ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਈ
ਦਿੱਲੀ ਪੁਲੀਸ ਨੇ ਕੌਮਾਂਤਰੀ ਪੱਧਰ ਦੇ ਇੱਕ ਨਸ਼ਾ ਤਸਕਰ ਗਰੋਹ ਦੇ ਅਫ਼ਗਾਨਿਸਤਾਨ ਦੇ ਜੋੜੇ ਨੂੰ 125.840 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਨਸ਼ੇ ਦੀ ਖੇਪ ਪੰਜਾਬ ਭੇਜੀ ਜਾਣੀ ਸੀ। ਲੌਕਡਾਊਨ ਦੌਰਾਨ ਐਨੀ ਵੱਡੀ ਮਾਤਰਾ ਵਿੱਚ ਨਸ਼ੇ ਦੀ ਖੇਪ ਦਿੱਲੀ ਪੁੱਜਣ ਦਾ ਇਹ ਪਹਿਲਾ ਮਾਮਲਾ ਹੈ। ਮੁਲਜ਼ਮਾਂ ਦੀ ਪਛਾਣ ਮੁਹੰਮਦ ਸ਼ਫੀ ਤੇ ਤਰੀਨਾ ਵਜੋਂ ਹੋਈ ਤੇ ਉਨ੍ਹਾਂ ਨੂੰ ਖ਼ਿਆਲਾ ਵਿੱਚੋਂ ਕਾਰ ਵਿੱਚ ਸਾਥੀਆਂ ਦੀ ਉਡੀਕ ਕਰਦਿਆਂ ਮਾਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਦੋਨਾਂ ਦਾ 5 ਦਿਨਾਂ ਦਾ ਰਿਮਾਂਡ ਲੈ ਕੇ ਦਿੱਲੀ ਪੁਲੀਸ ਵੱਲੋਂ ਉਨ੍ਹਾਂ ਦੇ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੱਛਮੀ ਦਿੱਲੀ ਜ਼ਿਲ੍ਹਾ ਪੁਲੀਸ ਉਪ ਕਮਿਸ਼ਨਰ ਉਰਵਿਜਾ ਗੋਇਲ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹੈਰੋਇਨ ਦੀ ਵੱਡੀ ਖੇਪ ਦਿੱਲੀ ਆ ਰਹੀ ਹੈ।