤ ਚਿਹਰੇ ਵੱਲ ਵੇਖਣ ਲੱਗ ਪਿਆ ਤੇ ਬੋਲੀ ‘‘ਰਜਿੰਦਰ, ਮੈਂ ਤੇਰੀ ਭਾਵਨਾ ਸਮਝਦੀ ਹਾਂ ਤੇ ਕਦਰ ਵੀ ਕਰਦੀ ਹਾਂ। ਮੈਨੂੰ ਹਮੇਸ਼ਾ ਮਾਣ ਰਹੇਗਾ ਕਿ ਇਸ ਦੁਨੀਆ ਵਿੱਚ ਮੇਰਾ ਕੋਈ ਆਪਣਾ ਬਾਕੀ ਹੈ। ਮੈਂ ਸੰਦੀਪ ਦੀ ਨਿਸ਼ਾਨੀ ਆਸਰੇ ਜੀਵਨ ਪੰਧ ਪੂਰਾ ਕਰ ਲਵਾਂਗੀ। ਮੈਂ ਆਪਣੇ ਸੁਆਰਥ ਵਾਸਤੇ ਤੇਰੇ ਕੋਰੇ ਜੀਵਨ ’ਤੇ ਦਾਗ ਨਹੀਂ ਬਣਨਾ ਚਾਹਾਂਗੀ। ਪਰਮਾਤਮਾ ਤੈਨੂੰ ਰੰਗ ਭਾਗ ਲਾਵੇ ਮੇਰੀ ਦਿਲੀ ਦੁਆ ਹੈ। ਬਸ, ਬਚਪਨ ਦਾ ਪਿਆਰ ਨਾ ਵਿਸਰੇ ਜੋ ਸਾਡਾ ਦੋਵਾਂ ਦਾ ਈ ਸਰਮਾਇਆ ਹੈ।’’ ਛੋਟੀ ਦੇ ਚਿਹਰੇ ’ਤੇ ਕੋਈ ਭਰਵੀਂ ਤਸੱਲੀ ਸੀ।
ਸੰਪਰਕ: 94656-56214