ਨਵੀਂ ਦਿੱਲੀ, 19 ਜਨਵਰੀ
ਕੌਮੀ ਰਾਜਧਾਨੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤਾਪਮਾਨ ਤੋਂ ਇਕ ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ। ਸਵੇਰੇ 5.30 ਵਜੇ ਇੰਦਰਾ ਗਾਂਧੀ ਕੌਮੀ ਹਵਾਈ ਅੱਡੇ ਦੇ ਨੇੜੇ ਪਾਲਮ ਆਬਜ਼ਰਵੇਟਰੀ ਵਿੱਚ ਦਿਖਣ ਹੱਦ ਦਾ ਪੱਧਰ 50 ਮੀਟਰ ਰਿਕਾਰਡ ਕੀਤਾ ਗਿਆ। ਭਾਰਤੀ ਰੇਲਵੇ ਮੁਤਾਬਕ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 22 ਰੇਲ ਗੱਡੀਆਂ ਇਕ ਤੋਂ ਛੇ ਘੰਟੇ ਦੀ ਦੇਰੀ ਨਾਲ ਚੱਲੀਆਂ। ਬਹੁਤ ਸੰਘਣੀ ਧੁੰਦ ਉਦੋਂ ਹੁੰਦੀ ਹੈ ਜਦੋਂ ਦਿਖਣ ਹੱਦ 0 ਅਤੇ 50 ਮੀਟਰ ਦੇ ਵਿਚਕਾਰ ਹੁੰਦੀ ਹੈ। ਸੰਘਣੀ ਧੁੰਦ ਉਦੋਂ ਹੁੰਦੀ ਹੈ ਜਦੋਂ ਦਿਖਣ ਹੱਦ 51 ਅਤੇ 200 ਮੀਟਰ ਦੇ ਵਿਚਕਾਰ ਹੁੰਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਸਵੇਰੇ 9 ਵਜੇ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 347 ਸੀ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਬੁਲੇਟਿਨ ਅਨੁਸਾਰ ਸਵੇਰੇ 8.30 ਵਜੇ ਸਾਪੇਖਿਕ ਨਮੀ 95 ਫੀਸਦੀ ਸੀ। ਉੱਤਰੀ ਰੇਲਵੇ ਅਨੁਸਾਰ ਖਜੌਰਾਓ-ਕੁਰੂਕਸ਼ੇਤਰ ਐਕਸਪ੍ਰੈਸ, ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ, ਹੈਦਰਾਬਾਦ-ਨਵੀਂ ਦਿੱਲੀ ਐਕਸਪ੍ਰੈਸ, ਰਾਣੀ ਕਮਲਾਪਤੀ-ਨਵੀਂ ਦਿੱਲੀ ਭੋਪਾਲ ਐਕਸਪ੍ਰੈਸ ਅਤੇ ਕਾਮਾਖਿਆ-ਦਿੱਲੀ ਜੰਕਸ਼ਨ ਪੰਜ ਰੇਲਾਂ ਲਗਪਗ 6-6.30 ਘੰਟੇ ਦੀ ਦੇਰੀ ਨਾਲ ਚੱਲੀਆਂ। ਇਸੇ ਤਰ੍ਹਾਂ ਘੱਟੋ-ਘੱਟ ਸੱਤ ਰੇਲਾਂ ਲਗਭਗ 2-2.45 ਘੰਟੇ ਦੇਰੀ ਨਾਲ ਪਹੁੰਚੀਆਂ। ਇਸ ਵਿੱਚ ਅੰਮ੍ਰਿਤਸਰ-ਨਾਂਦੇੜ ਐਕਸਪ੍ਰੈਸ, ਰੀਵਾ-ਆਨੰਦ ਵਿਹਾਰ ਐਕਸਪ੍ਰੈਸ, ਮੁਜ਼ੱਫਰਪੁਰ-ਆਨੰਦ ਵਿਹਾਰ ਐਕਸਪ੍ਰੈਸ, ਵਾਸਕੋ-ਨਿਜ਼ਾਮੂਦੀਨ ਐਕਸਪ੍ਰੈਸ, ਅੰਮ੍ਰਿਤਸਰ-ਮੁੰਬਈ ਐਕਸਪ੍ਰੈਸ, ਜੰਮੂਤਵੀ-ਅਜਮੇਰ ਪੂਜਾ ਐਕਸਪ੍ਰੈਸ ਅਤੇ ਮਾਨਿਕਪੁਰ-ਨਿਜ਼ਾਮੂਦੀਨ ਐਕਸਪ੍ਰੈਸ ਸ਼ਾਮਲ ਸਨ। ਰੇਲਵੇ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ 9 ਰੇਲਾਂ ਲਗਪਗ 1-1.45 ਘੰਟੇ ਲੇਟ ਚੱਲੀਆਂ। -ਪੀਟੀਆਈ/ਏਐੱਨਆਈ